ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ (ਖ਼ਬਰਸਾਰ)


ਲੁਧਿਆਣਾ :  ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਨਾਵਲਕਾਰ ਜਸਵੰਤ ਸਿੰਘ ਅਮਨ, ਜਨਮੇਜਾ ਜੌਹਲ ਅਤੇ ਮੈਡਮ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ।
ਸਭਾ ਵੱਲੋ ਦੋ  ਮੰਟ ਦਾ ਮੌਨ ਧਾਰ ਕੇ ਉਘੇ ਗ਼ਜ਼ਲਗੋ ਸੁਭਾਸ਼ ਕਲਾਕਾਰ ਅਤੇ ਉਘੇ ਕਹਾਣੀਕਾਰ ਬਲਦੇਵ ਪੋਲੋਪੁਰੀ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।
ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਿਹਾ ਕਿ ਹਰੇਕ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ; ਆਪਣਾ ਸੱਭਿਆਚਾਰਕ ਵਿਰਸਾ ਤੇ ਮਾਂ-ਬੋਲੀ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ।  
ਰਚਨਾਵਾਂ ਦੇ ਦੌਰ ਵਿੱਚ ਤ੍ਰਲੋਚਨ ਲੋਚੀ ਨੇ ਗਜ਼ਲ 'ਨਾ ਬੇਬੇ ਨਾ ਚੁੱਲਾ ਕਿਧਰੇ, ਆਵੇ ਕੀ ਪਕਵਾਨ ਦੀ ਖੁਸ਼ਬੂ?', ਗੁਰਚਰਨ ਕੌਰ ਕੋਚਰ ਨੇ 'ਮੈਂ ਚਾਹੁੰਦੀ ਹਾਂ ਮੁਹੱਬਤ ਦੀ ਖਿੜੇ ਗੁਲਜ਼ਾਰ ਹਰ ਪਾਸੇ, ਜਿੱਧਰ ਦੇਖਾਂ ਨਜ਼ਰ ਆਵੇ ਦਿਲਾਂ ਦਾ ਪਿਆਰ ਹਰ ਪਾਸੇ', ਕੁਲਵਿੰਦਰ ਕੌਰ ਕਿਰਨ ਨੇ 'ਤੋਹਫ਼ੇ ਵਾਂਗਰ ਜੋ ਸੰਭਾਲੇ ਹੁੰਦੇ, ਉਹ ਪਲ ਨਾ ਭੁੱਲਣ ਵਾਲੇ ਹੁੰਦੇ', ਤਰਸੇਮ ਨੂਰ ਨੇ 'ਚਲੋ ਇਹ ਦੇਖੀਏ ਕਿ ਸੰਸਾਰ ਕੀ ਹੈ, ਇਸ ਵਿਚ ਆਪਣਾ ਕਿਰਦਾਰ ਕੀ ਹੈ?',  ਜਸਵੰਤ ਸਿੰਘ ਅਮਨ ਨੇ ਅਨੁਵਾਦਿਤ ਕਹਾਣੀ 'ਇੱਥੇ ਸੁਪਨੇ ਭਰੂਣ ਹਨ', ਸੁਰਜੀਤ ਸਿੰਘ ਅਲਬੇਲਾ ਨੇ ਗੀਤ 'ਮੂੰਹ ਮੋੜ ਗਏ ਪੁੱਤ ਫ਼ਰਜ਼ਾਂ ਤੋਂ, ਮਾਂ ਰੋਂਦੀ ਫਿਰੇ ਵਿਚਾਰੀ' ਸੰਦੀਪ ਬੇਤਾਬ ਨੇ ਵਾਤਾਵਰਣ 'ਤੇ ਲੇਖ, ਆਤਮਾ ਸਿੰਘ ਮੁਕਤਸਰੀ ਨੇ ਧਾਰਮਿਕ ਗੀਤ ਪੇਸ਼ ਕੀਤਾ। ਪ੍ਰੀਤਮ ਪੰਧੇਰ ਨੇ ਗ਼ਜ਼ਲ 'ਹੋ ਗਿਆ ਮਨੁੱਖ ਦਾ ਸਸਤਾ ਲਹੂ, ਹੋ ਗਿਆ ਬਾਜ਼ਾਰ  ਬੰਪਰ ਹੋ ਗਿਆ'। ਇਸ ਦੇ ਇਲਾਵਾ ਜਨਮੇਜਾ ਜੌਹਲ, ਬੁੱਧ ਸਿੰਘ ਨੀਲੋ, ਤਰਲੋਚਨ ਨਾਟਕਕਾਰ, ਇਕਬਾਲ ਸਿੰਘ, ਗੁਰਮੁਖ ਸਿੰਘ ਚਾਨਾ, ਦਲੀਪ ਕੁਮਾਰ ਅਵਧ, ਇੰਜ: ਸੁਰਜਨ ਸਿੰਘ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ । 

ਦਲਵੀਰ ਸਿੰਘ ਲੁਧਿਆਣਵੀ
ਜਨਰਲ ਸਕੱਤਰ
----------------------------------------------------------------------------------------------------------------