ਡੇਂਗੂ ਦਾ ਇਲਾਜ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣੇ ਆਪ ਨੁੰ ਸ਼ਕਤੀਸ਼ਾਲੀ ਆਖਵਾ ਕੇ ਜਨਤਾ ਨੂੰ ਅੰਧ-ਵਿਸ਼ਵਾਸ਼ ਨਾਲ ਗੁੰਮਰਾਹ ਕਰਨ ਵਾਲੇ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਨੂੰ ਡੇਂਗੂੰ ਬੁਖਾਰ ਦੀ ਸ਼ਿਕਾਇਤ ਹੋ ਗਈ। ਬਾਬੇ ਦੀ ਨਵੀਂ ਬਣੀ ਸ਼ਰਧਾਲੂ ਇੱਕ ਔਰਤ ਬਾਬੇ ਵਾਸਤੇ ਆਪਣੇ ਘਰ ਵਿੱਚ ਰੱਖੀ ਹੋਈ ਬੱਕਰੀ ਦਾ ਦੁੱਧ ਰੋਜ਼ਾਨਾ ਡੋਲੂ ਭਰ ਕੇ ਲੈ ਕੇ ਜਾਂਦੀ ਹੁੰਦੀ ਸੀ। ਤੇ ਬਾਬਾ ਅੱਗੋਂ ਬੱਕਰੀ ਦੇ ਦੁੱਧ ਨੂੰ ਚਿੱਘੀ ਲਗਾ ਕੇ ਇੱਕ ਘੁੱਟ ‘ਚ ਪੀ ਜਾਂਦਾ ਸੀ। ਇੱਕ ਦਿਨ ਉਸ ਔਰਤ ਦੀ ਬੱਕਰੀ ਅਚਾਨਕ ਪ੍ਰਲੋਕ ਸੁਧਾਰ ਕਰ ਗਈ। ਉਸ ਔਰਤ ਨੇ ਬੱਕਰੀ ਦਾ ਮੀਟ ਤਿਆਰ ਕੀਤਾ। ਜਿਸ ਚੋਂ ਤਰੀ ਦਾ ਡੋਲੂ ਭਰਕੇ ਉਹ ਸਭ ਤੋਂ ਪਹਿਲਾਂ ਬਾਬੇ ਵਾਸਤੇ ਲੈ ਕੇ ਗਈ। 
    ਲਿਆਓ ਬੀਬੀ… ਲਿਆਓ ਬਾਬੀ… ਤੁਹਾਡੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ, ਬਾਬੇ ਦੇ ਸੇਵਾਦਾਰ ਨੇ ਔਰਤ ਦੇ ਮੂੰਹੋਂ ਕੁਝ ਬੋਲਣ ਤੋਂ ਪਹਿਲਾਂ ਹੀ ਫਟਾਫਟ ਡੋਲੂ ਝਪਟ ਲਿਆ ਤੇ ਫੁਰਤੀ ਨਾਲ ਬਾਬੇ ਕੋਲ ਜਾ ਪਹੁੰਚਿਆਂ। ਅੱਗੋਂ ਬਾਬੇ ਨੇ ਅੱਖਾਂ ਮੀਟ ਕੇ ਡੋਲੂ ਨੂੰ ਚਿੱਘੀ ਲਗਾ ਲਈ ਅਤੇ ਸੋਚੀ ਜਾ ਰਿਹਾ ਸੀ ਕਿ ਆਹਾ…ਹਾਹਾ… ਅੱਜ ਤਾਂ ਬਈ ਸ਼ਰਧਾਲੂ ਔਰਤ ਨੇ ਕੋਈ ਨਮਕੀਨ ਹੀ ਖਾਣ-ਪੀਣ ਤਿਆਰ ਕਰਕੇ ਲਿਆਂਦਾ ਏ…। ਤਰੀ ਖਤਮ ਹੋਣ ਉਪਰੰਤ ਬਾਬੇ ਦੇ ਮੂੰਹ ‘ਚ ਜਿਉਂ ਹੀ ਇੱਕ ਹੱਡੀ ਨੇ ਪ੍ਰਵੇਸ਼ ਕੀਤਾ। ਤਾਂ ਬਾਬਾ ਅੱਗੋਂ ਬਬੂਲਾ ਹੋਇਆ ਸ਼ਰਧਾਲੂ ਔਰਤ ਵੱਲ ਝਪਟਿਆ, ਓ… ਮਾਈ ਇਹ ਕੀ…? ਧੋਖਾ ਬਾਬਿਆਂ ਨਾਲ…?
    ਬਾਬਾ ਜੀ ਧੋਖੇ ਵਾਲੀ ਕੋਈ ਗੱਲ ਨਹੀਂ ਏ। ਇਹ ਉਹੀ ਬੱਕਰੀ ਦਾ ਸਪੇਅਰ ਪਾਰਟ ਐ, ਜਿਸ ਦਾ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੁੱਧ ਪੀ ਰਹੇ ਸੀ। ਜੋ ਵਿਚਾਰੀ ਅਚਾਨਕ ਠੰਡ ਨਾਲ ਪ੍ਰਲੋਕ ਸੁਧਾਰ ਗਈ। ਮੈਂ ਸੋਚਿਆ ਕਿ ਬਾਬਾ ਜੀ ਦੁੱਧ ਵੀ ਬੱਕਰੀ ਚੋਂ ਹੀ ਆਉਂਦਾ ਏ, ਇਸ ਕਰਕੇ ਮੈਂ ਤੁਹਾਡੇ ਵਾਸਤੇ ਪਕਵਾਨ ਤਿਆਰ ਕੀਤਾ ਤੇ ਆਪਣੇ ਪਰਿਵਾਰ ‘ਚ ਵਰਤਾਉਣ ਤੋਂ ਪਹਿਲਾਂ ਤੁਹਾਡੇ ਚਰਨਾਂ ‘ਚ ਪਹੁੰਚ ਗਈ ਹਾਂ। ਤੁਹਾਡੇ ਡੇਂਗੂ ਦਾ ਮੈਨੂੰ ਬੜਾ ਫਿਕਰ ਐ, ਬਜ਼ਾਰ ‘ਚ ਤਾਂ ਬਾਬਾ ਜੀ ਬੱਕਰੀ ਦਾ ਦੁੱਧ ਹਜ਼ਾਰ ਦਾ ਕਿੱਲੋਂ ਵਿਕਦੈ, ਥੋਡੇ ਡੇਂਗੂੰ ਬੁਖਾਰ ਕਰਕੇ ਮੈਂ ਨਾ ਤਾਂ ਆਪਣੇ ਪੋਤਿਆਂ ਨੂੰ ਪੀਣ ਅਤੇ ਨਾ ਹੀ ਬੱਕਰੀ ਦੇ ਪਠੋਰਿਆਂ ਨੂੰ ਦੁੱਧ ਚੁੰਘਣ ਦਿੱਤਾ।ਨਾਲੇ ਬਾਬਾ ਜੀ ਇਹ ਸਕੀਮ ਮੈਨੂੰ ਮੇਰੀ ਗੁਆਂਢਣ ਤਾਈ ਨਿਹਾਲੀ ਨੇ ਦਿੱਤੀ ਸੀ। ਉਸਨੇ ਦੱਸਿਆ ਸੀ ਕਿ ਜਿਵੇਂ ਗੋਭੀ ਦੀ ਸਬਜ਼ੀ ਬਣਾਉਣ ਸਮੇਂ ਫੁੱਲ ਅਤੇ ਬਾਕੀ ਡੰਡਲ ਵੀ ਕੰਮ ਆ ਜਾਂਦੇ ਹਨ। ਏਸੇ ਤਰ੍ਹਾਂ ਬੱਕਰੀ ਦਾ ਬਾਕੀ ਸਮਾਨ ਵੀ ਵਰਤਿਆ ਜਾ ਸਕਦੈ। ਨਾਲੇ ਅੱਜ ਤਾਂ ਮੈਂ ਪੋਲਾ-ਪੋਲਾ ਮਾਲ ਹੀ ਲਿਆਈ ਹਾਂ ਕੱਲ੍ਹ ਨੂੰ ਖਰੋੜਿਆਂ ਦਾ ਸੂਪ…। ਆਖਦਿਆਂ ਹੋਇਆ ਮਾਈ ਨੇ ਡੋਲੂ ਚੁੱਕ ਕਾਹਲੀ ਨਾਲ ਆਪਣਾ ਕਦਮ ਪਿੱਛੇ ਵੱਲ ਨੂੰ ਪੁੱਟ ਲਿਆ ਸੀ।