ਸ਼ਹੀਦ ਭਾਈ ਮੇਵਾ ਸਿੰਘ ਨੂੰ ਸ਼ਰਧਾਂਜਲੀ (ਖ਼ਬਰਸਾਰ)


ਬਰੈਂਪਟਨ -- ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰੌਂਟੋ ਦੀ ਨਵੇਂ ਚੜ੍ਹੇ ਸਾਲ 2015 ਦੀ ਪਹਿਲੀ ਮੀਟਿੰਗ 30 ਜਨਵਰੀ ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਵਿਕ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਦੀ ਗ਼ੈਰਹਾਜ਼ਰੀ ਵਿੱਚ ਵਿੱਤ ਸੰਚਾਲਕ ਗੁਰਜਿੰਦਰ ਸੰਘੇੜਾ ਨੇ ਸਭ ਨੂੰ ਸਾਲ ਦੀ ਪਹਿਲੀ ਮੀਟਿੰਗ ਵਿੱਚ ਆਉਣ ਲਈ ਜੀ ਆਇਆਂ ਕਿਹਾ ਅਤੇ ਇੱਕ ਸਮੇਂ 'ਨਵਾਂ ਜ਼ਮਾਨਾ' ਅਖ਼ਬਾਰ ਨੂੰ ਨਵਾਂ ਰੂਪ ਦੇਣ ਵਾਲੇ ਸ: ਸੁਰਜਨ ਸਿੰਘ ਜ਼ਿਰਵੀ ਨੂੰ ਅਤੇ ਉਨ੍ਹਾਂ ਦੇ ਹੀ ਸਮੇਂ ਵਿੱਚ ਨਵਾਂ ਜ਼ਮਾਨਾ ਵਿੱਚ ਰਹਿ ਚੁੱਕੇ ਪ੍ਰੋਫੈਸਰ ਹਰਭਜਨ ਸਿੰਘ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਮੀਡੀਆ ਸੰਚਾਲਕ ਬ੍ਰਜਿੰਦਰ ਗੁਲਾਟੀ ਨੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੱਤੀ ਕਿ ਅੱਜ ਦਾ ਮੁੱਖ ਵਿਸ਼ਾ ਸ਼ਹੀਦ ਭਾਈ ਮੇਵਾ ਸਿੰਘ ਦੀ ਸ਼ਤਾਬਦੀ ਮਨਾਉਣਾ ਹੈ ਅਤੇ ਬਾਅਦ ਵਿੱਚ ਕਵਿਤਾਵਾਂ ਦਾ ਦੌਰ ਚੱਲੇਗਾ। ਉਨ੍ਹਾਂ ਦੇ ਕਹਿਣ 'ਤੇ ਸਾਬਕਾ ਸੰਚਾਲਕ ਕੁਲਵਿੰਦਰ ਖਹਿਰਾ ਨੇ ਮੀਟਿੰਗ ਦੀ ਕਾਰਵਾਈ ਸੰਭਾਲੀ।
ਕੁਲਵਿੰਦਰ ਖਹਿਰਾ ਨੇ ਅੱਜ ਤੋਂ ਸੌ ਸਾਲ ਪਹਿਲਾਂ ਦੇ ਰਾਜਨੀਤਕ ਹਾਲਾਤ ਅਤੇ ਹਿੰਦੁਸਤਾਨੀਆਂ ਵੱਲੋਂ ਸਹਿਣ ਕੀਤੀਆਂ ਤਕਲੀਫ਼ਾਂ ਦਾ ਜ਼ਿਕਰ ਕਰਦਿਆਂ ਬ੍ਰਜਿੰਦਰ ਗੁਲਾਟੀ ਨੂੰ ਸਟੇਜ 'ਤੇ ਬੁਲਾਇਆ ਜਿਸ ਨੇ ਟੋਰੌਂਟੋ ਦੇ ਜਾਣੇ ਮਾਣੇ ਨਾਟਕ ਨਿਰਦੇਸ਼ਕ ਅਤੇ ਸਟੇਜ ਕਲਾਕਾਰ ਜਸਪਾਲ ਢਿੱਲੋਂ ਨਾਲ ਮਿਲ ਕੇ ਅਜਮੇਰ ਸਿੰਘ ਰੋਡੇ ਦੇ ਨਾਟਕ 'ਕਾਮਾ ਗਾਟਾ ਮਾਰੂ' ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਦਿਲਚਸਪ ਅੰਦਾਜ਼ ਵਿੱਚ ਪੇਸ਼ ਕੀਤਾ। ਇਹ ਹਿੱਸਾ ਹਸਨ ਰਹੀਮ, ਭਾਗ ਸਿੰਘ ਅਤੇ ਮੇਵਾ ਸਿੰਘ ਦੀ ਉਸ ਸਮੇਂ ਦੇ ਹਾਲਾਤ ਬਾਰੇ ਹੋਈ ਗੱਲ-ਬਾਤ ਨੂੰ ਦਰਸਾਉਂਦਾ ਹੈ। ਨਾਟਕ ਤੋਂ ਬਾਅਦ, ਬ੍ਰਜਿੰਦਰ ਗੁਲਾਟੀ ਨੇ ਉਸ ਇਤਿਹਾਸਕ ਦਿਨ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਦਿਨ ਭਾਈ ਮੇਵਾ ਸਿੰਘ ਨੇ ਹੌਪਕਿਨਸਨ ਨੂੰ ਗੋਲੀ ਮਾਰੀ ਸੀ।


ਹੁਣ, ਬ੍ਰਜਿੰਦਰ ਨੇ ਕੁਲਵਿੰਦਰ ਖਹਿਰਾ ਨੂੰ ਭਾਈ ਮੇਵਾ ਸਿੰਘ ਬਾਰੇ ਵਿਸਥਾਰ ਨਾਲ ਗੱਲ ਬਾਤ ਕਰਨ ਲਈ ਸੱਦਾ ਦਿੱਤਾ। ਕੁਲਵਿੰਦਰ ਕਹਿਣ ਲੱਗੇ ਕਿ ਜੇ ਸੰਖੇਪ 'ਚ ਹੀ ਦੱਸੀਏ ਕਿ ਕਿਵੇਂ ਗੁਰਦੁਆਰੇ 'ਚ ਬੇਲਾ ਸਿੰਘ ਨੇ ਗੋਲੀ ਚਲਾਈ ਅਤੇ ਕਿਵੇਂ ਹੌਪਕਿਨਸਨ ਦੀ ਮੌਤ ਹੋਈ ਤਾਂ ਇਹ ਅਧੂਰੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ 1906 ਤੋਂ ਸ਼ੁਰੂ ਹੋ ਕੇ ਜਦੋਂ 1908 ਵਿੱਚ ਭਾਰਤੀਆਂ ਦੀ ਆਮਦ ਵਿੱਚ ਤਿੱਖਾ ਵਾਧਾ ਹੋਇਆ ਤਾਂ ਇਸ ਨੂੰ ਰੋਕਣ ਲਈ ਕੇਨੇਡੀਅਨ ਸਰਕਾਰ ਨੇ ਅਜਿਹੀਆਂ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦਾ ਸਿੱਧਾ ਮਕਸਦ ਭਾਰਤੀਆਂ ਨੂੰ ਕੈਨੇਡਾ ਆਉਣਾ ਰੋਕਣਾ ਸੀ। ਉਸ ਸਮੇਂ ਜਪਾਨ ਤੋਂ 400 ਲੋਕ ਆ ਸਕਦੇ ਸਨ ਅਤੇ ਚੀਨ ਦੇ ਲੋਕ ਹੈੱਡ ਟੈਕਸ ਦੇ ਕੇ ਕਨੇਡਾ ਆ ਸਕਦੇ ਸਨ। ਪਰ ਕਿਉਂਕਿ ਉਸ ਸਮੇਂ ਇੰਡੀਆਂ ਕੋਈ ਵੀ ਸਮੁੰਦਰੀ ਜਹਾਜ਼ ਸਿੱਧਾ ਕੈਨੇਡਾ ਨਹੀਂ ਸੀ ਆਉਂਦਾ ਇਸ ਲਈ ਕੈਨੇਡੀਅਨ ਸਰਕਾਰ ਨੇ ਸ਼ਰਤ ਰੱਖ ਦਿੱਤੀ ਕਿ ਸਿਰਫ ਉਹੀ ਕੈਨੇਡਾ ਆ ਸਕਦੇ ਨੇ ਜੇ ਸਿੱਧਾ ਆਪਣੇ ਦੇਸ਼ ਤੋਂ ਸਿੱਧਾ ਜਹਾਜ਼ ਲੈ ਕੇ ਆਉਣਗੇ। ਇਸ ਤੋਂ ਬਾਅਦ ਕਾਮਾਗਾਟੂ ਮਾਰੂ ਨੂੰ ਮੋੜਿਆ ਜਾਣਾ, ਭਾਰਤੀਆਂ ਨੂੰ ਪਰਵਾਰ ਲਿਆਉਣ ਤੋਂ ਰੋਕਣਾ, ਅਤੇ ਏਥੇ ਰਹਿੰਦੇ ਭਾਰਤੀਆਂ ਨੂੰ ਹੰਡੂਰਸ ਭੇਜਣ ਦੀ ਚਾਲ ਤੋਂ ਇਲਾਵਾ ਹੌਪਕਿਨਸਨ ਆਪਣੇ ਪਿੱਠੂਆਂ ਰਾਹੀਂ ਭਾਰਤੀਆਂ ਨੂੰ ਡਰਾਉਣ-ਧਮਕਾਉਣ ਅਤੇ ਜ਼ਲੀਲ ਕਰਨ ਦੀਆਂ ਹਰਕਤਾਂ ਵੀ ਕਰ ਰਿਹਾ ਸੀ। 
ਖਹਿਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਹੌਪਕਿਨਸਨ ਦੀ ਸੱਜੀ ਬਾਂਹ ਸਮਝੇ ਜਾਂਦੇ ਬੇਲਾ ਸਿੰਘ ਵੱਲੋਂ ਵੈਨਕੂਵਰ ਦੇ ਗੁਰਦਵਾਰੇ ਅੰਦਰ ਗੋਲ਼ੀਆਂ ਚਲਾ ਕੇ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਜਦੋਂ ਭਾਰਤੀਆਂ ਨੂੰ ਅਦਾਲਤ ਤੋਂ ਇਨਸਾਫ਼ ਦੀ ਕੋਈ ਆਸ ਨਾ ਰਹੀ ਅਤੇ ਜਦੋਂ ਹੌਪਕਿਨਸਨ ਵੱਲੋਂ  ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਬੇਲਾ ਸਿੰਘ ਨੂੰ ਸਜ਼ਾ ਨਹੀਂ ਹੋਣ ਦੇਣੀ, ਉਸ ਸਮੇਂ ਮੇਵਾ ਸਿੰਘ ਨੇ ਅਦਾਲਤ  ਵਿੱਚ ਹੌਪਕਿਨਸਨ ਦਾ ਕਤਲ ਕੀਤਾ।  ਬੇਲਾ ਸਿੰਘ ਨੂੰ ਕੋਈ ਸਜ਼ਾ ਨਾ ਹੋਈ ਜਦ ਕਿ ਮੇਵਾ ਸਿੰਘ ਵਿਰੁੱਧ ਕੋਰਟ ਦੀ ਕਾਰਵਾਈ ਸਿਰਫ਼ 1ਘੰਟਾ 40 ਮਿੰਟ ਚੱਲੀ, ਸਜ਼ਾ ਵੀ ਦੇ ਦਿੱਤੀ ਗਈ ਅਤੇ ਉਸੇ ਹੀ ਦਿਨ, 11 ਜਨਵਰੀ ਦਾ ਦਿਨ ਫਾਂਸੀ ਲਈ ਮੁਕੱਰਰ ਵੀ ਕਰ ਦਿੱਤਾ ਗਿਆ। ਮੇਵਾ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਜਦੋਂ ਅੁਨ੍ਹਾਂ ਨੂੰ ਕੈਨੇਡੀਅਨ ਅਦਾਲਤਾਂ ਤੋਂ, ਪੁਲੀਸ ਤੋਂ, ਅਤੇ ਇਮੀਗ੍ਰੇਸ਼ਨ ਵਿਭਾਗ ਤੋਂ ਇਨਸਾਫ਼ ਦੀ ਕੋਈ ਆਸ ਨਹੀਂ ਸੀ ਰਹਿ ਗਈ ਤਾਂ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਆਪਣੇ ਲੋਕਾਂ ਦੀ ਹੋ ਰਹੀ ਦੁਰਗਤੀ ਅਤੇ ਬੇਇਜ਼ਤੀ ਬਰਦਾਸ਼ਤ ਨਹੀਂ ਸੀ ਕਰ ਸਕਦਾ । ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਣ ਲਈ ਹੀ ਉਸ ਨੂੰ ਪਿਸਤੌਲ ਚਲਾਉਣਾ ਪਿਆ ਜਿਸ ਲਈ ਅੁਹ ਆਪਣੀ ਮੌਤ ਲਈ ਤਿਆਰ ਹੈ।  
ਆਪਣੀ ਗੱਲ ਸਮਾਪਤ ਕਰਦਿਆਂ ਖਹਿਰਾ ਨੇ ਸਵਾਲ ਉਠਾਇਆ ਕਿ ਕਿ ਸੌ ਸਾਲ ਬਾਅਦ ਭਾਵੇਂ ਕੈਨੇਡਾ ਦੇ ਕਾਰੋਬਾਰ ਅਤੇ ਸਿਆਸਤ ਵਿੱਚ ਸਾਨੂੰ ਕਈ ਹੱਕ ਮਿਲ ਗਏ ਹਨ, ਪਰ ਅੱਜ ਵੀ ਵਿਚਾਰਨ ਦੀ ਲੋੜ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਪੱਖੋਂ ਜਾਂ ਹੋਰਨਾਂ ਪੱਖਾਂ ਤੋਂ ਕੀ ਅਸੀਂ ਮੇਵਾ ਸਿੰਘ ਦੇ ਸਮੇਂ ਦੇ ਹਾਲਾਤ ਤੋਂ ਬਿਹਤਰ ਹਾਂ? ਜੇ ਨਹੀਂ ਤਾਂ ਫਿਰ ਅਸੀਂ ਆਪਣੇ ਸ਼ਹੀਦ ਦੀ ਸੋਚ 'ਤੇ ਪਹਿਰਾ ਦੇਣ ਲਈ ਕੀ ਰੋਲ ਨਿਭਾ ਰਹੇ ਹਾਂ? ਕੀ ਅਸੀਂ ਆਪਣੇ ਉਸ ਸ਼ਹੀਦ ਨੂੰ ਭੁੱਲ ਤਾਂ ਨਹੀਂ ਗਏ? 
ਇਕਬਾਲ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਾਰੀ ਦੁਨੀਆਂ ਵਿੱਚ ਜ਼ਿਆਦਤੀਆਂ ਹੋਣ ਦਾ ਇਤਿਹਾਸ ਹੈ। ਅੱਜ ਦੇ ਯੁੱਗ ਵਿੱਚ ਅਸੀਂ ਉਹਨਾਂ ਵਿਤਕਰਿਆਂ ਨੂੰ ਤਾਂ ਯਾਦ ਕਰਦੇ ਹਾਂ। ਪਰ ਸਵਾਲ ਇਹ ਹੈ ਕਿ ਕੀ ਨੌਨ-ਵਾਈਟ ਲੋਕਾਂ ਨੇ ਜ਼ਿਆਦਤੀਆਂ ਕਰਨੀਆਂ ਬੰਦ ਕਰ ਦਿੱਤੀਆਂ ਹਨ? ਮਹੱਤਵਪੂਰਨ ਇਹ ਹੈ ਕਿ ਅਸੀਂ ਇਸ ਸਭ ਤੋਂ ਸਬਕ ਕੀ ਸਿੱਖਿਆ? 'ਏੇਕ ਪਿਤਾ ਏਕਸ ਕੇ ਹਮ ਬਾਰਿਕ' ਅਸੀਂ ਕਹਿੰਦੇ ਤਾਂ ਹਾਂ ਪਰ ਕੀ ਅਸੀਂ ਅਸਲ ਵਿੱਚ ਮੰਨਦੇ ਵੀ ਹਾਂ? ਉਨ੍ਹਾਂ ਖ਼ਿਮਾਂ ਮੰਗਦਿਆਂ ਕਿਹਾ ਕਿ ਸਾਡੇ ਆਪਣੇ ਇੰਡੀਆ ਵਿੱਚ 'ਚੂਹੜੇ, ਚਮਾਰ' ਵਰਗੇ ਸ਼ਬਦ ਹਾਲੇ ਵੀ ਕਿਉਂ ਜ਼ਿੰਦਾ ਹਨ? ਇੰਡੀਆ ਵਿੱਚ ਲੋਕਾਂ ਦੀ ਕੱਟੜ ਧਾਰਨਾ ਕਾਰਨ ਧਰਮ ਦੇ ਆਧਾਰ 'ਤੇ '47' ਅਤੇ '84' ਵਰਗਾ ਦੁਖਾਂਤ ਵਾਰ ਵਾਰ ਕਿਉਂ ਦੁਹਰਾਇਆ ਜਾ ਰਿਹਾ ਹੈ?
ਜ਼ਿਰਵੀ ਸਾਹਿਬ ਦਾ ਕਹਿਣਾ ਸੀ ਕਿ ਸਾਡੇ ਸ਼ਹੀਦ ਬਹੁਤ ਦੂਰਦਰਸ਼ੀ ਸਨ। ਦੇਸ਼ ਭਗਤਾਂ ਨੇ ਵਿਹਾਰ ਅਤੇ ਸੰਵਿਧਾਨ ਰਾਹੀਂ ਦਰਸਾਇਆ ਕਿ ਅਸੀਂ ਸੈਕੂਲਰ ਹਾਂ। ਕੈਨੇਡਾ ਵਿੱਚ ਸੈਕੂਲਰ ਆਧਾਰ 'ਤੇ ਵਿਵਹਾਰ ਕਰਨਾ ਹੀ ਇੱਥੋਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਏਥੇ ਬਰਾਬਰੀ ਦਾ ਦਰਜਾ ਦਿੱਤਾ ਜਾਂਦਾ ਹੈ ਜਦ ਕਿ ਇੰਡੀਆ ਵਿੱਚ ਅਪਮਾਨਜਨਕ ਸ਼ਬਦ ਬੋਲਣੇ ਹਾਲੇ ਵੀ ਨਹੀਂ ਛੱਡੇ ਗਏ। ਉੱਥੇ 'ਬੇਸਿਕ ਹਿਊਮਨ ਡੀਸੈਂਸੀ' ਚਾਹੀਦੀ ਹੈ।
ਪ੍ਰੋ: ਹਰਭਜਨ ਸਿੰਘ ਨੇ ਦੱਸਿਆ ਕਿ ਹਿੰਦੁਸਤਾਨ ਵਿੱਚ ਅੱਜ ਵੀ ਹਾਲਾਤ ਨਹੀਂ ਬਦਲੇ। ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਜਾਣਾ ਹਾਲੇ ਵੀ ਜਾਰੀ ਹੈ। ਗ਼ਦਰ ਪਾਰਟੀ ਦੇ ਲੋਕਾਂ ਵਿੱਚ ਜ਼ਾਤ-ਪਾਤ ਦਾ ਵਿਤਕਰਾ ਕੋਈ ਨਹੀਂ ਸੀ। ਇੰਡੀਆ ਵਿੱਚ ਭਾਈ ਜਵਾਲਾ ਸਿੰਘ ਨੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਵਾਸਤੇ ਇਸ਼ਤਿਹਹਾਰ ਦਿੱਤਾ, ਉਸ ਵਿੱਚ ਸਭ ਧਰਮਾਂ ਦੇ ਲੋਕ ਸ਼ਾਮਿਲ ਸਨ। ਗਦਰੀਆਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਏਕਤਾ ਰੱਖ ਕੇ ਅਣਖ ਨਾਲ ਜੀਣਾ ਚਾਹੀਦਾ ਹੈ।
ਮਿੰਨੀ ਗਰੇਵਾਲ ਕਹਿਣ ਲੱਗੇ ਕਿ ਇੰਡੀਆ ਵਿੱਚ ਗਾਂਧੀ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਰਹੀ ਹੈ। ਆਜ਼ਾਦੀ ਦੀ ਲਹਿਰ ਵਿੱਚ ਆਪਣੇ ਦਾਦਾ ਜੀ ਅਤੇ ਪਿਤਾ ਜੀ ਦੇ ਪਾਏ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਹਾਲਾਤ ਵਿੱਚ ਅਣਖ ਨਾਲ ਜੀਣਾ ਚਾਹੀਦਾ ਹੈ। ਸੁਖਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਆਜ਼ਾਦੀ ਲਈ ਬਹੁਤ ਹੋਰ ਲੋਕਾਂ ਨੇ ਵੀ ਜਦੋਜਹਿਦ ਕੀਤੀ। ਆਜ਼ਾਦੀ ਤੋਂ ਬਾਅਦ,  ਰੈਜ਼ਰਵੇਸ਼ਨ ਨਾਲ ਤਰੱਕੀਆਂ ਵੀ ਹੋਈਆਂ ਪਰ ਅੱਜ ਲੋਕਾਂ ਲਈ ਇਹ ਇੱਕ ਲਾਲਚ ਹੀ ਬਣ ਗਿਐ ਅਤੇ ਇਸ ਦੇ ਫ਼ਾਇਦੇ ਲੈਣ ਖ਼ਾਤਿਰ ਉਹ ਅਲੱਗ ਹੀ ਰਹਿਣਾ ਪਸੰਦ ਕਰ ਰਹੇ ਹਨ। ਡਾ: ਜਸਵਿੰਦਰ ਸੰਧੂ ਨੇ ਹੱਕ, ਧਰਮ ਅਤੇ ਜਾਤ-ਪਾਤ ਵਾਲੇ ਵਧ ਰਹੇ ਵਿਤਕਰਿਆਂ ਦੀ ਅਤੇ ਔਰਤ-ਮਰਦ ਦੀ ਬਰਾਬਰੀ ਦੀ ਗੱਲ ਕੀਤੀ।
ਕਵਿਤਾ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗਿਆਨ ਸਿੰਘ ਦਰਦੀ ਨੇ ਸ਼ਹੀਦਾਂ ਬਾਰੇ - ਇਹ ਵਣਜਾਰੇ ਜੋ ਆਜ਼ਾਦੀ ਦੇ ਘੋਲ ਅੰਦਰæææ ਕਵਿਤਾ ਕਹੀ। ਕੁਲਦੀਪ ਕੌਰ ਗਿੱਲ ਦੀ ਕਵਿਤਾ ਸੀ - ਨਾ ਛੇੜ ਕਹਾਣੀ ਦਰਦਾਂ ਦੀ, ਮੇਰੇ ਜ਼ਖ਼ਮ ਜਿਗਰ ਦੇ ਅੱਲੇ ਨੇ। ਹਰਜੀਤ ਸਿੰਘ ਬੇਦੀ ਨੇ 26 ਜਨਵਰੀ ਦੇ ਮਨਾਉਣ ਦੀ ਗੱਲ ਕੀਤੀ। ਗੁਰਜਿੰਦਰ ਸੰਘੇੜਾ ਨੇ ਪੰਜਾਬ ਵਿੱਚ ਅੱਜ ਦੇ ਰਾਜਨੀਤਕ ਮਾਹੌਲ 'ਤੇ ਵਿਅੰਗ ਕਰਦੀ ਕਵਿਤਾ 'ਬਾਦਲਨਾਮਾ' ਸੁਣਾਈ। 
ਅਖੀਰ, ਪ੍ਰੋਫੈਸਰ ਹਰਭਜਨ ਸਿੰਘ ਜੀ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਅੱਜ ਕਲਮਾਂ ਦਾ ਕਾਫ਼ਲਾ ਦੀ ਮੀਟਿੰਗ ਵਿੱਚ ਆ ਕੇ ਖੁਸ਼ੀ ਹੋਈ ਕਿ ਇੱਥੇ ਮਹਾਨ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਹਿਤਿਕ ਸਭਾ ਵਿੱਚ ਉੱਚੇ ਪੱਧਰ ਦੀਆਂ ਕਵਿਤਾਵਾਂ ਸੁਣਨ ਨੂੰ ਮਿਲੀਆਂ ਅਤੇ ਮੈਂ ਸਾਰਿਆਂ ਦੇ ਸਾਥ ਨੂੰ ਮਾਣਿਆ ਹੈ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਤਰਲੋਚਨ ਸਿੰਘ ਗਿੱਲ, ਨਿਲੇਸ਼ ਸ਼੍ਰੀਧਰ, ਲਾਭ ਸਿੰਘ ਚਾਹਲ, ਮਨਮੋਹਣ ਗੁਲਾਟੀ, ਇੰਦਰਜੀਤ ਢਿੱਲੋਂ, ਜਸਲੀਨ ਢਿੱਲੋਂ ਵੀ ਸ਼ਾਮਿਲ ਹੋਏ।

ਬ੍ਰਜਿੰਦਰ ਗੁਲਾਟੀ