ਐਵੇਂ ਕਿਉਂ ਸੜੀ ਜਾਨੈਂ ? (ਲੇਖ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਵੇਂ ਸੰਸਾਰ ਦੁੱਖਾਂ ਦਾ ਘਰ ਹੈ ਪਰ ਬਹੁਤੇ ਦੁੱਖ ਸਾਡੇ ਆਪਣੇ ਸਹੇੜੇ ਹੋਏ ਹਨ। ਇਸ ਦੁਨੀਆਂ ਵਿੱਚ ਇਨਸਾਨ ਆਪਣੇ ਦੁੱਖਾਂ ਕਾਰਨ ਇੰਨਾਂ ਦੁਖੀ ਨਹੀਂ ਹੁੰਦਾ ਜਿੰਨਾ ਦੂਜਿਆਂ ਦੇ ਸੁੱਖ ਦੇਖ ਦੇਖ ਹੁੰਦਾ ਹੈ। ਬਹੁਤੇ ਇਨਸਾਨ ਅਚੇਤ ਹੀ ,ਆਪਣੇ ਦੋਸਤ-ਰਿਸ਼ਤੇਦਾਰ ਜਾਂ ਗੁਆਂਢੀ ਦੀਆਂ ਸੁੱਖ ਸਹੂਲਤਾਂ ਦੇਖ ਕੇ ਈਰਖਾ ਦੀ ਅੱਗ ਵਿੱਚ ਸੜਨ ਲੱਗ ਜਾਂਦੇ ਹਨ- 'ਹਾਏ, ਉਸ ਨੇ ਕਿੰਨਾ ਵੱਡਾ ਘਰ ਲੈ ਲਿਆ' 'ਉਸ ਨੇ ਮੈਥੋਂ ਵੱਡੀ ਕਾਰ ਲੈ ਲਈ' 'ਉਸ ਦੇ ਬੱਚੇ ਮੇਰੇ ਬੱਚਿਆਂ ਤੋਂ ਲਾਇਕ ਹਨ' 'ਉਸ ਦੀ ਬੀਵੀ ਕਿੰਨੀ ਸੁਹਣੀ ਹੈ' 'ਉਸ ਦੇ ਬੱਚੇ ਤਾਂ ਸੈੱਟ ਵੀ ਹੋ ਗਏ ਹਨ ਤੇ ਚੰਗੇ ਘਰੀਂ ਵਿਆਹੇ ਵੀ ਗਏ ਹਨ'-'ਉਸ ਦੀ ਤਾਂ ਲੋਕਾਂ ਵਿੱਚ ਬੜੀ ਪਛਾਣ ਬਣ ਗਈ ਹੈ'- 'ਵੈਸੇ ਉਸ ਵਿੱਚ ਕੋਈ ਖਾਸ ਗੱਲ ਤਾਂ ਨਹੀਂ ਪਰ ਐਵੇ ਹੀ ਲੋਕੀਂ ਉਸਦੀ ਤਾਰੀਫ ਕਰੀ ਜਾਂਦੇ ਹਨ'…ਆਦਿ ਆਦਿ। ਇਹ ਸਭ ਗੱਲਾਂ ਕਹਿਣ ਨੂੰ ਬਹੁਤ ਛੋਟੀਆਂ ਹਨ ਪਰ ਇਹ ਸਭ ਸਾਡੇ ਅੰਦਰ ਦੂਜਿਆਂ ਪ੍ਰਤੀ ਪੈਦਾ ਹੋਏ ਸਾੜੇ ਦਾ ਹੀ ਨਤੀਜਾ ਹਨ।

ਸਿਆਣੇ ਕਹਿੰਦੇ ਹਨ ਕਿ ਤੌੜੀ ਉਬਲੇਗੀ ਤਾਂ ਆਪਣੇ ਕੰਢੇ ਸਾੜੇਗੀ। ਸੋ ਇਸ ਤਰ੍ਹਾਂ ਦੀ ਈਰਖਾ ਜਾਂ ਸਾੜੇ ਨਾਲ ਸਾਡਾ ਅੰਦਰ ਉਬਾਲੇ ਖਾਣ ਲਗਦਾ ਹੈ, ਰਿੱਝਣ ਲਗਦਾ ਹੈ। ਉਪਰੋਕਤ ਗੱਲਾਂ ਬਹੁਤੀਆਂ ਦੂਜਿਆਂ ਦੀ ਪਿੱਠ ਪਿੱਛੇ ਹੁੰਦੀਆਂ ਹਨ, ਸੋ ਉਸ ਤੱਕ ਗੱਲ ਪਹੁੰਚਣ ਵਿੱਚ ਤਾਂ ਕੁਝ ਦੇਰ ਲਗਦੀ ਹੈ ਪਰ ਉਸ ਦਾ ਅਸਰ ਸਾਡੇ ਦਿਮਾਗ ਤੇ ਉਸੇ ਵਕਤ ਹੀ ਹੋ ਜਾਏਗਾ ਕਿਉਂਕਿ ਈਰਖਾ ਤੋਂ ਹੀ ਗੁੱਸਾ ਤੇ ਬਦਲੇ ਦੀ ਭਾਵਨਾ ਦਾ ਜਨਮ ਹੂੰਦਾ ਹੈ। ਅਸੀਂ ਅਚੇਤ ਅਵਸਥਾ ਵਿੱਚ ਹੀ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਾਂ। ਉਸ ਦੀਆਂ ਚੰਗਿਆਈਆਂ ਵਲੋਂ ਮੂੰਹ ਮੋੜ ਕੇ, ਉਸ ਦੀਆਂ ਬੁਰਾਈਆਂ ਢੂੰਡਣ ਲੱਗ ਜਾਂਦੇ ਹਾਂ। ਇਸ ਨਾਲ ਦੂਸਰੇ ਦਾ ਨੁਕਸਾਨ ਕਰਨ ਦੀ ਬਜਾਏ, ਅਸੀਂ ਆਪਣਾ ਕਿਤੇ ਵੱਧ ਨੁਕਸਾਨ ਕਰ ਲੈਂਦੇ ਹਾਂ। ਜਿਸ ਨਾਲ ਅਸੀਂ ਈਰਖਾ ਕਰਦੇ ਹਾਂ, ਉਸ ਦੇ ਸਾਹਮਣੇ ਆਉਣ ਜਾਂ ਉਸ ਦੀ ਤਾਰੀਫ ਕਿਸੇ ਦੇ ਮੂੰਹੋਂ ਸੁਣ ਕੇ ਹੀ ਸਾਡਾ ਮਾਨਸਿਕ ਤਨਾਓ ਵੱਧ ਜਾਂਦਾ ਹੈ। ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਮਾਨਸਿਕ ਤਨਾਓ ਕਿੰਨੀਆਂ ਬੀਮਾਰੀਆਂ ਦੀ ਜੜ੍ਹ ਹੈ। ਇਸ ਬੀਮਾਰੀ ਦੇ ਸ਼ਿਕਾਰ, ਬੱਚੇ- ਜਵਾਨ- ਬੁੱਢੇ ਸਾਰੇ ਹੀ ਹਨ। ਅਕਸਰ ਵਿਦਿਆਰਥੀਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਜਮਾਤ ਵਿੱਚ ਕਿਸੇ ਦੇ ਨੰਬਰ ਵੱਧ ਆ ਗਏ ਤਾਂ ਦੂਜੇ ਵਿਦਿਆਰਥੀ ਉਸ ਨਾਲ ਈਰਖਾ ਕਰਨ ਲੱਗ ਜਾਂਦੇ ਹਨ। ਸੋ ਇਸ ਬੀਮਾਰੀ ਨੇ ਕਦੋਂ ਸਾਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਦਾ ਸਾਨੂੰ ਖੁਦ ਵੀ ਪਤਾ ਨਹੀਂ ਲਗਦਾ। ਇਸ ਬੀਮਾਰੀ ਦੇ ਸ਼ਿਕਾਰ ਥੋੜ੍ਹੇ ਜਾਂ ਬਹੁਤ ਆਪਾਂ ਸਾਰੇ ਹੀ ਹਾਂ।

ਇਹ ਬੀਮਾਰੀ ਆਪਣੇ ਪੰਜਾਬੀਆਂ ਵਿੱਚ ਕੁਝ ਜਿਆਦਾ ਹੀ ਫੈਲੀ ਹੋਈ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਵਿਦੇਸ਼ ਜਾਣ ਲੱਗੇ ਵੀ ਇਸ ਬੀਮਾਰੀ ਦੇ ,ਮਨ ਵਿੱਚ ਪਾਲੇ ਹੋਏ ਜਰਾਸੀਨ ਨਾਲ ਹੀ ਲੈ ਜਾਂਦੇ ਹਾਂ। ਉਥੇ ਜਾ ਕੇ ਵੀ-ਜੇ ਸਾਡੇ ਕਿਸੇ ਗੁਆਢੀ ਜਾਂ ਰਿਸ਼ਤੇਦਾਰ ਨੇ ਘਰ ਜਾਂ ਕਾਰ ਖਰੀਦੀ ਤਾਂ ਅਸੀਂ ਔਖੇ ਹੋ ਕੇ ਵੀ ਉਸ ਤੋਂ ਵੱਡਾ ਘਰ ਜਾਂ ਵਡੀ ਕਾਰ ਲੈ ਕੇ ਦਿਖਾਵਾਂਗੇ, ਚਾਹੇ ਸਾਨੂੰ ਉਸ ਲਈ ੨੫ ਜਾਂ ੪੦ ਸਾਲ ਦੀਆਂ ਕਿਸ਼ਤਾਂ (ਮੌਰਟਗੇਜ਼) ਵਿਚ ਹੀ ਕਿਉਂ ਨਾ ਫਸਣਾ ਪਵੇ, ਜਿਹਨਾਂ ਨੂੰ ਲਹੂੰਦਿਆਂ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ। ਅੰਗਰੇਜ਼ ਲੋਕ ਇਸ ਗੱਲੋਂ ਵਧੀਆ ਹਨ- ਅੰਦਰੋਂ ਬਾਹਰੋਂ ਇਕੋ ਜਿਹੇ, ਪੰਜ ਦਿਨ ਕਮਾਉਂਦੇ ਹਨ, ਦੋ ਦਿਨ ਰੱਜ ਕੇ ਅਨੰਦ ਮਾਣਦੇ ਹਨ, ਕਿਸੇ ਵੱਲ ਵੇਖ ਕੇ ਸੜਦੇ ਨਹੀ, ਹਰ ਇਕ ਨੂੰ ਹੈਲੋ – ਹਾਏ ਕਹਿ ਕੇ ਲੰਘਦੇ ਹਨ ਤੇ ਆਪਣੇ ਆਪ ਵਿਚ ਮਸਤ ਤੇ ਖੁਸ਼ ਰਹਿੰਦੇ ਹਨ। ਸਾਡੇ ਲੋਕਾਂ ਨੇ ਇਹਨਾਂ ਦੀਆਂ ਚੰਗੀਆਂ ਆਦਤਾਂ ਲੈਣ ਦੀ ਬਜਾਏ, ਜੋ ਗੱਲਾਂ ਸਾਡੇ ਕਲਚਰ ਦੇ ਉਲਟ ਸਨ- ਉਹ ਗ੍ਰਹਿਣ ਕਰ ਲਈਆਂ ਤੇ ਨਾਲ ਹੀ ਆਪਣੀਆਂ ਬੁਰੀਆਂ ਆਦਤਾਂ ਵੀ ਨਹੀ ਛੱਡੀਆਂ। ਇਥੇ (ਵਿਦੇਸ਼) ਮਾਰ- ਕੁਟਾਈ, ਕ੍ਰਿਪਾਨਾਂ ਚਲਣੀਆਂ,ਦੁਸ਼ਮਣੀਆਂ ਪਾਲਣੀਆਂ, ਕਤਲ ਕਰਨੇ, ਗੁਰਦੁਆਰਿਆਂ ਵਿਚ ਪੱਗਾਂ ਲੱਥਣੀਆਂ, ਕਚਹਿਰੀਆਂ ਵਿਚ ਜਾਣਾਂ, ਇਹ ਸਭ ਸਾਡੇ ਲੋਕ ਹੀ ਤਾਂ ਕਰਦੇ ਹਨ, ਜੋ ਈਰਖਾ ਸਾੜੇ ਵੱਸ ਹੋ ਕੇ ਕ੍ਰੋਧ ਦਾ ਸ਼ਿਕਾਰ ਹੁੰਦੇ ਹਨ। ਮੇਰੇ ਜੁਆਈ ਦੇ ਇਕ ਅੰਗਰੇਜ਼ ਦੋਸਤ ਨੇ ਪੁਛਿਆ, "ਤੁਸੀਂ ਲੋਕ ਆਪਣੇ ਚਰਚ ਵਿਚ ਲੜਦੇ ਕਿਉਂ ਹੋ?" ਜਦੋਂ ਦੂਜੇ ਸਾਨੂੰ ਇਸ ਤਰ੍ਹਾਂ ਦੇ ਸਵਾਲ ਕਰਦੇ ਹਨ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ

ਇਸ ਬੀਮਾਰੀ ਦਾ ਕੋਈ ਟੈਸਟ ਵੀ ਤਾਂ ਨਹੀ ਕਿ ਡਾਕਟਰ ਇਸ ਦਾ ਪਤਾ ਲਗਾ ਸਕਣ ਤੇ ਨਾ ਹੀ ਇਹ ਕਿਸੇ ਮੈਡੀਕਲ ਰਿਪੋਰਟ ਵਿਚ ਆਉਂਦੀ ਹੈ। ਇਹੀ ਕਾਰਨ ਹੈ ਕਿ ਇਸ ਦਾ ਕੋਈ ਡਾਕਟਰੀ ਇਲਾਜ ਨਹੀ ਹੈ । ਸੋ ਅਸੀਂ ਆਪਣੇ ਹੱਥੀਂ ਇਹ ਲਾ-ਇਲਾਜ ਬੀਮਾਰੀ ਸਹੇੜ ਲੈਂਦੇ ਹਾਂ।ਇਸ ਚੰਦਰੀ ਬੀਮਾਰੀ ਨੇ ਤਾਂ ਕਈ ਸਾਹਿਤਕਾਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੋਇਆ ਹੈ, ਜੋ ਆਪਣਾ ਕੀਮਤੀ ਵਕਤ ਅਤੇ ਸਮਰੱਥਾ ਕੇਵਲ ਦੂਜਿਆਂ ਨੂੰ ਨੀਵਾਂ ਸਿੱਧ ਕਰਨ ਵਿੱਚ ਹੀ ਜ਼ਾਇਆ ਕਰ ਰਹੇ ਹਨ। ਕਈ ਐਸੇ ਲੇਖਕ ਵੀ ਹਨ ਜੋ ਦੂਜੇ ਦੀ ਤਾਰੀਫ ਕਰਨਾ ਤਾਂ ਇਕ ਪਾਸੇ ਰਿਹਾ, ਸੁਣ ਵੀ ਨਹੀਂ ਸਕਦੇ। ਪਰ ਸਾਨੂੰ ਲੇਖਕਾਂ ਨੂੰ ਤਾਂ ਕੁਦਰਤ ਨੇ ਕਲਮ ਦੀ ਦਾਤ ਬਖਸ਼ ਕੇ ਇੱਕ ਨਰੋਆ ਸਮਾਜ ਸਿਰਜਣ ਦੀ ਜ਼ਿੰਮੇਵਾਰੀ ਸੌਪੀ ਹੈ। ਸੋ ਅਸੀ ਤਾਂ  ਸਮਾਜ ਦੇ ਰੋਲ ਮਾਡਲ ਬਣਨਾ ਹੈ- ਸਾਨੂੰ ਕੀ ਲੋੜ ਹੈ ਇਹ ਬੀਮਾਰੀ ਸਹੇੜਨ ਦੀ?

ਸ੍ਰੀ ਰਾਮ ਅਚਾਰੀਆ ਅਨੁਸਾਰ- "ਈਰਖਾ ਮਨੁੱਖ ਨੂੰ ਉਸੇ ਤਰ੍ਹਾਂ ਖਾ ਜਾਂਦੀ ਹੈ ਜਿਸ ਤਰ੍ਹਾਂ ਕੱਪੜੇ ਨੂੰ ਕੀੜਾ ਖਾ ਜਾਂਦਾ ਹੈ।" ਈਰਖਾ ਤੋਂ ਹੀ ਗੁੱਸੇ ਦੀ ਪੈਦਾਇਸ਼ ਹੁੰਦੀ ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਜਿੱਥੇ ਗੁੱਸਾ ਹੂੰਦਾ ਹੈ ਉਥੇ ਅਕਲ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ।

ਕਹਿੰਦੇ ਹਨ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਸੋ ਆਪਾਂ ਕੋਸ਼ਿਸ਼ ਕਰੀਏ, ਇਸ ਬੀਮਾਰੀ ਤੋਂ ਬਚਣ ਦੀ। ਇਸ ਦਾ ਬੜਾ ਹੀ ਸੌਖਾ ਢੰਗ ਹੈ ਕਿ ਸਾੜੇ ਦੀ ਬਜਾਏ ਅਸੀਂ ਰੀਸ ਕਰਨ ਦੀ ਆਦਤ ਪਾ ਲਈਏ। ਪ੍ਰਮਾਤਮਾ ਨੇ ਕੋਈ ਵੀ ਦੋ ਇਨਸਾਨ ਇਕੋ ਜਿਹੇ ਨਹੀਂ ਬਣਾਏ, ਹਰੇਕ ਵਿੱਚ ਵੱਖਰੇ ਗੁਣ ਹਨ। ਇੱਕੋ ਮਾਂ-ਬਾਪ ਦੇ ਬੱਚਿਆਂ ਦੇ ਸੁਭਾਅ, ਗੁਣ ਤੇ ਸ਼ੌਕ ਵੱਖਰੇ ਵੱਖਰੇ ਹਨ। ਕਿਸੇ ਨੂੰ ਕਿਤਾਬਾਂ ਪੜ੍ਹਨ ਦਾ, ਕਿਸੇ ਨੂੰ ਗਾਉਣ ਦਾ, ਕਿਸੇ ਨੂੰ ਖੇਡਾਂ ਦਾ, ਕਿਸੇ ਨੂੰ ਸੰਗੀਤ ਦਾ ਜਾਂ ਡਰਾਇੰਗ ਆਦਿ ਦਾ ਸ਼ੌਕ ਹੂੰਦਾ ਹੈ। ਕਈ ਵਾਰੀ ਅਸੀਂ ਆਪਣੇ ਇਕ ਬੱਚੇ ਦੀ ਤਾਰੀਫ ਦੂਜੇ ਅੱਗੇ ਕਰਦੇ ਹਾਂ ਤਾਂ ਉਹ ਵੀ ਈਰਖਾ ਵਿੱਚ ਆ ਕੇ ਕਹਿ ਦਿੰਦਾ ਹੈ, "ਉਹ ਮੈਥੋਂ ਜ਼ਿਆਦਾ ਲਾਡਲਾ ਹੈ ਤੁਹਾਡਾ।" ਸੋ ਆਪਾਂ ਆਪ ਹੀ ਸੋਚੀਏ ਕਿ ਜੇ ਸਾਡੇ ਦੋ ਬੱਚੇ, ਜੋ ਇੱਕੋ ਹੀ ਮਹੌਲ ਵਿੱਚ ਜੰਮੇ ਪਲੇ ਹਨ, ਉਹ ਇੱਕੋ ਜਿੰਨੀ ਤਰੱਕੀ ਨਹੀ ਕਰ ਸਕਦੇ ਤਾਂ ਫਿਰ ਅਸੀਂ ਆਪਣੀ ਤੁਲਨਾਂ, ਆਪਣੇ ਗੁਆਂਢੀ, ਮਿੱਤਰ ਜਾਂ ਰਿਸ਼ਤੇਦਾਰ ਨਾਲ ਕਿਵੇਂ ਕਰ ਸਕਦੇ ਹਾਂ?

 ਹਰੇਕ ਇਨਸਾਨ ਆਪਣੇ ਕੁਦਰਤੀ ਗੁਣਾਂ ਅਤੇ ਹਾਲਾਤ ਵੱਸ ਹੋ ਕੇ ਵਿਕਾਸ ਕਰਦਾ ਹੈ। ਸਾਡੇ ਗੁਣ ਤੇ ਹਾਲਾਤ ਉਸ ਤੋਂ ਅਲੱਗ ਹਨ। ਹਾਂ- ਅਸੀਂ ਉਸ ਦੀ ਤਰੱਕੀ ਲਈ, ਉਸ ਨਾਲ ਈਰਖਾ ਕਰਨ ਦੀ ਬਜਾਏ, ਉਸ ਦੀ ਰੀਸ ਕਰ ਸਕਦੇ ਹਾਂ, ਉਸ ਦੀ ਮਿਹਨਤ ਤੇ ਲਗਨ ਦੀ ਦਾਦ ਦੇ ਕੇ ਉਸ ਤੋਂ ਸੇਧ ਲੈ ਸਕਦੇ ਹਾਂ। ਆਪਣੀਆਂ ਕਮਜ਼ੋਰੀਆਂ ਤੇ ਝਾਤ ਪਾ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਸ ਨੂੰ ਨੀਵਾਂ ਦਿਖਾਉਣ ਦੀ ਬਜਾਏ ਆਪਣੀ ਮੰਜ਼ਿਲ ਤੇ ਪਹੂੰਚਣ ਲਈ ਹੰਭਲਾ ਮਾਰੀਏ, ਆਪਣੇ ਹਾਲਾਤ ਅਨੁਸਾਰ ਅਸੀਂ ਵੀ ਵੱਧ ਤੋਂ ਵੱਧ ਵਿਕਾਸ ਕਰੀਏ, ਆਪਣੀ ਵੱਖਰੀ ਪਹਿਚਾਣ ਬਣਾਈਏ। ਸਾਨੂੰ ਵੀ ਪ੍ਰਮਾਤਮਾ ਨੇ ਕਈ ਵੱਖਰੇ ਗੁਣਾਂ ਨਾਲ ਸਰਸ਼ਾਰ ਕੀਤਾ ਹੈ, ਸੋ ਲੋਕਾਂ ਵੱਲ ਦੇਖਣ ਦੀ ਬਜਾਏ ਪਹਿਲਾਂ ਆਪਣੇ ਅੰਦਰ ਝਾਕੀਏ।

ਸਫਲਤਾ ਨੂੰ ਹਾਸਲ ਕਰਨ ਲਈ- ਮਿਹਨਤ, ਲਗਨ ਤੇ ਸਬਰ ਦੀ ਲੋੜ ਹੁੰਦੀ ਹੈ ।ਇਸ ਲਈ ਮਹਾਨ ਸ਼ਖਸੀਅਤਾਂ ਦੀਆਂ ਸਫਲ ਜੀਵਨੀਆਂ ਪੜ੍ਹ ਕੇ ਉਹਨਾਂ ਦੀ ਜੀਵਨ ਸ਼ੈਲੀ ਤੋਂ ਸੇਧ ਲਈਏ, ਆਪਣੇ ਵਿਚਾਰ ਉਚੇ ਸੁੱਚੇ ਰੱਖੀਏ, ਕਿਸੇ ਦੇ ਚੰਗੇ ਕੰਮ ਦੀ ਸ਼ਲਾਘਾ ਉਪਰੋਂ ਨਹੀ ਸਗੋਂ ਦਿਲੋਂ ਕਰੀਏ, ਦੂਜੇ ਦੀ ਖੁਸ਼ੀ ਵਿੱਚ ਖੁਸ਼ ਹੋਈਏ, ਸਰਬੱਤ ਦਾ ਭਲਾ ਮੰਗੀਏ, ਜੋ ਸਾਡੇ ਕੋਲ ਹੈ ਉਸ ਲਈ ਦਾਤੇ ਦੇ ਸ਼ੁਕਰਗੁਜ਼ਾਰ ਹੋਈਏ, ਨਾ ਕਿ ਜੋ ਸਾਡੇ ਕੋਲ ਨਹੀਂ ਪਰ ਦੂਜੇ ਕੋਲ ਹੈ ਉਸ ਲਈ ਗਿਲਾ ਹੀ ਕਰੀ ਜਾਈਏ- ਤਾਂ ਨਿਰਸੰਦੇਹ ਸਾਨੂੰ ਇਕ ਨਵਾਂ ਜੀਵਨ ਮਿਲੇਗਾ। ਸਾਡੀ ਸੋਚ ਵਿਸ਼ਾਲ ਹੋ ਜਾਏਗੀ, ਸਾਰੀ ਦੁਨੀਆਂ ਸਾਨੂੰ ਆਪਣੀ ਲਗੇਗੀ ਅਤੇ ਸਾਡੇ ਵਿੱਚੋਂ ਆਪਣੇ ਆਪ ਹੀ ਈਰਖਾ ਸਾੜੇ ਦਾ ਬੀਜ ਨਾਸ਼ ਹੋ ਕੇ, ਹਾਂ ਪੱਖੀ ਸੋਚ ਅਪਣਾ ਕੇ, ਸਾਡਾ ਦਿਮਾਗ ਨਵਾਂ ਨਰੋਆ ਹੋ ਕੇ- ਆਪਣੇ ਲਈ, ਪਰਿਵਾਰ ਲਈ ਅਤੇ ਸਮਾਜ ਲਈ ਬਹੁਤ ਕੁਝ ਨਵਾਂ ਸਿਰਜਣ ਦੇ ਕਾਬਲ ਹੋ ਜਾਏਗਾ।