ਸਹਾਰਾ....ਬੇ-ਸਹਾਰਾ (ਕਹਾਣੀ)

ਵਰਗਿਸ ਸਲਾਮਤ   

Email: wargisalamat@gmail.com
Cell: +91 98782 61522
Address: 692, ਤੇਲੀਆਂ ਵਾਲੀ ਗਲੀ, ਨੇੜੇ ਰਹਮਾ ਪਬਲਕਿ ਸਕੂਲ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ
India
ਵਰਗਿਸ ਸਲਾਮਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਸ ਦੇ ਦਰਵਾਜੇ ਦੀ ਨਾਲ ਵਾਲੀ ਸੀਟ 'ਤੇ ਬੈਠਾ ਸਹਿਮਿਆਂ , ਘਬਰਾਇਆ ਤੇ ਡਰਿਆ ਬਜ਼ੁਰਗ ਦੇਹੀ ਇਕ ਬਾਪੂ ਜੋ ਸਭ ਦੀ ਨਜ਼ਰ ਦੀ ਖਿੱਚ ਬਣ ਰਿਹਾ ਸੀ। ਉਸਦੇ ਗਲ ਪਹਿਨਿਆ ਕਰੀਮ ਰੰਗਾ ਮੈਲਾ-ਕੁਚੈਲਾ ਚਾਦਰ ਕਮੀਜ਼ ਉਸ ਵਾਂਗ ਆਪਣੀ ਉਮਰ ਹੰਢਾ ਚੁੱਕਾ ਸੀ। ਸਿਰ ਤੇ ਮੜਾਸੇ ਦੀ ਤਰਾਂ ਰੱਖੀ ਪੱਗ ਕਦੇ ਲੜਦਾਰ 'ਤੇ ਤੁਰਲੇਦਾਰ ਰਹੀ ਹੋਵੇਗੀ। ਉਸਦਾ ਚਿਹਰਾ ਕਦੇ ਰੋਹਬਦਾਰ ਤੇ ਲਾਲ ਸੁਰਖ ਰਿਹਾ ਹੋਵੇਗਾ ਅਤੇ ਭਰਿਆ ਜੁੱਸਾ ਤੇ ਜਵਾਨੀ ਠਾਠਾਂ ਮਾਰਦੀ ਹੋਵੇਗੀ........ਉਸਨੇ ਦੋਹਾਂ ਬਾਹਾਂ ਦੇ ਜੱਫੇ 'ਚ  ਪੁਰਾਣੀ 'ਤੇ ਮਚਕੋੜੀ ਜਿਹੀ ਗਠੜੀ ਘੁੱਟੀ ਸੀ। ਬੱਸ ਵਿਚ ਚੜਦੀ-ਉਤਰਦੀ ਹਰ ਸਵਾਰੀ ਦੀ ਨਜ਼ਰ ਉਸ ਵੱਲ ਖਿੱਚੀ ਜਾਂਦੀ , ਪਰ ਨਾਲਦੀ ਖਾਲੀ ਸੀਟ 'ਤੇ ਬੈਠਣ ਦੀ ਹਿੰਮਤ ਕੋਈ ਨਹੀ ਸੀ ਕਰਦਾ। ਜੇ ਕੋਈ ਬੈਠਾ ਵੀ ਤਾਂ ਤੰਗ ਜਿਹਾ , ਨਾਲ ਹੋਣ ਤੋ ਗੁਰੇਜ਼ ਕਰਦਾ। ਜਿਵੇਂ ਕੋਈ ਗੈਰ-ਆਦਮ ਬੈਠ ਗਿਆ ਹੋਵੇ ਤੇ ਪਰਾਣੇ ਯੁਗ ਦਾ ਅਛੂਤ ਹੋਵੇ.......
ਇਸ ਤਰਾਂ ਦਾ ਮੰਜਰ ਸੀ ਕਿ ਜਿਵੇਂ ਮਾਨਵਤਾ ਦੀ ਪਰਿਭਾਸ਼ਾ ਕਪੜਿਆਂ ਅਤੇ ਸੁੰਦਰ ਦਿੱਖ ਵਿਚ ਹੀ ਸਿਮਟ ਗਈ ਹੋਵੇ.......ਮੇਰੇ ਦਿਮਾਗ 'ਚ ਮਰਹੁਮ ਮਹਾਂਦੇਵੀ ਦੀ ਕਵਿਤਾ "ਮੁਰਝਾਇਆ ਫੁੱਲ" ਦੀਆਂ ਸਤਰਾਂ ਪੈਰੇ ਬਨਾਉਣ ਲੱਗੀਆਂ.............।
ਉਸਦੀ ਨਿਗਾ੍ਹ ਇਕਟਕ ਦਰਵਾਜੇ 'ਚ ਪੌੜੀਆਂ 'ਤੇ ਟਿਕੀ ਹੋਈ ਸੀ। ਬਸ ਵਿਚ ਕੋਈ ਚੜ ਜਾਂ ਉੱਤਰ ਰਿਹਾ ਉਸਨੂੰ ਕੁੱਝ ਪਤਾ ਨਹੀਂ ਸੀ। ਸ਼ਾਇਦ ਉਸਨੂੰ ਇਹ ਵੀ ਯਾਦ ਨਾ ਹੋਵੇ ਕਿ ਉਹ ਕਿਸੇ ਬਸ ਵਿਚ ਹੈ......ਉਸਦੇ ਸੱਜੇ ਪਾਸੇ ਦੀ ਤਿੰਨ ਵਾਲੀ ਸੀਟ ਤੋਂ ਮੇਰੀ ਨਿਗਾ੍ਹ ਸਿਰਫ ਤੇ ਸਿਰਫ ਉਸਨੂੰ ਹੀ ਦੇਖ ਰਹੀ ਸੀ......
ਅੱਖਾਂ ਭਰ ਆਉਂਦੀਆਂ ਤੇ ਅਥਰੂ ਵਰ ਕੇ ਕਿਰ ਵੀ ਜਾਂਦੇ ਪਰ ਬਾਪੂ ਨੂੰ ਪਤਾ ਵੀ ਨਾ ਲਗਦਾ, ਉਸਦੀ ਨਜ਼ਰ ਤਾਂ ਬੱਸ ਦੀਆਂ ਪੌੜੀਆਂ 'ਤੇ ਸੀ.......ਸ਼ਾਇਦ ਜਿੰਦਗੀ ਦੀ ਪੌੜੀ ਦੇ ਆਖਰੀ ਡੰਡੇ 'ਤੇ ਬੈਠਾ ਆਪਣੇ ਪੁੱਟੇ ਕਦਮਾਂ ਦੀਆਂ ਪੈੜਾਂ ਵਿਚੋਂ ਕੀ ਚੁੱਕਿਆ, ਕੀ ਸੁੱਟਿਆ ਤੇ ਕੀ ਮਿੱਦਿਆ ਵੇਖ ਰਿਹਾ ਸੀ.....ਬੀਤ ਗਈ ਉਮਰੀਆ ਜਿਹੇ ਵਾਕਾਂ ਨੂੰ ਦੁਹਰਾਂਉਂਦੀ ਜੱਫੇ 'ਚ ਕੱਸੀ ਗਠੜੀ ਪੂਰੀ ਗਿੱਲੀ ਹੋ ਚੁਕੀ ਸੀ.......ਜਮਾਨੇ ਤੋਂ ਬੇਖਬਰ ਉਸਦਾ ਚਿਹਰਾ ਕਦੇ ਤਮਤਮਾ ਜਾਂਦਾ , ਤੇ ਕਦੇ ਝੁਰੜੀਆਂ ਕਾਲੀਆਂ ਤੇ ਢਿਲੀਆਂ ਪੈ ਜਾਦੀਆਂ ਫਿਰ ਅਗਲੇ ਹੀ ਪਲ ਚਿਹਰਾ ਲਾਲ ਹੋ ਕੇ ਬੱਗਾ ਪੈ ਜਾਂਦਾ.......ਪਤਾ ਨਹੀਂ ਕਿਹੜੀਆਂ ਸੋਚਾਂ ਉਸਨੂੰ ਭੂਤਨੀਆਂ ਬਣ ਮਦੋਲ ਰਹੀਂਆਂ ਸਨ। ਜਿਵੇਂ ਦੁਸ਼ਮਨ ਦੇ ਵਾਰ ਉਸਨੂੰ ਚੌਹਾਂ ਪਾਸਿਉ ਪੈ ਰਿਹੈ ਸੀ ਤੇ ਉਹ ਚੱਕਰਵਿਉ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ........
ਮੇਰਾ ਸਾਰਾ ਧਿਆਨ ਉਦੋਂ ਭੰਗ ਹਇਆ ਜਦੋਂ ਕੰਡਕਟਰ ਦੋਹਾਂ ਵਿਚਕਾਰ ਆ ਗਿਆ ਤੇ ਟਿਕਟ ਪੁੱਛਣ ਲੱਗਾ.......
ਕਿਥੇ ਜਾਣਾ ਬਾਪੂ ?
ਬਾਪੂ ਤਰਬਕ ਕੇ, ਸੰਭਲਿਆ ਤੇ ਗਠੜੀ 'ਤੇ ਟੁੱਟ ਪਿਆ, ਫਰੋਲਣ ਤੇ ਵੀ ਕੁੱਝ ਨਾ ਮਿਲਿਆ...... ਫਿਰ ਕੁਰਤੇ ਦੀ ਜੇਬੋਂ ਇਕ ਵੀਹਾਂ ਦਾ ਨੋਟ ਲੱਭਿਆ.......ਤੇ ਹਫਲੀ ਅਵਾਜ਼ 'ਚ ਉਸਦੇ ਮੁੱਖ 'ਚੋ ਨਿਕਲਿਆ " ਡੇਰਾ ਦੇ ਦੇ....।" ਸ਼ਾਇਦ ਗਲਾ ਵੀ ਸਾਥ ਨਹੀਂ ਸੀ ਦੇ ਰਿਹਾ........
ਸ਼ਾਇਦ ਉਸਦਾ ਡੇਰਾ ਉਸਦੇ ਆਪਣਿਆਂ ਨੇ ਖੋ ਲਿਆ ਸੀ ਤੇ ਉਸਨੂੰ ਆਪਣੇ ਹੀ ਘਰੋਂ ਕੱਢ ਦਿੱਤਾ ਗਿਆ ਸੀ ਜਾਂ ਮਜਬੁਰੀ 'ਚ ਨਿਕਲਣਾ ਪਿਆ ਸੀ....ਉਸਦੇ ਹਾਵ-ਭਾਵ 'ਚੋ ਉਸਦੀ ਬੇਬਸੀ ਝਲਕ ਰਹੀ ਸੀ.....ਸਵਾਰੀਆਂ ਦੀ ਘੁਸਰਮੁਸਰ ਆਪਣੇ ਆਪਣੇ ਅੰਦਾਜੇ ਘੜ ਰਹੀ ਸੀ..........
ਪਰ ਬੱਸ ਤਾਂ ਪਠਾਨਕੋਟ ਜਾਣੀ ਆ ਬਾਪੂ! ਕਿਥੇ ਆ ਬੈਠਾ , ਇਦਰ ਡੇਰਾ ਕਿਦਰ। ਲੰਮੀ ਸੀਟੀ ਵਜਾਈ ਤੇ ਫੌਰਨ ਉਤਰਣ ਲਈ ਕਿਹਾ।
ਮੇਰੀ ਮਾਨਵਤਾ ਕਦੋਂ ਦੀ ਮੇਰੇ ਆਪੇ ਨਾਲ ਲੜ ਰਹੀ ਸੀ ਤੇ ਮੇਰੇ ਕੋਲੋਂ ਰਿਹਾ ਨਾ ਗਿਆ , ਆਪਣੇ ਲਈ ਬੱਸ ਰੁੱਕਵਾਈ ਤੇ ਬਾਪੂ ਦੇ ਮਗਰੇ ਹੀ ਉਤਰ ਗਿਆ.....ਬਾਪੂ ਅਜੇ ਆਪਣੀ ਗਠੜੀ ਹੀ ਸਵਾਰ ਸੀ। ਮੈਂ ਹਿਮੰਤ ਕਰਕੇ ਉਸਤੋਂ ਉਸਦਾ ਇਹ ਹਾਲ ਜਾਨਣ ਦੀ ਕੋਸ਼ਿਸ਼ ਕੀਤੀ।
ਉਸਨੇ ਸਿਰ ਤੋਂ ਪੈਰਾਂ ਤਕ ਮੇਰੇ ਵੱਲ ਵੇਖਿਆ ਤੇ ਆਲੇ-ਦੁਆਲੇ ਵੇਖ ਕੇ ਕਿਹਾ , 
" ਪੁੱਤਰ ਤੇਰੇ ਬੱਚੇ ਵਿਆਹੇ ਹਨ ਜਾਂ ਨਹੀਂ!
ਨਹੀਂ , ਪੜ ਰਹੇ ਹਨ.....
"ਤੇ ਫਿਰ ਉਹਨਾਂ ਨੂੰ ਪੜਨ ਦੇ ਨਾਲ ਨਾਲ ਵੱਡਿਆਂ ਦਾ ਆਦਰ ਅਤੇ ਬੁੜਾਪੇ ਨੂੰ ਸਹਾਰਾ ਦੇਣਾ ਜਰੂਰ ਪੜਾਈਂ........."
ਇਹ ਕਹਿੰਦਿਆਂ ਉਹ ਤੇਜੀ ਨਾਲ ਸੜਕ ਪਾਰ ਕਰ ਗਿਆ ਤੇ ਗਠੜੀ ਸੰਭਾਲਦਿਆਂ ਉਹ ਵਾਪਸੀ ਦੀ ਬੱਸ ਵੇਖਣ ਲੱਗ ਪਿਆ....
ਸਵੈਪੜਚੋਲ ਕਰਦਿਆਂ ਮੈਂ ਵੀ ਆਲਾ-ਦੁਆਲਾ ਵੇਖ ਕੇ ਆਉਣ ਵਾਲੀ ਬੱਸ ਉਡੀਕਣ ਲੱਗਾ.