ਦਮ ਤੋੜ ਰਹੇ ਰਿਸ਼ਤੇ ਨਾਤੇ (ਲੇਖ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਈ ਸਮਾਂ ਸੀ, ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਸੀ। ਰਿਸ਼ਤੇਦਾਰਾਂ ਨੂੰ ਮਿਲ ਕੇ ਮਨ ਨੂੰ ਖੁਸ਼ੀ ਤੇ ਹੁਲਾਸ ਮਿਲਦਾ ਸੀ। ਮਾਪਿਆਂ ਤੋਂ ਉਹੀ ਸੰਸਕਾਰ ਬੱਚਿਆਂ ਵਿੱਚ ਆਪ ਮੁਹਾਰੇ ਪਹੁੰਚ ਜਾਂਦੇ। ਉਹਨਾਂ ਨੂੰ ਵੀ ਚਾਅ ਚੜ੍ਹ ਜਾਂਦਾ- ਭੂਆ ਜਾਂ ਮਾਸੀ ਦੇ ਆਉਣ ਤੇ। ਕਿਉਂਕਿ ਬੱਚੇ ਜਿਸ ਤਰ੍ਹਾਂ ਦੇ ਮਹੌਲ ਵਿੱਚ ਪਲਦੇ ਹਨ ਉਸੇ ਦਾ ਪ੍ਰਭਾਵ ਕਬੂਲਦੇ ਹਨ। ਸੋ ਬੱਚੇ ਵੀ, ਆਪਣੇ ਖਿਡੌਣੇ, ਕਿਤਾਬਾਂ, ਆਪਣੇ ਚਚੇਰੇ- ਮਸੇਰੇ ਭੈਣ ਭਰਾਵਾਂ ਨੂੰ ਖੁਸ਼ੀ ਨਾਲ ਵਿਖਾਉਂਦੇ ਤੇ ਰਲ ਕੇ ਖੇਡਦੇ। ਰਲ ਕੇ ਇੱਕੋ ਬੈੱਡ ਤੇ ਸੌਂਦੇ। ਮਹਿਮਾਨਾਂ ਦੀ ਆਓ ਭਗਤ ਵਿੱਚ ਮਾਪਿਆਂ ਦਾ ਹੱਥ ਵਟਾ ਕੇ, ਬੱਚੇ ਖੁਸ਼ੀ ਮਹਿਸੂਸ ਕਰਦੇ। ਛੁੱਟੀਆਂ ਵਿੱਚ ਤਾਂ ਸਾਰੇ ਘਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਕਿਉਂਕਿ ਸਭ ਬੱਚੇ ਨਾਨਕੇ, ਦਾਦਕੇ ਦਸ ਦਸ ਦਿਨ ਰਹਿ ਕੇ ਜਾਂਦੇ ਤੇ ਫੇਰ ਸਾਰਾ ਸਾਲ ਖ਼ੂਬ ਪੜ੍ਹਾਈ ਕਰਦੇ। ਇਸ ਤਰ੍ਹਾਂ ਦੇ ਮਹੌਲ ਵਿੱਚ ਬੱਚਿਆਂ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਹੋਣਾ, ਕੁਦਰਤੀ ਵਰਤਾਰਾ ਬਣ ਜਾਂਦਾ। ਉਹ ਮਿਲਵਰਤਣ, ਵੰਡ ਕੇ ਖਾਣਾ, ਰਲ ਕੇ ਖੇਡਣਾ, ਵੱਡਿਆਂ ਦਾ ਆਦਰ ਸਤਿਕਾਰ, ਸਹਿਨਸ਼ੀਲਤਾ, ਸਬਰ ਸੰਤੋਖ, ਮਹਿਮਾਨਾਂ ਦੀ ਆਓ ਭਗਤ.. ਆਦਿ- ਸਹਿਜੇ ਹੀ ਸਿੱਖ ਜਾਂਦੇ।
ਆਧੁਨਿਕ ਯੁੱਗ ਵਿੱਚ, ਹਰੇਕ ਬੱਚੇ ਦਾ ਆਪਣਾ ਕਮਰਾ ਹੈ, ਆਪਣਾ ਟੀ. ਵੀ. ਹੈ, ਹੱਥ ਵਿੱਚ ਮੋਬਾਇਲ ਹੈ- ਗੱਲ ਕੀ ਉਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ। ਜਦੋਂ ਕੋਈ ਮਹਿਮਾਨ ਆਉਂਦਾ ਹੈ ਤਾਂ ਬੱਚਿਆਂ ਨੂੰ ਖੁਸ਼ੀ ਨਹੀਂ ਹੁੰਦੀ ਸਗੋਂ ਆਪਣੀ ਆਜ਼ਾਦੀ ਦੇ ਖੁੱਸਣ ਦਾ ਡਰ ਹੁੰਦਾ ਹੈ। ਮੇਰੀ ਇੱਕ ਸਹੇਲੀ ਦੇ ਦੱਸਣ ਮੁਤਾਬਕ- ਉਸ ਦਾ ਘਰ ਤਿੰਨ ਬੈੱਡ ਰੂਮ ਦਾ ਹੈ। ਇੱਕ ਕਮਰਾ ਆਪਣਾ, ਇੱਕ ਬੱਚਿਆਂ ਦਾ ਤੇ ਤੀਸਰਾ ਗੈਸਟ ਰੂਮ ਵਜੋਂ ਵਰਤਿਆ ਜਾਂਦਾ ਸੀ। ਜਿਉਂ ਹੀ ਬੱਚੇ ਕੁੱਝ ਵੱਡੇ ਹੋ ਗਏ, ਉਹਨਾਂ ਵੱਖੋ ਵੱਖਰੇ ਕਮਰੇ ਲੈ ਲਏ। ਜਦੋਂ ਕੋਈ ਗੈਸਟ ਆਉਂਦਾ ਹੈ ਤਾਂ ਬੱਚੇ ਪੁੱਛਦੇ ਹਨ ਕਿ ਇਹ ਰਾਤ ਤਾਂ ਨਹੀਂ ਰੁਕਣਗੇ? ਕਿਉਂਕਿ ਮੁੰਡਾ ਤੇ ਕੁੜੀ, ਕਿਸੇ ਬੱਚੇ ਨਾਲ ਆਪਣਾ ਬੈੱਡ ਤੇ ਕਮਰਾ ਸ਼ੇਅਰ ਕਰਨ ਲਈ ਤਿਆਰ ਨਹੀਂ ਹੁੰਦੇ। ਸੋ ਕਿਸੇ ਮਾਸੀ ਭੂਆ ਦੇ ਆ ਜਾਣ ਤੇ ਦੋਹਾਂ ਨੂੰ ਸੋਗ ਪੈ ਜਾਂਦਾ ਹੈ। ਦੱਸੋ ਲੋਹੜਾ ਆ ਗਿਆ! ਸਾਨੂੰ ਤਾਂ ਚਾਅ ਚੜ੍ਹ ਜਾਂਦਾ ਸੀ ਜਦ ਕੋਈ ਪ੍ਰਾਹੁਣਾ ਘਰ ਆਉਂਦਾ ਸੀ। ਅਸੀਂ ਤਾਂ ਭੈਣਾਂ ਇੱਕ ਮੰਜੀ ਤੇ, ਅਤੇ ਭਰਾ ਦੂਜੀ ਤੇ ਸੌਂ ਜਾਂਦੇ ਸਾਂ ਅਤੇ ਦੋਵੇਂ ਮੰਜੀਆਂ ਨਾਲ ਜੋੜ ਲਈਦੀਆਂ ਸੀ ਕਿ ਸਾਰੀ ਰਾਤ ਗੱਲਾਂ ਬਾਤਾਂ ਕਰਾਂਗੇ। 
ਅੱਜ ਦਾ ਯੁੱਗ ਇਲੈਕਟ੍ਰੌਨਿਕਸ ਦਾ ਯੁੱਗ ਹੈ। ਜਿੱਥੇ ਦੁਨੀਆਂ ਅੱਜ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ, ਉੱਥੇ ਨਵੀਂ ਪੀੜ੍ਹੀ ਨੂੰ ਇਸ ਨੇ ਇੰਨਾ ਸਵੈ ਕੇਂਦ੍ਰਿਤ (ਸੈਲਫ ਸੈਂਟਰਡ) ਬਣਾ ਦਿੱਤਾ ਹੈ ਕਿ ਉਹਨਾਂ ਦਾ ਰਿਸ਼ਤਾ ਤਾਂ ਪਰਿਵਾਰ ਦੇ ਮੈਂਬਰਾਂ ਨਾਲ ਵੀ ਖਤਮ ਹੁੰਦਾ ਜਾ ਰਿਹਾ ਹੈ। ਸਾਡੇ ਬੱਚੇ ਨੂੰ ਇਹ ਪਤਾ ਹੈ- ਕਿ ਦੁਨੀਆਂ ਦੇ ਕਿਸ ਹਿੱਸੇ ਵਿੱਚ ਕੀ ਹੋ ਰਿਹਾ ਹੈ, ਪਰ ਉਸ ਦੇ ਘਰ ਦੇ ਮੈਂਬਰਾਂ ਦਾ ਕੀ ਹਾਲ ਹੈ, ਉਹਨਾਂ ਦੀਆਂ ਕੀ ਭਾਵਨਾਵਾਂ ਹਨ, ਕੀ ਮਜਬੂਰੀਆਂ ਹਨ- ਇਸ ਤੋਂ ਉਹ ਬਿਕਕੁਲ ਅਨਜਾਣ ਹਨ। ਖਾਣੇ ਦੇ ਸਮੇਂ ਵੀ ਸਾਰਾ ਪਰਿਵਾਰ ਇਕੱਠਾ ਨਹੀਂ ਬੈਠਦਾ, ਕਿਉਂਕਿ ਉਸ ਸਮੇਂ ਕਿਸੇ ਦਾ ਟੀ. ਵੀ ਤੇ ਮੈਚ ਚਲ ਰਿਹਾ ਹੈ ਤੇ ਕਿਸੇ ਦਾ ਸੀਰੀਅਲ। ਕਿਸੇ ਨੇ ਦੋਸਤ ਨਾਲ ਚੈਟਿੰਗ ਕਰਨੀ ਹੈ.. ਕੋਈ ਫੇਸ ਬੁੱਕ ਖੋਲ੍ਹੀ ਬੈਠਾ ਹੈ ਤੇ ਕਿਸੇ ਨੇ ਵਟਸ ਐਪ ਤੇ ਮੈਸੇਜ ਪੜ੍ਹਨੇ ਹਨ ਤੇ ਕਮੈਂਟਸ ਦੇਣੇ ਹਨ। ਜੇ ਮਾਪਿਆਂ ਨਾਲ ਪੜ੍ਹਾਈ ਦੀਆਂ, ਸਕੂਲਾਂ ਕਾਲਜਾਂ ਦੀਆਂ, ਦੋਸਤਾਂ ਸਹੇਲੀਆਂ ਦੀਆਂ- ਦਿਨ ਭਰ ਦੀਆਂ ਗੱਲਾਂ ਸਾਂਝੀਆਂ ਨਹੀਂ ਕਰਨੀਆਂ ਤਾਂ ਇਹਨਾਂ ਰਿਸ਼ਤਿਆਂ ਵਿੱਚ ਨੇੜਤਾ ਕਿਵੇਂ ਆਏਗੀ? ਛੋਟੇ ਬੱਚਿਆਂ ਦੇ ਹੱਥਾਂ ਵਿੱਚ ਅਸੀਂ ਮੋਬਾਇਲ ਦੇ ਦੇਂਦੇ ਹਾਂ ਤੇ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ- ਉਹ ਕਿਸ ਤਰ੍ਹਾਂ ਦੇ ਦੋਸਤਾਂ ਨਾਲ ਕਿਸ ਤਰ੍ਹਾਂ ਦੀ ਚੈਟਿੰਗ ਕਰ ਰਹੇ ਹਨ? ਕਿਤੇ ਉਹਨਾਂ ਦੇ ਸਾਥੀ ਗੁੰਮਰਾਹ ਤਾਂ ਨਹੀਂ ਕਰ ਰਹੇ? ਇਹ ਜਾਨਣ ਦੀ ਮਾਪੇ ਵੀ ਕੋਸ਼ਿਸ਼ ਨਹੀਂ ਕਰਦੇ।
ਇੱਕ ਵਾਰੀ ਅਸੀਂ ਕਿਸੇ ਜਾਣਕਾਰ ਦੇ ਘਰ ਗਏ। ਮੀਆਂ ਬੀਵੀ ਨੇ ਚਾਹ ਪਾਣੀ ਪਿਆਇਆ ਤੇ ਗੱਲ ਬਾਤ ਕਰਦੇ ਰਹੇ। ਬੱਚਿਆਂ ਬਾਰੇ ਗੱਲਾਂ ਚੱਲੀਆਂ ਤਾਂ ਅਸੀਂ ਪੁੱਛਿਆ ਕਿ- ਕੀ ਬੱਚੇ ਕਿਤੇ ਬਾਹਰ ਗਏ ਹੋਏ ਹਨ? ਕਿਉਂਕਿ ਸਾਨੂੰ ਘੰਟਾ ਕੁ ਬੈਠਿਆਂ ਹੋ ਗਿਆ ਸੀ, ਪਰ ਉਹ ਕਿਤੇ ਦਿਖਾਈ ਨਾ ਦਿੱਤੇ। "ਨਹੀਂ ਆਪਣੇ ਕਮਰਿਆਂ ਵਿੱਚ ਹੀ ਹਨ.." ਉਹ ਸ਼ਰਮਿੰਦੇ ਜਿਹੇ ਹੋ ਕੇ ਕਹਿਣ ਲੱਗੇ। ਫਿਰ ਦੋ ਵਾਰੀ ਬੁਲਾਣ ਵੀ ਗਏ ਪਰ ਬੱਚੇ ਮਸਾਂ ਹੀ ਸਾਡੇ ਜਾਣ ਵਕਤ 'ਸਤਿ ਸ੍ਰੀ ਅਕਾਲ' ਬੁਲਾਣ ਲਈ ਆਏ। ਉਹਨਾਂ ਦੇ ਚਿਹਰਿਆਂ ਤੋਂ ਲਗਦਾ ਸੀ ਕਿ ਮਾਪਿਆਂ ਦੇ ਬਾਰ ਬਾਰ ਕਹਿਣ ਤੇ ਜਬਰਦਸਤੀ ਆਏ ਹਨ। ਕਈ ਬੱਚਿਆਂ ਦਾ ਜਵਾਬ ਹੁੰਦਾ ਹੈ ਕਿ ਜਿਹਨਾਂ ਨੂੰ ਅਸੀਂ ਜਾਣਦੇ ਨਹੀਂ, ਉਹਨਾਂ ਨੂੰ ਕਿਉਂ ਮਿਲੀਏ? ਭਾਈ- ਜੇ ਮਿਲੋਗੇ ਨਹੀਂ ਤਾਂ ਜਾਣੋਗੇ ਕਿਵੇਂ?
ਮੇਰਾ ਖਿਆਲ ਹੈ ਕਿ ਇਕੱਲੀ ਨਵੀਂ ਪੀੜ੍ਹੀ ਨੂੰ ਦੋਸ਼ ਦੇਣਾ ਸਰਾਸਰ ਗਲਤ ਹੈ। ਇਸ ਵਿੱਚ ਦੋਸ਼ ਮਾਪਿਆਂ ਦਾ ਵੱਧ ਹੈ। ਮਾਪੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਚੱਕਰ ਵਿੱਚ ਲੱਗੇ ਰਹਿੰਦੇ ਹਨ ਤੇ ਬੱਚਿਆਂ ਨੂੰ ਲੋੜੀਂਦਾ ਸਮਾਂ ਨਹੀਂ ਦਿੰਦੇ। ਛੋਟੇ ਛੋਟੇ ਬੱਚਿਆਂ ਨੂੰ ਕਰੈੱਚਾਂ ਜਾਂ ਬੇਬੀ ਸਿੱਟਰਾਂ ਕੋਲ ਜਾਂ ਘਰੇਲੂ ਨੌਕਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਕੁੱਝ ਵੱਡੇ ਹੁੰਦੇ ਹਨ ਤਾਂ ਉਹਨਾਂ ਹੱਥ ਟੀ. ਵੀ. ਦੇ ਰਿਮੋਰਟ ਫੜਾ ਦਿੱਤੇ ਜਾਂਦੇ ਹਨ। ਮਾਂ ਖੁਸ਼ ਹੁੰਦੀ ਹੈ ਕਿ ਬੱਚਾ ਆਹਰੇ ਲੱਗਾ ਹੈ, ਤੇ ਆਪਣਾ ਕੰਮ ਕਰੀ ਜਾਂਦੀ ਹੈ ਜਾਂ ਆਪਣੇ ਮੋਬਾਇਲ ਤੇ ਆਪਣੀਆਂ ਸਹੇਲੀਆਂ ਨਾਲ ਗੱਪ ਸ਼ੱਪ ਮਾਰੀ ਜਾਂਦੀ ਹੈ। ਬੱਚਾ ਜ਼ਰਾ ਕੁ ਹੋਰ ਵੱਡਾ ਹੁੰਦਾ ਹੈ ਤਾਂ ਮਾਂ ਬਾਪ ਦੇ ਹੱਥੋਂ ਮੋਬਾਇਲ ਖੋਹਣ ਲੱਗ ਜਾਂਦਾ ਹੈ ਤੇ ਮਾਪੇ ਆਪਣਾ ਖਹਿੜਾ ਛੁਡਾਉਣ ਲਈ ਉਸ ਨੂੰ ਵੱਖਰਾ ਮੋਬਾਇਲ ਲੈ ਦਿੰਦੇ ਹਨ। ਇੰਨੀ ਛੋਟੀ ਉਮਰ ਵਿੱਚ ਮੋਬਾਇਲ ਦੀ ਸਾਰੀ ਟੈਕਨੀਕ ਬੱਚੇ ਨੂੰ ਤੁਰੰਤ ਆ ਜਾਂਦੀ ਹੈ, ਤੇ ਮਾਂ ਬਾਪ ਹੋਰ ਖੁਸ਼ ਹੁੰਦੇ ਹਨ। ਕੁੱਝ ਹੋਰ ਵੱਡਾ ਹੁੰਦਾ ਹੈ ਤਾਂ ਲੈਪਟੌਪ ਦੀ ਮੰਗ ਸ਼ੁਰੂ ਹੋ ਜਾਂਦੀ ਹੈ। ਸਰਫੇ ਦੇ ਬੱਚੇ ਹੋਣ ਕਾਰਨ ਅਸੀਂ ਉਹਨਾਂ ਦੀ ਹਰ ਮੰਗ ਔਖੇ ਹੋ ਕੇ ਵੀ ਪੂਰੀ ਕਰਦੇ ਹਾਂ ਤਾਂ ਕਿ ਉਹ ਕਿਧਰੇ ਸਾਡੇ ਨਾਲ ਨਰਾਜ਼ ਨਾ ਹੋ ਜਾਣ। ਹੌਲੀ ਹੌਲੀ ਬੱਚੇ ਇਹਨਾਂ ਚੀਜਾਂ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਸਭ ਰਿਸ਼ਤੇ ਨਾਤੇ ਭੁੱਲ ਬੈਠਦੇ ਹਨ। ਠੀਕ ਹੈ- ਟੈਕਨੌਲੋਜੀ ਦਾ ਯੁੱਗ ਹੈ ਸਭ ਕੁੱਝ ਲੈ ਕੇ ਦੇਣਾ ਪੈਂਦਾ ਹੈ ਪਰ ਇਸ ਦਾ, ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸੇਹਤ ਤੇ ਕੀ ਅਸਰ ਪੈਂਦਾ ਹੈ- ਇਸ ਦਾ ਧਿਆਨ ਰੱਖਣਾ ਵੀ ਤਾਂ ਮਾਪਿਆਂ ਦਾ ਹੀ ਫਰਜ਼ ਬਣਦਾ ਹੈ ਨਾ!
ਬੱਚਿਆਂ ਦੀ ਕੀ ਗੱਲ ਕਰੀਏ- ਅਸੀਂ ਸਮਝਦਾਰ ਲੋਕ ਵੀ ਇਹਨਾਂ ਉਪਕਰਣਾਂ ਦੇ ਇੰਨੇ ਆਦੀ ਹੋ ਗਏ ਹਾਂ ਕਿ- ਪੁੱਛੋ ਹੀ ਨਾ! ਇਕ ਦਿਨ ਇੱਕ ਰਿਸ਼ਤੇਦਾਰ ਸਾਡੇ ਘਰ ਆਏ। ਮਿਲਦੇ ਸਾਰ ਹੀ ਜੇਬ ਨੂੰ ਹੱਥ ਲਾ ਕੇ ਡੌਰ ਭੋਰੇ ਹੋ ਗਏ। ਅਸੀਂ ਪੁੱਛਿਆ- "ਕੀ ਹੋਇਆ?" ਤਾਂ ਕਹਿਣ ਲੱਗੇ ਕਿ- "ਮੋਬਾਇਲ ਦੀ ਬੈਟਰੀ ਡਾਊਨ ਹੈ ਤੇ ਚਾਰਜਰ ਭੁੱਲ ਆਏ ਹਾਂ।" ਖੈਰ ਚਾਰਜਰ ਦਾ ਬੰਦੋਬਸਤ ਕੀਤਾ ਤਾਂ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਫਿਰ ਉਹਨਾਂ ਕਿਸੇ ਦੀ ਸੁੱਖ ਸਾਂਦ ਨਹੀਂ ਪੁੱਛੀ ਕਹਿਣ ਲੱਗੇ ਕਿ- "ਤੁਹਾਡਾ ਵਾਈ ਫਾਈ ਦਾ ਪਾਸਵਰਡ ਕੀ ਹੈ ਮੇਰਾ ਨੈੱਟ ਨਹੀਂ ਚਲ ਰਿਹਾ?" ਤੇ ਫਿਰ ਵਟਸ ਐਪ ਤੇ ਮੈਸੇਜ ਪੜ੍ਹਨ ਲਗ ਗਏ। ਅਗਰ ਰਿਸ਼ਦੇਦਾਰਾਂ ਨਾਲ ਕੋਈ ਪਿਆਰ ਮੁਹੱਬਤ ਦੀ ਗੱਲ ਹੀ ਨਹੀਂ ਕਰਨੀ ਤਾਂ ਫਿਰ ਆਉਣ ਦਾ ਕੀ ਫਾਇਦਾ? ਕਿਵੇਂ ਰਹੇਗੀ ਸਾਡੇ ਰਿਸ਼ਤਿਆਂ ਵਿੱਚ ਅਪਣੱਤ?
ਮੁੱਕਦੀ ਗੱਲ ਤਾਂ ਇਹ ਹੈ ਕਿ ਬਹੁਤ ਛੋਟੇ ਬੱਚਿਆਂ ਨੂੰ ਮਾਵਾਂ ਵੱਧ ਤੋਂ ਵੱਧ ਸਮਾਂ ਦੇਣ। ਜੇ ਨੌਕਰੀ ਪੇਸ਼ਾ ਹੋ ਤਾਂ ਬਜ਼ੁਰਗਾਂ ਦੀ ਮਦਦ ਲਈ ਜਾ ਸਕਦੀ ਹੈ। ਦਾਦਾ ਦਾਦੀ, ਨਾਨਾ ਨਾਨੀ ਉਹਨਾਂ ਨੂੰ ਚੰਗੇ ਸੰਸਕਾਰ ਵੀ ਦੇਣਗੇ ਤੇ ਰਿਸ਼ਤਿਆਂ ਬਾਰੇ ਵੀ ਦਸਦੇ ਰਹਿਣਗੇ। ਬੱਚਿਆਂ ਨੂੰ ਜੇ ਸਵੇਰੇ ਨਹੀਂ ਤਾਂ ਸ਼ਾਮ ਨੂੰ ਕਿਸੇ ਪਾਰਕ ਆਦਿ ਵਿੱਚ ਲਿਜਾਇਆ ਜਾਵੇ ਤਾਂ ਕਿ ਉਹ ਕੁੱਝ ਸਮਾਂ ਇਹਨਾਂ ਉਪਕਰਣਾਂ ਤੋਂ ਹਟ ਕੇ ਕੁਦਰਤ ਦੀ ਗੋਦ ਨੂੰ ਵੀ ਮਾਨਣ, ਦੂਜੇ ਸਾਥੀਆਂ ਨੂੰ ਮਿਲਣ ਜੁਲਣ, ਖੇਡਣ ਤੇ ਕਸਰਤ ਵੀ ਕਰਨ। ਛੁਟੀਆਂ ਵਿੱਚ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਜਰੂਰ ਮਿਲਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਰਿਸ਼ਤਿਆਂ ਬਾਰੇ ਜਾਣਕਾਰੀ ਹੋਵੇ ਤੇ ਰਿਸ਼ਤਿਆਂ ਦਾ ਸਤਿਕਾਰ ਕਰਨਾ ਵੀ ਆਵੇ। ਮਹਿਮਾਨਾਂ ਦੇ ਘਰ ਆਉਣ ਤੇ ਬੱਚਿਆਂ ਨੂੰ ਕਮਰਿਆਂ 'ਚੋਂ ਬਾਹਰ ਕੱਢਣਾ ਹੀ ਜਰੂਰੀ ਨਹੀਂ, ਸਗੋਂ ਮਹਿਮਾਨ ਨਿਵਾਜ਼ੀ ਵਿੱਚ ਉਹਨਾਂ ਦਾ ਸਹਿਯੋਗ ਲਿਆ ਜਾਵੇ- ਉਹਨਾਂ ਦੀਆਂ ਗੱਲਾਂ ਵਿੱਚ ਉਹਨਾਂ ਨੂੰ ਸ਼ਾਮਲ ਵੀ ਕੀਤਾ ਜਾਵੇ। ਇਸ ਨਾਲ ਬੱਚਿਆਂ ਵਿੱਚ ਸਵੈ- ਵਿਸ਼ਵਾਸ  ਪੈਦਾ ਹੋਵੇਗਾ ਤੇ ਉਹ ਸਮਾਜ ਵਿੱਚ ਆਪਣੀ ਯੋਗ ਥਾਂ ਵੀ ਬਣਾ ਸਕਣਗੇ।
ਇਸ ਲਈ ਪਹਿਲਾਂ ਸਾਨੂੰ ਰੋਲ ਮਾਡਲ ਬਨਣਾ ਪਏਗਾ। ਖੁਦ ਨੂੰ ਵੀ ਇਹਨਾਂ ਉਪਕਰਣਾ ਦੀ ੨੪ ਘੰਟੇ ਦੀ ਗੁਲਾਮੀ ਵਿੱਚੋਂ ਬਾਹਰ ਕੱਢਣਾ ਪਏਗਾ। ਜੇ ਅਸੀਂ ਅਜੇ ਵੀ ਨਾ ਸੰਭਲੇ- ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਇਹਨਾਂ ਦੇ ਇੰਨੇ ਗੁਲਾਮ ਹੋ ਜਾਣਗੇ ਕਿ ਉਹ ਹੋਰ ਰਿਸ਼ਤੇ ਨਾਤੇ ਤਾਂ ਦੂਰ ਦੀ ਗੱਲ- ਉਹ ਆਪਣੇ ਮਾਪਿਆਂ ਨੂੰ ਵੀ ਭੁੱਲ ਜਾਣਗੇ।

samsun escort canakkale escort erzurum escort Isparta escort cesme escort duzce escort kusadasi escort osmaniye escort