ਚੇਤਿਆਂ ਦੀ ਚਿਲਮਨ - ਕਿਸ਼ਤ 1 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰਾ ਜਨਮ ਤੇ ਜਨਮ ਤ੍ਰੀਕ ਦਾ ਭੰਬਲਭੂਸਾ

 ਜਦੋਂ ਮੈਨੂੰ ਆਪਣੀ ਅਸਲੀ ਜਨਮ ਤ੍ਰੀਕ ਦੀ ਲੋੜ ਪਈ ਤਾਂ ਮੈਂ ਨਵੇਂ ਬਣੇ ਜ਼ਿਲੇ ਫਰੀਦਕੋਟ ਦੇ ਸੀਐਮਓ ਦੇ ਜਨਮ ਮਰਨ ਦਾ ਰਿਕਾਰਡ ਰੱਖਣ ਵਾਲੇ ਦਫਤਰ ਵਿਚ ਜਾ ਕੇ ਆਪਣੀ ਜਨਮ ਮਿਤੀ ਦਾ ਸਰਟੀਫੀਕੇਟ ਲੈਣ ਲਈ ਦਰਖਾਸਤ ਦਿੱਤੀ। ਕਲਰਕ ਨੇ ਮੇਰੀ ਦਰਖਾਸਤ ਆਪਣੇ ਕੋਲ ਰੱਖ ਲਈ ਅਤੇ ਇਹ ਕਹਿ ਕੇ ਟਾਲ਼ ਦਿੱਤਾ, 'ਹਫਤੇ ਬਾਅਦ ਆਉਣਾ।' ਮੈਂ ਉਥੋਂ ਬਾਹਰ ਨਿਕਲਿਆ ਹੀ ਸੀ ਕਿ ਮੇਰਾ ਇਕ ਸ਼ਾਗ੍ਰਿਦ ਮਿਲ ਪਿਆ, ਉਹ ਸੀਐਮਓ ਦੇ ਮਾਸ ਮੀਡੀਆ ਦਫਤਰ ਵਿਚ ਆਰਟਿਸਟ ਦੀ ਪੋਸਟ 'ਤੇ ਕੰਮ ਕਰਦਾ ਸੀ। ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਮੈਨੂੰ ਕਿਹਾ, "ਕੱਲ੍ਹ ਨੂੰ ਆ ਕੇ ਆਪਣਾ ਸਰਟੀਫੀਕੇਟ ਲੈ ਜਾਣਾ, ਮੇਰੇ ਕੋਲ ਬਣਿਆ ਪਿਆ ਹੋਵੇਗਾ"
   ਅਗਲੇ ਦਿਨ ਜਦੋਂ ਮੈਂ ਉਸ ਕੋਲ ਗਿਆ ਤਾਂ ਉਸ ਮੈਨੂੰ ਰਿਕਾਰਡ ਵਿਚ ਨਾਮ ਨਹੀਂ ਮਿਲਿਆ ਦਾ ਸਰਟੀਫੀਕੇਟ ਦੇ ਦਿੱਤਾ। ਉਸ ਦੱਸਿਆ, "ਮੈਂ ਕੋਲ ਖੜ੍ਹ ਕੇ ਰਜਿਸਟਰਾਂ ਦੀ ਪੜਤਾਲ ਕਰਵਾਈ ਸੀ ਪਰ ਤੁਹਾਡੀ ਜਨਮ ਤ੍ਰੀਕ ਦਾ ਇੰਦਰਾਜ ਨਹੀਂ ਮਿਲਿਆ। ਕੁਝ ਰਿਕਾਰਡ ਬਾਰਸ਼ਾਂ ਦੀ ਭੇਟ ਚੜ੍ਹ ਗਿਆ ਸੀ। ਹੋ ਸਕਦਾ ਹੈ ਕਿ ਉਹਨਾਂ ਰਜਿਸਟਰਾਂ ਵਿਚ ਤੁਹਾਡੀ ਜਨਮ ਮਿਤੀ ਵਾਲਾ ਰਿਕਾਰਡ ਹੋਵੇ ਤੇ ਕਿਉਂਕਿ ਇਹ ਜ਼ਿਲਾ ਅਜੇ ਨਵਾਂ ਹੀ ਹੋਂਦ ਵਿਚ ਆਇਆ ਤੇ ਇਹ ਵੀ ਹੋ ਸਕਦਾ ਹੈ ਕਿ ਕੁਝ ਰਜਿਸਟਰ ਫੀਰੋਜ਼ ਪੁਰ ਦੇ ਆਫਿਸ ਵਿਚੋਂ ਹੀ ਨਾ ਆਏ ਹੋਣ।" 
   'ਪਰਾਪਤ ਨਹੀਂ' (not available) ਦਾ ਸਰਟੀਫੀਕੇਟ ਲੈ ਕੇ ਮੇਰਾ ਕੰਮ ਤਾਂ ਸਰ ਗਿਆ ਸੀ ਪਰ ਮੈਂ ਉਤਸਕਤਾ ਵੱਸ ਫੀਰੋਜ਼ਪੁਰ ਸੀਐੰਮਓ ਦੇ ਦਫਤਰ ਚਲਾ ਗਿਆ ਕਿ ਮੈਨੂੰ ਆਪਣੀ ਅਸਲੀ ਜਨਮ ਤ੍ਰੀਕ ਦਾ ਪਤਾ ਤਾਂ ਲੱਗ ਹੀ ਜਾਵੇਗਾ। ਕਿਉਂਕਿ ਮੇਰੀ ਮਾਂ ਤਾਂ ਕਹਿੰਦੀ ਹੁੰਦੀ ਸੀ, "ਜਦੋਂ ਨੱਬੇ (ਸੰਮਤ ਬਿਕਰਮੀ1990) ਦੇ ਹੜ੍ਹ ਆਏ ਸੀ ਤਾਂ ਉਸ ਵੇਲੇ ਮਲਕੀਤ ਮੇਰੀ ਗੋਦੀ ਸੀ ਤੇ ਤੇਰਾ ਜਨਮ ਉਸ ਤੋਂ ਦੋ ਸਾਲ ਮਗਰੋਂ ੨੨ ਪੋਹ ਦਾ ਐ" ਪਰ ਮੇਰੇ ਦਸਵੀਂ ਦੇ ਸਰਟੀਫੀਕੇਟ ਉਪਰ ਜਨਮ ਮਿਤੀ ਪਹਿਲੀ ਅਗਸਤ 1934 ਦੀ ਲਿਖੀ ਹੋਈ ਹੈ ਅਤੇ ਮਾਂ ਦੇ ਦੱਸਣ ਅਨੁਸਾਰ ਜਨਮ ਮਿਤੀ ਛੇ ਜਨਵਰੀ 1936 ਬਣਦੀ ਹੈ। ਮੇਰਾ ਚਚੇਰਾ ਭਰਾ ਜਿਹੜਾ ਕਿ ਮੈਥੋਂ ਬਾਈ ਦਿਨ ਵੱਡਾ ਹੈ ਉਸ ਦੀ ਜਨਮ ਮਿਤੀ ਦਸੰਬਰ 1934 ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਮੈਂ ਸੀਐਮਓ ਦਫਤਰ ਫੀਰੋਜ਼ਪੁਰ ਵੀ ਗਿਆ ਸੀ ਪਰ ਉਥੋਂ ਵੀ ਜਨਮ ਤ੍ਰੀਕ ਨਾ ਲੱਭ ਸਕੀ। 
   ਹੁਣ ਮੈਂ ਅਨੁਮਾਨ ਲਾ ਲਿਆ ਕਿ ਹੋ ਸਕਦਾ ਹੈ ਕਿ ਮੇਰੇ ਜਨਮ ਦਾ ਕਿਤੇ ਇੰਦਰਾਜ ਹੀ ਨਾ ਹੋਇਆ ਹੋਵੇ। ਇਸ ਦੇ ਪਿੱਛੇ ਵੀ ਇਕ ਕਹਾਣੀ ਹੈ ਜਿਹੜੀ ਮਾਂ ਨੇ ਕਈ ਵਾਰ ਸੁਣਾਈ ਸੀ। ਇਹ ਮੇਰੇ ਜਨਮ ਦੀ ਕਹਾਣੀ ਵੀ ਹੈ ਤੇ ਸਾਡੇ ਪਰਵਾਰ ਦੀ ਕਹਾਣੀ ਵੀ।
   ਮੇਰਾ ਪੜਦਾਦਾ ਬੜਾ ਕਾਨੂੰਨੀ ਸੀ। ਉਹ ਜ਼ਮੀਨਾਂ ਦੇ ਝਗੜੇ ਮੁੱਲ ਲੈ ਲੈਂਦਾ ਸੀ ਤੇ ਲਾਹੌਰ ਤਾਈਂ ਤੁਰ ਕੇ ਤਰੀਕਾਂ ਭੁਗਤਣ ਜਾਂਦਾ ਸੀ। ਘਰ ਦੀ ਜ਼ਮੀਨ ਤਾਂ ਭਾਵੇਂ ਦਸ ਘੁਮਾਂ ਹੀ ਸੀ ਪਰ ਉਸ ਨੇ ਕਈ ਘੁਮਾਂ ਜ਼ਮੀਨ ਗਹਿਣੇ ਤੇ ਬੈਅ ਲੈ ਕੇ ਦੋ ਹਲ਼ ਦੀ ਵਾਹੀ ਕੀਤੀ ਹੋਈ ਸੀ। ਜਦੋਂ ਪੰਜਾਬ ਵਿਚ ਸਰ ਛੋਟੂ ਰਾਮ ਵੱਲੋਂ ਪਾਸ ਕਰਵਾਇਆ ਇਹ ਕਾਨੂੰਨ ਲਾਗੂ ਹੋ ਗਿਆ ਕਿ 'ਕੋਈ ਵੀ ਗ਼ੈਰ ਕਾਸਤਕਾਰ ਕਿਸੇ ਕਾਸ਼ਤਕਾਰ ਦੀ ਜ਼ਮੀਨ ਬੈਅ ਨਹੀਂ ਲੈ ਸਕੇਗਾ।' ਕਾਸ਼ਤਕਾਰ ਤੇ ਗ਼ੈਰਕਾਸ਼ਕਾਰ ਵੀ ਜਾਤ ਅਧਾਰਤ ਬਣਾ ਦਿੱਤੇ ਗਏ। ਜੱਟ ਤੋਂ ਬਿਨਾਂ ਦੂਜੀਆਂ ਜਾਤਾਂ ਵਾਲੇ ਭਾਵੇਂ ਕਿ ਉਹ ਖੇਤੀ ਕਰਦੇ ਹੋਣ ਉਹ ਜੱਟ ਦੀ ਜ਼ਮੀਨ ਨਹੀਂ ਸੀ ਖਰੀਦ ਸਕਦੇ। ਇਹ ਕਾਨੂੰਨ ਬਣਨ ਕਾਰਨ ਜੱਟਾਂ ਦੀ ਜ਼ਮੀਨ ਉਸ ਕੋਲ਼ ਨਾ ਰਹੀ। ਕਿਉਂਕਿ ਉਹ ਜੱਟ ਨਹੀਂ ਸੀ। ਸਾਡੇ ਪਿੰਡ ਦੇ ਗੈਰ ਜੱਟਾਂ ਕੋਲ ਵੀ ਜ਼ਮੀਨਾਂ ਸਨ। ਫਿਰ ਮੇਰੇ ਪੜਦਾਦੇ ਨੇ ਉਹਨਾਂ ਦੀਆਂ ਜ਼ਮੀਨਾਂ 'ਤੇ ਅੱਖ ਟਿਕਾ ਲਈ ਤੇ ਉਹਨਾਂ ਕੋਲੋਂ ਬਹੁਤ ਸਾਰੀ ਜ਼ਮੀਨ ਗਹਿਣੇ ਲੈ ਕੇ ਆਪਣੀ ਦੋ ਹਲ਼ ਦੀ ਵਾਹੀ ਚਾਲੂ ਰੱਖੀ। ਮੇਰੇ ਪੜਦਾਦੇ ਦੇ ਵੱਡੇ ਪੁੱਤਰ ਦੀ ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ ਅਤੇ ਮੇਰਾ ਦਾਦਾ ਇਕੱਲਾ ਰਹਿ ਗਿਆ ਸੀ। ਇਕ ਤਾਂ ਉਹ ਛੋਟਾ ਹੋਣ ਕਰਕੇ ਪਹਿਲਾਂ ਹੀ ਲਾਡਲਾ ਰੱਖਿਆ ਹੋਇਆ ਸੀ। ਹੁਣ ਉਸ ਵੱਲ ਹੋਰ ਵੀ ਬਹੁਤਾ ਹੀ ਧਿਆਨ ਦਿੱਤਾ ਜਾਣ ਲੱਗਾ। ਉਸ ਨੂੰ ਕਦੀ ਵੀ  ਕੰਮ ਕਰਨ ਲਈ ਨਹੀਂ ਸੀ ਆਖਿਆ ਜਾਂਦਾ। ਕਈ ਬੱਚੇ ਤਾਂ ਇੰਨੇ ਲਾਡ ਨਾਲ ਵਿਗੜ ਜਾਂਦੇ ਹਨ ਪਰ ਉਹ ਸਾਧੂ ਸੁਭਾ ਦਾ ਬੰਦਾ ਸੀ। ਖੇਤਾਂ ਵੱਲ ਜਾਂਦਾ ਤਾਂ ਤੋਰੀਆਂ, ਕੱਦੂਆਂ ਦੇ ਬੀਜ ਦਰਖਤਾਂ ਦੀਆਂ ਜੜਾਂ ,ਚ ਲਾ ਜਾਂਦਾ। ਟਿੰਡੋਆਂ ਦੇ ਬੀਜ ਦੂਸਰਿਆਂ ਦੀਆਂ ਕਪਾਹਾਂ ਵਿਚ ਵੀ ਬੀਜ ਦਿੰਦਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਅਗਾਂਹ ਚਾਰ ਪੁੱਤਰ ਅਤੇ ਇਕ ਧੀ ਹੋਏ। ਮੇਰਾ ਬਾਪ ਸਾਰਿਆਂ ਨਾਲੋਂ ਵੱਡਾ ਸੀ। ਉਸ ਨੂੰ 12 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਹੱਲ਼ ਦੀ ਹੱਥੀ ਫੜਾ ਦਿੱਤੀ ਗਈ ਜਦੋਂ ਕਿ ਅਜੇ ਉਸ ਦਾ ਹੱਥ ਹਲ਼ ਦੀ ਹੱਥੀ ਦੇ ਬਰਾਬਰ ਵੀ ਨਹੀਂ ਸੀ ਜਾਂਦਾ। ਉਸ ਤੋਂ ਛੋਟਾ ਪੜ੍ਹਨ ਲੱਗ ਪਿਆ ਤੇ ਫਿਰ ਉਹ ਐਸਵੀਕੋਰਸ ਕਰਕੇ ਟੀਚਰ ਲੱਗ ਗਿਆ। ਦੂਜੇ ਦੋਵੇਂ ਭਰਾ ਜਿਵੇਂ ਹੀ ਕੁਝ ਵੱਡੇ ਹੋਏ ਉਹ ਵੀ ਪੜਦਾਦੇ ਨਾਲ ਖੇਤੀ ਬਾੜੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਏ। 
   ਉਹਨਾਂ ਸਮਿਆਂ ਵਿਚ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਵਿਆਹ ਦਿੰਦੇ ਸਨ। ਫਿਰ ਪੜਦਾਦੇ ਨੇ ਆਪਣੇ ਚਾਰੇ ਪੋਤਰੇ ਵਿਆਹ ਲਏ। ਜਦੋਂ ਉਸ ਨੇ ਆਪਣਾ ਅਖੀਰਲਾ ਸਵਾਸ ਛੱਡਿਆ ਤਾਂ ਉਸ ਦੇ ਵੱਡੇ ਪੋਤਰੇ ਦਾ ਲੜਕਾ (ਮੇਰਾ ਵੱਡਾ ਭਰਾ ਮੱਲ ਸਿੰਘ) ਉਸ ਦੀ ਹਿੱਕ ਉਪਰ ਪਿਆ ਉਸ ਨਾਲ ਲਾਡ ਪਾਡੀਆਂ ਕਰ ਰਿਹਾ ਸੀ। ਉਸ ਤੋਂ ਕੁਝ ਸਾਲ ਬਾਅਦ ਪੜਦਾਦੀ ਵੀ ਇਸ ਸੰਸਾਰ ਤੋਂ ਵਿਦਾ ਹੋ ਗਈ।
   ਘਰ ਵਿਚ ਪੜਦਾਦੇ ਹੀ ਸਰਦਾਰੀ ਸੀ। ਉਸ ਦੇ ਅੱਗੇ ਕੋਈ ਵੀ ਘਰ ਦਾ ਜੀਅ ਕੁਸਕਦਾ ਨਹੀਂ ਸੀ, ਹਰ ਕੋਈ ਆਪਣੀ ਜ਼ਿੰਮੇਦਾਰੀ ਨੂੰ ਸਮਝਦਾ ਹੋਇਆ ਆਪਣਾ ਕੰਮ ਕਰਦਾ ਸੀ। ਪੜਦਾਦੇ ਦੇ ਅਕਾਲ ਚਲਾਣਾ ਕਰ ਜਾਣ ਨਾਲ ਉਸ ਘਰ ਦੀ ਪਹਿਲਾਂ ਵਾਲੀ ਚੜ੍ਹਤ ਨਾ ਰਹੀ। ਮੇਰਾ ਦਾਦਾ ਕਬੀਲਦਾਰ ਹੋ ਕੇ ਵੀ ਆਪਣੀ ਕਬੀਲਦਾਰੀ ਵੱਲ ਧਿਆਨ ਨਹੀਂ ਸੀ ਦਿੰਦਾ। ਉਹ ਆਪਣੇ ਪੁੱਤਰਾਂ ਨੂੰ ਕੁਝ ਨਹੀਂ ਸੀ ਕਹਿੰਦਾ। ਹਰ ਕੋਈ ਆਪਣੀ ਮਰਜ਼ੀ ਕਰਨ ਲੱਗ ਪਿਆ ਸੀ। ਮੇਰਾ ਇਕ ਚਾਚਾ ਕਵੀਸ਼ਰੀ ਜੱਥੇ ਨਾਲ ਤੁਰਿਆ ਰਹਿੰਦਾ। ਉਸ ਨੂੰ ਪਿੱਛੇ ਕੰਮ ਦੀ ਕੋਈ ਪਰਵਾਹ ਨਾ ਹੁੰਦੀ। ਮੇਰਾ ਬਾਪ ਤੇ ਛੋਟਾ ਚਾਚਾ ਖੇਤੀ ਬਾੜੀ ਦਾ ਕੰਮ ਸੰਭਾਲਦੇ। ਕਈ ਵਾਰ ਛੋਟਾ ਚਾਚਾ ਵੀ ਕੀਰਤਨੀ ਜੱਥੇ ਨਾਲ ਤੁਰ ਜਾਂਦਾ ਤੇ ਸਾਰਾ ਕੰਮ ਮੇਰੇ ਬਾਪ ਨੂੰ ਸੰਭਾਲਣਾ ਪੈਂਦਾ। ਪਰ ਫਿਰ ਵੀ ਪਰਵਾਰ ਸਾਂਝਾ ਰਿਹਾ।
   ਘਰ ਵਿਚ ਚਾਰਾਂ ਦਰਾਣੀਆਂ ਜਿਠਾਣੀਆਂ ਨੇ ਆਪਣੇ ਕੰਮ ਵੰਡੇ ਹੋਏ ਸਨ। ਜੇ ਇਕ ਸਵੇਰੇ ਉਠ ਕੇ ਚੱਕੀ ਪੀਂਹਦੀ ਤਾਂ ਦੂਜੀ ਦੁੱਧ ਰਿੜਕਦੀ ਤੇ ਤੀਸਰੀ ਰੋਟੀਆਂ ਪਕਾ ਕੇ ਖੇਤ ਲੈ ਕੇ ਜਾਂਦੀ, ਚੌਥੀ ਪਸ਼ੂਆਂ ਦੇ ਵਾੜੇ ਵਿਚ ਗੋਹਾ ਕੂੜਾ ਕਰਵਾਉਂਦੀ। ਅਗਲੇ ਦਿਨ ਦੂਸਰੀ ਦੀ ਚੱਕੀ ਪੀਂਹਣ ਦੀ ਵਾਰੀ ਆ ਜਾਦੀ। ਸਭ ਤੋਂ ਔਖਾ ਕੰਮ ਚੱਕੀ ਪੀਹਣਾ ਸੀ। ਸਾਰੇ ਟੱਬਰ ਲਈ ਧੜੀ ਆਟਾ ਪੀਂਹਣਾ ਪੈਂਦਾ ਸੀ। ਹਰ ਰੋਜ਼ ਪੀਹ ਕੇ ਪਕਾਉਣਾ। ਮੇਰੀ ਮਾਂ ਕੋਲ ਚਾਰ ਨਿਆਣੇ ਹੋਣ ਕਾਰਨ ਦੂਸਰੀਆਂ ਦਰਾਣੀਆਂ ਉਸ ਨਾਲ ਈਰਖਾ ਕਰਦੀਆਂ ਕਿ ਇਸ ਦੇ ਜੁਆਕਾਂ ਕਰਕੇ ਸਾਨੂੰ ਕੰਮ ਬਹੁਤਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਉਹ ਏਕਾ ਕਰਕੇ ਮੇਰੀ ਮਾਂ ਨੂੰ ਵਾਰੀ ਤੋਂ ਬਾਹਰੀ ਚੱਕੀ ਪੀਂਹਣ ਲਈ ਮਜਬੂਰ ਕਰਦੀਆਂ। ਦਾਦੀ ਮੇਰੀ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ ਤੇ ਫਿਰ ਮੇਰੇ ਦਾਦੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਉਪਰ ਸੱਸ ਦਾ ਕੁੰਡਾ ਨਾ ਹੋਣ ਕਾਰਨ ਹਮੇਸ਼ਾ ਲੜਾਈ ਝਗੜਾ ਪਿਆ ਰਹਿੰਦਾ। ਕਈ ਵਾਰ ਇਸ ਲੜਾਈ ਝਗੜੇ ਤੋਂ ਤੰਗ ਆਏ ਉਹਨਾਂ ਦੇ ਪਤੀ ਉਹਨਾਂ ਦਾ ਕੁਟਾਪਾ ਵੀ ਕਰ ਦਿੰਦੇ। ਪਰ ਫਿਰ ਵੀ ਲੜਾਈ ਝਗੜਾ ਨਾ ਮੁਕਦਾ। ਮਾਂ ਜਦੋਂ ਇਹ ਗੱਲਾਂ ਦਸਦੀ ਤਾਂ ਉਸ ਦੇ ਮੱਥੇ ਵਿਚ ਤਿਉੜੀਆਂ ਉਭਰ ਆਉਂਦੀਆਂ। ਲੜਨ ਝਗੜਨ ਤੇ ਮਿਹਣੋ ਮਿਹਣੀ ਹੋਣ ਵਿਚ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ। 
   ਘਰ ਦੇ ਇਹੋ ਜਿਹੇ ਮਾਹੌਲ ਵਿਚ ਮੇਰਾ ਜਨਮ ਹੋਇਆ ਸੀ। ਮਾਂ ਦੇ ਦੱਸਣ ਅਨੁਸਾਰ। ਮੇਰੀ ਛੋਟੀ ਚਾਚੀ ਦਾ ਪਹਿਲਾ ਜੁਆਕ ਹੋਣ ਕਰਕੇ ਉਹ ਵਿਅੰਮ ਕੱਟਣ ਲਈ ਆਪਣੇ ਪੇਕੇ ਪਿੰਡ, ਬੱਧਨੀ ਕਲਾਂ ਗਈ ਹੋਈ ਸੀ। ਉਸ ਸਮੇਂ ਮੈਂ ਵੀ ਆਪਣੀ ਮਾਂ ਦੇ ਪੇਟ ਵਿਚ ਸਾਂ। ਕੁਝ ਦਿਨਾਂ ਮਗਰੋਂ ਹੀ ਉਧਰੋਂ ਮੁੰਡਾ ਹੋਣ ਦੀ ਵਧਾਈ ਆ ਗਈ। ਨੈਣ ਨੂੰ ਲੈ ਕੇ ਛੋਟੀ ਤੋਂ ਵੱਡੀ ਚਾਚੀ ਘਰਾਂ ਵਿਚ ਵਧਾਈ ਦਾ ਗੁੜ ਵੰਡਣ ਗਈਆਂ ਹੋਈਆਂ ਸਨ ਕਿ ਪਿੱਛੋਂ ਚਾਚੀ ਦਾ ਭਰਾ ਉਸ ਨੂੰ ਲੈਣ ਆ ਗਿਆ। ਉਸ ਦੇ ਭਰਾ ਦਾ ਵਿਆਹ ਤਾਂ ਭਾਵੇਂ ਅਜੇ ਮਾਘ ਵਿਚ ਹੋਣਾ ਸੀ ਪਰ ਉਹ ਪੰਦਰਾਂ ਵੀਹ ਦਿਨ ਪਹਿਲਾਂ ਹੀ ਉਸ ਨੂੰ ਲੈਣ ਵਾਸਤੇ ਆ ਗਿਆ ਸੀ। ਮੇਰੀ ਮਾਂ ਨੇ ਕਲੇਸ਼ ਪਾ ਲਿਆ ਕਿ 'ਇਸ ਨੇ ਘਰ ਦੇ ਕੰਮ ਤੋਂ ਟਲਣ ਦੀ ਮਾਰੀ ਨੇ ਸੁਨੇਹਾ ਦੇ ਕੇ ਭਰਾ ਨੂੰ ਮੰਗਵਾਇਐ। ਇਹ ਵਿਆਹ ਤੋਂ ਇਕ ਮਹੀਨਾ ਪਹਿਲਾਂ ਕਿਉਂ ਜਾਂਦੀ ਐ, ਦਿਨ ਦੇ ਦਿਨ ਜਾਵੇ, ਮੈਥੋਂ ਕੱਲੀ ਤੋਂ ਏਸ ਹਾਲਤ ਵਿਚ ਘਰ ਦਾ ਸਾਰਾ ਕੰਮ ਨਹੀਂ ਹੋਣਾ।' ਪਰ ਉਸ ਦੀ ਕਿਸੇ ਨਾ ਸੁਣੀ ਤੇ ਅਗਲੇ ਦਿਨ ਉਹ ਆਪਣੇ ਭਰਾ ਦੇ ਨਾਲ ਪੇਕੀਂ ਚਲੀ ਗਈ। ਪਿੱਛੇ ਦੋਵੇਂ ਵਡੀਆਂ ਦਰਾਣੀ ਜਿਠਾਣੀ ਰਹਿ ਗਈਆਂ। 
     ਮੇਰੇ ਬਾਪ ਨੇ ਮਾਂ ਨੂੰ ਸਮਝਾਇਆ, "ਕੁਝ ਚਿਰ ਲਈ ਭੂਆ ਨੂੰ ਮੰਗਵਾ ਲਵਾਂਗੇ ਤੇ ਆਟਾ ਖਰਾਸ ਤੋਂ ਪਿਸਵਾ ਲਿਆ ਕਰਾਂਗੇ ਫਿਰ ਪਿੱਛੇ ਕਿਹੜਾ ਕੰਮ ਰਹਿ ਜਾਊਗਾ" 
    ਮੇਰੀ ਮਾਂ ਨੂੰ ਇਹ ਦਲੀਲ ਕੁਝ ਠੀਕ ਲੱਗੀ ਤੇ ਉਹ ਚੁੱਪ ਕਰ ਗਈ। ਮੇਰਾ ਦਾਦਾ ਭੂਆ ਨੂੰ ਲੈਣ ਵਾਸਤੇ ਉਸ ਦੇ ਸਹੁਰੀਂ ਚਲਾ ਗਿਆ ਪਰ ਦੋ ਦਿਨ ਵਾਪਸ ਨਾ ਮੁੜਿਆ। ਮੇਰੀ ਵੱਡੀ ਚਾਚੀ ਆਪਣੇ ਹਿੱਸੇ ਦਾ ਕੰਮ ਕਰਦੀ ਤੇ ਹੋਰ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਮੇਰੀ ਮਾਂ ਨੂੰ ਚੱਕੀ ਪੀਹ ਕੇ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ ਅਤੇ ਖੇਤ ਰੋਟੀ ਵੀ ਲੈ ਕੇ ਜਾਣੀ ਪੈਂਦੀ। ਜਿਸ ਕਾਰਨ ਦੋਹਾ ਵਿਚ ਕਲੇਸ਼ ਰਹਿਣ ਲੱਗਾ। ਇਕ ਦਿਨ ਲੜਦੀਆਂ ਝਗੜਦੀਆਂ ਹੱਥੋ ਪਾਈ ਵੀ ਹੋ ਗਈਆਂ। ਉਸ ਸਮੇਂ ਮੇਰਾ ਬਾਪ ਵੀ ਖੇਤੋਂ ਆ ਗਿਆ। ਉਸ ਚਾਚੀ ਨੂੰ ਤਾਂ ਕੁਝ ਨਾ ਕਿਹਾ ਪਰ ਗੁੱਸੇ ਵਿਚ ਮੇਰੀ ਮਾਂ ਨੂੰ ਕੁੱਟ ਕੱਢਿਆ।
    ਉਸ ਰਾਤ ਮਾਂ ਆਪਣੇ ਦੋ ਬੱਚਿਆਂ ਨੂੰ ਆਪਣੇ ਨਾਲ ਸੁਆਈ, ਸਾਰੀ ਰਾਤ ਪਾਸੇ ਮਾਰਦੀ ਤੇ ਸੋਚਾਂ ਸੋਚਦੀ ਰਹੀ ਕਿ ਇਹ ਜੂੰਨ ਹੰਢਾਉਣ ਨਾਲੋਂ ਤਾਂ ਮਰ ਜਾਣਾ ਬਿਹਤਰ। ਮਰਨ ਦਾ ਸੋਚ ਕੇ ਉਸ ਨੂੰ ਆਪਣੇ ਜੁਆਕਾਂ ਦਾ ਧਿਆਨ ਆ ਜਾਂਦਾ ਕਿ ਮੇਰੇ ਮਗਰੋਂ ਇਹ ਰੁਲ਼ ਜਾਣਗੇ। ਪਰ ਫਿਰ ਜਦੋਂ ਉਸ ਨੂੰ ਆਪਣੀ ਨਿੱਤ ਦੀ ਦੁਰਦਸ਼ਾ ਅਤੇ ਅੱਜ ਜਿਹੜੀ ਦੁਰਗਤੀ ਹੋਈ ਸੀ ਦਾ ਧਿਆਨ ਆਉਂਦਾ ਤਾਂ ਉਹ ਸੋਚਦੀ ਕਿ ਮਰੇ ਬਿਨਾਂ ਇਸ ਜੂੰਨ ਤੋਂ ਛੁਟਕਾਰਾ ਨਹੀਂ ਹੋਣਾ। 'ਆਪ ਮਰੇ ਜਗ ਪਰਲੋ' ਅਤੇ ਉਸ ਨੇ ਆਪਣੇ ਮਨ ਨਾਲ ਮਰਨ ਦਾ ਪੱਕਾ ਫੈਸਲਾ ਕਰ ਲਿਆ।
    ਉਸ ਸਵੇਰੇ ਸਾਝਰੇ ਉਠ ਕੇ ਚੱਕੀ ਝੋ ਲਈ। ਫਿਰ ਸਦੇਹਾਂ ਹੀ ਆਟਾ ਗੁੰਨ੍ਹ ਕੇ ਰੋਟੀਆਂ ਪਕਾਈਆਂ। ਖੇਤ ਰੋਟੀਆਂ ਲੈ ਜਾਣ ਲਈ ਛੋਟਾ ਚਾਚਾ ਘਰ ਰਹਿ ਪਿਆ ਸੀ। ਖੇਤ ਨੂੰ ਰੋਟੀਆਂ ਤੋਰ ਕੇ ਆਪ ਵੀ ਖਾਧੀਆਂ ਤੇ ਚਾਰਾਂ ਬੱਚਿਆਂ ਨੂੰ ਦਹੀਂ ਨਾਲ ਖੁਆ ਦਿੱਤੀਆਂ। ਫਿਰ ਬਿਨਾਂ ਕਿਸੇ ਨੂੰ ਕੁਝ ਦੱਸਿਆਂ ਸਲਾਰੀ ਦੀ ਬੁੱਕਲ਼ ਮਾਰ ਕੇ ਘਰੋਂ ਨਿਕਲ ਗਈ।
   ਉਹ ਘਰੋਂ ਇਹ ਸੋਚ ਕੇ ਨਿਕਲੀ ਸੀ ਕਿ ਸਿੱਧੀ ਜਾ ਕੇ ਨਹਿਰ ਦੇ ਉੁਚੇ ਪੁਲ਼ ਤੋਂ ਛਾਲ ਮਾਰ ਦਿਆਂਗੀ ਤੇ ਸਭ ਸਿਆਪੇ ਮੁੱਕ ਜਾਣਗੇ। ਪਰ ਜਦੋਂ ਉਹ ਸਮਾਲਸਰ ਦੇ ਰਾਹ ਪਈ ਤਾਂ ਪਿੰਡੋਂ ਨਿਕਲਦਿਆਂ ਹੀ ਉਸ ਨੂੰ ਕੁਝ ਬੰਦੇ ਬੁੜ੍ਹੀਆਂ ਮਿਲ ਗਏ ਜਿਹੜੇ ਡਗਰੂ ਕਿਸੇ ਮਰਗ ਦੀ ਮਕਾਣ ਜਾ ਰਹੇ ਸਨ। ਉਥੋਂ ਮੇਰਾ ਨਾਨਕਾ ਪਿੰਡ ਸੱਦਾ ਸਿੰਘ ਵਾਲਾ ਇਕ ਕੋਹ ਦੂਰ ਸੀ। ਨਹਿਰ ਵਿਚ ਡੁੱਬ ਮਰਨ ਦੀ ਥਾਂ ਮਾਂ ਉਨ੍ਹਾਂ ਦੇ ਸਾਥ ਨਾਲ ਆਪਣੇ ਪੇਕੇ ਪਿੰਡ ਪਹੁੰਚ ਗਈ। ਜਦੋਂ ਮੇਰੀ ਮਾਂ ਇਹ ਗੱਲਾਂ ਦੱਸ ਰਹੀ ਸੀ ਤਾਂ ਮੈਂ ਪੁੱਛ ਲਿਆ, "ਬੇਬੇ, ਫੇਰ ਤੂੰ ਉੱਚੇ ਪੁਲ਼ ਤੋਂ ਨਹਿਰ ਵਿਚ ਛਾਲ ਕਿਉਂ ਨਾ ਮਾਰੀ?" ਤਾਂ ਉਹ ਹੱਸ ਕੇ ਕਹਿੰਦੀ, "ਵੇਅਖਾਂ! 'ਅੰਨ੍ਹਾ ਜਲਾਹਾ ਮਾਂ ਨਾਲ ਮਸ਼ਕਰੀਆਂ' ਜੇ ਮੈਂ ਛਾਲ ਮਾਰ ਦਿੰਦੀ ਤਾਂ ਤੂੰ ਇਹ ਜਗ ਕਿਵੇਂ ਦੇਖਦਾ" 
   ਮਾਂ ਦੇ ਦੱਸਣ ਅਨੁਸਾਰ, ਜਦੋਂ ਉਹ ਹਨੇਰੇ ਹੋਏ ਆਪਣੇ ਪੇਕੇ ਘਰ ਪਹੁੰਚੀ ਤਾਂ ਅੱਗੋਂ ਮੇਰੀ ਨਾਨੀ ਉਸ ਨੂੰ ਝਈ ਲੈ ਕੇ ਪਈ, "ਤੂੰ ਏਸ ਹਾਲਤ ਵਿਚ ਘਰੋਂ ਪੈਰ ਕਿਉਂ ਪੱਟਿਆ? ਤੇਰੇ ਵਰਗੀਆਂ ਪੰਜ ਹੋਰ ਐ, ਜੇ ਉਹ ਸਾਰੀਆਂ ਤੇਰੇ ਵਾਂਗ ਲੜ ਕੇ ਇੱਥੇ ਆ ਬੈਠਣ ਤਾਂ ਮੈਂ ਸਿਰੋਂ ਨੰਗੀ ਤੀਵੀਂ ਕਿਵੇਂ ਥੋਨੂੰ ਸੰਭਾਲੂੰਗੀ? ਥੋਡਾ 'ਕੱਲਾ ਭਰਾ ਅਜੇ ਕਬੀਲਦਾਰੀ ਸਾਂਭਣ ਜੋਗਾ ਨਈਂ ਹੋਇਆ।" ਮਾਂ ਅੱਗੋਂ ਕੁਝ ਨਾ ਬੋਲੀ ਤੇ ਬੈਠੀ ਰੋਂਦੀ ਰਹੀ।
   ਉਧਰ ਆਥਣ ਨੂੰ ਜਦੋਂ ਮੇਰਾ ਬਾਪ ਖੇਤੋਂ ਘਰ ਆਇਆ ਤਾਂ ਉਸ ਦੇਖਿਆ ਕਿ ਮੇਰੀ ਚਾਚੀ ਰੋਟੀਆਂ ਪਕਾ ਰਹੀ ਸੀ ਤੇ ਮੇਰੀ ਭੈਣ ਤਿੰਨਾਂ ਬੱਚਿਆਂ ਨੂੰ ਰੋਟੀ ਖੁਆ ਰਹੀ ਸੀ। ਮੇਰਾ ਦਾਦਾ ਭੂਆ ਨੂੰ ਲੈ ਕੇ ਅਜੇ ਤਾਈਂ ਨਹੀਂ ਸੀ ਮੁੜਿਆ। ਮੇਰੇ ਬਾਪ ਨੇ ਚੁਰ੍ਹ ਉਤੇ ਰੱਖੀ ਬਲਟੋਹੀ ਵਿਚੋਂ ਗਰਮ ਪਾਣੀ ਲੈ ਕੇ ਮੂੰਹ ਹੱਥ ਧੋਤਾ ਤੇ ਇਧਰ ਉਧਰ ਨਜ਼ਰ ਘਮਾਉਂਦੇ ਨੇ ਮੇਰੀ ਭੈਣ ਕੋਲੋਂ ਪੁੱਛਿਆ, "ਕੁੜੀਏ, ਤੇਰੀ ਬੇਬੇ ਨਈ ਦਿਸਦੀ, ਉਹ ਉਧਰ ਪਸ਼ੂਆਂ ਵਾਲੇ ਘਰ ਵੀ ਨਹੀਂ ਸੀ?" 
"ਉਹ ਤਾਂ ਸਵੇਰ ਦੀ ਕਿਤੇ ਗਈ ਅਜੇ ਤਾਈਂ ਨਈ ਮੁੜੀ।" ਤੇ ਮੇਰੀ ਭੈਣ ਦਾ ਨਾਲ ਹੀ ਰੋਣ ਨਿਕਲ ਗਿਆ।
"ਉਹ ਸੱਦੇ ਆਲੇ ਚਲੀ ਗਈ ਹੋਊਗੀ, ਹੋਰ ਓਸ ਨੇ ਕਿੱਥੇ ਜਾਣੈ। ਆਪੇ ਧੱਕੇ ਖਾ ਕੇ ਚਹੁੰ ਦਿਨਾਂ ਨੂੰ ਮੁੜ ਆਊਗੀ" ਮੇਰੇ ਬਾਪ ਨੇ ਲਾਪਰਵਾਹੀ ਨਾਲ ਕਿਹਾ। 
"ਉਹ ਤਾਂ ਕੱਲ੍ਹ ਚਾਚੀ ਨਾਲ ਲੜਦੀ ਕਹਿੰਦੀ ਸੀ 'ਮੈਂ ਖੂਹ 'ਚ ਛਾਲ ਮਾਰ ਕੇ ਮਰ ਜਾਣੈ ਜਾਂ ਨਹਿਰ ਵਿਚ ਡੁੱਬ ਮਰਨੈ। ਬਸ ਮੈਂ ਤੇਰੇ ਸਿਰ ਚੜ੍ਹ ਕੇ ਮਰਨੈ' ਭੈਣ ਨੇ ਰੋਂਦਿਆਂ ਕਿਹਾ।
"ਕੋਈ ਨ੍ਹੀ ਉਹ ਮਰਨ ਲੱਗੀ। ਤੂੰ ਲਿਆ ਮੈਨੂੰ ਰੋਟੀ ਫੜਾ"
   ਇੰਨੇ ਨੂੰ ਮੇਰੇ ਦੂਜੇ ਚਾਚੇ ਵੀ ਘਰ ਆ ਗਏ ਤੇ ਮੇਰੀ ਅੱਠ ਕੁ ਸਾਲ ਦੀ ਭੈਣ ਨੇ ਵਾਰੀ ਵਾਰੀ ਸਾਰਿਆਂ ਨੂੰ ਰੋਟੀ ਖਵਾ ਦਿੱਤੀ। 
   ਅਗਲੇ ਦਿਨ ਦਾਦਾ ਭੂਆ ਨੂੰ ਲੈ ਕੇ ਆ ਗਿਆ। ਭੂਆ ਨੇ ਘਰ ਦੀ ਹਾਲਤ ਦੇਖੀ ਤਾਂ ਮੱਥੇ 'ਤੇ ਹੱਥ ਮਾਰ ਕੇ ਬੈਠ ਗਈ। ਜਦੋਂ ਉਸ ਨੇ ਸੁਣਿਆ ਕਿ ਮਾਂ ਰੁੱਸ ਕੇ ਘਰੋਂ ਚਲੀ ਗਈ ਹੈ ਤਾਂ ਉਹ ਮੇਰੇ ਬਾਪ ਨਾਲ ਬਹੁਤ ਗੁੱਸੇ ਹੋਈ ਕਿ ਉਹ ਉਸ ਨੂੰ ਕੱਲ੍ਹ ਹੀ ਲੈਣ ਕਿਉਂ ਨਹੀਂ ਚਲਿਆ ਗਿਆ। ਉਹ ਤਾਂ ਉਸ ਨੂੰ ਉਸੇ ਵੇਲ਼ੇ ਸੱਦਾ ਸਿੰਘ ਵਾਲੇ ਜਾਣ ਲਈ ਕਹਿ ਰਹੀ ਸੀ ਪਰ ਸਰਦੀ ਦਾ ਮੌਸਮ ਹੋਣ ਕਰਕੇ ਮੇਰਾ ਬਾਪ ਅਗਲੇ ਦਿਨ ਜਾਣ ਲਈ ਤਿਆਰ ਹੋ ਗਿਆ। 
   ਸਵੇਰੇ ਉਠਣ ਸਾਰ ਉਸ ਰੋਟੀ ਖਾ ਕੇ ਬੋਤੀ ਉਪਰ ਕਾਠੀ ਪਾਈ ਤੇ ਮੇਰੀ ਮਾਂ ਨੂੰ ਲੈਣ ਤੁਰ ਗਿਆ। ਤੁਰੇ ਜਾਂਦੇ ਨੂੰ ਭੂਆ ਨੇ ਤਾਕੀਦ ਕੀਤੀ, "ਮੁੰਡਿਆ, ਵਹੁਟੀ ਨੂੰ ਲੈ ਕੇ ਮੁੜੀਂ ਐਵੇਂ ਨਾ ਉਥੋਂ ਗੇੜਾ ਕੱਢ ਕੇ ਆ ਜਾਈਂ" 
   ਜਦੋਂ ਉਹ ਆਪਣੇ ਸਹੁਰੇ ਘਰ ਅੱਗੇ ਜਾ ਕੇ ਬੋਤੀ ਤੋਂ ਉਤਰਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਬੂਹੇ ਅੱਗੇ ਸਰੀਂਹ ਬੱਝਾ ਹੋਇਆ ਸੀ। 
   ਹੋਇਆ ਇਹ ਸੀ ਕਿ ਜਦੋਂ ਮੇਰੀ ਮਾਂ ਥੱਕੀ ਟੁੱਟੀ ਆਪਣੇ ਪੇਕੇ ਘਰ ਪਹੁੰਚੀ ਤਾਂ ਉਸ ਦਾ ਉਸ ਸਮੇਂ ਹੀ ਬੁਰਾ ਹਾਲ ਸੀ। ਅੱਗੋਂ ਉਸ ਦੀ ਮਾਂ ਵੀ ਉਸ ਨੂੰ ਖਿੜੇ ਮੱਥੇ ਨਹੀਂ ਸੀ ਮਿਲੀ। ਹੁਣ ਪਿੱਛੇ ਬੱਚਿਆਂ ਦਾ ਫਿਕਰ ਵੀ ਉਸ ਨੂੰ ਵੱਢ ਵੱਢ ਖਾਣ ਲੱਗਾ ਸੀ। ਅਜੇਹੀ ਹਾਲਤ ਵਿਚ ਅੱਧੀ ਰਾਤੀਂ ਹੀ ਉਸ ਦੇ ਪੀੜਾਂ ਉਠ ਪਈਆਂ ਤੇ ਸਵੇਰ ਨੂੰ ਸਿਆਣੀ ਦਾਈ ਦੀਆਂ ਕੋਸ਼ਸ਼ਾਂ ਨੇ ਸੱਤ ਮਹੀਨਿਆਂ ਮਗਰੋਂ ਹੀ ਮੈਨੂੰ ਇਹ ਸੰਸਾਰ ਦਿਖਾ ਦਿੱਤਾ। ਮੇਰੀ ਨਾਨੀ ਨੇ ਮੇਰੇ ਜਨਮ ਦਾ ਸੁਨੇਹਾ ਨਾਈ ਹੱਥ ਪਿੰਡ ਘੱਲ ਦਿੱਤਾ ਸੀ ਪਰ ਉਹ ਅਜੇ ਪਿੰਡ ਨਹੀਂ ਸੀ ਪਹੁੰਚਿਆ ਕਿ ਮੇਰਾ ਬਾਪ ਇਧਰ ਨੂੰ ਆ ਗਿਆ ਸੀ।
   ਮੇਰੇ ਬਾਪ ਦੇ ਉਥੇ ਬੈਠਿਆਂ ਹੀ ਚੌਕੀਦਾਰ ਆਪਣੇ ਕਾਗਜ਼ਾਂ ਵਿਚ ਮੇਰਾ ਨਾਮ ਦਰਜ ਕਰਵਾਉਣ ਤੇ ਵਧਾਈ ਦੇਣ ਆ ਗਿਆ। ਉਸ ਨੇ ਮੇਰੇ ਬਾਪ ਬੈਠਿਆਂ ਦੇਖ ਕੇ ਪੁੱਛ ਲਿਆ, "ਰਤਨ ਕੁਰੇ, ਸੁੱਖ ਨਾਲ  ਪਰਾਹੁਣੇ ਨੂੰ ਸੁਨੇਹਾ ਘਲ ਕੇ ਮੰਗਵਾਇਐ?"
"ਕਾਹਨੂੰ ਭਾਈ, ਇਹ ਤਾਂ ਪਰਤਾਪੀ ਨੂੰ ਲੈਣ ਵਾਸਤੇ ਆਇਆ ਸੀ। ਇਹਨੂੰ ਨਹੀਂ ਸੀ ਪਤਾ ਜੁਆਕ ਹੋਣ ਦਾ" ਮੇਰੀ ਨਾਨੀ ਨੇ ਦੱਸਿਆ ਪਰ ਚੌਕੀਦਾਰ ਨੇ ਸਮਝਿਆ ਕਿ ਕਿਤੇ ਉਹ ਸਾਨੂੰ ਲੈ ਜਾਣ ਵਾਸਤੇ ਆਇਆ ਹੈ। ਉਸ ਨੇ ਮੱਤ ਦੇਣ ਵਾਲਿਆਂ ਵਾਂਗ ਕਿਹਾ, "ਨਾ ਭਾਈ ਗਭਰੂਆ, ਵੇਖੀਂ ਕਿਤੇ ਇਹ ਕਮਅਕਲੀ ਨਾ ਕਰ ਬੈਠੀਂ। ਏਹੋ ਜੇਹੀ ਠੰਢ ਵਿਚ ਸਾਏ ਬੱਚੇ ਨੂੰ ਲੈ ਕੇ ਤੁਰਨਾ ਠੀਕ ਨਹੀਂ।" ਪਰ ਮੇਰੇ ਬਾਪ ਨੇ ਉਸ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ ਤੇ ਚੁੱਪ ਕਰਕੇ ਬੈਠਾ ਰਿਹਾ। ਮੇਰੀ ਨਾਨੀ ਨੇ ਛੱਜ ਭਰ ਕੇ ਚੌਕੀਦਾਰ ਦੀ ਝੋਲੀ ਵਿਚ ਕਣਕ ਪਾ ਦਿੱਤੀ ਤੇ ਉਹ ਨਾਨੀ ਨੂੰ ਅਸੀਸਾਂ ਦਿੰਦਾ ਹੋਇਆ ਵਾਪਸ ਮੁੜ ਗਿਆ। ਉਸ ਨੇ ਮੇਰੇ ਜਨਮ ਦੇ ਬਾਰੇ ਕੋਈ ਵੇਰਵਾ ਨਾ ਪੁੱਛਿਆ। 
  ਮੇਰਾ ਬਾਪ ਇਸ ਹਾਲਤ ਵਿਚ ਤਾਂ ਸਾਨੂੰ ਪਿੰਡ ਲਿਜਾ ਨਹੀਂ ਸੀ ਸਕਦਾ ਤੇ ਉਹ ਬਿਨਾਂ ਕੁਝ ਕਹੇ ਵਾਪਸ ਮੁੜ ਗਿਆ ਪਰ ਤਿੰਨ ਕੁ ਹਫਤੇ ਮਗਰੋਂ ਮੈਂ ਆਪਣੀ ਮਾਂ ਦੇ ਪੱਟਾਂ ਵਿਚ ਪਿਆ, ਬੋਤੀ ਦੀ ਸਵਾਰੀ ਕਰਕੇ ਆਪਣੇ ਪਿੰਡ ਆ ਗਿਆ।
   ਹੁਣ ਮੈਂ ਸੋਚਦਾ ਹਾਂ ਕਿ ਮੇਰੇ ਜਨਮ ਦਾ ਇੰਦਰਾਜ ਸੱਦਾ ਸਿੰਘ ਵਾਲੇ ਚੌਕੀਦਾਰ ਨੇ ਕਰਵਾਇਆ ਹੀ ਨਹੀਂ ਹੋਣਾ। ਤੇ ਸੇਖਾ ਕਲਾਂ ਦੇ ਚੌਕੀਦਾਰ ਨੇ ਇਸ ਕਰਕੇ ਇੰਦਰਾਜ ਨਹੀਂ ਕੀਤਾ ਹੋਣਾ ਕਿ ਇਸ ਮੁੰਡੇ ਦਾ ਜਨਮ ਤਾਂ ਸੱਦਾ ਸਿੰਘ ਵਾਲੇ ਹੋਇਆ ਹੈ ਫਿਰ ਇਸ ਦੇ ਜਨਮ ਦਾ ਇੰਰਾਜ ਇੱਥੇ ਕਿਉਂ ਕੀਤਾ ਜਾਵੇ! ਇਹ ਵੀ ਹੋ ਸਕਦਾ ਹੈ ਕਿ ਜਨਮ ਮਰਨ ਦਾ ਲੇਖਾ ਰੱਖਣ ਵਾਲੇ ਕਲਰਕਾਂ ਨੇ ਰਜਿਸਟਰ ਹੀ ਨਾ ਫਰੋਲ਼ੇ ਹੋਣ ਤੇ ਸਫਾਰਸ਼ ਹੋਣ ਕਰਕੇ 'ਜਨਮ ਤ੍ਰੀਕ ਨਹੀਂ ਮਿਲੀ' ਦਾ ਸਰਟੀਫੀਕੇਟ ਉਂਝ ਹੀ ਦੇ ਦਿੱਤਾ ਹੋਵੇ। ਕੁਝ ਹੀ ਹੋਵੇ ਹੁਣ ਤਾਂ ਮੇਰਾ ਜਨਮ ਸਥਾਨ ਸੇਖਾ ਕਲਾਂ ਅਤੇ ਦਸਵੀਂ ਦੇ ਸਰਟੀਫੀਕੇਟ ਅਨੁਸਾਰ ਜਨਮ ਤ੍ਰੀਕ ਪਹਿਲੀ ਅਗਸਤ 1934 ਪੱਕੀ ਹੋ ਗਈ ਹੈ।

------------------------------------------------