ਚੰਨ ਬੱਦਲਾਂ ਦੇ ਉਹਲੇ- ਕਿਸ਼ਤ 1 (ਨਾਵਲ )

ਸੇਵਾ ਸਿੰਘ ਸੋਢੀ   

Email: sewasinghsodhi@yahoo.de
Address: 21745 Hemmoor Haupt Str.43
Hemmoor Germany
ਸੇਵਾ ਸਿੰਘ ਸੋਢੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਾਂਡ 1

ਤਲਵੰਡੀ ਪਿੰਡ ਦੇ ਬੱਸ ਅੱਡੇ ਤੇ ਇੱਕ ਚਾਹ ਦਾ ਖੋਖਾ, ਸਾਈਕਲ ਪੈਂਚਰ ਲਾਉਣ ਦੀ ਦੁਕਾਨ, ਗੰਨੇ ਦਾ ਰਸ ਕੱਢ ਕੇ ਵੇਚਣ ਵਾਲਾ ਇੱਕ ਫਿਟਫਿਟੀਆ, ਇੱਕ ਕਰਿਆਨੇ ਦੀ ਦੁਕਾਨ, ਸੰਤ ਰਾਮ ਹਲਵਾਈ ਅਤੇ ਛੋਟਾ ਜਿਹਾ ਬੱਸ ਸਟਾਪ ਦਾ ਕੋਠਾ, ਜਿਸਦੀ ਹਾਲਤ ਪੰਜਾਬ ਰੋਡਵੇਜ ਵਾਂਗ ਖਸਤਾ ਹੈ, ਸੰਨ ਉਨੀ ਸੌ ਅਠਾਸੀ ਦੀ ਗਰਮੀ ਰੁੱਤ ਦਾ ਹਾੜ ਮਹੀਨਾ, ਸਿਖਰਾਂ ਦੀ ਗਰਮੀ, ਪਰ ਅੱਡੇ ਤੇ ਕਾਫੀ ਰੌਣਕ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅੱਡੇ ਤੇ ਖੜੇ ਲੋਕਾ ਨੂੰ ਕਿਸੇ ਖਾਸ ਚੀਜ ਦੀ ਉਡੀਕ ਹੈ, ਇਹ ਖਾਸ ਚੀਜ ਹੈ ਰੋਡਵੇਜ ਦੀ ਚਾਰ ਵਜੇ ਵਾਲੀ ਬੱਸ ਜਿਹੜੀ ਕਿ ਰੋਜ ਦੀ ਤਰਾ ਪੂਰੀ ਭਰੀ ਆਉਦੀ ਸੀ, ਇਸ ਟਾਈਮ ਜਿਆਦਾਤਰ ਆਸ ਪਾਸ ਪਿੰਡਾਂ ਦੇ ਪੜਾਕੂ ਮੁੰਡੇ ਕੁੜੀਆਂ ਸਫਰ ਕਰਦੇ ਸਨ, ਇਸ ਬੱਸ ਨੂੰ ਜੀ ਆਇਆ ਕਹਿਣ ਲਈ ਕਾਫੀ ਗੱਭਰੂ ਰੋਜਾਨਾ ਆਉਦੇ ਹਨ, ਇਹ ਉਹ ਗੱਭਰੂ ਹਨ ਜਿਹੜੇ ਖੁਦ ਕਾਲਜ ਆਦਿ ਨਹੀ ਜਾਂਦੇ ਪਰ ਮੁਟਿਆਰਾਂ ਨੂੰ ਇੱਕ ਨਜਰ ਦੇਖ ਲੈਂਣ ਨੂੰ ਹੀ ਰੱਬੀ ਤੋਹਫਾ ਸਮਝਦੇ ਹਨ, ਜਿਆਦਾਤਰ ਤਾਂ ਅੱਖ ਮਟੱਕੇ ਤੇ ਗੱਲ ਰੁਕ ਜਾਦੀ, ਕੋਈ ਵਿਰਲਾ ਵਿਰਲਾ ਗੱਲਬਾਤ ਅਤੇ ਚਿੱਠੀ ਪੱਤਰ ਤੱਕ ਪਹੁੰਚ ਜਾਂਦਾ, ਬੱਸ ਦੇ ਤੁਰ ਜਾਣ ਤੋ ਬਾਅਦ ਅੱਡਾ ਭਾਂਅ ਭਾਂਅ ਕਰਨ ਲੱਗ ਪੈਂਦਾ ਸੀ ਜਿਵੇ ਕੋਈ ਦੇਅ ਫਿਰ ਗਿਆ ਹੋਵੇ, ਕੋਈ ਸਾਢੇ ਚਾਰ ਤੋ ਬਾਅਦ ਕੋਈ ਵੇਹਲੜ ਅੱਡੇ ਤੇ ਘੱਟ ਹੀ ਨਜਰ ਆਉਦਾ ਸੀ ।
"ਸੱਜਣਾ ਨੇ ਬੂਹਾ ਢੋਅ ਲਿਆ ਹੁਣ ਗਲੀ ਵਿੱਚੋ ਕੀ ਲੰਘਣਾ,ਹੁਣ ਅੱਡੇ ਤੇ ਵੀ ਕੀ ਖੜੇ ਹੋਣਾ।
ਅੱਡੇ ਤੋ ਪਿੰਡਾਂ ਵਿੱਚ ਜਾਂਣ ਲਈ ਤਿੰਨ ਪਹੀਆ ਵਾਲੇ ਟੈਂਪੂ ਖੜੇ ਹਨ, ਨਵਾਂ ਪਿੰਡ ਅੱਡੇ ਤੋ ਕੋਈ ਇੱਕ ਕਿਲੋਮੀਟਰ ਦੂਰ ਸੀ, ਇਸ ਲਈ ਇਸ ਪਿੰਡ ਨੂੰ ਕੋਈ ਟੈਂਪੂ ਦਾ ਰੂਟ ਨਹੀ ਸੀ, ਲੋਕ ਤਕਰੀਬਨ ਤੁਰ ਕੇ ਜਾਂਦੇ ਸਨ ਜਾਂ ਸਾਈਕਲ ਤੇ ਅਤੇ ਕਿਸੇ ਵਿਰਲੇ ਨੂੰ ਕੋਈ ਸਕੂਟਰ ਆਦਿ ਤੇ  ਲੈਂਣ ਆ ਜਾਂਦਾ ਸੀ, ਬੱਸ ਖੜਦੇ ਸਾਰ ਹੀ ਅੱਡੇ ਤੇ ਹਲਚਲ ਜਿਹੀ ਹੋ ਗਈ, ਸਭ ਆਪੋ ਆਪਣੇ ਕਾਰਜ ਵਿੱਚ ਕਿਰਿਆਸ਼ੀਲ ਹੋ ਗਏ, ਟੈਪੂ ਬੱਸ ਦੇ ਰੁਕਦਿਆ ਹੀ ਸਟਾਰਟ ਖੜੇ ਸਨ, ਡਰੈਵਰਾਂ ਨੇ ਆਪੋ ਆਪਣੀਆਂ ਸਵਾਰੀਆਂ ਲਈ ਹੋਕੇ ਦੇਣੇ ਸ਼ੁਰੂ ਕਰ ਦਿੱਤੇ, ਬੱਸ ਵਿੱਚੋ ਸਿਰਫ ਪੜਾਕੂ ਹੀ ਨਹੀ ਨਿਕਲੇ ਸਗੋ ਕੁੱਝ ਉਹ ਨੋਜਵਾਨ ਵੀ ਜਿਹੜੇ ਸ਼ਹਿਰ ਕਿਸੇ ਕੰਮ ਗਏ ਪਰ ਜਾਂਣ ਬੁੱਝ ਕੇ ਚਾਰ ਵਾਲੀ ਬੱਸੇ ਚੜੇ, ਗੁੜ ਹੋਵੇ ਤੇ ਮੱਖੀ ਨਾਂ ਭਿਣਕੇ, ਇਹ ਗੈਰ ਕੁਦਰਤੀ ਹੋਵੇਗਾ।
ਸਭ ਆਪੋ ਆਪਣੀ ਮੰਜਲ ਵੱਲ ਤੁਰ ਪਏ, ਨਵੇ ਪਿੰਡ ਨੂੰ ਜਾਂਣ ਵਾਲੇ ਕੱਚੇ ਰਾਹੇ ਹੋ ਪਏ, ਪੱਕੀ ਸ਼ੜਕ ਮਨਜੂਰ ਹੋਈ ਨੂੰ ਭਾਂਵੇ ਕਈ ਸਾਲ ਬੀਤ ਗਏ ਪਰ ਠੇਕੇਦਾਰਾਂ ਕੋਲ ਇਸ ਪਿੰਡ ਲਈ ਜਾਂ ਹਾਲੇ ਸਮਾਂ ਨਹੀ ਸੀ ਤੇ ਜਾਂ ਫਿਰ ਲੁੱਕ ਤੇ ਪੱਥਰ ਉਨਾਂ ਨੇ ਮਿਲ ਕੇ ਛਕ ਛਕਾ ਲਏ ਹੋਣਗੇ, ਖੈਰ, ਨਵੇ ਪਿੰਡ ਜਾਂਣ ਵਾਲੇ ਲੋਕਾਂ ਵਿਚ ਕੁਝ ਇਕਾ ਦੁੱਕਾ ਲੋਕ ਅਤੇ ਕਾਲਜ ਵਾਲੇ ਮੁੰਡੇ ਕੁੜੀਆਂ ਸਨ, ਕੁੜੀਆਂ ਉਤਰਦੇ ਸਾਰ ਹੀ ਪਿੰਡ ਨੂੰ ਹੋ ਤੁਰੀਆਂ, ਮੁੰਡੇ ਅੱਡੇ ਤੇ ਖੜੇ ਹੋਰ ਵਾਕਿਫ ਲੋਕਾਂ ਨੂੰਂ ਮਿਲ ਰਹੇ ਸਨ ਅਤੇ ਦੇਖ ਰਹੇ ਸਨ ਕਿ ਸਭ ਚਲੇ ਜਾਂਣ ਫੇਰ ਹੀ ਤੁਰਾਂਗੇ ਘਰ ਜਾ ਕੇ ਵੀ ਕੀ ਕਰਨਾ ।
        ਛੇ ਸੱਤ ਕੁੜੀਆਂ ਦਾ ਟੋਲਾ ਸਿਰ ਤੇ ਲਈਆ ਚੁੰਨੀਆਂ ਨਾਲ ਧੁੱਪ ਤੋ ਬਚਣ ਦੀ ਕੋਸ਼ਿਸ਼ ਕਰਦਾ ਤੁਰਿਆ ਜਾ ਰਿਹਾ, ਪੰਤਾਲੀ ਡਿਗਰੀ ਗਰਮੀ ਨਾਲ ਕੁੜੀਆਂ ਪਸੀਨੋ ਪਸੀਨੀ ਹੋਈਆ ਪਈਆ ਸੀ, ਇੱਕ ਬੱਸ ਦੀ ਭੀੜ ਅਤੇ ਦੂਜੇ ਪਸੀਨੇ ਨੇ ਮੁਟਿਆਰਾ ਦਾ ਇਹ ਹਾਲ ਕੀਤਾ ਹੋਇਆ ਸੀ ਜਿਵੇ ਮੁਰਝਾਏ ਹੋਏ ਫੁੱਲ ਹੋਣ, ਕੁੜੀਆਂ ਹਾਲੇ ਫਰਲਾਂਗ ਕੁ ਦੂਰ ਹੀ ਗਈਆਂ ਸਨ ਕਿ ਇੱਕ ਕਾਲੀ ਪੀਲੀ ਐਮਬੈਸਡਰ ਕਾਰ ਦਾ ਹਾਰਨ ਸੁਣਿਆ, ਟੋਲੇ ਦੀਆਂ ਧੌਣਾਂ ਪਿੱਛੇ ਨੂੰ ਘੁੰਮ ਗਈਆਂ, ਇੱਕ ਕਾਰ ਦਾ ਪਿੰਡ ਆਉਣਾ ਅਤੇ ਉਹ ਵੀ ਕਾਲੀ ਪੀਲੀ ਇਹ ਹੈਰਾਨੀ ਦਾ ਕਾਰਨ ਸੀ, ਇਸ ਤੋ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਪੈਦਾ ਕਾਰ ਕੋਲ ਦੀ ਲੰਘ ਗਈ, ਕਾਰ ਵਿੱਚ ਇੱਕ ਡਰਾਈਵਰ ਤੇ ਇੱਕ ਮੁਸਾਫਰ ਬੈਠਾ ਸੀ,

"ਨੀ ਇਹ ਕੌਣ ਹੋਇਆ ?" । ਇੱਕ ਕੁੜੀ ਨੇ ਪੱਛਿਆ, ਨਾਲ ਦੀ ਸੀਟ ਤੇ ਬੈਠੇ ਗੱਭਰੂ ਦੀ ਹਲਕੀ ਜਿਹੀ ਝਲਕ ਸਾਰੀਆਂ ਨੂੰ ਪੈ ਗਈ ਸੀ, ਕੋਈ ਪਰਦੇਸੀ ਲਗਦਾ ਸੀ, ਭਾਵੇ ਕਿ ਇਸ ਗੱਲ ਨੂੰ ਜਾਨਣਾ ਜਰੂਰੀ ਨਹੀ ਸੀ ਕਿ ਉਹ ਮੁਸਾਫਰ ਕੌਣ ਸੀ ਪਰ ਜਿਸ ਸਮੇ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਸਮੇ ਪਰਦੇਸੀ ਬਹੁਤ ਦਿਲਚਸਪੀ ਦਾ ਕਾਰਨ ਹੋਇਆ ਕਰਦੇ ਸਨ, ਕੁੜੀਆਂ ਸਵਾਲੀ ਨਜਰਾਂ ਲਈ ਇੱਕ ਦੂਜੇ ਵੱਲ ਦੇਖ ਹੀ ਰਹੀਆਂ ਸਨ, ਇਹ ਦਿੱਲੀ ਏਅਰਪੋਰਟ ਦੀ ਇੱਕ ਟੈਕਸੀ ਸੀ ਜਿਹੜੀ ਡੇਰੇ ਵਾਲਿਆ ਦੇ ਬੂਹੇ ਮੋਹਰੇ ਰੁਕ ਗਈ, ਇਸ ਘਰ ਨੂੰ ਲੋਕ ਡੇਰਾ ਕਹਿੰਦੇ ਸਨ, ਜਦੋ ਟੈਕਸੀ ਡੇਰੇ ਦੇ ਸਾਹਮਣੇ ਖੜੀ ਹੋ ਗਈ ਤਾ ਟੋਲੇ ਚੋ ਇੱਕ ਨੇ ਦੇਖ ਕੇ ਕਿਹਾ……।
"ਨੀ ਇਹ ਤਾਂ ਡੇਰੇ ਵਾਲਿਆ ਦੇ ਕੋਈ ਆਇਆ।" ਟੋਲੇ ਵਿੱਚੋ ਇੱਕ ਕੁੜੀ ਦੀ ਕੁਆਰੀ ਛਾਤੀ ਵਿਚ ਵਸਦਾ ਮਾਸੂਮ ਜਿਹਾ ਦਿਲ ਅਚਾਂਨਕ ਰਫਤਾਰ ਫੜ ਗਿਆ, "ਹੇ ਮੇਰਿਆ ਰੱਬਾ, ਮੇਰਾ ਸ਼ੱਕ ਸਹੀ ਹੋਵੇ।" 
ਉਸ ਨੇ ਮਨ ਹੀ ਮਨ ਅਰਦਾਸ ਕੀਤੀ।
ਅੱਡੇ ਅਤੇ ਪਿੰਡ ਦੇ ਰਾਹ ਵਿੱਚ ਇੱਕ ਫਾਰਮ ਹਾਉਸ ਸੀ, ਇਸ ਘਰ ਵਿੱਚ ਸਿਰਫ ਇੱਕ ਬਜੁਰਗ ਔਰਤ ਰਹਿੰਦੀ ਸੀ, ਇਹਨੂੰ ਸਾਰੇ ਭੂਆ ਕਹਿੰਦੇ ਸਨ, ਘਰ ਦੇ ਮਰਦ ਸਾਰੇ ਕੋਈ ਜਰਮਨ ਤੇ ਕੋਈ ਕੇਨੇਡਾ ਰਹਿੰਦੇ ਸਨ, ਬਹੁਤ ਵਰਿਆਂ ਤੋ ਕਿਸੇ ਨੇ ਗੇੜਾ ਵੀ ਨਹੀ ਸੀ ਮਾਰਿਆ, ਭੂਆ ਕੋਲ ਇੱਕ ਸੀਰੀ ਸੀ ਨਿਰਮਲ, ਖੇਤਾਂ ਦਾ ਸਾਰਾ ਕੰਮ ਇਹੀ ਕਰਦਾ ਸੀ, ਭੂਆ ਇੱਕ ਅੱਖ ਤੋ ਹੀਣੀ ਸੀ, ਇਸ ਕਰਕੇ ਕੋਈ ਰਿਸ਼ਤਾ ਨਾ ਜੁੜਿਆ ਤੇ ਉਮਰੋ ਪੱਕੀ ਹੋਣ ਤੋ ਬਾਅਦ ਭੂਆ ਨੇ ਆਸ ਹੀ ਛੱਡ ਦਿੱਤੀ ਤੇ ਮਾਪਿਆ ਦੇ ਘਰ ਹੀ ਰਹੀ, ਬਯੁਰਗ ਹੋਲੀ ਹੌਲੀ ਚਲਾਂਣੇ ਕਰ ਗਏ, ਭਰਾ ਪਰਦੇਸ ਤੁਰ ਗਏ ਤੇ ਭੂਆਂ ਨਿਰਮਲ ਸੀਰੀ ਨਾਲ ਕੱਲੀ ਰਹਿ ਗਈ, ਕੁੜੀਆਂ ਦੀ ਚਾਲ ਸੁਭਾਵਿਕ ਹੀ ਤੇਜ ਹੋ ਗਈ, ਇਹ ਜਾਨਣ ਲਈ ਕਿ ਡੇਰੇ ਵਾਲਿਆ ਦੇ ਕੌਣ ਆਇਆ ਤੇ ਉਹ ਵੀ ਇੱਕ ਗੱਭਰੂ, ਜਿਵੇ ਜਿਵੇ ਟੋਲਾ ਡੇਰੇ ਦੇ ਨੇੜੇ ਆ ਰਿਹਾ ਸੀ ਤਿਵੇ ਤਿਵੇ ਘਰੋ ਬਾਹਰ ਮੰਜੇ ਬੈਠੀ ਭੂਆ ਦੇ ਮੰਜੇ ਦੀ ਬਾਹੀ ਬੈਠਾ ਉਹ ਗੱਭਰੂ ਸਾਫ ਨਜਰ ਆ ਰਿਹਾ ਸੀ, ਨਿਰਮਲ ਕਾਰ ਦੇ ਡਰੈਵਰ ਨੂੰ ਪਾਣੀ ਪਿਲਾ ਰਿਹਾ ਸੀ, ਤੇਜ ਧੜਕਣ ਵਾਲੀ ਕੁੜੀ ਦਾ ਦਿਲ ਜਿਵੇ ਸੌ ਮੀਟਰ ਦੀ ਰੇਸ ਲਾ ਰਿਹਾ ਹੋਵੇ, ਉਹਦੇ ਕਦਮ ਦੂਜੀਆਂ ਤੋ ਥੋੜੇ ਅੱਗੇ ਹੋਣੇ ਸ਼ੁਰੂ ਹੋ ਗਏ।
"ਨੀ ਦੀਪੀ ਤੈਨੂੰ ਜਾਦੀ ਕਾਹਲੀ ਆ ?''।
ਇਕ ਕੁੜੀ ਨੇ ਕਿਹਾ, ਜਿਸ ਨੂੰ ਕਿਹਾ ਗਿਆ ਇਹ ਦੀਪੀ ਹੈ, ਜਾਪਦਾ ਇਸਦਾ ਡੇਰੇ ਵਾਲਿਆ ਦੇ ਘਰ ਆਉਣ ਵਾਲੇ ਗੱਭਰੂ ਬਾਰੇ ਛੇਤੀ ਤੋ ਛੇਤੀ ਜਾਨਣਾ ਬਹੁਤ ਜਰੂਰੀ ਹੈ, ਇਨੇ ਨੂੰ ਉਹ ਡੇਰੇ ਪਹੁੰਚ ਗਈਆ ਸੀ, ਭੂਆ ਨੇ ਕੁੜੀਆਂ ਨੂੰ ਆਉਦੇ ਦੇਖ ਲਿਆ, ਰੋਜ ਉਹਦੇ ਕੋਲ ਰੁਕ ਕੇ ਜਾਦੀਆਂ ਸਨ।

"ਵੇ ਪੁੱਤ ਆਓ, ਅੱਜ ਮੂੰਹ ਮਿੱਠਾ ਕਰ ਕੇ ਜਾਇਓ, ਰੱਬ ਨੇ ਮੇਰੀ ਵੀ ਸੁਣ ਲਈ।"
ਭੂਆ ਦੀਆਂ ਅੱਖਾਂ ਵਿੱਚੋ ਗਲੇਡੂ ਡਿੱਗੀ ਜਾਦੇ ਸਨ, ਉਹਨੇ ਗੱਭਰੂ ਨੂੰ ਘੁੱਟ ਕੇ ਫੜਿਆ ਹੋਇਆ ਸੀ, ਗੱਭਰੂ ਦਾ ਮੂੰਹ ਦੇਖ ਕੇ ਲਗਦਾ ਸੀ ਕਿ ਭੂਆ ਨੇ ਇੱਕ ਵਾਰ ਤੋ ਵੱਧ ਚੁੰਮਿਆ ਹੋਵੇਗਾ, ਅਤੇ ਗੱਭਰੂ ? ਇਨਾ ਸੋਹਣਾ ਮੁੰਡਾ ਏਰੀਏ ਵਿੱਚ ਦੂਜਾ ਨਹੀ ਸੀ, ਜੀਨ ਦੀ ਪੈਂਟ ਤੇ ਪੀਲੀ ਸ਼ਰਟ ਪਾਈ ਗੱਭਰੂ ਕਿਸੇ ਹੀਰੋ ਵਰਗਾ ਲਗਦਾ ਸੀ, ਗੱਭਰੂ ਕੁੜੀਆਂ ਦਾ ਟੋਲਾ ਦੇਖ ਕੇ ਸ਼ਰਮਾ ਗਿਆ, ਉਹ ਏਧਰ ਓਧਰ ਦੇਖ ਰਿਹਾ ਸੀ।
"ਭੂਆ ਪਰਾਹੁਣਾ ਕੌਣ ਆ ?" ਪੰਮੀ ਚਾਹੁੰਦੀ ਕਿ ਪਤਾ ਲੱਗੇ ਮੁੰਡਾ ਕੌਣ ਆ।
"ਨੀ ਪਛਾਣਿਆ ਨੀ, ਮੇਰਾ ਭਤੀਜਾ, ਇਹਦੇ ਨਾਲ ਪੜਦੀਆਂ ਰਹੀਆ, ਪਰ ਪਛਾਣੌ ਵੀ ਕਿਵੇ, ਮੈ ਆਪ ਨੀ ਪਛਾਣਿਆ ਹੱਥੀ ਜੰਮ ਕੇ, ਪੰਦਰੀ ਸਾਲੀ ਤਾ ਆਇਆ, ਪੁੱਤ ਇਹ ਵੱਡਾ ਵੀਰ ਤੁਹਾਡਾ,ਦੇਬ।" ਭੂਆ ਦਾ ਚਾਅ ਝੱਲਿਆ ਨਹੀ ਸੀ ਜਾਦਾ, ਕੁੜੀਆਂ ਦੇ ਮੂੰਹ ਖੁੱਲੇ ਰਹਿ ਗਏ, ਉਹ ਸੋਚ ਵੀ ਨਹੀ ਸੀ ਸਕਦੀਆਂ ਕਿ ਉਹਨਾ ਨਾਲ ਪੜਨ ਵਾਲਾ ਮਾੜਚੂ ਜਿਹਾ ਦੇਬੀ ਇਨਾ ਸੋਹਣਾ ਜਵਾਂਨ ਨਿਕਲੇਗਾ।
"ਸਾਸਰੀ ਕਾਲ"। 
ਸਾਰੀਆਂ ਦੇ ਮੂਹੋ ਨਿਕਲਿਆ, ਦੇਬੀ ਨੇ ਵੀ ਸਿਰ ਝੁਕਾਇਆ, ਦੀਪੀ ਦਾ ਭਾਅ ਦਾ ਜਿਵੇ ਕੋਈ ਬੰਬ ਫਟਿਆ ਹੋਵੇ, ਉਹਦੇ ਕੰਨੀ ਭੂਆ ਦੇ ਸ਼ਬਦ ਗੂੰਜ ਰਹੇ ਸਨ, ਦੇਬ … 
"ਭੂਆ, ਜਿਵੇ ਇਨਾਂ ਮੈਨੂੰ ਨਹੀ ਪਛਾਣਿਆ ਉਵੇ ਮੈਂ ਵੀ ਇਨਾ ਨੂੰ ਨਹੀ ਪਛਾਂਣ ਰਿਹਾ, ਮੈਨੂੰ ਵੀ ਪਤਾ ਲੱਗੇ ਇਹ ਕੌਣ ਹਨ।" ਦੇਬੀ ਹੁਣ ਥੋੜਾ ਸੰਭਲ ਗਿਆ ਸੀ।
"ਮੈਂ ਪੰਮੀ, ਜਿਨੂੰ ਤੂੰ ਲੰਗੜੀ ਕਹਿੰਦਾ ਹੁੰਦਾ ਸੀ" । 
ਪੰਮੀ ਹੁਣ ਦੇਬੀ ਦਾ ਨਾਂ ਸੁਣ ਕੇ ਤੂੰ ਤੇ ਉਤਰ ਆਈ ਸੀ।
"ਅੱਛਾ ? ਤੇ ਤੂੰ ਇਨੀ ਵੱਡੀ ਵੀ ਹੋ ਗਈ ?"।
ਦੇਬੀ ਉਸ ਨੂੰ ਪਛਾਂਣ ਕੇ ਹੈਰਾਂਨ ਹੋ ਗਿਆ।
"ਲੈ ਤੂੰ ਕੀ ਸਮਝਦਾ ਅਸੀ ਇਥੇ ਰੋਟੀ ਨੀ ਖਾਂਦੇ ?"।
ਪੰਮੀ ਬੜੀ ਹਾਜਰ ਜਵਾਬ ਸੀ, ਮਾਹੋਲ ਥੋੜਾ ਜਿਹਾ ਨਾਰਮਲ ਤੇ ਖੁਸ਼ੀ ਭਰਿਆ ਹੋ ਗਿਆ ਸੀ।
"ਤੇ ਬਾਕੀ ?" ਦੇਬੀ ਜਲਦੀ ਨਾਲ ਕੁੱਝ ਖਾਸ ਜਾਨਣਾ ਚਾਹ ਰਿਹਾ ਸੀ ਉਸਦੀਆਂ ਨਜਰਾਂ ਕੁੜੀਆਂ ਦੇ ਚਿਹਰੇ ਤੇ ਚੋਰੀ ਚੋਰੀ ਘੁੰਮ ਰਹੀਆਂ ਸਨ, ਤੇ ਇੱਕ ਖਾਸ ਚਿਹਰੇ ਤੇ ਆ ਕੇ ਰੁਕ ਰਹੀਆ ਸਨ, ਕਾਰਨ ਸੀ ਇਸ ਚੇਹਰੇ ਵਾਲੀ ਕੁੜੀ ਦੀਆ ਅੱਖਾਂ ਵਿਚ ਭਰਿਆ ਪਾਣੀ, ਸਾਰੀਆਂ ਨੇ ਅਪਣੇ ਅਪਣੇ ਨਾਂ ਦੱਸਣੇ ਸ਼ੁਰੂ ਕਰ ਦਿੱਤੇ, ਹੁਣ ਵਾਰੀ ਦੀਪੀ ਦੀ ਸੀ ।
"ਤੇ ਤੁਸੀ ?" ਦੇਬੀ ਸਵਾਲੀ ਬਣਿਆ ਪਿਆ ਸੀ ।
"ਮੈਂ… ਦੀ…ਦੀਪੀ"। ਕੁੜੀ ਦੀ ਜਬਾਨ ਸਾਥ ਨਹੀ ਸੀ ਦੇ ਰਹੀ।
"ਦੀਪੀ ?" ਨਾਲ ਹੀ ਗੱਭਰੂ ਦੀਆਂ ਨਜਰਾਂ ਕੁੜੀ ਦੇ ਚੇਹਰੇ ਨਾਲ ਚਿਪਕ ਗਈਆਂ, ਕੁੜੀ ਦੀਆਂ ਅੱਖਾਂ ਵਿਚ ਝਲਕਦੇ ਹੰਝੂ ਲਗਦਾ ਸੀ ਡੁੱਲੇ ਕਿ ਡੁੱਲ, ਦੇਬੀ ਉਸਦੀਆਂ ਨਜਰਾ ਦੀ ਝਾਲ ਨਾ ਝੱਲਦਾ ਬਗਲੀ ਝਾਕਣ ਲੱਗ ਪਿਆ।
"ਹਾਂ ਪੁੱਤ, ਅਪਣੇ ਹਜਾਰਾ ਸਿੰਘ ਦੀ ਕੁੜੀ ਆ" । 
ਭੂਆ ਨੇ ਸਾਰੇ ਸ਼ੱਕ ਕੱਢ ਦਿੱਤੇ, ਦੀਪੀ ਦਾ ਦਿਲ ਕਰਦਾ ਸੀ ਜਾ ਤਾ ਉਹ ਗੱਭਰੂ ਨੂੰ ਬਾਹਾਂ ਵਿਚ ਘੁੱਟ ਲਵੇ ਅਤੇ ਜਾਂ ਕਿਧਰੇ ਦੂਰ ਦੌੜ ਜਾਵੇ ਅਤੇ ਉਚੀ ਉਚੀ ਰੋ ਕੇ ਸਾਰਾ ਸੋਗ ਹੰਝੂਆਂ ਰਾਹੀ ਵਹਾ ਦੇਵੇ, ਟੋਲੇ ਦੀਆਂ ਕੁੜੀਆਂ ਨੇ ਦੀਪੀ ਦੀ ਹਾਲਤ ਮਹਿਸੂਸ ਕਰ ਲਈ ਸੀ ਤੇ ਇੱਕ ਦੂਜੀ ਨੂੰ ਕੂਹਣੀਆਂ ਮਾਰ ਰਹੀਆਂ ਸਨ ਕਿ ਇਹ ਕੀ ਮਾਮਲਾ ਹੈ ? ਇਨੇ ਨੂੰ ਪਿੰਡ ਦੇ ਵਿਹਲੜ ਮੁੰਡਿਆ ਦੀ ਟੋਲੀ ਵੀ ਡੇਰੇ ਨੇੜੇ ਆ ਪਹੁੰਚੀ ।
"ਲਗਦਾ ਅੱਜ ਭੂਆ ਦੇ ਘਰ ਪਰਾਹੁਣੇ ਆਏ ਆ"। 
ਮੁੰਡਿਆ ਵਿੱਚੋ ਇੱਕ ਦੇਬੀ ਨੂੰ ਪਛਾਂਨਣ ਦਾ ਯਤਨ ਕਰ ਰਿਹਾ ਸੀ।
"ਕੋਈ ਦੱਸੇ ਨਾਂ, ਦੇਖਦੇ ਆ ਇਨਾ ਵਿੱਚੋ ਮੈਨੂੰ ਕੌਣ ਸਿਆਣਦਾ"। 
ਦੇਬੀ ਮੁੰਡਿਆ ਨੂੰ ਆਇਆ ਦੇਖ ਕੇ ਪਾਸਾ ਬਦਲਣ ਦੇ ਖਿਆਲ ਨਾਲ ਬੋਲਿਆ।
"ਅੱਛਾ ? ਇਹ ਗੱਲ ਆ, ਯਾਰ ਤੂੰ ਮਾੜਾ ਜਿਹਾ ਹਿੰਟ ਤਾ ਦੇ, ਫਿਰ ਦੇਖੀ ਘੁੱਦੇ ਦਾ ਕਮਾਲ"। 
ਘੁੱਦਾ ਠਿਗਣਾ ਜਿਹਾ ਸੀ ਪਰ ਗੱਲ ਭੁੱਜੇ ਨਹੀ ਸੀ ਪੈਂਣ ਦਿੰਦਾ।
"ਓਹ ਤੇਰੀ ਐਸੀ ਕੀ ਤੈਸੀ ਘੁੱਦਿਆ, ਤੂੰ ਘੁੱਦਾ ਨਹੀ ਹੋ ਸਕਦਾ, ਐਡੀ ਐਡੀ ਦਾਹੜੀ, ਮਾਈ ਗਾਡ"। 
ਦੇਬੀ ਘੁੱਦੇ ਨੂੰ ਗਿਆਨੀ ਬਣਿਆ ਦੇਖ ਯਕੀਨ ਹੀ ਨਹੀ ਸੀ ਕਰ ਸਕਦਾ ਕਿ ਇਹ ਉਹ ਮੁੰਡਾ ਹੋਵੇਗਾ ਜਿਸ ਦਾ ਸਾਰਾ ਦਿਨ ਨੱਕ ਵਗਦਾ ਰਹਿੰਦਾ ਸੀ, ਤੇ ਨਾਲ ਹੀ ਦੇਬੀ ਨੇ ਉਹਨੂੰ ਜੱਫੀ ਪਾ ਲਈ।
"ਓਏ ਦੇਬੀ …"। 
ਹੁਣ ਮੁੰਡਿਆ ਨੂੰ ਸ਼ੱਕ ਨਹੀ ਸੀ ਰਹਿ ਗਿਆ ਕਿ ਭੂਆ ਦੇ ਘਰ ਬਾਹਰੋ ਹੋਰ ਕੌਣ ਆ ਸਕਦਾ, ਮੁੰਡਿਆ ਨੇ ਦੇਬੀ ਨੂੰ ਮੋਡਿਆ ਤੇ ਚੁੱਕ ਲਿਆ।
"ਓਹ ਭੂਆ, ਆਹ ਸਾਡਾ ਕਿਸੇ ਲੱਡੂ ਸ਼ੱਡੂ ਨਾਲ ਨੀ ਸਰਨਾ, ਸਾਨੂੰ ਤਾ ਮੋਟੀ ਪਾਰਟੀ ਚਾਹੀਦੀ ਆ"। 
ਨੇਕ ਦੇਬੀ ਦਾ ਲੰਗੋਟੀਆ ਸੀ।
"ਵੇ ਪੁੱਤ ਪਾਲਟੀਆਂ ਜਿੰਨੀਆ ਕਵੇ, ਮੇਰਾ ਤਾ ਸੂਰਜ ਅੱਜ ਚੜਿਆ, ਮੇਰੇ ਵੀਰ ਦੀ ਨਿਸ਼ਾਨੀ" । 
ਭੂਆ ਦੀਆਂ ਅੱਖਾ ਫਿਰ ਭਰ ਆਈਆ।
"ਭੂਆ ਦਿਲ ਹੋਲਾ ਨਾ ਕਰ, ਹੁਣ ਮੈਂ ਆ ਗਿਆ ਆ"। ਦੇਬੀ ਭੂਆ ਦੀ ਕੁਰਬਾਨੀ ਦੀ ਕਦਰ ਕਰਦਾ ਸੀ।
"ਤੁ ਤੁਸੀ ਵਾਪਿਸ ਕਦੋ ਜਾਣਾ ?" ਦੀਪੀ ਨੇ ਕੰਬਦੀ ਅਵਾਜ ਵਿੱਚ ਪੁੱਛਿਆ, ਉਸਨੂੰ ਲਗਦਾ ਸੀ ਕਿ ਰੱਬ ਉਹਦੇ ਤੇ ਏਨਾ ਵੀ ਮਿਹਰਬਾਨ ਨਹੀ ਹੋ ਸਕਦਾ।
"ਹਾਲੇ ਤਾ ਮੈ ਆਇਆ ਹੀ ਆ, ਤੇ ਤੁਸੀ ਵਾਪਸ ਜਾਣ ਦਾ ਪੁੱਛ ਰਹੇ ਹੋ, ਮੇਰਾ ਆਉਣਾ ਚੰਗਾ ਨਹੀ ਲੱਗਿਆ ?" ਦੇਬੀ ਕੁੜੀ ਦੀ ਬੇਕਰਾਰੀ ਤੇ ਮਨ ਹੀ ਮਨ ਮੁਸਕਰਾਇਆ।
"ਓਹ, ਨਹੀ, ਸੌਰੀ, ਮੈ ਤਾ ਐਵੇ ਈ ਬੱਸ"। 
ਦੀਪੀ ਨੂੰ ਕੁੱਝ ਆਹੁੜ ਨਹੀ ਸੀ ਰਿਹਾ, ਉਹਦੇ ਸੂਹੇ ਮੂੰਹ ਵਿਚੋ ਸ਼ਰਮ ਨਾਲ ਰੱਤ ਚੋਣ ਵਾਲੀ ਹੋਈ ਪਈ ਸੀ।
"ਹੁਣ ਤਾ ਬੱਸ ਤੁਹਾਡੇ ਕੋਲ ਈ ਰਹਿਣਾ, ਬਹੁਤ ਰਹਿ ਲਿਆ ਪਰਦੇਸ"। 
ਦੇਬੀ ਨੇ ਹਾਲੇ ਬੋਲ ਪੂਰਾ ਹੀ ਕੀਤਾ ਸੀ ਕਿ ਘੁੱਦੇ ਨੇ ਜੈਕਾਰਾ ਗਜਾ ਦਿੱਤਾ, ਸਾਰਿਆ ਦੇ ਮੂੰਹ ਤੇ ਖੁਸ਼ੀ ਦੀ ਲਹਿਰ ਦੌੜ ਗਈ, ਪਰ ਇਸ ਕੁੜੀ ਦੇ ਦਿਲ, ਇਸ ਮਾਸੂਮ ਜਿਹੇ, ਕੋਮਲ ਜਿਹੇ ਦਿਲ ਵਿੱਚ, ਇਸ ਵਿੱਚ ਹੜ ਆ ਗਿਆ ਸੀ, ਖੁਸ਼ੀ ਦਾ ਹੜ, ਪਰ ਹਾਏ ਰੱਬਾ ਇਹ ਮਜਬੂਰੀ, ਕੁੱਝ ਕਹਿ ਨੀ ਸਕਦੀ, ਦੱਸ ਨੀ ਸਕਦੀ, ਪੁੱਛ ਨੀ ਸਕਦੀ … 
ਜਿਹੜਾ ਵੀ ਰਾਹੀ ਲੰਘਦਾ ਭੂਆ ਦੇ ਡੇਰੇ ਰੁਕ ਜਾਦਾ, ਵਧਾਈਆਂ ਦਿੰਦਾ, ਹੁਣ ਤੱਕ ਨਿਰਮਲ ਅੱਡੇ ਤੋ ਲੱਡੂ ਲੈ ਕੇ ਆ ਗਿਆ, ਭੂਆ ਸਭ ਦਾ ਮੂੰਹ ਮਿੱਠਾ ਕਰਵਾ ਰਹੀ ਸੀ, ਹੌਲੀ ਹੌਲੀ ਪਿੰਡ ਖਬਰ ਪਹੁੰਚ ਗਈ, ਭੂਆ ਦੇ ਘਰ ਮੇਲਾ ਲੱਗ ਗਿਆ, ਦੇਬੀ ਹਰ ਕਿਸੇ ਨੂੰ ਇਨੀ ਦੇਰ ਨਾ ਆਉਣ ਦੇ ਕਾਰਨ ਦੱਸ ਰਿਹਾ ਸੀ।
"ਨੀ ਚੱਲੀਏ ਹੁਣ ਘਰ ?"।
ਇੱਕ ਕੁੜੀ ਬੋਲੀ, ਉਨਾ ਭੂਆ ਨੂੰ ਤੇ ਦੇਬੀ ਨੂੰ ਸਾਸਰੀ ਕਾਲ ਬੁਲਾਈ ਅਤੇ ਤੁਰ ਪਈਆ।
"ਨੀ ਤੈਨੂੰ ਕੀ ਹੋਇਆ, ਦੇਬੀ ਦੇ ਮੂੰਹ ਤੋ ਨਜਰਾਂ ਈ ਨੀ ਚੁੱਕੀਆ ?" ।
ਪੰਮੀ ਦੇ ਸਵਾਲ ਤੇ ਦੀਪੀ ਘਬਰਾ ਗਈ, ਉਹ ਅਪਣਾ ਭੇਦ ਖੋਹਲਣਾ ਨਹੀ ਸੀ ਚਾਹੁੰਦੀ।
"ਉਹ, ਉਹ ਮੈ ਤਾ ਹੈਰਾਨ ਰਹਿ ਗਈ, ਇਨਾ ਚਿਰ ਦੇਖਿਆ ਨਹੀ ਨਾਂ"। 
ਦੀਪੀ ਨੂੰ ਸਮਝ ਨਾ ਆਈ ਕਿ ਕੀ ਕਹੇ।
"ਹੈਰਾਨੀ ਤਾਂ ਸਾਨੂੰ ਵੀ ਕੋਈ ਘੱਟ ਨੀ, ਪਰ ਤੇਰੀ ਕੋਈ ਹੋਰ ਪਰਾਬਲਮ ਤਾਂ ਨਹੀ ?" ।
ਦੂਜੀ ਨੇ ਕਿਹਾ ਤੇ ਨਾਲ ਹੀ ਇੱਕ ਅੱਖ ਨੂੰ ਜਰ ਕੁ ਦਬਾ ਦਿੱਤਾ, ਟੋਲੇ ਵਿਚ ਹਾਸਾ ਪੈ ਗਿਆ।
"ਨੀ ਜਾਣ ਲੱਗਾ ਕੋਈ ਵਾਅਦਾ ਤਾ ਨਹੀ ਸੀ ਕਰ ਗਿਆ ?" ।
ਕੁੜੀਆ ਚਾਮਲ ਗਈਆ, ਦੀਪੀ ਕੋਲ ਕੋਈ ਜਵਾਬ ਨਹੀ ਸੀ ਉਸਨੇ ਪਿੱਛਾ ਮੁੜ ਕੇ ਦੇਖਿਆ।
"ਜੇ ਜਾਣ ਨੂੰ ਦਿਲ ਨੀ ਕਰਦਾ ਤਾ ਮੁੜ ਜਾ, ਉਝ ਮਰ ਜਾਣਾ ਸੁਨੱਖਾ ਵੀ ਕਿੰਨਾ ਨਿਕਲਿਆ, ਦਿਲ ਤਾ ਮੇਰਾ ਵੀ ਕਰਦਾ ਸੀ ਕਿ ਦੇਖੀ ਜਾਵਾ"। 
ਮਨਦੀਪ ਨੇ ਸੱਚੀ ਸੁਣਾਈ।
"ਨੀ ਕੀ ਭੌਕੀ ਜਾਨੀ, ਭੁੱਲ ਗਈ ? ਭੂਆ ਕਹਿੰਦੀ ਸੀ ਤੁਹਾਡਾ ਵੀਰ"। 
ਪੰਮੀ ਨੇ ਚੇਤਾ ਕਰਾਇਆ ਕਿ ਪਿੰਡ ਦਾ ਮੁੰਡਾ ਭਰਾ ਹੁੰਦਾ, ਪਿੰਡ ਆ ਗਿਆ, ਸਭ ਆਪੋ ਅਪਣੀ ਘਰੀ ਤੁਰ ਗਈਆ, ਪਰ ਇੱਕ ਗੱਲ ਪੱਕੀ ਸੀ ਕਿ ਗੱਭਰੂ ਦਾ ਖੂਬਸੂਰਤ ਚਿਹਰਾ ਸਾਰੀਆਂ ਦੀਆ ਅੱਖਾ ਅੱਗੇ ਘੁੰਮਦਾ ਸੀ ਅਤੇ ਇਹ ਵੀ ਪੱਕਾ ਸੀ ਕਿ ਉਨਾ ਵਿੱਚੋ ਹਰ ਕੋਈ ਥੋੜੀ ਦੇਰ ਉਥੇ ਰੁਕਣਾ ਚਾਹੁੰਦੀਆ ਸੀ, ਪਰ ਵਿਚਾਰੀਆਂ ਕੁੜੀਆ, ਇਹ ਪੰਜਾਬੀ ਕੁੜੀਆ ਜਿਨਾਂ ਦੀ ਆਪਣੀ ਕੋਈ ਮਰਜੀ ਨਹੀ, ਘਰ ਲੇਟ ਨਹੀ ਸੀ ਆ ਸਕਦੀਆ, ਬੇ ਜੁਬਾਨ ਗਊਆ ।
ਮੁੰਡਿਆ ਦਾ ਟੋਲਾ ਉਥੇ ਹਾਲੇ ਵੀ ਖਰੂਦ ਕਰ ਰਿਹਾ ਸੀ ਅਤੇ ਇਹ ਵੀ ਪੱਕਾ ਸੀ ਕਿ ਉਹ ਰਾਤ ਲੇਟ ਹੀ ਘਰ ਆਉਣਗੇ, ਮੁੰਡੇ ਜੋ ਹੋਏ, ਤੇ ਉਹ ਵੀ ਪੰਜਾਬੀ ਮੁੰਡੇ, ਇਨਾ ਦੀ ਕਿਹੜੀ ਇਜਤ ਆ ਜਿਨੂੰ ਖਤਰਾ ਹੋ ਸਕਦਾ ?


ਕਾਂਡ 2

"ਪੁੱਤਰ ਅੱਜ ਐਨੀ ਦੇਰ ? ਮੈਂ ਤਾਂ ਕਿਸੇ ਨੂੰ ਅੱਡੇ ਵੱਲ ਭੇਜਣ ਲੱਗੀ ਸੀ"। ਪਏ।
"ਓਹ ਮਾਂ ਡੇਰੇ ਵਾਲੀ ਭੂਆ ਦਾ ਭਤੀਜਾ ਬਾਹਰੋ ਆਇਆ, ਪੰਦਰੀ ਸਾਲੀ, ਭੂਆ ਨੇ ਰੋਕ ਲਿਆ ਸੀ"। 
ਦੀਪੀ ਹੁਣ ਸੰਭਲ ਚੁੱਕੀ ਸੀ ਅਤੇ ਉਸਨੂੰ ਇਹ ਵੀ ਯਕੀਨ ਹੋ ਗਿਆ ਸੀ ਕਿ ਦੇਬੀ ਸੱਚਮੁੱਚ ਹੀ ਆ ਗਿਆ ਹੈ ਅਤੇ ਇਥੇ ਰਹੇਗਾ ਵੀ।
"ਅੱਛਾ ? ਸ਼ੁਕਰ ਆ, ਇਸ ਵਿਚਾਰੀ ਨੇ ਵੀ ਬੜੇ ਦੁੱਖ ਦੇਖੇ, ਰੱਬਾ ਸਭ ਨੂੰ ਖੁਸ਼ੀ ਦਿਖਾਵੀ"। 
ਦੀਪੀ ਦੀ ਮਾ ਲਈ ਇਹ ਇੱਕ ਚੰਗੀ ਖਬਰ ਸੀ, ਦੀਪੀ ਨੇ ਕਿਤਾਬਾਂ ਰੱਖੀਆ, ਮੂੰਹ ਹੱਥ ਧੋਤਾ ਤੇ ਛੱਤ ਤੇ ਚੜ ਗਈ, ਦੇਬੀ ਦੇ ਘਰ ਵੱਲ ਨੂੰ ਦੇਖਿਆ, ਘਰ ਨੇੜੇ ਲੋਕ ਫਿਰਦੇ ਨਜਰ ਆਉਦੇ ਸਨ ਪਰ ਚੰਨ ਬੱਦਲੀ ਉਹਲੇ ਹੀ ਰਿਹਾ।
"ਪੁੱਤ ਕੀ ਗੱਲ ਅੱਜ ਰੋਟੀ ਨੀ ਖਾਣੀ ?"।
ਮਾਂ ਦੀ ਅਵਾਜ ਥੱਲਿਓ ਸੁਣਾਈ ਦਿੱਤੀ ।
"ਨਹੀ ਮਾਂ, ਮੈਨੂੰ ਭੁੱਖ ਨਹੀ"।ਦਿੱਤੀ ।
"ਅੱਗੇ ਤਾ ਰੋਜ ਆਉਦੀ ਹੀ ਰਸੋਈ ਵਿਚ ਵੜਦੀ ਸੀ ਅੱਜ ਭੁੱਖ ਕਿਓ ਨਹੀ ?"।
ਮਾਂ ਦੀ ਤਸੱਲੀ ਨਹੀ ਸੀ ਹੋਈ, ਇਹ ਦੀਪੀ ਦੇ ਸੁਭਾਅ ਦੇ ਉਲਟ ਸੀ ਕਿ ਆਉਦਿਆ ਹੀ ਰੋਟੀ ਨਾਂ ਖਾਵੇ।
"ਮਾਂ ਉਹ ਭੂਆ ਨੇ ਭੁੱਖ ਉਡਾ ਦਿੱਤੀ"। 
ਦੀਪੀ ਖੁਸ਼ੀ ਵਿੱਚ ਖੀਵੀ ਸੀ।
"ਭੂਆ ਨੇ ?"। ਗੱਲ ਮਾਂ ਨੂੰ ਹਜਮ ਨਾ ਹੋਈ।
"ਨਹੀ ਮਾਂ, ਭੂਆ ਲੱਡੂ ਵੱਡਦੀ ਸੀ ਮੈਂ ਦੋ ਤਿੰਨ ਖਾ ਲਏ, ਹੁਣ ਭੁੱਖ ਨਹੀ"। 
ਮਾਂ ਨੂੰ ਕੀ ਪਤਾ ਸੀ ਕਿ ਹੁਣ ਇਸ ਨੂੰ ਅਕਸਰ ਹੀ ਭੁੱਖ ਨਹੀ ਲੱਗਿਆ ਕਰਨੀ।
"ਤੇਰੀ ਮਰਜੀ, ਪਰ ਥੱਲੇ ਆ ਜਾ, ਬਿਜਲੀ ਆ ਗੀ ਆ, ਤੇ ਕੂਲਰ ਚਲਦਾ, ਉਪਰ ਤਾ ਗਰਮੀ ਆ"। 
ਮਾਂ ਆਪਣੀ ਧੀ ਲਈ ਚਿੰਤਤ ਸੀ।
"ਨਹੀ ਮਾਂ, ਅੱਜ ਉਪਰ ਬਹੁਤ ਠੰਡੀ ਹਵਾ ਵਗਦੀ ਆ, ਮੈਂ ਠਹਿਰ ਕੇ ਆਉਦੀ ਆ"। 
ਉਹ ਨਹੀ ਸੀ ਚਾਹੁੰਦੀ ਕਿ ਕੋਈ ਉਸ ਨੂੰ ਬੁਲਾਵੇ, ਉਹ ਬੱਸ ਦੇਬੀ ਦੇ ਚਿਹਰੇ ਨੂੰ ਅੱਖੋ ਉਹਲੇ ਨਹੀ ਸੀ ਹੋਣ ਦੇਣਾ ਚਾਹੁੰਦੀ ਜਿਹੜਾ ਹੁਣ ਉਸ ਅੱਗੇ ਹਰ ਪਲ ਮੌਜੂਦ ਸੀ, ਮਾਂ ਦੀ ਅਵਾਜ ਮੁੜ ਨਹੀ ਆਈ, ਛੱਤ ਤੇ ਜਾਲੀ ਦਾ ਢਾਸਣਾ ਲਾ ਕੇ ਉਹ ਅਤੀਤ ਵਿੱਚ ਗਵਾਚ ਗਈ । 
ਬਹੁਤ ਸਾਲ ਪਹਿਲਾਂ ਪਿੰਡ ਦੇ ਪਰਾਇਮਰੀ ਸਕੂਲ ਵਿੱਚ ਦੀਪੀ ਅਤੇ ਦੇਬੀ ਇਕੋ ਕਲਾਸ ਵਿੱਚ ਪੜਦੇ ਸਨ, ਪਰਾਇਮਰੀ ਸਕੂਲ ਵਿੱਚ ਕੁੱਝ ਐਸਾ ਖਾਸ ਨਹੀ ਸੀ ਜੋ ਦੇਬੀ ਅਤੇ ਦੀਪੀ ਦੇ ਆਪਸੀ ਸਨੇਹ ਦਾ ਕਾਰਨ ਬਣਦਾ ਹੋਵੇ, ਸਭ ਨਾਰਮਲ ਚੱਲ ਰਿਹਾ ਸੀ, ਗਿਆਨੀ ਮਾਸਟਰ ਇਕੋ ਇੱਕ ਅਧਿਆਪਕ ਸੀ, ਸਾਰਾ ਕੁੱਝ ਉਹੀ ਪੜਾਉਦਾ ਸੀ, ਬਹੁਤ ਲਾਇਕ ਅਧਿਆਪਕ ਪਰ ਬਹੁਤ ਗੁੱਸੇ ਖੋਰਾ ਸੁਭਾਅ ਰੱਖਦਾ ਸੀ, ਮਾਸਟਰ ਜੀ ਨੂੰ ਕਿਸੇ ਨੇ ਇੱਕ ਖੂਬਸੂਰਤ ਪੇਪਰ ਵੇਟ ਤੋਹਫੇ ਵਿੱਚ ਦਿੱਤਾ ਸੀ, ਉਹ ਜਦੋ ਵੀ ਕੁਰਸੀ ਤੇ ਵਿਹਲੇ ਬੈਠੇ ਹੁੰਦੇ ਪੇਪਰ ਵੇਟ ਨੂੰ ਘੁਮਾਉਦੇ ਰਹਿੰਦੇ, ਬੱਚਿਆ ਨੂੰ ਕਹਿ ਰੱਖਿਆ ਸੀ ਕਿ ਕੋਈ ਪੇਪਰ ਵੇਟ ਨੂੰ ਹੱਥ ਨਾਂ ਲਾਵੇ ਨਹੀ ਤਾਂ ਕੁਟਾਪਾ ਚੜੇਗਾ, ਗਿਆਨੀ ਜੀ ਕੋਈ ਦਸ ਕੁ ਕਿਲੋਮੀਟਰ ਦੀ ਵਿੱਥ ਤੇ ਵਸੇ ਪਿੰਡ ਦੋਲਤ ਪੁਰੇ ਤੋ ਸਾਈਕਲ ਤੇ ਆਉਦੇ ਸਨ, ਜਦੋ ਕਦੇ ਉਹ ਬਿਮਾਰੀ ਕਾਰਨ ਸਕੂਲ ਨਾਂ ਆਉਦੇ ਤਾ ਬੱਚੇ ਘਰਾਂ ਨੂੰ ਪਰਤ ਜਾਂਦੇ, ਇਵੇ ਹੀ ਇੱਕ ਦਿਨ ਉਹ ਲੇਟ ਹੋ ਗਏ, ਬੱਚੇ ਪੂਰੀ ਮਸਤੀ ਵਿੱਚ ਆਪੋ ਅਪਣੀਆਂ ਸ਼ਰਾਰਤਾਂ ਵਿਚ ਰੁੱਝੇ ਹੋਏ ਸਨ, ਦੀਪੀ ਦੋ ਤਿੰਨ ਹੋਰ ਬੱਚੀਆ ਨਾਲ ਛੂਣ ਸਿਪਾਹੀ ਖੇਡ ਰਹੀ ਸੀ, ਖੇਡਦੇ ਖੇਡਦੇ ਮਾਸਟਰ ਜੀ ਦੀ ਟੇਬਲ ਦੁਆਲੇ ਚੱਕਰ ਕੱਢਣ ਲੱਗ ਪਈ, ਦੀਪੀ ਦਾ ਹੱਥ ਮੇਜ ਤੇ ਪਏ ਸਮਾਨ ਤੇ ਵੱਜਾ ਅਤੇ ਪੇਪਰ ਵੇਟ ਥੱਲੇ ਡਿੱਗ ਕੇ ਕਈ ਟੁਕੜਿਆ ਵਿਚ ਵੰਡਿਆ ਗਿਆ, ਨਾਲ ਹੀ ਕਲਾਸ ਵਿਚ ਚੁੱਪ ਛਾ ਗਈ, ਹਰ ਕਿਸੇ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ, ਦੀਪੀ ਦੇ ਹੋਸ਼ ਉਡ ਗਏ, ਸਾਰੇ ਆਪੋ ਆਪਣੇ ਸਥਾਨ ਤੇ ਬੈਠ ਗਏ, ਥੋੜੀ ਦੇਰ ਤੱਕ ਮਾਸਟਰ ਜੀ ਵੀ ਆ ਗਏ, ਬੱਚਿਆ ਨੂੰ ਚੁੱਪ ਕਰਕੇ ਬੈਠੇ ਦੇਖ ਬੜੇ ਹੈਰਾਂਨ।।
"ਉਏ ਕੀ ਗੱਲ ? ਅੱਜ ਕਿਸੇ ਨੇ ਕਿਸੇ ਦੇ ਫੱਟੀ ਨੀ ਮਾਰੀ ? ਕਿਸੇ ਨੇ ਕਿਸੇ ਦੇ ਚੂੰਡੀ ਨੀ ਵੱਢੀ ? ਕੋਈ ਸ਼ਿਕਾਇਤ ਨਹੀ ?"।
ਮਾਸਟਰ ਜੀ ਨੇ ਪੁੱਛਿਆ, ਸਭ ਚੁੱਪ, ਮਾਸਟਰ ਜੀ ਨੂੰ ਹੋਰ ਗੁੱਸਾ ਆ ਗਿਆ । 
"ਉਏ ਮੈ ਕੁੱਝ ਪੁੱਛਿਆ ਆ, ਕੀ ਹੋਇਆ ਅੱਜ ?"।
ਫਿਰ ਖਾਮੋਸ਼ੀ, ਹੁਣ ਮਾਸਟਰ ਜੀ ਕੋਲੋ ਰਿਹਾ ਨਾ ਗਿਆ, ਉਨਾ ਲਾਗੇ ਬੈਠੇ ਘੁੱਦੇ ਦਾ ਕੰਨ ਫੜ ਕੇ ਮਰੋੜਾ ਚਾੜਿਆ ਤੇ ਕਹਿਣ ਲੱਗੇ,
"ਤੂੰ ਦੱਸ ਟਿੱਡਿਆ, ਅੱਜ ਕੋਈ ਖੱਪ ਕਿਓ ਨੀ ਕਰ ਰਿਹਾ ?"।
ਘੁੱਦੇ ਦੇ ਕੰਨ ਨੂੰ ਜਦੋ ਮਰੋੜਾ ਚੜਿਆ ਤਾ ਉਹਦੀ ਲੇਰ ਨਿਕਲ ਗਈ।
"ਹਾਏ ਬੀਬੀਏ, ਮਾਰਤਾ"।
"ਲ਼ਗਦਾ ਬੀਬੀ ਦਾ, ਮੈ ਤੈਨੂੰ ਕੁੱਝ ਪੁੱਛ ਰਿਹਾ, ਤੂੰ ਨਖਰੇ ਕਰੀ ਜਾਨਾਂ"। 
ਮਾਸਟਰ ਜੀ ਲਈ ਅਚੰਭਾ ਸੀ ਕਿ ਇਨੇ ਖਰੂਦੀ ਬੱਚੇ ਚੁੱਪ ਕਿਵੇ ?
"ਮਾਟਰ ਜੀ, ਮਾਟਰ ਜੀ, ਫੁੱਲਾਂ ਵਾਲਾ ਕੱਚ ਤੋੜ ਤਾ"। 
ਕਹਿ ਕੇ ਘੁੱਦੇ ਨੇ ਅਪਣੀ ਜਾਨ ਬਚ ਲਈ।
"ਹੈਂ ?" ਮਾਸਟਰ ਜੀ ਨੇ ਮੇਜ ਤੇ ਦੇਖਿਆ, ਪੇਪਰ ਵੇਟ ਗਾਇਬ, ਥੱਲੇ ਦੇਖਿਆ ਤੇ ਟੁਕੜੇ ਹੋਏ ਪੇਪਰ ਵੇਟ ਨੂੰ ਦੇਖਦੇ ਹੀ ਪਾਰਾ ਸੱਤਵੇ ਅਸਮਾਨ ਤੇ ਚੜ ਗਿਆ।
"ਘੁੱਦਿਆ ਜੇ ਹੁਣੇ ਨਾ ਦੱਸਿਆ ਬਈ ਕੀਹਨੇ ਤੋੜਿਆ ਤਾ ਤੇਰੇ ਕੰਨ ਪੱਟ ਕੇ ਹੱਥ ਚ ਫੜਾ ਦੂੰ"। 
ਘੁੱਦਾ ਵਿਚਾਰਾ ਮੁਫਤ ਵਿੱਚ ਹੀ ਫਸ ਗਿਆ ਉਸਨੂੰ ਪਤਾ ਸੀ ਬਈ ਅੱਜ ਦੀਪੀ ਦੀ ਖੈਰ ਨਹੀ, ਉਹ ਹਾਲੇ ਜੱਕਾਂ ਤੱਕਾਂ ਵਿੱਚ ਹੀ ਸੀ ਕਿ ਮਾਸਟਰ ਜੀ ਨੇ ਉਹਦਾ ਕੰਨ ਫੜਨ ਲਈ ਹੱਥ ਅੱਗੇ ਕੀਤਾ, ਹੁਣ ਘੁੱਦੇ ਕੋਲ ਕੋਈ ਚਾਰਾ ਨਹੀ ਸੀ, ਉਸਨੇ ਦੱਸਣ ਲਈ ਮੂੰਹ ਖੋਹਲਿਆ ਹੀ ਸਿ ਕਿ ਦੇਬੀ ਉਠ ਕੇ ਖੜਾ ਹੋ ਗਿਆ … 
"ਮਾਸਟਰ ਜੀ ਮੇਰੇ ਕੋਲੋ ਟੁੱਟਿਆ ਜੀ"। 
ਸਾਰੇ ਬੱਚੇ ਹੈਰਾਨ, ਕੋਰਾ ਝੂਠ ਅਤੇ ਇਹ ਪਤਾ ਹੁੰਦੇ ਕਿ ਮਾਸਟਰ ਜੀ ਬੁਰੀ ਕਰਨਗੇ।
"ਤੇਰੇ ਕੋਲੋ ਟੁੱਟਿਆ ? ਆਜਾ ਬੱਚੂ ਫੇਰ ਤੈਨੂੰ ਇਨਾਮ ਵੀ ਦੇਵਾਂ"। 
ਮਾਸਟਰ ਜੀ ਦਾ ਡੰਡਾ ਮੇਜ ਤੇ ਪਿਆ ਹੀ ਸੀ, ਕਿਸੇ ਨੂੰ ਨਹੀ ਪਤਾ ਕਿ ਕਿੰਨੀਆ ਕੁ ਵਰੀਆਂ, ਦੇਬੀ ਪਹਿਲਾ ਤਾ ਕਸੀਸ ਵੱਟ ਕੇ ਖਾਦਾ ਰਿਹਾ ਪਰ ਹੈ ਤਾ ਬੱਚਾ ਹੀ ਸੀ, ਹੁਣ ਚੀਕਣ ਦੀ ਵਾਰੀ ਦੇਬੀ ਦੀ ਸੀ।
"ਮਾਸਟਰ ਜੀ ਗਲਤੀ ਹੋਗੀ, ਨਾਂ ਮਾਰੋ"। 
ਦੇਬੀ ਬਿਲਕੁਲ ਖਰੂਦੀ ਨਹੀ ਸੀ, ਕਦੇ ਕੁੱਟ ਵੀ ਨਹੀ ਸੀ ਖਾਦੀ, ਉਹਤੋ ਮਾਰ ਝੱਲੀ ਨਹੀ ਸੀ ਜਾਂਦੀ, ਮਾਫੀ ਮੰਗੀ ਜਾ ਰਿਹਾ ਸੀ, ਚੰਗੀ ਪਰੇਡ ਕਰ ਕੇ ਮਾਸਟਰ ਜੀ ਨੇ ਛੱਡਿਆ ਤੇ ਬੋਲੇ ਚੱਲ ਲੱਤਾ ਹੇਠ ਦੀ ਕੰਨ ਫੜ ਕੇ ਸਕੂਲ ਦਾ ਗੇੜਾ ਕੱਢ, ਹੁਣ ਜਦੋ ਉਹ ਡਿਗਦਾ ਡਿਗਦਾ ਸਕੂਲ ਦਾ ਗੇੜਾ ਕੱਢ ਰਿਹਾ ਸੀ ਤਾ ਦੀਪੀ ਕੋਲੋ ਦੇਖਿਆ ਨਹੀ ਸੀ ਜਾ ਰਿਹਾ, ਇਸ ਗੱਲ ਦੀ ਤਾ ਉਸ ਨੂੰ ਆਸ ਹੀ ਨਹੀ ਸੀ ਕਿ ਕੋਈ ਹੋਰ ਉਸਦੀ ਥਾ ਮਾਰ ਖਾਵੇਗਾ, ਹੁਣ ਜਦੋ ਦੇਬੀ ਦੀ ਹਾਲਤ ਉਸਤੋ ਦੇਖੀ ਨਾ ਗਈ ਤਾ ਉਹ ਉਠ ਕੇ ਮਾਸਟਰ ਜੀ ਕੋਲ ਆ 
ਗਈ … 

"ਮਾਸਟਰ ਜੀ …"। ਤੇ ਨਾਲ ਹੀ ਉਹਦਾ ਰੋਣ ਨਿਕਲ ਗਿਆ ।
"ਹੁਣ ਤੈਨੂੰ ਕੀ ਹੋ ਗਿਆ, ਕਿਉ ਬੁਸਕੀ ਜਾਨੀ ਆ"।
ਮਾਸਟਰ ਜੀ ਦਾ ਗੁੱਸਾ ਹਾਲੇ ਠੰਡਾ ਨਹੀ ਸੀ ਹੋਇਆ।
"ਮਾਸਟਰ ਜੀ ਦੇਬੀ ਨੂੰ ਹੁਣ ਛੱਡਦੋ"। ਦੀਪੀ ਨੇ ਮਿੰਨਤ ਕੀਤੀ ।
"ਕਿਓ ਤੈਨੂੰ ਬਾਹਲਾ ਤਰਸ ਆਉਦਾ ?"। 
ਮਾਸਟਰ ਜੀ ਇਸ ਵਕਾਲਤ ਤੇ ਹੋਰ ਔਖੇ ਹੋ ਗਏ।
"ਮਾਸਟਰ ਜੀ ਕੱਚ ਮੈ ਤੋੜਿਆ ਸੀ"। ਹੁਣ ਉਹ ਹੋਰ ਝੂਠ ਨਹੀ ਸੀ ਬੋਲ ਸਕਦੀ।
"ਹੈਂ ?" ਸਹੀ ਬੰਬ ਹੁਣ ਫਟਿਆ ਸੀ, ਮਾਸਟਰ ਜੀ ਇਨਾ ਸੁਣਦੇ ਨਾਲ ਹੀ ਕੁਰਸੀ ਤੇ ਬੈਠ ਗਏ,
"ਤੂੰ ਤੋੜਿਆ ?"।
ਮਾਸਟਰ ਜੀ ਨੂੰ ਯਕੀਨ ਨਹੀ ਸੀ ਹੋ ਰਿਹਾ, ਮਾਸਟਰ ਜੀ ਨੂੰ ਲੱਗਿਆ ਜਿਵੇ ਉਨਾ ਕੋਲੋ ਕੋਈ ਘੋਰ ਗੁਨਾਹ ਹੋ ਗਿਆ ਹੋਵੇ, ਐਸਾ ਕਦੇ ਨਹੀ ਸੀ ਵਾਪਰਿਆ, ਕੋਈ ਸਿਆਣਾ ਕਿਸੇ ਦਾ ਗੁਨਾਹ ਸਿਰ ਤੇ ਨਹੀ ਲੈਂਦਾ, ਇਹ ਤਾਂ ਫਿਰ ਬੱਚਾ ਹੈ, ਹੁਣ ਪਛਤਾਵਾ ਹੋ ਰਿਹਾ ਸੀ, ਮਾਸਟਰ ਜੀ ਨੇ ਲੱਤਾ ਹੇਠ ਦੀ ਕੰਨ ਫੜੀ ਸਕੂਲ਼ ਦੇ ਫਾਟਕ ਕੋਲ ਡਿਗਦੇ ਦੇਬੀ ਵੱਲ ਦੇਖਿਆ, ਪਛਤਾਵੇ ਤੇ ਤਰਸ ਨਾਲ ਭਰ ਗਏ ਮਾਸਟਰ ਜੀ, ਉਨਾ ਨੂੰ ਲਗਦਾ ਸੀ ਕਿ ਇੱਕ ਬੱਚੇ ਦੀ ਜੇ ਗਲਤੀ ਹੁੰਦੀ ਵੀ ਤਾ ਵੀ ਇਹ ਸਜਾ ਜਿਆਦਾ ਸੀ।
"ਘੁੱਦਿਆ ਜਾ ਦੇਬੀ ਨੂੰ ਕਹਿ ਘਰ ਨੂੰ ਚਲਿਆ ਜਾਵੇ, ਤੇ ਤੁਸੀ ਵੀ ਸਾਰੇ ਛੁੱਟੀ ਕਰੋ"। 
ਮਾਸਟਰ ਜੀ ਨੇ ਸਾਈਕਲ ਤੇ ਲੱਤ ਦਿੱਤੀ ਅਤੇ ਚਲੇ ਗਏ, ਪਹਿਲਾ ਜਦ ਕਦੇ ਵਾਧੂ ਛੁੱਟੀ ਹੁੰਦੀ ਸੀ ਤਾਂ ਨਿਆਣੇ ਕਿਲਕਾਰੀਆ ਮਾਰਦੇ ਆਉਦੇ ਸਨ, ਅੱਜ ਸਾਰੇ ਸੋਗੀ ਸਨ, ਜਿਵੇ ਕਿਸੇ ਨੇ ਤਾਕਤ ਖਿੱਚ ਲਈ ਹੋਵੇ, ਇਹ ਜੋ ਕਰੋਧੀ ਅਧਿਆਪਕ ਹਨ ਇਹ ਕਿਸੇ ਥਾਣੇ ਦੇ ਥਾਣੇਦਾਰ ਤੋ ਘੱਟ ਨਹੀ, ਜੋ ਗੱਲਾਂ ਘੱਟ ਕਰਦੇ ਹਨ ਤੇ ਗਾਲਾ ਜਿਆਦਾ ਕੱਢਦੇ ਹਨ, ਇੱਕ ਬੱਚਾ ਜੋ ਗਲਤੀ ਜਾਂ ਤਾ ਅਣਜਾਣੇ ਵਿੱਚ ਕਰੇਗਾ ਅਤੇ ਜਾਂ ਘੱਟ ਗਿਆਂਨ ਹੋਣ ਕਾਰਨ ਕਰੇਗਾ ਉਸ ਦਾ ਉਸੇ ਵੇਲੇ ਰਿਮਾਂਡ ਲੈ ਲਿਆ ਜਾਦਾ ਹੈ, ਕਾਲਜ ਵਿੱਚ ਜੋ ਵੱਡੇ ਪੜਦੇ ਹਨ, ਜੋ ਜਾਣ ਕੇ ਗਲਤੀ ਕਰਦੇ ਹਨ ਅਤੇ ਗਿਆਨ ਹੋਣ ਦੇ ਬਾਵਜੂਦ ਗਲਤੀ ਕਰਦੇ ਹਨ ਉਨਾ ਨੂੰ ਕੁੱਝ ਨਹੀ ਕਿਹਾ ਜਾ ਸਕਦਾ ਕਿਉਕਿ ਉਹ ਕਮਜੋਰ ਨਹੀ, ਕੁੱਟ ਨਹੀ ਖਾਣਗੇ। ਸਾਰੇ ਘਰੋ ਘਰੀ ਚਲੇ ਗਏ, ਕੋਈ ਗਲੀ ਵਿਚ ਖੇਡਣ ਲਈ ਬਾਹਰ ਨਾ ਨਿਕਲਿਆ, ਦੇਬੀ ਚੀਸਾਂ ਭਰੇ ਸਰੀਰ ਨਾਲ ਘਰ ਗਿਆ, ਰਾਹ ਵਿੱਚ ਜਾਂਦੇ ਹੀ ਬੁਖਾਰ ਚੜ ਗਿਆ, ਘਰ ਜਾਦੇ ਹੀ ਉਹ ਡਿੱਗ ਪਿਆ, ਭੂਆ ਨੂੰ ਹੱਥਾ ਪੈਰਾ ਦੀ ਪੈ ਗਈ, ਉਧਰ ਦੀਪੀ ਜਾਦੇ ਹੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ, ਤੇ ਰੌਦੀ ਰੌਦੀ ਨੇ ਸਾਰੀ ਗੱਲ ਦੱਸ ਦਿੱਤੀ, ਮਾਂ ਦੇ ਸੁਣ ਕੇ ਹੋਸ਼ ਉਡ ਗਏ, ਉਸੇ ਵੇਲੇ ਹੀ ਦੀਪੀ ਨੂੰ ਲੈ ਕੇ ਦੇਬੀ ਦੇ ਘਰ ਵੱਲ ਤੁਰ ਪਈ, ਭੂਆ ਨਾਲੇ ਉਹਦਾ ਔਹੜ ਪੋਹੜ ਕਰ ਰਹੀ ਸੀ ਅਤੇ ਨਾਲੇ ਮਾਸਟਰ ਨੂੰ ਮਣ ਮਣ ਦੀਆਂ ਗਾਲਾਂ ਕੱਢੀ ਜਾਂਦੀ ਸੀ, ਦੀਪੀ ਦੀ ਮਾਂ ਨੇ ਜਦ ਸਾਰੀ ਗੱਲ ਦੱਸੀ ਤਾ ਭੂਆ ਨੂੰ ਸਮਝ ਨਾ ਪਈ ਕਿ ਐਸਾ ਦੇਬੀ ਨੇ ਕਿਓ ਕੀਤਾ ।
"ਤੂੰ ਮੇਰੀ ਥਾ ਕੁੱਟ ਕਿਓ ਖਾਧੀ ਦੇਬੀ ?"। ਦੀਪੀ ਨੇ ਪੁੱਛਿਆ।
"ਮੇਰੇ ਕੋਲੋ ਤੈਨੂੰ ਪੈਂਦੀ ਕੁੱਟ ਦੇਖੀ ਨਹੀ ਸੀ ਜਾਣੀ"। ਦੇਬੀ ਦਾ ਜਵਾਬ ਸੀ।
ਜਿਵੇ ਜਿਵੇ ਦੀਪੀ ਵੱਡੀ ਹੁੰਦੀ ਜਾਦੀ ਸੀ ਉਵੇ ਉਵੇ ਦੇਬੀ ਦੀ ਇਹ ਕੁਰਬਾਨੀ ਉਹਦੇ ਅੰਦਰ ਵਸਦੀ ਜਾਂਦੀ ਸੀ, ਅਤੇ ਫਿਰ ਅਚਾਨਕ ਦੇਬੀ ਦੇ ਪਿਓ ਨੇ ਦੇਬੀ ਤੇ ਉਸਦੇ ਛੋਟੇ ਭੈਣ ਭਰਾ ਬਿੰਦਰ ਤੇ ਕੁਲਦੀਪ ਨੂੰ ਅਪਣੇ ਕੋਲ ਜਰਮਨ ਸੱਦ ਲਿਆ, ਦੇਬੀ ਦਾ ਇੱਕ ਤਾਇਆ ਸੀ ਜੋ ਕੇਨੇਡਾ ਗਿਆ ਸੀ, ਉਹ ਮੁੜ ਕਦੇ ਵਾਪਿਸ ਨਾਂ ਮੁੜਿਆ, ਦੇਬੀ ਦਾ ਦਾਦਾ ਅਤੇ ਦਾਦੀ ਵੀ ਕਨੇਡਾ ਤਾਏ ਕੋਲ ਚਲੇ ਗਏ ਸਨ ਤੇ ਉਥੇ ਹੀ ਅੱਗੜ ਪਿੱਛੜ ਪੂਰੇ ਹੋ ਗਏ, ਦੇਬੀ ਦੀ ਮਾਂ ਛੋਟੇ ਬਿੰਦਰ ਤੋ ਛੋਟੀ ਭੈਣ ਕੁਲਦੀਪ ਨੂੰ ਜਨਮ ਦਿੰਦੇ ਹੀ ਪੂਰੀ ਹੋ ਗਈ ਸੀ, ਅਸਲ ਵਿੱਚ ਭੂਆ ਹੀ ਉਨਾ ਦੀ ਮਾਂ ਤੇ ਪਿਓ ਸੀ।
"ਪੁੱਤ ਕੀ ਗੱਲ ਅੱਜ ਤੈਨੂੰ ਭੁੱਖ ਵੀ ਨਹੀ ਤੇ ਅੱਜ ਸੌਣਾ ਵੀ ਨਹੀ ?"ਅੱਠ ਵੱਜ ਗਏ ਮੈਂ ਸੋਚਿਆ ਤੂੰ ਪੜਦੀ ਹੋਵੇਗੀ।" ਦੀਪੀ ਦੀ ਮਾਂ ਨੇ ਉਪਰ ਆ ਕੇ ਅਵਾਜ ਦਿੱਤੀ ਤਾ ਦੀਪੀ ਖਿਆਲਾਂ ਦੀ ਦੁਨੀਆਂ ਵਿੱਚੋ ਬਾਹਰ ਆਈ, ਬਚਪਨ ਦੀਆਂ ਘਟਨਾਵਾਂ ਇੱਕ ਫਿਲਮ ਵਾਂਗ ਉਸ ਦੇ ਅੱਗੋ ਦੀ ਗੁਜਰ ਗਈਆਂ।
"ਹਾਂ ਮਾਂ ਲਗਦਾ ਅੱਜ ਨੀਂਦ ਵੀ ਨਹੀ ਆਉਣੀ।" ਚੁਬਾਰੇ ਦੀਆਂ ਪੌੜੀਆਂ ਉਤਰਦੀ ਦੀਪੀ ਸੋਚ ਰਹੀ ਸੀ।
 
ਕਾਂਡ 3

ਅੱਜ ਸਵੇਰੇ ਦੀਪੀ ਉੱਠੀ, ਦੇਖਿਆ ਹਾਲੇ ਸੱਤ ਵੱਜੇ ਹਨ, ਪੌਣੇ ਅੱਠ ਕਾਲਜ ਨੂੰ ਬੱਸ ਫੜਨੀ ਸੀ, ਉਹ ਛੇਤੀ ਛੇਤੀ ਭੂਆ ਦੇ ਘਰ ਮੋਹਰੇ ਪਹੁੰਚ ਜਾਣਾ ਚਾਹੁੰਦੀ ਸੀ, ਕੀ ਉਹ ਘਰ ਦੇ ਅੰਦਰ ਹੋਵੇਗਾ ? ਕੀ ਦੀਦਾਰੇ ਹੋ ਸਕਣਗੇ ? ਅੱਜ ਉਸ ਨੇ ਅਪਣਾ ਫੇਵਰਿਟ ਸੂਟ ਪਾਇਆ, ਰੰਗ ਦੀਪੀ ਦਾ ਬਹੁਤਾ ਗੋਰਾ ਨਹੀ ਸੀ, ਪਰ ਨੈਂਣ ਨਕਸ਼ ਕੁਝ ਕੁਦਰਤ ਨੇ ਐਸੇ ਤਰਾਸ਼ੇ ਸਨ ਕਿ ਦੇਖਣ ਵਾਲਾ ਚਾਹੁੰਦਾ ਸੀ ਕਿ ਕੁਝ ਪਲ ਹੋਰ ਦੇਖ ਲਵਾਂ, ਉਸਦੇ ਪੈਰਾਂ ਵਿੱਚ ਅੱਜ ਕੋਈ ਨਾਚ ਜਿਹਾ ਸੀ, ਸਾਰਾ ਕੁੱਝ ਸੋਹਣਾ ਸੋਹਣਾ ਜਿਹਾ ਲਗਦਾ ਸੀ, ਤਿਆਰ ਹੋ ਕੇ ਚੌਕੇ ਵਿੱਚ ਪਰਾਉਠੇ ਬਣਾਉਦੀ ਮਾ ਕੋਲ ਆ ਗਈ।।
"ਠੀਕ ਆ ਮੰਮੀ ਮੈਂ ਹੁਣ ਚੱਲੀ"। 
ਅਤੇ ਨਾਲ ਹੀ ਝੁਕ ਕੇ ਮਾਂ ਦਾ ਮੂੰਹ ਚੁੰਮ ਲਿਆ ।
"ਕੀ ਗੱਲ ਪੁੱਤ ਅੱਜ ਮਾਂ ਤੇ ਏਨਾ ਪਿਆਰ ? ਪੈਸੇ ਚਾਹੀਦੇ ਆ ?" ।
ਮਾਂ ਨੂੰ ਚੰਗਾ ਲੱਗਿਆ, ਪਰ ਹੈਰਾਂਨ ਵੀ ਸੀ "ਤੇ ਨਾਲੇ ਬਹਿ ਜਾ ਇੱਕ ਪਰਾਉਠੀ ਤੇ ਖਾ ਲਾ"। 
ਦੀਪੀ ਨੇ ਚੌਕੇ ਬੈਠ ਕੇ ਦੋ ਤਿੰਨ ਬੁਰਕੀਆਂ ਪਰਾਉਠੇ ਦੀਆਂ ਖਾਧੀਆ ਤੇ ਫਿਰ ਉਠ ਖੜੀ ਹੋਈ,
"ਓ ਕੇ ਮੰਮੀ, ਬਾਏ"। 
ਤੇ ਜਵਾਬ ਸੁਣੇ ਬਿਨਾ ਹੀ ਗੇਟੋ ਬਾਹਰ ਹੋ ਗਈ, ਸਾਰੀਆਂ ਕੁੜੀਆਂ ਮੋੜ ਤੇ ਮਿਲਦੀਆਂ ਸਨ ਤੇ ਫਿਰ ਇਕੱਠੀਆਂ ਅੱਡੇ ਵੱਲ ਨੂੰ ਤੁਰ ਪੈਂਦੀਆ, ਦੀਪੀ ਨੂੰ ਕੁੜੀਆਂ ਅਕਸਰ ਉਡੀਕਦੀਆਂ ਸਨ, ਮਾਂ ਨਾਲ ਕੰਮ ਕਰਾਉਦੀ ਸਦਾ ਹੀ ਲੇਟ ਹੁੰਦੀ ਸੀ, ਅੱਜ ਮੋੜ ਤੇ ਸਭ ਤੋ ਪਹਿਲਾਂ ਖੜੀ ਸੀ, ਦੇਖਦੇ ਹੀ ਦੇਖਦੇ ਅੱਗੜ ਪਿੱਛੜ ਸਾਰੀਆਂ ਆ ਖੜੀਆ।
"ਜਿਨੂੰ ਰਾਤੀ ਨੀਂਦ ਆਈ ਹੋਵੇ ਉਹ ਹੱਥ ਖੜਾ ਕਰੇ"।
ਕਹਿ ਕੇ ਪੰਮੀ ਨੇ ਸਾਰੀਆਂ ਵਿੱਚ ਹਾਸਾ ਪਾ ਦਿੱਤਾ ।
"ਅੱਜ ਸਾਰੀਆਂ ਦੀ ਘੜੀ ਖਰਾਬ ਆ ਕਿ ਭੂਆ ਦੇ ਘਰੋ ਚਾਹ ਪੀ ਕੇ ਜਾਣਾ ?"।
ਮਨਦੀਪ ਨੇ ਨਹਿਲੇ ਤੇ ਦਹਿਲਾ ਮਾਰਿਆ।
"ਤੇ ਅੱਜ ਆ ਸੂਟ ਕਿਸ ਖੁਸ਼ੀ ਵਿੱਚ ਪਾਇਆ ?" ।
ਪੰਮੀ ਨੇ ਦੀਪੀ ਦੇ ਫੇਵਰਿਟ ਸੂਟ ਵੱਲ ਦੇਖ ਕੇ ਕਿਹਾ।
"ਅਗਲਾ ਮੇਮਾਂ ਦੇ ਦੇਸ਼ ਚੋ ਆਇਆ, ਕਾਲਿਆ ਦੀ ਕੋਈ ਬਹੁਤੀ ਦਾਲ ਨੀ ਗਲਦੀ"। 
ਇਕ ਹੋਰ ਚਹਿਕ ਪਈ।
"ਨੀ ਹੁਣ ਤੁਰ ਵੀ ਪਓ, ਅਗਲਾ ਭਾਵੇ ਹਾਲੇ ਸੁੱਤਾ ਹੋਵੇ"। 
ਪੰਮੀ ਨੇ ਘੜੀ ਦਿਖਾਈ।
ਅੱਜ ਸਾਰੀਆ ਦੇ ਦਿਲ ਵਿੱਚ ਵੱਖੋ ਵੱਖਰੇ ਖਿਆਲ ਸਨ, ਦੀਪੀ ਮਨ ਹੀ ਮਨ ਅਰਦਾਸ ਕਰ ਰਹੀ ਸੀ, ਰੱਬ ਸੱਚਿਆ, ਸਵੇਰੇ ਸਵੇਰੇ ਮੱਥੇ ਲਾ ਦੇ, ਅੱਜ ਸਾਰੀਆ ਕੁੱਝ ਖਾਮੋਸ਼ ਸਨ ਤੇ ਚਾਲ ਵਿੱਚ ਤੇਜੀ ਸੀ, ਦੀਪੀ ਨੂੰ ਲਗਦਾ ਸੀ ਕਿ ਭੂਆ ਦਾ ਘਰ ਜਿਵੇ ਰਾਤੋ ਰਾਤ ਦੂਰ ਹੋ ਗਿਆ ਹੋਵੇ,ਦਸ ਕੁ ਮਿੰਟ ਤੱਕ ਜਦੋ ਭੂਆ ਦੇ ਘਰ ਕੋਲ ਪਹੁੰਚੇ ਤਾ ਸਾਰੇ ਦਿਲ ਆਮ ਰਫਤਾਰ ਤੋ ਵੱਧ ਧੜਕ ਰਹੇ ਸਨ, ਚੋਰ ਨਜਰਾਂ ਘਰ ਦੇ ਚਾਰ ਚੁਫੇਰੇ ਦਾ ਮੁਆਇਨਾ ਕਰ ਰਹੀਆਂ ਸਨ, ਘਰ ਦੇ ਮੂਹਰੇ ਆ ਕੇ ਦੇਖਿਆ, ਗੇਟ ਬੰਦ, ਨਾਂ ਭੂਆ ਦਿਸੇ ਤੇ ਨਾਂ ਜਿਨੂੰ ਦੇਖਣਾ ਸੀ, ਸਾਰੀਆਂ ਦੇ ਮੂੰਹ ਬੁਝ ਗਏ, ਹੁਣ ਅਗਲੇ ਪੈਰ ਪੁੱਟਣੇ ਦੀਪੀ ਲਈ ਭਾਰੇ ਹੋ ਗਏ, ਮੁੜ ਮੁੜ ਕੇ ਪਿੱਛੇ ਦੇਖਦੀ।
"ਹੁਣ ਚੁੱਪ ਕਰਕੇ ਤੁਰੀ ਆ, ਵਾਪਸੀ ਤੇ ਸਹੀ"। 
ਪੰਮੀ ਤੋ ਦੀਪੀ ਦੀ ਹਾਲਤ ਕੁੱਝ ਛਿਪੀ ਨਹੀ ਸੀ, ਜੀ ਭਿਆਣੀਆਂ ਜਿਹੀਆਂ ਥੋੜੀ ਦੂਰ ਹੀ ਗਈਆ ਸਨ ਕਿ ਮੋਹਰਿਓ ਟਰੈਕ ਸੂਟ ਪਾਈ ਜੌਗਿੰਗ ਕਰਦਾ ਦੇਬੀ ਦਿਸ ਪਿਆ, ਉਹਨੂੰ ਵੀ ਰਾਤੀ ਕਿਹੜੀ ਨੀਦ ਆਈ ਸੀ, ਥਕਾਵਟ ਦਾ ਕਿਧਰੇ ਨਾਮ ਨਿਸਾਨ ਵੀ ਨਹੀ ਸੀ, ਰਾਤੀ ਹੀ ਗੱਲੀ ਬਾਤੀ ਦੇਬੀ ਨੇ ਨਿਰਮਲ ਕੋਲੋ ਬੱਸ ਦਾ ਸਮਾਂ ਪੁੱਛ ਲਿਆ ਸੀ ਤੇ ਐਨ ਵਕਤ ਤੇ ਜੌਗਿੰਗ ਕਰਨ ਚਲੇ ਗਿਆ ਸੀ, ਨਿਰਮਲ ਸਾਈਕਲ ਤੇ ਉਸਦੇ ਨਾਲ ਸੀ, ਦੇਬੀ ਨੂੰ ਦੇਖ ਕੇ ਦਿਲ ਫੇਰ ਰਫਤਾਰ ਫੜ ਗਏ, ਜਿਵੇ ਜਿਵੇ ਫਾਸਲਾ ਘਟਦਾ ਜਾ ਰਿਹਾ ਸੀ ਉਵੇ ਉਵੇ ਦੀਪੀ ਸੋਚਦੀ ਸੀ, ਰੁਕੇਗਾ ? ਬੁਲਾਵੇਗਾ ? ਕਿ … ।
ਦੇਬੀ ਨੇ ਵੀ ਦੇਖ ਲਿਆ ਕਿ ਹਰਨੀਆਂ ਦੀ ਟੋਲੀ ਆਉਦੀ ਆ, ਉਹ ਹੋਲੀ ਹੋ ਗਿਆ, ਤੇ ਦੌੜਨ ਦੀ ਥਾਂ ਤੁਰਨ ਲੱਗ ਪਿਆ, ਕਿਆ ਮੁਲਾਕਾਤ ਸੀ, ਛੋਟੀ ਜਿਹੀ, ਉਡਦੇ ਪੰਛੀ ਵਰਗੀ, ਬੱਦਲ ਦੀ ਛਾਂ ਵਰਗੀ ਜੋ ਆਈ ਤੇ ਗਈ, ਪਰ ਕਿੰਨੀ ਮਿੱਠੀ, ਕਿੰਨੀ ਸੁਖਦਾਇਕ।
"ਸਾਸਰੀ ਕਾਲ"।  ਸਾਰੀਆਂ ਦੇ ਮੂਹੋ ਇਕੱਠੇ ਹੀ ਨਿਕਲਿਆ।
"ਸਤਿ ਸ਼ਿਰੀ ਅਕਾਲ"। 
ਦੇਬੀ ਅੱਗੋ ਸਾਸਰੀ ਕਾਲ ਨੂੰ ਸੁਧਾਰ ਕੇ ਬੋਲਿਆ, ਕੁੜੀਆਂ ਸ਼ਰਮਾ ਗਈਆ, ਦੇਬੀ ਦੇ ਚਿਹਰੇ ਤੇ ਪਿਆਰੀ ਜਿਹੀ ਮੁਸਕਾਨ ਸੀ।
"ਅਸੀ ਤਾ ਸੋਚਿਆ ਤੁਸੀ ਹਾਲੇ ਸੁੱਤੇ ਹੋਵੋਗੇ, ਕੱਲ ਦੇ ਸਫਰ ਦੇ ਥੱਕੇ"।  
ਦੀਪੀ ਹੈਰਾਂਨ ਸੀ ਉਸ ਨੂੰ ਸਵੇਰੇ ਜੌਗਿੰਗ ਕਰਦੇ ਦੇਖ ਕੇ।
"ਕਿੱਥੇ ਭੈਂਣ ਜੀ, ਇਹ ਤਾ ਭੂਆ ਦੇ ਨਾਲ ਉਠ ਗੇ"। 
ਨਿਰਮਲ ਨੇ ਦੱਸਿਆ।
"ਦਿਨ ਦੀ ਸ਼ੁਰੂਆਤ ਸੁਸਤੀ ਨਾਲ ਕਰਦਾ ਤਾਂ ਦਿਨ ਇਨਾ ਸੋਹਣਾ ਕਿਵੇ ਹੁੰਦਾ ? ਆਹ ਦੇਖੋ ਤੁਹਾਡੇ ਨਾਲ ਮੇਲ ਹੋ ਗਿਆ, ਸੁੱਤਾ ਰਹਿੰਦਾ ਤਾ ਇਹ ਮੁਲਾਕਾਤ ਕਿਵੇ ਹੁੰਦੀ ?"
ਦੇਬੀ ਤੋ ਐਸੇ ਜਵਾਬ ਦੀ ਉਮੀਦ ਨਹੀ ਸੀ ਕੁੜੀਆਂ ਨੂੰ, ਉਨਾ ਦਾ ਖਿਆਲ ਸੀ ਕਿ ਬਾਹਰੋ ਆਇਆ ਸਮਾਰਟ ਜਿਹਾ ਗੱਭਰੂ ਜਰੂਰ ਆਕੜਖੋਰ ਜਿਹਾ ਹੋਵੇਗਾ, ਪਰ ਏਧਰ ਤਾ ਮਾਮਲਾ ਉਲਟ ਸੀ।
"ਠੀਕ ਹੈ, ਤੁਸੀ ਕਾਲਜ ਤੋ ਲੇਟ ਹੋ ਰਹੇ ਹੋਵੋਗੇ, ਫਿਰ ਵਾਪਸੀ ਤੇ ਮਿਲਾਗੇ, ਓ ਕੇ ਬਾਏ"। 
ਦੇਬੀ ਨੇ ਗੱਲ ਲੰਬੀ ਕਰਨੀ ਠੀਕ ਨਾਂ ਸਮਝੀ ਅਤੇ ਵਾਪਸੀ ਤੇ ਮਿਲਣ ਦਾ ਇਸ਼ਾਰਾ ਵੀ ਦੇ ਦਿੱਤਾ, ਤੇ ਨਾਲ ਹੀ ਘਰ ਵੱਲ ਨੂੰ ਹੋ ਤੁਰਿਆ।
"ਹਾਏ ਮੈਂ ਮਰ ਜਾਵਾ, ਸੋਹਣਾ ਹੀ ਨਹੀ, ਚੰਗਾ ਵੀ"। 
ਮਨਦੀਪ ਦੇਬੀ ਦੇ ਵਿਵਹਾਰ ਤੋ ਪ੍ਰਭਾਵਿਤ ਸੀ।
"ਨਾਲੇ ਦੇਖਿਆ ? ਕਿੰਨੇ ਪਰੇਮ ਨਾਲ ਦੇਖਦਾ ਸੀ, ਆਹ ਅੱਡੇ ਤੇ ਖੜੇ ਆਸ਼ਕਾਂ ਵਾਗੂੰ ਨਹੀ ਜੋ ਅੱਖਾ ਰਾਹੀ ਖਾਣ ਨੂੰ ਕਰਦੇ ਆ"। ਪੰਮੀ ਨੂੰ ਦੇਬੀ ਦੀ ਤੱਕਣੀ ਚੰਗੀ ਲੱਗੀ,ਦੀਪੀ ਉਸਦੀਆਂ ਸਿਫਤਾ ਸੁਣ ਕੇ ਹੋਰ ਖੁਸ਼ ਹੋਈ ਜਾ ਰਹੀ ਸੀ, ਕੁੜੀਆਂ ਬੱਸੇ ਬਹਿ ਕੇ ਸ਼ਹਿਰ ਨੂੰ ਚੱਲ ਪਈਆਂ ਪਰ ਅੱਜ ਪਹਿਲੀ ਵਾਰ ਉਹ ਪਿੰਡ ਕੁੱਝ ਛੱਡ ਗਈਆਂ ਸਨ, ਅੱਜ ਭੂਆ ਦਾ ਡੇਰਾ ਇੱਕ ਸਧਾਰਨ ਘਰ ਤੋ ਕੋਈ ਖਾਸ ਅਸਥਾਂਨ ਬਣ ਗਿਆ ਸੀ।
"ਭੂਆ ਦੁੱਧ ਰਿੜਕ ਲਿਆ ?"। ਘਰ ਆ ਕੇ ਦੇਬੀ ਨੇ ਪੁੱਛਿਆ।

"ਹਾਂ ਪੁੱਤ ਆ ਬੈਠ ਮੇਰੇ ਕੋਲ, ਆਹ ਲੈ ਤੇਰੇ ਲਈ ਅਧਰਿੜਕੇ ਦਾ ਗਲਾਸ"। 
ਭੂਆ ਦੇ ਭਾਅ ਦੀ ਦੀਵਾਲੀ ਸੀ, ਕਿੰਨੇ ਸਾਲ ਇਕੱਲੀ ਨੇ ਗੁਜਾਰੇ, ਕੇਨੇਡਾ ਵਾਲੇ ਤਾਏ ਨੇ ਕਈ ਵਾਰ ਕਿਹਾ ਸੀ ਕਿ ਭੂਆ ਵੀ ਕੇਨੇਡਾ ਆ ਜਾਵੇ ਪਰ ਭੂਆ ਨਹੀ ਮੰਨੀ, ਕਹਿੰਦੀ ਮਾਂ ਭੂਮੀ ਤੋ ਦੂਰ ਨੀ ਹੋਣਾ, ਤੀਹ ਕਿੱਲੇ ਜਮੀਨ ਦੇ ਸੀ, ਨਿਰਮਲ ਸੀਰੀ ਬਚਪਨ ਤੋ ਹੀ ਇਨਾ ਦੇ ਖੇਤਾ ਵਿੱਚ ਕੰਮ ਕਰਦਾ ਸੀ, ਨਿਰਮਲ ਦਾ ਪਿਓ ਵੀ ਏਸੇ ਖਾਨਦਾਨ ਦਾ ਕੰਮੀ ਰਿਹਾ, ਹੁਣ ਉਹ ਬੁੱਢਾ ਹੋ ਗਿਆ ਤਾ ਜਿੰਮੇਦਾਰੀ ਨਿਰਮਲ ਨੇ ਸੰਭਾਲ ਲਈ, ਉਹ ਟਰੈਕਟਰ ਵਾਹੁਣ, ਫਸਲ ਬੀਜਣ, ਸ਼ਹਿਰੋ ਸਾਰੇ ਕੰਮ ਕਾਜ ਕਰਨ ਦਾ ਭਾਵ ਕਿ ਉਹਦੀ ਸਾਰੀ ਦਿਹਾੜੀ ਕੰਮ ਵਿੱਚ ਹੀ ਨਿਕਲਦੀ, ਭੂਆ ਦਾ ਕੋਈ ਖਰਚ ਨਹੀ ਸੀ, ਜੋ ਬਚਦਾ ਬੈਂਕ ਜਮਾ ਕਰਵਾ ਛੱਡਦੀ,ਦੇਬੀ ਨੇ ਅੱਧਰਿੜਕੇ ਨੂੰ ਪੀ ਕੇ ਭੈੜਾ ਜਿਹਾ ਮੂੰਹ ਕੀਤਾ।
"ਕਿਓ ਪੁੱਤ ਸਵਾਦ ਨੀ ਲੱਗਿਆ ? ਥੋੜੀ ਖੰਡ ਪਾ ਦਿਆਂ ?" ।
ਭੂਆ ਉਹਦਾ ਮੂੰਹ ਦੇਖ ਕੇ ਬੋਲੀ।
"ਨਹੀ ਭੂਆ ਤੇਰੇ ਹੱਥ ਦੀ ਚੀਜ ਸਵਾਦ ਕਿਵੇ ਨਾ ਹੋਊ ?" ਜਰਮਨ ਪੈਕਟਾ ਵਾਲਾ ਦਹੀ ਖਾਂਦੇ ਰਹੇ, ਅਧਰਿੜਕੇ ਦਾ ਸਵਾਦ ਕੁੱਝ ਵੱਖਰਾ ਆ"। 
ਦੇਬੀ ਨੂੰ ਅਧਰਿੜਕਾ ਸੱਚੀ ਸਵਾਦ ਨਹੀ ਸੀ ਲੱਗਿਆ ਪਰ ਉਹ ਭੂਆ ਦਾ ਦਿਲ ਰੱਖਣਾ ਚਾਹੁੰਦਾ ਸੀ।
"ਪੁੱਤ ਮੁੰਡੇ ਰਾਤੀ ਛੇਤੀ ਈ ਘਰ ਨੂੰ ਚਲੇ ਗੇ, ਮੈ ਤਾ ਸੋਚਦੀ ਸੀ ਅੱਜ ਇਥੇ ਈ ਖੱਪ ਕਰਨਗੇ"। 
ਭੂਆ ਨੇ ਮੁੰਡਿਆ ਦੇ ਛੇਤੀ ਜਾਣ ਦਾ ਕਾਰਨ ਪੁੱਛਿਆ।
"ਓਹ ਬਾਹਰਲੀ ਸ਼ਰਾਬ ਪੁੱਛਦੇ ਸੀ, ਮੈਂ ਕਿਹਾ ਨਾ ਪੀਦਾ ਆ ਨਾ ਪਿਲਾਉਦਾ ਆ, ਫਿਰ ਕਹਿਣ ਲੱਗੇ, ਛੱਡ ਯਾਰ ਪੱਟਿਆ ਪਹਾੜ ਤੇ ਨਿਕਲਿਆ ਚੂਹਾ, ਪਰ ਬੱਚੂ ਛੱਡਦੇ ਅਸੀ ਵੀ ਨੀ, ਤੂੰ ਅੱਜ ਸੌ ਲੈ, ਕੱਲ ਨੂੰ ਤੇਰੀ ਖਬਰ ਲਵਾਗੇ"। 
ਦੇਬੀ ਨੇ ਦੱਸਿਆ।
"ਪੁੱਤ ਆਹ ਜਿਹੜਾ ਤੂੰ ਸ਼ਰਾਬ ਨੀ ਪੀਦਾ, ਇਹ ਮੈਨੂੰ ਬਾਹਲਾ ਈ ਪਸਿੰਦ ਆ, ਤੁਹਾਡੇ ਸਾਰਿਆ ਦੇ ਵੰਡੇ ਦੀ ਤੁਹਾਡਾ ਪਿਓ ਜੋ ਪੀਈ ਜਾਦਾ, ਪੁੱਤ ਉਹ ਵੀ ਕਦੇ ਮੁੜੂ ਘਰ ਨੂੰ ?" ।

ਭੂਆ ਅਪਣੇ ਭਰਾ ਦੇ ਸ਼ਰਾਬੀ ਹੋਣ ਤੋ ਰੱਜ ਕੇ ਦੁਖੀ ਸੀ।
"ਭੂਆ ਭਾਪਾ ਜੀ ਤਾ ਹੁਣ ਮੁੜਨੋ ਰਹੇ, ਕੰਮ ਕਰਨ ਜੋਗੇ ਹੁਣ ਰਹੇ ਨੀ, ਸ਼ਰਾਬ ਨੇ ਫੇਫੜੇ ਛਲਣੀ ਕਰ ਦਿੱਤੇ, ਡਾਕਟਰ ਭਾਵੇ ਲੱਖ ਮਨਾ ਕਰਦੇ ਆ ਪਰ ਉਹ ਹਟਦੇ ਨੀ, ਅਸੀ ਤਿੰਨੇ ਭੈਣ ਭਰਾ ਅਪਣੇ ਸਿਰ ਤੇ ਆਪ ਗੁਜਾਰਾ ਕਰਦੇ ਆਂ, ਪੜਾਈ ਦੇ ਨਾਲ ਕੰਮ ਕਰ ਕੇ ਅਪਣੇ ਖਰਚੇ ਤੋਰ ਦੇ ਹਾ, ਭਾਪਾ ਜੀ ਦਾ ਇਹਨਾ ਹੀ ਬਹੁਤ ਆ ਕੇ ਸਾਡੇ ਪੇਪਰ ਕਲੀਅਰ ਕਰਾ ਦਿੱਤੇ, ਸਾਨੂੰ ਦੂਜੀ ਦੁਨੀਆ ਦਿਖਾ ਦਿੱਤੀ, ਜਰਮਨ ਸਰਕਾਰ ਦੇ ਕਾਨੂੰਨ ਬਹੁਤ ਚੰਗੇ ਆ, ਆਠਾਰਾ ਸਾਲ ਤੱਕ ਸਾਡੀਆਂ ਸਾਰੀਆਂ ਲੋੜਾ ਪੂਰੀਆਂ ਕੀਤੀਆ, ਹੁਣ ਅਸੀ ਪੈਰਾਂ ਸਿਰ ਹੋ ਗੇ ਆ, ਬਿੰਦਰ ਤੇ ਕੁਲਦੀਪ ਅਪਣਾ ਕੋਰਸ ਵੀ ਕਰਦੇ ਆ ਤੇ ਥੋੜਾ ਬਹੁਤ ਕੰਮ ਵੀ ਕਰੀ ਜਾਦੇ ਆ।" ਦੇਬੀ ਨੇ ਦੱਸਿਆ
"ਅਪਣੀ ਬਿੰਦਰ ਵੀ ਕੰਮ ਤੇ ਜਾਦੀ ਆ"। 
ਭੂਆ ਸਮਝਦੀ ਸੀ ਕੁੜੀਆਂ ਪੰਜਾਬ ਵਾਂਗ ਘਰੇ ਹੀ ਬੈਠਦੀਆ ਹਨ ।
"ਭੂਆ ਜਰਮਨ ਵਿੱਚ ਕੁੜੀਆਂ ਤੇ ਮੁੰਡਿਆ ਵਿੱਚ ਕੋਈ ਫਰਕ ਨੀ ਹੈਗਾ, ਸਾਰੇ ਹੀ ਕੰਮ ਕਰਦੇ ਆ"। 
ਦੇਬੀ ਨੂੰ ਪਤਾ ਸੀ ਭੂਆ ਤਾ ਕਦੇ ਸ਼ਹਿਰ ਤੱਕ ਨਹੀ ਗਈ, ਉਹ ਕਹਿੰਦੀ ਕਿ ਇਹ ਘਰ ਹੀ ਮੇਰਾ ਸਭ ਕੁੱਝ ਆ, ਕਿਤੇ ਨਹੀ ਜਾਣਾ।
"ਪੁੱਤ ਤੇਰਾ ਵਾਪਿਸ ਆਉਣ ਨੂੰ ਦਿਲ ਕਿਵੇ ਕੀਤਾ ? ਤੇ ਆਉਣ ਲੱਗੇ ਦੱਸਿਆ ਤੱਕ ਨੀ ? ਤੇ ਹੁਣ ਸੱਚੀ ਮੇਰੇ ਕੋਲ ਰਹੇਗਾ ?" ।
ਭੂਆ ਨੇ ਇਕੋ ਸਾਹੇ ਕਿੰਨੇ ਸਵਾਲ ਕਰਤੇ, ਉਹਨੂੰ ਹਾਲੇ ਯਕੀਨ ਨਹੀ ਸੀ ਆ ਰਿਹਾ ਕਿ ਦੇਬੀ ਇਥੇ ਹੀ ਰਹੇਗਾ ।
"ਭੂਆ ਜਰਮਨ ਬਹੁਤ ਸੋਹਣਾ ਦੇਸ਼ ਆ, ਕੋਈ ਮੁੜਦਾ ਨੀ ਉਥੋ, ਇਹ ਨਹੀ ਕਿ ਮੈ ਉਥੇ ਰਹਿਣਾ ਨੀ ਚਾਹੁੰਦਾ, ਪਰ ਮੇਰੇ ਦਿਲ ਦਾ ਇੱਕ ਹਿੱਸਾ ਇਥੇ ਨਵੇਂ ਪਿੰਡ ਵਸਦਾ, ਪਿਛਲੇ ਕਿੰਨੇ ਹੀ ਸਾਲ ਮੈ ਇਸੇ ਜੱਕਾਂ ਤੱਕਾ ਵਿਚ ਰਿਹਾ ਕਿ ਵਾਪਿਸ ਮੁੜ ਜਾਂ ? ਜਾ ਇਥੇ ਹੀ ਰਹਾਂ ? ਮੈਨੂੰ ਹਮੇਸ਼ਾ ਇਹੀ ਲਗਦਾ ਰਿਹਾ ਜਿਵੇ ਇਥੇ ਮੈਨੂੰ ਕੋਈ ਰੋਜ ਅਵਾਜਾਂ ਮਾਰਦਾ ਤੇ ਵਾਪਿਸ ਆਉਣ ਲਈ ਕਹਿੰਦਾ, ਮੇਰੇ ਆਉਣ ਦਾ ਜੇ ਇਥੇ ਕਿਸੇ ਨੂੰ ਨਹੀ ਸੀ ਪਤਾ ਤਾ ਜਰਮਨ ਵੀ ਬਿੰਦਰ ਤੇ ਕੁਲਦੀਪ ਤੋ ਬਿਨਾ ਕਿਸੇ ਹੋਰ ਨੂੰ ਕੋਈ ਖਬਰ ਨਹੀ, ਭਾਪਾ ਜੀ ਨੂੰ ਉਨਾ ਬਾਅਦ ਵਿੱਚ ਦੱਸਿਆ ਹੋਵੇਗਾ, ਏਅਰਪੋਰਟ ਤੇ ਰੋਦਿਆਂ ਨੂੰ ਛੱਡ ਆਇਆ, ਪਹਿਲਾ ਇਸੇ ਲਈ ਨਹੀ ਸੀ ਆ ਸਕਿਆ ਕਿ ਉਹ ਦੋਵੇ ਛੋਟੇ ਸਨ, ਹੁਣ ਪੈਰਾ ਤੇ ਹੋ ਗਏ ਆ, ਭਾਪਾ ਜੀ ਦੇ ਸਾਰੇ ਫਰਜ ਮੈਨੂੰ ਹੀ ਪੂਰੇ ਕਰਨੇ ਪਏ ਸਨ, ਹੁਣ ਬਿੰਦਰ ਕੁਲਦੀਪ ਦੀ ਦੇਖ ਭਾਲ ਕਰ ਸਕਦਾ ਆ, ਤੇ ਮੈਂ ਜਰਾ ਅਪਣੇ ਦਿਲ ਦੀ ਗੱਲ ਸੁਣ ਲਵਾਂ"। 
ਦੇਬੀ ਨੇ ਭੂਆ ਨੂੰ ਜੋ ਦੱਸਿਆ ਉਹ ਉਸ ਲਈ ਨਵਾਂ ਸੀ, ਹੁਣ ਉਸ ਨੂੰ ਪਤਾ ਸੀ ਕਿ ਉਸਦਾ ਭਰਾ ਜੋ ਗਿਆ ਮੁੜਿਆ ਕਿਓ ਨਹੀ, ਭੂਆ ਦਾ ਘਰ ਫਿਰ ਭਰਨਾ ਸ਼ੁਰੂ ਹੋ ਗਿਆ, ਜਿਨਾ ਨੂੰ ਰਾਤੀ ਲੇਟ ਪਤਾ ਲੱਗਿਆ ਉਹ ਹੁਣ ਆਉਣੇ ਸ਼ੁਰੂ ਹੋ ਗਏ,

"ਪੁੱਤ ਤੂੰ ਤਾ ਪਿਓ ਤੋ ਵੀ ਕੱਦ ਕੱਢ ਗਿਆ, ਮੇਰੀ ਨਜਰ ਨਾ ਲੱਗ ਜੇ"। 
ਸ਼ਰੀਕੇ ਵਿਚੋ ਇੱਕ ਚਾਚੀ ਦੇਬੀ ਦੇ ਸੁਹੱਪਣ ਤੋ ਬਹੁਤ ਪਰਭਾਵਿਤ ਹੋਈ।
"ਮਾਵਾਂ ਦੀ ਨਜਰ ਨੀ ਲਗਦੀ, ਮਾਂ ਦੀ ਨਜਰ ਵਿੱਚ ਤਾ ਰੱਬ ਦੀ ਤੱਕਣੀ ਹੁੰਦੀ ਆ, ਜਦੋ ਰੱਬ ਦਾ ਕਿਸੇ ਨੂੰ ਦੇਖਣ ਨੂੰ ਦਿਲ ਕਰੇ ਤਾ ਉਹ ਮਾਂ ਦੀ ਨਜਰ ਰਾਹੀ ਦੇਖਦਾ ਹੋਵੇਗਾ"। 
ਦੇਬੀ ਦੇ ਜਵਾਬ ਨੇ ਤੀਵੀਆਂ ਨੂੰ ਹੈਰਾਂਨ ਕਰ ਦਿੱਤਾ, ਐਸੇ ਸ਼ਬਦ ਉਨਾ ਕਦੇ ਪਹਿਲਾ ਨਹੀ ਸੀ ਸੁਣੇ, ਇਨੇ ਨੂੰ ਮੁੰਡਿਆ ਦੀ ਟੋਲੀ ਵੀ ਆ ਪਹੁੰਚੀ … 
"ਹਾਂ ਬਈ ਬਾਈ, ਤੜਕੇ ਈ ਉਠ ਗਿਆ ? ਲੈ ਅਸੀ ਚੱਲੇ ਆਂ ਕਾਲਜ ਤੇ ਸ਼ਾਮ ਤੱਕ ਜਰਾ ਕੋਈ ਚੱਕਰ ਚਲਾ ਰੱਖੀ, ਹਾਥੀਆਂ ਨਾਲ ਯਾਰੀਆਂ ਬਾਈ, ਬੂਹੇ ਜਰਾ ਉਚੇ ਈ ਰੱਖਣੇ ਪੈਣੇ ਆ, ਚਲੋ ਬਈ ਮਿਤਰੋ"। 
ਘੁੱਦੇ ਹੁਣੀ ਜਿਦਾ ਆਏ ਉਦਾਂ ਈ ਬੂਹਿਓ ਬਾਹਰ ਹੋ ਗੇ, ਭੂਆ ਚਾਹ ਲਈ ਵਾਜਾਂ ਹੀ ਮਾਰਦੀ ਰਹੀ,ਪਿੰਡ ਦੇ ਲੋਕ ਚਾਹ ਪਾਂਣੀ ਛਕ ਕੇ, ਦੇਬੀ ਕੋਲੋ ਬਾਹਰ ਦੀਆਂ ਗੱਲਾਂ ਸੁਣ ਕੇ ਘਰੋ ਘਰੀ ਤੁਰ ਗਏ, ਦੁਪਿਹਰਾ ਹੋ ਚੱਲਿਆ ਸੀ, ਦੇਬੀ ਹੈ ਤਾਂ ਸਖਤ ਜਾਂਨ ਸੀ ਪਰ ਭਾਰਤ ਦੀ ਗਰਮੀ ਉਸਨੇ ਪਹਿਲੀ ਵਾਰ ਦੇਖੀ ਸੀ, ਬੈਠਿਆ ਹੀ ਪਸੀਨਾ ਆਈ ਜਾਵੇ ਤੇ ਮੱਖੀਆ ਦੀ ਭੀਂ ਭੀਂ।
"ਨਿਰਮਲ ਬਾਈ ਚੱਲ ਜਰਾ ਬਾਹਰ ਖੁੱਲੀ ਹਵਾ ਲੈ ਕੇ ਆਈਏ"। 
ਦੇਬੀ ਖੇਤ ਤੇ ਨਾਲ ਹੀ ਸਕੂਲ ਦੇਖਣਾ ਚਾਹੁੰਦਾ ਸੀ, ਭੂਆ ਤੋ ਘੱਟ ਖੁਸ਼ੀ ਨਹੀ ਸੀ ਨਿਰਮਲ ਨੂੰ ਦੇਬੀ ਦੇ ਆਉਣ ਦੀ, ਭਾਵੇ ਉਸਨੂੰ ਘਰ ਵਿਚ ਪੂਰੀ ਆਜਾਦੀ ਸੀ ਪਰ ਸਰਦਾਰਾਂ ਦੀ ਕਮੀ ਉਸਨੂੰ ਸਦਾ ਰਹੀ, ਉਹ ਹੌਲੀ ਹੌਲੀ ਦੇਬੀ ਦਾ ਭੇਤ ਪਾ ਰਿਹਾ ਸੀ, ਦੇਬੀ ਉਹਨੂੰ ਬਹੁਤ ਸਿੱਧਾ ਜਿਹਾ ਲੱਗਿਆ, ਇਕੋ ਗੱਲ ਠੀਕ ਨਹੀ ਲੱਗੀ ਜਦੋ ਉਸਨੂੰ ਪਤਾ ਲੱਗਿਆ ਕਿ ਦੇਬੀ ਸ਼ਰਾਬ ਨਹੀ ਪੀਦਾ, ਬਾਹਰਲੀ ਸ਼ਰਾਬ ਪੀਣ ਦਾ ਉਹਦਾ ਸੁਪਨਾ ਟੁੱਟਦਾ ਸੀ, ਦੇਬੀ ਤੇ ਨਿਰਮਲ ਖੇਤਾ ਵੱਲ ਤੁਰ ਪਏ, ਦੇਬੀ ਨੇ ਏਅਰਪੋਰਟ ਦੀ ਡਿਊਟੀ ਫਰੀ ਦੁਕਾਨ ਤੋ ਕੁੜਤੇ ਪਜਾਮੇ ਖਰੀਦੇ ਸਨ, ਕੁੜਤਾ ਪਜਾਮਾ ਪਾਈ ਉਹ ਕਿਸੇ ਪੰਜਾਬੀ ਫਿਲਮ ਦੇ ਗੁਗੂ ਗਿੱਲ ਤੋ ਘੱਟ ਨੀ ਸੀ ਲਗਦਾ, ਭੂਆ ਨੇ ਮਿਰਚਾਂ ਵਾਰ ਕੇ ਚੁੱਲੇ ਲਿਆ ਸੁੱਟੀਆਂ, ਦੇਬੀ ਹੁਣਾ ਦੇ ਖੇਤ ਕੁੱਝ ਪਿੰਡ ਦੀ ਨਿਆਈ ਵੱਲ ਰਾਹ ਦੇ ਨਾਲ ਨਾਲ ਅਤੇ ਕੋਈ ਦਸ ਕੁ ਖੇਤ ਜੋ ਬਾਅਦ ਵਿੱਚ ਕਨੇਡਾ ਵਾਲਿਆ ਦੀ ਕਮਾਈ ਨਾਲ ਬਣੇ ਸੀ ਉਹ ਪਿੰਡੋ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਸਨ, ਉਸ ਘਰ ਦੇ ਮਾਲਕ ਵੀ ਬਾਹਰ ਗਏ ਹੋਏ ਸਨ ਤੇ ਪਿੱਛੇ ਕੋਈ ਨਾ ਹੋਣ ਕਰਕੇ ਸ਼ਰੀਕਾ ਦੇ ਕਬਜੇ ਤੋ ਡਰਦੇ ਸਭ ਵੇਚ ਗਏ ਸਨ, ਇੱਕ ਛੋਟਾ ਜਿਹਾ ਮਕਾਂਨ ਖੇਤਾ ਵਿੱਚ ਬਣਿਆ ਹੋਇਆ ਸੀ,ਰਾਹੇ ਰਾਹੇ ਉਹ ਹਾਲੇ ਜਾ ਹੀ ਰਹੇ ਸਨ ਕਿ ਪਿੰਡ ਵੱਲੋ ਇੱਕ ਲੰਡੀ ਜਿਹੀ ਜੀਪ ਹਵਾ ਨਾਲ ਗੱਲਾਂ ਕਰਦੀ ਆ ਰਹੀ ਸੀ, ਉਨਾ ਦੇ ਨੇੜੇ ਆ ਕੇ ਜੀਪ ਵਾਲੇ ਨੇ ਜੋਰਦਾਰ ਬਰੇਕ ਲਗਾਏ ਤੇ ਡਰਾਈਵਰ ਸੀਟ ਤੇ ਬੈਠਾ ਗੱਭਰੂ ਛਾਲ ਮਾਰ ਕੇ ਥੱਲੇ ਉਤਰਿਆ … 
"ਬਾਈ ਜੀ ਜੇ ਪਤਾ ਨਾਂ ਹੁੰਦਾ ਬਈ ਤੁਸੀ ਆਏ ਓ ਤਾ ਸੱਤ ਜਨਮ ਮੈਥੋ ਨੀ ਸੀ ਪਛਾਣਿਆ ਜਾਣਾ"। ਤੇ ਨਾਲ ਹੀ ਉਸ ਨੇ ਹੱਥ ਅੱਗੇ ਵਧਾ ਦਿੱਤਾ, ਦੇਬੀ ਨੇ ਗੱਭਰੂ ਨੂੰ ਪਛਾਣਿਆ ਨਹੀ ਸੀ, ਗਲ ਵਿੱਚ ਸੋਨੇ ਦੀ ਮੋਟੀ ਚੇਨ, ਉਗਲਾਂ ਵਿੱਚ ਅਗੂੰਠੀਆਂ, ਮਹਿੰਗੇ ਕੱਪੜੇ ਤੇ ਦੂਰ ਤੱਕ ਮਹਿਕ ਖਿਲਾਰਦਾ ਕੋਈ ਇਮਪੋਰਟਡ ਪਰਫਿਊਮ … ।
"ਬਾਈ ਇਹ ਅਪਣਾ ਦਲੀਪ, ਹਜਾਰਾ ਸਿੰਘ ਦਾ ਮੁੰਡਾ"। 
ਨਿਰਮਲ ਨੂੰ ਪਤਾ ਲੱਗ ਗਿਆ ਸੀ ਕਿ ਦੇਬੀ ਕੋਲੋ ਉਹ ਪਛਾਣ ਨਹੀ ਸੀ ਹੋ ਰਿਹਾ।
"ਓ ਦਲੀਪੇ, ਕਿਆ ਬਾਤ ਆ ਯਾਰ ਕਿਸੇ ਫਿਲਮ ਵਿੱਚ ਕੰਮ ਕਰਦਾ"।
ਦੇਬੀ ਉਹਦੀ ਪਰੈਸਨੈਲਿਟੀ ਦੇਖ ਕੇ ਬੋਲਿਆ।
ਇਹ ਦਲੀਪ ਦੀਪੀ ਦਾ ਛੋਟਾ ਭਰਾ ਸੀ, ਦਲੀਪ ਦਾ ਪਿਓ ਇੱਕ ਛੋਟਾ ਜਿਹਾ ਜਿਮੀਦਾਰ ਹੋਇਆ ਕਰਦਾ ਸੀ, ਬੜਾ ਅੱਖੜ ਸੁਭਾਅ ਦਾ ਸੀ ਪਰ ਇਨਸਾਫ ਪਸੰਦ, ਪਿੰਡ ਦੇ ਲੋਕ ਬਾਹਲਾ ਉਹਦੇ ਮੂੰਹ ਨਹੀ ਸੀ ਲੱਗਦੇ, ਜਾਂ ਕਹਿ ਲਓ ਡਰਦੇ ਸਨ, ਹਜਾਰਾ ਸਿੰਘ ਦੀ ਯਾਰੀ ਸ਼ਰਾਬ ਦੇ ਠੇਕੇਦਾਰਾਂ ਨਾਲ ਸੀ, ਦਸ ਸਾਲ ਪਹਿਲਾ ਹੋਈ ਐਮ ਐਲ ਏ ਦੀ ਇਲੈਕਸ਼ਨ ਵਿੱਚ ਠੇਕੇਦਾਰ ਦਾ ਭਰਾ ਖੜਾ ਸੀ ਤੇ ਹਜਾਰਾ ਸਿੰਘ ਨੇ ਡਟ ਕੇ ਉਸਦੀ ਮਦਦ ਕੀਤੀ ਸੀ, ਇਲੈਕਸ਼ਨ ਜਿੱਤਣ ਤੋ ਬਾਅਦ ਹਜਾਰਾ ਸਿੰਘ ਨੂੰ ਇਨਾਮ ਦੇ ਰੂਪ ਵਿੱਚ ਠੇਕੇ ਦੀ ਇੱਕ ਬਰਾਂਚ ਮਿਲ ਗਈ, ਉਸ ਦਿਨ ਤੋ ਬਾਅਦ ਹਰ ਦਿਨ ਹਜਾਰਾ ਸਿੰਘ ਦੀ ਤਰੱਕੀ ਦਾ ਸੀ, ਲੋਕ ਹੁਣ ਉਸ ਨੂੰ ਠੇਕੇਦਾਰ ਕਹਿਣ ਲੱਗ ਪਏ, ਸਰਕਾਰੇ ਦਰਬਾਰੇ ਥੋੜੀ ਬਹੁਤ ਚੱਲਣ ਲੱਗ ਪਈ, ਅੱਜ ਠੇਕੇਦਾਰ ਬਹੁਤ ਸਰਦਾ ਪੁੱਜਦਾ ਬੰਦਾ ਗਿਣਿਆ ਜਾਦਾ ਹੈ।
"ਬਾਈ ਲਗਦਾ ਤਾ ਤੂੰ ਕਿਸੇ ਫਿਲਮ ਦਾ ਹੀਰੋ ਆ, ਫੂਕ ਮੈਨੂੰ ਛਕਾਈ ਜਾਨਾਂ"। 
ਦਲੀਪ ਹੱਸ ਕੇ ਬੋਲਿਆ।
"ਲਫੰਡਰ ਸਾਰੇ ਤਾ ਬੱਸੇ ਚੜ ਗੇ, ਤੂੰ ਕਿਹੜੇ ਕਾਲਜ ਜਾਨਾਂ"। ਦੇਬੀ ਨੇ ਜਾਨਣਾ ਚਾਹਿਆ ਆਪਾਂ ਪੜ ਕੇ ਕੀ ਲੈਣਾ, ਨੌਕਰੀ ਵੈਸੇ  ਲਈਦਾ, ਐਵੇ ਕਿਤਾਬਾਂ ਨਾਲ ਕੌਣ ਮੱਥਾ ਮਾਰੇ"। ਦਲੀਪ ਨੇ ਆਪਣੀ ਕਵਾਲੀਫਿਕੇਸ਼ਨ ਤੇ ਚਾਨਣਾ ਪਾਇਆ, ਦੋ ਚਾਰ ਇਧਰਲੀਆਂ ਓਧਰਲੀਆਂ ਮਾਰ ਕੇ ਦਲੀਪ ਰਫੂ ਚੱਕਰ ਹੋ ਗਿਆ, ਦੇਬੀ ਹੁਣੀ ਅੱਗੇ ਨਿਕਲ ਗਏ, ਸਕੂਲ ਦੀ ਇਮਾਰਤ ਕੋਲ ਆ ਕੇ ਦੇਬੀ ਰੁਕ ਗਿਆ, ਸਾਰਾ ਨਕਸ਼ਾ ਬਦਲਿਆ ਹੋਇਆ ਸੀ, ਇੱਕ ਕੋਠੇ ਦੀ ਥਾਂ ਚਾਰ ਕਮਰੇ ਤੇ ਇੱਕ ਬਰਾਂਡਾ ਬਣਿਆਂ ਪਿਆ ਸੀ, ਪਰਾਇਮਰੀ ਤੋਂ ਮਿਡਲ ਸਕੂਲ ਬਣਿਆਂ ਪਿਆ ਸੀ, ਜੇ ਨਹੀ ਸੀ ਬਦਲਿਆ ਤਾਂ ਬੱਚਿਆਂ ਦਾ ਚੀਕ ਚਿਹਾੜਾ, ਦੋ ਮੈਡਮਾ ਕੁਰਸੀਆਂ ਤੇ ਬੈਠੀਆਂ ਸਨ, ਨਿਰਮਲ ਨਾਲ ਫਿਰਦੇ ਅਜਨਬੀ ਨੂਂੰ ਉਤਸੁਕਤਾ ਨਾਲ ਦੇਖ ਰਹੀਆਂ ਸਨ, ਦੇਬੀ ਨੇ ਦੇਖਿਆ ਕੋਈ ਮਾਸਟਰ ਨਹੀ ਦਿਸਿਆ ਖਾਸ ਤੌਰ ਤੇ ਗਿਆਨੀ ਮਾਸਟਰ ਨਜਰ ਨਹੀ ਆਇਆ।
"ਬਾਈ ਆਪਣੇ ਪਿੰਡ ਇੱਕ ਗਿਆਨੀ ਮਾਸਟਰ ਹੁੰਦਾ ਸੀ, ਉਹ ਹੁਣ ਵੀ ਪੜਾਉਦਾ ?"।
ਦੇਬੀ ਨੇ ਸਵਾਲ ਰੱਖਿਆ।
"ਬਾਈ ਜੀ, ਉਹ ਤਾਂ ਕਈ ਸਾਲਾਂ ਦਾ ਲਟੈਰ ਹੋਇਆ, ਕਦੇ ਕਦੇ ਅੱਡੇ ਤੇ ਮਿਲ ਪੈਂਦਾ, ਸ਼ਹਿਰੋ ਆਉਦਾ ਜਾਂਦਾ"। ਨਿਰਮਲ ਨੇ ਦੱਸਿਆ।
ਸਕੂਲ ਨੇ ਦੇਬੀ ਦੀਆਂ ਅੱਖਾਂ ਅੱਗੇ ਇੱਕ ਵਾਰ ਫਿਰ ਪੇਪਰ ਵੇਟ ਘੁਮਾ ਦਿੱਤਾ, ਫਿਰ ਘੁੱਦੇ ਦੀ ਚੀਕ ਤੇ ਦੀਪੀ ਦੇ ਹਾਉਕੇ, ਸਾਰਾ ਕੁੱਝ ਧੁੰਦਲਾ ਜਿਹਾ ਪਰ ਉਸਨੂੰ ਇੱਕ ਇਕ ਗੱਲ ਯਾਦ ਸੀ, ਜਦੋ ਉਹ ਭੈਣ ਭਰਾ ਨਾਲ ਜਰਮਨ ਚਲੇ ਗਿਆ ਤਾ ਕਈ ਦਿਨ ਉਸ ਨੂੰ ਨੀਦ ਨਹੀ ਸੀ ਆਈ, ਉਹ ਪਿੰਡ ਨੂੰ ਯਾਦ ਕਰ ਹਾਉਕੇ ਭਰਦਾ ਰਹਿੰਦਾ, ਆਉਣ ਵੇਲੇ ਦੀਪੀ ਨੂੰ ਦੇਖ ਵੀ ਨਾ ਸਕਿਆ, ਭਾਵੇ ਉਹ ਹਾਲੇ ਬੱਚੇ ਹੀ ਸਨ ਤੇ ਮਰਦ ਔਰਤ ਦੇ ਫਰਕ ਤੋ ਬਾਹਲੇ ਵਾਕਿਫ ਨਹੀ ਸੀ ਪਰ ਬੱਚੇ ਦੇ ਮਨ ਦੀ ਗਹਿਰਾਈ ਬਾਲਿਗਾ ਕੋਲ ਵੀ ਨਹੀ ਹੁੰਦੀ, ਬੱਚਾ ਨਿਰਦੋਸ਼ ਹੈ, ਬੱਚੇ ਦਾ ਪਰੇਮ ਜਰੂਰ ਸੱਚਾ ਹੋਵੇਗਾ, ਬੱਚੇ ਦਾ ਮਨ ਹਾਲੇ ਦੂਸ਼ਿਤ ਨਹੀ ਹੋਇਆ, ਦੇਬੀ ਨੂੰ ਪਤਾ ਨਹੀ ਸੀ ਕਿ ਦੀਪੀ ਉਹਨੂੰ ਚੰਗੀ ਕਿਉ ਲਗਦੀ ਸੀ ਬੱਸ ਮਨ ਦੇ ਕਿਸੇ ਕੋਨੇ ਵਿਚ ਕੋਈ ਅਹਿਸਾਸ ਸੀ ਜੋ ਦੀਪੀ ਨੂੰ ਕੁੱਝ ਖਾਸ ਮਹੱਤਤਾ ਦਿੰਦਾ ਸੀ, ਮਾਸਟਰ ਜੀ ਹੱਥੋ ਪੈਣ ਵਾਲੀ ਕੁੱਟ ਜੇ ਦੀਪੀ ਨੂੰ ਪੈਂਦੀ ਤਾ ਉਸ ਨੂੰ ਪੀੜ ਵੱਧ ਹੋਣੀ ਸੀ, ਅੱਜ ਦੇਬੀ ਨੂੰ ਪਤਾ ਹੈ ਕਿ ਇਹ ਜੋ ਜਜਬਾ ਉਸ ਅੰਦਰ ਦੀਪੀ ਲਈ ਸੀ ਇਸ ਨੂੰ ਹੀ ਬਾਲਿਗ ਲੋਕ ਪਰੇਮ ਕਹਿੰਦੇ ਨੇ, ਇਸ਼ਕ ਕਹਿੰਦੇ ਹਨ। ਦੀਪੀ ਨਾਲ ਹੋਈ ਪਹਿਲੀ ਮੁਲਾਕਤ ਨੇ ਹੀ ਦੱਸ ਦਿੱਤਾ ਸੀ ਕਿ ਭਾਵੇ ਅੱਠ ਹਜਾਰ ਕਿਲੋਮੀਟਰ ਦਾ ਫਾਸਲਾ ਸੀ ਪਰ ਪਰੇਮ ਏਧਰ ਵੀ ਕੋਈ ਘੱਟ ਨਹੀ ਸੀ, ਦੇਬੀ ਦੇ ਵਾਪਿਸ ਮੁੜਨ ਦਾ ਮੁੱਖ ਕਾਰਨ ਵੀ ਇਸ਼ਕ ਦਾ ਜੋਰ ਸੀ, ਵਾਕਿਆ ਹੀ ਇਹ ਪਰੇਮ ਦੀ ਹੀ ਤਾਕਤ ਰਹੀ ਹੋਵੇਗੀ ਕਿ ਜੋ ਦੇਬੀ ਜਰਮਨ ਛੱਡ ਕੇ ਪੰਜਾਬ ਦੀ ਗਰਮੀ ਫੱਕਣ ਆ ਗਿਆ ਸੀ, ਹੁਣ ਉਸਨੂੰ ਸਮਝ ਆ ਰਹੀ ਸੀ ਕਿ ਰਾਝੇ ਨੇ ਤਖਤ ਹਜਾਰੇ ਨੂੰ ਕਿਓ ਛੱਡਿਆ ਸੀ ਤੇ ਮੱਝਾਂ ਚਰਾਉਣ ਜਿਹਾ ਉਚ ਕੋਟੀ ਦਾ ਕੰਮ ਕਿਓ ਕੀਤਾ ਸੀ।

ਕਾਂਡ 4

ਬੱਸ ਕਾਲਜ ਦੇ ਸਾਹਮਣੇ ਰੁਕੀ, ਸਭ ਉਤਰ ਕੇ ਕਲਾਸ ਰੂਮਾਂ ਵੱਲ ਤੁਰ ਪਏ, ਦੀਪੀ ਦੇ ਪੈਰ ਅੱਜ ਕਾਲਜ ਵੱਲ ਨੂੰ ਨਹੀ ਸੀ ਜਾਣਾ ਚਾਹੁੰਦੇ, ਦਿਲ ਕਰਦਾ ਸੀ ਕਿ ਮੁੜਦੀ ਬੱਸੇ ਬੈਠੇ ਤੇ ਭੂਆ ਦਾ ਘਰ ਜਿਹੜਾ ਹੁਣ ਉਸ ਨੂੰ ਤਾਜ ਮਹਿਲ ਤੋ ਘੱਟ ਨੀ ਸੀ ਲਗਦਾ ਉਥੇ ਟਾਹਲੀ ਥੱਲੇ ਬੈਠੀ ਰਹੇ ਤੇ ਦੇਬੀ ਨੂੰ ਗੱਲਾ ਕਰਦੇ ਦੇਖਦੀ ਰਹੇ।
"ਨੀ ਕੱਲ ਦੀ ਬੋਲਣੋ ਈ ਹਟ ਗੀ, ਤੈਨੂੰ ਕੀ ਲੜ ਗਿਆ ?" ।
ਪੰਮੀ ਨੂੰ ਯਕੀਨ ਹੋ ਗਿਆ ਸੀ ਕਿ ਦਾਲ ਵਿਚ ਕੁੱਝ ਕਾਲਾ ਆ, ਪੇਪਰ ਵੇਟ ਵਾਲੀ ਘਟਨਾ ਬਹੁਤਿਆ ਨੂੰ ਹਾਲੇ ਯਾਦ ਸੀ।
"ਲੈ ਬੋਲਣੋ ਕਾਨੂੰ ਹਟਗੀ, ਬੰਦਾ ਕਦੇ ਸੀਰੀਅਸ ਵੀ ਤਾ ਹੋ ਈ ਸਕਦਾ"। 
ਦੂਜੀ ਨੇ ਟਕੋਰ ਲਾਈ।
"ਦੁਖੀਆ ਨੂੰ ਬਾਹਲਾ ਦੁਖੀ ਨੀ ਕਰੀਦਾ, ਲਾਸਾਂ ਮਜਨੂੰ ਦੇ ਪਈਆ ਸੀ ਦਰਦ ਤਾ ਲੈਲਾ ਦੇ ਹੋਇਆ"। 
ਟੋਲੀ ਵਿਚੋ ਇੱਕ ਹੋਰ ਬੋਲੀ।
"ਹੁਣ ਕਾਹਦਾ ਦੁੱਖ ? ਹੁਣ ਤਾ ਚੰਨ ਬੱਦਲਾਂ ਉਹਲੇ ਨਹੀ, ਦਿਨ ਵਿੱਚ ਦੋ ਵਾਰੀ ਦਿਸੂ, ਬੱਸ ਐਤਵਾਰ ਦਾ ਈ ਪੰਗਾ, ਉਹਦਾ ਵੀ ਕੋਈ ਇਲਾਜ ਲੱਭ ਲਵਾਗੇ"। 
ਪੰਮੀ ਨੂੰ ਦੀਪੀ ਦੀ ਉਦਾਸੀ ਚੰਗੀ ਨੀ ਸੀ ਲਗਦੀ, ਉਹ ਉਸ ਨੂੰ ਖੁਸ਼ ਦੇਖਣਾ ਚਾਹੁੰਦੀ ਸੀ। ਟੋਲਾ ਏਹੋ ਜਿਹੀਆ ਮਸ਼ਕਰੀਆ ਕਰਦਾ ਆਪੋ ਆਪਣੇ ਕਲਾਸ ਰੂਮਾਂ ਵੱਲ ਤੁਰ ਪਿਆ,ਏਧਰ ਦੇਬੀ ਸਕੂਲ ਕੋਲ ਦੀ ਹੁੰਦਾ ਹੋਇਆ ਖੇਤਾ ਦਾ ਗੇੜਾ ਕੱਢਦੇ ਸੋਚ ਰਿਹਾ ਸੀ ਕਿ ਜਦੋ ਦੀਪੀ ਹੁਣਾ ਨੇ ਆਉਣਾ ਉਦੋ ਮੁੰਡਿਆ ਦੀ ਜੁੰਡੀ ਵੀ ਟਪਕਣੀ ਆ ਤੇ ਏਨਾ ਦਾ ਕੀ ਇਲਾਜ ਕੀਤਾ ਜਾਵੇ ? ਐਸਾ ਚੱਕਰ ਚਲਾਵਾਂ ਕਿ ਦੋ ਪਲ ਕੱਲਿਆ ਨੂੰ ਮਿਲ ਜਾਂਣ, ਸੋਚਦੇ ਸੋਚਦੇ ਉਨੂੰ ਸੌਖੀ ਤੇ ਵਧੀਆ ਤਰਕੀਬ ਲੱਭੀ।

"ਨਿਰਮਲ ਬਾਈ ਨਸ਼ਾ ਨੁਸ਼ਾ ਕਰ ਲੈਨਾ ?" ।
ਦੇਬੀ ਨੇ ਪੱਛਿਆ।
"ਹੀ,ਹੀ, ਹੀ, ਬੱਸ ਬਾਈ ਜੀ ਕਦੇ ਕਦੇ, ਹੀ, ਹੀ"। 
ਨਿਰਮਲ ਦੇ ਕੰਨ ਨਸ਼ੇ ਦਾ ਨਾਂ ਸੁਣ ਕੇ ਸ਼ਿਕਾਰੀ ਕੁੱਤੇ ਵਾਂਗ ਖੜੇ ਹੋ ਗਏ, ਉਹ ਰੋਜ ਦੀ ਪੀਣ ਵਾਲਾ ਸੀ ਪਰ ਹੋਸ਼ ਨਾਲ ਪੀਦਾ ਸੀ, ਤੀਜੇ ਪੈਗ ਬਾਅਦ ਕਹਿ ਦਿੰਦਾ ਸੀ,
"ਬੱਸ ਬਾਈ ਜੀ ਆਪਾ ਹੁਣ ਚੱਲੇ ਆਂ ਸੌਣ, ਕੱਲ ਨੂੰ ਕੰਮ ਵੀ ਕਰਨਾ"। 
ਭੂਆ ਨੂੰ ਕਦੇ ਉਸ ਨੂੰ ਝਿੜਕਣਾ ਨਹੀ ਸੀ ਪਿਆ, ਇਹੀ ਕਾਰਨ ਸੀ ਕੀ ਨਿਰਮਲ ਨੌਕਰ ਘੱਟ ਤੇ ਘਰ ਦਾ ਮੈਂਬਰ ਜਿਆਦਾ ਸੀ।
"ਮੈ ਆਪ ਤਾ ਪੀਦਾ ਨੀ, ਪਰ ਤੁਹਾਡਾ ਗਲਾ ਮੇਰੇ ਕਰਕੇ ਖੁਸ਼ਕ ਰਹੇ ਇਹ ਵੀ ਕੋਈ ਬਾਹਲੀ ਮਾਰਕੇ ਦੀ ਗੱਲ ਨਹੀ, ਨਾਲੇ ਉਹ ਘੁੱਦੇ ਹੁਣੀ ਕਿਹੜਾ ਬਾਜ ਆਉਣ ਵਾਲੇ ਆ, ਤੂੰ ਏਦਾ ਕਰ ਬਈ ਉਨਾ ਦੇ ਆਉਣ ਤੋ ਪਹਿਲਾ ਈ ਅੱਡੇ ਤੇ ਚਲਿਆ ਜਾ ਤੇ ਜਿਥੇ ਜਾਣਾ ਚਾਹੁਣਗੇ ਨਾਲ ਚਲੇ ਜਾਈ ਤੇ ਜੋ ਕਹਿਣਗੇ ਖਾ ਪੀ ਲਿਓ ਨਾਲੇ ਕਹਿ ਦੀ ਕਿ ਬਾਈ ਆਪ ਨੀ ਆ ਸਕਦਾ"। ਦੇਬੀ ਦੀ ਗੱਲ ਸੁਣ ਨਿਰਮਲ ਖੁਸ਼ ਹੋ ਗਿਆ, ਵੈਸੇ ਉਹ ਸੋਚਦਾ ਹੀ ਪਿਆ ਸੀ ਕਿ ਅੱਜ ਬਾਈ ਦੀ ਹਾਜਰੀ ਵਿੱਚ ਪੈੱਗ ਕਿਵੇ ਲਾਊ, ਦੇਬੀ ਨੇ ਜੇਬ ਵਿੱਚ ਹੱਥ ਪਾਇਆ ਤੇ ਬੋਲਿਆ, 
"ਕਿੰਨੇ ਪੈਸੇ ਦੇਵਾਂ ?"
"ਬਾਈ ਜੀ ਪੈਸੇ ਜੇਬ ਵਿੱਚ ਰੱਖੋ ਅਸੀ ਵੀ ਐਥੇ ਕਮਾਈ ਕੀਤੀ ਆ"।
ਨਿਰਮਲ ਕੋਲ ਹਰ ਵਕਤ ਲੋੜ ਜੋਗੇ ਪੈਸੇ ਮੌਜੂਦ ਰਹਿੰਦੇ ਸਨ।
ਦੁਪਹਿਰਾ ਲੰਘ ਗਿਆ, ਨਿਰਮਲ ਸਾਈਕਲ ਚੱਕ ਕੇ ਅੱਡੇ ਵੱਲ ਤੁਰ ਪਿਆ ਤੇ ਦੇਬੀ ਸੋਚਣ ਲੱਗ ਪਿਆ ਕਿ ਜਿਸ ਰਸਤੇ ਉਹ ਤੁਰ ਰਿਹਾ ਉਹਦੀ ਮੰਜਿਲ ਪਤਾ ਨਹੀ ਕੀ ਹੋਵੇ ਪਰ ਜਿੰਨੇ ਪਲ ਹਨ ਖੁਸ਼ ਹੋ ਕੇ ਗੁਜਾਰਨੇ ਆਂ, ਦੀਪੀ ਦਾ ਪਿੰਡ ਦੀ ਧੀ ਭੈਣ ਹੋਣਾ ਉਸਦੇ ਰਾਹ ਵਿੱਚ ਵੱਡਾ ਰੋੜਾ ਸੀ, ਦੇਬੀ ਭਾਰਤੀ ਸਮਾਜ ਦੀਆਂ ਕਦਰਾਂ ਕੀਮਤਾ ਨੂੰ ਪਛਾਂਨਣ ਵਾਲਾ ਅਤੇ ਫਰਜਾ ਤੇ ਪਹਿਰਾ ਦੇਣ ਵਾਲਾ ਸੀ ਪਰ ਬਹੁਤ ਸਾਰੀਆਂ ਬੇਲੋੜੀਆਂ ਰਸਮਾਂ ਦੇ ਵਿਰੋਧ ਵਿੱਚ ਉਹ ਬਾਗੀ ਵੀ ਬਹੁਤ ਮਜਬੂਤ ਕਿਸਮ ਦਾ ਸੀ, ਫਿਲਹਾਲ ਤਾ ਸਥਿਤੀ ਇਹ ਸੀ ਕਿ ਪਰੇਮ ਦਾ ਕੋਈ ਇਜਹਾਰ ਵੀ ਨਹੀ ਹੋਇਆ, ਦੋਨਾ ਨੇ ਦਿਲ ਹੀ ਦਿਲ ਵਿਚ ਪਰੇਮ ਨੂੰ ਪਿਆਰਿਆ ਸੀ, ਦਿਲ ਭਾਵੇ ਗਵਾਹੀ ਭਰਦਾ ਸੀ, ਪਰ ਕੰਨ ਸੁਣਨਾ ਚਾਹੁੰਦੇ ਸਨ ਕਿ ਹਾਂ, ਪਰੇਮ ਹੈ,ਜੋ ਬਾਅਦ ਵਿੱਚ ਹੋਵੇਗਾ ਉਸਦਾ ਵੀ ਕੋਈ ਇਲਾਜ ਰੱਬ ਕਰ ਦੇਵੇਗਾ, ਫਿਲਹਾਲ ਕੁੱਝ ਸ਼ੁਰੂਆਤ ਤਾਂ ਹੋਵ, ਦੇਬੀ ਨੂੰ ਸੋਚਦੇ ਇਸ ਚੀਜ ਦੀ ਹੋਸ਼ ਨਹੀ ਸੀ ਕਿ ਉਹ ਕਿੰਨੀ ਦੇਰ ਧੁੱਪੇ ਫਿਰਦਾ ਰਿਹਾ, ਪਸੀਨੇ ਨਾਲ ਤਰ ਬਤਰ ਹੋਇਆ ਘਰ ਪਹੁੰਚਿਆ ਤਾ ਭੂਆ ਕਹਿਣ ਲੱਗੀ।।
"ਵੇ ਜੀਣ ਜੋਗਿਆ ਐਨੀ ਧੁੱਪੇ ਕਾਨੂੰ ਬਾਹਰ ਫਿਰਦਾ ਆ ਪੱਖੇ ਅੱਗੇ ਬੈਠ"। 
"ਭੂਆ ਮੈ ਸੋਚਿਆ ਜਰਾ ਗਰਮੀ ਨਾਲ ਜਾਣ ਪਛਾਂਣ ਕਰ ਲਵਾਂ ਹੁਣ ਇਹਦੇ ਤੋ ਭੱਜ ਕੇ ਜਾਊ ਵੀ ਕਿੱਥੇ"। 
ਹੱਸਦੇ ਦੇਬੀ ਨੇ ਕਿਹਾ ਤੇ ਨਾਲ ਹੀ ਬਾਥਰੂਮ ਵਿੱਚ ਜਾ ਵੜਿਆ, ਸੱਜਣਾ ਦੇ ਆਉਣ ਤੋ ਪਹਿਲਾ ਉਹ ਅਪਣੀ ਹਾਲਤ ਸੁਧਾਰਨੀ ਚਾਹੁੰਦਾ ਸੀ, ਕੁਝ ਦੇਰ ਬਾਅਦ ਬਾਹਰ ਆ ਕੇ ਭੂਆ ਨਾਲ ਗੱਲੀ ਪੈ ਗਿਆ ।

"ਭੂਆ ਅਪਣੇ ਘਰ ਐਸੀ ਕਿਹੜੀ ਚੀਜ ਆ ਜਿਸ ਨੂੰ ਪੀ ਕੇ ਕਾਲਜੇ ਠੰਡ ਪੈ ਜਾਵੇ ?"।
ਦੇਬੀ ਚਾਹੁੰਦਾ ਸੀ ਸੱਜਣਾ ਨੂੰ ਕੁਝ ਪਿਆਇਆ ਜਾਵੇ।
"ਪੁੱਤ ਸ਼ਕੰਜਵੀ ਬਣਾ ਦਿੰਨੇ ਆ, ਜਾਂ ਫਿਰ ਲੱਸੀ ਚ ਖੰਡ ਪਾ ਕੇ ਪੀ ਲਾ, ਜੇ ਕੋਈ ਬੱਤਾ ਪੀਣ ਨੂੰ ਦਿਲ ਕਰਦਾ ਤਾ ਫੇ ਦੁੱਧ ਸੋਢਾ ਬਣਵਾ ਲੈ, ਬੱਤੇ ਅੱਡਿਓ ਮੰਗਵਾ ਲੈਨੇ ਆ, ਦੁੱਧ ਤੇ ਬਰਫ ਫਰਿੱਜ ਚ ਪਏ ਆ"। 
ਭੂਆ ਨੇ ਕਈ ਤਰੀਕੇ ਗਿਣਾ ਤੇ।
"ਭੂਆ ਦੁੱਧ ਸੋਢਾ ਕਦੇ ਜਰਮਨ ਵਿੱਚ ਨਹੀ ਪੀਤਾ, ਅੱਜ ਇਹੀ ਪੀਨੇ ਆਂ, ਪਰ ਅੱਡਿਓ ਇਹ ਬੱਤੇ ਕੌਣ ਲਿਆਊ ?"।
ਦੇਬੀ ਨੇ ਘੜੀ ਵੱਲ ਦੇਖਿਆ, ਤਿੰਨ ਵੱਜ ਗਏ ਸਨ।
"ਲੈ ਇਹ ਕਿਹੜੀ ਗੱਲ ਆ ਹੁਣੇ ਘੱਲਦੀ ਆ ਕਿਸੇ ਨੂੰ।" ਭੂਆ ਨੇ ਆਲਾ ਦੁਆਲਾ ਦੇਖਿਆ, ਥੋੜੀ ਦੂਰ ਗਵਾਂਢੀ ਜਿਮੀਦਾਰਾ ਦੇ ਭਈਏ ਕੰਮ ਕਰਦੇ ਸਨ, ਭੂਆ ਨੇ ਜੋਰਦਾਰ ਵਾਜ ਮਾਰੀ, ਵੇ ਰਾਮੂ … । ਜਦੌ ਭਈਆ ਨੇ ਦੇਖਿਆ ਕਿ ਭੂਆ ਹੱਥ ਦੇ ਇਸ਼ਾਰੇ ਨਾਲ ਬੁਲਾ ਰਹੀ ਹੈ ਤਾ ਉਨਾ ਵਿਚੋ ਇੱਕ ਭੱਜਾ ਆਇਆ।
"ਹਾਂ ਜੀ ਬੀਬੀ ਜੀ"। 
ਉਹ ਹੱਥ ਜੋੜੀ ਖੜਾ ਸੀ।
"ਵੇ ਕਾਕਾ ਜਾ ਅੱਡਿਓ ਬੱਤਿਆ ਦੀ ਪੇਟੀ ਲੈ ਕੇ ਆ, ਉਹ ਜਿਹੜੇ ਖੱਟੇ ਰੰਗ ਦੇ ਹੁੰਦੇ ਆ, ਦੱਧ ਸੋਡਾ ਬਣਾਉਣਾ ਨਾਲੇ ਆਵਦੇ ਲਈ ਕੋਈ ਚੀਜ ਖਰੀਦ ਲਿਆਈ"। ਖੀਸੇ ਵਿੱਚੋ ਪੈਸੇ ਕੱਢ ਕੇ ਦਿੰਦੀ ਭੂਆ ਨੇ ਕਿਹਾ, ਭੂਆ ਨੇ ਭਈਆ ਨੂੰ ਕਈ ਵਾਰ ਅੱਡੇ ਘੱਲਿਆ ਸੀ।
"ਰਾਮੂ ਜੀ ਜਰਾ ਜਲਦੀ ਵਾਪਿਸ ਆਉਣਾ"। 
ਦੇਬੀ ਨਹੀ ਸੀ ਚਾਹੁੰਦਾ ਕਿ ਦੁੱਧ ਸੋਢੇ ਦੀ ਥਾਂ ਕੁੱਝ ਹੋਰ ਪਿਆਉਣਾ ਪਵੇ।
"ਓ ਪਾਅ ਜੀ ਤੁਸੀ ਦੁੱਧ ਕੱਢ ਕੇ ਠੰਡਾ ਕਰੋ, ਬੱਤੇ ਬੱਸ ਆਏ ਸਮਝੋ"। 
ਤੇ ਬਿਨਾ ਰੁਕੇ ਅੱਡੇ ਵੱਲ ਦੌੜ ਤੁਰਿਆ, ਭੂਆ ਉੱਠ ਕੇ ਰਸੋਈ ਵੱਲ ਨੂੰ ਚੱਲੀ ਸੀ ਕਿ ਦੇਬੀ ਰੋਕ ਕੇ ਕਹਿਣ ਲੱਗਾ ।
"ਭੂਆ ਜੀ ਤੁਸੀ ਬੈਠੇ ਰਹੋ, ਅਸੀ ਜਰਮਨ ਸਾਰੇ ਕੰਮ ਹੱਥੀ ਕਰਦੇ ਰਹੇ ਆਂ, ਆਪਾ ਨੂੰ ਕੁੱਝ ਨੀ ਭੁੱਲਿਆ"।
ਭੂਆ ਉਸ ਨੂੰ ਰੋਕਦੀ ਰਹਿ ਗਈ, ਇਨੇ ਨੂੰ ਉਹ ਫਰਿੱਜ ਖੋਲ ਕੇ ਦੁੱਧ ਭਾਂਡੇ ਵਿੱਚ ਪਾ ਕੇ ਖੰਡ ਲੱਭਣ ਲੱਗ ਪਿਆ।
"ਭੂਆ ਖੰਡ ਕਿੱਥੇ ਪਈ ਆ ?" ।
ਕੁਦਰਤੀ ਤੌਰ ਤੇ ਦੇਬੀ ਨੂੰ ਪਤਾ ਨਹੀ ਸੀ ਕਿ ਕਿਹੜੀ ਚੀਜ ਕਿੱਥੇ ਪਈ ਹੈ।
"ਪੁੱਤ ਮੈਂ ਤਾਹੀਓ ਕਹਿੰਨੀ, ਤੂੰ ਬੈਠ ਸੁੱਖੀ ਸਾਂਦੀ, ਮੈ ਬਣਾਉਦੀ ਆਂ"। 
ਭੂਆ ਨੇ ਫਿਰ ਦੱਸਣਾ ਚਾਹਿਆ ਕਿ ਇਹ ਕੰਮ ਘਰ ਦੀਆਂ ਸੁਆਣੀਆ ਦੇ ਹੁੰਦੇ ਆ।
"ਚਲ ਆਪਾਂ ਦੋਵੇ ਈ ਬਣਾਉਦੇ ਆਂ"। ਦੇਬੀ ਸਮਝੌਤੇ ਤੇ ਆ ਗਿਆ, ਦੋਵਾਂ ਨੇ ਰਲ ਕੇ ਦੁੱਧ ਵਿੱਚ ਖੰਡ ਘੋਲ ਕੇ ਫਰਿੱਜ ਵਿੱਚ ਰੱਖ ਦਿੱਤੀ, ਕੋਈ ਅੱਧੇ ਘੰਟੇ ਤੱਕ ਰਾਮੂ ਸਾਹੋ ਸਾਹ ਹੋਇਆ ਬੱਤਿਆ ਨੂੰ ਬੋਰੇ ਵਿੱਚ ਪਾ ਕੇ ਪਿੱਠ ਤੇ ਲਟਕਾਈ ਆ ਗਿਆ।
"ਲਓ ਬੀਬੀ ਜੀ, ਦਸ ਬੋਤਲਾਂ ਈ ਮਿਲੀਆਂ, ਬਾਕੀ ਸਾਰੇ ਗੋਲੀ ਵਾਲੇ ਬੱਤੇ ਸੀ"। 
ਰਾਮੂ ਨੇ ਦੱਸਿਆ।
"ਕੋਈ ਗੱਲ ਨੀ ਪੁੱਤ, ਬਥੇਰੇ ਆ, ਕੱਲ ਨੂੰ ਨਿਰਮਲ ਆਪੇ ਸ਼ਹਿਰੋ ਲੈ ਆਊ, ਹੁਣ ਤਾ ਆਉਣਾ ਜਾਣਾ ਲੋਕਾ ਦਾ ਲੱਗਾ ਈ ਰਹਿਣਾ, ਘਰੇ ਕੁੱਝ ਪਿਆ ਹੋਊ ਤਾ ਪਰਾਹੁਣੇ ਅੱਗੇ ਰਖ ਦਿਆਂਗੇ"।
ਭੂਆ ਨੇ ਕਿਹਾ।
ਦੇਬੀ ਨੇ ਬੋਤਲਾਂ ਖੋਲ ਕੇ ਦੁੱਧ ਵਾਲੀ ਬਾਲਟੀ ਵਿੱਚ ਪਾ ਦਿੱਤੀਆਂ ਤੇ ਬਾਲਟੀ ਫਰਿਜ ਵਿੱਚ ਠੰਡੀ ਹੋਣ ਲਈ ਰੱਖ ਦਿੱਤੀ,
ਹੁਣ ਸ਼ੁਰੂ ਸੀ ਸਰਕਾਰ ਦਾ ਇੰਤਜਾਰ, ਹੁਣ ਤੱਕ ਦਾ ਸਾਰਾ   ਗਿਆ ਸੀ ਪਰ ਹੁਣ ਚਾਰ ਵੱਜਣ ਵਾਲੇ ਸਨ, ਜਿਵੇ ਘੜੀ ਦੀ ਰਫਤਾਰ ਘਟ ਗਈ ਹੋਵੇ, ਦੇਬੀ ਮੁੜ ਮੁੜ ਘੜੀ ਵੱਲ ਦੇਖਦਾ ਸੀ, ਜਰਮਨ ਵਿੱਚ ਘੱਟ ਮੌਕੇ ਨਹੀ ਸੀ ਆਏ ਜਦੋ ਉਸਦੀ ਮੁਲਾਕਾਤ ਖੂਬਸੂਰਤ ਮੁਟਿਆਰਾਂ ਨਾਲ ਹੋਈ ਹੋਵੇ, ਦੀਪੀ ਦੇ ਖਿਆਲ ਨੇ ਉਸ ਨੂੰ ਹੁਣ ਤੱਕ ਕਿਸੇ ਹੋਰ ਦੇ ਪਰੇਮ ਵਿੱਚ ਨਾਂ ਪੈਣ ਦਿੱਤਾ, ਜਰਮਨ ਵਿੱਚ ਕਿਸੇ ਨੂੰ ਵੀ ਮਿਲਣਾ, ਕੋਈ ਮੁਸ਼ਕਿਲ ਨਹੀ, ਕਿਸੇ ਸਮਾਜ ਦਾ ਡਰ ਨਹੀ, ਤੇ ਜਰਮਨ ਦੀਆਂ ਕੁੜੀਆਂ ਵੀ ਕਿਸੇ ਗੈਰ ਮੁਟਿਆਰ ਨਾਲ ਮੁਲਾਕਾਤ, ਇਨੀ ਮੁਸ਼ਕਿਲ ?
ਪੰਜਾਬਣ ਮੁਟਿਆਰਾ ਦੇ ਮੂੰਹ ਤੇ ਜੋ ਸ਼ਰਮ ਦੀ ਲਾਲੀ ਆਉਦੀ ਹੈ ਕਿਸੇ ਮੁਟਿਆਰ ਦਾ ਦਿਲ ਜਿੱਤਣਾ ਕੋਈ ਖਾਲਾ ਡਰ ਅਧੀਨ ਨਹੀ, ਕਿਸੇ ਦੇ ਭਰਾ ਜਾਂ ਪਿਓ ਨੇ ਕੁੱਝ ਨਹੀ ਕਹਿਣਾ, ਪਰ ਇਥੇ ਪੰਜਾਬ ਵਿੱਚ ਕਿਸੇ ਬਿਗਾਨੇ ਗੱਭਰੂ ਨੂੰ ਦੇਖ ਕੇ ਉਹ ਇਨਾ ਨੂੰ ਕੁੱਝ ਖਾਸ ਰੁਤਬਾ ਦਿੰਦੀ ਹੈ, ਸੰਨ ਅਠਾਸੀ ਦੇ ਸਮੇ ਕਿਸੇ ਪੰਜਾਬਣ ਜੀ ਦਾ ਵਾੜਾ ਨਹੀ ਸੀ, ਹੁਣ ਜਦੋ ਕਿ ਮੌਜੂਦਾ ਸਮੇ ਵਿਚ ਇਹ ਕਿੱਸਾ ਕਲਮ ਬੰਦ ਹੋ ਰਿਹਾ ਹੈ ਹੁਣ ਮੋਬਾਈਲ ਦੀ ਮਿਹਰਬਾਨੀ ਸਦਕਾ ਮੁਲਾਕਾਤਾਂ ਬਹੁਤ ਅਸਾਂਨ ਹੋ ਗਈਆ, ਜਰਮਨ ਹੁਣ ਪਹਿਲਾ ਦੀ ਤਰਾਂ ਅੱਠ ਹਜਾਰ ਕਿਲੋਮੀਟਰ ਦੂਰ ਨਹੀ ਰਿਹਾ, ਇੰਟਰਨੈਟ ਨੇ ਦੁਨੀਆ ਇਨੀ ਛੋਟੀ ਕਰ ਦਿੱਤੀ ਹੈ ਕਿ ਜੇ ਦੋ ਮਨੁੱਖ ਇੱਕ ਦੂਜੇ ਨੂੰ ਦੇਖਣਾ ਚਾਹੁਣ, ਗੱਲ ਕਰਨੀ ਚਾਹੁਣ ਤਾ ਕੋਈ ਮੁਸ਼ਕਿਲ ਨਹੀ, ਪਰ ਇਥੇ ਤਾ ਬੱਸ ਦੀ ਇੰਤਜਾਰ ਹੋ ਰਹੀ ਆ, ਉਹ ਵੀ ਰੋਡਵੇਜ ਦੀ ਉਹ ਬੱਸ ਜਿਹੜੀ ਕਦੇ ਵੀ ਕਿਤੇ ਵੀ ਖਰਾਬ ਹੋ ਕੇ ਖੜ ਜਾਵ, ਸਾਡੇ ਚਾਰ ਹੋ ਗਏ, ਸੋਹਣਿਆ ਦੀ ਝਲਕ ਹਾਲੇ ਕਿਤੇ ਨਹੀ, ਦੇਬੀ ਨੂੰ ਵਾਰ ਵਾਰ ਰਾਹ ਵੱਲ ਦੇਖਦੇ ਦੇਖ ਕੇ ਭੂਆ ਨੇ ਪੁੱਛ ਹੀ ਲਿਆ
"ਪੁੱਤ ਕਿਸੇ ਨੂੰ ਉਡੀਕਦਾ ?" ਦੇਬੀ ਨੂੰ ਜਿਵੇ ਕਿਸੇ ਨੇ ਚੋਰੀ ਕਰਦਾ ਫੜ ਲਿਆ ਹੋਵੇ।
"ਨਹੀ, ਹਾਂ ਭੂਆ ਉਹ ਮੁੰਡਿਆ ਦੀ ਟੋਲੀ ਕੱਲ ਇਸ ਟਾਈਮ ਆ ਗਈ ਸੀ, ਅੱਜ ਹਾਲੇ ਦਿਸੇ ਨੀ"। ਜਲਦੀ ਹੀ ਬਹਾਨਾ ਮਿਲ ਗਿਆ ਸੀ ਦੇਬੀ ਨੂੰ।
"ਪੁੱਤ ਇਹ ਬੱਸ ਦਾ ਕੋਈ ਪੱਕਾ ਟੈਮ ਨੀ, ਕਦੇ ਪੰਜ ਮਿੰਟ ਪਹਿਲਾ ਤੇ ਕਦੇ ਅੱਧਾ ਘੰਟਾ ਬਾਦ ਚ"। ਦੇਬੀ ਨੇ ਸੋਚਿਆ ਜੇ ਇਹ ਬੱਸ ਜਰਮਨ ਵਿਚ ਹੁੰਦੀ ਤਾ ਹੁਣ ਤੱਕ ਦੀਪੀ ਉਹਦੇ ਮੋਹਰੇ ਬੈਠੀ ਦੁੱਧ 


ਸੋਢਾ ਪੀ ਰਹੀ ਹੁੰਦੀ, ਉਹਨੂੰ ਭਾਰਤ ਦੀ ਸਮੇ ਦੀ ਬੇਕਦਰੀ ਤੇ ਬਹੁਤ ਗੁੱਸਾ ਆਇਆ, ਇਨੇ ਨੂੰ ਪਿੰਡੋ ਦੋ ਤਿੰਨ ਤੀਵੀਆ ਆ ਧਮਕੀਆ ਤੇ ਲੱਗ ਪਈਆ ਭੂਆ ਨੂੰ ਵਧਾਈ ਦੇਣ, ਦੇਬੀ ਨੇ ਸੋਚਿਆ ਹੁਣ ਕਿਹੜਾ ਵੇਲਾ ਇਹ ਤਸ਼ਰੀਫ ਲੈ ਜਾਣ ਤੇ ਵਧਾਈ ਫਿਰ ਕਿਤੇ ਦੇ ਲੈਣ।
"ਆਓ ਭੈਣਾਂ ਬੈਠੋ, ਕੁੱਝ ਠੰਡਾ ਮਿੱਠਾ ਪੀਓ"। 
ਭੂਆ ਸਭ ਤੇ ਦਿਆਲ ਸੀ, ਦੇਬੀ ਨੇ ਸੋਚਿਆ ਹੁਣ ਦੁੱਧ ਸੋਢੇ ਦੀ ਖੈਰ ਨਹੀ, ਪਰ ਰੱਬ ਪਰੇਮੀਆ ਨੂੰ ਵੀ ਘੱਟ ਪਰੇਮ ਨਹੀ ਕਰਦਾ, ਇੱਕ ਤੀਵੀ ਦੇ ਇਹ ਬੋਲ ਸੁਣ ਕੇ ਦੇਬੀ ਨੂੰ ਖੁਸ਼ੀ ਹੋਈ,
"ਬੈਠਾਂਗੀਆ ਵੀ ਤੇ ਮਿੱਠਾ ਵੀ ਖਾਵਾਗੀਆ ਪਰ ਹੁਣ ਅਸੀ ਛੇਕੜਲੀ ਬੱਸ ਫੜਨੀ ਆ, ਲੇਟ ਨਾ ਹੋ ਜਾਈਏ, ਚੰਗਾ ਵੇ ਪੁੱਤ ਜਵਾਨੀਆਂ ਮਾਣੇ"।  
ਦੇਬੀ ਦੇ ਸਿਰ ਪਿਆਰ ਦੇ ਕੇ ਤੀਵੀਆਂ ਚਲਦੀਆ ਬਣੀਆ, ਦੇਬੀ ਨੇ ਮਨ ਵਿੱਚ ਸੋਚਿਆ ਖੁਸ਼ ਕੀਤਾ ਈ ਬੀਬੀਓ, ਅੱਡੇ ਵੱਲ ਫਿਰ ਨਜਰ ਉਠੀ, ਤੇ ਇਸ ਵਾਰ ਨਿਰਾਸ਼ ਨਹੀ ਮੁੜੀ, ਦਿਲ ਦੀ ਧੜਕਨ ਇੱਕ ਦੰਮ ਤੇਜ, ਰੰਗ ਬਿਰੰਗੇ ਦੁਪੱਟੇ ਤੇ ਸੂਟ ਦੱਸ ਰਹੇ ਸਨ ਕਿ ਪਰੇਮ ਦਾ ਹੜ ਆ ਰਿਹਾ, ਘਰ ਸਿਰਫ ਭੂਆ ਤੇ ਦੇਬੀ ਦੋਵੇ ਸਨ ਅਤੇ ਹਰ ਪਲ ਨੇੜੇ ਆ ਰਹੀ ਮੁਟਿਆਰਾਂ ਦੀ ਟੋਲੀ।
"ਭੂਆ ਜੀ ਬੈਠ ਰਹੇ"। 
ਨੇੜੇ ਆ ਕੇ ਪੰਮੀ ਨੇ ਭੂਆ ਨੂੰ ਕਿਹਾ।
"ਹਾ ਪੁੱਤ ਆ ਜੋ ਤੁਸੀ ਵੀ ਦੋ ਮਿੰਟ ਬਹਿਜੋ"। 
ਭੂਆ ਦੇ ਇਹ ਸ਼ਬਦ ਜਿਵੇ ਕਿਸੇ ਰੱਬੀ ਦੂਤ ਦੇ ਹੋਣ, ਹੋਰ ਕੀ ਚਾਹੀਦਾ ਸੀ ਦੇਬੀ ਤੇ ਕੁੜੀਆਂ ਨੂੰ।
"ਭੂਆ ਕੁੜੀਆ ਪਿਆਸੀਆ ਲਗਦੀਆ ਇਨਾ ਨੂੰ ਕੁੱਝ ਪੀਣ ਨੂੰ ਦੇਵੋ, ਗਰਮੀ ਵਿੱਚ ਮੂੰਹ ਸੁੱਕੇ ਵਿਚਾਰੀਆ ਦੇ"। 
ਦੇਬੀ ਭੂਆ ਨੂੰ ਥੋੜਾ ਦੂਰ ਕਰਨਾ ਚਾਹੁੰਦਾ ਸੀ।
"ਲੈ ਪੁੱਤ ਮੈ ਹੁਣੇ ਲੈ ਕੇ ਆਈ"।
ਤੇ ਭੂਆ ਰਸੋਈ ਵੱਲ ਤੁਰ ਪਈ।
"ਅੱਜ ਤੁਸੀ ਕੁੱਝ ਲੇਟ ਨਹੀ ਹੋ ਗਏ"।
ਦੇਬੀ ਨੇ ਗੱਲ ਤੋਰੀ।
"ਕਿਓ ਤੁਸੀ ਸਾਨੂੰ ਉਡੀਕਦੇ ਸੀ ?" ।
ਪੰਮੀ ਨੇ ਝੱਟ ਵਾਰ ਕਰ ਦਿੱਤਾ, ਦੇਬੀ ਦਾ ਰੰਗ ਜਿਹਾ ਉਡ ਗਿਆ ਪਰ ਉਹ ਝੱਟ ਹੀ ਸੰਭਲ ਕੇ ਬੋਲਿਆ ।
"ਚੰਗੇ ਮਨੁੱਖਾ ਨੂੰ ਉਡੀਕਣਾ ਕੋਈ ਬੁਰੀ ਆਦਤ ਵੀ ਨਹੀ"। 
ਦੇਬੀ ਨੇ ਮੋੜਾ ਦਿੱਤਾ, ਕੁੜੀਆ ਨੂੰ ਹੁਣ ਕੁੱਝ ਔੜ ਨਹੀ ਸੀ ਰਿਹਾ।
"ਤੁਸੀ ਅਪਣਾ ਸਕੂਲ ਤੇ ਨਹੀ ਦੇਖਿਆ ਹੋਣਾ ?" ।
ਦੀਪੀ ਨੂੰ ਸੁਝਿਆ ਨਾ ਕਿ ਉਹ ਹੋਰ ਕਿਹੜੀ ਗੱਲ ਕਰੇ ਅਤੇ ਇਸ ਤੋ ਇਲਾਵਾ ਸਕੂਲ ਦੀ ਗੱਲ ਕਰਕੇ ਉਹ ਦੇਬੀ ਨੂੰ ਪੇਪਰ ਵੇਟ ਵੀ ਯਾਦ ਕਰਾਉਣਾ ਚਾਹੁੰਦੀ ਸੀ।
"ਸਕੂਲ ਤਾ ਮੈ ਅੱਜ ਸਵੇਰੇ ਹੀ ਦੇਖਣ ਗਿਆ ਸੀ, ਕੁੱਝ ਖਾਸ ਤੇ ਪੁਰਾਂਣੀਆ ਯਾਦਾਂ ਤਾਜੀਆ ਕਰਨ ਲਈ"। ਦੇਬੀ ਨੇ ਗੱਲ ਰਾਹੀ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਕਿ, ਸੋਹਣਿਓ ਕੁੱਝ ਨੀ ਭੁੱਲਿਆ।
"ਹਾਏ ਜਾਲਿਮ ਨੂੰ ਸਭ ਯਾਦ ਲਗਦਾ" ਏਧਰ ਦੀਪੀ ਨੇ ਸੋਚਿਆ,ਰਾਹ ਵਿੱਚ ਆਉਦੀ ਕਿੰਨਾ ਕੁੱਝ ਹੀ ਸੋਚ ਗਈ ਸੀ ਕਿ ਇਹ ਕਹਾਗੀ ਉਹ ਕਹਾਂਗੀ ਪਰ ਹੁਣ ਜਬਾਨ ਸਾਥ ਨਹੀ ਦੇ ਰਹੀ ਸੀ ਤੇ ਸ਼ਬਦ ਲੱਭ ਨਹੀ ਸੀ ਰਹੇ, ਬੱਸ ਨਜਰਾਂ ਬੋਲ ਰਹੀਆ ਸਨ ਕਿ ਆ ਸੀਨੇ ਲੱਗ ਜਾ, ਤੇ ਦਿਲੋ ਦਿਲੀ ਸੀਨੇ ਲੱਗਿਆ ਵੀ ਜਾ ਰਿਹਾ ਸੀ, ਇਨੇ ਨੂੰ ਭੂਆ ਦੁੱਧ ਸੋਢਾ ਤੇ ਗਲਾਸ ਲੈ ਕੇ ਆ ਗਈ।
"ਲੈ ਪੁੱਤ ਫੜਾ ਧੀਆ ਨੂੰ"। 
ਤੇ ਭੂਆ ਗਿਲਾਸਾਂ ਵਿੱਚ ਦੁੱਧ ਸੋਢਾ ਪਾਉਣ ਲੱਗ ਪਈ, ਦੇਬੀ ਉਨਾ ਨੂੰ ਫੜਾਉਣ ਲੱਗ ਪਿਆ,ਦੀਪੀ ਨੂੰ ਗਲਾਸ ਫੜਾਉਣ ਲੱਗਿਆ ਉਸਨੇ ਜਾਂਣ ਕੇ ਛੇਤੀ ਗਲਾਸ ਨਾ ਛੱਡਿਆ ਤੇ ਕੋਮਲ ਹੱਥ ਨਾਲ ਹੱਥ ਲਗਦੇ ਹੀ ਜਿਵੇ ਸਰੀਰ ਵਿੱਚ ਬਿਜਲੀ ਦੌੜ ਗਈ ਹੋਵੇ, ਦੀਪੀ ਦੇ ਸਰੀਰ ਦਾ ਸਾਰਾ ਲਹੂ ਇਕੱਠਾ ਹੋ ਕੇ ਜਿਵੇ ਚਿਹਰੇ ਤੇ ਆ ਗਿਆ ਹੋਵੇ, ਸ਼ਰਮ ਤੇ ਪਰੇਮ ਦੀ ਮਿਲਾਵਟ ਨੇ ਉਸਦੇ ਸਰੀਰ ਵਿੱਚ ਝਰਨਾਹਟ ਜਿਹੀ ਫੇਰ ਦਿੱਤੀ, ਸੱਜਣਾ ਦੀ ਪਹਿਲੀ ਸ਼ੋਹ ,
"ਮੈਂ ਪਹਿਲੀ ਵਾਰ ਬਣਾਇਆ ਪਤਾ ਨਹੀ ਤੁਹਾਨੂੰ ਸਵਾਦ ਵੀ ਲੱਗੂ ?"।
ਹੌਲੇ ਜਿਹੇ ਦੇਬੀ ਨੇ ਕਿਹਾ, ਦੀਪੀ ਦੇ ਮੂਹੋ ਕੋਈ ਬੋਲ ਨਾ ਫੁੱਟਿਆ, ਸਾਊ ਪੰਜਾਬਣ ਮੁਟਿਆਰ ਦਿਲ ਦੇ ਜਵਾਹਰਭਾਟੇ ਨੂੰ ਮੁੱਠੀ ਵਿੱਚ ਕੈਦ ਕਰਨ ਦੀ ਕੋਸ਼ਿਸ ਕਰ ਰਹੀ ਸੀ,ਕੁੜੀਆਂ ਨੇ ਗਲਾਸ ਖਾਲੀ ਕਰ ਦਿੱਤੇ,
"ਲਓ ਪੁੱਤ ਹੋਰ ਪੀਓ"। 
ਭੂਆ ਨੇ ਕਿਹਾ ਤਾ ਦੇਬੀ ਦੁਬਾਰਾ ਗਿਲਾਸਾ ਵਿੱਚ ਦੁੱਧ ਸੋਢਾ ਪਾਉਣ ਲੱਗ ਪਿਆ, ਦੀਪੀ ਦੇ ਗਿਲਾਸ ਵਿੱਚ ਪਾਉਦਿਆ ਕੁੜੀ ਨੇ ਸਾਰੀ ਹਿੰਮਤ ਬਟੋਰ ਕੇ ਮਲਕੜੇ ਜਿਹੇ ਕਹਿ ਹੀ ਦਿੱਤਾ
"ਕੱਲ ਫੇਰ ਉਡੀਕੋਗੇ ?"।
ਦੇਬੀ ਵੀ ਕੁੱਝ ਜਿਆਦਾ ਝੁਕਿਆ ਖੜਾ ਸੀ ਇਸ ਆਸ ਵਿੱਚ ਕਿ ਸ਼ਾਇਦ ਕੋਈ ਜਵਾਬ ਮਿਲੇ, ਬੱਸ ਹੋ ਗਈ ਮੁਰਾਦ ਪੂਰੀ।
"ਭੂਆ ਬਹੁਤ ਸਵਾਦ ਬਣਾਇਆ ਦੁੱਧ ਸੋਢਾ"। 
ਪੰਮੀ ਨੇ ਭੂਆ ਦਾ ਧਿਆਨ ਹੋਰ ਬੰਨੇ ਪਾਉਣ ਲਈ ਵਿੱਚੇ ਹੀ ਪੈਂਤਰਾ ਮਾਰਿਆ।
"ਹਰ ਰੋਜ" ਦੇਬੀ ਨੇ ਹੌਲੇ ਜਿਹੇ ਕਿਹਾ ਤਾ ਕੰਨਾ ਵਿੱਚ ਸ਼ਹਿਦ ਘੁਲ ਗਿਆ ਕੁੜੀ ਦੇ, ਹੇ ਰੱਬ ਸੱਚਿਆ ਤੇਰਾ ਸ਼ੁਕਰ, ਮੇਰੀ ਉਡੀਕ ਪੂਰੀ ਹੋਈ।
"ਪੁੱਤ ਤੇਰੇ ਵੀਰ ਨੇ ਬਣਾਇਆ"। 
ਭੂਆ ਦੇਬੀ ਦੀ ਸਿਫਤ ਕਰਨੀ ਚੁਹੰਦੀ ਸੀ।
"ਥੈਂਕਸ ਵੀਰ ਜੀ, ਲਓ ਇਹ ਤਾਂ ਗੱਲ ਈ ਬਣਗੀ ਅਸੀ ਤਾ ਹਰ ਰੋਜ ਦੁੱਧ ਸੋਢਾ ਪੀ ਕੇ ਜਾਵਾਗੀਆ ਤੇ ਫੇਰ ਵੀਰ ਨੇ ਕਹਿਣਾ ਕੁੜੀਆ ਹੁਣ ਮਹਿੰਗੀਆ ਪੈਂਦੀਆ"। 
ਪੰਮੀ ਨੇ ਕਿਹਾ, ਉਹ ਦੇਬੀ ਤੇ ਭੂਆ ਨਾਲ ਵੱਧ ਨੇੜਤਾ ਚਾਹੁੰਦੀ ਸੀ।
"ਜੰਮ ਜੰਮ ਆਓ ਧੀਓ, ਤੁਹਾਡਾ ਅਪਣਾ ਘਰ, ਧੀਆ ਦੇ ਪੀਤਿਆ ਮਾਪੇ ਗਰੀਬ ਨੀ ਹੁੰਦੇ"।
ਭੂਆ ਪੂਰੀ ਮਮਤਾ ਦੀ ਤਸਵੀਰ ਬਣੀ ਹੋਈ ਸੀ।
"ਚੱਲੀਏ ਹੁਣ ਪਹਿਲਾ ਹੀ ਲੇਟ ਆ, ਘਰਦੇ ਫਿਕਰ ਕਰਨਗੇ"। 
ਮਨਦੀਪ ਨੇ ਸਾਵਧਾਨੀ ਵਰਤਦੇ ਕਿਹਾ ਤੇ ਕੁੜੀਆ ਉੱਠ ਖੜੀਆ, ਦੀਪੀ ਨੂੰ ਹੁਣ ਇਹ ਕੋਈ ਵਿਛੋੜਾ ਨਹੀ ਸੀ ਲੱਗਦਾ, ਗੱਲ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਸੀ, ਘਰ ਜਾਦੀ ਦੀਪੀ ਦੇ ਲਈ ਹੁਣ ਕੱਲ ਦੀ ਮੁਲਾਕਾਤ ਦੀ ਉਡੀਕ ਸ਼ੁਰੂ ਹੋ ਗਈ ਸੀ।
"ਪੇਪਰ ਵੇਟ ਵਾਲੀ ਗੱਲ ਹਾਲੇ ਮੁੱਕੀ ਨੀ ਲਗਦੀ"। 
ਰਾਹ ਜਾਦੇ ਮਨਦੀਪ ਨੇ ਅਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣ ਲਈ ਦੀਪੀ ਨੂੰ ਪੁੱਛਿਆ।
"ਤੂੰ ਮੇਰੇ ਤੋ ਵੀ ਛੁਪਾਈ ਰੱਖਿਆ?" ।
ਪੰਮੀ ਨੂੰ ਰੋਸਾ ਸੀ ਕਿਉਕਿ ਉਹ ਦੋਵੇ ਇੱਕ ਜਾਂਨ ਸਨ।
"ਦੱਸਣ ਲਈ ਹੈ ਵੀ ਕੀ ਸੀ, ਉਹ ਜਰਮਨ ਚਲੇ ਗਿਆ, ਮੁੜ ਫੇਰਾ ਨੀ ਪਾਇਆ, ਕੋਈ ਸਾਂਝ ਨਾ ਰਹੀ, ਲਗਦਾ ਤਾ ਇਹੀ ਸੀ ਕਿ ਕਦੇ ਮੇਲ ਹੋਣਾ ਈ ਨਹੀ"। 
ਦੀਪੀ ਨੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ।
"ਪਰ ਜੇ ਤਾਏ ਨੂੰ ਪਤਾ ਲੱਗਿਆ ਤਾ ਤੇਰੇ ਨਾਲ ਸਾਡੀ ਸ਼ਾਮਤ ਆ ਜਾਣੀ ਆ, ਘਰਦਿਆ ਨੇ ਉਸੇ ਦਿਨ ਘਰੇ ਬਿਠਾ ਲੈਣਾ, ਤੇ ਤੋਰ ਦੇਣਗੇ ਕਿਸੇ ਨੱਥੂ ਖੈਰੇ ਨਾਲ"।ਕਮਲਜੀਤ ਨੂੰ ਠੇਕੇਦਾਰ ਦੇ ਅੱਖੜ ਸੁਭਾਅ ਦੀ ਭੁੱਲ ਨਹੀ ਸੀ।
"ਤੁਸੀ ਮੇਰੀਆ ਚੰਗੀਆ ਸਹੇਲੀਆ, ਮੇਰਾ ਭੇਦ ਨਾਂ ਖੋਲਿਓ, ਅੱਗੇ ਜੋ ਮੇਰਾ ਰੱਬ ਚਾਹੇ"। 
ਦੀਪੀ ਸਹੇਲੀਆ ਮੋਹਰੇ ਹੱਥ ਜੋੜੀ ਖੜੀ ਸੀ।
"ਦੇਬੀ ਵਰਗੇ ਮੁੰਡੇ ਲੋਕ ਲੱਭਦੇ ਫਿਰਦੇ ਆ ਅਪਣੀਆ ਧੀਆ ਲਈ ਪਰ ਉਹ ਅਪਣੇ ਪਿੰਡ ਦਾ, ਕੋਈ ਚਾਂਨਸ ਨਹੀ"। ਇੱਕ ਹੋਰ ਨੇ ਕਿਹਾ।
"ਇਹ ਕਿਸ ਕਮੀਨੇ ਨੇ ਰੀਤ ਚਲਾਈ ਆ ਬਈ ਜਿਸ ਨੂੰ ਜਾਣਦੇ ਹੋਈਏ ਉਦੇ ਨਾਲ ਜੋੜੀ ਨੀ ਬਣ ਸਕਦੀ ?" 
ਪੰਮੀ ਨੂੰ ਇਸ ਰੀਤ ਦੀ ਸ਼ੂਰੂਆਤ ਕਰਨ ਵਾਲੇ ਤੇ ਬਹੁਤ ਗੁੱਸਾ ਸੀ, ਇੰਝ ਡਰ ਅਤੇ ਖੁਸ਼ੀ ਦੇ ਮਿਲੇ ਜੁਲੇ ਜਜਬਾਤਾ ਨਾਲ ਭਰੀਆ ਆਪੋ ਆਪਣੇ ਘਰਾ ਨੂੰ ਤੁਰ ਪਈਆ,
"ਪੰਮੀ ਕੁੱਝ ਕਰ"।
"ਸੋਚਦੀ ਆ"।
 
----------------------------   ਬਾਕੀ ਅਗਲੇ ਅੰਕ ਵਿਚ-----