ਖ਼ਬਰਸਾਰ

 •    '---ਤੇ ਗੰਗਾ ਵਗਦੀ ਰਹੀ' 'ਤੇ ਗੋਸ਼ਟੀ ਕਰਵਾਈ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਪਰਗਟ ਸਤੌਜ ਦਾ ਕਹਾਣੀ ਸੰਗ੍ਰਹਿ ਗ਼ਲਤ ਮਲਤ ਜ਼ਿੰਦਗੀ ਰਿਲੀਜ਼ / ਪੰਜਾਬੀਮਾਂ ਬਿਓਰੋ
 •    ਅਮੀਰ ਜਾਫਰੀ ਵੱਲੋਂ ਆਪਣੀ ਲੇਖਣੀ ਬਾਰੇ ਪ੍ਰਭਾਵਪੂਰਤ ਗੱਲਬਾਤ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਸਤੀਸ਼ ਗੁਲਾਟੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਿਰਜਣਧਾਰਾ ਦੀ ਇਕੱਤਰਤਾ ਮਾਂ-ਬੋਲੀ ਨੂੰ ਰਹੀ ਸਮਰਪਿਤ / ਸਿਰਜਣਧਾਰਾ
 •    ਡਾ. ਆਸ਼ਟ ਨਾਲ ਰੂ-ਬ-ਰੂ ਸਮਾਗਮ ਅਤੇ 'ਐਵਿਕ' ਵੱਲੋਂ ਬਾਲ ਸਾਹਿਤ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ / ਯੰਗ ਰਾਈਟਰਜ਼ ਐਸੋਸੀਏਸ਼ਨ
 •    ਸਰਬ ਕਲਾ ਦਰਪਣ ਵੱਲੋਂ ਸਾਹਿਤਕ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ / ਪੰਜਾਬੀਮਾਂ ਬਿਓਰੋ
 • ਅਲਵਿਦਾ ਹਿੰਦੋਸਤਾਨ (ਕਹਾਣੀ)

  ਬਲਬੀਰ ਮੋਮੀ   

  Email: momi.balbir@yahoo.ca
  Phone: +1 905 455 3229
  Cell: +1 416 949 0706
  Address: 9026 Credit View Road
  Brampton L6X 0E3 Ontario Canada
  ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਤੇਜਾ ਸਿੰਘ ਤੇ ਉਹਦੀ ਘਰ ਵਾਲੀ ਹਰਨਾਮ ਕੌਰ ਨੂੰ ਉਹਨਾਂ ਦੇ ਕੈਨੇਡਾ ਰਹਿੰਦੇ ਮੁੰਡੇ ਅਮਨ ਅਤੇ ਨੋਂਹ ਰਾਣੀ ਕੌਰ ਨੇ ਸਪਾਂਸਰ ਕਰ ਦਿਤਾ ਸੀ। ਉਹਨਾਂ ਦੇ ਨਾਲ ਉਹਨਾਂ ਦੇ 21 ਸਾਲ ਤੋਂ ਛੋਟੇ ਮੁੰਡੇ ਤੇਜਪਾਲ ਨੇ ਵੀ ਨਿਕਲ ਜਾਣਾ ਸੀ। ਤੇਜਪਾਲ ਨੇ ਪੰਜਾਬ ਵਿਚ ਬੀ. ਏ. ਪਾਸ ਤਾਂ ਕਰ ਲਈ ਸੀ ਪਰ ਉਹਨੂੰ ਕੋਈ ਨੌਕਰੀ ਨਹੀਂ ਸੀ ਮਿਲੀ। ਪਿਤਾ ਪੁਰਖੀ ਵਾਹੀ ਦਾ ਕੰਮ ਉਹ ਕਰਨਾ ਨਹੀਂ ਚਹੁੰਦਾ ਸੀ ਅਤੇ ਜ਼ਮੀਨ ਵੀ ਚਾਚੇ ਤਾਇਆਂ ਵਿਚ ਵੰਡ ਹੋਣ ਕਾਰਨ ਬਹੁਤ ਥੋੜ੍ਹੀ ਬੱਸ ਦੋ ਏਕੜ ਹੀ ਰਹਿ ਗਈ ਸੀ। ਕੁਝ ਜ਼ਮੀਨ ਤੇਜਾ ਸਿੰਘ ਠੇਕੇ ਤੇ ਲੈ ਲਂਦਾ ਸੀ ਪਰ ਕਈ ਵਾਰ ਓਸ ਜ਼ਮੀਨ ਵਿਚੋਂ ਠੇਕੇ ਦੀ ਰਕਮ ਵੀ ਪੂਰੀ ਨਹੀਂ ਹੁੰਦੀ ਸੀ। ਟਿਊਬ ਵੈੱਲ ਨੂੰ ਲੋੜੀਂਦੀ ਬਿਜਲੀ ਨਾ ਮਿਲਣ, ਮਹਿੰਗੇ ਬੀਜਾਂ, ਨਕਲੀ ਕੀੜੇ ਮਾਰ ਦਵਾਈਆਂ, ਕਦੇ ਸੋਕਾ ਤੇ ਕਦੇ ਮੀਂਹ ਵਧ ਪੈਣ ਕਰ ਕੇ ਫਸਲਾਂ ਮਾਰੀਆਂ ਜਾਂਦੀਆਂ ਸਨ। ਫਸਲਾਂ ਦੀ ਲਾਗਤ ਮੁਤਾਬਕ ਫਸਲ ਦੇ ਭਾਅ ਘੱਟ ਮਿਲਦੇ ਸਨ ਅਤੇ ਜੇਕਰ ਕਦੇ ਕਦੇ ਅਮਨ ਕੈਨੇਡਾ ਵਿਚੋਂ ਪੈਸੇ ਨਾ ਭੇਜੇ ਤਾਂ ਫਿਰ ਪਿੰਡ ਵਿਚ ਤੇਜਾ ਸਿੰਘ ਲਈ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਸੀ।

  ਭਾਵੇਂ ਤੇਜਾ ਸਿੰਘ ਦਾ ਆਪਣਾ ਘਰ, ਆਪਣਾ ਪਿੰਡ ਅਤੇ ਆਪਣੇ ਖੇਤ ਛਡ ਕੇ ਕੈਨੇਡਾ ਜਾਣ ਨੂੰ ਦਿਲ ਨਹੀਂ ਕਰਦਾ ਸੀ ਪਰ ਛੋਟੇ ਮੁੰਡੇ ਤੇਜ ਨੂੰ ਕੈਨੇਡਾ ਵਿਚ ਸੈਟਲ ਕਰਨ ਅਤੇ ਆਪਣੇ ਪੋਤੇ ਪੋਤੀ ਦੀ ਬੇਬੀ ਸਿਟਿੰਗ ਕਰਨ ਲਈ ਉਹਨਾਂ ਨੂੰ ਆਪਣੇ ਬੇਟੇ ਅਮਨ ਪਾਸ ਕੈਨੇਡਾ ਜਾਣਾ ਜ਼ਰੂਰੀ ਹੋ ਗਿਆ ਸੀ। ਅਮਨ ਦੇ ਕਈ ਵਾਰ ਫੋਨ ਆ ਚੁਕੇ ਸਨ ਕਿ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰੋ ਕਿਓਂਕਿ ਕੈਨੇਡਾ ਵਿਚ ਜਲਦੀ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਸੀ ਤੇ ਜਦ ਬਰਫ ਪੈ ਜਾਂਦੀ ਹੈ ਤਾਂ ਫਿਰ ਕੋਈ ਥਾਂ ਵਿਖਾਉਣੀ ਤੇ ਘੁੰਮਣਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਮਨ ਦੀ ਛੋਟੀ ਕੁੜੀ ਦੋ ਸਾਲ ਦੀ ਸੀ ਤੇ ਉਸ ਇੱਕਲੀ ਨੂੰ ਘਰ ਨਹੀਂ ਛਡਿਆ ਜਾ ਸਕਦਾ ਸੀ। ਇਸ ਲਈ ਰਾਣੀ ਕੌਰ ਕੰਮ ਤੇ ਨਹੀਂ ਜਾ ਸਕਦੀ ਸੀ। ਪੰਜ ਸਾਲ ਦੇ ਮੁੰਡੇ ਨੂੰ ਵੀ ਸਕੂਲ ਬੱਸ ਤੇ ਸਵੇਰੇ ਛਡਣਾ ਪੈਂਦਾ ਸੀ ਤੇ ਬਾਅਦ ਦੋਪਹਿਰ ਉਸ ਨੂੰ ਸਕੂਲ ਬੱਸ ਵਿਚੋਂ ਲੈਣਾ ਪੈਂਦਾ ਸੀ। ਜੇਕਰ ਅਮਨ ਦੇ ਪਿਤਾ ਤੇਜਾ ਸਿੰਘ ਤੇ ਮਾਂ ਹਰਨਾਮ ਕੌਰ ਦੇ ਆਉਣ ਨਾਲ ਇਹ ਮਸਲਾ ਨਿਰਾ ਹੱਲ ਹੀ ਨਹੀਂ ਹੋ ਜਾਂਦਾ ਸੀ ਸਗੋਂ ਹਰਨਾਮ ਕੌਰ ਨੇ ਰਸੋਈ ਦਾ ਕੰਮ ਸਾਂਭ ਲੈਣਾ ਸੀ। ਛੋਟੇ ਤੇਜਪਾਲ ਨੂੰ ਅਮਨ ਨੇ ਆਪਣੇ ਨਾਲ ਕੰਮ ਤੇ ਲਵਾ ਲੈਣਾ ਸੀ ਅਤੇ ਤੇਜਾ ਸਿੰਘ ਨੂੰ ਵੀ ਕਿਸੇ ਫਾਰਮ ਵਿਚ ਕੰਮ ਮਿਲ ਜਾਣਾ ਸੀ ਜਾਂ ਰਾਤ ਦੀ ਸਿਕਿਓਰਟੀ ਦੀ ਜਾਬ ਮਿਲ ਸਕਦੀ ਸੀ। ਇੰਜ ਘਰ ਵਿਚ ਚਾਰ ਚੈੱਕ ਡਿਗਣ ਲਗ ਪੈਣੇ ਸਨ ਭਾਵ ਅਮਨ, ਰਾਣੀ, ਤੇਜ ਅਤੇ ਬਾਪੂ ਤੇਜਾ ਸਿੰਘ, ਚਹੁੰ ਨੇ ਕੰਮ ਤੇ ਕਰਨਾ ਸੀ। ਹਰਨਾਮ ਕੌਰ ਨੇ ਕਿਚਨ ਦੇ ਕੰਮ ਤੋਂ ਇਲਾਵਾ ਆਪਣੀ ਪੋਤੀ ਦੀ ਬੇਬੀ ਸਿਟਿੰਗ ਵੀ ਕਰਨੀ ਸ਼ੁਰੂ ਕਰ ਦੇਣੀ ਸੀ। ਹੁਣ ਅਮਨ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ। ਮਹੀਨੇ ਦੇ ਦੋ ਹਜ਼ਾਰ ਡਾਲਰ ਉਹਨੂੰ ਵੈਲਡਿੰਗ ਵਾਲੀ ਫੈਕਟਰੀ ਵਿਚੋਂ ਮਿਲਦੇ ਸਨ ਜਿਸ ਵਿਚੋਂ ਸਾਢੇ ਅਠ ਸੌ ਡਾਲਰ ਅਪਾਰਟਮੈਂਟ ਦਾ ਕਿਰਾਇਆ ਨਿਕਲ ਜਾਂਦਾ ਸੀ। ਬਾਕੀ ਗਰੋਸਰੀ, ਕੇਬਲ, ਫੋਨ, ਕਪੜੇ, ਬੱਚਿਆਂ ਦਾ ਫੂਡ, ਕਾਰ ਦੀ ਇਨਸ਼ੋਰੰਸ, ਕਾਰ ਦੀ ਗੈਸ, ਕਾਰ ਦੀ ਰੀਪੇਅਰ, ਮਹੀਨੇ ਦੀਆਂ ਤਿੰਨ ਚਾਰ ਬਕਾਰਡੀ ਦੀਆਂ ਬੋਤਲਾਂ, ਵੀਹ ਡਾਲਰ ਮਹੀਨੇ ਦੀ ਸੁਪਰ 7, 6/49 ਤੇ ਹੋਰ ਲਾਟਰੀ ਦੀਆਂ ਟਿਕਟਾਂ ਆਦਿ ਤੇ ਖਰਚ ਹੋਣ ਤੋਂ ਬਾਅਦ ਅਮਨ ਕੋਲ ਬਚਾਉਣ ਲਈ ਕੁਝ ਨਹੀਂ ਰਹਿੰਦਾ ਸੀ।

  ਉਸਦਾ ਖਿਆਲ ਸੀ ਕਿ ਜੇਕਰ ਮਾਪੇ ਅਤੇ ਛੋਟਾ ਭਰਾ ਆ ਜਾਂਦਾ ਹੈ ਤਾਂ ਉਹ ਸੱਤੇ ਦਿਨ ਦੱਬ ਕੇ ਕੰਮ ਕਰਨਗੇ। ਹਾਲ ਦੀ ਘੜੀ ਦੋ ਬੈੱਡ ਰੂਮ ਵਿਚ ਹੀ ਸਾਰੇ ਗੁਜ਼ਾਰਾ ਕਰ ਲੈਣਗੇ ਅਤੇ ਫਿਰ ਸਾਲ ਦੇ ਅੰਦਰ ਅੰਦਰ ਹੀ ਪੈਸੇ ਜੋੜ ਕੇ ਛੋਟਾ ਘਰ ਲੈ ਲੈਣਗੇ। ਅਮਨ ਜਾਣਦਾ ਸੀ ਕਿ ਕੈਨੇਡਾ ਵਿਚ ਘਰ ਬਹੁਤ ਮਹਿੰਗੇ ਹੋ ਗਏ ਸਨ। ਦੋ ਹਜ਼ਾਰ ਸੁਕੇਅਰ ਫੁੱਟ ਦਾ ਤਿੰਨ ਬੈੱਡ ਰੂਮ, ਉਹ ਵੀ ਕਾਂਡੋ ਢਾਈ ਲਖ ਡਾਲਰਜ਼ ਤੋਂ ਘੱਟ ਨਹੀਂ ਮਿਲਦਾ ਸੀ। ਜੇਕਰ ਚਾਰੇ ਪੂਰੀ ਮਿਹਣਤ ਨਾਲ ਸੱਤੇ ਦਿਨ ਕੰਮ ਕਰਨ ਤਾਂ ਉਹਨਾਂ ਕੋਲ ਡਾਊਨ ਪੇਮੈਂਟ ਲਈ ਪੈਸੇ ਜੁੜ ਸਕਦੇ ਸਨ ਤੇ ਬਾਕੀ ਦੀ ਮਾਰਗੇਜ ਲਈ ਉਹ ਬੈਂਕ ਤੋਂ ਲੋਨ ਲੈ ਲੈਣਗੇ। ਕਈ ਵਾਰ ਅਮਨ ਦੇ ਪਿਓ ਤੇਜਾ ਸਿੰਘ ਨੇ ਅਮਨ ਨੂੰ ਕਿਹਾ ਸੀ ਕਿ ਲੋਕਾਂ ਦੇ ਮੁੰਡੇ ਤਾਂ ਪਿਛੇ ਬਹੁਤ ਪੈਸੇ ਭੇਜਦੇ ਹਨ ਤੇ ਮਾਪੇ ਨਾਲ ਲਗਦੀਆਂ ਜ਼ਮੀਨਾਂ ਦੇ ਮੂੰਹ ਮੰਗੇ ਪੈਸੇ ਦੇ ਕੇ ਜ਼ਮੀਨਾਂ ਖਰੀਦ ਲੈਂਦੇ ਹਨ ਪਰ ਅਮਨ ਨੇ ਬਾਪੂ ਨੂੰ ਕਦੇ ਦਸ ਪੰਦਰਾਂ ਹਜ਼ਾਰ ਰੁਪੈ ਤੋਂ ਵਧ ਪੈਸੇ ਨਹੀਂ ਸੀ ਭੇਜੇ ਜਦ ਕਿ ਤੇਜਾ ਸਿੰਘ ਨੇ ਲਖਾਂ ਰੁਪੈ ਕਰਜ਼ੇ ਤੇ ਲੈ ਕੇ ਅਮਨ ਨੂੰ ਕੈਨੇਡਾ ਭੇਜਿਆ ਸੀ। ਭਾਵੇਂ ਹੌਲੀ ਹੌਲੀ ਅਮਨ ਨੇ ਬਾਪੂ ਦੇ ਕਰਜ਼ੇ ਦੇ ਪੈਸੇ ਤਾਂ ਮੋੜ ਦਿਤੇ ਸਨ ਪਰ ਜ਼ਿਆਦਾ ਪੈਸੇ ਨਾ ਭੇਜ ਸਕਣ ਦਾ ਜਵਾਬ ਅਮਨ ਨੇ ਇਹ ਦਿਤਾ ਸੀ ਕਿ ਉਹ ਕੈਨੇਡਾ ਵਿਚ ਰੀਫਿਊਜੀ ਬਣ ਕੇ ਆਇਆ ਸੀ ਤੇ ਉਹਦੀ ਕੈਨੇਡਾ ਦੀ ਕਮਾਈ ਕੈਨੇਡਾ ਦੇ ਵਕੀਲ ਖਾ ਗਏ ਸਨ। ਸ਼ੁਰੂ ਵਿਚ ਉਹਦਾ ਰੀਫਿਊਜੀ ਕੇਸ ਫੇਲ ਹੋ ਗਿਆ ਸੀ ਤੇ ਫਿਰ ਇਕ ਇਕ ਕਰ ਕੇ ਕਈ ਅਪੀਲਾਂ ਹੋਈਆਂ, ਕਦੇ ਫੈਡਰਿਲ ਕੋਰਟ ਵਿਚ ਤੇ ਕਦੇ ਰਹਿਮ ਦੀਆਂ ਅਪੀਲਾਂ ਅਤੇ ਉਹਦੀ ਕੈਨੇਡਾ ਦੀ ਬਹੁਤੀ ਕਮਾਈ ਇਹਨਾਂ ਵਕੀਲਾਂ ਦੀਆਂ ਮੂੰਹ ਮੰਗੀਆਂ ਫੀਸਾਂ ਵਿਚ ਲਗ ਗਈ ਸੀ। ਸਭ ਤੋਂ ਮਹਿੰਗਾ ਵਕੀਲ ਗਰੀਨ ਵੀ ਉਸ ਨੂੰ ਪੱਕਾ ਨਾ ਕਰਵਾ ਸਕਿਆ ਕਿਓਂਕਿ ਉਹਦੀ ਸਟੋਰੀ ਵਿਚ ਦਮ ਨਹੀਂ ਸੀ। ਫਿਰ ਵੀ ਆਖਰ ਜੇ ਉਹ ਪੱਕਾ ਹੋਇਆ ਸੀ ਤਾਂ ਰਾਣੀ ਕੌਰ ਨਾਲ ਵਿਆਹ ਕਰਵਾ ਕੇ ਪੱਕਾ ਹੋਇਆ ਸੀ। ਰਾਣੀ ਦਾ ਪਹਿਲੇ ਹਸਬੈਂਡ ਨਾਲ ਡਾਈਵੋਰਸ ਹੋ ਗਿਆ ਸੀ ਤੇ ਕਾਰਾਂ ਦੇ ਪੁਰਜ਼ੇ ਬਨਾਉਣ ਵਾਲੀ ਫੈਕਟਰੀ ਵਿਚ ਦੋਹਾਂ ਦੇ ਇਕਠੇ ਕੰਮ ਕਰਦੇ ਹੋਣ ਕਾਰਨ ਬਹੁਤ ਮਿਹਣਤੀ ਹੋਣ ਤੇ ਰਾਣੀ ਦੀ ਅਮਨ ਨਾਲ ਰੈਪੋ ਮਿਲ ਗਈ ਸੀ ਤੇ ਰਾਣੀ ਦੇ ਮਾਪਿਆਂ ਨੇ ਵੀ ਹਾਲਾਤ ਨੂੰ ਮੁਖ ਰੱਖ ਇਸ ਵਿਆਹ ਨੂੰ ਹਾਂ ਕਰਨ ਵਿਚ ਜ਼ਿਆਦਾ ਹੀਲ ਹੁਜਤ ਨਹੀਂ ਕੀਤੀ ਸੀ। ਜੇਕਰ ਉਹ ਰਾਣੀ ਲਈ ਇੰਡੀਆ ਮੁੰਡਾ ਲਭਣ ਔਂਦੇ ਸਨ ਤਾਂ ਸਾਰੇ ਟੱਬਰ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ, ਕੰਮ ਛਡ ਕੇ ਜਾਣਾ ਤੇ ਕਈ ਵਾਰ ਦੋਬਾਰਾ ਕੰਮ ਦੇ ਨਾ ਮਿਲਣ ਦੀਆਂ ਔਕੜਾਂ ਤੇ ਖਰਚੇ ਨਾਲੋਂ ਉਹਨਾਂ ਨੂੰ ਕਮਾਊ ਮੁੰਡਾ ਅਮਨ ਮਿਲ ਗਿਆ ਸੀ ਤੇ ਇਸ ਵਿਆਹ ਦੇ ਬੇਸ ਤੇ ਅਮਨ ਨੂੰ ਕੈਨੇਡਾ ਦੀ ਇਮੀਗਰੇਸੰਨ ਮਿਲ ਗਈ ਸੀ। 

  ਤੇਜਾ ਸਿੰਘ ਵੱਲੋਂ ਕੈਨੇਡਾ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ. ਭਾਵੇਂ ਨੌਜਵਾਨ ਮੁੰਡਿਆਂ ਨੂੰ ਕੈਨੇਡਾ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਤੇਜਪਾਲ ਦੀ ਗਰਲ ਫ੍ਰੈਂਡ ਕੁਲਵਿੰਦਰ ਨੇ ਤੇਜਪਾਲ ਦੇ ਰਾਹ ਵਿਚ ਕੈਨੇਡਾ ਜਾਣ ਦੀ ਰੁਕਾਵਟ ਪਾਈ ਹੋਈ ਸੀ। ਉਹ ਨਹੀਂ ਸੀ ਚਹੁੰਦੀ ਕਿ ਤੇਜਪਾਲ ਕੈਨੇਡਾ ਜਾਵੇ ਕਿਓਂਕਿ ਜੇਕਰ ਉਹ ਕੈਨੇਡਾ ਚਲਾ ਗਿਆ ਤਾਂ ਓਸ ਨੇ ਪਤਾ ਨਹੀਂ ਕਦੋਂ ਮੁੜਨਾ ਸੀ ਜਾਂ ਕਦੀ ਵੀ ਮੁੜ ਕੇ ਨਾ ਆਵੇ। ਇਸ ਹਾਲਤ ਵਿਚ ਉਹਦੇ ਮਾਪਿਆਂ ਨੇ ਉਹਦਾ ਕਿਸੇ ਹੋਰ ਮੁੰਡੇ ਨਾਲ ਵਿਆਹ ਕਰ ਦੇਣਾ ਸੀ ਅਤੇ ਦੋਹਾਂ ਨੇ ਜਵਾਨੀ ਦੀਆਂ ਜੋ ਪਿਆਰ ਪੀਂਘਾਂ ਝੂਟੀਆਂ ਸਨ ਅਤੇ ਸਦਾ ਲਈ ਇਕ ਦੂਜੇ ਦੇ ਹੋ ਜਾਣ ਦੇ ਵਾਅਦੇ ਕੀਤੇ ਸਨ, ਉਹ ਸਭ ਚਕਨਾ ਚੂਰ ਹੋ ਜਾਣੇ ਸਨ। ਸਭ ਤੋਂ ਵਡੀ ਗੱਲ ਇਹ ਸੀ ਕਿ ਉਹਨਾਂ ਦੋਵਾਂ ਨੇ ਕਾਲਜ ਵਿਚੋਂ ਬੀ. ਏ. ਤਾਂ ਇਕਠਿਆਂ ਹੀ ਪਾਸ ਕਰ ਲਈ ਸੀ ਅਤੇ ਜਵਾਨੀ ਵਾਲੇ ਪਿਆਰ ਦੇ ਸੁਪਨੇ ਵੀ ਬੜੇ ਲਏ ਸਨ ਪਰ ਉਹਨਾਂ ਦੇ ਪਿਆਰ ਦੀ ਕਿਸੇ ਨੂੰ ਭਿਣਕ ਨਹੀਂ ਪਈ ਸੀ, ਖਾਸ ਕਰ ਦੋਹਾਂ ਤੇਜਪਾਲ ਅਤੇ ਕੁਲਵਿੰਦਰ ਦੇ ਮਾਪਿਆਂ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਕਿ ਦੋਹਾਂ ਨੇ ਇਕ ਦੂਜੇ ਨਾਲ ਸੱਚਾ ਪਿਆਰ ਕਰਨ ਅਤੇ ਆਖਰ ਵਿਆਹ ਕਰਨ ਦੀਆਂ ਕਸਮਾਂ ਖਾਧੀਆਂ ਹੋਈਆਂ ਸਨ ਕੁਲਵਿੰਦਰ ਨੂੰ ਇਹ ਵੀ ਸ਼ਕ ਸੀ ਕਿ ਤੇਜਪਾਲ ਓਥੇ ਜਾ ਕੇ ਕਿਸੇ ਗੋਰੀ ਦੇ ਚੱਕਰ ਵਿਚ ਵੀ ਪੈ ਸਕਦਾ ਸੀ।

  ਅਤੇ ਓਥੇ ਜਾ ਕੇ ਕੁਝ ਮਹੀਨੇ ਤਾਂ ਫੋਨ ਤੇ ਗੱਲਾਂ ਹੁੰਦੀਆਂ ਰਹਿਣਗੀਆਂ ਪਰ ਹੌਲੀ ਹੌਲੀ ਇਸ ਵਿਚ ਖੜੋਤ ਆ ਜਾਵੇਗੀ। ਫਿਰ ਇਹ ਵੀ ਸੰਭਵ ਸੀ ਕਿ ਘਰ ਵਿਚੋਂ ਸਭ ਦੇ ਸਾਹਮਣੇ ਤੇਜਪਾਲ ਉਸ ਨਾਲ ਕਿਵੇਂ ਲੰਮੀਆਂ ਲੰਮੀਆਂ ਗੱਲਾਂ ਕਰ ਸਕੇਗਾ ਅਤੇ ਹੋ ਸਕਦਾ ਹੈ ਕਿ ਕਈ ਮਹੀਨੇ ਜਦ ਤਕ ਤੇਜਪਾਲ ਕੋਲ ਆਪਣਾ ਸੈੱਲ ਫੋਨ ਨਾ ਹੋਵੇ, ਉਹ ਉਸ ਨੂੰ ਕਿਵੇਂ ਫੋਨ ਕਰ ਸਕੇਗੀ. ਇਹਨਾਂ ਹਾਲਾਤਾਂ ਵਿਚ ਕੁਲਵਿੰਦਰ ਦੇ ਮਜਬੂਰ ਕਰਨ ਤੇ ਤੇਜਪਾਲ ਕੈਨੇਡਾ ਜਾਣ ਦੇ ਪਰੋਗਰਾਮ ਵਿਚ ਕਿਸੇ ਨਾ ਕਿਸੇ ਬਹਾਨੇ ਦੇਰੀ ਕਰੀ ਜਾ ਰਿਹਾ ਸੀ। ਉਸ ਨੇ ਕੁਲਵਿੰਦਰ ਨੂੰ ਕਈ ਵਾਰ ਕਿਹਾ ਸੀ ਕਿ ਕੈਨੇਡਾ ਦੀ ਇਮੀਗਰੇਸ਼ਨ ਮਿਲਣ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਪੈਰਾਂ ਤੇ ਖੜ੍ਹੇ ਹੋਣ ਜੋਗਾ ਹੋ ਗਿਆ ਤਾਂ ਓਸ ਨੂੰ ਵਿਆਹ ਕਰਾਉਣ ਲਈ ਬਤੌਰ ਫਿਆਂਸੀ ਸਪਾਂਸਰ ਕਰ ਦੇਵੇਗਾ ਪਰ ਕੁਲਵਿੰਦਰ ਨਹੀਂ ਚਾਂਹਦੀ ਸੀ ਕਿ ਤੇਜਪਾਲ ਉਸ ਨੂੰ ਛਡ ਕੇ ਕੈਨੇਡਾ ਚਲਾ ਜਾਵੇ। ਆਖਰ ਕਸਮਾਂ ਵਾਅਦੇ ਹੋਏ ਕਿ ਉਹ ਇਕ ਦੂਜੇ ਲਈ ਹਨ ਤੇ ਇਕ ਦਿਨ ਐਸਾ ਆਇਆ ਕਿ ਤੇਜਪਾਲ ਤੇ ਉਹਦੇ ਮਾਪਿਆਂ ਦੀਆਂ ਕੈਨੇਡਾ ਜਾਣ ਲਈ ਹਵਾਈ ਜਹਾਜ਼ ਵਿਚ ਸੀਟਾਂ ਬੁਕ ਹੋ ਗਈਆਂ। ਜਦ ਤੇਜਪਾਲ ਨੇ ਇਹ ਖਬਰ ਕੁਲਵਿੰਦਰ ਨੂੰ ਦੱਸੀ ਤਾਂ ਉਹਦੀਆਂ ਅਖਾਂ ਭਰ ਆਈਆਂ।

  ਤੇਜਾ ਸਿੰਘ ਜਿਸ ਨੇ ਆਪਣੀ ਜੱਦੀ ਜ਼ਮੀਨ ਜਿਸ ਦੇ ਇਕ ਇਕ ਚੱਪੇ ਤੇ ਉਹਨੇ ਤੇ ਉਸ ਤੋਂ ਪਹਿਲਾਂ ਉਹਦੇ ਵਡੇ ਵਡੇਰਿਆਂ ਨੇ ਪਤਾ ਨਹੀਂ ਕਿੰਨੇ ਸਾਲ ਹਲ ਵਾਹ ਵਾਹ ਕੇ ਆਪਣੇ ਕਦਮਾਂ ਦੇ ਨਿਸ਼ਾਨ ਛਡੇ ਸਨ, ਦਾ ਵੀ ਦਿਲ ਨਹੀਂ ਕਰਦਾ ਸੀ ਕਿ ਆਪਣਾ ਘਰ, ਆਪਣਾ ਪਿੰਡ, ਆਪਣਾ ਇਲਾਕਾ, ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰ, ਆਪਣਾ ਆਲਾ ਦਵਾਲਾ ਛਡ ਕੇ ਜਾਵੇ ਪਰ ਆਖਰ ਇਕ ਦਿਨ ਆ ਹੀ ਗਿਆ ਜਦ ਤਿੰਨੇ ਨਵੀਂ ਦਿੱਲੀ ਤੋਂ ਕੈਨੇਡਾ ਦੀ ਉਡਾਣ ਫੜ ਕੇ ਕੈਨੇਡਾ ਲਈ ਰਵਾਨਾ ਹੋ ਗਏ। ਟਰਾਂਟੋ ਦੇ ਹਵਾਈ ਅਡੇ ਤੇ ਅਮਨ, ਉਹਦੀ ਘਰ ਵਾਲੀ ਰਾਣੀ ਤੇ ਦੋਵੇਂ ਬੱਚੇ ਤੇ ਅਮਨ ਦੇ ਕੁਝ ਦੋਸਤ ਉਹਨਾਂ ਸਾਰਿਆਂ ਨੂੰ ਲੈਣ ਲਈ ਆਏ ਹੋਏ ਸਨ। ਦੋ ਬੈੱਡ ਰੂਮ ਅਪਾਰਟਮੈਂਟ ਵਿਚ ਆਪਣੇ ਮਾਪਿਆਂ ਦੇ ਆਉਣ ਦੀ ਖੁਸ਼ੀ ਵਿਚ ਅਮਨ ਨੇ ਪਾਰਟੀ ਰਖੀ ਹੋਈ ਸੀ। ਕਈ ਕਿਸਮ ਦੇ ਖਾਣੇ, ਚਿਕਨ, ਗੋਟ ਮੀਟ ਤੇ ਸ਼ਰਾਬ ਦੀਆਂ ਬੋਤਲਾਂ ਡਾਈਨਿੰਗ ਟੇਬਲ ਤੇ ਪਈਆਂ ਸਨ ਅਤੇ ਦੌਰ ਸ਼ੁਰੂ ਹੋਣ ਵਿਚ ਕੋਈ ਦੇਰ ਨਾ ਲੱਗੀ। ਅਕਤੂਬਰ ਮਹੀਨੇ ਦੇ ਆਖਰੀ ਦਿਨ ਸਨ ਅਤੇ ਦਿਨ ਜਲਦੀ ਡੁਬ ਗਿਆ ਸੀ ਤੇ ਹਲਕੀ ਜਹੀ ਠੰਢ ਵੀ ਸ਼ੁਰੂ ਹੋ ਗਈ ਸੀ। ਤੇਜਾ ਸਿੰਘ ਨੇ ਵੇਖਿਆ ਕਿ ਮੌਸਮ ਪੰਜਾਬ ਨਾਲੋਂ ਵਖਰਾ ਸੀ। ਸੜਕਾਂ ਕਿੰਨੀਆਂ ਸਾਫ ਤੇ ਸੁੰਦਰ ਸਨ। ਸਭ ਪਾਸੇ ਸਫਾਈ ਸੀ ਤੇ ਪੰਜਾਬ ਵਾਂਗ ਬਾਹਰ ਕੋਈ ਪਸੂ, ਰਿਕਸ਼ਾ, ਪੈਦਲ ਜਾਂ ਰਸ਼ ਨਹੀਂ ਸੀ। ਲੋਕ ਆਪਣੀਆਂ ਕਾਰਾਂ ਤੇ ਏਧਰ ਓਧਰ ਭਜੇ ਜਾ ਰਹੇ ਸਨ। ਕਿਸੇ ਘਰ ਦਾ ਦਰਵਾਜ਼ਾ ਖੁਲ੍ਹਾ ਨਹੀਂ ਸੀ। ਉਹਦੇ ਪੁਤਰ ਅਮਨ ਦਾ ਅਪਾਟਮੈਂਟ ਭਾਵੇਂ ਛੋਟਾ ਸੀ ਪਰ ਚੰਗੀ ਤਰ੍ਹਾਂ ਸਜਾਇਆ ਹੋਇਆ ਸੀ। ਘਰ ਵਿਚ ਲੋੜ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਟੀ. ਵੀ. ਟੈਲੀਫੋਨ, ਮਾeਕਰੋਵੇਵ, ਕੰਪਿਊਟਰ ਆਦਿ ਮੌਜੂਦ ਸਨ। ਰਾਤ ਦੇ ਬਾਰਾਂ ਵਹੇ ਤਕ ਪਾਰਟੀ ਚਲਦੀ ਰਹੀ ਅਤੇ ਪਿੰਡ ਬਾਰੇ ਤੇਜਾ ਸਿੰਘ ਨਾਲ ਅਮਨ ਅਤੇ ਉਹਦੇ ਦੋਸਤਾਂ ਨੇ ਰੱਜ ਕੇ ਗੱਲਾਂ ਕੀਤੀਆਂ। ਫਿਰ ਜਿਵੇਂ ਜਿਵੇਂ ਦਾਰੂ ਚੜ੍ਹਦੀ ਗਈ ਤੇ ਅਮਨ ਨੇ ਪੰਜਾਬੀ ਗਾਣਿਆਂ ਦੀ ਸੀ ਡੀ ਲਾ ਦਿਤੀ। ਅਮਨ, ਉਹਦੇ ਦੋਸਤ ਤੇ ਉਹਨਾਂ ਨਾਲ ਆਈਆਂ ਕਈਆਂ ਦੀਆਂ ਘਰ ਵਾਲੀਆਂ ਪੰਜਾਬੀ ਗਾਣਿਆਂ ਦੀਆਂ ਸੁਰਾਂ ਤੇ ਬੋਲਾਂ ਤੇ ਨੱਚਣ ਲਗ ਪਈਆਂ। ਅਮਨ ਦੇ ਛੋਟੇ ਜਿਹੇ ਅਪਾਰਟਮੈਂਟ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਖਾ ਪੀ ਕੇ ਆਏ ਸਾਰੇ ਗੈਸਟ ਤਾਂ ਰਾਤ ਨੂੰ ਹੀ ਚਲੇ ਗਏ ਤੇ ਅਮਨ ਨੇ ਆਪਣੇ ਮਾਂ ਪਿਓ ਨੂੰ ਇਕ ਬੈੱਡ ਰੂਮ ਦੇ ਦਿਤਾ ਤੇ ਛੋਟਾ ਤੇਜਪਾਲ ਲਿਵਿੰਗ ਰੂਮ ਵਿਚ ਸੋਫੇ ਤੇ ਹੀ ਪੈ ਗਿਆ। ਸਵੇਰੇ ਐਤਵਾਰ ਹੋਣ ਕਾਰਨ ਸਾਰੇ ਲੇਟ ਉਠੇ ਪਰ ਤੇਜਾ ਸਿੰਘ ਜਿਸ ਨੂੰ ਜਲਦੀ ਉਠਣ ਦੀ ਆਦਤ ਸੀ, ਉਠ ਕੇ ਬੈਠ ਗਿਆ ਤੇ ਬਾਕੀ ਦਿਆਂ ਦੇ ਉਠਣ ਦੀ ਉਡੀਕ ਕਰਨ ਲੱਗਾ। ਮਨ ਹੀ ਮਨ ਵਿਚ ਉਸ ਨੇ ਜਪੁ ਜੀ ਸਾਹਿਬ ਦਾ ਪਾਠ ਇਕ ਵਾਰ ਨਹੀਂ ਸਗੋਂ ਕਈ ਵਾਰ ਕਰ ਲਿਆ ਸੀ।

  ਅਗਲੇ ਕੁਝ ਦਿਨ ਅਮਨ ਨੇ ਮਾਪਿਆਂ ਨੂੰ ਘੁਮਾਇਆ ਫਿਰਾਇਆ। ਨਿਆਗਰਾ ਫਾਲਜ਼, ਸਕਾਈਡੋਮ, ਸੀ ਐਨ ਟਾਵਰ, ਟਰਾਂਟੋ ਦਾ ਡਾਊਨ ਟਾਊਨ ਆਦਿ ਥਾਵਾਂ ਵਿਖਾ ਦਿਤੀਆਂ ਅਤੇ ਹੋਰ ਦੋਸਤਾਂ ਅਤੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਵੀ ਮਿਲਾ ਦਿਤਾ। ਅਮਨ ਦੇ ਕੁਝ ਦੋਸਤਾਂ ਨੇ ਵੀ ਉਸਦੇ ਮਾਪਿਆਂ ਅਤੇ ਭਰਾ ਨੂੰ ਖਾਣੇ ਤੇ ਘਰ ਬੁਲਾਇਆ ਤੇ ਕੰਮ ਤੋਂ ਸਮਾਂ ਭੰਨ ਭੰਨ ਕੇ ਅਮਨ ਨੇ ਆਏ ਨਵੇਂ ਇਮੀਗਰੰਟਾਂ ਦਾ ਸੋਸ਼ਲ ਇਨਸ਼ੋਰੰਸ ਨੰਬਰ ਵੀ ਅਪਲਾਈ ਕਰ ਦਿਤਾ ਅਤੇ ਬੈਂਕ ਵਿਚ ਖਾਤਾ ਵੀ ਖੁਲ੍ਹਵਾ ਦਿਤਾ ਕਿਓਂਕਿ ਤਿੰਨ ਮਹੀਨੇ ਪੂਰੇ ਹੋਣ ਤੇ ਓਹਿਪ ਲਈ ਅਪਲਾਈ ਕਰਨ ਲਈ ਆਈ ਡੀਜ਼ ਅਤੇ ਨਾਂ ਤੇ ਆਈ ਕਿਸੇ ਚਿਠੀ ਜਾਂ ਬਿੱਲ ਦੀ ਬੜੀ ਲੋੜ ਪੈਂਦੀ ਸੀ। ਨਵੇਂ ਆਇਆਂ ਨੂੰ ਜੀ ਆਇਆਂ ਕਹਿਣ ਦਾ ਇਹ ਮੇਲ ਮਿਲਾਪ ਮੁੱਕਾ ਤਾਂ ਉਹਨਾਂ ਨੂੰ ਕੰਮ ਤੇ ਲਵਾਉਣ ਦਾ ਚੱਕਰ ਸ਼ੁਰੂ ਹੋ ਗਿਆ। ਸਰਦੀਆਂ ਸ਼ੁਰੂ ਹੋਣ ਕਾਰਨ ਫਾਰਮਾਂ ਦੇ ਕੰਮ ਬੰਦ ਹੋ ਚੁਕੇ ਸਨ ਤੇ ਸਿਕਿਓਰਟੀ ਦੀ ਜਾਬ ਲਈ ਅੰਗਰੇਜ਼ੀ ਆਉਣੀ ਤੇ ਡਰਾਈਵਿੰਗ ਲਾਈਸੰਸ ਹੋਣਾ ਜ਼ਰੂਰੀ ਸੀ। ਤੇਜਾ ਸਿੰਘ ਦਾ ਅੰਗਰੇਜ਼ੀ ਵੱਲੋਂ ਹਥ ਤਾਂ ਬਿਲਕੁਲ ਈ ਤੰਗ ਸੀ ਅਤੇ ਕਦੀ ਕਦੀ ਜਦੋਂ ਓਸ ਨੂੰ ਗੁਰਦਵਾਰੇ ਵਿਚ ਪੰਜਾਬੀ ਬੁੜ੍ਹੇ ਮਿਲਦੇ ਤਾਂ ਉਹ ਉਹਨਾਂ ਨੂੰ ਕਿਤੇ ਕੰਮ ਦੀ ਦੱਸ ਪਾਉਣ ਲਈ ਕਹਿੰਦਾ। ਉਹ ਉਸਦੀ ਕੋਈ ਮਦਦ ਨਾ ਕਰ ਸਕਦੇ ਕਿਓਂ ਕਿ ਉਹਨਾਂ ਵਿਚੋਂ ਬਹੁਤੇ ਰੀਟਾਇਰ ਹੋ ਚੁਕੇ ਸਨ ਅਤੇ ਉਹਨਾਂ ਨੂੰ ਬੁਢਾਪਾ ਪੈਨਸ਼ਨ ਤੋਂ ਇਲਾਵਾ ਕੰਮ ਦੀ ਪੈਨਸ਼ਨ ਵੀ ਮਿਲਦੀ ਸੀ। ਕੁਝ ਹੁਣ ਟਰਾਂਟੋ ਵਿਚ ਇਹ ਵੀ ਰਿਵਾਜ ਚੱਲ ਪਿਆ ਸੀ ਕਿ ਦਿਨੋ ਦਿਨ ਟਰਾਂਟੋ ਤੇ ਆਸ ਪਾਸ ਦਾ ਇਲਾਕਾ ਨਵੇਂ ਆਏ ਇਮੀਗਰੰਟਸ ਨਾਲ ਭਰਦਾ ਜਾ ਰਿਹਾ ਸੀ ਤੇ ਨਵੇਂ ਇਮੀਗਰੰਟ ਏਨੀ ਕੁ ਜ਼ਿਆਦਾ ਪੁਛ ਗਿਛ ਕਰਦੇ ਸਨ ਕਿ ਉਹਨਾਂ ਨੂੰ ਰਾਹੇ ਪਾਉਣ ਵਾਲਾ ਜਾਂ ਮਦਦ ਕਰਨ ਵਾਲਾ ਅੱਕ ਜਾਂਦਾ ਸੀ। ਨਵੇਂ ਇਮੀਗਰੰਟਾਂ ਦੀ ਰਕਰੂਟੀ ਕਟਾਉਣੀ ਬੜਾ ਔਖਾ ਕੰੰਮ ਸੀ। ਜਦ ਇਹ ਲੋਕ ਸੈਟਲ ਹੋ ਜਾਂਦੇ ਸਨ ਤਾਂ ਕਦੇ ਭੁੱਲ ਕੇ ਹੈਲੋ ਵੀ ਨਹੀਂ ਕਰਦੇ ਸਨ। ਬਸ ਰਾਈਡ ਲੈਣ ਤੇ ਕੰਮ ਲਭ ਕੇ ਦੇਣ ਤਕ ਹੀ ਸੀਮਤ ਰਹਿੰਦੇ ਸਨ। ਅਮਨ ਦੇ ਦੋਸਤ ਵੀ ਤੇਜਾ ਸਿੰਘ ਨੂੰ ਕੰਮ ਲਭ ਕੇ ਦੇਣ ਵਿਚ ਕਾਮਯਾਬ ਨਾ ਹੋ ਸਕੇ। ਕਈ ਵਾਰ ਤੇਜਾ ਸਿੰਘ ਨੂੰ ਕਿਸੇ ਫੈਕਟਰੀ ਵਿਚ ਭੇਜਦੇ ਤਾਂ ਉਹਦੀ ਉਮਰ ਤੇ ਪਹਿਰਾਵਾ ਵੇਖ ਕੇ ਮਾਲਕ ਜਦੋਂ ਕੰਮ ਹੋਇਆ, ਬੁਲਾ ਲਵਾਂਗੇ ਕਹਿ ਕੇ ਮੋੜ ਦਿੰਦੇ। ਜੇ ਕਿਤੇ ਇਕ ਦੋ ਦਿਨ ਤੇਜਾ ਸਿੰਘ ਦੇ ਲੱਗ ਵੀ ਜਾਂਦੇ ਤਾਂ ਅੰਗਰੇਜ਼ੀ ਨਾ ਆਉਣ ਕਰ ਕੇ ਅਤੇ ਕੰਮ ਵਿਚ ਸਲੋ ਹੋਣ ਕਰ ਕੇ ਫੋਰਮੈਨ ਜਵਾਬ ਦੇ ਦੇਂਦਾ।

  ਤੇਜਾ ਸਿੰਘ ਕਈ ਵਾਰ ਸੋਚਦਾ ਕਿ ਉਹ ਕੈਨੇਡਾ ਵਿਚੋਂ ਮੁੜ ਜਾਵੇ ਤਾਂ ਚੰਗਾ ਹੈ। ਓਥੇ ਦੋ ਏਕੜ ਜ਼ਮੀਨ ਉਹਦੇ ਗੁਜ਼ਾਰੇ ਲਈ ਕਾਫੀ ਸੀ। ਤੇਜਪਾਲ ਨੂੰ ਵੀ ਚੱਜ ਨਾਲ ਕੋਈ ਕੰਮ ਨਹੀਂ ਮਿਲਿਆ ਸੀ। ਦੂਜੇ ਬੀ. ਏ. ਪਾਸ ਹੋਣ ਕਰ ਕੇ ਉਹ ਫੈਕਟਰੀਆਂ ਵਿਚ ਭਾਰਾ ਕੰਮ ਨਹੀਂ ਕਰਨਾ ਚਹੁੰਦਾ ਸੀ। ਕੈਨੇਡਾ ਦੀ ਪੜ੍ਹਾਈ ਜਾਂ ਕੋਰਸ ਕੀਤੇ ਬਿਨਾਂ ਕੋਈ ਚੰਗੀ ਜੌਬ ਮਿਲਣੀ ਮੁਸ਼ਕਲ ਸੀ। ਕਾਲਜ ਵਿਚ ਕੀਤੀ ਪੜ੍ਹਾਈ ਅਤੇ ਐਸ਼ ਕਾਰਨ ਵੀ ਕੁਝ ਉਸਦਾ ਸੁਭਾਅ ਵੀ ਵਿਹਲੇ ਰਹਿਣ ਦਾ ਬਣਿਆ ਹੋਇਆ ਸੀ ਅਤੇ ਉਹ ਵਿਹਲੀਆਂ ਖਾਣ ਵਿਚ ਜ਼ਿਆਦਾ ਵਿਸ਼ਵਾਸ਼ ਰਖਦਾ ਸੀ। ਕੈਨੇਡਾ ਆ ਕੇ ਉਸ ਨੂੰ ਕੁਲਵਿੰਦਰ ਵੀ ਬਹੁਤ ਯਾਦ ਆਉਂਦੀ ਸੀ ਤੇ ਉਸ ਨਾਲ ਉਹਨੇ ਮਾਲ ਚੋਂ ਕਾਰਡ ਲੈ ਕੇ ਪੇ-ਫੋਨ ਤੋਂ ਕੁਝ ਵਾਰ ਗੱਲ ਵੀ ਕੀਤੀ ਸੀ। ਉਸ ਨੂੰ ਤੇਜਪਾਲ ਨੇ ਕੰਮ ਨਾ ਮਿਲਣ ਅਤੇ ਭਰਾ ਭਰਜਾਈ ਤੇ ਬਣੇ ਬੋਝ ਦਾ ਜ਼ਿਕਰ ਵੀ ਕੀਤਾ ਸੀ। ਇਕ ਦਿਨ ਉਹਨੇ ਇਹ ਵੀ ਦਸਿਆ ਕਿ ਭਰਜਾਈ ਰਾਣੀ ਨੇ ਕਿਓਂਕਿ ਉਸ ਨੂੰ ਸਪਾਂਸਰ ਕਰ ਕੇ ਬੁਲਾਇਆ ਸੀ, ਇਸ ਲਈ ਉਹ ਕਹਿਣ ਲਗ ਪਈ ਸੀ ਕਿ ਤੇਜ ਉਸਦੀ ਇਕ ਰਿਸ਼ਤੇਦਾਰ ਕੁੜੀ ਨੂੰ ਵਿਆਹ ਕਰਵਾ ਕੇ ਬੁਲਾ ਲਵੇ। ਗੱਲਾਂ ਤਾਂ ਹੋਣ ਲਗ ਪਈਆਂ ਸਨ ਪਰ ਜਦ ਤਕ ਤੇਜਪਾਲ ਕਮਾਈ ਕਰਨ ਨਹੀਂ ਲਗਦਾ ਸੀ, ਓਨਾ ਚਿਰ ਵਿਆਹ ਕਿਵੇਂ ਹੋ ਸਦਕਦਾ ਸੀ। ਭਰਾ ਭਰਜਾਈ ਦੇ ਘਰ ਰੋਟੀਆਂ ਭੰਨਣ ਦੀ ਹੱਦ ਵੀ ਤਾਂ ਇਕ ਦਿਨ ਖਤਮ ਹੋ ਜਾਣੀ ਸੀ। ਤੇਜਾ ਸਿੰਘ ਦੀ ਘਰ ਵਾਲੀ ਦਾ ਸਾਰਾ ਵਕਤ ਬੱਚਿਆਂ ਦੀ ਦੇਖ ਭਾਲ, ਉਹਨਾਂ ਨੂੰ ਫੀਡ ਕਰਨ, ਕਿਚਨ ਦਾ ਕੰਮ ਕਰਨ ਤੇ ਸਫਾਈ ਵਿਚ ਲੰਘ ਜਾਂਦਾ ਸੀ। ਭਾਰੀ ਸਰੀਰ ਹੋਣ ਕਰ ਕੇ ਉਸ ਤੋਂ ਬਹੁਤਾ ਕੰਮ ਨਹੀਂ ਸੀ ਹੁੰਦਾ ਅਤੇ ਉਹ ਥਕੀ ਥਕੀ ਤੇ ਕੈਦਣ ਮਹਿਸੂਸ ਕਰਨ ਲਗ ਪਈ ਸੀ। ਉਹ ਅਪਾਰਟਮੈਂਟ ਵਿਚੋਂ ਕਿਤੇ ਬਾਹਰ ਨਹੀਂ ਸੀ ਜਾ ਸਕਦੀ। ਕੋਈ ਇਹੋ ਜਿਹਾ ਨੇੜੇ ਦਾ ਵਾਕਫ ਵੀ ਨਹੀਂ ਸੀ ਜਿਸ ਕੋਲ ਢਿਡ ਫੋਲ ਸਕੇ। ਉਹਨੂੰ ਵੀ ਪਿਛੇ ਪਿੰਡ ਤੇ ਘਰ ਦੀ ਬਹੁਤ ਯਾਦ ਸਤਾਉਂਦੀ ਰਹਿੰਦੀ ਤੇ ਕਈ ਵਾਰ ਤੇਜਾ ਸਿੰਘ ਨੂੰ ਕਹਿੰਦੀ ਕਿ ਹੁਣ ਏਸ ਉਮਰੇ ਆਪਾਂ ਤੋਂ ਕੈਨੇਡਾ ਵਿਚ ਕੰਮ ਨਹੀਂ ਹੋਣਾ ਤੇ ਆਪਾਂ ਏਥੇ ਹੱਡ ਰੋਲਣ ਦੀ ਬਜਾਏ ਵਾਪਸ ਪਿੰਡ ਚਲੇ ਚਲੀਏ। ਤੇਜਪਾਲ ਨੂੰ ਅਮਨ ਕੋਲ ਛਡ ਜਾਈਏ ਪਰ ਇਹ ਗੱਲਾਂ ਉਹ ਕਦੇ ਅਮਨ ਨਾਲ ਨਾ ਕਰਦੇ। ਹੁਣ ਰਾਣੀ ਵੀ ਕੰਮ ਤੇ ਜਾਣ ਲਗ ਪਈ ਸੀ ਅਤੇ ਜਦੋਂ ਦੋਵੇਂ ਥੱਕੇ ਟੁੱਟੇ ਘਰ ਔਂਦੇ ਤਾਂ ਅਮਨ ਨਹਾ ਕੇ ਬਕਾਰਡੀ ਦਾ ਵਡਾ ਸਾਰਾ ਸ਼ਾਟ ਪਾ ਕੇ ਟੀ ਵੀ ਅਗੇ ਬਹਿ ਜਾਂਦਾ। ਪਿਓ ਨੂੰ ਵੀ ਇਕ ਸ਼ਾਟ ਪਾ ਦੇਂਦਾ ਤੇ ਬਹੁਤੀ ਗੱਲ ਬਾਤ ਨਾ ਕਰਦਾ। ਥਕੀ ਹੋਣ ਤੇ ਰਾਣੀ ਵੀ ਘੰਟੇ ਕੁ ਲਈ ਬੈੱਡ ਤੇ ਜਾ ਕੇ ਲੇਟ ਜਾਂਦੀ ਅਤੇ ਜਦੋਂ ਉਠਦੀ ਤਾਂ ਸਹੇਲੀਆਂ ਨੂੰ ਫੋਨ ਕਰਨ ਲਗ ਪੈਂਦੀ। ਸੱਸ ਰੋਟੀਆਂ ਪਕਾ ਕੇ ਰਖ ਦੇਂਦੀ ਅਤੇ ਰਾਣੀ ਟੇਬਲ ਲਾ ਦੇਂਦੀ। ਤੇਜਪਾਲ ਕਈ ਵਾਰ ਘਰੋਂ ਬਾਹਰ ਨਿਕਲ ਜਾਂਦਾ ਅਤੇ ਦੇਰ ਨਾਲ ਘਰ ਆਉਂਦਾ। ਅਮਨ ਨੂੰ ਕਈ ਵਾਰ ਇੰਜ ਲਗਦਾ ਕਿ ਜਿਵੇਂ ਉਹਨੇ ਸੋਚਿਆ ਸੀ, ਓਸ ਤਰ੍ਹਾਂ ਕੁਝ ਵੀ ਨਹੀਂ ਸੀ ਹੋ ਰਿਹਾ। ਚਾਰ ਚੈੱਕ ਡਿਗਣ ਵਾਲੀ ਗੱਲ ਤੇ ਘਰ ਖਰੀਦਣ ਵਾਲੀ ਯੋਜਨਾ ਦਾ ਕੋਈ ਸਿਰਾ ਹਥ ਨਹੀਂ ਆ ਰਿਹਾ ਸੀ। ਸਗੋਂ ਘਰ ਦਾ ਖਰਚਾ ਵਧ ਰਿਹਾ ਸੀ। ਤਿੰਨ ਜਣਿਆਂ ਦੇ ਆਉਣ ਨਾਲ ਗਰੋਸਰੀ ਵੀ ਪਹਿਲਾਂ ਨਾਲੋਂ ਦੂਣੀ ਤੀਣੀ ਹੋ ਗਈ ਸੀ। ਸਾਰਿਆਂ ਨੂੰ ਸਰਦੀਆਂ ਵਾਲੀਆਂ ਜੈਕਟਾਂ ਤੇ ਥਲੇ ਪਾਉਣ ਵਾਲੇ ਥਰਮਲ ਪਾਜਾਮੇ ਵੀ ਲੈ ਕੇ ਦਿਤੇ ਸਨ। ਮਾਂ ਵੀ ਬੁਝੀ ਬੁਝੀ ਰਹਿੰਦੀ ਸੀ ਤੇ ਪਿਓ ਤੇਜਾ ਸਿੰਘ ਦੇ ਮੂੰਹ ਤੇ ਵੀ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਸਨ। ਬਾਹਰ ਬਰਫ ਪਈ ਹੋਣ ਕਰ ਕੇ ਕਿਧਰੇ ਆਉਣਾ ਜਾਣਾ ਵੀ ਬੜਾ ਮੁਸ਼ਕਲ ਸੀ।

  ਅਮਨ ਨੇ ਕਈ ਵਾਰ ਛੋਟੇ ਭਰਾ ਨੂੰ ਦਿਲ ਲਾ ਕੇ ਕੰਮ ਕਰਨ ਲਈ ਕਿਹਾ ਸੀ ਪਰ ਉਹ ਭਰਾ ਦੀ ਬਹੁਤੀ ਗੱਲ ਨਹੀਂ ਗੌਲਦਾ ਸੀ। ਚਲੋ ਮੁੰਡਾ ਖੁੰਡਾ ਏ ਆਪੇ ਸਮਝ ਜਾਵੇਗਾ ਦੇ ਵਿਚਾਰ ਅਧੀਨ ਅਮਨ ਭਰਾ ਨੂੰ ਬਹੁਤਾ ਜ਼ੋਰ ਦੇ ਕੁਝ ਕਹਿੰਦਾ ਵੀ ਨਹੀਂ ਸੀ। ਰਾਣੀ ਦੇ ਸੁਭਾਅ ਵਿਚ ਵੀ ਫਰਕ ਆ ਗਿਆ ਸੀ। ਸਾਰੇ ਘੁਟੇ ਘੁਟੇ ਜਿਹੇ ਰਹਿੰਦੇ ਸਨ ਪਰ ਤੇਜਾ ਸਿੰਘ ਨੂੰ ਹੁਣ ਇਹ ਸਮਝ ਆ ਗਈ ਸੀ ਕਿ ਕੈਨੇਡਾ ਦਾ ਜੀਵਨ ਬੜਾ ਔਖਾ ਸੀ। ਜਦੋਂ ਉਹ ਪਿੰਡ ਰਹਿੰਦਾ ਸੀ ਅਤੇ ਸੋਚਦਾ ਸੀ ਕਿ ਅਮਨ ਹੋਰ ਖੇਤ ਲੈਣ ਲਈ ਖੁਲ੍ਹੇ ਪੈਸੇ ਕਿਓਂ ਨਹੀਂ ਭੇਜਦਾ ਤੇ ਕੈਨੇਡਾ ਵਿਚ ਡਾਲਰ ਤਾਂ ਦਰਖਤਾਂ ਨਾਲ ਲਗੇ ਹੋਏ ਸਨ ਤੇ ਬੱਸ ਹਿਲੂਣਾ ਦੇ ਕੇ ਡਿਗਣ ਤੇ ਇਕਠੇ ਕਰਨ ਦੀ ਈ ਲੋੜ ਸੀ ਪਰ ਹੁਣ ਉਹਨੂੰ ਕੈਨੇਡਾ ਆ ਕੇ ਪਤਾ ਲਗ ਗਿਆ ਸੀ ਕਿ ਡਾਲਰ ਬਨਾਉਣੇ ਕੋਈ ਸੌਖਾ ਕੰਮ ਨਹੀਂ ਸੀ। ਕੈਨੇਡਾ ਵਿਚ ਰਹਿਣ ਦੇ ਖਰਚੇ ਵੀ ਤਾਂ ਬੜੇ ਸਨ ਅਤੇ ਇਹਨਾਂ ਖਰਚਿਆਂ ਵਿਚੋਂ ਪੈਸੇ ਬਚਾ ਕੇ ਪਿਛੇ ਭੇਜਣੇ ਬੜਾ ਸੂਰਮਗਤੀ ਵਾਲਾ ਕੰਮ ਸੀ। ਕਈ ਇਹੋ ਜਹੇ ਲੋਕ ਵੀ ਤੇਜਾ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਦਸਿਆ ਕਿ ਉਹਨਾਂ ਨੂੰ ਕੈਨੇਡਾ ਆਇਆ ਵੀਹ ਵੀਹ ਸਾਲ ਹੋ ਗਏ ਸਨ ਪਰ ਉਹ ਇਕ ਵਾਰ ਵੀ ਪਿਛੇ ਗੇੜਾ ਨਹੀਂ ਮਾਰ ਸਕੇ ਕਿਓਂਕਿ ਉਹਨਾਂ ਕੋਲ ਪਿਛੇ ਜਾਣ ਲਈ ਟਿਕਟ ਜੋਗੇ ਡਾਲਰ ਈ ਨਹੀਂ ਜੁੜ ਸਕੇ ਸਨ। ਇਸ ਤਰ੍ਹਾਂ ਦੇ ਹਾਲਾਤ ਵਿਚ ਤੇਜਾ ਸਿੰਘ ਦਾ ਜੀਅ ਪਿਛੇ ਮੁੜ ਜਾਣ ਲਈ ਬੜਾ ਕਾਹਲਾ ਪੈਂਦਾ। ਕੈਨੇਡਾ ਤਾਂ ਇਕ ਮਿਠੀ ਜੇਲ੍ਹ ਸੀ ਜਿਸ ਵਿਚੋਂ ਨਿਕਲਣਾ ਵੀ ਬੜਾ ਔਖਾ ਸੀ ਤੇ ਇਥੇ ਰਹਿਣਾ ਵੀ ਬੜਾ ਔਖਾ ਸੀ। ਫਿਰ ਜਿਸ ਉਮਰ ਵਿਚ ਉਹ ਆਇਆ ਸੀ, ਇਸ ਉਮਰੇ ਕੰਮ ਮਿਲਣਾ ਬੜਾ ਔਖਾ ਹੋ ਗਿਆ ਸੀ। ਫੈਕਟਰੀਆਂ ਵਾਲੇ ਤਾਂ ਜਵਾਨ ਮੁੰਡੇ ਭਾਲਦੇ ਸਨ ਜਿਨ੍ਹਾਂ ਦੇ ਹਡ ਨਿਚੋੜ ਕੇ ਉਹਨਾਂ ਨੇ ਪੈਸੇ ਦੇਣੇ ਹੁੰਦੇ ਹਨ। ਭਾਰਤ ਦਾ ਮਜ਼ਦੂਰ ਤਾਂ ਆਪਣੀ ਮਨ ਮਰਜ਼ੀ ਨਾਲ ਕੰਮ ਕਰਦਾ ਸੀ ਪਰ ਇਥੇ ਕੈਨੇਡਾ ਵਾਲੇ ਤਾਂ ਜੇ ਇਕ ਦਿਨ ਘੱਟ ਪੀਸ ਬਨਣ ਤਾਂ ਕਚਿਆਂ ਨੂੰ ਅਗਲੇ ਦਿਨ ਨਾ ਆਉਣ ਲਈ ਕਹਿ ਦਿੰਦੇ ਸਨ। ਪਰਵਾਰ ਅਜਬ ਜਹੀ ਉਲਝਣ ਵਿਚ ਫਸ ਗਿਆ ਸੀ। ਤੇਜਾ ਸਿੰਘ ਸੋਚਦਾ ਕਿ ਸਭ ਅਛਾ ਨਹੀਂ ਹੈ। ਜਿਵੇਂ ਸਮਾਂ ਲੰਘ ਰਿਹਾ ਹੈ, ਇਸ ਤਰ੍ਹਾਂ ਦੀ ਸੋਚ ਲੈ ਕੇ ਤਾਂ ਉਹ ਕੈਨੇਡਾ ਨਹੀਂ ਆਏ ਸਨ। ਆਖਰ ਕਈ ਲੋਕ ਕਈ ਕਈ ਲਖ ਰੁਪੈ ਏਜੰਟਾਂ ਨੂੰ ਦੇ ਕੇ ਕੈਨੇਡਾ ਪਹੁੰਚਦੇ ਸਨ ਤੇ ਫਿਰ ਕਈ ਕਈ ਸਾਲ ਕੱਚੇ ਈ ਰਹਿੰਦੇ ਸਨ। ਕੈਨੇਡਾ ਦੀ ਇਮੀਗਰੇਸ਼ਨ ਨਾ ਮਿਲਣ ਕਰ ਕੇ ਕਈ ਵਾਪਸ ਵੀ ਪਰਤ ਜਾਦੇ ਸਨ ਜਾਂ ਡੀਪੋਰਟ ਕਰ ਦਿਤੇ ਜਾਂਦੇ ਸਨ। ਉਹ ਉਹਨਾਂ ਨਾਲੋਂ ਤਾਂ ਕਿਤੇ ਚੰਗੇ ਸਨ ਅਤੇ ਕਦੇ ਨਾ ਕਦੇ ਕੰਮ ਤਾਂ ਮਿਲ ਹੀ ਜਾਵੇਗਾ ਅਤੇ ਫਿਰ ਇਹ ਵੀ ਸੀ ਕਿ ਕੈਨੇਡਾ ਦੀ ਇਮੀਗਰੇਸ਼ਨ ਹੋਣ ਕਾਰਨ ਤੇਜਪਾਲ ਲਈ ਬੜੇ ਚੰਗੇ ਘਰ ਦਾ ਰਿਸ਼ਤਾ ਮਿਲ ਸਕਦਾ ਸੀ ਪਰ ਤੇਜਾ ਸਿੰਘ ਨੂੰ ਕੀ ਪਤਾ ਸੀ ਕਿ ਤੇਜਪਾਲ ਤਾਂ ਕੁਲਵਿੰਦਰ ਨੂੰ ਦਿਲ ਦੇ ਆਇਆ ਸੀ ਤੇ ਉਸ ਨਾਲ ਵਿਆਹ ਕਰਵਾਣ ਦੀ ਅਟੀ ਸਟੀ ਹੋ ਚੁਕੀ ਸੀ। ਨਾ ਹੀ ਇਸ ਭੇਦ ਦਾ ਤੇਜਪਾਲ ਦੀ ਭਰਜਾਈ ਰਾਣੀ ਨੂੰ ਪਤਾ ਸੀ ਜੋ ਆਪਣੀ ਰਿਸ਼ਤੇਦਾਰ ਕੁੜੀ ਤੇਜ ਨਾਲ ਵਿਆਹ ਕੇ ਕੈਨੇਡਾ ਲਿਆਣਾ ਚਹੁੰਦੀ ਸੀ।

  ਆਖਰ ਤੇਜਾ ਸਿੰਘ ਨੂੰ ਬਰੈਂਪਟਨ ਤੋਂ ਥੋੜ੍ਹਾ ਦੂਰ ਪੈਂਦੇ ਇਕ ਇੰਡੀਅਨ ਦੇ ਗੈਸ ਸਟੇਸ਼ਨ ਤੇ ਰਾਤ ਨੂੰ ਗੈਸ ਪਾਉਣ ਦਾ ਕੰਮ ਮਿਲ ਗਿਆ ਅਤੇ ਤੇਜਪਾਲ ਨੇ ਇਕ ਫੈਕਟਰੀ ਵਿਚ ਦਸ ਡਾਲਰ ਘੰਟੇ ਦੀ ਜੌਬ ਲਭ ਲਈ। ਚੈੱਕ ਵੀ ਘਰ ਆਉਣ ਲਗ ਪਏ ਤੇ ਦੋਹਾਂ ਪਿਓ ਪੁੱਤਾਂ ਦੇ ਚੈੱਕ ਅਮਨ ਲੈ ਕੇ ਆਪਣੇ ਬੈਂਕ ਵਿਚ ਜਮ੍ਹਾਂ ਕਰਵਾ ਦੇਂਦਾ। ਕਦੇ ਕਦੇ ਮੰਗਣ ਤੇ ਥੋੜ੍ਹੇ ਬਹੁਤ ਪੈਸੇ ਉਹਨਾਂ ਨੂੰ ਦੇ ਦੇਂਦਾ। ਸਮਾਂ ਪਾ ਕੇ ਬਾਹਰ ਕੰਮ ਤੇ ਕਈ ਲੋਕ ਤੇਜਪਾਲ ਨੂੰ ਕਹਿੰਦੇ ਕਿ ਤੂੰ ਆਪਣਾ ਚੈੱਕ ਆਪਣੇ ਪਾਸ ਰਖਿਆ ਕਰ ਕਿਓਂਕਿ ਕੱਲ ਨੂੰ ਜਦ ਵਿਆਹ ਕਰਵਾ ਕੇ ਵਖਰਾ ਹੋਵੇਂਗਾ ਤਾਂ ਖਰਚਾ ਕਿਥੋਂ ਕਰੇਂਗਾ। ਇਸੇ ਤਰ੍ਹਾਂ ਬਾਪੂ ਤੇਜਾ ਸਿੰਘ ਵੀ ਸੋਚਦਾ ਕਿ ਜੇ ਪੈਸੇ ਬਣ ਜਾਣ ਤਾਂ ਉਹ ਨਾਲ ਲਗਦਾ ਕਿੱਲਾ ਖਰੀਦ ਕੇ ਆਪਣੀ ਜਾਇਦਾਦ ਵਧਾ ਸਕਦਾ ਸੀ। ਇਹ ਗੱਲ ਕਦੀ ਕਦੀ ਤੇਜਾ ਸਿੰਘ ਅਮਨ ਨਾਲ ਕਰਦਾ ਪਰ ਅਮਨ ਪਿੰਡ ਜ਼ਮੀਨ ਵਧਾਉਣ ਜਾਂ ਖਰੀਦਨ ਦੇ ਹਕ ਵਿਚ ਨਹੀਂ ਸੀ। ਸਮਾਂ ਚਾਹੇ ਚੰਗਾ ਹੋਵੇ ਚਾਹੇ ਮਾੜਾ, ਆਖਰ ਬੀਤ ਹੀ ਜਾਂਦਾ ਹੈ। ਅਮਨ ਕਹਿੰਦਾ ਕਿ ਅਸਾਂ ਹੁਣ ਪਿਛੇ ਨਹੀਂ ਮੁੜਨਾ। ਹੁਣ ਕੈਨੇਡਾ ਹੀ ਸਾਡਾ ਮੁਲਕ ਹੈ ਅਤੇ ਅਸੀਂ ਏਥੇ ਹੀ ਜੀਣਾ ਤੇ ਏਥੇ ਹੀ ਮਰਨਾ ਹੈ। ਇਸ ਲਈ ਪਿਛੇ ਦਾ ਨਿਰਾ ਖਿਆਲ ਹੀ ਨਹੀਂ ਛਡ ਦੇਣਾ ਚਾਹੀਦਾ ਸਗੋਂ ਓਥੋਂ ਦੀ ਸਾਰੀ ਜਾਇਦਾਦ ਵੇਚ ਕੇ ਪੈਸਾ ਏਥੇ ਲੈ ਆਉਣਾ ਚਾਹੀਦਾ ਹੈ। ਜੇ ਕੱਲ ਨੂੰ ਕਿਸੇ ਨੇ ਕਬਜ਼ਾ ਕਰ ਲਿਆ ਤਾਂ ਜ਼ਮੀਨ ਵੀ ਜਾਊ ਤੇ ਪੈਸੇ ਵੀ ਨਹੀਂ ਮਿਲਣੇ। ਏਥੇ ਦੋਵੇਂ ਭਰਾ ਆਪਣਾ ਆਪਣਾ ਛੋਟਾ ਮੋਟਾ ਘਰ ਲੈ ਲਵਾਂਗੇ ਅਤੇ ਤੇਜਪਾਲ ਦਾ ਆਖਰ ਦੋ ਚਹੁੰ ਸਾਲਾਂ ਤਕ ਵਿਆਹ ਵੀ ਕਰਨਾ ਹੈ। ਅਮਨ ਦੀ ਗੱਲ ਸੁਣ ਕੇ ਤੇਜਾ ਸਿੰਘ ਕਈ ਦਿਨ ਬੂਸਰਿਆ ਬੂਸਰਿਆ ਜਿਹਾ ਰਿਹਾ। ਜੱਟ ਦਾ ਜ਼ਮੀਨ ਨਾਲ ਪਿਆਰ ਕਿਸੇ ਤੋਂ ਭੁਲਿਆ ਨਹੀਂ। ਇਹ ਅਮਨ ਕਿਹੋ ਜਹੀਆਂ ਗੱਲਾਂ ਕਰਨ ਲਗ ਪਿਆ ਸੀ। ਤੇਜਾ ਸਿੰਘ ਸੋਚਦਾ ਅਮਨ ਨੂੰ ਕੈਨੇਡਾ ਦਾ ਪਾਣੀ ਲਗ ਗਿਆ ਸੀ.

  ਤੇਜਾ ਸਿੰਘ ਨੂੰ ਕੈਨੇਡਾ ਰਹਿੰਦਿਆਂ ਹੁਣ ਦਸਾਂ ਤੋਂ ਵਧ ਵਰ੍ਹੇ ਬੀਤ ਗਏ ਹਨ। 65 ਦੇ ਹੋਣ ਤੇ ਉਹਨੂੰ ਤੇ ਉਹਦੀ ਘਰ ਵਾਲੀ ਨੂੰ ਹਜ਼ਾਰ ਹਜ਼ਾਰ ਡਾਲਰ ਬੁੜ੍ਹਾਪਾ ਪੈਨਸ਼ਨ ਲਗ ਜਾਣੀ ਸੀ। ਤੇਜਪਾਲ ਦੀ ਭਰਜਾਈ ਨਾਲ ਵਿਗੜ ਗਈ ਸੀ। ਪੰਜ ਸਾਲ ਕੈਨੇਡਾ ਵਿਚ ਕੰਮ ਕਰ ਕੇ ਜਦ ਉਹ ਇਕ ਵਾਰ ਤੇਜਪਾਲ ਦਾ ਵਿਆਹ ਕਰਨ ਇੰਡੀਆ ਆਏ ਸਨ ਤਾਂ ਤੇਜਪਾਲ ਦੀ ਗਰਲ ਫ੍ਰੈਂਡ ਦਾ ਵਿਆਹ ਵੈਨਕੂਵਰ ਤੋਂ ਗਏ ਕਿਸੇ ਮੁੰਡੇ ਨਾਲ ਪਹਿਲਾਂ ਹੀ ਹੋ ਚੁਕਾ ਸੀ। ਰਾਣੀ ਦੀ ਰਿਸ਼ਤੇਦਾਰ ਕੁੜੀ ਤੇਜਪਾਲ ਨੂੰ ਪਸੰਦ ਨਹੀਂ ਸੀ ਆਈ। ਪੰਜਾਬ ਵਿਚ ਵਧੀ ਕੁਰਪਸ਼ਨ, ਰਿਸ਼ਤੇਦਾਰਾਂ ਤੇ ਲੋਕਾਂ ਦੇ ਬਦਲੇ ਹੋਏ ਵਤੀਰੇ, ਜ਼ਮੀਨਾਂ ਜਾਇਦਾਦਾਂ ਪਿਛੇ ਹੋ ਰਹੇ ਕਤਲ, ਵਿਸ਼ਵਾਸ਼ ਘਾਤ, ਠੱਗੀਆਂ, ਝੂਠ, ਫਰਾਡ, ਬਈਮਾਨੀਆਂ ਤੇ ਐਨ. ਆਰ. ਆਈਜ਼. ਦੀ ਲੁਟ ਖਸੁਟ ਹੁੰਦੀ ਵੇਖ ਕੇ ਤੇਜਾ ਸਿੰਘ ਨੇ ਆਪਣੇ ਪਿਆਰੇ ਵਤਨ ਨੂੰ ਅਲਵਿਦਾ ਕਹਿਣ ਤੇ ਸਦਾ ਸਦਾ ਲਈ ਕੈਨੇਡਾ ਰਹਿਣ ਦਾ ਬੜਾ ਔਖਾ ਫੈਸਲਾ ਕਰ ਲਿਆ ਸੀ। ਸਾਰੇ ਪਰਵਾਰ ਦਾ ਕੈਨੇਡਾ ਵਿਚ ਇਕੋ ਛੱਤ ਥਲੇ ਰਹਿਣ ਵਾਲਾ ਸੁਪਨਾ ਕਈ ਸਾਲ ਪਹਿਲਾਂ ਟੁੱਟ ਕੇ ਚਕਨਾ ਚੂਰ ਹੋ ਚੁਕਾ ਸੀ। ਤੇਜਾ ਸਿੰਘ ਨੇ ਭਾਵੇਂ ਅਜੇ ਤਕ ਜ਼ਮੀਨ ਨਹੀਂ ਸੀ ਵੇਚੀ ਪਰ ਪੰਜਾਬ ਵਿਚ ਜ਼ਮੀਨਾਂ ਦੇ ਅਸਮਾਨ ਨੂੰ ਚੜ੍ਹੇ ਭਾਅ ਵੇਖ ਕੇ ਹੁਣ ਉਹਨੇ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਵੱਟ ਕੇ ਭਰੇ ਮਨ ਨਾਲ ਸਦਾ ਸਦਾ ਲਈ ਕੈਨੇਡਾ ਰਹਿਣ ਦਾ ਫੈਸਲਾ ਕਰ ਹੀ ਲਿਆ ਸੀ।