ਤਾਈ ਨਿਹਾਲੀ ਦੇ ਸ਼ੱਕਰਪਾਰੇ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੈਲੋ…। ਕੁੜੇ ਧੀਏ ਕਿਵੇਂ ਰਿਹੈ ਮੁੰਡੇ ਦਾ ਨਤੀਜਾ…? (ਤਾਈ ਨਿਹਾਲੀ ਨੇ ਆਪਣੀ ਸ਼ਹਿਰ ਰਹਿੰਦੀ ਨੂੰਹ ਨੂੰ ਫੋਨ ਰਾਹੀਂ ਪੁੱਛਿਆ…?)
   ਬੇਬੇ ਜੀ, ਸ਼ਿੰਟੂ ਉਂਝ ਤਾਂ ਪਾਸ ਐ, ਪਰ ਦੋ ਸਪਲੀਆਂ ਕੱਢ ਗਿਆ ਐ…।
   ਕੁੜੇ ਬੂਹ…, ਦੋ ਸੱਪਣੀਂਆਂ, ਹਾਏ.. ਮੈਂ ਮਰ ਜਾਵਾਂ…। ਹੇ ਅਕਾਲ ਪੁਰਖ ਸੁੱਖ ਰੱਖੀਂ ਮੇਰੇ ਪੋਤਰੇ ਨੂੰ…।
   ਨਹੀਂ ਬੇਬੇ ਜੀ, ਸੱਪਣੀਆਂ ਨਹੀਂ , ਸਪਲੀਆਂ ਹੁੰਦੀਆਂ ਨੇ ਸਪਲੀਆਂ… (ਤਾਈ ਨੂੰ ਕੁਝ ਕੁ ਉੱਚਾ ਜਿਹਾ ਸੁਣਦਾ ਸੀ ਤੇ ਅੱਗੋਂ ਨੂੰਹ ਰਾਣੀ ਵੀ ਕੁਝ ਕੁ ਨੱਕ 'ਚ ਗੁਣਗਣਾ ਕੇ ਬੋਲਦੀ ਸੀ।)
   ਕੁੜੇ ਧੀਏ ਮੈਂ ਵੀ ਸੱਪਣੀਆਂ ਹੀ ਕਹਿੰਨੀ ਐਂ, ਮੈਂ ਕਿਹੜਾ ਸੱਪ ਕਹਿਣੀ ਐਂ, ਏਹਦੇ ਪਿਉ ਦੇ ਵੀ ਛੋਟੇ ਹੁੰਦੇ ਦੇ, ਦੋ ਸੱਪਣੀਆਂ ਜਿੱਡੇ-ਜਿੱਡੇ ਦੋ ਮਲੱਪ ਜਿਹੇ ਨਿਕਲੇ ਸੀ। ਤੇ ਮੈਂ ਤਾਂ ਫਿਰ ਆਪਣੇ ਪਿੰਡ ਵਾਲੇ ਨੰਦ ਹਕੀਮ ਕੋਲੋਂ ਦੋ ਕਵੀਲੇ ਦੀਆਂ ਪੁੜੀਆਂ ਲਿਆ ਕਿ ਖੱਟੀ ਲੱਸੀ ਨਾਲ ਦੇ ਦਿੱਤੀਆਂ ਸਨ। ਉਦੂੰ ਮੁੜ ਕੇ ਅੱਜ ਤੱਕ ਕੋਈ ਮਲੱਪ, ਸੱਪਣੀਆਂ ਦੀ ਕੋਈ ਸ਼ਿਕਾਇਤ ਨਹੀਂ ਆਈ। ਹੁਣ ਫੇਰ ਕੀ ਬਣੂੰ…? 
ਬੇਬੇ ਜੀ ਮਾਸਟਰ ਕਹਿੰਦੇ ਸੀ। ਕਿ ਟੈਸਟ ਲਵਾਂਗੇ, ਪੂਰੀ ਤਿਆਰੀ ਕਰਵਾ ਕੇ ਦੋ ਮਹੀਨਿਆਂ ਨੂੰ ਕੱਢ ਜਾਊਂ ਸਪਲੀਆਂ। 
ਕੁੜੇ ਧੀਏ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ… ਕਿ ਮਾਸਟਰ-ਮੂਸਟਰ ਨੂੰ ਛੱਡੋ, ਤੁਸੀਂ ਇਉਂ ਕਰਿਓ, ਕਿ ਮੋਗੇ ਬਹੋਨਾ ਰੋਡ ਨੇੜੇ ਜੋਗੀ ਬੈਠੇ ਐ, ਉਹਨਾਂ ਨੂੰ ਲਿਆ ਕੇ ਬੀਨ ਵਜਾਉ , ਜੇ ਇੱਕ –ਅੱਧੀ ਹੋਰ ਹੋਈ, ਤਾਂ ਉਹ ਵੀ ਨਿਕਲ ਜੂ, ਜਾਂ ਫਿਰ ਇਉਂ ਕਰਿਉ, ਕਿ ਜਦੋਂ ਸ਼ਿੰਟੂ ਸੁੱਤਾ ਪਿਆ ਹੋਵੇ, ਤਾਂ ਇਹਦੇ ਕੋਲ ਨਗੀਨਾ ਫਿਲਮ ਦਾ ਨਾਗਣ ਵਾਲਾ ਗੀਤ ਲਗਾ ਦੇਉ, ਸੰਗਰਾਂਦ ਵਾਲੇ ਦਿਨ ਆਪਣੇ ਭਜਨੇ ਗਵਾਂਢੀ ਕੇ ਕਰਚਿਆ 'ਚ ਵੀ ਸਪੋਲੀਆ ਛੁਪ ਗਿਆ ਸੀ। ਤੇ ਫੇਰ ਉਹਨਾਂ ਨੇ ਜਿਉਂ ਹੀ ਨਗੀਨਾ ਫਿਲਮ ਦਾ ਬੀਨ ਵਾਲਾ ਗੀਤ ਉੱਥੇ ਲਗਾਇਆ, ਤਾਂ ਝੱਟ ਮਰ ਜਾਣਾ ਬਾਹਰ ਨਿਕਲ ਆਇਆ, ਤੇ ਭਜਨੇ ਦੇ ਪੋਤੇ ਨੇ ਥਾਂ ਤੇ ਹੀ ਕੁੱਢਣ ਮਾਰ ਕੇ ਚਿੱਪ ਦਿੱਤਾ, ਇਹ ਜੈ ਖਾਣੇਂ ਮੇਰੇ ਪੋਤਰੇ ਦੇ ਕਿੱਧਰੋਂ ਮਗਰ ਪੈ ਗਈਆਂ, ਲਿਆ ਮੇਰੀ ਗੱਲ ਕਰਾਦੇ, ਕੀ ਕਰਦੈ… ਸ਼ਿੰਟੂ।
   ਬੇਬੇ ਜੀ, ਗਰਮੀ ਕਰਕੇ ਉਹਦੇ ਪੇਟ 'ਚ ਥੋੜਾ ਦਰਦ ਜਿਹਾ ਹੋਈ ਜਾਂਦੈ, ਇੱਕ ਉਹਦਾ ਮਨ ਉਦਾਸ ਹੋਇਆ ਪਿਆ ਹੈ। ਮੈਂ ਕਰਵਾਉਣੀ ਐਂ ਥੋਡੀ ਗੱਲ…।
  ਹੈਲੋ…ਮਾਤਾ ਜੀ, ਪੈਰੀ ਪੈਨਾਂ…।
  ਪੁੱਤ ਤੂੰ ਐਂਵੇ ਘਬਰਾ ਨਾਂ, ਸਭ ਠੀਕ ਹੋ ਜਾਊ, ਰੱਬ ਭਲਾ ਕਰੂ, ਕਿੱਡੀਆਂ-ਕਿੱਡੀਆਂ ਕੁ ਪੁੱਤ ਤੇਰੀਆਂ ਸੱਪਣੀਆਂ…?
  ਬੇਬੇ ਕਾਫੀ ਵੱਡੀਆਂ ਹੁੰਦੀਆਂ ਹਨ…।
  ਵੇ ਪੁੱਤ, ਤੇ ਪੇਟ 'ਚ ਦਰਦ ਵੀ ਤਾਂਹੀ ਹੁੰਦੈ… ਕੋਈ ਦਵਾ-ਬੂਟੀ ਲੈ, ਮੈਂ ਕਹਿੰਨੀ ਐ, ਤੇਰੇ ਪਿਉ ਨੂੰ…।
  ਬੇਬੇ ਅੱਜ ਡਾਕਟਰ ਨੂੰ ਦਿਖਾਇਆ ਸੀ। ਉਹਨੇ ਟੈਸਟ ਲਿਖ ਕੇ ਦਿੱਤੈ.. ਕੱਲ੍ਹ ਨੂੰ ਸਟੂਲ ਟੈਸਟ ਕਰਾਉਣੀ ਐ…।
  ਵੇ ਪੁੱਤ ਸਟੂਲ ਡਾਕਟਰ ਨੂੰ ਨਹੀਂ, ਕਿਸੇ ਮਿਸਤਰੀ ਨੂੰ ਦਿਖਾਉਣਾ ਪੈਣਾਂ, ਕੋਈ ਚੂਲ-ਚਾਲ ਢਿੱਲੀ ਹੋਊਗੀ, ਸਾਡੇ ਵਾਲਾ ਵੀ ਸਟੂਲ ਜੀਹਦੇ ਉੱਤੇ ਟੀ.ਵੀ ਰੱਖਿਆ ਹੋਇਐ, ਇੱਕ ਪਾਸੇ ਨੂੰ ਲਚਕ ਜਾਂਦਾ ਹੈ। ਤੇਰੇ ਬਾਪੂ ਨੂੰ ਕਹਿੰਨੀ ਆਂ ਕਿ ਨਰੈਂਣਿਆਂ ਜਲਦੀ-ਜਲਦੀ ਆਪਣਾ ਵੀ ਸਟੂਲ ਠੀਕ ਕਰਵਾ ਲੈ, ੨੦-੨੫ ਸਾਲ ਪਹਿਲਾਂ ਬੰਤੂ ਮਿਸਤਰੀ ਨੇ ਕਾਲੀ ਟਾਹਲੀ ਦੀ ਲੱਕੜ ਦਾ ਬਣਾ ਕੇ ਦਿੱਤਾ ਸੀ, ਹੋਰ ਨਾਂ ਕਿਤੇ ਟੀ.ਵੀ ਦਾ ਈ ਨੁਕਸਾਨ ਹੋ ਜਾਏ।
  ਵੇ ਪੁੱਤ ਨਾਲੇ ਮਿੰਟੂ ਕਿੱਥੇ ਐ…?
  ਬੇਬੇ ਉਹਦਾ ਅੱਜ ਬਾਘੇ ਪੁਰਾਣੇ ਆਈਲਿਟਸ ਸੈਂਟਰ 'ਚ ਮੌਕ ਟੈਸਟ ਸੀ। ਤੇ ਉਹ ੩ ਵਜੇ ਦਾ ਮੌਕ ਟੈਸਟ ਦੇਣ ਗਿਆ ਹੋਇਐ…।
  ਵੇ ਜੈਖਾਣੇਂ ਦਿਉ ਦੂਰਫਿੱਟੇ ਮੂੰਹ ਥੋਡਾ ਐਹੋ-ਜਿਹੇ ਯੱਬਲਾਂ ਦਾ, ਤੁਸੀਂ ਤਾਂ ਊਈਂ ਕਮਾਲ ਕਰੀ ਜਾਨੈਂ, ਕਿ ਮਿੰਟੂ ਕਿਹੜਾ ਕੋਈ ਕੱਟਰੂ-ਵੱਛਰੂ ਐ, ਜਿਹਨੂੰ ਮੋਕ ਲੱਗੀ ਹੋਣ ਕਾਰਨ ਉਹ ਮੋਕ ਟੈਸਟ ਕਰਵਾਉਣ ਗਿਆ ਹੋਇਐ…। ਕਿਸੇ ਡਾਕਟਰ ਤੋਂ ਝਾੜਾ (ਮੋਕ) ਬੰਦ ਕਰਨ ਦੀ ਚੰਗੀ ਜਿਹੀ ਦਵਾਈ ਲਵੋ, ਚਲੋ ਚੰਗਾ ਤੇਰਾ ਬਾਪੂ ਬੂਹਾ ਖੜਕਾਈ ਜਾਂਦਾ, ਆਖਦੀ ਹੋਈ ਨਿਹਾਲੀ ਫੋਨ ਕੱਟ ਕੇ ਬੂਹਾ ਖੋਲ੍ਹਣ ਵੱਲ ਨੂੰ ਕਾਹਲੀ-ਕਾਹਲੀ ਕਦਮ ਪੁੱਟ ਗਈ।