ਆਪਣੇ ਪਿੰਡ ਜਾਣਾ
63 ਸਾਲ ਬਾਅਦ ਗੁਰਦਵਾਰਾ ਸੱਚਾ ਸੌਦਾ ਪਹੁੰਚ ਜੀਅ ਇਸ ਥਾਂ ਨੂੰ ਛਡਣ ਲਈ ਰਾਜ਼ੀ ਨਹੀਂ ਸੀ। ਜਜ਼ਬਾਤੀ ਮਨ ਕਹਿ ਰਿਹਾ ਸੀ ਸਤੰਬਰ 1947 ਵਿਚ ਜਦ ਰੇਲਵੇ ਸਟੇਸ਼ਨ ਸੱਚਾ ਸੌਦਾ ਦੀ ਰੇਲਵੇ ਲਾਈਨ ਦੇ ਦੋਵੇਂ ਪਾਸੀਂ ਇੰਡੀਆ ਜਾਣ ਲਈ ਗੱਡੀ ਦੇ ਇੰਤਜ਼ਾਰ ਕਰ ਰਹੇ ਲਖਾਂ ਲੋਕਾਂ ਤੇ ਬਲੋਚ ਮਿਲਟਰੀ ਨੇ ਚਲਦੀ ਗਡੀ ਵਿਚੋਂ ਗੋਲੀਆਂ ਤੇ ਬੰਬ ਚਲਾ ਕੇ ਹਜ਼ਾਰਾਂ ਹਿੰਦੂ ਸਿੱਖਾਂ ਨੂੰ ਭੁੰਨ ਦਿਤਾ ਸੀ। ਮੈਂ ਅਤੇ ਮੇਰੇ ਮਾਂ ਬਾਪ ਅਤੇ ਛੋਟੀਆਂ ਛੋਟੀਆਂ ਭੈਣਾਂ ਰੇਲਵੇ ਲਾਈਨ ਤੋਂ ਮਸਾਂ 50 ਗਜ਼ ਦੂਰ ਸਾਂ ਪਰ ਬਚ ਗਏ ਸਾਂ। ਆਸ ਪਾਸ ਲਾਸ਼ਾਂ ਪਈਆਂ ਸਨ ਅਤੇ ਜ਼ਖਮੀ ਲੋਕ ਤੜਪ ਰਹੇ ਸਨ। ਓਦੋਂ ਤਾਂ ਬਚ ਕੇ ਇੰਡੀਆ ਚਲੇ ਗਏ ਸਾਂ ਪਰ ਅਜ ਪਤਾ ਨਹੀਂ ਮਨ ਵਿਚ ਇਹ ਸੋਚ ਕਿਉਂ ਉਚੀ ਹੋ ਰਹੀ ਸੀ ਕਿ ਬਥੇਰਾ ਜੀ ਲਿਆ ਸੀ। ਚੰਗਾ ਹੋਵੇ ਧਰਤੀ ਦੇ ਇਸ ਹਿੱਸੇ ਸੱਚਾ ਸੌਦਾ, ਅਗੇ ਆਪਣਾ ਪਿੰਡ ਨਵਾਂ ਪਿੰਡ ਜੋ ਹੁਣ ਆਪਣਾ ਨਹੀਂ ਸੀ ਤੇ ਅਗੇ ਨਨਕਾਣਾ ਸਾਹਿਬ ਦਾ ਇਲਾਕੇ ਵਿਚ ਕਿਧਰੇ ਮੇਰੀ ਮੌਤ ਹੋ ਜਾਵੇ। ਕਾਰਨ ਸ਼ਾਇਦ ਇਹੀ ਸੀ ਕਿ 63 ਸਾਲ ਬੀਤਣ ਤੇ ਵੀ ਮੇਰੀ ਰੂਹ ਮੇਰੇ ਜਲਬੂਤ ਵਿਚੋਂ ਨਿਕਲ ਕੇ ਬਾਗੀ ਹੋ ਏਥੇ ਹੀ ਫਿਰ ਰਹੀ ਸੀ। ਅਗੇ ਆਪਣੇ ਪਿੰਡ ਪਹੁੰਚਣਾ ਸੀ। ਥੱਲੇ ਆ ਕੇ ਬੂਟ ਪਾਏ ਤੇ ਬਾਹਰ ਆ ਕੇ ਨਵਾਂ ਪਿੰਡ ਨੂੰ ਜਾਣ ਦਾ ਰਾਹ ਪੁਛਿਆ। ਦੱਸਣ ਵਾਲੇ ਨੇ ਕਿਹਾ ਕਿ ਪਿੰਡ ਫੁਲਰਵੰਨ ਲੰਘ ਕੇ ਅਗੇ ਰੇਲ ਦਾ ਫਾਟਕ ਆਏਗਾ, ਓਥੋਂ ਨਵੇਂ ਪਿੰਡ ਨੂੰ ਜਾਣ ਵਾਲ ਨਵੀਂ ਬਣੀ ਪਕੀ ਸੜਕ ਮਿਲ ਜਾਵੇਗੀ। ਓਸ ਸੜਕ ਤੇ ਅਗੇ ਜਾਓਗੇ ਤਾਂ ਨਹਿਰ ਦੇ ਪੁਲ ਤੋਂ ਇਕ ਸੜਕ ਨਵੇਂ ਪਿੰਡ ਨੂੰ ਜਾਏਗੀ ਅਤੇ ਇਕ ਸ਼ਾਹਕੋਟ ਨੂੰ। ਕੁਲਵੰਤ ਸਿੰਘ ਵਿਰਕ ਦੇ ਪਿੰਡ ਫੁਲਰਵੰਨ ਪਹੁੰਚ ਗਏ। ਇਕਬਾਲ ਕੈਸਰ ਕਹਿਣ ਲੱਗਾ, "ਇਹ ਪਿੰਡ ਹੁਣ ਬਹੁਤ ਫੈਲ ਗਿਆ ਹੈ। ਵਿਰਕ ਦਾ ਘਰ ਲਭਦਿਆਂ ਬਹੁਤ ਦੇਰ ਲਗ ਜਾਏਗੀ ਤੇ ਅਸੀਂ ਬਹੁਤ ਲੇਟ ਹੋ ਜਾਵਾਂਗੇ। ਵਿਰਕ ਦਾ ਜੋ ਘਰ ਮੁਸਲਿਮ ਪਰਵਾਰ ਨੂੰ ਅਲਾਟ ਹੋਇਆ ਸੀ, ਉਹਨਾਂ ਢਾਹ ਕੇ ਨਵਾਂ ਬਣਾ ਲਿਆ ਹੈ ਅਤੇ ਉਸਦੇ ਬੂਹੇ ਸਾਡੇ ਖੋਜਗੜ੍ਹ ਨੂੰ ਦਾਨ ਕਰ ਦਿਤੇ ਹਨ। ਜਦੋਂ ਆਪਾਂ ਖੋਜਗੜ੍ਹ ਜਾਵਾਂਗੇ ਤਾਂ ਖੋਜਗੜ ਨੂੰ ਲਗੇ ਵਿਰਕ ਦੇ ਘਰ ਦੇ ਬੂਹਿਆਂ ਦੀ ਫੋਟੋ ਖਿਚ ਲਵਾਂਗੇ।" ਮੈਂ ਹਾਂ ਕਰ ਦਿਤੀ। ਰੇਲ ਦਾ ਫਾਟਕ ਲੰਘ ਕੇ ਜਲਦੀ ਅਸੀਂ ਪਿੰਡ ਧੁੱਪਸੜੀ ਕੋਲ ਪਹੁੰਚ ਗਏ। ਇਹ ਪਿੰਡ ਸਾਡੇ ਨਵੇਂ ਪਿੰਡ ਵਿਚੋਂ ਹੀ ਨਿਕਲ ਕੇ ਵੰਡ ਤੋਂ ਕੁਝ ਵਰ੍ਹੇ ਪਹਿਲਾਂ ਬਣਿਆ ਸੀ। ਏਥੇ ਵੀ ਮੇਰੇ ਬਾਪੂ ਨੇ ਮਕਾਨ ਪਾਏ ਹੋਏ ਸਨ ਜੋ ਮੈਂ ਆਪਣੀ 1961 ਦੀ ਫੇਰੀ ਵਿਚ ਵੇਖੇ ਸਨ। ਸਾਡੇ ਸ਼ਰੀਕੇ ਦੇ ਸਾਰੇ ਘਰ ਏਥੇ ਆ ਵੱਸੇ ਸਨ। ਬਾਪੂ ਕਹਿੰਦਾ ਸੀ ਕਿ ਜਦ ਤਕ ਮੈਂ ਦਸਵੀਂ ਨਹੀਂ ਕਰ ਲੈਂਦਾ, ਓਨਾ ਚਿਰ ਧੁੱਪਸੜੀ ਪਿੰਡ ਵਿਚ ਰਿਹਾਇਸ਼ ਨਹੀਂ ਲਿਆਵਾਂਗੇ ਕਿਓਂਕਿ ਏਥੇ ਆਣ ਨਾਲ ਮੇਰੀ ਪੜ੍ਹਾਈ ਖਰਾਬ ਹੋਵੇਗੀ। ਕਾਰ ਧੁੱਪ ਸੜੀ ਅਗੋਂ ਲੰਘ ਰਹੀ ਸੀ। ਸੜਕ ਦੇ ਸੱਜੇ ਪਾਸੇ ਗਿਆਨੀ ਸੋਹਨ ਸਿੰਘ ਦੀ ਕੱਚੀ ਹਵੇਲੀ ਦੀ ਬਾਹਰਲੀ ਕੰਧ ਬੈਠ ਚੁਕੀ ਸੀ। ਖਬੇ ਪਾਸੇ ਤਾਇਆ ਪ੍ਰੇਮ ਸਿੰਘ ਅਤੇ ਚਾਚੀ ਰਤਨ ਕੌਰ ਤੇ ਚਾਚੇ ਉਜਾਗਰ ਸਿੰਘ ਦੇ ਘਰ ਦਿਸ ਰਹੇ ਸਨ ਜਿਨ੍ਹਾਂ ਵਿਚ ਹੁਣ ਮੁਸਲਿਮ ਲੋਕ ਰਹਿੰਦੇ ਸਨ ਅਤੇ ਮਕਾਨ ਨਵੇਂ ਸਿਰਿਓਂ ਬਣ ਚੁਕੇ ਸਨ। ਧੁੱਪਸੜੀ ਪਿੰਡ ਦੇ ਐਨ ਇਸ ਥਾਂ ਤੋਂ ਇਕ ਪਹਿਆ ਅਤੇ ਇਕ ਡੰਡੀ ਨਵੇਂ ਪਿੰਡ ਨੂੰ ਜਾਂਦੀ ਸੀ ਪਰ ਅਜ ਉਹ ਰਾਹ ਨਹੀਂ ਦਿਸ ਰਹੇ ਸਨ। ਮੈਂ ਹੈਰਾਨ ਹੋ ਰਿਹਾ ਸਾਂ ਕਿ ਧੁੱਪਸੜੀ ਤੋਂ ਸਾਡੇ ਪਿੰਡ ਨਵੇਂ ਪਿੰਡ ਨੂੰ ਜਾਣ ਵਾਲਾ ਰਾਹ ਕਿਧਰ ਗੁੰਮ ਹੋ ਗਿਆ ਸੀ ਕਿ ਏਨੇ ਵਿਚ ਕਾਰ ਨਹਿਰ ਤੇ ਪਹੁੰਚ ਗਈ ਅਤੇ ਅਸੀਂ ਨਹਿਰ ਟੱਪ ਕਾਰ ਨਿੱਕੀ ਨਹਿਰ ਦੇ ਕੰਢੇ ਬਣੀ ਸ਼ਾਹਕੋਟ ਨੂੰ ਜਾਂਦੀ ਪਕੀ ਸੜਕ ਤੇ ਪੈ ਗਏ। ਇਸ ਨਿੱਕੀ ਨਹਿਰ ਦਾ ਆਕਾਰ ਛੋਟਾ ਲੱਗ ਰਿਹਾ ਸੀ ਅਤੇ ਹੁਣ ਇਹਨੂੰ ਪੱਕੀ ਕਰ ਦਿਤਾ ਗਿਆ ਸੀ। ਕੁਝ ਮਿੰਟਾਂ ਵਿਚ ਹੀ ਅਗਲੇ ਪੁਲ ਤੇ ਸਾਂ ਅਤੇ ਲਗਦਾ ਸੀ ਕਿ ਗਲਤ ਜਾ ਰਹੇ ਸਾਂ। ਕਾਰ ਖੜ੍ਹੀ ਕਰ ਕੇ ਇਕ ਵਾਗੀ ਤੋਂ ਨਵਾਂ ਪਿੰਡ ਬਾਰੇ ਪੁਛਿਆ ਤਾਂ ਉਸ ਦਸਿਆ ਕਿ ਅਹੁ ਸਾਹਮਣੇ ਖਬੇ ਨਵਾਂ ਪਿੰਡ ਦਿਸਦਾ ਅਤੇ ਸੱਜੇ ਪਿੰਡ ਚੋਰਕੋਟ। ਤੁਸੀਂ ਚੋਰਕੋਟ ਵਾਲੇ ਪੁਲ ਤੇ ਖੜ੍ਹੇ ਹੋ। ਸਿਧੇ ਚੋਰਕੋਟ ਤੋਂ ਬਾਹਰੋਂ ਬਾਹਰ ਲੰਘ ਕੇ ਅਗੇ ਖਬੇ ਨਵੇਂ ਪਿੰਡ ਨੂੰ ਮੁੜ ਜਾਇਓ। ਇਹ ਤਾਂ ਸਾਰਾ ਨਕਸ਼ਾ ਹੀ ਬਦਲ ਚੁਕਾ ਸੀ। ਜਿਸ ਪੁਲ ਤੇ ਅਸੀਂ ਖੜ੍ਹੇ ਸਾਂ, ਇਥੇ ਤਾਂ ਵਣਾਂ ਤੇ ਕਰੀਰਾਂ ਦਾ ਬੜਾ ਸੰਘਣਾ ਜੰਗਲ ਹੁੰਦਾ ਸੀ ਜਿਥੇ ਹਰ ਸਾਲ ਪਕੇ ਡਲੇ ਦਾ ਭਾਰੀ ਮੇਲਾ ਲਗਦਾ ਹੁੰਦਾ ਸੀ। ਲੱਡੂ, ਜਲੇਬੀਆਂ ਤੇ ਪਕੌੜੇ ਨਿਕਲਦੇ ਹੁੰਦੇ ਸਨ। ਹਦਵਾਣੇ, ਖਰਬੂਜ਼ੇ ਅਤੇ ਆੜੂ ਵਿਕਣ ਆਉਂਦੇ ਸਨ। ਬਰਫ ਦੀਆਂ ਕੁਲਫੀਆਂ ਖਾ ਕੇ ਠੰਢ ਪੈ ਜਾਂਦੀ ਸੀ। ਵਣਾਂ ਅਤੇ ਕਰੀਰਾਂ ਨੂੰ ਵਾਧੂ ਪੀਲਾਂ ਤੇ ਡੇਲੇ ਲਗਦੇ ਹੁੰਦੇ ਸਨ। ਨਹਿਰ ਦੇ ਕੰਢੇ ਚੋਰਕੋਟ ਦੇ ਰਾਹ ਤੇ ਜਿਥੇ ਖੜ੍ਹੇ ਸਾਂ, ਹਰੇ ਚੋਗਿਆਂ ਵਾਲੇ ਪੀਰਾਂ ਫਕੀਰਾਂ ਦਾ ਡੇਰਾ ਹੁੰਦਾ ਸੀ ਜਿਨ੍ਹਾਂ ਦੇ ਗਲਾਂ ਵਿਚ ਮੋਟੇ ਮੋਟੇ ਮਣਕਿਆਂ ਦੀਆਂ ਮਾਲਾਂ ਪਾਈਆਂ ਹੁੰਦੀਆਂ ਸਨ। ਇਹਨਾਂ ਦੇ ਡੇਰੇ ਕੋਲੋਂ ਲੰਘਦਿਆਂ ਡਰ ਲਗਦਾ ਹੁੰਦਾ ਸੀ। ਹੁਣ ਓਥੇ ਥੋੜ੍ਹੇ ਜਹੇ ਪੀਰ ਫਕੀਰ ਦਿਸ ਰਹੇ ਸਨ। ਜੰਗਲ ਜਿਥੋਂ ਦਿਨ ਵੇਲੇ ਲੰਘਦਿਆਂ ਵੀ ਡਰ ਲਗਦਾ ਸੀ, ਛਾਂਗਿਆ ਗਿਆ ਸੀ। ਇਹ ਨਿੱਕੀ ਨਹਿਰ ਜੋ ਹੁਣ ਪੱਕੀ ਕਰ ਦਿਤੀ ਗਈ ਸੀ, ਦੇ ਕੰਢੇ ਏਡੀਆਂ ਮੋਟੀਆਂ ਟਾਹਲੀਆਂ ਹੁੰਦੀਆਂ ਸਨ ਜੋ ਦੋ ਬੰਦਿਆਂ ਦੇ ਜੱਫੇ ਵਿਚ ਵੀ ਨਹੀਂ ਆਉਂਦੀਆਂ ਸਨ। ਹੁਣ ਉਹਨਾਂ ਟਾਹਲੀਆਂ ਦਾ ਨਾਂ ਨਿਸ਼ਾਨ ਵੀ ਬਾਕੀ ਨਹੀਂ ਸੀ ਭਾਵ ਵੱਢ ਲਈਆਂ ਗਈਆਂ ਸਨ। ਜਿਸ ਥਾਂ ਤੇ ਖੜ੍ਹੇ ਸਾਂ, ਏਥੇ ਬਹੁਤ ਵਡਾ ਥੇਹ ਹੁੰਦਾ ਸੀ ਜਿਸ ਨੂੰ ਜਦ ਅਸੀਂ ਬਚਪਨ ਵਿਚ ਪੁਟਦੇ ਤਾਂ ਕਈ ਵਾਰ ਵਿਚੋਂ ਧੇਲੇ ਤੇ ਢਊਏ ਨਿਕਲ ਆਉਂਦੇ ਸਨ। ਕਈ ਵਾਰ ਕੱਚ ਦੀਆਂ ਟੁੱਟੀਆਂ ਚੂੜੀਆਂ ਅਤੇ ਪੁਰਾਣੇ ਵੇਲਿਆਂ ਦੇ ਮਿੱਟੀ ਦੇ ਬਣੇ ਟੁੱਟੇ ਭਾਂਡੇ ਨਿਕਲ ਆਉਂਦੇ ਸਨ। ਵਡੇਰੇ ਦਸਦੇ ਕਿ ਕਦੀ ਏਥੇ ਆਬਾਦੀ ਹੁੰਦੀ ਸੀ ਤੇ ਫਿਰ ਭੁਚਾਲ ਆਇਆ ਤੇ ਇਹ ਆਬਾਦੀ ਥੇਹ ਬਣ ਗਈ। ਓਸ ਵੇਲੇ ਇਸ ਜੰਗਲ ਵਿਚੋਂ ਡੰਡੀਓਂ ਡੰਡੀ ਸਿੱਧਾ ਰਾਹ ਨਵਾਂ ਪਿੰਡ ਨੂੰ ਜਾਂਦਾ ਸੀ। ਅਸਲ ਵਿਚ ਅਸੀਂ ਪਿਛਲੇ ਪੁਲ ਤੋਂ ਨਵੇਂ ਪਿੰਡ ਨੂੰ ਜਾਂਦੀ ਸੜਕੇ ਮੁੜਨਾ ਸੀ ਪਰ ਗਲਤੀ ਨਾਲ ਅਗੇ ਨਿਕਲ ਆਏ ਸਾਂ। ਖੈਰ ਕਾਰ ਚੋਰਕੋਟ ਦੇ ਸੱਜੇ ਪਾਸੇ ਜਾਂਦੀ ਸੜਕ ਵੱਲ ਮੋੜ ਲਈ ਅਤੇ ਕੁਝ ਮਿੰਟਾਂ ਵਿਚ ਓਸ ਰਾਹ ਤੇ ਪਹੁੰਚ ਗਏ ਜੋ ਨਵੇਂ ਪਿੰਡ ਨੂੰ ਜਾਂਦਾ ਸੀ। ਪਿੰਡ ਦਾ ਹਾਈ ਸਕੂਲ ਤੇ ਉਸ ਦੀਆਂ ਗਰਾਊਂਡਾਂ ਵੀ ਦਿਸਣ ਲਗ ਪਈਆਂ ਸਨ। ਪਿੰਡ ਬਹੁਤ ਛੋਟਾ ਛੋਟਾ ਲਗ ਰਿਹਾ ਸੀ। ਚੌਕ ਵਿਚ ਆ ਕੇ ਆਪਣਾ ਘਰ ਲਭਣ ਦੀ ਕੋਸ਼ਿਸ਼ ਕੀਤੀ ਪਰ ਘਰ ਨਹੀਂ ਲਭ ਰਿਹਾ ਸੀ ਕਿਉਂਕਿ ਚੌਕ ਵਿਚ ਨਾ ਖੂਹ ਸੀ, ਨਾ ਵਡਾ ਬੋਹੜ ਤੇ ਨਾ ਪਿੱਪਲ ਅਤੇ ਨਾ ਹੀ ਘਰਾਂ ਅਗੇ ਬਣੇ ਉਹ ਥੜ੍ਹੇ ਜੋ ਛਡ ਕੇ ਗਏ ਸਾਂ। ਜਦ ਮੈਂ 1961 ਵਿਚ ਆਇਆ ਸਾਂ ਤਾਂ ਘਰ ਦਾ ਨਕਸ਼ਾ 1947 ਵਿਚ ਛਡੇ ਘਰ ਵਾਲਾ ਹੀ ਸੀ ਅਤੇ ਕੋਈ ਤਬਦੀਲੀ ਨਹੀਂ ਆਈ ਸੀ, ਹਾਂ ਪਿੰਡ ਦੇ ਬਾਹਰ ਵਾਰ ਦੋ ਬਾਗ ਜਿਨ੍ਹਾਂ ਨੂੰ ਵਡਾ ਤੇ ਛੋਟਾ ਬਾਗ ਕਹਿੰਦੇ ਸਨ, ਉਹਨਾਂ ਦੀ ਟਹਿਣੀ ਵੀ ਨਹੀਂ ਬਚੀ ਸੀ ਅਤੇ ਮੜ੍ਹੀਆਂ ਜਿਥੇ ਜੰਗਲ ਵਾਂਗ ਰੁੱਖ ਹੀ ਰੁੱਖ ਸਨ, ਓਥੇ ਵੀ ਕੋਈ ਰੁੱਖ ਨਹੀਂ ਬਚਿਆ ਸੀ। ਪਿੰਡ ਦੇ ਗੁਰਦਵਾਰੇ ਦਾ ਨਾਂ ਨਿਸ਼ਾਨ ਤਕ ਨਹੀਂ ਸੀ।

ਲੇਖਕ 1947 ਵਿਚ ਛਡੇ ਆਪਣੇ ਘਰ ਦੇ ਬੂਹੇ ਅੱਗੇ
ਇਕ ਦੁਕਾਨ ਅਗੇ ਕਾਰ ਖੜ੍ਹੀ ਕੀਤੀ ਤਾਂ ਕਾਫੀ ਸਾਰੇ ਮੁੰਡੇ ਮੇਰੇ ਦਵਾਲੇ ਇਕਠੇ ਹੋ ਗਏ ਜਿਵੇਂ ਮੈਂ ਕੋਈ ਬੜੀ ਅਦਭੁਤ ਚੀਜ਼ ਸਾਂ ਜੋ ਉਹਨਾਂ ਦੇ ਪਿੰਡ ਆ ਗਿਆ ਸਾਂ। ਪਿੰਡ ਦਾ ਨਕਸ਼ਾ ਹੀ ਬਦਲਿਆ ਹੋਇਆ ਸੀ। ਥੜ੍ਹੇ ਢਾਹ ਕੇ ਘਰਾਂ ਦੀ ਅਗੇ ਤਕ ਨਵੀਂ ਉਸਾਰੀ ਕਰ ਲਈ ਗਈ ਸੀ। ਜਦ ਦੁਕਾਨਦਾਰ ਤੋਂ ਮੈਂ ਆਪਣਾ ਘਰ ਪੁਛਿਆ ਤਾਂ ਓਸ ਕਿਹਾ ਕਿ ਓਸ ਘਰ ਵਿਚ ਕੌਣ ਰਹਿੰਦਾ ਹੈ। ਜਦ ਮੈਂ ਕਿਹਾ ਕਿ ਚੌਧਰੀ ਨਜ਼ੀਰ ਅਹਿਮਦ ਤਾਂ ਓਸ ਦਾ ਜਵਾਬ ਸੀ ਕਿ ਤੁਸੀਂ ਆਪਣੇ ਘਰ ਦੇ ਨਾਲ ਦੇ ਘਰ ਅਗੇ ਤਾਂ ਖੜ੍ਹੇ ਹੋ। ਦਰਅਸਲ ਬਾਜ਼ਾਰ ਵਾਲਾ ਪਾਸਾ ਜਿਥੇ ਆਏ ਗਏ ਲਈ ਬੈਠਕ ਅਤੇ ਨਾਲ ਮਾਲ ਡੰਗਰ ਵਾਲਾ ਕੋਠਾ ਹੁੰਦਾ ਸੀ, ਢਾਹੇ ਕੇ ਨਵੇਂ ਮਕਾਨ ਤੇ ਬੈਠਕ ਬਣਾ ਦਿਤੀ ਗਈ ਸੀ। ਜਿਧਰ ਪਹਿਲਾਂ ਘਰ ਦਾ ਤੇ ਬੈਠਕ ਦਾ ਬੂਹਾ ਹੁੰਦਾ ਸੀ, ਬੰਦ ਕਰ ਕੇ ਘਰ ਦਾ ਰਾਹ ਦੂਜੇ ਪਾਸੇ ਵਾਲੇ ਬਾਜ਼ਾਰ ਵਿਚ ਕਰ ਦਿਤਾ ਗਿਆ ਸੀ ਜਿਸ ਪਾਸੇ ਦੀਪੇ ਢਾਡੀ (ਸ਼ ਦਲੀਪ ਸਿੰਘ ਪ੍ਰਿੰਸੀਪਲ) ਦਾ ਘਰ ਸੀ। ਦੀਪੇ ਢਾਡੀ (ਬਚਪਨ ਦਾ ਨਾਂ) ਦਾ ਘਰ ਵੀ ਢਾਹ ਕੇ ਨਵਾਂ ਬਣ ਗਿਆ ਸੀ ਅਤੇ ਬਾਹਰ ਦੁਕਾਨਾਂ ਬਣੀਆਂ ਹੋਈਆਂ ਸਨ ਜਿਨ੍ਹਾਂ ਵਿਚ ਆਟਾ ਪੀਹਣ ਵਾਲੀ ਚੱਕੀ ਵੀ ਲਗੀ ਹੋਈ ਸੀ। ਬੈਠਕ ਦਾ ਦਰਵਾਜ਼ਾ ਖੜਕਾਇਆ ਤਾਂ ਚੌਧਰੀ ਨਜ਼ੀਰ ਅਹਿਮਦ ਜੋ ਹੁਣ ਕਾਫੀ ਬਿਰਧ ਤੇ ਕਮਜ਼ੋਰ ਹੋ ਗਿਆ ਸੀ, ਨੇ ਹੌਲੀ ਹੌਲੀ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਜਫੀ ਪਾ ਲਈ। ਨਵੰਬਰ 1961 ਤੋਂ ਬਾਅਦ ਅਸੀਂ 50 ਸਾਲ ਬਾਅਦ ਮਿਲ ਰਹੇ ਸਾਂ। ਜਦ ਮੈਂ 1961 ਵਿਚ ਆਇਆ ਸਾਂ ਤਾਂ ਉਸ ਵੇਲੇ ਉਹ ਬੜਾ ਜਵਾਨ ਸੀ। ਮੈਂ ਕਈ ਦਿਨ ਉਹਦੇ ਕੋਲ ਆਪਣੇ ਘਰ ਵਿਚ ਜੋ ਅਸਲ ਵਿਚ ਹੁਣ ਉਹਦਾ ਘਰ ਸੀ, ਰਿਹਾ ਸਾਂ। ਉਸ ਨੇ ਮੈਨੂੰ ਬਾਹਰ ਕਿਸੇ ਕੋਲ ਰੋਟੀ ਨਹੀਂ ਖਾਣ ਦਿਤੀ ਸੀ। ਮੇਰੇ ਲਈ ਰੋਜ਼ ਮੁਰਗਾ ਬਣਦਾ ਰਿਹਾ ਸੀ। ਉਸ ਨੇ ਕਿਹਾ ਸੀ ਕਿ ਮੇਰਾ ਛੋਟਾ ਭਰਾ ਬਲਬੀਰ ਆਇਆ ਹੈ ਅਤੇ ਉਹਦੀ ਮਾਂ ਨੇ ਜੋ ਹੁਣ ਅੱਲਾ ਨੂੰ ਪਿਆਰੀ ਹੋ ਗਈ ਸੀ, ਨੇ ਕਿਹਾ ਸੀ ਮੇਰਾ ਦੂਜਾ ਪੁਤ ਆਇਆ ਹੈ। ਉਹਨਾਂ ਨੇ ਤਾਂ ਏਥੋਂ ਤਕ ਕਿਹਾ ਸੀ ਕਿ ਤੂੰ ਵਾਪਸ ਨਾ ਜਾ ਅਤੇ ਘਰ ਤੇ ਜ਼ਮੀਨ ਵਿਚੋਂ ਅਧ ਲੈ ਕੇ ਏਥੇ ਹੀ ਰਹਿ ਜਾ ਪਰ ਮੈਂ ਨਹੀਂ ਮੰਨਿਆ ਸਾਂ। ਮੈਂ ਤਾਂ ਆਪਣੀਆਂ ਜੜ੍ਹਾਂ ਨੂੰ ਵੇਖਣ ਲਈ ਆਇਆ ਸਾਂ। ਆਪਣਾ ਬਚਪਨ ਵੇਖਣ ਆਇਆ ਸਾਂ ਜਿਸ ਬਾਰੇ ਮੈਂ ਪਿਛੋਂ ਨਾਵਲ "ਪੀਲਾ ਗੁਲਾਬ" ਲਿਖਿਆ ਸੀ।
1947 ਤੋਂ ਬਾਅਦ ਘਰ ਦੇ ਨਵੇਂ ਮਾਲਕ ਚੌਧਰੀ ਨਜ਼ੀਰ ਆਹਿਮਦ ਜੱਟ ਨਾਲ ਘਰ ਦਾ ਅਗਲਾ ਪਾਸਾ ਜੋ ਢਾਹ ਕੇ ਨਵਾਂ ਬਣ ਗਿਆ ਸੀ।
ਚੌਧਰੀ ਨਜ਼ੀਰ ਅਹਿਮਦ ਕਹਿਣ ਲੱਗਾ ਕਿ ਮੈਂ ਬੀਮਾਰ ਰਹਿੰਦਾ ਹਾਂ ਅਤੇ ਮੇਰਾ ਸੱਜਾ ਹਥ ਚੰਗੀ ਤਰ੍ਹਾਂ ਨਹੀਂ ਚਲਦਾ, ਖੁਦਾ ਅਗੇ ਦੁਆ ਕਰਨਾ ਮੈਨੂੰ ਤੰਦਰੁਸਤੀ ਬਖਸ਼ੇ। ਮੈਂ ਕਿਹਾ ਕਿ ਮੈਂ ਜ਼ਰੂਰ ਕਰਾਂਗਾ। ਮੈਂ ਜੇਬ ਵਿਚੋਂ ਬਟੂਆ ਕਢਿਆ ਅਤੇ ਇਲਾਜ ਲਈ ਪੈਸੇ ਦੇਣ ਲੱਗਾ ਤਾਂ ਓਸ ਕਿਹਾ, ਬਲਬੀਰ ਬਟੂਆ ਜੇਬ ਵਿਚ ਪਾ ਲਏ, ਮੇਰੇ ਕੋਲ ਅੱਲਾ ਦਾ ਦਿਤਾ ਬੜਾ ਕੁਝ ਹੈ। ਬੱਸ ਮੇਰੇ ਲਈ ਦੁਆ ਕਰੋ। ਅਸੀਂ ਦੋਵੇਂ ਬੈਠਕ ਵਿਚ ਸੋਫੇ ਤੇ ਬੈਠੇ ਸਾਂ। ਮੈਂ ਘੁਟ ਕੇ ਉਹਦਾ ਹਥ ਫੜਿਆ ਹੋਇਆ ਸੀ। ਬਾਹਰ ਮੁੰਡਿਆਂ ਦੀਆਂ ਟੋਲੀਆਂ ਸਾਨੂੰ ਵੇਖਣ ਲਈ ਇਕਠੀਆਂ ਹੋ ਗਈਆਂ ਸਨ ਅਤੇ ਉਹਦੇ ਕੁਝ ਰਿਸ਼ਤੇਦਾਰ ਵੀ ਜੋ ਉਹਨੂੰ ਮਿਲਣ ਆਏ ਹੋਏ ਸਨ, ਸਾਡੇ ਕੋਲ ਆ ਕੇ ਬੈਠ ਗਏ ਸਨ। ਅੰਦਰ ਚਾਹ ਪਾਣੀ ਬਨਉਣ ਲਈ ਚੌਧਰੀ ਸਾਹਿਬ ਨੇ ਕਹਿ ਦਿਤਾ ਸੀ। ਚੌਧਰੀ ਸਾਹਿਬ ਨੇ ਦਸਿਆ ਕਿ ਤੁਹਾਡੇ ਵੇਲਿਆਂ ਦਾ ਚੌਕ ਵਾਲਾ ਖੂਹ ਕਦੇ ਦਾ ਪੂਰ ਦਿਤਾ ਸੀ। ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖ ਵੱਢ ਕੇ ਰਿਹਾਇਸ਼ ਵਾਲੀਆਂ ਥਾਵਾਂ ਅਗੇ ਤਕ ਆ ਗਈਆਂ ਹਨ। ਬਾਜ਼ਾਰ ਪਹਿਲਾਂ ਨਾਲੋਂ ਭੀੜੇ ਹੋ ਗਏ ਹਨ। ਪਿੰਡ ਦੇ ਈਸਾਈ ਕਦੇ ਦੇ ਪਿੰਡ ਛਡ ਕੇ ਕਰਾਚੀ ਵੱਲ ਚਲੇ ਗਏ ਹਨ। ਪਿੰਡ ਪਹਿਲਾਂ ਨਾਲੋਂ ਬੜਾ ਛੋਟਾ ਛੋਟਾ ਲਗਦਾ ਹੈ। ਇਕਬਾਲ ਕੈਸਰ ਨੇ ਮੇਰੀਆਂ ਤੇ ਘਰ ਦੀਆਂ ਕਾਫੀ ਫੋਟੋ ਖਿਚੀਆਂ। ਘਰ ਦਾ ਪਿਛਲਾ ਪਾਸਾ, ਵਿਹੜਾ, ਇਕ ਕੱਚਾ ਤੇ ਇਕ ਪੱਕਾ ਕੋਠਾ ਅਤੇ ਰਸੋਈ ਜੋ ਮੇਰੇ ਬਾਪੂ ਦੇ ਹਥਾਂ ਦੀ ਬਣੀ ਹੋਈ ਸੀ, ਪਹਿਲਾਂ ਵਾਂਗ ਕਾਇਮ ਸਨ। ਉਹੀ ਪੁਰਾਣੇ ਕਾਲੀ ਟਾਹਲੀ ਦੀ ਲੱਕੜ ਦੇ ਬੂਹੇ ਅਜੇ ਤਕ ਲਗੇ ਹੋਏ ਸਨ। ਮੈਂ ਬੜੀ ਮੁਸ਼ਕਲ ਨਾਲ ਆਪਣੇ ਰੋਣ ਠੱਲ ਰਿਹਾ ਸਾਂ। ਜੀਅ ਕਰਦਾ ਸੀ ਕਿ ਕੰਧਾਂ ਵਿਚ ਸਿਰ ਮਾਰ ਮਾਰ ਕੇ ਭੰਨ ਲਵਾਂ ਤੇ ਚੀਕਾਂ ਮਾਰ ਮਾਰ ਰੋਵਾਂ ਤੇ 1947 ਵਿਚ ਛਡੇ ਇਸ ਘਰ ਦੀਆਂ ਕੰਧਾਂ ਤੇ ਬੂਹਿਆਂ ਨੂੰ ਹਜ਼ਾਰਾਂ ਵਾਰ ਚੁੰਮਾਂ। ਹਾਰੇ ਵਿਚ ਚੁਲ੍ਹੇ ਅਗੇ ਬੈਠੀ ਮਾਂ ਰੋਟੀਆਂ ਲਾਹ ਰਹੀ ਹੋਵੇ ਤੇ ਕੋਇਲਿਆਂ ਤੇ ਸੇਕ ਸੇਕ ਮੇਰੀ ਥਾਲੀ ਵਿਚ ਰੱਖੀ ਜਾਵੇ। ਛੋਲਿਆਂ ਦੀ ਦਾਲ ਵਿਚ ਤਰਦੇ ਦੇਸੀ ਘਿਓ, ਅੰਬ ਦੇ ਅਚਾਰ ਤੇ ਗੰਢੇ ਨਾਲ ਖਾ ਰਿਹਾ ਹੋਵਾਂ। ਰੜ੍ਹੇ ਫੁਲਕੇ ਤੇ ਭੜੋਲੀ ਵਿਚ ਬਣੀ ਛੋਲਿਆਂ ਦੀ ਗਰਮ ਗਰਮ ਦਾਲ ਵਿਚ ਮਾਂ ਦੇਸੀ ਘਿਓ ਦੀਆਂ ਕੜਛੀਆਂ ਪੌਣੋਂ ਨਾ ਹਟੇ। 63 ਸਾਲ ਬਾਅਦ ਆਪਣੇ ਛਡੇ ਘਰ ਨੂੰ ਦੋਬਾਰਾ ਵੇਖਣ ਤੇ ਕੋਈ ਕਿਸ ਤਰ੍ਹਾਂ ਆਪਣੀ ਸੁਧ ਬੁਧ ਵਿਚ ਰਹਿ ਸਕਦਾ ਹੈ। ਇਕਬਾਲ ਨੇ ਸਭ ਦੀਆਂ ਫੋਟੋਜ਼ ਖਿਚ ਲਈਆਂ। ਚੌਧਰੀ ਨਜ਼ੀਰ ਅਹਿਮਦ ਨੇ ਦਸਿਆ ਕਿ ਮੇਰੇ ਬਾਪੂ ਦੇ ਹਥਾਂ ਦਾ ਲਾਇਆ ਨਲਕਾ ਅਜੇ ਕਾਇਮ ਹੈ ਪਰ ਪਹਿਲੀ ਥਾਂ ਤੋਂ ਪੁਟ ਕੇ ਥੋੜ੍ਹਾ ਪਰ੍ਹਾਂ ਕਰ ਕੇ ਲਾ ਦਿਤਾ ਗਿਆ ਸੀ। ਬੜਾ ਜਜ਼ਬਾਤੀ ਮਾਹੌਲ ਬਣ ਗਿਆ ਸੀ। ਚੌਧਰੀ ਨਜ਼ੀਰ ਅਹਿਮਦ ਨੇ ਕਿਹਾ ਬਲਬੀਰ ਸਕੂਲ ਵੇਖ ਤੇ ਸਟਾਫ ਨੂੰ ਮਿਲ ਆ, ਆਣ ਤੇ ਚਾਹ ਪੀਂਦੇ ਹਾਂ। ਅਸੀਂ ਤੁਰ ਕੇ ਸਕੂਲ ਪਹੁੰਚ ਗਏ ਜੋ ਬਹੁਤੀ ਦੂਰ ਨਹੀਂ ਸੀ। ਏਸੇ ਸਕੂਲ ਵਿਚ ਮੇਰੀ ਪੜ੍ਹਾਈ ਕਾਰਨ ਹੀ ਤਾਂ ਬਾਪੂ ਦੂਜੇ ਪਿੰਡ ਧੁੱਪਸੜੀ ਨਹੀਂ ਗਿਆ ਸੀ ਜਿਥੋਂ ਸਾਡਾ ਮੁਰੱਬਾ ਨੇੜੇ ਪੈਂਦਾ ਸੀ। ਬਾਪੂ ਕਹਿੰਦਾ ਸੀ ਕਿ ਮੈਂ ਇਸ ਸਕੂਲ ਵਿਚੋਂ ਦਸਵੀਂ ਪਾਸ ਕਰ ਲਵਾਂ ਤੇ ਫਿਰ ਉਹ ਮੈਨੂੰ ਲਾਇਲਪੁਰ ਜਾਂ ਲਾਹੌਰ ਪੜ੍ਹਨ ਲਈ ਭੇਜੇਗਾ। ਉਹ ਤਾਂ ਮੈਨੂੰ ਵਲਾਇਤ ਪੜ੍ਹਨ ਲਈ ਵੀ ਭੇਜਣਾ ਚਹੁੰਦਾ ਸੀ ਕਿ ਪਾਕਿਸਤਾਨ ਬਣ ਗਿਆ ਸੀ।

ਜਿਥੇ ਮੁਢਲੀ ਤਾਲੀਮ ਹਾਸਲ ਕੀਤੀ, ਖਾਲਸਾ ਹਾਈ ਸਕੂਲ ਨਵਾਂ ਪਿੰਡ ਜਿਸ ਨੂੰ 1922 ਬਨਾਉਣ ਵਾਲੇ ਮੇਰੇ ਪਿਤਾ ਜਥੇਦਾਰ ਭਗਤ ਸਿੰਘ ਮੋਢੀਆਂ ਵਿਚੋਂ ਸਨ। ਹੁਣ ਇਸਦਾ ਨਾਂ ਗੌਰਮਿੰਟ ਉਸਮਾਨੀਆ ਇਸਲਾਮੀਆ ਹਾਈ ਸਕੂਲ ਹੈ।
ਮੈਂ ਸਕੂਲ ਗਿਆ ਤੇ ਹੈਡਮਾਸਟਰ ਸਾਹਿਬ ਤੇ ਬਾਕੀ ਦਾ ਸਟਾਫ ਅਤੇ ਵਿਦਿਆਰਥੀ ਸਾਰੇ ਬੜੇ ਪਿਆਰ ਨਾਲ ਮਿਲੇ, ਕੁਝ ਪੁਰਾਣੀਆਂ ਗੱਲਾਂ ਕੀਤੀਆਂ। ਹੁਣ ਇਹ ਸਕੂਲ ਜੋ ਪਹਿਲਾਂ ਸਾਡੇ ਵੇਲੇ ਖਾਲਸਾ ਹਾਈ ਸਕੂਲ ਹੁੰਦਾ ਸੀ ਤੇ ਮੇਰੇ ਬਾਪੂ ਜੀ ਜਥੇਦਾਰ ਭਗਤ ਸਿੰਘ ਇਸ ਸਕੂਲ ਦੇ ਮੋਢੀ ਮੈਂਬਰ ਸਨ। ਵੰਡ ਤੋਂ ਬਾਅਦ ਇਹ ਸਕੂਲ ਉਸਮਾਨੀਆ ਇਸਲਾਮੀਆ ਹਾਈ ਸਕੂਲ ਬਣ ਗਿਆ ਸੀ ਤੇ ਹੁਣ ਇਹ ਗੌਰਮਿੰਟ ਹਾਈ ਸਕੂਲ ਸੀ। ਹੈਡਮਾਸਟਰ ਸਹਿਬ ਨੇ ਦਸਿਆ ਕਿ ਭੁੱਟੋ ਦੇ ਰਾਜ ਵੇਲੇ ਪਾਕਿਸਤਾਨ ਦੇ ਸਾਰੇ ਪ੍ਰਾਈਵੇਟ ਸਕੂਲ ਸਰਕਾਰੀ ਹੋ ਗਏ ਸਨ। ਇਕਬਾਲ ਨੇ ਸਕੂਲ, ਸਟਾਫ ਦੀਆਂ ਅਤੇ ਮੇਰੀਆਂ ਕਾਫੀ ਫੋਟੋ ਖਿਚੀਆਂ। ਪਿੰਡ ਦੇ ਕਈ ਪੁਰਾਣੇ ਲੋਕ ਜੋ ਮੇਰੇ ਹਾਣੀ ਸਨ, ਸਕੂਲ ਵਿਚ ਇਕਠੇ ਹੋ ਗਏ ਸਨ ਅਤੇ ਫਿਰ ਮੇਰੇ ਨਾਲ ਚੌਧਰੀ ਨਜ਼ੀਰ ਅਹਿਮਦ ਦੀ ਬੈਠਕ ਵਿਚ ਆ ਗਏ। ਇਹਨਾਂ ਵਿਚ ਪਿੰਡ ਦਾ ਇਕ ਜੁਲਾਹਾ ਵੀ ਸੀ ਜੋ ਮੇਰੀ ਮਾਂ, ਮੇਰੇ ਬਾਪ ਅਤੇ ਸਾਡੇ ਅੰਬਾਂ ਵਾਲੇ ਬਾਗ ਦੀਆਂ ਬਾਰ ਬਾਰ ਗੱਲਾਂ ਕਰਦਾ ਸੀ। ਜੋ ਵਡੇਰਿਆਂ ਦੀਆਂ ਗੱਲਾਂ ਕਰੇ, ਉਹ ਚੰਗਾ ਤਾਂ ਲਗਦਾ ਹੀ ਹੈ। ਅੰਦਰੋਂ ਤਾਂ ਜੀ ਕਰਦਾ ਸੀ ਕਿ ਇਹ ਘਰ, ਇਹ ਪਿੰਡ, ਇਹ ਸਕੂਲ, ਇਹ ਥਾਂ, ਇਹ ਧਰਤੀ ਦੇ ਆਲੇ ਦਵਾਲੇ ਰਹਿ ਕੇ ਕਈ ਦਿਨ ਏਥੇ ਬਿਤਾਏ ਜਾਣ ਅਤੇ ਪੁਰਾਣੇ ਦਿਨਾਂ ਨੂੰ ਬਹੁਤ ਖੁਭ ਕੇ ਯਾਦ ਕੀਤਾ ਜਾਵੇ ਪਰ ਪਰੋਗਰਾਮ ਨਨਕਾਣਾ ਸਾਹਿਬ ਦੀ ਯਾਤਰਾ ਕਰਨ ਤੋਂ ਬਾਅਦ ਰਾਤ ਨੂੰ ਲਾਹੌਰ ਮੁੜਨ ਦਾ ਸੀ।
ਨਨਕਾਣਾ ਸਾਹਿਬ ਜਾਣਾ
ਚੌਧਰੀ ਨਜ਼ੀਰ ਅਹਿਮਦ ਨੇ ਰੁਕਣ ਲਈ ਬਹੁਤ ਕਿਹਾ ਪਰ ਅਸੀਂ ਨਨਕਣਾ ਸਾਹਿਬ ਜਾਣ ਲਈ ਇਜਾਜ਼ਤ ਲਈ ਤੇ ਪਿੰਡ
ਦੇ ਬਾਹਰਵਾਰ ਲੰਘਦੀ ਨਵੀਂ ਬਣੀ ਪਕੀ ਸੜਕ ਤੇ ਗੱਡੀ ਪਾ ਲਈ। ਸਾਨੂੰ ਦਸਿਆ ਗਿਆ ਸੀ ਕਿ ਮਾਨਾਵਾਲੇ ਤੋਂ ਅਗੇ ਲੰਘ ਕੇ ਖਬੇ ਪਾਸੇ ਇਕ ਹੋਰ ਸੜਕ ਮਿਲੇਗੀ ਜੋ ਲਾਹੌਰ ਤੋਂ ਸਿੱਧੀ ਨਨਕਾਣਾ ਸਾਹਿਬ ਨੂੰ ਜਾਂਦੀ ਹੈ। ਉਸ ਤੇ ਮੁੜ ਜਾਣਾ। ਜਦ ਅਸੀਂ ਉਸ ਸੜਕ ਤੇ ਮੁੜੇ ਤਾਂ ਇਕ ਨੌਜਵਾਨ ਪਾਕਿਸਤਾਨੀ ਸਿੱਖ ਨੇ ਹਥ ਦੇ ਕੇ ਸਾਥੋਂ ਰਾਈਡ ਮੰਗੀ ਜੋ ਅਸੀਂ ਉਹਨੂੰ ਦੇ ਦਿਤੀ ਤੇ ਜਦ ਨਨਕਾਣਾ ਸਾਹਿਬ ਆਇਆ ਤਾਂ ਗੁਰਦਵਾਰੇ ਪੁਜਣ ਤੋਂ ਪਹਿਲਾਂ ਹੀ ਉਹ ਕਾਰ ਵਿਚੋਂ ਉੱਤਰ ਗਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਕਾਰ ਵਿਚ ਚੜ੍ਹਨ ਵੇਲੇ ਅਤੇ ਨਾ ਉਤਰਨ ਵੇਲੇ ਮੈਨੂੰ ਸਤਿ ਸ੍ਰੀ ਅਕਾਲ ਆਖੀ ਜਾਂ ਧੰਨਵਾਦ ਕੀਤਾ। ਨਨਕਾਣਾ ਸਾਹਿਬ ਗੁਰਦਵਾਰੇ ਦੀ ਪਾਰਕਿੰਗ ਵਿਚ ਗੱਡੀ ਖੜ੍ਹੀ ਕਰ ਕੇ ਜਿਥੇ ਕਈ ਲੋਕ ਇਕਬਾਲ ਕੈਸਰ ਨੂੰ ਜਾਣਦੇ ਸਨ, ਅਸੀਂ ਗੁਰਦਵਾਰੇ ਦੇ ਬਾਹਰ ਫੋਟੋਜ਼ ਖਿਚ ਅੰਦਰ ਚਲੇ ਗਏ। ਬਾਬਾ ਨਾਨਕ ਦੇ ਜਨਮ ਵੇਲੇ ਏਥੇ ਵੰਡ ਤੋਂ ਪਹਿਲਾਂ ਬਹੁਤ ਭਾਰੀ ਮੇਲਾ ਲਗਦਾ ਸੀ ਅਤੇ ਇਕ ਬੱਚੇ ਵਜੋਂ ਮੈਂ ਬਹੁਤ ਵਾਰ ਆਪਣੇ ਮਾਂ ਪਿਓ ਨਾਲ ਏਥੇ ਆਇਆ ਸਾਂ। ਗੁਰਦਵਾਰੇ ਦੀ ਸਰਾਂ ਵਿਚ ਸਾਡਾ ਡੇਰਾ ਹੁੰਦਾ ਸੀ। ਹੁਣ ਇਹ ਸਰਾਂ ਬਹੁਤ ਵਡੀ ਬਣ ਗਈ ਸੀ। ਨਨਕਾਣਾ ਸਾਹਿਬ ਦਾ ਮੇਲਾ ਵੇਖਣ ਗਿਆਂ ਇਕ ਵਾਰ ਮੈਂ ਗਵਾਚ ਵੀ ਗਿਆ ਸਾਂ ਤੇ ਜਦ ਤਕ ਸੇਵਾਦਾਰਾਂ ਨੇ ਮੇਰੇ ਮਾਂ ਪਿਓ ਲਭ ਕੇ ਨਹੀਂ ਦਿਤੇ ਸਨ, ਮੇਰਾ ਰੋਣ ਨਹੀਂ ਠੱਲਿਆ ਸੀ। ਮੈਂ ਵੰਡ ਤੋਂ ਪਹਿਲਾਂ ਏਥੋਂ ਦੇ ਸਾਰੇ ਗੁਰਦਵਾਰੇ ਵੇਖੇ ਹੋਏ ਸਨ। ਹੁਣ ਤਾਂ ਏਨਾ ਵਕਤ ਨਹੀਂ ਸੀ ਕਿ ਸਾਰੇ ਗੁਰਦਵਾਰਿਆਂ ਦੇ ਦਰਸ਼ਨ ਕਰ ਸਕਦੇ ਪਰ ਜਨਮ ਅਸਥਾਨ ਤੇ ਘੰਟੇ ਤੋਂ ਵਧ ਸਮਾਂ ਲਾਇਆ। ਬੜੀ ਸ਼ਰਧਾ ਨਾਲ ਮਥਾ ਟੇਕਿਆ। ਬਹੁਤ ਸਾਰੇ ਮੁਸਲਿਮ ਲੋਕ ਵੀ ਏਥੇ ਰੋਜ਼ ਸ਼ਾਮ ਨੂੰ ਮਥਾ ਟੇਕਣ ਆਉਂਦੇ ਹਨ। ਉਹ ਸ਼ਾਮ ਨੂੰ 6 ਵਜੇ ਤੋਂ ਬਾਅਦ ਨਹੀਂ ਆ ਸਕਦੇ ਅਤੇ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੋਣ ਵੇਲੇ ਉਹਨਾਂ ਦੇ ਸ਼ਨਾਖਤੀ ਕਾਰਡ ਸਿਕਿਓਰਟੀ ਵਾਲੇ ਰੱਖ ਲੈਂਦੇ ਹਨ। ਉਹ ਸਭ ਥਾਵਾਂ ਵੇਖੀਆਂ ਜਿਥੇ 1921-22 ਵਿਚ ਇਸ ਗੁਰਦਵਾਰੇ ਨੂੰ ਮਹੰਤ ਨਰੈਨ ਦਾਸ ਤੋਂ ਆਜ਼ਾਦ ਕਰਵਾਉਣ ਲਈ ਸਿੰਘਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿਤੀਆਂ ਸਨ। ਇਹਨਾਂ ਵਿਚ ਪਿੰਡ ਨਿਜ਼ਾਮਪੁਰ ਦੇ ਸਾਡੇ ਵਡੇਰੇ ਬਹੁਤ ਸਾਰੇ ਕੰਬੋਜ ਸਿੱਖ ਵੀ ਸ਼ਾਮਲ ਸਨ। ਡਿਉੜੀ ਦੇ ਅੰਦਰਵਾਰ ਉਹਨਾਂ ਦੇ ਨਾਂ ਕੰਧਾਂ ਉਤੇ ਖੁਦੇ ਹੋਏ ਸਨ। ਉਹ ਜੰਡ ਵੀ ਵੇਖਿਆ ਜਿਸ ਨਾਲ ਬੰਨ੍ਹ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ।
ਲਾਗੇ ਉਹ ਸੋਨੇ ਦੀ ਪਾਲਕੀ ਵੀ ਵੇਖੀ ਜਿਸ ਨੂੰ ਦਿੱਲੀ ਵਾਲੇ ਸਰਨਾ ਸਿੱਖ ਭਰਾਵਾਂ ਨੇ ਏਥੇ ਲਿਆ ਕੇ ਸ਼ੁਸ਼ੋਭਤ ਕੀਤਾ ਸੀ। ਅਸੀਂ ਇਸ ਕੋਲ ਖਲੋ ਕੇ ਵੀ ਕਈ ਫੋਟੋਜ਼ ਖਿਚਵਾਈਆਂ। ਵਾਪਸ ਔਂਦਿਆਂ ਪਤਾ ਨਹੀਂ ਇਕ ਪਾਕਿਸਤਾਨੀ ਸ਼ਰਨਾਰਥੀ ਸਿੱਖ ਨੂੰ ਕਿਵੇਂ ਪਤਾ ਲਗ ਗਿਆ ਕਿ ਮੈਂ ਕੈਨੇਡਾ ਤੋਂ ਆਇਆ ਹਾਂ, ਓਸ ਆਪਣੇ ਕਾਲਜ ਪੜ੍ਹਦੇ ਮੁੰਡੇ ਲਈ ਓਸੇ ਵੇਲੇ ਲੈਪਟਾਪ ਲੈ ਕੇ ਦੇਣ ਲਈ ਮੇਰੇ ਤੇ ਏਨਾ ਜ਼ੋਰ ਪਾਇਆ ਕਿ ਮੈਨੂੰ ਓਸ ਤੋਂ ਆਪਣਾ ਖਹਿੜਾ ਛੁਡਵਾਣਾ ਔਖਾ ਹੋ ਗਿਆ। ਦਿਨ ਡੁਬਣ ਵਾਲਾ ਸੀ ਅਤੇ ਅਸੀਂ ਆਪਣੀ ਬਾਬੇ ਨਾਨਕ ਦੇ ਨਨਕਾਣੇ ਦੀ ਯਾਤਰਾ ਪੂਰੀ ਕਰ ਅਤੇ ਮਨ ਵਿਚ ਅਨੇਕਾਂ ਜਜ਼ਬਿਆਂ ਦੀਆਂ ਜਮ੍ਹਾਂ ਤਫਰੀਕਾਂ ਕਰਦਿਆਂ ਗੱਡੀ ਲਾਹੌਰ ਦੇ ਰਸਤੇ ਪਾ ਲਈ।
ਸਿੱਖ ਧਰਮ ਅਤੇ ਸਿੱਖ ਲੋਕ ਜਿਨ੍ਹਾਂ ਲਈ ਨਨਕਾਣਾ ਸਾਹਿਬ ਉਹਨਾਂ ਦਾ ਮੱਕਾ ਹੈ ਇਸ ਦੇ ਖੁਲ੍ਹੇ ਦਰਸ਼ਨ ਦੀਦਾਰ ਲਈ ਰੋਜ਼ ਹਰ ਗੁਰਦਵਾਰੇ ਵਿਚ ਅਰਦਾਸਾਂ ਕਰਦੇ ਹਨ ਅਤੇ ਮੈਂ ਉਹਨਾਂ ਅਰਦਾਸਾਂ ਦੇ ਅਸਰ ਹੇਠਾਂ ਅਜ 1947 ਭਾਵ 63 ਸਾਲਾਂ ਬਾਅਦ ਇਥੇ ਆ ਕੇ ਆਪਣਾ ਹੱਜ ਪੂਰਾ ਕਰ ਚਲਿਆ ਸਾਂ। ਭਾਵੇਂ ਸ਼ਾਮ ਪੈ ਗਈ ਸੀ ਪਰ ਬਾਹਰ ਅਜੇ ਵੀ ਗਰਮੀ ਕਾਫੀ ਸੀ। ਜੂਸ ਪੀਣ ਨੂੰ ਜੀ ਕਰਦਾ ਸੀ। ਕਿੰਨੂਆਂ ਨਾਲ ਰੇੜ੍ਹੀਆਂ ਭਰੀਆਂ ਮਿਲ ਰਹੀਆਂ ਸਨ ਪਰ ਰਸ ਕਢਣ ਵਾਲੀਆਂ ਮਸ਼ੀਨਾਂ ਤੇ ਮੱਖੀਆਂ ਦੀ ਭਰਮਾਰ ਵੇਖ ਜੂਸ ਕਢਵਾ ਕੇ ਪੀਣ ਦਾ ਹੌਸਲਾ ਨਹੀਂ ਪੈ ਰਿਹਾ ਸੀ। ਆਖਰ ਫੈਸਲਾ ਹੋਇਆ ਕਿ ਚੁਣ ਕੇ ਚੰਗੇ ਕਿਨੂੰ ਲੈ ਲਏ ਜਾਣ ਅਤੇ ਰਸਤੇ ਵਿਚ ਜਾਂਦਿਆਂ ਖੁਦ ਛਿੱਲ ਛਿੱਲ ਕੇ ਖਾਧੇ ਜਾਣ। ਹੋਇਆ ਵੀ ਇੰਜ ਈ। ਇਸ ਨਾਲ ਸਾਰੇ ਦਿਨ ਦੀ ਥਕਾਵਟ ਅਤੇ ਗਰਮੀ ਫੜਦੇ ਸਰੀਰ ਨੂੰ ਕੁਝ ਰਾਹਤ ਮਹਿਸੂਸ ਹੋਈ। ਰਸਤੇ ਵਿਚ ਜਾਂਦਿਆਂ ਇਕਬਾਲ ਨੇ ਆਪਣੇ ਕਿਸੇ ਅਮੀਰ ਦੋਸਤ ਦੇ ਘਰ ਜਿਸ ਦਾ ਪਾਕਿਸਤਾਨ ਵਿਚ ਪੇਂਟ ਦਾ ਕਾਫੀ ਅੱਛਾ ਬਿਜ਼ਨਸ ਹੈ, ਫੋਨ ਤੇ ਜਦ ਮੇਰੇ ਬਾਰੇ ਦਸਿਆ ਤਾਂ ਉਹਨਾਂ ਨੇ ਬੜੇ ਜ਼ੋਰ ਨਾਲ ਕਿਹਾ ਕਿ ਸਰਦਾਰ ਸਾਹਿਬ ਨੂੰ ਅੱਜ ਰਾਤ ਨੂੰ ਸਾਡੇ ਘਰ ਲਿਆਓ, ਅਸੀਂ ਉਹਨਾਂ ਨਾਲ ਰਾਤ ਦਾ ਖਾਣਾ ਖਾ ਕੇ ਅਤੇ ਗੱਲਾਂ ਬਾਤਾਂ ਕਰ ਕੇ ਬੜੀ ਖੁਸ਼ੀ ਮਹਿਸੂਸ ਕਰਾਂਗੇ। ਸਾਰੇ ਦਿਨ ਦੇ ਬਹੁਤ ਲੰਮੇ ਸਫਰ ਨਾਲ ਲਾਹੌਰ ਤਕ ਪਹੁੰਚਦਿਆਂ ਜਿਥੇ ਥਕਾਵਟ ਬਹੁਤ ਹੋ ਗਈ ਸੀ, ਓਥੇ ਆਰਾਮ ਕਰਨ ਨੂੰ ਬੜਾ ਦਿਲ ਕਰਦਾ ਸੀ ਪਰ ਇਕਬਾਲ ਨੇ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਲਈ ਰਾਤ ਰੰਗੀਨ ਕਰਨ ਦੇ ਇੰਤਜ਼ਾਮ ਕਰਨ ਲਈ ਫੋਨ ਖੜਕਾ ਦਿਤਾ ਹੋਇਆ ਸੀ। ਰਾਤ ਪੈ ਚੁਕੀ ਸੀ ਜਦ ਇਕਬਾਲ ਸਾਨੂੰ ਅਮੀਰਾਂ ਦੇ ਇਕ ਐਸੇ ਪੌਸ਼ ਇਲਾਕੇ ਵਿਚ ਲੈ ਆਇਆ ਜਿਥੇ ਇਕ ਤੋਂ ਇਕ ਘਰ ਦੂਜੇ ਨਾਲੋਂ ਵਡਾ ਅਤੇ ਬਹੁਤ ਖੂਬਸੂਰਤ ਸੀ। ਜਿਥੇ ਵਡੇ ਵਡੇ ਗੇਟ ਅਤੇ ਬਾਹਰ ਪਹਿਰਦਾਰ ਬੈਠੇ ਸਨ। ਕਈ ਕੋਠੀਆਂ ਅਗੇ ਚੰਗੀ ਨਸਲ ਦੇ ਕੁਤੇ ਬੰਨ੍ਹੇ ਹੋਏ ਸਨ ਅਤੇ ਹਰੇ ਕਚੂਰ ਘਾਹ ਵਾਲੇ ਲਾਨ ਸਨ। ਜੋ ਸਾਡੀ ਮੰਜ਼ਲ ਸੀ, ਓਥੇ ਪਹੁੰਚਣ ਅਤੇ ਲਭਣ ਵਿਚ ਕਾਫੀ ਸਮਾਂ ਲੱਗ ਗਿਆ। ਕੁਝ ਚਿਰ ਅਸੀਂ ਬਾਹਰ ਲਾਨ ਵਿਚ ਬੈਠੇ ਰਹੇ ਅਤੇ ਫਿਰ ਸਾਨੂੰ ਅੰਦਰ ਬਹੁਤ ਕੀਮਤੀ ਫਰਨੀਚਰ ਤੇ ਸੋਫਿਆਂ ਵਾਲੇ ਮਹਿਮਾਨਖਾਨੇ ਵਿਚ ਲਿਜਾਇਆ ਗਿਆ ਜਿਥੇ ਘਰ ਦੀ ਖੂਬਸੂਰਤ ਮਾਲਕਣ ਜੋ ਬੜੀ ਅਲਟਰਾ ਮਾਡਰਨ ਸੀ, ਨੇ ਬੜੇ ਪਿਆਰ ਅਤੇ ਸਲੀਕੇ ਨਾਲ ਸਾਡਾ ਇਸਤਕਬਾਲ ਕੀਤਾ। ਪਾਕਿਸਤਾਨ ਵਿਚ ਕਈ ਦਿਨ ਰਹਿ ਕੇ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਉਚੇ ਤਬਕੇ ਦੀਆਂ ਔਰਤਾਂ ਬੁਰਕਾ ਨਹੀਂ ਪੌਂਦੀਆਂ ਸਨ। ਬਲਕਿ ਸਿਰ ਵੀ ਨਹੀਂ ਢਕਦੀਆਂ ਸਨ। ਗੁਜਰਾਤ ਯੂਨੀਵਰਸਿਟੀ ਅਤੇ ਗੁਜਰਾਤ ਦੇ ਕੁੜੀਆਂ ਦੇ ਕਾਲਜ ਵਿਚ ਹੋਏ ਮੁਸ਼ਾਇਰੇ ਵਿਚ ਵੀ ਵੇਖਿਆ ਸੀ ਕਿ ਪਾਕਿਸਤਾਨ ਵਿਚ ਬੁਰਕਾ ਹੁਣ ਪੁਰਾਣੀ ਚੀਜ਼ ਬਣ ਕੇ ਰਹਿ ਗਿਆ ਸੀ। ਰਸਤੇ ਵਿਚ ਕਈ ਵਾਰ ਇਕਬਾਲ ਨੇ ਸਾਂਝ ਪਬਲੀਕੇਸ਼ਨ ਦੇ ਮਾਲਕ ਕਾਮਰੇਡ ਅਮਜਦ ਸਲੀਮ ਮਿਨਹਾਸ ਨਾਲ ਫੋਨ ਤੇ ਗੱਲ ਕੀਤੀ ਸੀ ਕਿ ਕੱਲ 23 ਮਾਰਚ ਨੂੰ ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਏਗਾ। ਲਾਹੌਰ ਜੇਲ੍ਹ ਵਿਚ ਜਿਸ ਥਾਂ ਤੇ ਭਗਤ ਸਿੰਘ ਨੂੰ ਫਾਂਸੀ ਦਿਤੀ ਗਈ ਸੀ, ਓਸ ਥਾਂ ਤੇ ਇਸ ਵੇਲੇ ਬਹੁਤ ਵਡਾ ਖੂਬਸੂਰਤ ਗੋਲ ਚੌਕ ਬਣਾ ਕੇ ਫੁੱਲ ਬੂਟੇ ਲਾਏ ਹੋਏ ਹਨ। ਇਸ ਚੌਕ ਦੇ ਇਕ ਪਾਸੇ ਲੋਹੇ ਦੇ ਮਜ਼ਬੂਤ ਆਇਰਨ ਐਂਗਲਜ਼ ਵਿਚ ਮੋਟੇ ਲੋਹੇ ਦੀ ਚਾਦਰ ਉਤੇ ਅਗੇ ਵਧੂ ਖਿਆਲਾਂ ਦੇ ਪਾਕਿਸਤਾਨੀ ਨੌਜਵਾਨਾਂ ਨੇ ਭਗਤ ਸਿੰਘ ਸ਼ਹੀਦ ਚੌਕ ਦਾ ਨਿਸ਼ਾਨ 23 ਮਾਰਚ ਨੂੰ ਲਾਉਣਾ ਸੀ। ਇਸ ਮਹਾਨ ਕਾਰਜ ਲਈ 30 ਹਜ਼ਾਰ ਰੁਪੈ ਦੇ ਫੰਡਜ਼ ਦੀ ਲੋੜ ਸੀ। ਫੰਡ ਇਕੱਠਾ ਹੋਣ ਵਿਚ ਮੁਸ਼ਕਲ ਪੇਸ਼ ਆ ਰਹੀ ਸੀ ਅਤੇ ਵਕਤ ਬੜਾ ਘੱਟ ਸੀ। ਮੈਂ ਇਕਬਾਲ ਕੈਸਰ ਨੂੰ ਕਿਹਾ ਕਿ ਦੋ ਹਜ਼ਾਰ ਮੇਰੇ ਵੱਲੋਂ ਪਾ ਦਿਓ ਅਤੇ ਮੈਂ ਦੋ ਹਜ਼ਾਰ ਰੁਪੈ ਉਹਦੇ ਹਵਾਲੇ ਕਰ ਦਿਤੇ। ਓਸ ਦਾ ਕਹਿਣਾ ਸੀ ਕਿ ਮੈਂ 23 ਮਾਰਚ ਨੂੰ ਓਥੇ ਹਾਜ਼ਰ ਹੋਵਾਂ ਅਤੇ ਇਕਠ ਨੂੰ ਸੰਬੋਧਨ ਵੀ ਕਰਾਂ। ਮੈਂ ਕਿਹਾ ਇਕਬਾਲ ਮੇਰਾ ਓਥੇ ਜਾਣਾ ਠੀਕ ਨਹੀਂ ਰਹੇਗਾ। ਮੈਂ ਸ਼ਹੀਦ ਭਗਤ ਸਿੰਘ ਦਾ ਬੜਾ ਉਪਾਸ਼ਕ ਹਾਂ ਪਰ ਪਾਕਿਸਤਾਨ ਦੀ ਸੀ ਆਈ ਡੀ ਮੇਰੇ ਖਿਲਾਫ ਹੋ ਜਾਵੇਗੀ ਅਤੇ ਕਹੇਗੀ ਕਿ ਤੂੰ ਸਾਡੇ ਮੁਲਕ ਦੀ ਸਿਆਸਤ ਵਿਚ ਦਖਲ ਕਿਉਂ ਦਿੰਦਾ ਹੈਂ ਅਤੇ ਅਗੇ ਤੋਂ ਮੈਨੂੰ ਪਾਕਿਸਤਾਨ ਦਾ ਵੀਜ਼ਾ ਮਿਲਣ ਵਿਚ ਰੁਕਾਵਟ ਆ ਸਕਦੀ ਹੈ। ਮੀਡੀਏ ਵਾਲੇ ਵੀ ਇਕੋ ਇਕ ਸਰਦਾਰ ਨੂੰ ਵੇਖ ਕੇ ਲੋੜੋਂ ਵੱਧ ਖਬਰ ਉਛਾਲਣਗੇ। ਆਪਾਂ ਥੋੜ੍ਹਾ ਪਿਛੋਂ ਜਾ ਕੇ ਸ਼ਹੀਦ ਭਗਤ ਸਿੰਘ ਚੌਕ ਦੀਆਂ ਫੋਟੋਜ਼ ਖਿਚ ਲਵਾਂਗੇ। ਉਸ ਨੇ ਕਿਹਾ ਕਿ ਤੁਸੀਂ ਠੀਕ ਕਹਿ ਰਹੇ ਹੋ ਸਾਡਾ ਲੇਟ ਜਾਣਾ ਹੀ ਠੀਕ ਰਹੇਗਾ।
ਗੁਰਦਵਾਰਾ ਨਨਕਾਣਾ ਸਾਹਿਬ ਵਿਖੇ ਮੁਸਲਿਮ ਪਰਵਾਰਾਂ ਨਾਲ
ਪੇਂਟ ਬਨਾਣ ਵਾਲੇ ਪਰਵਾਰ ਵੱਲੋਂ ਰਾਤ ਨੂੰ ਪਾਰਟੀ ਵਿਚ ਇਕ ਨੌਜਵਾਨ ਨੇ ਮੇਰੇ ਤੇ ਸਵਾਲ ਕਰ ਦਿਤਾ ਕਿ ਤੁਸੀਂ 50 ਸਾਲਾਂ ਬਾਅਦ ਆਪਣੇ ਪਿੰਡ ਆਪਣੇ ਘਰ ਜਾ ਕੇ ਆਏ ਹੋ, ਇਸਦਾ ਕੋਈ ਮਤਲਬ ਨਿਕਲਦਾ ਹੈ। ਮੈਂ ਕਿਹਾ ਨਿਕਲਦਾ ਵੀ ਹੈ ਅਤੇ ਨਹੀਂ ਵੀ। ਜੇ ਤੁਹਾਡੀ ਗੱਲ ਨੂੰ ਸਹੀ ਮੰਨ ਲਈਏ ਤਾਂ ਕਿਹੜਾ ਸਾਡਾ ਘਰ, ਕਿਹੜਾ ਸਾਡਾ ਪਿੰਡ, ਛਡ ਕੇ ਚਲੇ ਗਏ ਤੇ ਬੱਸ ਚਲੇ ਗਏ। ਅਗੇ ਜਾ ਕੇ ਜ਼ਮੀਨਾਂ ਦੇ ਬਦਲੇ ਜ਼ਮੀਨਾਂ ਮਿਲ ਗਈਆਂ ਅਤੇ ਘਰਾਂ ਦੇ ਬਦਲੇ ਘਰ ਮਿਲ ਗਏ। ਪਰ ਮਨੁਖ ਆਪਣੇ ਬੀਤੇ ਦੀਆਂ ਯਾਦਾਂ ਦੇ ਸਹਾਰੇ ਜੀਂਦਾ ਹੈ ਅਤੇ ਜਿਸ ਕੋਲ ਯਾਦਾਂ ਦਾ ਖਜ਼ਾਨਾ ਨਹੀਂ ਹੈ, ਉਸ ਨੂੰ ਗਰੀਬ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ। ਮੈਂ 1947 ਤੋਂ ਬਾਅਦ ਦੋ ਵਾਰ ਪਹਿਲਾਂ 1961 ਵਿਚ ਅਤੇ ਦੋਬਾਰਾ ਅਜ 22 ਮਾਰਚ ਨੂੰ ਆਪਣੇ ਛਡੇ ਘਰ ਨੂੰ ਫਿਰ ਵੇਖ ਕੇ ਸੰਤੁਸ਼ਟ ਮਹਿਸੂਸ ਕਰਦਾ ਹਾਂ। ਇਕਬਾਲ ਨੇ ਗੱਲ ਦਾ ਵਿਸ਼ਾ ਬਦਲ ਕੇ ਅਗਲੇ ਦਿਨ ਦਾ ਪਰੋਗਰਾਮ ਬਨਾਉਣਾ ਸ਼ੁਰੂ ਕਰ ਦਿਤਾ ਤੇ ਕਹਿਣ ਲੱਗਾ ਕਿ ਕੱਲ ਆਪਾਂ ਪਹਿਲਾਂ ਪੰਜਾਬੀ ਖੋਜ ਗੜ੍ਹ ਚਲਾਂਗੇ ਜੋ ਕਸੂਰ ਦੇ ਰਾਹ ਵਿਚ ਪੈਂਦਾ ਹੈ ਅਤੇ ਮੈਂ ਤੁਹਾਨੂੰ ਸੱਤ ਏਕੜ ਵਿਚ ਬਣੇ ਪੰਜਾਬੀ ਖੋਜਗੜ੍ਹ ਦੀ ਬਣਤਰ ਅਤੇ ਭਵਿਖ ਬਾਰੇ ਬਹੁਤ ਕੁਝ ਦੱਸਾਂਗਾ। ਫਿਰ ਅਗੇ ਕਸੂਰ ਬੁਲ੍ਹੇ ਸ਼ਾਹ ਦੇ ਮਜ਼ਾਰ ਤੇ ਚਲਾਂਗੇ। ਉਸ ਤੋਂ ਬਾਅਦ ਵਾਪਸੀ ਤੇ ਸ਼ਾਹ ਹੁਸੈਨ ਦੇ ਮਜ਼ਾਰ ਦੀ ਜ਼ਿਆਰਤ ਕਰ ਕੇ ਗੁਰਦਵਾਰਾ ਡੇਰਾ ਸਾਹਿਬ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਸ਼ਾਹੀ ਕਿਲਾ ਅਤੇ ਸ਼ਾਹੀ ਮਸਜਦ ਵੇਖਾਂਗੇ। ਖਾਣਾ ਖਾਣ ਤੀਕ ਰਾਤ ਦੇ ਬਾਰਾਂ ਵਜ ਗਏ ਸਨ ਅਤੇ ਜਦ ਇਕਬਾਲ ਨੂੰ ਲਾਹ ਕੇ ਅਸੀਂ ਗੁਲਬਰਗ ਆਬਾਦੀ ਨੂੰ ਜਾ ਰਹੇ ਸਾਂ ਤਾਂ ਇਕ ਟੈਕਸੀ ਸਟੈਂਡ ਤੇ ਪੋਲੀਸ ਨੇ ਸਾਨੂੰ ਰੋਕ ਲਿਆ। ਮੈਂ ਅਜੇ ਜੇਬ ਵਿਚੋਂ ਪਾਸਪੋਰਟ ਕਢਣ ਹੀ ਲੱਗਾ ਸਾਂ ਕਿ ਪੋਲੀਸ ਵਾਲਾ ਹੱਸ ਕੇ ਕਹਿਣ ਲੱਗਾ ਸਰਦਾਰ ਜੀ ਲਾਹੌਰ ਆਏ ਹੋ ਕੁਝ ਐਸ਼ ਵੈਸ਼ ਵੀ ਕਰੋ। ਓਥੇ ਕੁਝ ਰੌਲਾ ਜਿਹਾ ਪਿਆ ਹੋਇਆ ਲਗਦਾ ਸੀ। ਪੋਲੀਸ ਵਾਲਿਆਂ ਦੇ ਕੋਲ ਕਈ ਕੁਝ ਅਧਖੜ ਔਰਤਾਂ ਅਤੇ ਕੁਝ ਛੋਟੀਆਂ 15/16 ਸਾਲਾਂ ਦੀਆਂ ਛੋਟੀ ਉਮਰ ਦੀਆਂ ਕੁੜੀਆਂ ਖੜ੍ਹੀਆਂ ਹੋਈਆਂ ਸਨ। ਉਹ ਬੜੇ ਭੱਦੇ ਇਸ਼ਾਰੇ ਕਰ ਰਹੀਆਂ ਸਨ ਅਤੇ ਬੇਸ਼ਰਮੀ ਦਾ ਇਜ਼ਹਾਰ ਵੀ। ਪੁਲਸ ਵਾਲਾ ਜਿਸ ਪੀਤੀ ਹੋਈ ਲਗਦੀ ਸੀ, ਫਿਰ ਕਹਿਣ ਲੱਗਾ ਸਰਦਾਰ ਜੀ ਅਜ ਕੱਲ ਰਾਤ ਨੂੰ ਹੀਰਾ ਮੰਡੀ ਏਥੇ ਲਗਦੀ ਹੈ। ਇਹ ਸਭ ਵੇਖ ਮੈਂ ਚੌਕੰਨਾ ਜਿਹਾ ਹੋ ਗਿਆ ਪਰ ਉਹ ਪਾਕਿਸਤਾਨੀ ਹੂਕਰਾਂ ਕਾਰ ਅਗੇ ਆ ਕੇ ਖਲੋ ਗਈਆਂ ਤੇ ਕਹਿਣ ਲਗੀਆਂ ਸਾਨੂੰ ਦਾਰੂ ਪਿਆਓ। ਮੈਂ ਮੁਨੀਰ ਨੂੰ ਕਿਹਾ ਕਿ ਇਹਨਾਂ ਨੂੰ ਝਿੜਕ ਕੇ ਪਾਸੇ ਕਰ ਅਤੇ ਚਲੀਏ। ਗਡੀ ਚੱਲਣ ਤਕ ਉਹਨਾਂ ਦੀ ਸ਼ਰਾਬ ਪੀਣ ਦੀ ਮੰਗ ਦੀ ਪੁਕਾਰ ਚਲਦੀ ਰਹੀ। ਮੈਨੂੰ ਇਹ ਸਭ ਕੁਝ ਬੜਾ ਅਨੋਖਾ ਤੇ ਮਾੜਾ ਲੱਗਾ। ਆਪਣੇ ਪਾਕਿਸਤਾਨ ਦੇ ਸਫਰ ਵਿਚ ਮੇਰਾ ਇਸ ਮਾੜੀ ਘਟਨਾ ਨੂੰ ਲਿਖਣ ਨੂੰ ਵੀ ਦਿਲ ਨਹੀਂ ਕਰਦਾ ਸੀ ਅਤੇ ਸਮਝਦਾ ਹਾਂ ਕਿ ਇਸ ਤਰ੍ਹਾਂ ਘਟਨਾ ਲਿਖਣੀ ਸ਼ੋਭਾ ਵੀ ਨਹੀਂ ਦਿੰਦੀ ਪਰ ਜੋ ਵੇਖਿਆ, ਸੱਚ ਲਿਖਣਾ ਕਿਸੇ ਮੁਲਕ ਦੀ ਵੇਖੀ ਸਹੀ ਤਸਵੀਰ ਨੂੰ ਪੇਸ਼ ਕਰਨਾ ਲੇਖਕ ਦਾ ਫਰਜ਼ ਹੁੰਦਾ ਹੈ। ਉਂਜ ਵੀ ਹਰ ਦੇਸ਼ ਦੀਆਂ ਅਖਬਾਰਾਂ ਵਿਚ ਅਕਸਰ ਇਸ ਤਰ੍ਹਾਂ ਦੀਆਂ ਖਬਰਾਂ ਛਪਦੀਆਂ ਹੀ ਰਹਿੰਦੀਆਂ ਹਨ। ਕਿਸੇ ਵੀ ਸਮਾਜ ਵਿਚ ਕੁਝ ਵੀ ਮਾੜਾ ਹੋ ਸਕਦਾ ਹੈ। ਦਰਅਸਲ ਇਸ ਮਾੜੀ ਘਟਨਾ ਪਿਛੇ ਢਿੱਡ ਦੀ ਭੁੱਖ ਹੀ ਤਾਂ ਛੁਪੀ ਹੋਈ ਸੀ ਜੋ ਭੁਖ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਸ ਮਾੜੇ ਪਾਸ ਵੱਲ ਤੋਰਦੀ ਹੈ। ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਦਾ ਇਕੋ ਇਕ ਤਰੀਕਾ ਬੈੱਡ ਤੇ ਲੇਟ, ਅੱਖਾਂ ਬੰਦ ਕਰ ਨੀਂਦ ਵਿਚ ਗਵਾਚਣਾ ਸੀ ਪਰ ਸਾਰੇ ਦਿਨ ਦੀ ਭਾਰੀ ਥਕਾਵਟ ਕਾਰਨ ਨੀਂਦ ਨਹੀਂ ਆ ਰਹੀ ਸੀ। ਮੇਰਾ ਜਿਸਮ ਜ਼ਿਆਦਾ ਥਕਿਆ ਹੋਵੇ ਤਾਂ ਮੈਨੂੰ ਨੀਂਦ ਆਉਣ ਵਿਚ ਬੜੀ ਦਿੱਕਤ ਪੇਸ਼ ਆਉਂਦੀ ਹੈ। ਆਖਰ ਜਿਸ ਵੇਲੇ ਨੀਂਦ ਨੇ ਆਉਣਾ ਸੀ, ਉਸ ਵੇਲੇ ਹੀ ਔਣਾ ਸੀ ਅਤੇ ਜਦ ਸਵੇਰੇ ਮੇਰੀ ਜਾਗ ਖੁਲ੍ਹੀ ਤਾਂ ਦਿਨ ਕਾਫੀ ਚੜ੍ਹ ਚੁਕਾ ਸੀ। ਮੈਂ ਮੁਨੀਰ ਨੂੰ ਚਾਹ ਦਾ ਕੱਪ ਲਿਆਉਣ ਲਈ ਫੋਨ ਕਰ ਦਿਤਾ ਅਤੇ ਉਹ ਪੰਦਰਾਂ ਮਿੰਟਾਂ ਤਕ ਚਾਹ ਦੀ ਕੇਤਲੀ ਲੈ ਕੇ ਆ ਗਿਆ।
---ਚਲਦਾ---