ਗ਼ਜ਼ਲ (ਗ਼ਜ਼ਲ )

ਸਾਥੀ ਲੁਧਿਆਣਵੀ (ਡਾ.)   

Email: drsathi@hotmail.co.uk
Cell: +44 7956 525 324
Address: 33 Westholme Gardens Ruislip ,Middlesex HA4 8QJ
New Jersey United States
ਸਾਥੀ ਲੁਧਿਆਣਵੀ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉੱਚੀਆਂ ਛੱਲਾਂ ਕਦੇ ਕਿਨਾਰਾ ਨਹੀਂ ਹੁੰਦੀਆਂ ।
ਡੁੱਬਣ ਵੇਲੇ ਕਦੇ ਸਹਾਰਾ ਨਹੀਂ ਹੁੰਦੀਆਂ ।

ਇਸ਼ਕ ਦੀ ਅੱਗ ਵਿਚ ਖ਼ੁਦ ਹੀ ਜਲਣਾ ਪੈਂਦਾ ਹੈ,
ਇਸ਼ਕ 'ਚ ਅਕਸਰ ਜਿੱਤਾਂ ਹਾਰਾਂ ਨਹੀਂ ਹੁੰਦੀਆਂ ।

ਏਸ ਸ਼ਹਿਰ ਦੇ ਗ਼ਗ਼ਨ "ਚ ਅੱਜ ਕਲ ਧੂੰਆਂ ਹੈ,
ਇਸੇ ਲਈ ਕੂੰਜਾਂ ਦੀਆਂ ਡਾਰਾਂ ਨਹੀਂ ਹੁੰਦੀਆਂ ।

ਜਿਸ ਬਸਤੀ ਵਿਚ ਜ਼ਿੰਦਗੀ ਰੀਂਗ਼ ਰਹੀ ਹੋਵੇ,
ਉਸ ਬਸਤੀ ਵਿਚ ਮੋਟਰ ਕਾਰਾਂ ਨਹੀਂ ਹੁੰਦੀਆਂ ।

ਚੋਰ ਲੁਟੇਰੇ ਝੱਟ ਉਸ ਘਰ ਨੂੰ ਲੁੱਟ ਲੈਂਦੇ,
ਜਿਹੜੇ ਘਰ ਵਿਚ ਤੇਜ਼ ਕਟਾਰਾਂ ਨਹੀਂ ਹੁੰਦੀਆਂ ।

ਜਿਹੜੇ ਨਗਰ 'ਚ ਲੋਕੀਂ ਰਹਿਣ ਮੁਹੱਬਤ ਨਾਲ,
ਉਸ ਥਾਂ ਘਰ ਤੋਂ ਬਾਹਰ ਤਾਰਾਂ ਨਹੀਂ ਹੁੰਦੀਆਂ ।

ਪਤਝੜ ਨੇ ਤਾਂ ਆਖ਼ਰ ਇਕ ਦਿਨ ਆਉਣਾ ਹੈ,
ਜੀਵਨ ਦੇ ਵਿਚ ਸਦਾ ਬਹਾਰਾਂ ਨਹੀਂ ਹੁੰਦੀਆਂ ।

ਜਿਹੜੇ ਹੱਥ ਗੁਲਦਸਤੇ ਫੜਨੇ ਸਿੱਖ ਲੈਂਦੇ,
ਉਨ੍ਹਾਂ ਕੋਲ ਤਿੱਖੀਆਂ ਤਲਵਾਰਾਂ ਨਹੀਂ ਹੁੰਦੀਆਂ ।

ਜਿਨ੍ਹਾਂ "ਚ ਤੱਤੀਆਂ ਤੱਤੀਆਂ ਖ਼ਬਰਾਂ ਨਹੀਂ ਹੁੰਦੀਆਂ,
ਵਿਕਦੀਆਂ ਅੱਜ ਕਲ ਉਹ ਅਖ਼ਬਾਰਾਂ ਨਹੀਂ ਹੁੰਦੀਆਂ ।

ਅੱਜ ਕਲ ਕਾਸਿਦ ਬਿੱਲ ਹੀ ਲੈ ਕੇ ਆਉਂਦਾ ਹੈ,
ਪਿਆਰ ਵਾਲੀਆਂ ਚਿੱਠੀਆਂ ਤਾਰਾਂ ਨਹੀਂ ਹੁੰਦੀਆਂ ।

ਉਂਝ ਤਾਂ ਘਰ ਵਿਚ ਅਕਸਰ ਸਭ ਕੁਝ ਹੁੰਦਾ ਹੈ,
ਕੁਝ ਹੁੰਦਾ ਨਹੀਂ ਜਦ ਸਰਕਾਰਾਂ ਨਹੀਂ ਹੁੰਦੀਆਂ ।

ਜਦ "ਸਾਥੀ" ਸਾਡੇ ਆਂਗਣ ਵਿਚ ਹੁੰਦਾ ਏ,
ਸਾਨੂੰ ਆਪਣੀਆਂ ਖ਼ਬਰਾਂ ਸਾਰਾਂ ਨਹੀਂ ਹੁੰਦੀਆਂ ।