ਜੰਗਲ-ਰਾਜ਼ (ਵਿਅੰਗ )

ਅਮਰੀਕ ਸਿੰਘ ਕੰਡਾ (ਡਾ.)   

Email: askandamoga@gmail.com
Cell: +91 98557 35666
Address: 1764 ਗੁਰੂ ਰਾਮਦਾਸ ਨਗਰ, ਨੇੜੇ ਨੈਸਲੇ , ਮੋਗਾ
Guru Ramdas Nager, near Nestle, Moga India 142001
ਅਮਰੀਕ ਸਿੰਘ ਕੰਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪ ਜੀ ਦਾ ਜਨਮ ਸੱਤਵੇਂ ਮਹੀਨੇ ਹੋਇਆ ਜਨਮ ਹੁੰਦੇ ਸਾਰ ਹੀ ਆਪ ਜੀ ਮੋਟੀਆਂ ਅੱਖਾਂ ਨਾਲ ਇਕ ਟਕ ਨਰਸ ਵੱਲ ਵੇਖਦੇ ਰਹੇ ਡਾਕਟਰ ਨੇ ਕਿਹਾ ਇਹ ਸਤਮਾਹਾਂ ਬੱਚਾ ਹੈ ਸ਼ਾਇਦ ਹੀ ਬਚੇ ਪਰ ਮਾਂ-ਪਿਉ ਦੀ ਮਾੜੀ ਕਿਸਮਤ ਆਪ ਜੀ ਬਚ ਗਏ ਫੇਰ ਕੀ ਸੀ ਆਪ ਜੀ ਬਰੈਲਰ ਮੁਰਗੇ ਵਾਂਗ ਕੁੱਝ ਦਿਨਾਂ ਚ ਫੈਲ ਗਏ ਪਿੰਡ ਦੀਆਂ ਕੁੜੀਆਂ ਨੂੰ ਛੇੜਣਾ ਸਾਈਕਲ ਤੇ ਅਵਾਰਾਗਰਦੀ ਦਾ ਸ਼ੌਂਕ ਆਪ ਜੀ ਦੇ ਖੂਨ ਵਿਚ ਹੀ ਸੀ ਆਪ ਜੀ ਦਾ ਛਿੱਤਰ ਖਾਣਾ ਬਚਪਨ ਤੋਂ ਹੀ ਸ਼ੁਗਲ ਰਿਹਾ ਜੋ ਆਪ ਜੀ ਪੂਰਾ ਕਰਦੇ ਰਹੇ ਆਪ ਜੀ ਦਾ ਨਾਮਕਰਨ ਨਹੀਂ ਹੋਇਆ । ਪਰ ਨਾਮ ਤਾਂ ਰੱਖਣਾ ਹੀ ਸੀ ਆਪ ਜੀ ਦੇ ਬਾਪ ਜੀ ਨੇ ਸੋਚਿਆ ਚਲੋ ਕੰਮ ਤਾਂ ਕੋਈ ਕਰਦਾ ਨਹੀਂ ਨਾਮ ਚੰਗਾ ਰੱਖਲੈਂਦੇ ਹਾਂ ਬੀਬਾ ਰਾਣਾ ਨਾਂ ਰੱਖ ਦਿੱਤਾ । ਆਪ ਜੀ ਦਿਮਾਗੀ ਤੌਰ ਤੋਂ ਕਮਜੋਰ ਹੋਣ ਕਾਰਨ ਆਪ ਜੀ ਨੂੰ ਆਪ ਜੀ ਦੇ ਪਿਤਾ ਜੀ ਅਫੀਮ ਵੀ ਖਵਾਉਂਦੇ । ਆਪ ਜੀ ਨਸ਼ੇ ਚ ਹੋਲੀ ਹੋਲੀ ਵੱਡੇ ਹੋਏ ਤੇ ਆਪ ਜੀ ਨਸ਼ੇ ਚ ਜੰਮੇ ਪਲੇ ਹੋਣ ਕਾਰਨ, ਨਸ਼ੇ ਦੇ ਬਚਪਨ ਤੋਂ ਹੀ ਆਦਿ ਸਨ ਇਸ ਕਰਕੇ ਨਸ਼ਾ ਕਰਨ ਵਿਚ ਆਪ ਜੀ ਨੂੰ ਕੋਈ ਦਿੱਕਤ ਨਹੀਂ ਆਈ । ਆਪ ਜੀ ਦੀ ਮੁੱਢਲੀ ਸਿਖਿਆ ਬਸ ਮੁੱਢ ਚ ਹੀ ਖਤਮ ਹੋ ਗਈ ਪਰ ਇਕ ਅਫੀਮ ਖਾਣੇ ਮਾਸਟਰ ਨੇ ਆਪ ਜੀ ਨੂੰ ਹਿੰਮਤ ਨਹੀਂ ਹਾਰਨ ਦਿੱਤੀ ਆਪ ਜੀ ਉਸਨੂੰ ਕਦੇ ਘਰ ਦੀ ਕੱਢੀ ਸ਼ਰਾਬ,ਕਦੇ ਅਫੀਮ ਦਿੰਦੇ ਤੇ ਉਹ ਹਾਜਰੀਆਂ ਲਾਉਂਦਾ ਰਿਹਾ ਆਪ ਜੀ ਨੂੰ ਪਤਾ ਹੀ ਨਹੀਂ ਚਲਿਆ ਕਦੋਂ ਆਪ ਪੰਜ ਜਮਾਤਾਂ ਪੜ ਗਏ ਉਸਤੋਂ ਬਾਅਤ ਪ੍ਰਮਾਤਮਾ ਦੀ ਕਰਨੀ ਮਾਸਟਰ ਜੀ ਪੂਰੇ ਹੋ ਗਏ ਤੇ ਆਪ ਜੀ ਪੜਾਈ ਵੀ ਪੂਰੀ ਹੋ ਗਈ । ਆਪ ਜੀ ਤੇ ਇਕ ਲੀਡਰ ਦੀ ਤਿਰਛੀ ਨਜ਼ਰ ਪਈ ਉਹਨਾਂ ਆਪ ਜੀ ਨੂੰ ਹੌਂਸਲਾ ਦਿੱਤਾ ਉਹ ਪਹਿਲਾਂ ਵੀ ਇਹੋ ਜਿਹੇ ਹੌਂਸਲੇ ਦਿੰਦੇ ਨੇ । ਉਹਨਾਂ ਨੇ ਆਪ ਜੀ ਨੂੰ ਆਪਣੇ ਸ਼ਹਿਰ ਦਾ ਪ੍ਰਧਾਨ ਬਣਾ ਦਿੱਤਾ ਬਸ ਫੇਰ ਆਪ ਜੀ ਨੇ ਪਿੱਛੇ ਮੁੜ ਕੇ ਨਾ ਵੇਖਿਆ,ਨਾ ਅੱਗੇ ਨਾ ਸੱਜੇ ਖੱਬੇ ਬੱਸ ਜਿਹੜੀ ਕਿਸੇ ਦੀ ਧੀ ਭੈਣ ਵੇਖੀ ਛੇੜ ਦਿੱਤੀ । ਹੁਣ ਤਾਂ ਆਪ ਜੀ ਸਾੲਕਿਲ ਤੋਂ ਸਿੱਧਾ ਲਗਜ਼ਰੀ ਗੱਡੀਆਂ ਚ ਘੁੰਮਦੇ ਤੇ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਚੁੱਕ ਲੈਂਦੇ । ਆਪ ਜੀ ਏਨੇ ਖੁੱਲ ਗਏ ਕਿ ਆਪ ਜੀ ਨੇ ਪਿਛਲੇ ਦਿਨੀਂ ਇਕ ਕੁੜੀ ਨੂੰ ਛੇੜਦੇ ਵਕਤ ਉਸਦੇ ਬਾਪ ਦਾ ਸ਼ਰੇ ਬਜ਼ਾਰ ਪੁਲਿਸ ਵਰਦੀ ਚ ਕਤਲ ਹੀ ਕਰ ਦਿੱਤਾ । ਪੁਲਿਸ ਆਪ ਦੀ ਜੇਬ ਚ ਹੈ । ਆਪ ਜੀ ਕਈ ਵਾਰੀ ਛੋਟੇ ਮੋਟੇ ਕੇਸ਼ਾਂ ਚ ਜਿਵੇਂ ਸ਼ਰਾਬ ਦਾ ਟਰੱਕ ਫੜਿਆ ਜਾਣਾ,ਡੋਡਿਆਂ ਦਾ ਕੈਂਟਰ,ਅਫੀਮ ਦਾ ਕੈਂਟਰ ਆਦਿ ਪਰ ਆਪ ਜੀ ਆਪਣੀ ਪੈਸੇ ਦੀ ਬੁੱਧੀ ਨਾਲ ਹਰ ਵਾਰ ਸਫਲ ਰਹੇ ।ਆਪ ਜੀ ਹੁਣ ਪੂਰੀ ਤਰਾਂ ਪੱਕ ਚੁਕੇ ਨੇ ਤੇ ਆਪ ਜੀ ਨੇ ਵਰਤਮਾਨ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਆਪ ਨੇ ਸੂਬੇ ਦੇ ਸੀ.ਐਮ ਸਾਹਬ ਨੂੰ ਨਿਰਾ ਦੁੱਧ (ਅਸਲ ਅਫੀਮ) ਖਵਾ ਕੇ ਨਿਹਾਲ ਕੀਤਾ । ਹੁਣ ਆਪ ਜੀ ਨੂੰ ਸੂਬੇ ਚ ਨਸ਼ਾ ਵੇਚਣ ਦਾ ਲਾਇਸੰਸ ਮਿਲ ਗਿਆ (ਸੀ.ਐਮ. ਵਲੋਂ ਹਰੀ ਝੰਡੀ) । ਆਪ ਜੀ ਪਹਿਲਾਂ ਪਹਿਲਾਂ ਸਰਪੰਚੀ,ਐਮ ਸੀ,ਫੇਰ ਐਮ.ਐਲ.ਏ,ਐਮ.ਪੀ, ਸਾਰੇ ਇਲੈਕਸ਼ਨਾਂ ਦੌਰਾਨ ਆਪ ਜੀ ਨੇ ਰੱਜ ਕੇ ਨਸ਼ਾ ਵੇਚਿਆ । ਇਲੈਕਸ਼ਨਾਂ ਦੌਰਾਨ ਆਪ ਜੀ ਦੀ ਅਗਨੀ ਪਰੀਖਿਆ ਹੋਈ ਉਸ ਵਕਤ ਆਪ ਜੀ ਇਸ ਵਿਚ ਵੀ ਸਫਲ ਰਹੇ ਕਿਉਂਕਿ ਆਪ ਜੀ ਨੂੰ ਯੂਥ ਲਈ ਫੈਂਸੀ ਡਰਿਲ,ਕੋਰੈਕਸ,ਦਸ ਨੰਬਰੀ ਗੋਲੀਆਂ,ਪਰਾਕਸੀਵਨ,ਲੋਮੋਟੈਲ ਟੱਟੀਆਂ ਦੀਆਂ ਗੋਲੀਆਂ,ਆਇਉਡੈਕਸ,ਅਲਪਰੈਕਸ,ਮੁਫਤ ਲੰਗਰ ਲਾਅ ਕੇ ਆਪ ਜੀ ਨੇ ਯੂਥ ਦੇ ਦਿਲਾਂ ਚ ਜਗ੍ਹਾ ਬਣਾਈ ਤੇ ਸਭ ਨੂੰ ਖੁਸ਼ ਕੀਤਾ ਤੇ ਆਪ ਜੀ ਹੁਣ ਲੱਖਾਂ ਚ ਨਹੀਂ ਸਗੋਂ ਕਰੋੜਾਂ ਚ ਖੇਡ ਰਹੇ ਨੇ,ਸਰਕਾਰ ਕੋਈ ਵੀ ਆਵੇ ਪਰ ਆਪ ਜੀ ਦਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਚੱਲੀ ਜਾਣਾ ਹੈ ਕਿਉਂਕਿ ਆਪ ਜੀ ਨੂੰ ਜਾਚ ਆ ਗਈ ਹੈ । ਆਪ ਜੀ ਆਪਣੀਆਂ ਹੁਣ ਏਨੀਆਂ ਬਰਾਂਚਾ ਬਣਾ ਲਈਆਂ ਹਨ ਕਿ ਆਪ ਜੀ ਨੂੰ ਕਿਤੇ ਜਾਣ ਦੀ ਜਰੂਰਤ ਨਹੀਂ । ਆਪ ਜੀ ਦਿਨ ਚੋਗਣੀ ਰਾਤ ਅਠੋਗਣੀ ਤਰੱਕੀ ਕਰ ਰਹੇ ਨੇ । ਆਪ ਜੀ ਕਦੇ ਨਹੀਂ ਮਰ ਸਕਦੇ ਆਪ ਜੀ ਅਮਰ ਹੋ ਗਏ ਹੋ । ਕਿਉਂਕਿ ਜੇ ਆਪ ਜੀ ਨਰਕਵਾਸੀ ਹੋ ਵੀ ਗਏ ਤਾਂ ਆਪ ਜੀ ਦੀਆਂ ਬਹੁਤ ਸਾਰੀਆਂ ਨਜ਼ਾਇਜ਼ ਔਲਾਦਾਂ,ਆਪ ਜੀ ਦੇ ਨਸੇੜੀ ਚੇਲੇ ਬਾਲਕੇ ਯਾਰ ਦੋਸਤ, ਆਪ ਜੀ ਵਰਗੇ ਬੀਬੇ ਰਾਣੇ ਆਪ ਜੀ ਦਾ ਕਮਾਇਆ ਹੋਇਆ ਨਾਮ ਖਤਮ ਨਹੀਂ ਹੋਣ ਦੇਣਗੇ  ਚਾਹੇ ਸੂਬਾ ਖਤਮ ਹੋ ਜਾਵੇ ।
---------------------------------------------------------------------