ਕਾਂਟੋ (ਕਹਾਣੀ)

ਕੈਲਾਸ਼ ਚੰਦਰ ਸ਼ਰਮਾ   

Email: kailashchanderdss@gmail.com
Cell: +91 80540 16816
Address: 459,ਡੀ ਬਲਾਕ,ਰਣਜੀਤ ਐਵੀਨਿਊ,
ਅੰਮ੍ਰਿਤਸਰ India
ਕੈਲਾਸ਼ ਚੰਦਰ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੋਹਣੀ-ਸੁਣੱਖੀ, aੁੱਚੇ ਲੰਬੇ ਕੱਦ ਦੀ, ਸ਼ਰਮ-ਹਯਾ ਦੀ ਉਦਾਹਰਣ, ਰੂੜ ਚੰਦ ਦੀ ਇਕੱਲੀ ਸੰਤਾਨ, ਉਸ ਦੀ ਬੇਟੀ, ਪਿੰਡ ਦੇ ਹਰ ਘਰ ਦੀ ਜ਼ੁਬਾਨ 'ਤੇ ਸੀ। ਰੂੜ ਚੰਦ ਲਾਡ ਨਾਲ ਉਸ ਨੂੰ 'ਕਾਂਟੋ' ਕਹਿੰਦਾ। ਪਿੰਡ ਦਾ ਹਰ ਵਿਅਕਤੀ ਆਪਣੀ ਸੰਤਾਨ ਨੂੰ ਕਾਂਟੋ ਦੀ ਉਦਾਹਰਣ ਦੇ ਕੇ ਪ੍ਰੇਰਨਾਸ੍ਰੋਤ ਬਣਨ ਵਿੱਚ ਫਖਰ ਮਹਿਸੂਸ ਕਰਦਾ। ਕਾਂਟੋ ਜਿੱਥੇ ਆਪਣੀ ਲਿਆਕਤ ਨਾਲ ਸਕੂਲ ਦੇ ਅਧਿਆਪਕਾਂ ਦੇ ਲਾਡ-ਪਿਆਰ ਦੀ ਹੱਕਦਾਰ ਸੀ ਉੱਥੇ ਸਾਰੇ ਪਿੰਡ ਦੀ ਸ਼ਾਨ ਵੀ ਸੀ। ਉਹ ਜਿਸ ਵੀ ਮੁਕਾਬਲੇ ਵਿੱਚ ਜਾਂਦੀ, ਹਮੇਸ਼ਾਂ ਕਾਮਯਾਬ ਹੋ ਕੇ ਆਉਂਦੀ। ਆਪਣੇ ਧੀਮੇ ਸੁਭਾਅ ਅਤੇ ਲਿਆਕਤ ਕਾਰਨ; ਪਿੰਡ ਦਾ ਹਰ ਵਿਅਕਤੀ ਉਸ ਨੂੰ ਆਪਣੀ ਭੈਣ, ਬੇਟੀ ਕਹਿਣ ਵਿੱਚ ਮਾਣ ਮਹਿਸੂਸ ਕਰਦਾ। ਕਾਂਟੋ' ਦੀਆਂ ਵਧ ਰਹੀਆਂ ਉਪਲਭਦੀਆਂ ਵੇਖ ਕੇ ਰੂੜ ਚੰਦ ਦਾ ਸਿਰ ਫਖਰ ਨਾਲ ਹੋਰ ਉੱਚਾ ਹੋ ਜਾਂਦਾ। ਜਿਉਂ-ਜਿਉਂ ਉਸ ਦੀ ਬੇਟੀ ਦੀਆਂ ਤਰੱਕੀਆਂ ਦੀ ਖਬਰ ਰੂੜ੍ਹ ਚੰਦ ਨੂੰ ੰਿਮਲਦੀ, ਉਹ ਫਖਰ ਨਾਲ ਕਹਿੰਦਾ, "ਮੇਰੀ ਕਾਂਟੋ ਤਾਂ ਪੁੱਤਾਂ ਤੋਂ ਵਧ ਕੇ ਹੈ"। ਪਿੰਡ ਦੀ ਸੱਥ ਵਿੱਚ ਬੈਠ ਕੇ ਲੋਕਾਂ ਦੀ ਜ਼ੁਬਾਨ 'ਤੇ ਕਾਂਟੋ ਦਾ ਨਾਂ ਜਰੂਰ ਆਉਂਦਾ। ਜਿਉਂ-ਜਿਉਂ ਲੋਕ ਉਸ ਦੀਆਂ ਸਿਫਤਾਂ ਕਰਦੇ, ਰੂੜ੍ਹ ਚੰਦ ਦੀ ਪਗੜੀ ਦਾ ਰੰਗ ਹੋਰ ਚਿੱਟਾ ਹੁੰਦਾ ਜਾਂਦਾ।
                ਆਪਣੀ ਸਕੂਲ ਤੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਦਿਨ 'ਕਾਂਟੋ' ਨੇ ਆਪਣੇ ਪਿਤਾ ਨੂੰ ਉਚੇਰੀ ਪੜ੍ਹਾਈ ਲਈ ਵਿਦੇਸ਼ ਭੇਜਣ ਲਈ ਕਿਹਾ। ਰੂੜ੍ਹ ਚੰਦ ਚਾਹੁੰਦਿਆਂ ਹੋਇਆਂ ਵੀ ਇਸ ਦੀ ਹਾਮੀ ਨਾ ਭਰ ਸਕਿਆ ਕਿਉਂਕਿ ਉਸ ਦੇ ਆਮਦਨ ਦੇ ਸਾਧਨ ਸੀਮਤ ਸਨ।ਆਪਣੇ ਬਾਪ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਉਹ ਕਰ ਵੀ ਕੁਝ ਨਹੀਂ ਸੀ  ਸਕਦੀ। ਉਸ  ਨੂੰ ਆਪਣੇ ਭਵਿੱਖ ਦੇ ਸੁਪਨੇ ਚਕਨਾਚੂਰ ਹੁੰਦੇ ਦਿਸਣ ਲੱਗੇ।ਹੁਣ ਉਹ ਅਕਸਰ ਚੁੱਪ ਰਹਿਣ ਲੱਗ ਪਈ।ਅੰਦਰੋਂ-ਅੰਦਰ, ਉਸ ਦੇ ਬਾਪ ਨੂੰ ਵੀ ਇਹ ਦੁੱਖ ਘੁਣ ਵਾਂਗ ਖਾਣ ਲੱਗਾ।ਕਾਂਟੋ ਹੁਣ ਜਦੋਂ ਪਿੰਡ ਵਾਲਿਆਂ ਨੂੰ ਮਿਲਦੀ ਤਾਂ ਪਹਿਲਾਂ ਵਾਲੀ ਮੁਸਕਰਾਹਟ ਨਾ ਹੋਣ ਕਾਰਨ, ਪਿੰਡ ਵਿੱਚ ਲੋਕਾਂ ਨੇ ਕਾਂਟੋ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਪਿੰਡ ਦੇ ਕੁਝ ਗਿਣੇ-ਚੁਣੇ ਸਿਆਣੇ ਬੰਦਿਆਂ ਨੇ ਇੱਕ ਦਿਨ ਰੂੜ੍ਹ ਚੰਦ ਦੇ ਘਰ ਜਾ ਕੇ ਕਾਂਟੋ ਵਿੱਚ ਇਸ ਤਬਦੀਲੀ ਦਾ ਕਾਰਨ ਪੁੱਛਿਆ ਤਾਂ ਰੂੜ੍ਹ ਚੰਦ ਨੇ ਆਪਣੀ ਬੇਟੀ ਦੀ ਖਾਹਿਸ਼ ਅਤੇ ਆਪਣੀ ਮਜਬੂਰੀ ਬਾਰੇ ਦੱਸ ਦਿੱਤਾ।ਆਏ ਹੋਏ ਸੱਜਣਾਂ ਨੇ ਉਸ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਕਿਉਂਕਿ ਕਾਂਟੋ ਇਕੱਲੇ ਰੂੜ ਚੰਦ ਦੀ ਹੀ ਬੇਟੀ ਨਹੀਂ ਸੀ, ਉਹ ਤਾਂ ਸਾਰੇ ਪਿੰਡ ਦੀ ਸ਼ਾਨ ਸੀ।ਸਾਰਿਆਂ ਨੇ ਮਿਲ ਕੇ ਕਾਂਟੋ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਭੇਜ ਦਿੱਤਾ।  
               ਕਈ ਸਾਲਾਂ ਬਾਅਦ ਮੈਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ।ਇੱਕ ਦਿਨ ਹੋਟਲ ਵਿੱਚ ਖਾਣਾ ਖਾਂਦੇ ਹੋਏ, ਮੇਰਾ ਧਿਆਨ ਸਾਹਮਣੇ ਬੈਠੀ ਕੁੜੀ ਵੱਲ ਪਿਆ ਜਿਸ ਦੇ ਪਹਿਨੇ ਹੋਏ ਕੱਪੜਿਆਂ ਨਾਲ ਉਸ ਨੂੰ ਆਪਣੇ ਸਰੀਰ ਦੇ ਕੁਝ ਖਾਸ ਅੰਗਾਂ ਨੂੰ ਵੀ ਢੱਕਣ ਵਿੱਚ ਮੁਸ਼ਕਲ ਆ ਰਹੀ ਸੀ।ਆਲੇ ਦੁਆਲੇ ਤੋਂ ਬੇਖਬਰ ਉਹ ਆਪਣੇ ਸਾਥੀ ਨਾਲ ਨਸ਼ੇ ਦੇ ਘੁੱਟ ਭਰ ਰਹੀ ਸੀ।ਮੈਨੂੰ ਉਸ ਵਿੱਚੋਂ ਕਾਂਟੋ ਦੀ ਝਲਕ ਪਈ।ਮਨ ਆਵਾਜ਼ ਦੇਵੇ ਨਹੀਂ-ਨਹੀਂ, ਇਹ ਕਾਂਟੋ ਨਹੀ ਹੋ ਸਕਦੀ।ਕਾਂਟੋ ਤਾਂ ਸਾਡੇ ਪਿੰਡ ਦੀ ਸੰਸਕਾਰੀ ਲੜਕੀ ਹੈ।ਮੇਰਾ ਦੋਸਤ ਸ਼ਾਇਦ ਮੇਰੀ ਪਰੇਸ਼ਾਨੀ ਨੂੰ ਭਾਂਪ ਗਿਆ ਸੀ।ਉਸ ਨੇ ਕਿਹਾ, 'ਐਵੇਂ ਨਾ ਸੋਚ, ਇਹ ਤਾਂ ਇੱਥੇ ਆਮ ਗੱਲ ਹੈ'। ਮੈਂ ਖਾਣਾ ਖਾ ਰਿਹਾ ਸੀ ਪਰ ਮੇਰੇ ਦਿਮਾਗ ਵਿੱਚ ਲੜਕੀ ਤੇ ਕਾਂਟੋ ਦੀ ਹਮਸ਼ਕਲਤਾ ਦਾ ਖਿਆਲ ਬਾਰ-ਬਾਰ ਪਰੇਸ਼ਾਨ ਕਰ ਰਿਹਾ ਸੀ।ਕਦੇ-ਕਦੇ ਉਹ ਲੜਕੀ ਵੀ ਅੱਖ ਬਚਾ ਕੇ ਮੇਰੇ ਵੱਲ ਵੇਖ ਲੈਂਦੀ ਜਿਸ ਕਾਰਨ ਮੇਰਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ।ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਜਦੋਂ ਉਹ ਤੇਜ਼ੀ ਨਾਲ ਮੇਰੇ ਕੋਲ ਆਉਂਦਿਆਂ ਹੀ ਕਹਿਣ ਲੱਗੀ "ਕੀ ਵੇਖ ਰਹੇ ਹੋ? ਮੈਂ ਕਾਂਟੋ ਹੀ ਹਾਂ ਤੁਹਾਡੇ ਪਿਛੜੇ ਪਿੰਡ ਦੀ।ਕੀ ਮੈਨੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਊਣ ਦਾ ਕੋਈ ਹੱਕ ਨਹੀਂ? ਕੀ ਆਧੁਨਿਕਤਾ ਦੀ ਸੋਚ ਨਾਲ ਚੱਲਣਾ ਗੁਨਾਹ ਹੈ? ਲ਼ੋਕ ਤਾਂ ਆਸਮਾਨ ਵਿੱਚ ਉਡਾਰੀਆਂ ਲਗਾ ਰਹੇ ਹਨ ਪਰ ਤੁਸੀਂ ਲੋਕ ਅਜੇ ਵੀ ਰੂੜ੍ਹੀਵਾਦੀ ਵਿਚਾਰਾਂ ਨਾਲ ਧਰਤੀ 'ਤੇ ਬੋਝ ਬਣੇ ਬੈਠੇ ਹੋ"। ਆਪਣੇ ਵਿਦੇਸ਼ੀ ਸਾਥੀ ਨੂੰ ਬਾਹਵਾਂ ਵਿੱਚ ਲੈ ਕੇ ਉਹ ਉਸੇ ਵੇਲੇ ਹੋਟਲ ਤੋਂ ਬਾਹਰ ਚਲੇ ਗਈ।
               ਮੇਰੀਆਂ ਅੱਖਾਂ ਅੱਗੇ ਅੰਧੇਰਾ ਆਉਣ ਲੱਗਾ। ਹਿੰਮਤ ਕਰਕੇ ਮੈਂ ਬਾਹਰ ਆਇਆ।ਤੇਜ਼ ਹਵਾ ਵਗ ਰਹੀ ਸੀ। ਉਨ੍ਹਾਂ ਨੂੰ ਜਾਂਦੇ ਵੇਖ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਾ ਜਿਵੇਂ  ਰੂੜ੍ਹ ਚੰਦ ਦੀ ਪੱਗ ਹਵਾ ਵਿੱਚ ਉਡਦੀ ਜਾ ਰਹੀ ਸੀ ਤੇ ਉਹ ਤੇਜ਼ੀ ਨਾਲ ਦੌੜਦਾ ਜਾਂਦਾ ਹੋਇਆ ਆਵਾਜ਼ਾਂ ਦੇ ਰਿਹਾ ਸੀ 'ਫੜਿਓ ਫੜਿਓ, ਮੇਰੀ ਪੱਗ ਫੜਿਓ…….'। ਆਪਣੇ ਦੋਸਤ ਨਾਲ ਧੀਮੀ ਗਤੀ ਨਾਲ ਜਾਂਦਾ ਹੋਇਆ ਮੈਂ ਸੋਚ ਰਿਹਾ ਸੀ ਕਿ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਤਿਲਾਂਜਲੀ ਦਿੰਦੇ ਹੋਏ, ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕਰਕੇ ਤੇ ਨਸ਼ੇ ਦੇ ਘੁੱਟ ਭਰ ਕੇ, ਕੀ ਅਸੀਂ ਆਧੁਨਿਕ ਬਣ ਰਹੇ ਹਾਂ?