ਮਾਸਟਰ ਕਰਨ ਬਰਾੜ ਦੀ ਬੱਲੇ ਬੱਲੇ (ਖ਼ਬਰਸਾਰ)


ਸੈਨਹੋਜ਼ੇ, ਕੈਲੀਫੋਰਨੀਆ-- ਤੇਰਾਂ ਸਾਲਾ ਪੰਜਾਬੀ ਸਪੂਤ ਬਾਲ ਕਲਾਕਾਰ ਕਰਨ ਬਰਾੜ ਜੋ ਡਿਜ਼ਨੀ ਦੀ ਸੀਰੀਜ਼ 'ਜੈਸੀ' ਅਤੇ 'ਡਾਇਰੀ ਆਫ ਦੀ ਵਿੰਪੀ ਕਿੱਡ' ਫਿਲਮ ਸਮੇਤ ਕਈ ਡਾਕੂਮੈਂਟਰੀਆਂ ਵਿਚ ਆਪਣੀ ਕਲਾ ਦਾ ਜੌਹਰ ਦਿਖਾ ਰਿਹਾ ਹੈ, ਅੱਠ ਦਸੰਬਰ/2012 ਨੂੰ ਇੰਡੀਆ ਕਮਿਊਨਿਟੀ ਸੈਂਟਰ ਮਿਲਪੀਟਸ ਵਿਖੇ ਆਪਣੇ ਪ੍ਰੇਮੀਆਂ ਤੇ ਸ਼ੁਭਚਿੰਤਕਾਂ ਦੇ ਸਨਮੁਖ ਹੋਇਆ। ਪੰਨੂ ਡੈਂਟਲ ਗਰੁੱਪ, ਜਿਸ ਦਾ 'ਕਰਨ ਬਰਾੜ' ਪੇਸ਼ੰਟ ਹੈ, ਦੇ ਡਾਕਟਰ ਦਲਵੀਰ ਪੰਨੂ ਨੇ 'ਮੀਟ ਐਂਡ ਗਰੀਟ ਕਰਨ ਬਰਾੜ' ਨਾਮੀ ਵਿਸ਼ੇਸ਼ ਪ੍ਰੋਗਰਾਮ  ਦਾ ਆਯੋਜਨ ਕੀਤਾ ਸੀ। ਉਸ ਨੂੰ ਵੇਖਣ ਮਿਲਣ ਵਾਸਤੇ ਬੱਚਿਆਂ ਦੀਆਂ ਕਤਾਰਾਂ ਹੁੰਮ ਹੁੰਮਾ ਕੇ ਭਾਰੀ ਸ਼ੌਕ ਤੇ ਉਤਸ਼ਾਹ ਨਾਲ ਪਹੁੰਚੀਆਂ। ਚਾਰ ਸੌ ਤੋਂ ਵੱਧ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜ ਘੰਟੇ ਚੱਲੇ ਇਸ ਪ੍ਰੋਗਰਾਮ ਵਿਚ ਇਸ 'ਬੂੜੇ' ਕਲਾਕਾਰ ਦੀ ਸੰਗਤ ਦਾ ਅਨੰਦ ਮਾਣਿਆ, ਫੋਟੋ ਖਿਚਵਾਈਆਂ ਅਤੇ ਆਟੋਗਰਾਫ ਲਏ। ਅਨੇਕਾਂ ਬੱਚਿਆਂ ਨੇ ਉਸ ਨੂੰ ਉਸ ਦੀ ਨਿੱਜੀ ਜ਼ਿੰਦਗੀ, ਫਿਲਮੀ ਪ੍ਰਾਸਪੈਕਟਸ ਅਤੇ ਕਲਾ ਬਾਰੇ ਸਵਾਲ ਪੁੱਛੇ ਜੋ ਉਸ ਨੇ ਬੜੀ ਸੰਜੀਦਗੀ ਨਾਲ ਨਿਪਟਾ ਕੇ ਆਪਣੀ ਸੁਘੜਤਾ ਦਾ ਸਬੂਤ ਦਿੱਤਾ। ਜੁਆਬ ਵਿਚ ਉਸ ਨੇ ਬੱਚਿਆਂ ਨੂੰ ਜੀਵਨ ਜਾਚ ਬਾਰੇ ਕਈ ਪ੍ਰਵਚਨ ਕੀਤੇ ਕਿ ਫਿਲਮ ਇੰਡਸਟਰੀ ਵੀ ਡਾਕਟਰੀ, ਇੰਜੀਨੀਅਰ ਜਾਂ ਹੋਰ ਪੇਸ਼ਿਆਂ ਵਾਂਗ ਬਹੁਤ ਮਹੱਤਵਪੂਰਨ ਹੈ ਪਰ ਇਸ ਵਾਸਤੇ ਬਹੁਤ ਮਿਹਨਤ, ਲਗਨ ਤੇ ਪ੍ਰਬੀਨਤਾ ਦੀ ਲੋੜ ਹੈ। ਆਪਣੇ ਸੰਬੋਧਿਨ ਵਿਚ ਉਸ ਨੇ ਆਪਣੀ ਮੰਮੀ ਜਸਵਿੰਦਰ ਬਰਾੜ ਅਤੇ ਭੈਣ ਸਬਰੀਨਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਪਿਆਰ ਤੇ ਅਗਵਾਈ ਵਿਚ ਉਹ ਹੌਲੀਵੁੱਡ ਤੱਕ ਪਹੁੰਚ ਸਕਿਆ ਹੈ। ਇਸ ਮੌਕੇ ਕਈ ਰੇਡੀਓ ਤੇ ਟੀæ ਵੀæ ਵਾਲਿਆਂ ਨੇ ਉਸ ਦੀ ਇੰਟਰਵਿਊ ਰੀਕਾਰਡ ਕੀਤੀ। ਉਸ ਦੇ ਡੈਡੀ ਹਰਿੰਦਰ ਸਿੰਘ ਬਰਾੜ ਵੀ ਸ੍ਰੋਤਿਆਂ ਨੂੰ ਸੰਬੋਧਿਨ ਹੋਏ। ਉਨ੍ਹਾਂ ਨੇ ਬੜੇ ਮਾਣ ਨਾਲ ਸਿਰ ਉੱਚਾ ਕਰਦੇ ਦੱਸਿਆ ਕਿ ਮੈਂ ਇਕ ਸਾਧਾਰਨ ਜਿਹੇ ਪੰਜਾਬੀ ਕਿਸਾਨੀ ਪ੍ਰੀਵਾਰ ਨਾਲ ਸੰਬੰਧ ਰੱਖਦਾ ਹਾਂ ਤੇ ਰੋਜ਼ੀ ਰੋਟੀ ਦੀ ਤਲਾਸ਼ ਵਿਚ ਪੰਦਰਾਂ ਡਾਲਰ ਜੇਬ ਵਿਚ ਲੈ ਕੇ ਸਿਆਟਲ ਉੱਤਰਿਆ ਸੀ। ਮੇਰਾ ਇਹ ਕਰਨ ਬੇਟਾ ਛੋਟੀ ਜਿਹੀ ਉਮਰ ਵਿਚ ਹੀ ਸਾਨੂੰ ਅਰਸ਼ਾਂ ਤੱਕ ਲੈ ਉੱਡਿਆ ਹੈ ਤੇ ਉੱਚੀ ਸ਼ੁਹਰਤ ਦਾ ਮਾਲਕ ਬਣ ਚੁੱਕਾ ਹੈ। ਉਨ੍ਹਾਂ ਨੇ ਆਪਣੇ ਇਸ ਨੰਨ੍ਹੇ ਕਲਾਕਾਰ ਦੀ ਹੌਸਲਾ ਅਫਜ਼ਾਈ ਵਾਸਤੇ ਇਹ ਪ੍ਰੋਗਰਾਮ ਉਲੀਕਣ ਵਾਸਤੇ ਡਾਕਟਰ ਦਲਵੀਰ ਪੰਨੂ ਦਾ ਵਿਸ਼ੇਸ਼ ਧੰਨਵਾਦ ਕਰਦੇ ਦੱਸਿਆ ਕਿ ਕਿ ਉਹ ਹੀ 'ਕਰਨ' ਦੀ ਵਿਸ਼ੇਸ਼ ਪਹਿਚਾਣ, ਮੁਸਕਾਨ ਦਾ ਸਿਰਜਨਹਾਰਾ ਹੈ। ਡਾਕਟਰ ਦਲਵੀਰ ਪੰਨੂ ਨੇ ਆਪਣੇ ਸਟਾਫ, ਮਹਿਮਾਨਾਂ ਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਮੀਦ ਤੋਂ ਕਿਤੇ ਜਿਆਦਾ ਹਾਜਰੀ/ਹੁੰਗਾਰਾ ਭਰ ਕੇ ਉਨ੍ਹਾਂ ਦਾ ਮਾਣ ਇਜ਼ਤ ਤੇ ਹੌਸਲਾ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਾਰੀ ਕਾਰਵਾਈ ਅਤੇ 'ਕਰਨ ਬਰਾੜ' ਨਾਲ ਖਿਚਵਾਈਆਂ ਬੱਚਿਆਂ ਦੀਆਂ ਫੋਟੋ 'ਪੰਨੂਡੈਂਟਲ਼ਕਾਮ' ਤੋਂ ਮੁਫਤ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਕਰਨ ਦੀ ਹੌਸਲਾ ਅਫਜ਼ਾਈ ਲਈ ਹਰ ਪੰਜਾਬੀ ਦਾ ਫਰਜ ਬਣਦਾ ਹੈ ਕਿ ਟਵਿਟਰ ਤੇ ਕਰਨ ਬਰਾੜ@TheKaranBrar ਨੂੰ ਵੱਧ ਤੋਂ  ਵੱਧ ਚਰਚਿਤ ਕੀਤਾ ਜਾਵੇ।
 
ਚਰਨਜੀਤ ਸਿੰਘ ਪੰਨੂੰ