ਭੰਡੁਹ ਹੀ ਭੰਡ ਉਪਜੈ (ਲੇਖ )

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਭੰਡਿ ਜਮੀਐ ਭੰਡਿ ਨਿਮੀਐ ਭੰਡੁ ਮੰਗਣ ਵਿਆਹ॥
  ਭੰਡਹੁ ਹੋਵੇ ਦੋਸਤੀ ਭੰਡਹੁ ਚਲੇ ਰਾਹੁ॥
  ਭੰਡੁ ਮੂਆ ਭੰਡ ਭਾਲੀਐ ਭੰਡਿ ਹੋਵੇ ਬੰਧਾਨੁ॥
  ਸੋ ਕਿਊਂ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ॥
  ਭੰਡਹੁ ਹੀ ਭੰਡੁ ਉਪਜੈ ਭੰਡੋ ਬਾਂਝ ਨਾ ਕੋਇ ॥
 ਨਾਨਕ ਭੰਡੈ ਬਾਹਰਾ ਏਕੋ ਸਚਾ ਸੋਏ॥
ਜਿਤ ਮੁਖ ਸਦਾ ਸਲਾਹੀਐ  ਭਾਗਾ-ਰਤੀ ਚਾਰ॥
 ਨਾਨਕ ਤੇ ਮੁਖ ਉਜਲੇ ਤਿਨ ਸਚੇ ਦਰਬਾਰ ॥
ਪੰਜਾਬ ਟਾਈਮਜ਼ ਵਿਚ ਡਾਕਟਰ ਗੁਰਨਾਮ ਕੋਰ ਜੀ ਨੇ ਗੁਰੂ ਬਾਬਾ ਨਾਨਕ ਜੀ ਦੀ ਇਸਤ੍ਰੀ ਜ਼ਾਤੀ ਦੀ ਸਮਾਜਕ ਮਹਤੱਤਾ ਨੂੰ ਦਰਸਾਉਂਦੀ ਹੋਈ ਰਾਗ ਆਸਾ ਵਿਚ ਉਚਾਰੀ ਉਪਰੋਕਤ ਕਾਵ-ਰਚਨਾ ਦੀ ਵਿਸਥਾਰ ਪੂਰਬਕ ਸ਼ਬਦ-ਅਰਥ ਵਿਆਖਿਆ ਕੀਤੀ ਹੈ। 
ਪੰਜਾਬ ਟਾਈਮਜ਼ ਦੇ ਅਗਲੇ ਅੰਕ ਵਿਚ ਜਦ ਬਲਜੀਤ ਬਾਸੀ ਜੀ ਵਲੋਂੇ ਡਾਕਟਰ ਗੁਰਨਾਮ ਕੌਰ ਜੀ ਵਲੋਂ "ਭੰਡੁਹ ਹੀ ਭੰਡ ਉਪਜੈ" ਦੇ ਸ਼ਬਦ ਅਰਥ "ਇਸਤਰੀ ਤੋਂ ਇਸਤਰੀ ਪੇਦਾ ਹੁੰਦੀ ਹੈ ਤੇ ਕੁਝ ਸਵਾਲ ਉਠਾਏ ਗਏ ਤਾਂ ਹੋਰ ਜਾਨਣ ਦੀ ਉਤਸਕਤਾ ਜਾਗੀ। ਪੰਜਾਬ ਟਾਈਮਜ਼ ਵਿਚ ਬਲਜੀਤ ਬਾਸੀ ਜੀ ਸ਼ਬਦ ਝਰੋਖਾ ਕਾਲਮ ਰਾਹੀਂ ਹਰ ਸ਼ਬਦ ਦੀ ਨਾਨਕਿਆਂ ਦਾਦਕਿਆਂ ਤਕ ਪੜਚੋਲ ਕਰਦਾ ਹੈ ਤਾਂ ਬੁਹਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਅਕਾਲ ਪੁਰਖ ਉਸਨੂੰ ਹੋਰ ਸਮਰੱਥਾ ਬਖਸ਼ੇ। 
ਬਲਜੀਤ ਬਾਸੀ ਜੀ ਨੇ ਵੀ ਡਾਕਟਰ ਗੁਰਨਾਮ ਕੌਰ ਵਾਂਗ ਹੀ ਇਸਤਰੀ ਜ਼ਾਤੀ ਦੀ ਤੁਲਣਾ ਵਿਚ ਭਾਂਡਾ ,ਸਾਂਚਾ  ਅਤੇ ਬਚੇਦਾਨੀ ਸ਼ਬਦ ਵਰਤੇ ਹਨ। ਫਰਕ ਸਿਰਫ ਇਨਾਂ ਹੈ  ਬਲਜੀਤ ਬਾਸੀ ਜੀ  ਰਿਆਲ ਸਾਹਿਬ ਦੇ ਵਿਚਾਰਾਂ ਨਾਲ ਸਹਿਮਤੀ      ਦਰਸਾਊਂਦੇ  ਹੋਏ ਇਸਤਰੀ ਦੀ ਤੁਲਣਾ ਭਾਂਡਾ ਸ਼ਬਦ ਨਾਲ ਕਰਦੇ ਹਨ। ਅਗੋਂ ਬਾਸੀ ਜੀ" ਭੰਡ ਉਪਜੈ" ਦਾਂ ਭਾਵ ਅਰਥ ਕਰਦੇ ਹੋਏ ਲਿਖਦੇ ਹਨ ( ਮਿਟੀ ਦਾ ਭਾਂਡਾ ਮਾਨਵ ਸਰੀਰ ਜਾਂ ਮਾਨਵ ਰੂਪ ਧਾਰਦਾ ਹੈ। ਇਸ ਅਰਥ-ਵਿਕਾਸ ਪਿੱਛੇ ਮਾਨਵ ਦੇਹ ਦੇ ਨਾਸ਼ਵਾਨ ਹੋਣ ਅਤੇ ਉਸ ਦੀ ਸਿਰਜਣਕਾਰੀ ਪਿਛੇ ਕਿਸੇ ਪਰਜਾਪਤੀ ਦੀ ਹੋਂਦ ਦਾ ਸੰਕੇਤ ਮਿਲਦਾ ਹੈ। ਮਿੱਟੀ ਦੇ ਭਾਂਡੇ ਦੇ ਮਾਨਵ ਸਰੀਰ ਜਾਂ ਮਾਨਵ ਵਜੋਂ ਪ੍ਰਗਟ ਹੋਣ ਲਈ ਗੁਰਬਾਣੀ ਦੀ ਤੁਕ, " ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸੰਵਾਰ ਜੀਉ॥" ਦੀ ਵਰਤੋਂ ਕੀਤੀ ਹੈ।ਇਹ ਤੁਕ ਇਕਲੇ ਮਾਨਵ ਤੇ ਹੀ ਲਾਗੂ ਨਹੀਂ ਹੁੰਦੀ। ਦਰਿੰਦ, ਚਰਿੰਦ, ਪਰਿੰਦ,ਮਾਨਵ ਅਤੇ ਬਨਸਪਤ ਸਭ ਨੂੰ ਭੰਨ ਸੰਵਾਰਨ ਵਾਲਾ ਇਕ ਕਾਦਰ ਹੈ। "ਜੋ ਉਪਜਿਉ ਸੋ ਬਿਨਸ ਹੈ " ਦਾ ਸਿੰਧਾਤ ਸਾਰੇ ਬਰਹਿਮੰਡ ਤੇ ਲਾਗੂ ਹੁੰਦਾ ਹੈ। ਆਖੀਰ ਵਿਚ ਬਾਸੀ ਜੀ ਵੀ "ਭੰਡਹੁ ਹੀ ਭੰਡੁ ਉਪਜੈ" ਦਾ ਅਰਥ ਇਸਤਰੀ ਹੀ ਮਾਨਵ ਸਰੀਰ ਜਾਂ ਮਾਨਵ ਦੀ ਰਚਨਾ ਕਰਦੀ ਹੈ। ਧਰਮ ਪਰਚਾਰਕ ਅਤੇ ਸਿਖ ਸਕਾਲਰਸ ਥੋਹੜੇ ਬਹੁਤੇ ਫਰਕ ਨਾਲ ਇਸੇ ਤਰਾਂ ਨਾਲ ਗੁਰਬਾਣੀ ਦੇ ਸ਼ਬਦ-ਅਰਥ ਹੀ ਕਰਦੇ  ਆ ਰਹੇ ਹਨ। ਤਕਰੀਬਨ ਹਰ ਗੁਰਦਵਾਰੇ ਵਿਚ ਸਕਰੀਨ ਤੇ ਵੀ ਸ਼ਬਦ-ਅਰਥ ਹੀ ਦੇਖੇ ਜਾਂਦੇ ਹਨ। ਭਾਵ ਅਰਥ ਵਲੋਂ ਬੇਧਿਆਨੀ ਰੜਕਦੀ ਹੈ।
ਬਾਰ ਬਾਰ ਪੜ੍ਹਿਆ ਬੜੀ ਸੋਚ ਵਿਚਾਰ ਕੀਤੀ ਇਕ ਜੀਂਦੀ ਜਾਗਦੀ ਇਸਤਰੀ ਦੀ ਤੁਲਣਾ ਨਿਰਜਿੰਦ ਵਸਤੂਆਂ ਨਾਲ ਮੰਨਣ ਤੋਂ ਜਦ ਮਨ ਇਨਕਾਰੀ ਹੋ ਗਿਆ। ਤਾਂ ਗੁਰੂ ਬਾਬਾ ਨਾਨਕ ਦੇਵ ਜੀ ਦਾ ਫੁਰਮਾਨ ਕੁਝ ਸੁਣੀਏ ਕੁਝ ਕਹੀਏ  ਤੇ ਪਹਿਰਾ ਦਿੰਦਾ ਹੋਇਆ ਗੁਰੂ ਬਾਬਾ ਜੀ ਦੀ ਵਿਅੰਗ ਮਈ ਕਵਿਤਾ ਤੇ ਆਪਣੇ ਵਿਚਾਰ 
ਪਾਠਕਾਂ ਨਾਲ ਸਾਂਝੇ ਕਰਨ ਦਾ ਮੰਨ ਬਣ ਆਇਆ, ਸੋ ਇਜਾਜ਼ਤ ਚਾਹਾਂਗਾ। 
ਭਾਂਡਾ ਸਿਰਫ ਵਸਤ ਦੀ ਸਾਂਭ ਸੰਭਾਲ ਲਈ ਵਰਤਿਆ ਜਾਂਦਾ ਹੈ। ਉਸ ਵਿਚ ਜਿਨੀ ਵਸਤੂ ਰਖੋਗੇ ਉਹ ਵਧੇਗੀ ਨਹੀਂ। ਸਾਂਚਾ ਵਸਤੂ ਨੂੰ ਸਿਰਫ ਆਪਣੇ ਵਰਗੀ ਸ਼ਕਲ ਦੇ ਸਕਦਾ ਹੈ। ਬਚੇ ਦਾਨੀ  ਇਸਤਰੀ ਦਾ ਉਤਪਾਦਕ ਅੰਗ , ਇਸਤਰੀ ਦੀ ਜਨਨ ਸ਼ਕਤੀ ਦਾ ਇਕ ਹਿਸਾ ਹੈ। ਆਪਣੇ ਆਪ ਵਿਚ ਇਸਦਾ ਕੋਈ ਮਤਲਬ ਨਹੀਂ।
ਸਭ ਤੋਂ ਪਹਿਲਾਂ ਵਿਚਾਰ ਕਰਾਂਗੇ ਕਿ ਬਾਬਾ ਜੀ ਵਲੋਂੇ ਇਸਤਰੀ ਲਈ ਭੰਡਿ ਸ਼ਬਦ ਦੀ ਵਰਤੋਂ ਕਰਨ ਦਾ ਕੀ ਕਾਰਨ ਹੋ ਸਕਦਾ ਹੈ।
ਸਦੀਆਂ ਤੋਂ ਸੰਸਾਰ ਭਰ ਦੇ ਸਮਾਜਕ ,ਧਾਰਮਕ ਆਗੂ, ਚਿੰਤਕ ਅਤੇ ਰਾਜਸਤਾ ਵਿਚ ਬੈਠੇ ਹੁਕਰਮਰਾਨ ਇਸਤਰੀ ਜ਼ਾਤੀ ਨੂੰ ਢੋਰ, ਸ਼ੂਦਰ, ਨਖਿਧ, ਨਿਲੱਜ ਨਿਗੁਣੀ , ਨਿੰਦਣਯੋਗ ,ਨਰਕਦਵਾਰੀ, ,ਕੁਦਰਤ ਦੀ ਭੁਲ ਆਖਕੇ ਭੰਡਦੇ ਸਨ, ਜਿਸ ਕਾਰਨ ਮਨੁਖਤਾ ਦਾ ਇਕ ਵਡਾ ਹਿਸਾ ਘਿਰਣਾ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਇਸਤਰੀ ਜ਼ਾਤੀ ਤੇ ਸਮਾਜਕ ਦਬਾ ਦਿਨੋਂ ਦਿਨ ਵਧ ਰਿਹਾ ਸੀ। ਗੁਰੂ ਬਾਬਾ ਜੀ ਨੇ ਬੜੀ ਦਲੇਰੀ ਨਾਲ ਸੰਸਾਰ ਪ੍ਰਚਲਤ ਇਸ ਕੋਝੀ ਰੀਤ ਤੇ ਤਰਕ ਕੀਤੀ ਅਤੇ ਇਸਤਰੀ ਜ਼ਾਤੀ ਨੂੰ ਭੰਡਣ ਵਾਲਿਆਂ ਦੀ ਹੀ ਬੋਲੀ ਵਿਚ ਮੁਖਾਤਬ ਹੋਣ ਲਈ "ਭੰਡ, ਭੰਡਣ ਜਾਂ  ਭੰਡਾਈ "ਤੋਂ ਇਸਤਰੀ ਲਈ ਭੰਡਿ ਸ਼ਬਦ ਦੀ ਵਰਤੋਂ ਕਰਕੇ ਇਕ ਗਹਿਰ ਗੰਭੀਰ ਵਿਅੰਗਮਈ ਚੋਟ ਕੀਤੀ ਹੈ। 
ਇਹ ਵਿਅੰਗ ਨਿੰਦਣ ਲਈ ਨਹੀਂ ਬਲਕਿ ਸੇਧ ਦੇਣ ਲਈ ਹੈ।
ਇਹ ਚੋਟ ਕਿਸੇ ਇਕ ਫਿਰਕੇ, ਇਕ ਧਰਮ ਜਾਂ ਕਿਸੇ ਇਕ ਦੇਸ਼ ਦੇ ਵਾਸੀਆਂ ਲਈ ਨਹੀਂ ਸੀ ਇਹ ਤਾਂ ਸੰਸਾਰ ਭਰ ਵਿਚ ਇਸਤਰੀ ਜ਼ਾਤੀ ਦੇ ਹੋ ਰਹੇ ਅਪਮਾਨ ਨਿਖੇਧੀ , ਭੰਡੀ ਪਰਚਾਰ ਦੇ ਖਿਲਾਫ ਇਕ ਦਲੇਰਾਆਨ ਕਦਮ ਸੀ ਜੋ ਗੁਰੂ ਨਾਨਕ ਦੇਵ ਜੀ ਹੀ ਉਠਾ ਸਕਦੇ ਸਨ।
ਬਾਸੀ ਜੀ ਨੇ " ਭੰਡਹੁ ਹੀ ਭੰਡੁ ਉਪਜੈ" ਤੇ ਬੜਾ ਢੁਕਵਾਂ ਸਵਾਲ ਕੀਤਾ ਸੀ।   ਸਚੀਂ ਮੁਚੀਂ ਇਹ ਤੁਕ " ਭੰਡਹੁ ਹੀ ਭੰਡਿ ਉਪਜੈ ਭੰਡੋ ਬਾਝ ਨਾ ਕੋਇ"ਗੁਰੂ ਬਾਬਾ ਜੀ ਦੀ ਕਾਵ-ਰਚਨਾ ਦਾ ਧੁਰਾ ਹੈ। 
ਇਸਤਰੀ ਨੂੰ ਨਖਿਧ, ਨਿਰਲਜ,ਢੋਰ ਸ਼ੂਦਰ ਆਖਣ ਵਾਲਿਆਂ ਨੂੰ ਵੰਗਾਰਦੇ ਹੋਏ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਭੰਡਹੁ ਤੋਂ ਭੰਡੁ ਹੀ ਉਪਜਦੇ ਹਨ ਬੜੀ ਸਾਧਾਰਨ ਜਿਹੀ ਗੱਲ ਹੈ ਕਿ ਜੋ ਬੀਜੋਗੇ  ਸੋ ਵਢੋਗੇ। ਇਸ ਤੋਂ ਅਗਲਾ ਸ਼ਬਦ "ਭੰਡੋ ਬਾਝ ਨਾ ਕੋਇ "ਸਾਧੂ ਸੰਤ ਮਹਾਤਮਾ ਚੋਰ ਠਗ ਸਾਰਿਆਂ ਦਾ ਜਨਮ ਇਸਤਰੀ ਦੇ ਜਨੇਪੇ ਤੋਂ ਹੁੰਦਾ ਹੈ, ਇਸਤਰੀ ਜਗਤ ਮਾਂ ਹੈ । ਭਾਵ ਕਿ ਸੰਸਾਰ ਦਾ ਸਾਰਾ ਮਨੁਖੀ ਪ੍ਰਵਾਰ ਭੰਡਹੁ ਉਪਜਿਆ ਭੰਡੁ ਹੈ। ਜੇ ਇਸਤਰੀ ਨਿੰਦਣ ਯੋਗ ਹੈ ਤਾਂ ਪੁਰਸ਼ ਵੀ ਨਿੰਦਣ ਯੋਗ ਹੈ। ਰਚਨਾ ਦੀ ਸ਼ੁਰੂਆਤ ਵਿਚ ਗੁਰੂ ਬਾਬਾ ਜੀ ਸਮਝਾਂਉਦੇ ਹਨ ਇਸਤਰੀ ਨੂੰ ਨਿੰਦਣ ਵਾਲਿA ਕਿਊਂ ਭੁਲ ਗਏ ਕਿ ਤਹਾਡਾ ਜਨਮ ਤੁਹਾਡਾ ਪਹਿਲਾ ਅਕਾਰ ਤੁਹਾਡੇ ਵਲੋਂ ਭੰਡੀ ਹੋਈ ਇਸਤਰੀ ਦੀ ਹੀ  ਕੁਖ ਤੋਂ ਸ਼ੁਰੂ ਹੋਇਆ।ਬਗੈਰ ਸੋਚੇ ਸਮਝੇ ਇਸਤਰੀ ਨੂੰ ਭੰਡ ਕੇ ਆਪਣੀ ਮਾਂ ਦੀ ਹੀ ਨਿਖੇਧੀ ਕਰ ਰਹੇ ਹੋ। 
"ਕੁਝ ਸਮਾਜਕ ਸੁਧਾਰ ਕਰਕੇ "ਜੋਰੂ ਜੋਰੁ ਦੀ"ਨੂੰ ਬਦਲਦਿਆਂ ਹੋਇਆਂ ਮੰਗਣ ਵਿਆਹ ਦੀਆਂ ਰਸਮਾਂ ਬਣਾ ਲਈਆਂ।
ਇਸਤਰੀ ਨਾਲ ਦੋਸਤੀ ਨਾਲ ਹੀ ਅੰਸ ਅਗੇ ਵਧ ਸਕਦੀ ਹੈ ਦੀ ਸਮਝ ਵੀ ਆ ਗਈ ਤਾਂ ਹੀ ਤਾਂ ਇਸਤਰੀ ਮਰ ਜਾਏ ਤਾਂ ਹੋਰ ਭਾਲ ਲੈਂਦਾ ਹੈ ਕਿਊਂ ਕਿ 
ਅੰਸ ਅਗੇ ਚਲਾਉਣ ਲਈ ਕੁਦਰਤ ਰਾਣੀ ਨੇ ਇਸਤਰੀ ਨੂੰ ਹੀ ਨਿਯਮ ਵਧ ਕੀਤਾ ਹੈ। ਇਕੱਲੇ ਇਕੱਲੇ ਦੋਵੇਂ ਅਧੂਰੇ ਹਨ ਤਾਂ ਹੀ ਤਾਂ ਇਹਨਾ ਨੂੰ ਪੂਰਨ ਕਰਨ ਲਈ ਦੋਵਾਂ ਵਿਚ ਇਕ ਦੂਜੇ ਨੂੰ ਮਿਲਣ ਦੀ ਖਾਹਸ਼ ਪੈਦਾ ਕੀਤੀ ਤਾ ਕਿ ਅੰਸ ਵਧਣ ਨਾਲ ਸੰਸਾਰ ਚਲਦਾ ਰਹੇ ਅਤੇ ਹੋਰ ਰਿਸ਼ਤੇ ਨਾਤੇ ਬਣਦੇ ਰਹਿਣ।
ਜੇ ਆਪਣੇ ਆਪ ਨੂੰ ਭੰਡ  ਨਹੀਂ ਅਖਵਾਉਣਾ ਤਾਂ ਤਾਂ ਰਾਜਿਆਂ ਨੂੰ ਵੀ ਜਨਮ ਦੇਣ ਵਾਲੀ ਇਸਤਰੀ ਦੀ ਨਿੰਦਿਆ ਬੰਦ ਕਰੋ। ਉਸ ਵੇਲੇ ਦੇ ਸਮਾਜ ਵਿਚ ਰਾਜਾ ਦਾਂ ਸਥਾਨ ਉਚਾ ਸੀ ਜੋ ਅਜ ਵੀ ਹੈ ਹੁਕਮਰਾਨ ਦੇ ਦਰਸ਼ਣ ਕਰਨ ਲਈ ਲੋਕਾਈ ਸੜਕਾਂ ਤੇ ਜੁੜ ਜਾਂਦੀ ਹੈ।
ਇਸ ਰਚਨਾ ਦੀਆਂ ਆਖਰੀ ਸਤਰਾਂ ਬਾਬਾ ਨਾਨਕ ਜੀ ਵਲੋਂ ਨਸੀਹਤ ਵਜੋਂ ਹਨ।
" ਨਾਨਕ ਭੰਡੋ ਬਾਹਰਾ ਏਕੋ ਸਚਾ ਸੋਏ" ਅਕਾਲ ਪੁਰਖ ਸਚਾ ਹੈ ਜਨਮ ਮਰਨ ਤੋਂ ਰਹਿਤ ਹੈ।  ਬਾਬਾ ਜੀ ਦੀ ਬਾਣੀ " ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੁ ਚਾਓ॥ ਦਾਤਾ ਕਰਤਾ ਆਪਿ ਤੂੰ ਤੁਸ ਦੇਵਹਿ ਕਰਿਹ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ। ਕਰਿ ਆਸਣ ਡਿਠੋ ਚਾਉ॥" ਕਾਦਰ ਤੇ ਕੁਦਰਤ ਇਕ ਮਿਕ ਹੋਣ ਵਲ ਸੰਕੇਤ ਹੈ। ਗੁਰਬਾਣੀ ਦੀ ਤੁਕ " ਘਟ ਘਟ ਮੇਂ ਹਰਜੂ ਬਸੇ ਸੰਤਨ ਕਹਿਓ ਪੁਕਾਰ " ਵੀ  ਇਸੇ ਸਿਧਾਂਤ ਦੀ ਪੁਸ਼ਟੀ ਕਰਦੀ ਹੈ। ਕਾਵ-ਰਚਨਾ ਦੀ ਆਖਰੀ ਤੁਕ 
"ਜਿਤ ਮੁਖਿ ਸਦਾ ਸਲਾਹੀਐ ਭਾਗਾ-ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤੁ ਸਚੇ ਦਰਬਾਰ "
ਕਾਦਰ ਦੀ ਰਚਨਾ ਦਾ ਸਤਕਾਰ ਕਰਨ ਵਾਲੇ ਹੀ ਕਾਦਰ ਦੇ ਸਚੇ ਦਰਬਾਰ ਵਿਚ ਕਬੂਲੇ ਜਾਣਗੇ। ਸਿਰਫ ਰੱਬ ਰੱਬ ਜਾਂ ਕਿਸੇ ਹੋਰ ਸ਼ਬਦ ਨੂੰ ਉਚੀ ਉਚਾਰਨ ਨਾਲ ਕੁਝ ਨਹੀਂ ਜੇ ਬਣਨਾ। ਉਸਦੀ ਰਚਨਾ ਨਾਲ ਖਿਲਵਾੜ ਕਰਨ ਦੀ ਥਾਂ੍ਹ ਉਸਦਾ ਸਤਕਾਰ ਕਰਨਾ ਸਿਖੋ। ਇਸਤਰੀ ਵੀ ਉਸੇ ਦੀ ਰਚਨਾ ਹੈ ਉਸ ਨੂੰ ਨਿੰਦਣ ਦੀ ਬਜਾਏ ਉਸਦਾ ਮਾਨ ਸਤਕਾਰ ਕਰੋ ਤੁਹਾਡੀ ਗ੍ਰਹਿਸਥੀ ਸਵਰਗ ਨਿਆਈਂ ਹੋ ਜਾਵੇਗੀ।
ਹਰ ਰੋਜ਼ ਕੀਰਤਨ ਸੋਹਿਲਾ ਵਿਚ ਦਰਜ " ਗਗਨ ਮੇਂ ਥਾਲ …ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ।।" ਪੜ੍ਹਦੇ ਹਾਂ ਪਰ ਅਮਲ ਕਰਨ ਦੀ ਬਜਾਏ ਦਿਖਾਵਾ ਦਿਨੋ ਦਿਨ ਵਧ ਰਿਹਾ ਹੈ।
ਬਾਰ ਬਾਰ ਭਾਸ਼ਨਾ  ਅਤੇ ਕਲਮ ਦਵਾਰਾ ਬੜੇ ਹੀ ਫਖਰ ਨਾਲ " ਸੋ ਕਿਊਂ ਮੰਦਾ ਆਖੀਐ ਜਿਤ ਜਮਿਹ ਰਾਜਾਨ " ਦਾ ਢੰਡੋਰਾ ਤਾਂ ਪਿਟਦੇ ਹਾਂ ਪਰ ਅਮਲ ਤੋਂ ਕੋਰੇ ਹਾਂ। ਹਰਮੰਦਰ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਪ੍ਰਕਾਸ਼ਮਾਨ ਹਨ  ਜਿਸ ਵਿਚ ਗੁਰੂ ਬਾਬਾ ਜੀ ਦੀ ਇਹ ਵਿਅੰਗਮਈ ਕਾਵ-ਰਚਨਾ ਵੀ ਦਰਜ ਹੈ ਪਰ ਹਰਮੰਦਰ ਸਾਹਿਬ ਦੀ ਸਾਫ ਸਫਾਈ ਕਰਨ ਵੇਲੇ ਇਸਤਰੀ ਹਿਸਾ ਨਹੀਂ ਲੈ ਸਕਦੀ। ਇਸਤਰੀ ਗੁਰੂ ਗਰੰਥ ਸਾਹਿਬ ਦੀ ਸਵਾਰੀ ਵੇਲੇ ਵੀ ਮੌਢਾ ਨਹੀਂ ਲਾ ਸਕਦੀ। ਇਸਤਰੀ ਨੂੰ ਮਸਜਦ ਵਿਚ ਅਬਾਦਤ ਕਰਨ ਦਾ ਅਧਿਕਾਰ ਨਹੀਂ ਦੀ ਗੱਲ ਕਰਨ ਲਗਿਆਂ ਪਤਾ ਨਹੀਂ ਕਿਊਂ ਭੁਲ ਜਾਂਦੇ ਹਾਂ ਕਿ ਸਿਖ ਕੌਮ ਦੇ ਕੇਂਦਰ ਹਰਮੰਦਰ ਸਾਹਿਬ ਅੰਦਰ ਵੀ ਇਸਤਰੀ ਕੀਰਤਨ ਕਰਨ ਤੋਂ ਵਿਵੱਰਜਤ ਹੈ। ਇਸਤਰੀ ਨੂੰ ਆਦਰ ਸਤਕਾਰ ਦੇਣ ਦੀ ਥਾਂ੍ਹ ਸੁਸਰਾਲ ਵਿਚ ਉਸ ਦਾ ਅਪਮਾਨ ਹੋ ਰਿਹਾ ਹੈ ਭਰੂਣ ਹਤਿਆਂ ਵਿਚ ਸਿਖ ਕੌਮ ਵੀ ਅਗਲੀਆਂ ਸਫਾਂ ਵਿਚ ਖੜੀ ਨਜ਼ਰ ਆਉਦੀ ਹੈ ਜਿਸ  ਕੌਮ ਦੇ ਉਚ ਪਦਵੀਆਂ ਤੇ ਬੈਠੇ ਧਾਰਮਕ ਅਤੇ ਰਾਜਸੀ  ਆਗੂ ਖੁਦ ਇਹੋ ਜਿਹੇ ਕੁਕਰਮ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਦੇ ਹੋਣ ਤਾਂ ਫੇਰ ਆਪ ਹੁਦਰੇ ਇਹ ਸਤਰ ਜ਼ਬਾਨ ਤੇ ਆ ਜਾਂਦੀ ਹੈ " ਕਿ ਸਚਾ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆਂ ਦਾ "