ਸਾਝ ਕਰੀਜੈ ਗੁਣਹ ਕੇਰੀ
(ਕਵਿਤਾ)
ਸਮਝ ਸਮਝ ਕੇ ਗੁਰਬਾਣੀ ਨੂੰ ਗਾਇਆ ਕਰ ।
ਸਮਝੀ ਏ, ਤਾਂ ਜੀਵਨ ਵਿੱਚ ਪ੍ਰਗਟਾਇਆ ਕਰ ।।
ਸ਼ਬਦ ਗੁਣਾਂ ਦੀ ਸਾਂਝ ਕਰਨ ਦਾ ਪੜ੍ਹਦਾਂ ਏਂ,
ਅਮਲਾਂ ਵਿੱਚ ਵੀ ਸਾਂਝਾਂ ਨੂੰ ਅਪਣਾਇਆ ਕਰ ।।
ਮੰਨਿਆ ਹਰ ਕੋਈ ਤੇਰੇ ਵਾਂਗੂ ਸੋਚੇ ਨਾ,
ਜਿੱਨਾਂ ਸੋਚੇ ਓਨਾਂ ਨਾਲ ਰਲਾਇਆ ਕਰ ।।
ਇੱਕ ਟੱਬਰ ਦੇ ਜੀਵ ਵੱਖਰੀਆਂ ਸੋਚਾਂ ਨੇ,
ਤਾਂ ਵੀ ਰਹਿਣ ਇਕੱਠੇ ਮਨ ਸਮਝਾਇਆ ਕਰ ।।
ਤੈਨੂੰ ਲਗਦਾ ਤੇਰੇ ਬਿਨ ਸਭ ਊਣੇ ਨੇ,
ਊਣਿਆਂ ਤੋਂ ਵੀ ਕੁਝ ਨਾ ਕੁਝ ਸਿੱਖ ਜਾਇਆ ਕਰ ।।
ਹਰ ਖੇਤਰ ਵਿੱਚ ਇੱਕੋ ਸੋਚ ਤਾਂ ਮੁਸ਼ਕਲ ਹੈ,
ਮੁੱਦਿਆਂ ਤੇ ਤਾਂ ਹਾਂ ਵਿੱਚ ਹਾਂ ਮਿਲਾਇਆ ਕਰ ।।
ਜਦ ਤੱਕ ਦੁਨੀਆਂ ਰਹਿਣੀ, ਖੋਜਾਂ ਚੱਲਣੀਆਂ,
ਅੰਤਮ ਸੱਚ ਦਾ ਦਾਅਵਾ, ਨਾ ਜਿਤਲਾਇਆ ਕਰ ।।
ਇੱਕ ਚੀਜ ਹੀ ਵੱਖ ਕੋਣਾਂ ਤੋਂ ,ਵੱਖ ਦਿਸਦੀ,
ਆਪਣੀ ਐਨਕ ਦੀ ਨਾ ਅੜੀ ਪੁਗਾਇਆ ਕਰ ।।
ਚੰਗੀਆਂ ਗਿਣਕੇ ਖੁਦ ਨੂੰ ਚੰਗਾ ਕਰ ਸਕਦਾਂ,
ਘਾਟਾਂ ਗਿਣ ਗਿਣ ਹੇਠਾਂ ਨਾ ਗਿਰ ਜਾਇਆ ਕਰ ।।