ਪੰਜਾਬੀ ਸਾਹਿਤ ਅਕਾਦਮੀ ਵੱਲੋਂ ਜਸਵੰਤ ਸਿੰਘ ਕੰਵਲ ਦਾ ਸਨਮਾਨ (ਖ਼ਬਰਸਾਰ)


ਲੁਧਿਆਣਾ --  ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਇਜਲਾਸ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ 96ਵੇਂ ਜਨਮ ਦਿਵਸ ’ਤੇ ਅਕਾਦਮੀ ਵੱਲੋਂ ਉਨ੍ਹਾਂ ਦਾ ਸਨਮਾਨ  ਕੀਤਾ ਗਿਆ। ਇਸ ਦੌਰਾਨ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੂੰ ਅਕਾਦਮੀ ਦੇ ਸਰਵਉੱਚ ਸਨਮਾਨ ਫੈਲੋਸ਼ਿਪ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਤ ਮਤੇ ਪਾਸ ਕੀਤੇ ਗਏ।
ਜਨਰਲ ਇਜਾਲਸ ਦੀ ਪ੍ਰਧਾਨਗੀ ਡਾ. ਐਸ ਪੀ ਸਿੰਘ, ਡਾ. ਤੇਜਵੰਤ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ.  ਗੁਰਭਜਨ ਗਿੱਲ, ਡਾ. ਦੀਪਕ ਮਨਮੋਹਨ ਅਤੇ ਡਾ. ਤੇਜਵੰਤ ਮਾਨ ਨੇ ਕੀਤੀ।
ਆਪਣੀ ਲੰਬੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬੇ ਸਾਂਝੇ ਕਰਦਿਆਂ ਜਸਵੰਤ ਸਿੰਘ ਕੰਵਲ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਉਪਰ ਸੰਕਟ ਦਾ ਸਮਾਂ ਚੱਲ ਰਿਹਾ ਹੈ। ਪੰਜਾਬੀ ਸਾਹਿਤ ਅਕਾਦਮੀ, ਕੇਂਦਰੀ ਲੇਖਕ ਸਭਾਵਾਂ ਤੇ ਹੋਰ ਪੰਜਾਬੀ ਸੰਸਥਾਵਾਂ ਇਸ ਦੇ ਵਿਕਾਸ ਲਈ ਹਿੱਕ ਡਾਹ ਕੇ ਖੜ੍ਹ ਜਾਣ। ਪੰਜਾਬੀ ਭਾਸ਼ਾ ਲਈ ਅਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਕਦੇ ਕੁਝ ਨਹੀਂ ਕੀਤਾ। ਇਸ ਤੋਂ ਵੀ ਅੱਗੇ ਪੰਜਾਬੀ ਭਾਸ਼ਾ ਨੂੰ ਕਦੇ ਵੀ ਸਰਕਾਰੀ ਸਰਪ੍ਰਸਤੀ ਨਹੀਂ ਮਿਲੀ। ਇਸ ਲਈ ਪੰਜਾਬੀ ਮਾਂ ਦੇ ਜਾਏ ਹੀ ਮੁਹਿੰਮ ਚਲਾਉਣ।


ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਸਨਮਾਨ ਕਰਦੇ ਹੋਏ ਲੇਖਕ
ਡਾ. ਤੇਜਵੰਤ ਗਿੱਲ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਦੇ ਨਾਵਲ ਪੂਰਨਮਾਸ਼ੀ ਤੇ ਰੂਪ ਧਾਰਾ ਵਿੱਚ ਪੰਜਾਬੀ ਔਰਤ ਦੀਆਂ ਰੀਝਾਂ ਤੇ ਉਮੰਗਾਂ ਦੀ ਸਿਖਰ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੰਵਲ ਦੇ ਨਾਰੀ ਪਾਤਰਾ ਤੇ ਹੀਰ ਦਾ ਪ੍ਰਭਾਵ ਪ੍ਰਤੱਖ ਹੈ। ਡਾ. ਐਸ ਪੀ ਸਿੰਘ ਨੇ ਕਿਹਾ ਕਿ ਕੰਵਲ ਦੀ ਲੇਖਣੀ ਲੋਕ ਹਿੱਤਾਂ ਨਾਲ ਜੁੜੀ ਹੋਈ ਹੈ। ਇਸ ਮੌਕੇ ਲੇਖਕਾਂ ਵੱਲੋਂ ਪਾਸ ਕੀਤੇ ਮਤਿਆਂ ਵਿੱਚ ਕਿਹਾ ਕਿ ਕੇਂਦਰ ਸਰਕਾਰ ਹਿੰਦੀ ਨੂੰ ਦੇਸ਼ ਵਿੱਚ ਲਾਗੂ ਕਰਨ ਦੀਆਂ ਗੱਲਾਂ ਕਰਕੇ ਪੰਜਾਬੀ ਸਮੇਤ ਦੇਸ਼ ਦੀਆਂ 22 ਉੱਭਰਵੀਆਂ ਭਾਸ਼ਾਵਾਂ ਦਾ ਨਿਰਾਦਰ ਕਰ ਰਹੀ ਹੈ। ਸਰਕਾਰ ਦੀ ਇਸ ਨੀਤੀ ਦਾ ਅੱਜ ਇਕੱਠ ਨਿੰਦਾ ਕਰਦਾ ਹੈ।
ਪੰਜਾਬੀ ਭਾਸ਼ਾ ਨੂੰ ਦਫਤਰੀ ਅਤੇ ਅਦਾਲਤੀ ਭਾਸ਼ਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਅਕਾਦਮੀ ਦੇ 60ਵੇਂ ਜੁਬਲੀ ਵਰ੍ਹੇ ’ਤੇ ਸਰਕਾਰ ਨੂੰ ਡਾਕ ਟਿਕਟ ਜਾਰੀ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਡਾ. ਸੁਰਜੀਤ ਸਿੰਘ, ਸੁਰਿੰਦਰ ਕੈਲੇ, ਸੀ. ਮਾਰਕੰਡਾ ਡਾ. ਪ੍ਰਿਤਪਾਲ ਕੌਰ ਚਾਹਲ, ਡਾ. ਭੁਪਿੰਦਰ ਕੌਰ ਪ੍ਰੀਤ, ਡਾ. ਸੁਦਰਸ਼ਨ ਗਾਸੋ, ਡਾ. ਗੁਲਜ਼ਾਰ ਪੰਧੇਰ, ਬਾਜਵਾ ਬਟਾਲਾ, ਕੁਲਵਿੰਦਰ ਕੌਰ ਮਿਨਹਾਸ, ਪ੍ਰੋ. ਗੁਰਇਕਬਾਲ ਸਿੰਘ, ਲਾਭ ਸਿੰਘ ਖੀਵਾ, ਨਿਰਮਲ ਜੌੜਾ, ਜਨਮੇਜਾ ਜੌਹਲ, ਡਾ. ਭੀਮ ਇੰਦਰ ਸਿੰਘ, ਡਾ. ਰਣਜੀਤ ਸਿੰਘ, ਕੁਲਦੀਪ  ਸਿੰਘ ਬੇਦੀ, ਡਾ. ਜੋਗਾ ਸਿੰਘ, ਕਰਮ ਸਿੰਘ ਵਕੀਲ, ਤਰਲੋਚਨ, ਬੀਬਾ ਬਲਵੰਤ, ਖੁਸ਼ਵੰਤ ਬਰਗਾੜੀ, ਸੁਖਚੈਨ ਮਿਸਤਰੀ, ਕਰਮਜੀਤ ਔਜਲਾ, ਸੰਧੂ ਬਟਾਲਵੀ, ਸੁਲੱਖਣ ਸਰਹੱਦੀ ਹਾਜ਼ਰ ਸਨ। ਇਸ ਇਕੱਠ ਵਿੱਚ ਮੱਲ ਸਿੰਘ ਰਾਮਪੁਰੀ, ਡਾ. ਧਰਮ ਬਾਤਿਸ ਦੀਆਂ ਨਵ-ਪ੍ਰਕਾਸ਼ਤ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। ਮੰਚ ਸੰਚਾਲਨ ਡਾ.ਅਨੂਪ ਸਿੰਘ ਬਟਾਲਾ ਨੇ ਕੀਤਾ।

ਸਤਿਬੀਰ ਸਿੰਘ