ਗ਼ਜ਼ਲ (ਗ਼ਜ਼ਲ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ  ਕੋਈ  ਲੱਭਦਾ  ਹੈ  ਜੀਵਨ ਚੋਂ  ਸਹਾਰਾ  ਏਥੇ ,
ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ ।

ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ ,
ਕਦੇ  ਤਾਂ  ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾ ਏਥੇ ।

ਬਦਲੇ  ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ , 
ਪਰ ਪੈਣ  ਗ਼ਰੀਬਾਂ  ਨੂੰ ਹਰ  ਪਾਸੇ ਹੀ ਮਾਰਾਂ ਏਥੇ ।

ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ ਸੁਨੇਹਾਂ,
ਫਿਰ ਕਿਉਂ  ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।

ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ ,
ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ  ਏਥੇ ।

ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ , 
ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ ।

ਸਾਂਝੇ ਨਾ ਰਹੇ ਪਰਿਵਾਰ  ਤੇ ਬਦਲੇ ਰੰਗ ਲਹੂ ਦੇ ,
ਹੋਣ  ਸਲਾਹਾ ਨਾਲੋਂ  ਵੱਧ  ਹੁਣ  ਤਕਰਾਰਾਂ  ਏਥੇ ।