ਮਿਸ਼ਰੀ ਵਰਗੀ ਬੋਲੀ ਸਾਡੀ (ਕਵਿਤਾ)

ਗੁਰਮਿੰਦਰ ਸਿੱਧੂ (ਡਾ.)   

Email: gurmindersidhu13@gmail.com
Cell: +1 604 763 1658
Address:
ਸਰੀ British Columbia Canada
ਗੁਰਮਿੰਦਰ ਸਿੱਧੂ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕ ਖਬਰ ਮੇਰੇ ਦਿਲ ਦੇ ਅੰਦਰ,ਛੁਰੀਆਂ ਵਾਂਗੂੰ ਲਹਿ ਗਈ,

' ਮਿਟ ਜਾਣੀ ਪੰਜਾਬੀ ਬੋਲੀ ', ਰਾਜ਼ ' ਯੂਨੈਸਕੋ ' ਕਹਿ ਗਈ

ਜਾਗੋ  ਵੇ ਪੰਜਾਬੀਓ ! ਫਿਰ  ਇਹ  ਵੇਲਾ  ਹੱਥ ਨੀ ਆਉਣਾ

ਮੁੱਕ ਜਾਂਦੀ ਉਹ ਕੌਮ, ਕਿ ਜਿਸਦੀ 'ਬੋਲੀ' ਕਬਰੀਂ ਪੈ ਗਈ।

 

ਮਿਸ਼ਰੀ  ਵਰਗੀ  ਬੋਲੀ  ਸਾਡੀ, ਦੁੱਧ-ਮੱਖਣਾਂ ਦੀ ਪਾਲ਼ੀ

ਢੋਲੇ-ਟੱਪੇ  ਗਹਿਣੇ ਇਸਦੇ , ਲੋਰੀਆਂ-ਘੋੜੀਆਂ  ਵਾਲ਼ੀ

ਕਿਉਂ ਪੰਜਾਬੀ  ਪੁੱਤੋ !  ਇਹਨੂੰ ਵਰਤ ਕੇ ਹੀਣੇ ਹੁੰਦੇ ?

ਗੁਰੂਆਂ ਅਤੇ ਫਕੀਰਾਂ ਜਿਹੜੀ ਰੂਹ ਦੇ ਤਖਤ ਬਿਠਾਲੀ।

 

ਜਿਸ ਬੋਲੀ ਵਿੱਚ  ਦਰਦ ਸੁਣਾਏ, ਜਿਸ ਵਿੱਚ ਹੱਸੇ ਹਾਸੇ

ਜਿਸ ਵਿੱਚ ਮਾਂ ਤੋਂ ਰੋਟੀ ਮੰਗੀ  ਜਿਸ  ਵਿੱਚ ਖਾਬ ਤਰਾਸ਼ੇ

ਸਾਂਭ  ਪੰਜਾਬੀ-ਬੋਲੀ  ਦੇ  ਉਹ  ਮੋਤੀਆਂ  ਵਰਗੇ  ਅੱਖਰ

ਇਕ ਵਾਰੀ ਜੇ ਮਿਟ ਗਏ, ਫਿਰ ਨਹੀਂ ਲੱਭਣੇ ਲਾਲ ਗਵਾਚੇ।

 

ਅੱਧੀ ਰਾਤ ਪਹਿਰ ਦੇ ਤੜਕੇ, ਕੀ  ਕਨਸੋਆਂ ਆਈਆਂ

ਮਾਂ-ਬੋਲੀ ਅੱਜ ਗਲੀਆਂ ਅੰਦਰ ਦਿੰਦੀ ਫਿਰੇ ਦੁਹਾਈਆਂ

ਜਿਸ ਬੱਚੜੇ ਨੂੰ ਲਾਡ-ਲਡਾ  ਮੈਂ  ਜੱਗ  ਬਰੋਬਰ ਕੀਤਾ

ਘਰ ’ਚੋਂ ਕੱਢਣ ਵੇਲੇ ਉਸਨੂੰ ਰਤਾ ਨਾ ਲਾਜਾਂ ਆਈਆਂ।

 

ਜੋ ਨਾ ਥੱਕਦੇ ਨਾ ਰੁਕਦੇ ਨੇ, ਉਹ ਸ਼ਾਹ-ਅਸਵਾਰ ਹੁੰਦੇ ਨੇ

ਜੋ  ਮਾਂ  ਦੇ  ਪੈਰੀਂ  ਝੁਕਦੇ  ਨੇ, ਉੱਚੇ ਕਿਰਦਾਰ ਹੁੰਦੇ  ਨੇ

ਜੋ ਮਾਂ-ਬੋਲੀ 'ਤੇ ਕਰਦੇ ਮਾਣ, ਉਹ ਇਤਿਹਾਸ ਲਿਖ ਜਾਂਦੇ

ਜੋ  ਮਾਂ-ਬੋਲੀ  ਨੂੰ  ਭੁੱਲ  ਜਾਂਦੇ, ਨਿਰੇ  ਗੱਦਾਰ ਹੁੰਦੇ ਨੇ।