ਰਾਜਨੀਤੀ ਆਲੀ,ਭੋਲੀ ਤੇ ਗੋਲ
(ਕਵਿਤਾ)
ਉਦੋਂ ਘਰ ਦੀ
ਬਾਹਰ ਦੀ
ਰਾਜਨੀਤੀ
ਬੜੀ ਆਲੀ,ਭੋਲੀ
ਹੁੰਦੀ ਸੀ...
ਯਾਦ ਆਉਂਦੇ ਨੇ
ਸ਼ੁਰੂ ਬਚਪਨ ਦੇ ਦਿਨ -
ਅੱਧੀ ਕੁ ਸਦੀ ਪਹਿਲਾਂ
ਸੈਂਕੜਿਆਂ 'ਚ
ਮਿਲਦੀ ਸੀ ਤਨਖਾਹ
ਨਿਤ ਵਰਤੋਂ ਲਈ
ਦਸ,ਵੀਹ
ਰੁਪਈਆਂ 'ਚ
ਆ ਜਾਂਦਾ ਸੀ
ਨਿੱਤ ਵਰਤੋਂ ਲਈ
ਲੂਣ,ਤੇਲ
ਆਟਾ,ਦਾਲ
ਤੇ ਹੋਰ ਨਿੱਕ,ਸੁੱਕ -
ਪਰ ਹਾਂ
ਪੰਕਚਰ ਹੋਇਆ ਰਹਿੰਦਾ ਸੀ
ਹਰਕੁਲੀਸ ਦਾ ਸਾਈਕਲ...
ਕੱਚੇ ਪਹੇ ਵਾਲੀ
ਟਾਹਲੀ ਹੇਠ
ਬੈਠਾ ਹੁੰਦਾ ਸੀ
ਪੰਕਚਰ ਲਾਉਣ ਵਾਲਾ
ਨਿੱਮਾ ਅਮਲੀ ...
ਸੁਣੀਦਾ ਸੀ
ਕਿ ਮੂੰਹ ਹਨੇਰੇ
ਕਚੇ ਪਹੇ 'ਤੇ
ਸੱਜੇ,ਖੱਬੇ
ਕੇਰ ਦੇਂਦਾ ਸੀ
ਜੰਗਾਲੀਆਂ ਹੋਈਆਂ
ਕਿੱਲ,ਮੇਖਾਂ -
ਘਸੀਟਦੇ,ਰੇਹੜਦੇ
ਸਾਈਕਲ
ਪੁੱਜ ਜਾਈਦਾ ਸੀ
ਨਿੱਮੇ ਅਮਲੀ ਕੋਲ...
ਅਠਿਆਨੀ,ਚੁਆਨੀ ਦਾ
ਪੰਕਚਰ ਲਗਵਾ
ਪੈ ਜਾਈਦਾ ਸੀ
ਆਪਣੇ ਰਾਹ
ਤੇ ਚੱਲਦਾ ਰਹਿੰਦਾ ਸੀ
ਨਿੱਮੇ ਅਮਲੀ ਦਾ
ਤੋਰੀ,ਫੁਲਕਾ-
ਹਨੇਰ ਸਾਈਂ ਦਾ !!!
ਵੇਖਦਿਆਂ,ਵੇਖਦਿਆਂ
ਬੜੀ ਗੁਪਤ
ਸਮਝ ਤੋਂ ਪਾਰ
ਤੇ ਗੋਲ ਹੋ ਗਈ ਹੈ
ਰਾਜਨੀਤੀ...
ਹਜਾਰਾਂ 'ਚ ਨਹੀਂ
ਲੱਖਾਂ,ਕੜੋੜਾਂ 'ਚ
ਮਿਲਦੀ ਹੈ ਤਨਖਾਹ
ਹਰੇ ਤੇ ਗੁਲਾਬੀ ਨੋਟ
ਸਿਮਟ ਜਾਂਦੇ ਨੇ
ਲਿਫਾਫਿਆਂ 'ਚ
ਜਿਵੇਂ ਰਾਸ਼ਨ,ਪਾਣੀ
ਖਰੀਦਣ ਤੋਂ
ਲਾਚਾਰ ਤੇ ਬੇਵਸ -
ਅਲੋਪ ਹੋਏ
ਨਿੱਮੇ ਅਮਲੀ ਦੀ ਥਾਂ
ਰਾਹੇ,ਬਗਾਹੇ
ਲਈ ਬੈਠੇ ਛਬੀਲਾਂ
ਮਿਲ ਜਾਂਦੇ ਨੇ
ਬੇਖੌਫ,ਡੇਰਾ ਸਾਧ...
ਤੇ ਦਿਨ,ਦਿਹਾੜੇ
ਰੱਖ ਜਾਂਦੇ ਨੇ
ਕੂਕਰ ਬੰਬ
ਵਗਦੇ ਹੋਏ
ਚੌਂਕ,ਚੁਰਾਹਿਆਂ 'ਚ
ਲਾਸ਼ਾਂ ਦੇ ਵਪਾਰੀ -
ਇਸ ਕਦਰ
ਤੇਜੀ ਨਾਲ
ਬਦਲੀ ਹੈ ਰਾਜਨੀਤੀ