ਮੈਂ ਬਹਾਰਾਂ ਤੇ ਨਹੀਂ ਲਿਖਦਾ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: dramarjittanda@yahoo.com.au
Address:
United States
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਬਹਾਰਾਂ ਤੇ ਨਹੀਂ ਲਿਖਦਾ
ਮੈਂ ਲਿਖਾਂ ਤਾਂ ਕੋਈ ਤਾਰੀਖ ਬਣਦੀ
ਸਤਰਾਂ 'ਚ ਪੈੜ੍ਹ ਸੋਹਣੀ ਦੀ
ਮਹੀਵਾਲ ਦੀ ਹਿੱਕ ਤੇ ਲੀਕ ਬਣਦੀ
ਮੈਂ ਬਹਾਰਾਂ ਤੇ ਨਹੀਂ ਲਿਖਦਾ
 
ਝੜ੍ਹ ਜਾਣ ਪੰਖ ਮਰ ਜਾਏ ਤਿੱਤਲੀ
ਅਰਸ਼ੀਂ ਵੈਰਾਗ ਹੁੰਦਾ ਹੈ
ਹਵਾ ਰੁੱਖ ਜੇ ਮਿਲ ਜਾਣ ਕਿਤੇ
ਤਾਂ ਮਿਲ ਕੇ ਸਾਜ਼ ਹੁੰਦਾ ਹੈ
ਬਦੇਸ਼ੀਂ ਉਡ ਜਾਣ ਜੇ ਪੁੱਤ ਕਿਧਰੇ
ਦਰੀਂ ਉਡੀਕ ਹੈ ਬਣਦੀ
ਮੈਂ ਬਹਾਰਾਂ ਤੇ ਨਹੀਂ ਲਿਖਦਾ
 
ਲਹੂ ਪਾ ਬਿਰਖ਼ ਨੂੰ ਜੇ ਸਿੰਜ਼ੀਏ
ਤਾਂ ਸੂਹੇ ਫੁੱਲ ਲੱਗਦੇ ਨੇ
ਓਸਰੇ ਵਕਤ ਦਾ ਨਗਮਾਂ
ਤਾਂ ਮੱਥੇ ਤਾਜ਼ ਸਜਦੇ ਨੇ
ਧੜ੍ਹ ਤੇ ਜੇ ਤੇਗ ਕਿਤੇ ਚੱਲੇ
ਸਿਰ ਤੋਂ ਸੀਸ ਹੈ ਬਣਦੀ
ਮੈਂ ਬਹਾਰਾਂ ਤੇ ਨਹੀਂ ਲਿਖਦਾ
 
ਏਥੇ ਜੋ ਮਜ਼ਹਬ ਵਿਚਰਦੇ ਨੇ
ਜੇਬ ਵਿੱਚ ਛੁਰੀਆਂ ਰੱਖਦੇ ਨੇ
ਸਮੇਂ ਦੀ ਤਰਜ਼ ਤੇ ਗਾਉਂਦੇ
ਨਜ਼ਰਾਂ ਵੀ ਬੁਰੀਆਂ ਰੱਖਦੇ ਨੇ
ਓਹੀ ਫਿਰ ਡੁੱਬਦੀ ਛੁਰੀ ਕਿਸੇ ਦੇ  
ਸੀਨੇ ਦਾ ਗੀਤ ਹੈ ਬਣਦੀ
ਮੈਂ ਬਹਾਰਾਂ ਤੇ ਨਹੀਂ ਲਿਖਦਾ

---------------------------------------