ਬਹੁ-ਮੰਤਵੀ ਸੰਸਥਾ ਵਰਗੇ: ਗਿਆਨੀ ਦਿੱਤ ਸਿੰਘ (ਲੇਖ )

ਪੂਰਨ ਸਿੰਘ ਪਾਂਧੀ    

Phone: 905 789 6670
Address:
Tronto Ontario Canada
ਪੂਰਨ ਸਿੰਘ ਪਾਂਧੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਲਈ 19ਵੀਂ ਸਦੀ ਘੋਰ ਸੰਕਟਾਂ ਤੇ ਸੰਘਰਸ਼ਾਂ ਦੀ ਸਦੀ ਹੈ। ਇਹ ਉਹ ਸਮਾ ਸੀ; ਜਦੋਂ ਇੱਕ ਪਾਸੇ ਗੋਰਿਆਂ ਦੀ ਗੁਲਾਮੀ ਦਾ ਜੂਲ਼ਾ ਉਤਾਰਨ ਲਈ ਕਤਾਰਬੰਦੀ ਕਰਨ, ਦੂਜੇ ਪਾਸੇ ਭਾਰਤੀ ਸਮਾਜ ਵਿਚੋਂ ਅਗਿਆਨਤਾ, ਅਨਪੜ੍ਹਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ, ਉੱਨ੍ਹਾ ਵਿਚ ਸਵੈਮਾਨ, ਅਣਖ ਤੇ ਚੇਤਨਾ ਦੀ ਜੋਤ ਪ੍ਰਚੰਡ ਕਰਨ ਅਤੇ ਤੀਜੇ ਬ੍ਰਾਹਣਵਾਦੀ ਜੋਕਾਂ ਦੀ ਜਕੜ ਵਿਚੋਂ ਗੁਰਦੁਆਰੇ ਮੁਕਤ ਕਰਨ ਤੇ ਸ਼ੁਧ ਸਿੱਖ-ਸਿਧਾਂਤ ਤੇ ਪਵਿੱਤਰ ਗੁਰ-ਮਰਿਯਾਦਾ ਬਹਾਲ ਕਰਨ ਦੀ ਫਿਕਰਮੰਦੀ ਦੇ ਕਾਰਜ ਸਨ। ਇੰਨ੍ਹਾਂ ਘੋਰ ਸੰਕਟਾਂ, ਔਕੜਾਂ ਤੇ ਭਿਆਨਕ ਬਿਮਾਰੀਆਂ ਤੋਂ ਕੱਢਣ ਲਈ ਉਦੋਂ ਦੇ ਸਮਾਜ ਸੁਧਾਰਕਾਂ, ਪ੍ਰਚਾਰਕਾਂ ਅਤੇ ਕੌਮੀ ਮਰਜੀਵਿੜਿਆਂ ਦੇ ਅਣਥੱਕ ਕਾਰਨਾਮਿਆਂ ਤੇ ਅਥਾਹ ਕੁਰਬਾਨੀਆਂ ਅੱਗੇ ਆਪਮੁਹਾਰੇ ਸਿਰ ਝੁਕਦਾ ਹੈ। ਇੰਨ੍ਹਾਂ ਮਹਾਨ ਮੋਢੀਆਂ ਵਿਚੋਂ ਸਨ: ਗਿਆਨੀ ਦਿੱਤ ਸਿੰਘ ਤੇ ਇੰਨ੍ਹਾਂ ਦੇ ਸਮਕਾਲੀ ਸਾਥੀ ਸਨ: ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜੋਧ ਸਿੰਘ, ਭਾਈ ਤੇਜਾ ਸਿੰਘ, ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋਫੈਸਰ ਪੂਰਨ ਸਿੰਘ, ਅਕਾਲੀ ਕੌਰ ਸਿੰਘ ਅਤੇ ਹੋਰ ਬਹੁਤ ਸਾਰੇ ਜੋ ਆਪੋ ਆਪਣੇ ਫੀਲਡ ਦੇ ਅਦੁੱਤੀ ਨਾਇਕ, ਵਿਦਵਾਨ ਲੇਖਕ, ਮਹਾਨ ਦਾਰਸ਼ਨਿਕ, ਪਵਿੱਤਰ ਤੇ ਉੱਚੀ ਸੁੱਚੀ ਜੀਵਨ-ਜਾਚ ਦੇ ਮਾਲਕ ਸਨ।
ਉਦੋਂ ਸਮਾਜ ਦੇ ਜਨ-ਜੀਵਨ ਉੱਤੇ ਬ੍ਰਾਹਮਣਾਂ ਦੀ ਬੁਰੀ ਤਰ੍ਹਾਂ ਜਕੜ ਸੀ। ਜੰੰਮਣ ਤੋਂ ਮਰਨ ਤੱਕ ਬ੍ਰਾਹਮਣੀ ਰਸਮਾਂ ਦਾ ਜਾਲ਼ ਵਿਛਿਆ ਹੋਇਆ ਸੀ। ਇਸ ਹਾਲਤ ਵਿਚ ਦਲਿਤਾਂ, ਅਛੂਤਾਂ ਤੇ ਅਨਸੂਚਿਤ ਜਾਤੀਆਂ ਦੀ ਦਸ਼ਾ ਬੇਹੱਦ ਤਰਸਯੋਗ ਸੀ। ਦਲਿਤਾਂ ਨਾਲ਼ ਘੋਰ ਵਿਤਕਰਾ, ਤਿਰਸਕਾਰ ਤੇ ਘਿਰਣਾ ਭਰਿਆ ਵਿਹਾਰ ਹੁੰਦਾ ਸੀ। ਜਾਨਵਰਾਂ ਤੇ ਅਛੂਤਾਂ ਵਿਚ ਬਹੁਤਾ ਫਰਕ ਨਹੀਂ ਸੀ। ਇੰਨ੍ਹਾਂ ਲਈ ਚੇਤਨਾ ਤੇ ਚਾਨਣ ਦੇ, ਇੱਜ਼ਤ ਤੇ ਸਤਿਕਾਰ ਦੇ ਅਤੇ ਭਾਈਚਾਰਕ ਬਰਾਬਰਤਾ ਦੇ ਸਾਰੇ ਦੁਆਰ ਬੰਦ ਸਨ। ਸਿੱਖਾਂ ਦੇ ਆਪਣੇ ਗੁਰ ਅਸਥਾਨਾਂ, ਗੁਰਦੁਆਰਿਆਂ ਵਿਚ ਵੀ ਘੋਰ ਬੇਕਦਰੀ, ਬੇਦਰਦੀ ਤੇ ਨਫਰਤ ਵਾਲ਼ਾ ਵਿਹਾਰ ਕੀਤਾ ਜਾਂਦਾ ਸੀ। ਗੁਰਦੁਆਰਿਆਂ ਵਿਚ ਤੇ ਹੋਰ ਧਾਰਮਿਕ ਸਥਾਨ ਵਿਚ ਇੱਕ ਤਰ੍ਹਾਂ ਨਾਲ਼ ਇੰਨ੍ਹਾ ਦੇ ਦਾਖਲੇ 'ਤੇ ਪਾਬੰਦੀ ਸੀ। ਦਲਿਤ ਜਾਤੀ ਦੇ ਕਿਸੇ ਵਿਅਕਤੀ ਦੇ ਛੁਹਣ ਨਾਲ਼ ਤੇ ਕਈ ਵਾਰ ਇੰਨ੍ਹਾ ਦੇ ਕੇਵਲ ਪਰਛਾਵੇਂ ਨਾਲ਼ ਅਪਵਿੱਤਰ ਹੋਣ, ਪਤਿਤ ਹੋਣ ਜਾਂ ਭਿੱਟੇ ਜਾਣ ਦਾ ਡਰ ਬਣਿਆਂ ਰਹਿੰਦਾ ਸੀ ਅਤੇ ਇੰਨ੍ਹਾ ਤੋਂ ਦੂਰ ਰਹਿਣ ਦੀ ਮਰਿਯਾਦਾ ਦਾ ਬੋਲ ਬਾਲਾ ਸੀ। ਹਰ ਥਾਂ, ਹਰ ਮੌਕੇ  ਇੰਨ੍ਹਾ ਦੇ ਪੱਲੇ ਨਫਰਤ ਤੇ ਘਿਰਣਾ ਪੈਂਦੀ ਸੀ। ਅਜਿਹੇ ਦੁਖਦਾਈ ਤੇ ਅੰਧਕਾਰ ਹਾਲਾਤ ਵਿਚ ਗਿਆਨੀ ਦਿੱਤ ਸਿੰਘ ਦੇ ਵਿਅਕਤੀਤਵ ਦਾ ਅਤੇ ਉਸ ਦੀ ਵਿਦਵਤਾ ਤੇ ਪ੍ਰਤਿਭਾ ਦਾ ਉਭਾਰ ਅੱਕਾਂ ਵਿਚ ਗੁਲਾਬ ਤੇ ਕੱਲਰਾਂ ਵਿਚ ਕੰਵਲ ਪੈਦਾ ਹੋਣ ਵਰਗੀ ਘਟਣਾ ਹੈ।
ਗਿਆਨੀ ਦਿੱਤ ਸਿੰਘ ਨੂੰ ਆਪਣੀ ਜ਼ਿੰਦਗੀ ਦੀ ਉਸਾਰੀ ਲਈ ਕਈ ਭਵਸਾਗਰ ਤਰਨੇ ਪਏ, ਕੰਡਿਆਲੇ ਰਾਹਾਂ 'ਤੇ ਤੁਰਨਾ ਪਿਆ, ਸਖਤ ਔਕੜਾਂ, ਥੁੜਾਂ, ਤ੍ਰਿਸਕਾਰ ਤੇ ਨਫਰਤ ਭਰੇ ਹਾਲਾਤ ਵਿਚ ਸਖਤ ਮਿਹਨਤ ਕਰਨੀ ਪਈ। ਪਰ ਦ੍ਰਿੜ੍ਹ ਲਗਨ, ਕਠੋਰ ਸਿਰੜ ਤੇ ਤਪੱਸਿਆ ਵਰਗੀ ਲਗਨ ਰੰਗ ਲਿਆਈ। ਜਿਸ ਨਾਲ਼ ਇਹ ਸਿੱਖ ਕੌਮ ਦੇ ਕ੍ਰਾਂਤੀਕਾਰੀ, ਗੌਰਵਸ਼ਾਲੀ ਤੇ ਪ੍ਰਤਿਭਾਸ਼ਾਲੀ ਨਾਇਕ ਬਣ ਕੇ ਉੱਭਰੇ ਹਨ।
ਪੰਜਾਬ ਦੇ ਜ਼ਿਲਾ ਫਤੇਹਗੜ੍ਹ ਦੇ ਪਿੰਡ ਕਲੌੜ ਵਿਚ ਪਿਤਾ ਭਾਈ ਦਿਵਾਨ ਸਿੰਘ, ਮਾਤਾ ਰਾਮ ਕੌਰ ਦੇ ਘਰ, 21 ਅਪ੍ਰੈਲ 1850 ਨੂੰ ਰਾਮਦਾਸੀਆ ਬਿਰਾਦਰੀ ਵਿਚ ਪੈਦਾ ਹੋਏ। ਗਰੀਬ ਪਰਵਾਰ ਸੀ। ਪਿਤਾ ਘਰ ਦੀ ਖੱਡੀ 'ਤੇ ਕੱਪੜਾ ਬੁਣਦੇ ਸਨ। ਮੁਸ਼ਕਲ ਨਾਲ਼ ਗੁਜ਼ਾਰਾ ਹੁੰਦਾ ਸੀ। ਪਰ ਗਿਆਨੀ ਦਿੱਤ ਸਿੰਘ ਬਚਪਨ ਤੋਂ ਹੀ ਇੱਕ ਫੱਕਰ, ਦਰਵੇਸ਼ ਤੇ ਜਗਿਆਸੂ ਬਿਰਤੀ ਦੇ ਮਾਲਕ ਸਨ। ਇੰਨ੍ਹਾਂ ਨੇ ਥਾਂ ਥਾਂ ਤੋਂ ਫਿਰ ਕੇ ਬੜੀ ਮਿਹਨਤ ਨਾਲ਼ ਵਿਦਿਆ ਦੇ ਕਿਣਕੇ ਇਕੱਠੇ ਕੀਤੇ। ਅਧਿਐਨਸ਼ੀਲ ਬਿਰਤੀ ਦੇ ਮਾਲਕ ਗਿਆਨੀ ਦਿੱਤ ਸਿੰਘ ਨੇ ਵੱਖ ਵੱਖ ਨਿਰਮਲੇ ਸਾਧੂਆਂ ਤੇ ਪੰਡਤਾਂ ਪਾਸੋਂ ਬ੍ਰਹਮ ਵਿਦਿਆ, ਦੇਵ ਬਾਣੀ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹਿੰਦੀ ਦਾ ਗਿਆਨ ਹਾਸਲ ਕੀਤਾ। ਮੁਨਸ਼ੀ ਸਯੱਦ ਪਾਸੋਂ ਉਰਦੂ, ਫਾਰਸੀ ਤੇ ਅਰਬੀ ਭਾਸ਼ਾ ਦੀ ਵਿਦਿਆ ਲਈ। ਭਾਰਤੀ ਸਭਿਤਾ ਤੇ ਸੰਸਕ੍ਰਿਤੀ ਦਾ, ਇਤਹਾਸ ਤੇ ਮਿਥਹਾਸ ਦਾ, ਭਾਰਤੀ ਦਰਸ਼ਨ ਸ਼ਾਸਤਰ ਤੇ ਨੀਤੀ ਗ੍ਰੰਥਾਂ ਦਾ ਨਿੱਠ ਕੇ ਅਧਿਐਨ ਕੀਤਾ। ਬਹੁਤ ਲੰਮੇ ਸਮੇ ਪਿੱਛੋਂ 1883 ਵਿਚ ਇੰਨ੍ਹਾਂ 'ਗਿਆਨੀ' ਦੀ ਪ੍ਰੀਖਿਆ ਪਾਸ ਕੀਤੀ। ਇਸ ਤਰ੍ਹਾਂ ਇਹ ਆਪਣੇ ਸਮੇ ਦੇ ਬਹੁ-ਪੱਖੀ ਵਿਦਵਤਾ, ਪ੍ਰਤਿਭਾ ਦੇ ਮਾਲਕ, ਨੀਤੀਵੇਤਾ, ਪੰਡਤ ਤੇ ਆਲਮ ਫਾਜ਼ਲ ਮੰਨੇ ਜਾਂਦੇ ਸਨ।
ਇੰਨ੍ਹਾਂ ਦੀ ਚੁੰਬਕੀ, ਪ੍ਰਭਾਵਸ਼ਾਲੀ ਤੇ ਅਜ਼ੀਮ ਸ਼ਖਸੀਅਤ ਦੇ ਅਨੇਕਾਂ ਪਾਸਾਰ ਤੇ ਵਿਆਪਕ ਪਰਤਾਂ ਹਨ। ਉਹ ਪੁਰਾਤਨ ਸਿੰਘਾਂ ਵਾਂਗ ਹਠੀ, ਜਪੀ, ਤਪੀ ਭਾਵਨਾ ਦੇ ਭਰੇ ਹੋਏ, ਅਸੂਲੀ ਤੇ ਸਿਰੜੀ ਸੁਭਾਅ ਦੇ ਪੱਕੇ ਗੁਰਸਿੱਖ ਸਨ। 1884 ਵਿਚ ਲਾਹੌਰ ਵਿਚ ਉਨ੍ਹਾਂ ਠਠੇਰਿਆਂ ਦੀ ਗਲੀ ਵਿਚ ਤਿੰਨ-ਛੱਤਾ ਮਕਾਨ ਲਿਆ, ਜਿਸ ਵਿਚ ਉੱਨ੍ਹਾਂ ਪੱਕੀ ਰਿਹਾਇਸ਼ ਕੀਤੀ। ਉਹ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਹਰ ਖੇਤਰ ਵਿਚ ਇੱਕ ਬੁਲੰਦ ਤੇ ਪ੍ਰਭਾਵਸ਼ਾਲੀ ਅਵਾਜ਼ ਸਨ। ਤਰਕ, ਦਲੀਲ, ਡਿਬੇਟ ਤੇ ਹਾਜ਼ਰ-ਜਬਾਬੀ ਵਿਚ ਉੱਨ੍ਹਾਂ ਦਾ ਕੋਈ ਸਾਨੀ ਨਹੀ ਸੀ। ਆਪ ਉਕਤੀ-ਯੁਕਤੀ ਦੇ ਧਨੀ, ਸਪਸ਼ਟਵਾਦੀ, ਅਜਿੱਤ ਤੇ ਨਿਰਭੈ ਪ੍ਰਚਾਰਕ ਸਨ। ਉਹ ਇੱਕ ਨਿਪੁੰਨ ਪੱਤਰਕਾਰ, ਪ੍ਰਭਾਵਸ਼ਾਲੀ ਅਧਿਆਪਕ ਤੇ ਸਿਧਾਂਤਕਾਰ ਲੇਖਕ ਸਨ। ਖੋਜੀ ਤੇ ਸਿਰੜੀ ਬਿਰਤੀ ਦੇ ਮਾਲਕ, ਸਮਾਜ ਸੁਧਾਰਕ, ਮਹਾਂ ਪ੍ਰਵਚਨਕਾਰ, ਸੁਲ੍ਹਝੇ ਲੇਖਕ, ਕ੍ਰਾਂਤੀਕਾਰੀ ਤੇ ਪ੍ਰਭਾਵਸ਼ਾਲੀ ਵਿਆਖਿਆਕਾਰ ਸਨ। ਉਹ ਇੱਕੋ ਇੱਕ ਸਿੱਖ ਵਿਦਵਾਨ ਸਨ; ਜਿੰਨ੍ਹਾਂ ਆਪਣੇ ਸਮੇ ਦੇ ਯੁਗ ਪਰਿਵਰਤਕ ਅਤੇ ਆਰੀਆ ਸਮਾਜ ਦੇ ਬਾਨੀ ਸੁਆਮੀ ਦਇਆਨੰਦ ਸਰਸਵਤੀ ਨੂੰ ਸ਼ਾਸਤ੍ਰਾਰਥ ਵਿਚ ਹਾਰ ਦਿੱਤੀ, ਆਪਣੀ ਉੱਚ ਲਿਆਕਤ ਤੇ ਵਿਦਵਤਾ ਦਾ ਲੋਹਾ ਮਨਵਾਇਆ ਅਤੇ ਡੀਬੇਟ ਵਿਚ ਲਾਜਬਾਬ ਕੀਤਾ।

ਇੰਨ੍ਹਾਂ ਦੀ ਜ਼ਿੰਦਗੀ ਦਾ ਇੱਕ ਇੱਕ ਲਮਹਾ ਗੌਰਵਮਈ ਤੇ ਇਨਕਲਾਬੀ ਸਿੱਖ ਇਤਹਾਸ ਦੀ ਸਿਰਜਣਾ ਕਰਦਾ ਹੈ। ਕੁੱਲ ਪੰਜਾਹ ਤੇ ਇੱਕ ਸਾਲ ਦੀ ਆਯੂ ਵਿਚ ਉੱਨ੍ਹਾਂ ਉਹ ਮਹਾਨ ਕਾਰਜ ਕੀਤੇ ਜੋ ਇੱਕ ਸੰਸਥਾ ਹੀ ਕਰ ਸਕਦੀ ਹੈ। ਇਸ ਤਰ੍ਹਾਂ ਉਹ ਵਿਅਕਤੀ ਨਹੀਂ, ਬਹੁ-ਪੱਖੀ ਤੇ ਬਹੁ-ਮੰਤਵੀ ਸੰਸਥਾ ਵਰਗੇ ਮਹਾਨ ਵਿਅਕਤੀ ਸਨ। ਪੰਜਾਬ ਵਿਚ ਉਦੋਂ ਇਸਾਈ ਮਿਸ਼ਨਰੀਆਂ ਤੇ ਆਰੀਆ ਸਮਾਜ ਦੇ ਪ੍ਰਚਾਰ ਤੇ ਪ੍ਰਭਾਵ ਦੁਆਰਾ ਸਿੱਖ-ਸਿਧਾਂਤਾਂ ਨੂੰ ਅਤੇ ਪੰਜਾਬੀ ਸਭਿਆਚਾਰ ਨੂੰ ਖੋਰਾ ਲਾਉਣ ਦੇ ਯਤਨ ਹੋ ਰਹੇ ਸਨ। ਪੰਜਾਬ ਦੀ ਜੁਆਨੀ ਪਤਿਤ ਹੋ ਰਹੀ ਸੀ। ਇਸ ਦੇ ਵਿਰੋਧ ਵਿਚ ਆਪ ਨੇ ਆਪਣੀ ਸ਼ਕਤੀਸ਼ਾਲੀ ਤੇ ਕ੍ਰਾਂਤੀਕਾਰੀ ਅਵਾਜ਼ ਬੁਲੰਦ ਕੀਤੀ। ਪੰਜਾਬੀ ਸਭਿਆਚਾਰ ਤੇ ਸਿੱਖ-ਸਿਧਾਂਤਾ ਦੀ ਮਹਾਨਤਾ ਦਾ ਪ੍ਰਚਾਰ ਕੀਤਾ ਤੇ ਇਸ ਹਨੇਰੀ ਨੂੰ ਠੱਲ੍ਹਣ ਵਿਚ ਸਫਲਤਾ ਪ੍ਰਾਪਤ ਕੀਤੀ।

1877 ਵਿਚ ਓਰੀਐਂਟਲ ਕਾਲਜ ਲਾਹੌਰ ਦੀ ਸਥਾਪਨਾ ਹੋਈ; ਜਿਸ ਵਿਚ ਆਪ ਪੰਜਾਬੀ ਦੇ ਪ੍ਰੋਫੈਸਰ ਨਿਯੁਕਤ ਹੋਏ। ਆਪ ਆਪਣੇ ਵਿਸ਼ੇ ਨੂੰ ਇਤਹਾਸਕ ਤੱਥਾਂ ਤੇ ਦਲੀਲਾਂ ਦੁਆਰਾ ਰੌਚਕ ਤੇ ਦਿਲਚਸਪ ਬਣਾਈ ਰਖਣ ਦੇ ਮਾਹਰ ਵਕਤਾ ਸਨ। ਇੰਨ੍ਹਾ ਵਿਚ ਘੰਟਿਆਂ ਬੱਧੀ ਸੁਰੋਤਿਆਂ ਨੂੰ ਕੀਲਣ ਤੇ ਵਿਸ਼ੇ ਨਾਲ਼ ਜੋੜੀ ਰੱਖਣ ਦੀ ਬਲਕਾਰੀ ਤੇ ਸ਼ਕਤੀਸ਼ਾਲੀ ਸਮਰੱਥਾ ਸੀ। ਆਪ ਨਿਸ਼ਕਾਮ ਸਿੱਖੀ-ਸਪਿਰਟ ਤੇ ਮਿਸ਼ਨਰੀ ਭਾਵਨਾਂ ਨਾਲ਼ ਭਰੇ ਹੋਏ ਸਨ। ਇੰਨ੍ਹਾ ਦਾ ਸਾਰਾ ਜੀਵਨ ਸਮਾਜ ਸੁਧਾਰ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਤ ਰਿਹਾ ਹੈ। ਮਿਥਹਾਸ ਦੀ ਜਿੱਲ੍ਹਣ ਵਿਚੋਂ ਕੱਢਣ ਵਾਲ਼ੇ, ਇਤਹਾਸ ਦਾ ਚਾਨਣ ਦੇਣ ਵਾਲ਼ੇ ਤੇ ਪਿਆਰ ਦੀਆਂ ਰਿਸ਼ਮਾ ਵੰਡਣ ਵਾਲ਼ੇ ਗੁਰਬਾਣੀ ਦੇ ਸਮਰੱਥ ਤੇ ਪ੍ਰਭਾਵਸ਼ਾਲੀ ਵਿਆਖਿਆਕਾਰ ਸਨ। ਇੰਨ੍ਹਾ ਨੇ ਪੁਰਾਤਨ ਜਨਮ ਸਾਖੀਆਂ ਨੂੰ ਕਲਾਤਮਿਕ ਛੋਹਾਂ ਦਿੱਤੀਆਂ, ਵਿਸ਼ੇ ਦੀ ਗਹਿਰਾਈ ਨਾਲ਼ ਜੋੜਿਆ ਅਤੇ ਉੱਨ੍ਹਾਂ ਨੂੰ ਸਿਧਾਂਤਕ ਸੇਧ ਦਿੱਤੀ।

ਸਾਲ 1877 ਵਿਚ ਆਪਦਾ ਮੇਲ ਆਪਣੇ ਸਮੇ ਦੇ ਮਹਾਨ ਕ੍ਰਾਂਤੀਕਾਰੀ, ਪ੍ਰਤਿਭਾਸ਼ਾਲੀ ਤੇ ਪ੍ਰਭਾਵਸ਼ਾਲੀ ਗੁਰਸਿੱਖ ਪ੍ਰਚਾਰਕ ਪ੍ਰੋਫੈਸਰ ਗੁਰਮੁਖ ਸਿੰਘ ਨਾਲ਼ ਮੇਲ ਹੋਇਆ। ਇੰਨ੍ਹਾ ਮਹਾਨ ਹਸਤੀਆਂ ਨੇ ਪੰਜਾਬ ਵਿਚ ਸੁਧਾਰਵਾਦੀ ਤੇ ਅਗਾਂਹ ਵਧੂ ਲਹਿਰ ਦੇ ਝੰਡੇ ਬੁਲੰਦ ਕੀਤੇ, ਚੇਤਨਾ ਦੇ ਰਣਸਿੰਗੇ ਤੇ ਢੋਲ ਵਜਾਏ। ਸਾਹ-ਸਤ ਹੀਣ ਭਾਰਤੀ ਜੰਤਾ ਵਿਚ ਇਨਕਲਾਬੀ ਜਾਗ੍ਰਿਤੀ ਦੀਆਂ ਜੋਤਾਂ ਜਗਾਈਆਂ। ਸੱਚਾਈ 'ਤੇ ਚੱਲਣ, ਕੂੜ ਤੇ ਝੂਠ ਦੀਆਂ ਕੰਧਾਂ ਢਹਿ ਢੇਰੀ ਕਰਨ, ਮਨੁੱਖ ਹੱਕਾਂ ਦੀ ਰਾਖੀ ਲਈ ਰਣ ਵਿਚ ਜੂਝਣ ਤੇ ਨਿਸਚੇ ਭਰੀ ਜਿੱਤ ਦਾ ਹੋਕਾ ਦਿੱਤਾ।

ਜਿਸ ਵਰਗ ਨੂੰ ਗੁਰੂ ਸਾਹਿਬ ਨੇ 'ਰੰਗਰੇਟੇ ਗੁਰੂ ਕੇ ਬੇਟੇ' ਆਖ ਆਪਣੇ ਸੀਨੇ ਨਾਲ਼ ਲਾਇਆ ਸੀ, ਮਾਨ ਸਨਮਾਨ ਦਿੱਤਾ ਤੇ ਭਾਈਚਾਰਕ ਬਰਾਬਰਤਾ ਦਿੱਤੀ ਸੀ; ਉਸੇ ਵਰਗ ਨੂੰ ਗੁਰ ਅਸਥਾਨਾ, ਗੁਰਦੁਆਰਿਆ ਵਿਚ, ਮਰਿਯਾਦਾ ਦੀ ਆੜ ਵਿਚ ਤੁਇ ਤੁਇ ਹੁੰਦੀ ਵੇਖ, ਅਣਖੀ ਤੇ ਸਿਦਕੀ ਸੂਰਮੇ ਕਿਵੇਂ ਸਹਿਨ ਕਰ ਸਕਦੇ ਸਨ? ਗਿਆਨੀ ਦਿੱਤ ਸਿੰਘ ਤੇ ਪ੍ਰਫੈਸਰ ਗੁਰਮੁਖ ਸਿੰਘ ਨੇ ਇਸ ਧੱਕੇ ਤੇ ਅਨਿਆਂ ਵਿਰੁੱਧ, ਧਾਰਮਿਕ ਅੰਧ ਵਿਸ਼ਵਾਸਾਂ ਭਰੀ ਮਰਿਯਾਦਾ ਵਿਰੁੱਧ, ਪਖੰਡ ਤੇ ਛੂਤ ਛਾਤ ਵਿਰੁੱਧ, ਪੂਰੇ ਜ਼ੋਰ ਤੇ ਜੋਸ਼ ਨਾਲ਼ ਅਵਾਜ਼ ਬੁਲੰਦ ਕੀਤੀ।

ਪਰ 'ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ' ਤੋਂ ਬੇਮੁਖ ਹੋਏ, ਚਿੜ੍ਹੇ ਹੋਏ ਤੇ ਡਰੇ ਹੋਏ, ਅਕਾਲ ਤਖਤ 'ਤੇ ਕਾਬਜ਼, ਵਕਤ ਦੇ ਪੁਜਾਰੀਆਂ ਨੇ ਸਿੱਖ ਕੌਮ ਦੇ ਇੰਨ੍ਹਾਂ ਦੋ ਅਜ਼ੀਮ ਤੇ ਨਾਯਾਬ ਕੌਮੀ ਹੀਰਿਆਂ ਨੂੰ ਤੇ ਉੱਨ੍ਹਾਂ ਦੀ ਮਹਾਨਤਾ, ਵਿਦਵਤਾ ਤੇ ਪ੍ਰਚੰਡ ਪ੍ਰਭਿਤਾ ਨੂੰ ਢਾਹ ਲਾਉਣ ਲਈ ਤੇ ਨੀਵਾਂ ਦਿਖਾਉਣ ਲਈ ਕੋਈ ਕਸਰ ਨਾ ਛੱਡੀ। ਇੰਨ੍ਹਾਂ ਨੂੰ ਕਿਸੇ ਨਾ ਕਿਸੇ ਕੇਸ ਵਿਚ ਉਲਝਾਈ ਰੱਖਣ ਦੇ ਯਤਨ ਕੀਤੇ। ਅੰਤ ਮਹਾਨ ਸ਼ਰਧਾਵਾਨ, ਨਿਸ਼ਕਾਮ ਤੇ ਸਿਰੜੀ ਗੁਰਸਿੱਖ ਪ੍ਰਚਾਰਕ ਪ੍ਰੋਫੈਸਰ ਗੁਰਮੁਖ ਸਿੰਘ ਨੂੰ 18 ਮਾਰਚ 1887 ਨੂੰ ਪੰਥ ਵਿਚੋਂ ਛੇਕਣ ਦਾ 'ਹੁਕਮਨਾਮਾ' ਜਾਰੀ ਕਰ ਦਿੱਤਾ। ਇਹ ਹੁਕਮਨਾਮਾ ਇਕ ਕ੍ਰਾਂਤੀਕਾਰੀ ਤੇ ਬੁਲੰਦ ਅਵਾਜ਼ ਬੰਦ ਕਰਨ ਦਾ ਧਾਰਮਿਕ ਫਤਵਾ ਸੀ। ਪਰ ਮੰਦ ਬੁੱਧੀ, ਕਠੋਰ ਚਿੱਤ ਤੇ ਈਰਖਾ ਦੇ ਭਰੇ ਪੁਜਾਰੀਆਂ ਨੂੰ ਕੀ ਪਤਾ ਸੀ:
"ਮਰ ਗਏ, ਕਟ ਗਏ ਪਰ ਨਾ ਝੁਕੇ ਅਸੀਂ,
ਹੋਰ ਸਨ ਜੋ ਮਰ ਗਏ ਹੱਥ ਜੋੜਦੇ।"

1872 ਵਿਚ 'ਸਿੰਘ ਸਭਾ ਅੰਮ੍ਰਿਤਸਰ' ਦੀ ਵੀ ਸਥਾਪਨਾ ਹੋ ਚੁੱਕੀ ਸੀ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਯਤਨਾ ਦੁਆਰਾ 2 ਨਵੰਬਰ 1879 ਵਿਚ 'ਸਿੰਘ ਸਭਾ ਲਾਹੌਰ' ਦੀ ਸਥਾਪਨਾ ਕੀਤੀ ਗਈ। 1883 ਵਿਚ 'ਖਾਲਸਾ ਦੀਵਾਨ ਅੰਮ੍ਰਿਤਸਰ' ਦੀ ਅਤੇ ਅਪਰੈਲ 1886 ਵਿਚ 'ਖਾਲਸਾ ਦੀਵਾਨ ਲਾਹੌਰ' ਦੀ ਸਥਾਪਨਾ ਕੀਤੀ ਗਈ। ਭਾਵੇਂ ਇੰਨ੍ਹਾਂ ਵਿਚ ਕਈ ਤਰ੍ਹਾਂ ਦੇ ਸਿਧਾਂਤਕ ਮੱਤ-ਭੇਦ ਸਨ; ਫਿਰ ਵੀ ਇਨ੍ਹਾ ਸਭਾਵਾਂ ਦਾ ਤੇ 'ਖਾਲਸਾ ਦੀਵਾਨਾ' ਦਾ ਆਦਰਸ਼ ਤੇ ਨਿਸ਼ਾਨਾ ਗੁਰਮਤਿ ਦਾ ਪਰਚਾਰ ਤੇ ਸਮਾਜ ਸੁਧਾਰ ਸੀ ਪਰ ਦਾਇਰਾ ਆਪੋ ਆਪਣਾ ਸੀ, ਢੰਗ ਤੇ ਪ੍ਰਭਾਵ ਵੀ ਆਪੋ ਆਪਣਾ ਸੀ।
ਪੱਤਰਕਾਰੀ ਦੇ ਖੇਤਰ ਵਿਚ ਗਿਆਨੀ ਦਿੱਤ ਸਿੰਘ ਦੀ ਲਿਆਕਤ ਤੇ ਯੋਗਿਤਾ ਨੂੰ, ਮਹਾਨਤਾ, ਵਿਸ਼ੇਸ਼ਤਾ, ਵਿਲੱਖਣਤਾ ਨੂੰ ਅਤੇ ਇੰਨ੍ਹਾ ਦੀ ਸਾਹਿਤਕ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਇੰਨ੍ਹਾਂ ਦੀ ਲਿਖਣ-ਸ਼ੈਲੀ ਅਤਿਅੰਤ ਰੌਚਕ, ਪ੍ਰਭਾਵਸ਼ਾਲੀ ਤੇ ਵਿਦਵਤਾ ਭਰੀ ਸੀ। ਇੰਨ੍ਹਾਂ ਪਰਉਪਕਾਰੀ, ਉੱਦਮੀ ਤੇ ਵਿਦਵਾਨ ਹਸਤੀਆਂ ਨੇ 13 ਜੂਨ 1886 ਵਿਚ 'ਖਾਲਸਾ ਅਖਬਾਰ ਲਾਹੌਰ' ਦੀ ਪ੍ਰਕਾਸ਼ਨਾ ਅਰੰਭ ਕੀਤੀ; ਜੋ ਇੱਕ ਸਮਾਜ ਸੁਧਾਰਕ ਤੇ ਅਗਾਂਹਵਧੂ ਵਿਚਾਰਧਾਰਾ ਦਾ ਅਖਬਾਰ ਸੀ। ਸਿੱਖ-ਸਿਧਾਂਤਾ ਦਾ ਪ੍ਰਚਾਰ ਤੇ ਪੰਜਾਬ ਦੀ ਜਨਤਾ ਦੀਆਂ ਭਾਵਨਾਂ ਦੀ ਤਰਜ਼ਮਾਨੀ ਕਰਦਾ ਸੀ। ਆਪਣੇ ਸਮੇ ਦਾ ਇਹ ਬੇਹੱਦ ਮਕਬੂਲ ਅਖਬਾਰ 1901 ਤੱਕ ਚਲਦਾ ਰਿਹਾ। ਇਸ ਦੇ ਪਹਿਲੇ ਸੰਪਾਦਕ ਪ੍ਰੋਫੈਸਰ ਗੁਰਮੁਖ ਸਿੰਘ, ਫਿਰ ਭਾਈ ਝੰਡਾ ਸਿੰਘ, ਅਖੀਰ ਵਿਚ ਇਸ ਦੇ ਸੰਪਾਦਕ ਪ੍ਰਸਿੱਧ ਵਿਦਵਾਨ ਭਾਈ ਮਈਆ ਸਿੰਘ ਬਣੇ।
ਵਿਦਿਆ ਦੇ ਖੇਤਰ ਵਿਚ ਗਿਆਨੀ ਜੀ ਦਾ ਬੇਹੱਦ ਮਹਾਨ ਤੇ ਇਤਹਾਸਕ ਯੋਗਦਾਨ ਹੈ। ਵਿਦਿਅਕ ਸੰਸਥਾਵਾਂ ਦੇ ਇਹ 'ਦਿਮਾਗ' ਮੰਨੇ ਜਾਂਦੇ ਸਨ। ਇੰਨ੍ਹਾਂ ਦੇ ਅਹਿਦ ਵਿਚ 14 ਅਕਤੂਬਰ 1882 ਵਿਚ 'ਪੰਜਾਬ ਯੂਨੀਵਰਸਿਟੀ ਲਾਹੌਰ' ਦੀ ਸਥਾਪਨਾ ਹੋਈ। ਅਗੰਰੇਜ਼ਾਂ ਦੇ ਰਾਜ ਵਿਚ ਭਾਰਤ ਦੀ ਚੌਥੀ ਤੇ ਪੰਜਾਬ ਵਿਚ ਇਹ ਪਹਿਲੀ ਯੂਨੀਵਰਸਿਟੀ ਸੀ। ਆਪਦੇ ਅਣਥੱਕ ਯਤਨਾ ਦੁਆਰਾ 5 ਮਾਰਚ, 1892 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੋਈ। ਅੰਗਰੇਜ਼ ਅਫਸਰ ਸਰ ਜੇਮਜ਼ ਲਾਇਲ ਨੇ ਕਾਲਜ ਦਾ ਨੀਹ ਪੱਥਰ ਰੱਖਿਆ। ਪੰਜਾਬ ਵਿਚ ਸਿੱਖਾਂ ਦਾ ਇਹ ਪਹਿਲਾ ਮਹਾਨ ਚਾਨਣ ਮੁਨਾਰਾ ਸੀ। ਅੱਜ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੁਤਬਾ ਹਾਸਲ ਕਰ ਚੁੱਕਾ ਹੈ। ਗਿਆਨੀ ਦਿੱਤ ਸਿੰਘ ਦੀ ਮਹਾਨਤਾ, ਯੋਗਿਤਾ, ਪ੍ਰਤਿਭਾ ਤੇ ਧਾਰਮਿਕ ਬਿਰਤੀ ਨੂੰ ਮੁੱਖ ਰਖਦਿਆਂ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਨੇ ਇੰਨ੍ਹਾ ਨੂੰ ਕਾਲਜ ਵਿਚ ਵੱਡੇ ਅਹੁਦੇ 'ਤੇ ਨਿਯੁਕਤ ਕੀਤਾ। ਕਾਲਜ ਕਲਾਸਾਂ ਲਈ ਸਲੇਬਸ ਵੀ ਇੰਨ੍ਹਾ ਨੇ ਤਿਆਰ ਕੀਤਾ। ਵਿਦਿਆ ਦੇ ਖੇਤਰ ਵਿਚ ਇਸ ਤੋਂ ਵੱਡੀ ਵਿਦਿਅਕ ਯੋਗਿਤਾ ਤੇ ਮਹਾਨਤਾ ਹੋਰ ਕੀ ਹੋ ਸਕਦੀ ਸੀ? ਸਿਖਿਆ ਸ਼ਾਸਤਰੀ ਤੇ ਵਿਦਿਆ ਦੇ ਭੰਡਾਰ ਗਿਆਨੀ ਜੀ ਜੀਵਨ ਭਰ ਇਸ ਅਹੁਦੇ 'ਤੇ ਬਿਰਾਜਮਾਨ ਰਹੇ। ਇੰਨ੍ਹਾਂ ਪਿੱਛੋਂ ਇਸ ਮਹਾਨ ਰੁਤਬੇ 'ਤੇ ਭਾਈ ਕਾਹਨ ਸਿੰਘ ਨਾਭਾ ਜੀ ਨੂੰ ਸੁਸ਼ੋਭਤ ਕੀਤਾ ਗਿਆ।
ਆਪ ਅਣਥੱਕ ਸਾਹਿਤਕਾਰ, ਸੁਲ੍ਹਝੇ ਪੱਤਰਕਾਰ ਤੇ ਬਲਕਾਰੀ ਵਿਆਖਿਆਕਾਰ ਸਨ। ਇੰਨ੍ਹਾ ਦੁਆਰਾ ਰਚਿਤ ਕਵਿਤਾ ਤੇ ਵਾਰਤਿਕ ਦੀਆਂ ਪੁਸਤਕਾਂ ਦੀ ਗਿਣਤੀ 70 ਤੱਕ ਅੱਪੜਦੀ ਹੈ; ਜੋ ਇੰਨ੍ਹਾ ਦੀ ਆਪਣੀ ਉਮਰ ਦੇ ਸਾਲਾਂ ਤੋਂ ਕਿਤੇ ਵਧੇਰੇ ਬਣਦੀਆਂ ਹਨ ਅਤੇ ਜੋ ਪੰਜਾਬੀ ਸਾਹਿਤ ਵਿਚ ਮਹਾਨ ਉੱਚਾ ਦਰਜਾ ਰਖਦੀਆਂ ਹਨ। ਏਨੀ ਛੋਟੀ ਆਯੂ ਵਿਚ ਏਨੀਆਂ ਪੁਸਤਕਾਂ ਲਿਖਣ ਤੇ ਛਾਪਣ ਦਾ ਕਾਰਜ ਇੱਕ ਚਮਤਕਾਰ ਵਰਗਾ ਕਾਰਜ ਹੈ। ਇਹ ਇੱਕ ਰਿਸ਼ੀਆਂ, ਮੁਨੀਆਂ, ਤਪੱਸਵੀਆਂ ਦੇ ਸਿਰੜ ਤੇ ਸਿਦਕ ਵਰਗੀ ਸਾਧਨਾ ਹੈ।
6 ਸਤੰਬਰ 1901 ਨੂੰ ਦਿਨ ਦੇ ਸਾਢੇ ਦਸ ਵਜੇ ਗਿਆਨੀ ਦਿੱਤ ਸਿੰਘ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ। ਆਪਦੇ ਅਕਾਲ ਚਲਾਣੇ ਨਾਲ਼ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਛਾ ਗਈ। ਇਸ ਪੰਥਕ ਹੀਰੇ ਦੀ ਮੌਤ 'ਤੇ ਪੰਜਾਬ ਭਰ ਦੇ ਆਗੂਆਂ, ਵਿਚਾਰਕਾਂ, ਭਾਈ ਵੀਰ ਸਿੰਘ ਸਮੇਤ ਹੋਰ ਵਿਦਵਾਨਾਂ, ਪੱਤਰਕਾਰਾਂ ਤੇ ਚਿੰਤਕਾਂ ਨੇ ਡੂੰਘੇ ਵੈਣ ਪਾਏ ਤੇ ਧਾਹਾਂ ਮਾਰ ਕੇ ਆਪਣੇ ਦੁੱਖ ਤੇ ਗ਼ਮ ਦਾ ਇਜ਼ਹਾਰ ਕੀਤਾ।

ਗਿਆਨੀ ਦਿੱਤ ਸਿੰਘ ਦੇ ਜੀਵਨ ਨਾਲ਼ ਸਬੰਧਤ ਕੁਝ ਅਮਰ ਘਟਨਾਵਾਂ ਦਾ ਵੇਰਵਾ ਜਾਨਣਾ ਵੀ ਜ਼ਰੂਰੀ ਹੈ:
ਗਿਆਨੀ ਦਿੱਤ ਸਿੰਘ ਦੇ ਪਿਤਾ ਦਾ ਨਾਂ ਭਾਈ ਦੀਵਾਨ ਸਿੰਘ, ਮਾਤਾ ਰਾਮ ਕੌਰ ਸਨ। ਗਿਆਨੀ ਜੀ ਦੀ ਸੁਪਤਨੀ ਦਾ ਨਾਂ ਬਿਸ਼ਨ ਕੌਰ ਸੀ; ਜਿਸ ਦੀ 1930 ਵਿਚ ਮਿਰਤੂ ਹੋਈ। ਆਪਣੇ ਸਮੇ ਪ੍ਰਸਿੱਧ ਵਿਦਵਾਨ ਅਤੇ ਗੁਲਾਬ ਦਾਸੀ ਮੱਤ ਦੇ ਪਰਚਾਰਕ ਸ਼ ਭਾਗ ਜੀ ਆਪ ਜੀ ਦੇ ਸਹੁਰਾ ਸਨ। ਗਿਆਨੀ ਜੀ ਦੀ ਇਕਲੋਤੀ ਪੁੱਤਰੀ ਦਾ ਨਾਂ ਵਿਦਿਆਵੰਤ ਕੌਰ ਸੀ; ਜਿਸ ਦਾ ਅਕਾਲ ਚਲਾਣਾ 17 ਜੂਨ 1901 ਵਿਚ ਹੋਇਆ।
ਗਿਆਨੀ ਦਿੱਤ ਸਿੰਘ ਦੇ ਇਕਲੋਤੇ ਪੁੱਤਰ ਬਲਦੇਵ ਸਿੰਘ ਦਾ ਜਨਮ 1882 ਵਿਚ ਹੋਇਆ। ਸ਼ ਫੌਜਾ ਸਿੰਘ ਦੀ ਪੁੱਤਰੀ ਬੀਬੀ ਇੰਦਰ ਕੌਰ ਨਾਲ਼ ਸ਼ਾਦੀ ਹੋਈ; ਇਸ ਦੀ 1920 ਵਿਚ ਮਿਰਤੂ ਹੋਈ। 1905 ਵਿਚ ਬਲਦੇਵ ਸਿੰਘ ਡਾਕਟਰੀ ਦੀ ਪੜ੍ਹਾਈ ਲਈ ਇੰਗਲੈਂਡ ਗਿਆ। 1922 ਵਿਚ ਪਰਵਾਰ ਸਮੇਤ ਨਿAਜ਼ੀਲੈਂਡ ਗਿਆ। 1930 ਵਿਚ ਨਿਉਜ਼ੀਲੈਂਡ ਤੋਂ ਪੰਜਾਬ ਵਾਪਸ, 1937 ਵਿਚ ਹੁਸ਼ਿਆਰਪੁਰ ਹੈਲਥ ਅਫਸਰ ਨਿਯੁਕਤ। 1928 ਵਿਚ ਬਲਦੇਵ ਸਿੰਘ ਦੇ ਇਕਲੌਤੇ ਪੁੱਤਰ ਦੀ ਮਿਰਤੂ। 16 ਜੂਨ 1940 ਵਿਚ, ਸ਼ਿਮਲੇ ਦੇ ਨਜ਼ਦੀਕ ਸੋਲਨ ਵਿਖੇ ਬਲਦੇਵ ਸਿੰਘ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਿਆ।
ਇਸ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਦੇ ਖਾਨਦਾਨ ਦਾ ਸੂਰਜ ਅਸਤ ਹੁੰਦਾ ਹੈ।