ਮੇਰੀ ਜੇਲ੍ਹ ਯਾਤਰਾ (ਪਿਛਲ ਝਾਤ )

ਕੁਲਵਿੰਦਰ ਕੌਰ ਮਿਨਹਾਸ (ਡਾ.)   

Email: jas91minhas@gmail.com
Phone: +91 161 2781976
Cell: +91 98141 45047
Address: ਮਕਾਨ ਨੰ : 906 ਪਿੰਡ ਭੌਰਾ, ਡਾਕ : ਨੇਤਾ ਜੀ ਨਗਰ ,
ਲੁਧਿਆਣਾ India
ਕੁਲਵਿੰਦਰ ਕੌਰ ਮਿਨਹਾਸ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਸੰਨ ੧੯੮੪ ਦੀ ਹੈ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ 'ਧਰਮ ਯੁੱਧ ਮੋਰਚਾ' ਸ਼ੁਰੂ ਕੀਤਾ ਗਿਆ ਸੀ।  ਸਰਕਾਰ ਕੋਲੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸਿੱਖ ਬੀਬੀਆਂ ਅਤੇ ਸਿੰਘਾਂ ਵੱਲੋਂ ਸ਼ਾਂਤਮਈ ਢੰਗ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ ਜਾਂਦੀਆਂ ਸਨ।  ਇਹ ਸਿਲਸਿਲਾ ਪੰਜਾਬ ਭਰ ਵਿਚ ਕਈ ਮਹੀਨੇ ਜਾਰੀ ਰਿਹਾ।  ਗੁਰਦੁਆਰਿਆਂ ਵਿਚ ਇਨ੍ਹਾਂ ਮੰਗਾਂ ਬਰੇ ਤਿਆਗ, ਕੁਰਬਾਨੀ ਅਤੇ ਜੋਸ਼ ਵਾਲੇ ਲੈੱਕਚਰ ਦਿੱਤੇ ਜਾਂਦੇ।  ਦੇਸ਼ ਪ੍ਰੇਮੀਆਂ, ਵਿਸ਼ੇਸ਼ ਕਰਕੇ ਪੰਜਾਬ ਪ੍ਰੇਮੀਆਂ, ਨੂੰ ਗੁਰੂ ਘਰ ਦੀ ਸੇਵਾ ਅਤੇ ਬਲੀਦਾਨ ਦੀ ਰਵਾਇਤ ਨੂੰ ਯਾਦ ਕਰਵਾਉਂਦਿਆਂ ਗ੍ਰਿਫ਼ਤਾਰੀ ਦੇਣ ਲਈ ਪ੍ਰੇਰਿਆ ਜਾਂਦਾ।  ਮੈਨੂੰ ਸਿੱਖ ਪਰੰਪਰਾਵਾਂ 'ਤੇ ਮਾਣ ਸੀ ਤੇ ਅੱਜ ਵੀ ਹੈ।  ਉਦੋਂ ਅਵਸਥਾ ਭਾਵੁਕਤਾ ਵਾਲੀ ਸੀ, ਹੋਸ਼ ਨਾਲੋਂ ਜੋਸ਼ ਪਹਿਲ ਲੈ ਜਾਂਦਾ ਸੀ।  ਕਈ ਲੈੱਕਚਰ ਸੁਣੇ ਤੇ ਗ੍ਰਿਫ਼ਤਾਰੀ ਦੇਣ ਦਾ ਮਨ ਬਣਾ ਲਿਆ।
ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ।  ਉਨ੍ਹਾਂ ਨੇ ਨਾਂਹ ਕਰ ਦਿੱਤੀ।  ਪਿਤਾ ਜੀ ਇਹ ਕਹਿਣ ਲੱਗੇ, "ਇਕ ਵਾਰੀ ਗੌਰਮਿੰਟ ਦੇ ਖਿਲਾਫ਼ ਗ੍ਰਿਫ਼ਤਾਰੀ ਦੇਣ ਵਾਲਿਆਂ ਦੀ ਲਿਸਟ ਵਿੱਚ ਜਿਸਦਾ ਵੀ ਨਾਮ ਆ ਗਿਆ, ਉਸਨੂੰ ਕਦੇ ਵੀ ਸਰਕਾਰੀ ਨੌਕਰੀ ਨਹੀਂ ਮਿਲਣੀ", ਪਰ ਮੈਂ ਆਪਣੇ ਇਰਾਦੇ ਉੱਤੇ ਅਟੱਲ ਸੀ।  ਕੁਝ ਜ਼ਰੂਰੀ ਵਸਤਰ ਛੋਟੇ ਜਿਹੇ ਬੈਗ ਵਿਚ ਪਾਏ ਤੇ ਗ੍ਰਿਫ਼ਤਾਰੀ ਦੇਣ ਲਈ ਕਮਰਕੱਸੇ ਕਰ ਲਏ। ਪਿਤਾ ਜੀ ਨੂੰ ਕਿਹਾ, "ਰੇਲਵੇ ਸਟੇਸ਼ਨ ਤੇ ਛੱਡ ਕੇ ਆਓ।" ਪਹਿਲਾਂ ਤਾਂ ਉਹ ਮੰਨੇ ਨਾ, ਗੱਡੀ ਚੱਲਣ ਵਿਚ ਜਦੋਂ ਕੁਝ ਕੁ ਮਿੰਟ ਬਾਕੀ ਰਹਿ ਗਏ ਤਾਂ ਸ਼ਾਇਦ ਮੇਰਾ ਦਿਲ ਰੱਖਣ ਲਈ ਛੱਡਣ ਵਾਸਤੇ ਸਟੇਸ਼ਨ ਚਲੇ ਗਏ।  ਜਿਵੇਂ ਕਹਿੰਦੇ ਹਨ ਨੀਅਤ ਨੂੰ ਮੁਰਾਦਾਂ, ਸੱਚੇ ਦਿਲੋਂ ਮੰਗੀ ਮੰਗ ਪੂਰੀ ਹੁੰਦੀ ਹੈ।  ਮੇਰੇ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ।  ਜਦੋਂ ਮੈਂ ਪਲੇਟਫ਼ਾਰਮ 'ਤੇ ਕਦਮ ਰੱਖਿਆ ਤਾਂ ਗੱਡੀ ਹੌਲੀ-ਹੌਲੀ ਚੱਲ ਰਹੀ ਸੀ।  ਗਿਆਨੀ ਜਗਤਾਰ ਸਿੰਘ ਜਾਚਕ ਜਿਨ੍ਹਾਂ ਨੇ ਲੈੱਕਚਰ ਤੋਂ ਪ੍ਰਭਾਵਿਤ ਹੋ ਕੇ ਗ੍ਰਿਫ਼ਤਾਰੀ ਦੇਣ ਦਾ ਮਨ ਬਣਾਇਆ ਸੀ, ਉਹ ਬਾਰੀ ਦੇ ਲਾਗੇ ਖੜ੍ਹੋਤੇ ਸਨ, ਉਨ੍ਹਾਂ ਨੇ ਮੈਨੂੰ ਦੇਖ ਲਿਆ।  ਉਹ ਜਲਦੀ ਨਾਲ ਥੱਲੇ ਉਤਰੇ, ਮੇਰੇ ਬੈਗ ਫੜਿਆ ਤੇ ਮੇਰੀ ਬਾਂਹ ਫੜਕੇ ਮੈਨੂੰ ਗੱਡੀ ਵਿਚ ਚੜ੍ਹਾ ਲਿਆ।  ਰਸਤੇ ਵਿਚ ਸਤਲੁਜ ਦਰਿਆ ਦੀਆਂ ਖ਼ਾਮੋਸ਼ ਲਹਿਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੦੦ ਕੁ ਸਾਲ ਪਹਿਲਾਂ ਦਿੱਤਾ ਸੰਦੇਸ਼ ਗਾਉਂਦੀਆਂ ਪ੍ਰਤੀਤ ਹੋਈਆਂ, "ਅਵਰੁ ਵਾਸਨਾ ਨਾਹੀ ਮੋਹੇ ਧਰਮ ਯੁੱਧ ਕਾ ਚਾਉ॥"
ਪੰਜ ਹਜ਼ਾਰ ਪੰਜਾਬ-ਹਿਤੈਸ਼ੀ ਤੇ ਇਨਸਾਫ਼-ਪ੍ਰੇਮੀ 'ਸ਼ਾਨੇ–ਪੰਜਾਬ' ਗੱਡੀ ਵਿਚ ਉਸ ਦਿਨ ਸਵਾਰ ਸਨ।  ਇਹ ਪਹਿਲੀ ਵਾਰੀ ਸੀ ਜਦੋਂ ਐਨੀ ਵੱਡੀ ਗਿਣਤੀ ਵਿਚ ਪੰਜਾਬੀ ਪਰਵਾਨੇ ਮੈਦਾਨ ਵਿਚ ਨਿੱਤਰੇ, ਜੋਸ਼ ਤੇ ਚਾਅ ਨਾਲ ਧਰਮ-ਯੁੱਧ ਮੋਰਚੇ ਵਿਚ ਗ੍ਰਿਫ਼ਤਾਰੀਆਂ ਦੇਣ ਲਈ ਉਮੜ ਪਏ ਸਨ।  ਇਹ ਸਾਰਾ ਕੁਝ ਮੈਨੂੰ ਚਾਅ ਦਾ ਠਾਠਾਂ ਮਾਰਦਾ ਸਾਗਰ ਪ੍ਰਤੀਤ ਹੋਇਆ।
 ਅਸੀਂ ਹਰਿਮੰਦਰ ਸਾਹਿਬ ਪਹੁੰਚ ਗਏ। ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਲੰਗਰ ਛਕਿਆ। ਗੁਰੂ ਰਾਮਦਾਸ  ਨਿਵਾਸ ਵਿਚ ਥੋੜ੍ਹੀ ਦੇਰ ਲਈ ਵਿਸ਼ਰਾਮ ਕੀਤਾ।  ਉਥੇ ਕਿੰਨੇ ਸਾਰੇ ਨਿਹੰਗਾਂ ਨੂੰ ਭੰਗ ਘੋਟਦੇ ਹੋਏ ਦੇਖਿਆ ਤੇ ਮਨ ਬੜਾ ਪ੍ਰੇਸ਼ਾਨ ਹੋਇਆ ਕਿ ਇਹ ਲੋਕ ਪਵਿੱਤਰ ਅਸਥਾਨਾਂ ਦੀ ਪਵਿੱਤਰਤਾ ਨੂੰ ਵੀ ਭੰਗ ਕਰਨ ਤੋਂ ਗੁਰੇਜ਼ ਨਹੀਂ ਕਰਦੇ।  ਜਦੋਂ ਆਪਣੇ ਜੱਥੇ ਨਾਲ ਜਾ ਰਹੀ ਇਕ ਬੀਬੀ ਦਾ ਧਿਆਨ ਮੈਂ ਇਸ ਪਾਸੇ ਵੱਲ ਦਿਵਾਇਆ ਤਾਂ ਉਹ ਕਹਿਣ ਲੱਗੀ, "ਜਦੋਂ ਸੇਵਾਦਾਰ ਇਨ੍ਹਾਂ ਨੂੰ ਕੁਝ ਨਹੀਂ ਕਹਿੰਦੇ ਤਾਂ ਆਪਾਂ ਕੀ ਕਹਿ ਸਕਦੇ ਹਾਂ? ਸਾਰੇ ਇਹ ਕੁਝ ਦੇਖ ਹੀ ਰਹੇ ਹਨ।" ਤਿੰਨ ਕੁ ਵਜੇ ਪਤਾ ਚੱਲਿਆ ਕਿ ਸੰਤ ਲੌਂਗੋਵਾਲ ਤੇ ਸੰਤ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਵਿਖੇ ਆਪਣੇ ਆਪਣੇ ਵਿਚਾਰ ਗ੍ਰਿਫ਼ਤਾਰੀ ਦੇਣ ਆਏ ਪੰਜਾਬ ਅਤੇ ਪੰਥ ਪ੍ਰੇਮੀਆਂ ਅੱਗੇ ਪੇਸ਼ ਕਰਨੇ ਹਨ।
ਜਦੋਂ ਅਸੀਂ ਮੰਜੀ ਸਾਹਿਬ ਵੱਲ ਦੋਹਾਂ ਲੀਡਰਾਂ ਦੇ ਵਿਚਾਰ ਸੁਣਨ ਲਈ ਜਾ ਰਹੇ ਸੀ ਤਾਂ ਪਰਿਕਰਮਾ ਵਿੱਚ ਇੱਕ ਅਧਖੜ ਜਿਹਾ ਬੰਦਾ ਸ਼ਰੇਆਮ ਸ਼੍ਰੀਮਤੀ ਇੰਦਰਾ ਗਾਂਧੀ ਬਾਰੇ ਅਪਸ਼ਬਦ ਬੋਲ ਰਿਹਾ ਸੀ, "ਇਸ ਬਾਹਮਣੀ ਦਾ ਇਸ ਤਰ੍ਹਾਂ ਖੁਰਾਖੋਜ ਮਿਟਾਵਾਂਗੇ ਕਿ ਲੋਕ ਸਦੀਆਂ ਤੱਕ ਯਾਦ ਰੱਖਣਗੇ"। ਸਾਡੇ ਨਾਲ ਕੁਝ ਹਿੰਦੂ ਭਰਾ ਵੀ ਸਿਰ ਉਤੇ ਰੁਮਾਲ ਬੰਨ੍ਹੀ ਜਾ ਰਹੇ ਸਨ।  ਉਸਦੀ ਇਹ ਗੱਲ ਸੁਣ ਕੇ ਉਹ ਕਹਿਣ ਲੱਗੇ, "ਇਹ ਹਰਿਮੰਦਰ ਸਾਹਿਬ ਹੈ, ਜਿੱਥੇ ਜਿਸਦਾ ਜੋ ਦਿਲ ਕਰੇ ਬੋਲੀ ਜਾਵੇ ਕੀ ਇੱਥੇ ਕੋਈ ਇਸਨੂੰ ਮਨ੍ਹਾ ਕਰਨ ਵਾਲਾ ਨਹੀਂ" ਸਾਡਾ ਮਨ ਵੀ ਉਸਦੀਆਂ ਗ਼ਲ਼ਤ ਗੱਲਾਂ ਸੁਣਕੇ ਦੁਖੀ ਹੋ ਰਿਹਾ ਸੀ।  ਸਾਰੇ ਸ਼ਰਧਾਲੂ ਹੈਰਾਨ ਤੇ ਪ੍ਰੇਸ਼ਾਨ ਸਨ ਕਿ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨ ਉੱਤੇ ਇਹ ਹੋ ਕੀ ਰਿਹਾ ਹੈ?
ਹਾਲੇ ਮੰਜੀ ਸਾਹਿਬ ਵਾਲੇ ਹਾਲ ਵਿਚ ਜਾ ਕੇ ਬੈਠੇ ਹੀ ਸੀ ਕਿ ਪਹਿਲਾਂ ਸੰਤ ਭਿੰਡਰਾਂ ਵਾਲੇ ਆਏ।  ਲੰਮੀਆਂ ਲੰਮੀਆਂ ਬਾਹਾਂ, ਹੱਥ ਵਿਚ ਸ੍ਰੀ ਸਾਹਿਬ, ਗਲੇ ਵਿਚ ਪਿਸਤੌਲ ਤੇ ਕਾਰਤੂਸਾਂ ਗੋਲੀਆਂ ਵਾਲੀ ਬੈਲੱਟ ਨਾਲ ਹੋਰ ਕਿੰਨੇ ਸਾਰੇ ਨੌਜਵਾਨ, ਲਗਭੱਗ ਸਾਰਿਆਂ ਕੋਲ ਹੀ ਕੋਈ ਨਾ ਕੋਈ ਹਥਿਆਰ ਸੀ।  ਜ਼ਿਆਦਾਤਰ ਰਾਈਫ਼ਲਾਂ, ਨੇਜ਼ੇ. ਬਰਛੇ, ਗੰਡਾਸੇ ਤੇ ਪਿਸਤੌਲ ਆਦਿ।  ਇਹ ਸਾਰਾ ਕੁਝ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਫ਼ੌਜੀ ਜਰਨੈਲ ਮੋਰਚਾ ਫ਼ਤਹਿ ਕਰਨ ਜਾ ਰਿਹਾ ਹੋਵੇ।  ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ ਜੋ ਉਨ੍ਹਾਂ ਨੇ ਆਪਣੇ ਭਾਸ਼ਨ ਦੌਰਾਨ ਕਹੀ, "ਜਦੋਂ ਸ਼ਾਂਤਮਈ ਢੰਗ ਨਾਲ ਗੱਲ ਸਿਰੇ ਨਾ ਚੜ੍ਹੇ ਤਾਂ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ, ਸਰਕਾਰ ਸਿੱਧੀ ਤਰ੍ਹਾਂ  ਨਾਲ ਸਾਡੀ ਗੱਲ ਨਹੀਂ ਮੰਨ ਰਹੀ, ਹੁਣ ਅਸੀਂ ਆਪਣੇ ਜ਼ੋਰ ਨਾਲ ਆਪਣੇ ਹੱਕ ਲਵਾਂਗੇ"। ਇਹ ਗੱਲ ਸੁਣ ਕੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਉਹ  ਸ੍ਰੀ ਗੁਰੂ ਗੋਬਿਂਦ ਸਿੰਘ ਜੀ ਵਾਲੀ ਗੱਲ ਹੀ ਦੁਹਰਾ ਰਿਹਾ ਹੈ ਜਦੋਂ ਉਹ ਜ਼ਫ਼ਰਨਾਮੇ ਵਿਚ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਜਦੋਂ ਸਭ ਹੀਲੇ ਬੇਕਾਰ ਹੋ ਜਾਣ ਤਾਂ ਤਲਵਾਰ ਉਠਾਉਣਾ ਨਾ ਸਿਰਫ਼ ਠੀਕ ਹੈ, ਸਗੋਂ ਧਰਮ ਵੀ ਹੈ:
 ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ। 
ਹਲਾਲ ਅਸਤ ਬੁਰਦਨ ਬਸ਼ਮਸੀਰ ਦਸਤ।
ਇਸੇ ਦੌਰਾਨ ਇਹ ਵੀ ਕਿਹਾ ਕਿ ਇੱਕ ਵਾਰੀ ਇੱਕ ਪੱਤਰਕਾਰ ਨੇ ਮੇਰੇ ਕੋਲੋਂ ਇਹ ਪੁੱਛਿਆ, "ਤੁਹਾਡੇ ਕੋਲ ਕਿੰਨਾ ਕੁ ਅਸਲਾ ਹੈ? ਕੀ ਤੁਹਾਡੇ ਕੋਲ ਐਟਮ-ਬੰਬ ਵੀ ਹੈ?" ਤਾਂ ਮੈਂ ਜਵਾਬ ਦਿੱਤਾ, "ਮੇਰਾ ਇੱਕ ਇੱਕ ਸਿੱਖ ਐਟਮ-ਬੰਬ ਹੈ"। ਬੜਾ ਜੋਸ਼ੀਲਾ ਧੂੰਆਂਧਾਰ, ਨੌਜਵਾਨਾਂ ਦਾ ਲਹੂ ਖੌਲ੍ਹਣ ਵਾਲਾ ਤੇ ਡੌਲੇ ਫਰਕਾਉਣ ਵਾਲਾ ਲੈੱਕਚਰ ਸੰਤ ਭਿੰਡਰਾਂ ਵਾਲੇ ਨੇ ਕੀਤਾ।  "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ", "ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਦੇ", ਖ਼ਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਲਾਉਂਦੇ ਹੋਏ ਉਹ ਆਪਣੇ ਸਾਥੀਆਂ ਸਮੇਤ ਉੱਥੋਂ ਚਲੇ ਗਏ।
ਪੰਜਾਂ ਦਸਾਂ ਮਿੰਟਾਂ ਦੇ ਅੰਤਰਾਲ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਆਪਣੇ ਸਾਥੀਆਂ ਸਮੇਤ ਆਏ ਜਿੱਥੇ ਭਿੰਡਰਾਂ ਵਾਲੇ ਦੇ ਚਿਹਰੇ ਉੱਤੇ ਠਾਠਾਂ ਮਾਰਦਾ ਜੋਸ਼ ਦਾ ਦਰਿਆ ਸੀ, ਉਥੇ ਸੰਤ ਲੌਂਗੋਵਾਲ ਸ਼ਾਂਤੀ ਦੇ ਪੁੰਜ ਦਿਖਾਈ ਦੇ ਰਹੇ ਸਨ।  ਕਿਸੇ ਕੋਲ ਕਿਸੇ ਵੀ ਪ੍ਰਕਾਰ ਦਾ ਕੋਈ ਹਥਿਆਰ ਨਹੀਂ ਸੀ।  ਬੜੇ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ, "ਅਸੀਂ ਆਪਣੀਆਂ ਮੰਗਾਂ ਸ਼ਾਤਮਈ ਢੰਗ ਨਾਲ ਸਰਕਾਰ ਕੋਲੋਂ ਮਨਵਾਉਣੀਆਂ ਹਨ, ਕਿਸੇ ਵੀ ਪ੍ਰਕਾਰ ਦਾ ਕੋਈ ਖ਼ੂਨ ਖ਼ਰਾਬਾ ਨਹੀਂ ਕਰਨਾ, ਇਸ ਤਰ੍ਹਾਂ ਕਰਨ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਹੀ ਹੁੰਦਾ ਹੈ।  ਸ਼ਾਂਤਮਈ ਢੰਗ ਨਾਲ 
ਉਸ ਵੇਲੇ ਮੈਂ ਇਹ ਮਹਿਸੂਸ ਕੀਤਾ ਕਿ ਦਰਬਾਰ ਸਾਹਿਬ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ।  ਬਾਹਰੋਂ ਅਤੇ ਅੰਦਰੋਂ, ਦੋਹਾਂ ਪਾਸਿਆਂ ਤੋਂ, ਕਦੇ ਕਦੇ ਗੋਲੀ ਚੱਲਣ ਦੀ ਆਵਾਜ਼ ਆ ਰਹੀ ਸੀ।  ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ ਸੀ।  ਆਮ ਸ਼ਰਧਾਲੂਆਂ ਦੀ ਸਮਝ ਤੋਂ ਇਹ ਸਾਰਾ ਕੁਝ ਬਾਹਰ ਸੀ।  ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਸਾਰਾ ਕੁਝ ਕੀ ਵਾਪਰ ਰਿਹਾ ਹੈ?
ਦੋਹਾਂ ਲੀਡਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਕੋਤਵਾਲੀ ਲਿਆਂਦਾ ਗਿਆ।  ਉਥੋਂ ਗ੍ਰਿਫ਼ਤਾਰ ਕਰਕੇ ਬੱਸਾਂ ਵਿਚ ਬਿਠਾਇਆ ਗਿਆ।  ਸੰਤ ਲੌਂਗੋਵਾਲ ਨੇ ਹਰੀ ਝੰਡੀ ਦਿਖਾਈ।  ਬੱਸਾਂ ਲੁਧਿਆਣੇ ਵੱਲ ਰਵਾਨਾ ਹੋ ਗਈਆਂ।  ਰਾਤੀਂ ਦਸ ਵਜੇ ਦੇ ਕਰੀਬ ਅਸੀਂ ਲੁਧਿਆਣੇ ਪਹੁੰਚੇ।  ਅੱਧਿਆਂ ਨੂੰ ਪੁਰਾਣੀ ਜੇਲ੍ਹ ਵਿਚ ਤੇ ਬਾਕੀ ਬਚਦਿਆਂ ਨੂੰ ਨਵੀਂ ਜੇਲ੍ਹ ਵਿਚ ਭੇਜ ਦਿੱਤਾ ਗਿਆ।  ਸਾਰੀਆਂ ਬੀਬੀਆਂ ਨੂੰ ਸਿਵਲ ਹਸਪਤਾਲ ਦੇ ਕੋਲ ਪੈਂਦੀ ਪੁਰਾਣੀ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ। 
ਰਾਤ ਜਿਸ ਕੋਠੜੀ ਵਿਚ ਗੁਜ਼ਾਰਨੀ ਪਈ, ਉਸਦੀ ਹਾਲਤ ਬੜੀ ਖਸਤਾ ਸੀ: ਥੱਲੇ ਕੱਚੀ ਜਗ੍ਹਾ, ਗਰਮੀਆਂ ਦੇ ਦਿਨ ਮੱਛਰ ਤੋੜ-ਤੋੜ ਖਾਵੇ, ਕਦੇ ਕੋਈ ਟਿੱਡੀ ਤੇ ਕਦੇ ਕੋਈ ਕੀੜੀ ਸਰੀਰ ਉੱਤੇ  ਤੁਰਦੀ ਮਹਿਸੂਸ ਹੋਵੇ।  ਕਦੇ ਚੂਹੇ ਕੋਠੜੀ ਵਿਚ ਦੋੜਣ।  ਚੂਹਿਆਂ ਨੂੰ ਇਸ ਤਰ੍ਹਾਂ ਦੌੜਦਿਆਂ ਦੇਖਕੇ ਮੈਨੂੰ ਕਿਸੇ ਨਾਵਲ ਵਿਚ ਪੜ੍ਹੀ ਘਟਨਾ ਯਾਦ ਆ ਗਈ: "ਜਦੋਂ ਇੱਕ ਕੈਦੀ ਦੇ ਪਜਾਮੇ ਵਿਚ ਚੂਹੇ ਪਾਕੇ ਪੌਚ੍ਹਿਆਂ ਤੋਂ ਪਜਾਮਾ ਘੁੱਟ ਕੇ ਰੱਸੀ ਨਾਲ ਬੰਨ੍ਹ  ਦਿੱਤਾ ਗਿਆ।  ਉਸ ਕੈਦੀ ਦੇ ਹੱਥ ਪੈਰ ਵੀ ਬੰਨ੍ਹ ਦਿੱਤੇ ਗਏ।  ਚੂਹਿਆਂ ਨੇ ਉਸ ਕੈਦੀ ਦਾ ਬੁਰਾ ਹਾਲ ਕਰ ਦਿੱਤਾ।" ਮੈਂ ਮੂੰਹ ਵਿਚ ਵਾਹਿਗੁਰੂ-ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ।  ਚੰਗੀ ਤਰ੍ਹਾਂ ਨੀਂਦ ਵੀ ਨਾ ਆਈ।  ਪਤਾ ਨਹੀਂ ਦੋ ਘੜੀਆਂ ਕਦੋਂ ਅੱਖ ਲੱਗ ਗਈ।  ਅੱਖ ਉਦੋਂ ਹੀ ਖੁੱਲ੍ਹੀ ਜਦੋਂ ਸਵੇਰ ਨੂੰ ਚਾਹ ਦੇਣ ਵਾਲੇ ਆਏ। ਚਾਹ ਜਰਮਨ ਸਿਲਵਰ ਦੀਆਂ ਚਿੱਬੀਆਂ ਮੈਲੀਆਂ ਬਾਟੀਆਂ ਵਿਚ ਪਾ ਕੇ ਦਿੱਤੀ ਗਈ।  ਚਾਹ ਨੂੰ ਦੇਖਣ ਤੇ ਦਿਲ ਨਾ ਕਰੇ।  ਭਿੰਡਰਾਂ ਵਾਲਿਆਂ ਦਾ ਜੋਸ਼ੀਲਾ ਚੇਹਰਾ ਯਾਦ ਆਇਆ।  ਜੀਅ ਕਰੇ ਕਿ ਇਹ ਬਾਟੀ ਚਾਹ ਦੇਣ ਵਾਲੇ ਦੇ ਮੂੰਹ ਉਤੇ ਮਾਰਾਂ, ਪਰ ਨਾਲ ਹੀ ਸੰਤ ਲੌਂਗੋਵਾਲ ਦੀ ਧੀਮੀ ਆਵਾਜ਼ ਯਾਦ ਆਈ, ਉਨ੍ਹਾਂ ਦਾ ਸ਼ਾਂਤ ਚਿਹਰਾ ਅੱਖਾਂ ਅੱਗੇ ਆਉਂਦਿਆਂ ਹੀ ਚਾਹ ਨੂੰ ਫੂਕਾਂ ਮਾਰ-ਮਾਰ ਠੰਡੀ ਕਰਕੇ ਪੀ ਲਿਆ।  ਜੋ ਰੋਟੀ ਮਿਲੀ ਉਸਦਾ ਚਾਹ ਤੋਂ ਵੀ ਬੁਰਾ ਹਾਲ, ਨਾਲ ਪਾਣੀ ਵਰਗੀ ਦਾਲ, ਦਾਲ ਦਾ ਦਾਣਾ ਤਾਂ ਕਿਤੇ ਕਿਤੇ ਹੀ ਨਜ਼ਰ ਆਉਂਦਾ ਸੀ, ਬੱਸ ਕਹਿਣ ਨੂੰ ਇਹ ਦਾਲ ਸੀ, ਉਸੇ ਤਰ੍ਹਾਂ ਜਿਸ ਤਰ੍ਹਾਂ ਕੱਚੀ ਲੱਸੀ ਵਿਚ ਉਨੀ ਦੇਰ ਤੱਕ ਪਾਣੀ ਪਾਈ ਜਾਵੋ ਜਦ ਤੀਕਰ ਉਸਦੀ ਚਟਿਆਈ ਰਹਿੰਦੀ ਹੈ ਤੇ ਉਸਨੂੰ ਲੱਸੀ ਕਹੀ ਜਾਵੋ।  ਬੜੀ ਮੁਸ਼ਕਿਲ ਨਾਲ ਅੱਧੀ ਰੋਟੀ ਖਾਧੀ ਤੇ ਅੱਧੀ ਵਿਚੇ ਛੱਡ ਦਿੱਤੀ।  ਮੇਰੀ ਬਚੀ ਰੋਟੀ ਵੱਲ ਦੇਖਕੇ ਇੱਕ ਬੀਬੀ ਕਹਿਣ ਲੱਗੀ, "ਇੱਥੇ ਕਿਹੜਾ ਆਪਾਂ ਨਾਨਕੇ ਆਏ ਹਾਂ, ਜਿਸ ਤਰ੍ਹਾਂ ਦੀ ਮਿਲਦੀ ਹੈ ਖਾਣੀ ਪੈਣੀ ਹੈ, ਢਿੱਡ ਤਾਂ ਭਰਨਾ ਹੀ ਹੈ।  ਰੋਟੀ ਨਾ ਛੱਡ ਖਾਹ ਲੈ", ਪਰ ਮੈਂ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਨਾ ਹੀ ਬਚੀ ਹੋਈ ਰੋਟੀ ਖਾਧੀ।  ਪੀਣ ਵਾਲੇ ਪਾਣੀ ਦਾ ਘੜਾ ਗੁਸਲਖ਼ਾਨੇ ਵਿੱਚ ਰੱਖਿਆ ਹੋਇਆ ਸੀ।  ਜਦੋਂ ਮੈਂ ਤੇ ਮੇਰੇ ਨਾਲ ਦੀ ਕੁੜੀ ਪਾਣੀ ਪੀਣ ਗਈਆਂ ਤਾਂ ਉਹ ਪਾਣੀ ਵੀ ਸਵੱਛ ਨਹੀਂ ਸੀ।  ਅਸੀਂ ਬਿਨਾਂ ਪਾਣੀ ਪੀਤਿਆਂ ਹੀ ਖਿੜਕੀ ਕੋਲ ਆਕੇ ਖੜੀਆਂ ਹੋ ਗਈਆਂ ਤੇ ਬਾਹਰ ਦੇਖਣ ਲੱਗ ਪਈਆਂ।  ਸਾਡੀ ਨਜ਼ਰ ਦੋ ਸਿਪਾਹੀਆਂ ਉੱਤੇ ਪਈ ਜਿਹੜੇ ਕਿ ਬਾਹਰ ਚੱਕਰ ਕੱਟ ਰਹੇ ਸਨ।  ਸਾਨੂੰ ਖਿੜਕੀ ਕੋਲ ਖੜੋਤਿਆਂ ਦੇਖਕੇ ਉਹ ਸਾਡੇ ਵੱਲ ਆ ਗਏ। ਮੈਂ ਉਨ੍ਹਾਂ ਨੂੰ ਕਿਹਾ ਕਿ ਘੜੇ ਵਿਚਲਾ ਪਾਣੀ ਸਾਫ਼ ਨਹੀਂ ਹੈ, ਸਾਨੂੰ ਪੀਣ ਲਈ ਸਾਫ਼ ਪਾਣੀ ਚਾਹੀਦਾ ਹੈ। ਉਹ ਅੱਗੋ ਕਹਿਣ ਲੱਗੇ, "ਇੱਥੇ ਤਾਂ ਇਸ ਤਰ੍ਹਾਂ ਦਾ ਹੀ ਪਾਣੀ ਮਿਲਣਾ ਹੈ ਜੇ ਸਾਫ਼ ਸਵੱਛ ਪਾਣੀ ਪੀਣ ਨੂੰ ਚਾਹੀਦਾ ਹੈ ਤਾਂ ਆਪਣੇ ਨਾਮ ਕਟਵਾ ਕੇ ਬਾਹਰ ਆ ਜਾਓ।  ਅਸੀਂ ਤੁਹਾਡੀ ਇਹ ਮਦਦ ਜ਼ਰੂਰ ਕਰ ਸਕਦੇ ਹਾਂ ਕਿ ਤੁਹਾਡੇ ਨਾਮ  ਕਟਵਾ ਦਿੰਦੇ ਹਾਂ।"  ਅਸੀਂ ਦੋਹਾਂ ਨੇ ਕਿਹਾ, ਨਹੀਂ ਰਹਿਣ ਦਿਓ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਨਹੀਂ, ਜੇ ਇਹ ਗੱਲ ਹੈ ਤਾਂ ਅਸੀਂ ਇਹੀ ਪਾਣੀ ਪੀ ਲਵਾਂਗੀਆਂ।" ਸਾਡੀ ਗੱਲ ਸੁਣ ਕੇ ਉਹ ਦੋਵੇਂ ਸਿਪਾਹੀ ਮੁਸਕਰਾਂਦੇ ਹੋਏ ਅੱਗੇ ਤੁਰ ਪਏ।  ਅਸੀਂ ਖਿੜਕੀ ਤੋਂ ਇੱਕ ਪਾਸੇ ਹੱਟ ਗਈਆਂ ਤੇ ਆਪਣੀ ਕੀਤੀ ਗਲਤੀ ਨੂੰ ਮਹਿਸੂਸ ਕਰਦਿਆਂ ਸੋਚਿਆ ਕਿ ਜਦੋਂ ਗ੍ਰਿਫ਼ਤਾਰੀ ਦਿੱਤੀ ਹੈ ਤਾਂ ਇਨ੍ਹਾਂ ਤੋਂ ਪਾਣੀ ਮੰਗਣ ਦੀ ਸਾਨੂੰ ਕੀ ਜ਼ਰੂਰਤ ਸੀ।  ਸਾਡੇ ਨਾਲ ਆਈਆਂ ਬੀਬੀਆਂ ਨੇ ਸਾਨੂੰ ਛੋਟੀਆਂ ਸਮਝਕੇ ਆਪਣਾ ਫਰਜ਼ ਨਿਭਾਉਂਦੇ ਹੋਏ ਸਾਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਜੇਲ੍ਹਾਂ ਵਿਚ ਤਾਂ ਫਾਕੇ ਵੀ ਕੱਟਣੇ ਪੈਂਦੇ ਹਨ ਕਈ ਵਾਰੀ ਤਸੀਹੇ ਵੀ ਝੱਲਣੇ ਪੈਂਦੇ ਹਨ, ਮੁਸ਼ੱਕਤ ਵੀ ਕਰਨੀ ਪੈਂਦੀ ਹੈ, ਇੱਥੇ ਕਿਹੜਾ ਵਿਆਹ ਆਏ ਆਂ, ਇਹ ਕੋਈ ਸੌਖਾ ਮਾਰਗ ਨਹੀਂ, ਬਿਖੜਾ ਪੈਂਡਾ ਹੈ।  ਅਸੀਂ ਦੋਹਾਂ ਕੁੜੀਆਂ ਨੇ ਉਨ੍ਹਾਂ ਬੀਬੀਆਂ ਨੂੰ ਇਹ ਕਹਿ ਕੇ ਖਹਿੜਾ ਛਡਾਇਆ, "ਸਾਡੀ ਇਸ ਗਲਤੀ ਨੂੰ ਮੁਆਫ਼ ਕਰ ਦਿਓ, ਅੱਗੇ ਤੋਂ ਇਸ ਪ੍ਰਕਾਰ ਦੀ ਕੋਈ ਗਲਤੀ ਨਹੀਂ ਹੋਵੇਗੀ।" ਉਨ੍ਹਾਂ ਬੀਬੀਆਂ ਨੇ ਸਾਡੇ ਸਿਰਾਂ ਉੱਤੇ ਹੱਥ ਰੱਖਕੇ ਅਸੀਸ ਦਿੰਦੇ ਹੋਏ ਕਿਹਾ, "ਪਰਮਾਤਮਾ ਤੁਹਾਡੇ ਅੰਗ ਸੰਗ ਰਹੇ।"
ਤੀਸਰੇ ਦਿਨ ਸਵੇਰੇ ੧੦ ਵਜੇ ਇੱਕ ਪੁਲਿਸ ਦੀ ਮਹਿਲਾ ਕਰਮਚਾਰੀ ਆਈ ਤੇ ਕਹਿਣ ਲੱਗੀ, "ਤੁਹਾਡੀ ਰਿਹਾਈ ਦੇ ਹੁਕਮ ਆ ਚੁੱਕੇ ਹਨ, ਤੁਸੀਂ ਗੇਟ ਦੇ ਕੋਲ ਪਏ ਰਜਿਸਟਰ ਉੱਤੇ ਆਪਣੇ ਆਪਣੇ ਦਸਤਖ਼ਤ ਕਰਕੇ ਜਾਓ"।ਸਾਡੀ ਆਗੂ ਕਹਿਣ ਲੱਗੀ, "ਅਸੀਂ ਨਹੀਂ ਜਾਣਾ, ਅਸੀਂ ਉਦੋਂ ਤੀਕਰ ਜੇਲ੍ਹ ਵਿਚ ਹੀ ਰਹਾਂਗੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ।" ਨਾ ਸਾਡੀ ਆਗੂ ਬਾਹਰ ਨਿਕਲੇ ਤੇ ਨਾ ਹੀ ਅਸੀਂ।  ਕੁਝ ਦੇਰ ਬਾਅਦ ਕਾਫ਼ੀ ਸਾਰੇ ਸਿਪਾਹੀ ਆਏ ਤੇ ਕਹਿਣ ਲੱਗੇ, "ਤੁਹਾਡੀ ਰਿਹਾਈ ਦੇ ਆਰਡਰ ਆ ਚੁੱਕੇ ਹਨ, ਤੁਹਾਡੇ ਨਾਲ ਦੇ ਵੀ ਸਾਰੇ ਨਵੀਂ ਜੇਲ੍ਹ ਵਿਚੋਂ ਬਾਹਰ ਆ ਗਏ ਹਨ।" ਸਾਡੀ ਆਗੂ ਨੇ ਉਨ੍ਹਾਂ ਸਿਪਾਹੀਆਂ ਨੂੰ ਵੀ ਪਹਿਲਾਂ ਵਾਲੀ ਗੱਲ ਹੀ ਕਹੀ ਕਿ ਅਸੀਂ ਨਹੀਂ ਜਾਣਾ।  ਇਹ ਗੱਲ ਸੁਣ ਕੇ ਇੱਕ ਸਿਪਾਹੀ ਕਹਿਣ ਲੱਗਿਆ "ਜ਼ਿੱਦ ਕਰਨ ਦਾ ਕੋਈ ਫ਼ਾਇਦਾ ਨਹੀਂ ਅਸੀਂ ਵੀ ਤਾਂ ਉਪਰੋਂ ਆਏ ਆਰਡਰ ਦੀ ਪਾਲਣਾ ਕਰ ਰਹੇ ਹਾਂ।" ਸਾਡੀ ਆਗੂ ਨਿਧੜਕ ਹੋ ਕੇ ਕਹਿਣ ਲੱਗੀ, "ਤੁਸੀਂ ਕਰੀ ਜਾਓ ਪਾਲਣਾ ਆਰਡਰ ਦੀ, ਸਾਨੂੰ ਕੀ? ਅਸੀਂ ਬਾਹਰ ਨਹੀਂ ਜਾਣਾ, ਤੁਸੀਂ ਸਾਡੇ ਵੱਲੋਂ ਲਿਖਕੇ ਉੱਪਰ ਭੇਜ ਦਿਓ।" ਹਾਲੇ ਇਹ ਬਹਿਸ ਚਲ ਹੀ ਰਹੀ ਸੀ ਕਿ ਨਵੀਂ ਜੇਲ੍ਹ ਵਿਚ ਕੈਦ ਅੰਦੋਲਨਕਾਰੀ ਉੱਥੇ ਪਹੁੰਚ ਗਏ।  ਉਨ੍ਹਾਂ ਨੇ ਆਗੂ ਨੂੰ ਪਤਾ ਨਹੀਂ ਕੀ ਕਿਹਾ ਕਿ ਉਸ ਨੇ ਉਨ੍ਹਾਂ ਦੀ ਗੱਲ ਸੁਣ ਕੇ ਸਾਨੂੰ ਸਭ ਨੂੰ ਬਾਹਰ ਆਉਣ ਲਈ ਕਿਹਾ।  ਇਸ ਤਰ੍ਹਾਂ ਅਸੀਂ ਸਾਰੇ "ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ" ਦੇ ਜੈਕਾਰੇ ਛੱਡਦੇ ਹੋਏ ਜੇਲ੍ਹ ਤੋਂ ਬਾਹਰ ਆ ਗਏ।  ਇਸ ਪ੍ਰਕਾਰ ਜੇਲ੍ਹ ਵਿਚ ਰਹਿ ਕੇ ਨਵੇਂ-ਨਵੇਂ ਕੌੜੇ-ਕੁਸੈਲੇ ਅਨੁਭਵ ਪ੍ਰਾਪਤ ਹੋਏ।