ਫ਼ਾਸਲਾ (ਕਹਾਣੀ)

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


(ਹਿੰਦ-ਪਾਕ ਸਬੰਧਾਂ ਨੂੰ ਸਮਰਪਤ)

         ਦੇਸ਼ ਦੀ ਵੰਡ ਨੂੰ ਭਾਵੇਂ ਕਈ ਵਰ੍ਹੇ ਹੋ ਗਏ ਸਨ ਤੇ ਇਹਨਾਂ ਕਈ ਵਰ੍ਹਿਆਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਕਈ ਤਰ੍ਹਾਂ ਦੀਆਂ ਲੜਾਈਆਂ ਵੀ ਲੜੀਆਂ ਜਾ ਚੁੱਕੀਆਂ ਸਨ, ਪਰ ਤਾਂ ਵੀ ਕਰਤਾਰ ਸਿੰਘ ਦੇ ਮਨ ਵਿਚ ਉਸ ਧਰਤੀ ਲਈ ਮੋਹ ਨਹੀਂ ਸੀ ਘਟਿਆ ਜਿਹੜੀ ਉਹ ਪਾਕਿਸਤਾਨ ਛੱਡ ਆਇਆ ਸੀ। ਉਹਦੀ ਹਯਾਤੀ ਦਾ ਇਕ ਵੀ ਦਿਨ ਜਾਂ ਰਾਤ ਅਜਿਹੀ ਨਹੀਂ ਸੀ ਬੀਤੀ, ਜਦੋਂ ਉਹ ਖ਼ਿਆਲਾਂ ਹੀ ਖ਼ਿਆਲਾਂ ਜਾਂ ਸੁਪਨੇ ਵਿਚ ਘੱਟੋ-ਘੱਟ ਇਕ ਵਾਰ ਆਪਣੇ ਪਿੰਡ ਨਾ ਜਾ ਕੇ ਆਇਆ ਹੋਵੇ। ਉਹ ਪਿੰਡ, ਜਿਥੇ ਉਹਦਾ ਬਚਪਨ ਬੀਤਿਆ ਸੀ ਤੇ ਜਵਾਨੀ ਚੜ੍ਹੀ ਸੀ। ਜਿਸ ਪਿੰਡ ਵਿਚ ਉਹਦੇ ਦੋ ਬਾਗ ਤੇ ਅੰਤਾਂ ਦੀ ਜ਼ਮੀਨ ਸੀ। ਜਿਥੇ ਉਹਨੇ ਪਿੰਡ ਲਾਗਲੀ ਨਹਿਰ 'ਚ ਤੱਤੇ ਰੇਤੇ ਤੇ ਲੇਟ-ਲੇਟ ਠੰਡੇ ਪਾਣੀਆਂ ਵਿਚ ਚੁੱਭੀਆਂ ਮਾਰੀਆਂ ਸਨ। ਜਿਥੇ ਉਹਨੇ ਹਰੀਆਂ ਚਰਾਂਦਾਂ 'ਚ ਮੱਝਾਂ ਚਾਰੀਆਂ ਤੇ ਮਲ੍ਹਿਆਂ ਦੇ ਬੇਰ, ਵਣਾਂ ਦੀਆਂ ਪੀਲਾਂ ਤੇ ਕਰੀਰਾਂ ਦੇ ਪੇਂਝੂ ਤੋੜ-ਤੋੜ ਖਾਧੇ ਸਨ। ਜਿਥੇ ਪਿੰਡ ਦੇ ਮਦਰੱਸੇ ਵਿਚ ਉਹਨੇ ਮੁੱਢਲੀ ਤਾਲੀਮ ਹਾਸਿਲ ਕੀਤੀ ਸੀ। ਜਿਥੇ ਉਹਦੇ ਬਚਪਨ ਦੇ ਬਣੇ ਦੋਸਤ ਸਨ ਜੋ ਉਹਨੂੰ ਅਜੇ ਤੀਕ ਨਹੀਂ ਸਨ ਭੁੱਲ ਰਹੇ। ਹਲੀਮ ਮਸੀਹ, ਬਸ਼ੀਰਾ ਤੇ ਅੱਲਾ ਦਿੱਤਾ ਉਹਦੇ ਬਚਪਨ ਦੇ ਕਿੰਨੇ ਗੂੜ੍ਹੇ ਯਾਰ ਸਨ। ਭਾਵੇਂ ਉਹ ਈਸਾਈ ਤੇ ਮੁਸਲਮਾਨ ਸਨ, ਪਰ ਕਰਤਾਰਾ ਉਹਨਾਂ ਦੇ ਘਰ ਅਕਸਰ ਰੋਟੀ ਪਾਣੀ ਖਾ ਪੀ ਆਉਂਦਾ ਤੇ ਉਹ ਵੀ ਇਹਨਾਂ ਦੇ ਘਰੋਂ ਖਾ ਪੀ ਜਾਂਦੇ। ਬਸ਼ੀਰੇ ਤੇ ਅੱਲਾ ਦਿੱਤੇ ਨਾਲ ਰਲ ਕੇ ਕਰਤਾਰ ਨੇ ਬਚਪਨ 'ਚ ਕਈ ਵੇਰਾਂ ਡਾਕ ਬੰਗਲੇ ਦੇ ਬਾਗਾਂ ਵਿਚੋਂ ਫੁੱਲ ਤੋੜੇ ਸਨ। ਫੁੱਲਾਂ ਦੀ ਚੋਰੀ ਕਰਦਿਆਂ ਉਹਨਾਂ ਸਭ ਨੂੰ ਕਿੰਨਾ ਸਵਾਦ ਆਉਂਦਾ ਹੁੰਦਾ ਸੀ। ਇਕ ਵਾਰ ਉਹ ਸਾਰੇ ਫੜੇ ਵੀ ਗਏ ਸਨ, ਪਰ ਡਾਕ ਬੰਗਲੇ ਦੇ ਮਾਲੀ ਨੇ ਇਹ ਵੇਖ ਕੇ ਛੱਡ ਦਿੱਤੇ ਕਿ ਸਿੱਖਾਂ ਦੇ ਮੁੰਡੇ ਦੀ ਮੁਸਲਮਾਨ ਮੁੰਡਿਆਂ ਨਾਲ ਕਿੰਨੀ ਗੂੜ੍ਹੀ ਯਾਰੀ ਸੀ। 

ਜਦੋਂ ਦੇਸ਼ ਦੀ ਵੰਡ ਹੋਈ ਤਾਂ ਹਲੀਮ, ਬਸ਼ੀਰਾ ਤੇ ਅੱਲਾ ਦਿੱਤਾ ਕਰਤਾਰ ਦੇ ਗਲ ਲੱਗ, ਲੱਗ ਰੋਏ ਸਨ। ਉਹ ਨਹੀਂ ਚਾਹੁੰਦੇ ਸਨ ਕਿ ਕਰਤਾਰ ਏਥੋਂ ਚਲਾ ਜਾਵੇ, ਜਦੋਂ ਕਰਤਾਰ ਹੁਰੀਂ ਪਿੰਡ ਛੱਡ ਕੇ ਟੁਰੇ ਤਾਂ ਦੋਵੇਂ ਬਸ਼ੀਰਾ ਤੇ ਅੱਲਾ ਦਿੱਤਾ ਕਰਤਾਰ ਦੇ ਗੱਡੇ ਦੇ ਪਿੱਛੇ-ਪਿੱਛੇ ਰੋਂਦੇ ਤੁਰੇ ਆਉਂਦੇ ਸਨ, ਪਰ ਉਹਨਾਂ ਦੇ ਮਾਪੇ ਉਹਨਾਂ ਨੂੰ ਹਟਕਦੇ ਪਿੱਛੇ ਮੋੜ ਕੇ ਲੈ ਗਏ। ਕਰਤਾਰ ਨੂੰ ਅਜੇ ਤੀਕ ਇਹ ਦਿਲ-ਚੀਰਵੀਂ ਝਾਕੀ ਨਹੀਂ ਸੀ ਭੁੱਲੀ। ਉਹਨੂੰ ਕਿੰਨੇ ਸਾਰੇ ਵਰ੍ਹੇ ਬੀਤਣ ਪਿੱੱਛੋਂ ਵੀ ਏਦਾਂ ਲੱਗਦਾ ਜਿਵੇਂ ਉਹਦਾ ਸਿਰ ਅਜੇ ਵੀ ਉਸ ਗੱਡੇ ਤੇ ਬੈਠਾ ਰੋਂਦੇ ਹੋਏ ਹਲੀਮ, ਬਸ਼ੀਰੇ ਤੇ ਅੱਲਾ ਦਿੱਤੇ ਨੂੰ ਵੇਖ ਰਿਹਾ ਸੀ, ਪਰ ਉਹਦੇ ਪੈਰ ਤੁਰਦੇ-ਤੁਰਦੇ ਬੜੀ ਦੂਰ ਨਿਕਲ ਗਏ ਸਨ। ਕਰਤਾਰੇ ਨੇ ਅਕਸਰ ਸਿਰ ਤੇ ਪੈਰਾਂ ਦੇ ਫ਼ਾਸਲੇ ਨੂੰ ਮਿਲਾ ਕੇ ਚੱਲਣਾ ਚਾਹਿਆ ਸੀ, ਪਰ ਪੈਰ ਸਿਰ ਨਾਲ ਸਮਝੌਤਾ ਹੀ ਨਹੀਂ ਕਰ ਰਹੇ ਸਨ। ਸਿਰ ਤੇ ਪੈਰਾਂ ਦੇ ਏਸ ਵਧਦੇ ਜਾਂਦੇ ਫ਼ਾਸਲੇ ਨੂੰ ਵੇਖ ਕੇ ਉਹ ਬਹੁਤ ਉਦਾਸ ਹੋ ਜਾਂਦਾ ਸੀ। ਜਦੋਂ ਉਹ ਬਹੁਤ ਉਦਾਸ ਹੋ ਜਾਂਦਾ ਤਾਂ ਬਾਰਡਰ ਤੇ ਚਲਾ ਜਾਂਦਾ। ਉਥੇ ਪਾਕਿਸਤਾਨ ਵਿਚੋਂ ਆ ਰਹੇ ਯਾਤਰੀਆਂ ਨੂੰ ਅਤੇ ਹਿੰਦੁਸਤਾਨ ਵਿਚੋਂ ਜਾ ਰਹੇ ਮੁਸਾਫ਼ਰਾਂ ਨੂੰ ਬੜੀ ਗਹੁ ਨਾਲ ਵੇਖਦਾ ਤੇ ਗੁੰਗੀ ਜ਼ਬਾਨ ਨਾਲ ਹੀ ਉਹਨਾਂ ਹੱਥ ਸੁਨੇਹੇ ਭੇਜਦਾ ਆਪਣੇ ਮਿੱਤਰਾਂ ਨੂੰ, ਤੇ ਆਪਣੀ ਉਸ ਧਰਤੀ ਨੂੰ, ਜਿਥੇ ਉਹਦਾ ਜਨਮ ਹੋਇਆ ਸੀ। ਉਸ ਧਰਤੀ ਨੂੰ ਜਿਥੇ ਉਹਦੇ ਵੱਡੇ-ਵਡੇਰਿਆਂ ਦੀ ਖ਼ਾਕ ਮਿੱਟੀ ਵਿਚ ਨੱਪੀ ਹੋਈ ਸੀ। ਪਾਕਿਸਤਾਨ ਵਿਚੋਂ ਆ ਰਹੇ ਯਾਤਰੀਆਂ ਨੂੰ ਕਈ ਵੇਰਾਂ ਉਹ ਆਪਣੇ ਘਰ ਲੈ ਆਉਂਦਾ। ਉਹਨਾਂ ਦੀ ਖ਼ਾਤਰ-ਤਵਾਜ਼ਾ ਕਰਦਾ, ਭਾਂਤ ਭਾਂਤ ਦੇ ਖਾਣੇ ਪਰੋਸਦਾ ਅਤੇ ਉਹਨਾਂ ਦੇ ਆਰਾਮ ਦਾ ਖ਼ਿਆਲ ਰੱਖਦਾ। ਜਿਥੇ ਉਹਨਾਂ ਜਾਣਾ ਹੁੰਦਾ, ਉਥੇ ਪਹੁੰਚਣ ਦਾ ਤਸੱਲੀ ਬਖ਼ਸ਼ ਇੰਤਜ਼ਾਮ ਕਰਦਾ ਤੇ ਸਿਰਫ਼ ਉਹਨਾਂ ਨੂੰ ਏਨਾ ਹੀ ਸੁਨੇਹਾ ਦੇਂਦਾ ਕਿ ਮੇਰਾ ਸਲਾਮ ਕਹਿਣਾ ਉਹਨਾਂ ਦੋਸਤਾਂ ਨੂੰ, ਉਹਨਾਂ ਰੁੱਖਾਂ ਨੂੰ, ਉਹਨਾਂ ਖੇਤਾਂ ਨੂੰ, ਉਹਨਾਂ ਨਹਿਰਾਂ ਨੂੰ, ਬਾਗਾਂ ਨੂੰ, ਛੱਪੜਾਂ ਨੂੰ, ਮਦਰੱਸੇ ਨੂੰ ਅਤੇ ਵਸਦੇ ਲੋਕਾਂ ਨੂੰ। ਕੀ ਹੋਇਆ ਜੇ ਅਸੀਂ ਦੂਰ ਹੋ ਗਏ ਹਾਂ, ਸਾਡੇ ਦਿਲ ਵਿਚੋਂ ਇਕ ਨੇ। ਜੋ ਸਾਡੀਆਂ ਮਜਬੂਰੀਆਂ ਉਰਲੇ ਪਾਸੇ ਨੇ ਉਹੀ ਮਜਬੂਰੀਆਂ ਪਰਲੇ ਪਾਸੇ ਨੇ। ਜੇ ਇਧਰ ਸਾਡੇ ਦਿਲ ਧੜਕਦੇ ਨੇ ਸਜਨਾਂ ਦੇ ਗੋਰੇ ਮੁਖਾਂ ਨੂੰ ਤਾਂ ਉਹ ਵੀ ਤਾਂਘਦੇ ਨੇ ਸਾਡੇ ਨਾਲ ਜੱਫੀਆਂ ਪਾਣ ਲਈ। ਲੜਾਈਆਂ ਝਗੜੇ ਤਾਂ ਭਰਾਵਾਂ ਵਿਚ ਹੁੰਦੇ ਈ ਆਏ ਹਨ। ਸਾਡੀ ਤਹਿਜ਼ੀਬ, ਸਾਡੀ ਬੋਲੀ, ਸਾਡੇ ਕਈ ਰਸਮੋ-ਰਿਵਾਜ, ਸਾਡੇ ਲੋਕ-ਗੀਤ ਤੇ ਸਾਡੇ ਜਜ਼ਬੇ ਸਾਂਝੇ ਹਨ, ਸਾਡੀ ਹਵਾ ਸਾਂਝੀ ਹੈ, ਸਾਡਾ ਪਾਣੀ ਇਕ ਹੈ। ਇਕ ਦਿਨ ਸਾਡੀ ਦੋਸਤੀ, ਸਾਡੀ ਸਾਂਝ ਇਕ ਮਿਕ ਹੋ ਜਾਣੀ ਹੈ। ਅਸੀਂ ਰਲ ਕੇ ਅਮਨਾਂ ਦੀ ਗੱਲ ਕਰਨੀ ਹੈ, ਇਕ ਮਿਕ ਹੋਣ ਦੀ ਗੱਲ ਕਰਨੀ ਹੈ।      ਇਸ ਤਰ੍ਹਾਂ ਦੇ ਸੁਨੇਹੇ ਦੇਣ ਪਿੱਛੋਂ ਕਰਤਾਰ ਦੇ ਕਈ ਦਿਨ ਸੌਖੇ ਲੰਘ ਜਾਂਦੇ। ਉਹ ਹੌਲਾ ਫੁੱਲ ਮਹਿਸੂਸ ਕਰਦਾ, ਜਿਵੇਂ ਉਹਦੇ ਸਿਰ ਤੋਂ ਇਕ ਭਾਰ ਲਹਿ ਗਿਆ ਹੋਵੇ। ਜੇਕਰ ਕੋਈ ਆਦਮੀ ਉਹਦੇ ਅੱਗੇ ਪਾਕਿਸਤਾਨ ਦੀ ਬਦਨਾਮੀ ਕਰਦਾ ਤਾਂ ਉਹ ਉਹਨੂੰ ਝਾੜ ਦੇਂਦਾ, ''ਇਹ ਸਾਰੇ ਝਗੜੇ-ਝੇੜੇ ਮਤਲਬ-ਪ੍ਰਸਤ ਲੋਕਾਂ ਦੇ ਖੜੇ ਕੀਤੇ ਹੋਏ ਹਨ। ਵਿਚੋਂ ਦਿਲ ਬੇਤਾਬ ਨੇ ਇਕ ਦੂਜੇ ਦੇ ਦਰਸ਼ਨਾਂ ਲਈ।'' ਉਹ ਦਲੀਲਾਂ ਦੇਂਦਾ।

ਉਹਨੂੰ ਉਹ ਲੋਕ ਬੜੇ ਈ ਚੰਗੇ ਲੱਗਦੇ ਜੋ ਪਾਕਿਸਤਾਨੋਂ ਫਿਰ, ਆ ਕੇ ਖ਼ਬਰਾਂ ਦੇਂਦੇ ਕਿ ਉਥੋਂ ਦੇ ਲੋਕ ਵੀ ਬੜਾ ਪਿਆਰ ਕਰਦੇ ਨੇ ਏਧਰਲਿਆਂ ਨੂੰ, ਕਿਧਰੇ ਕੋਈ ਪੈਸਾ ਨਹੀਂ ਖ਼ਰਚ ਹੋਣ ਦੇਂਦੇ, ਟਾਂਗਿਆਂ ਵਾਲੇ ਕਿਰਾਇਆ ਨਹੀਂ ਲੈਂਦੇ, ਗਲ ਲਗ-ਲਗ ਰੋਂਦੇ ਨੇ, ਖੈਰ-ਸੁਖ ਪੁੱਛਦੇ ਨੇ ਅਤੇ ਆਉਣ ਲੱਗਿਆਂ ਬਦਾਮਾਂ ਤੇ ਕਿਸ਼ਮਿਸ਼ ਨਾਲ ਝੋਲੀਆਂ ਭਰ ਦੇਂਦੇ ਨੇ। ਉਹਨਾਂ ਦੇ ਦਿਲਾਂ ਵਿਚ ਵੀ ਕੋਈ ਵੈਰ-ਵਿਰੋਧ ਨਹੀਂ ਹੈ।'' ਕਰਤਾਰ ਸਿੰਘ ਇਸ ਤਰ੍ਹਾਂ ਦੀਆਂ ਗੱਲਾਂ ਦੱਸਣ ਵਾਲਿਆਂ ਨੂੰ ਕਹਿੰਦਾ ਕਿ ਇਕ ਵਾਰਾਂ ਉਹ ਫੇਰ ਮੁੱਢ ਤੋਂ ਉਥੋਂ ਬਾਰੇ ਸਾਰੀ ਗੱਲ ਸੁਣਾਉਣ।     ਫਿਰ ਇਕ ਬੜੀ ਅਨੋਖੀ ਘਟਨਾ ਕਰਤਾਰ ਸਿੰਘ ਨਾਲ ਵਾਪਰੀ। ਪਾਕਿਸਤਾਨ ਨਾਲ ਜੰਗ ਹੋ ਕੇ ਹਟੀ ਨੂੰ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਉਹਦਾ ਜੀਅ ਕੀਤਾ, ਜਾ ਕੇ ਵੇਖੇ ਕਿ ਹੱਦਾਂ ਤੇ ਵੱਸਦੇ ਪਿੰਡਾਂ ਦਾ ਕੀ ਹਾਲ ਹੋ ਗਿਆ ਹੈ। ਉਹਨਾਂ ਪਿੰਡਾਂ ਨੂੰ ਤੇ ਪਿੰਡਾਂ ਦੇ ਲੋਕਾਂ ਨੂੰ ਮੁੜ ਵੱਸਣ 'ਚ ਕਿੰਨਾ ਕੁ ਚਿਰ ਲੱਗੇਗਾ ਤੇ ਕਿੰਨੀਆਂ ਕੁ ਤਕਲੀਫ਼ਾਂ ਪੇਸ਼ ਆਉਣਗੀਆਂ। ਉੱਜੜੇ ਪਿੰਡਾਂ ਦੀ ਝਾਕੀ ਬੜੀ ਦੁਖਦਾਇਕ ਸੀ। ਢੱਠੇ ਖੋਲੇ ਭਾਂ-ਭਾਂ ਕਰ ਰਹੇ ਸਨ। ਕਿਸੇ ਪਿੰਡ ਵਿਚ ਵੀ ਕੋਈ ਜੀਅ ਨਹੀਂ ਸੀ। ਕਿਧਰੇ-ਕਿਧਰੇ ਕੁੱਤੇ ਤੁਰੇ ਫਿਰਦੇ ਦਿਸਦੇ ਸਨ, ਜੋ ਮੋਏ ਪਸ਼ੂਆਂ ਦਾ ਮਾਸ ਚੂੰਡ ਰਹੇ ਸਨ। ਫ਼ਸਲਾਂ ਉੱਜੜੀਆਂ ਪਈਆਂ ਸਨ। ਕਰਤਾਰ ਸਿੰਘ ਇਕ ਪਿੰਡ ਵਿਚ ਹੋਰ ਅਗਾਂਹ ਅਪੜਿਆ ਤਾਂ ਉਸ ਨੇ ਸੜੇ-ਧੁਆਂਖੇ ਘਰ ਵੇਖੇ, ਅੱਧ-ਸੜੇ ਬਾਲੇ ਤੇ ਸ਼ਤੀਰੀਆਂ ਅਤੇ ਮੈਲੀਆਂ ਰਜ਼ਾਈਆਂ ਤਲਾਈਆਂ ਤੇ ਕੂੜੇ ਕਰਕਟ ਦੇ ਢੇਰ ਪਏ ਸਨ। ਕਰਤਾਰ ਸਿੰਘ ਹੋਰ ਅੱਗੇ ਵਧਿਆ ਤਾਂ ਵੇਖਿਆ ਇਕ ਮੈਲਾ-ਕੁਚੈਲਾ ਬਿਮਾਰ ਜਿਹਾ ਅੱਠ-ਦਸ ਸਾਲਾਂ ਦਾ ਮੁੰਡਾ ਸੁੱਕੀ ਡਬਲ ਰੋਟੀ ਦੇ ਟੁਕੜੇ ਚੱਬ ਰਿਹਾ ਸੀ। ਕਰਤਾਰ ਸਿੰਘ ਨੂੰ ਵੇਖ ਕੇ ਮੁੰਡਾ ਬਿਲਕੁਲ ਨਾ ਘਬਰਾਇਆ। ਇਹ ਵੇਖ ਕੇ ਕਰਤਾਰ ਸਿੰਘ ਦਾ ਹੌਸਲਾ ਵਧ ਗਿਆ। ਉਹ ਹੌਲੀ-ਹੌਲੀ ਮੁੰਡੇ ਕੋਲ ਚਲਾ ਗਿਆ ਤੇ ਉਹਦੇ ਸਿਰ ਤੇ ਹੱਥ ਫੇਰਿਆ। ਮੁੰਡਾ ਮੂੰਹ ਉਤਾਂਹ ਕਰ ਕੇ ਕਰਤਾਰ ਸਿੰਘ ਵੱਲ ਵੇਖਣ ਲੱਗਾ।  
''ਕਾਕਾ, ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ?'' ਮੁੰਡੇ ਨੇ ਨਾਂਹ ਵਿਚ ਸਿਰ ਫੇਰਿਆ। ''ਤੇਰਾ ਨਾਂ ਕੀ ਏ ਕਾਕਾ?'' ''ਅੱਲਾ ਰੱਖਾ।''
ਮੁੰਡੇ ਨੇ ਭੋਲੇ-ਭਾ ਉੱਤਰ ਦਿੱਤਾ। ''ਤੇਰੇ ਮਾਂ-ਪਿਓ ਕਿੱਥੇ ਨੇ?''         
ਏਸ ਸਵਾਲ ਦਾ ਮੁੰਡੇ ਨੇ ਕੋਈ ਉਤਰ ਨਾ ਦਿੱਤਾ ਤੇ ਅੱਖਾਂ ਵਿਚ ਗਲੇਡੂ ਭਰ ਲਿਆਇਆ। ਕਰਤਾਰ ਸਿੰਘ ਨੂੰ ਸਾਰੀ ਗੱਲ ਸਮਝਣ ਵਿਚ ਦੇਰ ਨਾ ਲੱਗੀ। ਕਰਤਾਰ ਸਿੰਘ ਨੇ ਇਹ ਵੀ ਅੰਦਾਜ਼ਾ ਲਾ ਲਿਆ ਸੀ ਕਿ ਫ਼ੌਜੀ ਵੇਲੇ-ਕੁਵੇਲੇ ਏਸ ਮੁੰਡੇ ਨੂੰ ਕੇਕ, ਬਿਸਕੁਟ, ਡਬਲ ਰੋਟੀ ਵਗੈਰਾ ਦੇ ਜਾਂਦੇ ਰਹੇ ਸਨ। ਕਰਤਾਰ ਸਿੰਘ ਨੂੰ ਮੁੰਡੇ 'ਤੇ ਬੜਾ ਤਰਸ ਆਇਆ। ''ਬੱਚੂ, ਮੇਰੇ ਨਾਲ ਚੱਲੇਂਗਾ?'' ਕਰਤਾਰ ਸਿੰਘ ਨੇ ਪੁੱਛਿਆ।
''ਕਿੱਥੇ ?''       
''ਏਥੇ ਲਾਗੇ ਈ ਸਾਡਾ ਪਿੰਡ ਹੈ। ਉਥੇ ਘਰ ਵਿਚ ਪੂਰਾ ਆਰਾਮ ਮਿਲੇਗਾ।''        
''ਮੈਥੋਂ ਤੇ ਟੁਰਿਆ ਨਹੀਂ ਜਾਂਦਾ…ਮੇਰੀਆਂ ਤਾਂ ਲੱਤਾਂ…ਕਰਤਾਰ ਸਿੰਘ ਨੇ ਵੇਖਿਆ, ਮੁੰਡੇ ਦੀਆਂ ਦੋਵੇਂ ਲੱਤਾਂ ਮਰੀਆਂ ਹੋਈਆਂ ਸਨ। ''ਮੈਂ ਤੈਨੂੰ ਚੁੱਕ ਕੇ ਲੈ ਚੱਲਾਂਗਾ।''        
''ਹਲਾ ਉਥੇ ਮੈਨੂੰ ਕਦੀ ਮਾਰੇਗਾ ਤੇ ਨਹੀਂ?''       
''ਨਹੀਂ, ਤੇਰੀ ਵਾਅ ਵੱਲ ਵੀ ਕੋਈ ਨਹੀਂ ਵੇਖ ਸਕਦਾ। ਜਦੋਂ ਅਮਨ-ਅਮਾਨ ਹੋ ਜਾਵੇਗਾ ਤਾਂ ਮੈਂ ਫੇਰ ਤੈਨੂੰ ਫਿਰ ਤੇਰੇ ਏਸੇ ਪਿੰਡ ਛੱਡ ਜਾਵਾਂਗਾ।'' ਮੁੰਡੇ ਨੇ ਆਪਣੇ ਉੱਜੜੇ ਪਿੰਡ ਵੱਲ ਵੇਖਿਆ ਤਾਂ ਉਸਦੀਆਂ ਅੱਖਾਂ ਭਰ ਆਈਆਂ। ''ਬੱਚੂ…ਤੇਰੇ ਜੇਡੇ ਮੇਰੇ ਦੋ ਪੁੱਤਰ ਹਨ, ਤੂੰ ਉਹਨਾਂ ਨਾਲ ਖੇਡਿਆਂ ਕਰੀਂ, ਸਕੂਲੇ ਪੜ੍ਹਨ ਜਾਇਆ ਕਰੀਂ।''  ਇਹ ਆਖ ਕਰਤਾਰ ਸਿੰਘ ਨੂੰ ਇੰਜ ਜਾਪਿਆ ਜਿਵੇਂ ਸਿਰ ਤੇ ਪੈਰਾਂ ਦਾ ਫ਼ਾਸਲਾ ਨੇੜੇ-ਨੇੜੇ ਆਉਂਦਾ ਜਾ ਰਿਹਾ ਸੀ। ਜਿਵੇਂ ਹਲੀਮ, ਬਸ਼ੀਰਾ ਅੱਲਾ ਦਿੱਤਾ ਤੇ ਉਹ ਇਕੱਠੇ ਮਦਰੱਸੇ ਪੜ੍ਹਨ ਜਾ ਰਹੇ ਸਨ ਤੇ ਲਾਗਲੇ ਬਾਗ 'ਚੋਂ ਫੁੱਲ ਤੋੜਨ ਦੀਆਂ ਸਲਾਹਾਂ ਗੁੰਦ ਰਹੇ ਸਨ।        ਕਰਤਾਰ ਸਿੰਘ ਅੱਲਾ ਰੱਖੇ ਨੂੰ ਮੋਢਿਆਂ ਤੇ ਚੁੱਕ ਕੇ ਪਿੰਡ ਲੈ ਆਇਆ। ਕੁਝ ਦਿਨ ਦੁੱਧ, ਦਹੀਂ ਤੇ ਘਿਓ ਖੁਆਇਆ ਤਾਂ ਮੁੰਡਾ ਦਿਨਾਂ ਵਿਚ ਹੀ ਟਹਿਕਣ ਲੱਗ ਪਿਆ। ਉਹ ਹੁਣ ਕਰਤਾਰ ਸਿੰਘ ਦੇ ਮੁੰਡਿਆਂ ਨਾਲ ਘੁਲ-ਮਿਲ ਗਿਆ ਸੀ ਤੇ ਉਹਨਾਂ ਨਾਲ ਕਦੀ-ਕਦੀ ਗੱਡੇ ਤੇ ਬਹਿ ਕੇ ਮੁਰੱਬੇ ਵੀ ਜਾ ਆਉਂਦਾ। ਕਦੀ-ਕਦੀ ਉਹਨਾਂ ਨੂੰ ਆਪਣੇ ਪਿੰਡ ਦੀਆਂ, ਆਪਣੇ ਅੱਬਾ ਤੇ ਅੰਮੀ ਦੀਆ ਗੱਲਾਂ ਸੁਣਾਉਂਦਾ। ਕਦੀ-ਕਦੀ ਮਿਰਜ਼ੇ ਦੀ ਸੱਦ ਲਾਉਂਦਾ, ਹੀਰ ਦੇ ਬੈਂਤ ਗਾਉਂਦਾ ਤੇ ਲਾਹੌਰ 'ਚ ਵੇਖੀਆਂ ਦੋ ਪੰਜਾਬੀ ਫ਼ਿਲਮਾਂ ਦੀਆਂ ਗੱਲਾਂ ਵੀ ਕਰਦਾ।          ਕਰਤਾਰ ਸਿੰਘ ਨੂੰ ਇਹ ਵੇਖ ਕੇ ਅੰਤਾਂ ਦੀ ਖ਼ੁਸ਼ੀ ਹੁੰਦੀ। ਉਹਨੂੰ ਜਾਪਦਾ ਜਿਵੇਂ ਦੋ ਮੁਲਕ ਹੁਣ ਨੇੜੇ-ਨੇੜੇ ਆ ਰਹੇ ਸਨ ਤੇ ਆਪਣੇ ਦੁਖ-ਦਰਦ ਸਾਂਝੇ ਕਰਨ ਲੱਗ ਪਏ ਸਨ। ਕਰਤਾਰ ਸਿੰਘ ਨੂੰ ਯਾਦ ਆਇਆ ਜਦੋਂ ਉਹ 1955 ਵਿਚ ਮੈਚ ਵੇਖਣ ਲਾਹੌਰ ਗਿਆ ਸੀ ਤਾਂ ਉਥੇ ਇਕ ਮੁਸ਼ਾਇਰਾ ਹੋਇਆ ਸੀ। ਇਸ ਮੁਸ਼ਾਇਰੇ ਵਿਚ ਭਾਰਤੀ ਪੰਜਾਬ ਦੇ ਇਕ ਕਵੀ ਨੇ ਗੀਤ ਸੁਣਾਇਆ ਸੀ-
''ਦੇਸ਼ਾਂ ਵਾਲਿਓ ਆਪਣੇ ਦੇਸ਼ ਅੰਦਰ, ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ।       
ਘਰਾਂ ਵਾਲਿਓ ਆਪਣੇ ਘਰਾਂ ਅੰਦਰ, ਅਸੀਂ ਆਏ ਹਾਂ ਵਾਂਗ ਪ੍ਰੌਹਣਿਆਂ ਦੇ।
ਕਵੀ ਦੇ ਇਸ ਗੀਤ ਦੀਆਂ ਲਾਈਨਾਂ ਸੁਣ ਕੇ ਉਸ ਸਮੇਂ ਹਾਜ਼ਰ ਲੋਕਾਂ ਦੇ ਦਿਲ ਵਲੂੰਧਰੇ ਗਏ ਸਨ ਤੇ ਕਈਆਂ ਨੇ ਆਪਣੀਆਂ ਅੱਖਾਂ ਰੁਮਾਲਾਂ ਨਾਲ ਪੂੰਝੀਆਂ ਸਨ।         
ਫੇਰ ਇਕ ਬਜ਼ੁਰਗ ਮੁਸਲਮਾਨ ਕਵੀ ਨੇ ਉੱਠ ਕੇ ਨਜ਼ਮ ਸੁਣਾਈ ਸੀ, ਜਿਸ ਦੀਆਂ ਇਕ ਦੋ ਲਾਈਨਾਂ ਕਰਤਾਰ ਸਿੰਘ ਨੂੰ ਯਾਦ ਸਨ:
        
''ਜੋ ਮੇਰੀ ਗੋਦੀ ਖੇਡੀ ਸੀ, ਉਸ ਸੱਤੋ ਧੀ ਨੂੰ ਪਿਆਰ ਦੇਈਂ।
ਧੀਆਂ ਨਾਲ ਕਾਹਦਾ ਰੋਸਾ ਏ, ਮੇਰੀ ਗੱਲ ਨਾ ਇਹ ਵਿਸਾਰ ਦੇਈਂ।       
ਜੇ ਪਰਮਿਟ ਮੇਰਾ ਬਣ ਸਕਿਆ, ਮੈਂ ਵਿਆਹ ਉਹਦੇ 'ਤੇ ਆਵਾਂਗਾ       
ਤੇ ਹੱਥੀਂ ਡੋਲੀ ਪਾਵਾਂਗਾ।''
ਸ਼ਾਇਰ ਦੇ ਏਸ ਕਲਾਮ ਨਾਲ ਹਿੰਦੁਸਤਾਨ 'ਚੋਂ ਗਏ ਯਾਤਰੀਆਂ ਦੇ ਦਿਲ ਹਿੱਲ ਗਏ ਸਨ ਤੇ ਏਸ ਮਾਹੌਲ ਦਾ ਡਾਢਾ ਅਸਰ ਸਾਰਿਆਂ ਨੇ ਕਬੂਲਿਆ ਸੀ। ਕਰਤਾਰ ਸਿੰਘ ਨੂੰ ਅੱਲਾ ਰੱਖੇ ਦੀਆਂ ਮਰੀਆਂ ਲੱਤਾਂ ਦਾ ਬੜਾ ਦੁੱਖ ਸੀ। ਉਸ ਕਈ ਹਕੀਮਾਂ, ਨਾਈਆਂ, ਵੈਦਾਂ ਤੇ ਸਿਆਣਿਆਂ ਨਾਲ ਸਲਾਹ ਕੀਤੀ। ਆਖਰ ਉਹਨੂੰ ਇਕ ਸਿਆਣੇ ਨੇ ਦੱਸਿਆ ਕਿ ਅਬੋਹਰ ਲਾਗੇ ਇਕ ਬੁੱਢੇ ਧੋਬੀ ਕੋਲ ਜੋੜਾਂ ਦੇ ਦਰਦਾਂ ਦਾ ਅਤੇ ਸੁੱਕੀਆਂ ਮਰੀਆਂ ਲਂੱਤਾਂ ਦਾ ਇਕ ਬੇਮਿਸਾਲ ਨੁਸਖ਼ਾ ਹੈ, ਜੋ ਉਹ ਕਿਸੇ ਨੂੰ ਦੱਸਦਾ ਨਹੀਂ, ਪਰ ਕਿਸੇ ਪਾਸੋਂ ਕੋਈ ਪੈਸਾ ਨਹੀਂ ਲੈਂਦਾ। ਕਰਤਾਰ ਸਿੰਘ ਉਸ ਧੋਬੀ ਕੋਲ ਪੁੱਛਦਾ-ਪੁਛਾਂਦਾ ਪਹੁੰਚ ਗਿਆ। ਧੋਬੀ ਨੇ ਕਰਤਾਰ ਸਿੰਘ ਨੂੰ ਸੇਰ ਪੱਕਾ ਮਿੱਠਾ ਤੇਲ, ਦੋ ਸੇਰ ਧਤੂਰੇ ਦੇ ਡੋਡੇ ਤੇ ਕਈ ਹੋਰ ਚੀਜ਼ਾਂ ਲਿਆਉਣ ਲਈ ਆਖਿਆ। ਜਦੋਂ ਸਾਰੀਆਂ ਚੀਜ਼ਾਂ ਧੋਬੀ ਕੋਲ ਪਹੁੰਚ ਗਈਆਂ ਤਾਂ ਧੋਬੀ ਨੇ ਕੋਲੋਂ ਸ਼ੇਰ ਦੀ ਚਰਬੀ ਵਗੈਰਾ ਤੇ ਕੁਝ ਹੋਰ ਦਵਾਈਆਂ ਪਾ ਕੇ ਕਰਤਾਰ ਸਿੰਘ ਨੂੰ ਇਕ ਬੋਤਲ ਤੇਲ ਦੀ ਤਿਆਰ ਕਰ ਕੇ ਦਿੱਤੀ ਤੇ ਸਮਝਾ ਦਿੱਤਾ ਕਿ ਰੋਜ਼ ਏਸ ਤੇਲ ਦੀ ਮੁੰਡੇ ਦੀਆਂ ਲੱਤਾਂ ਤੇ ਮਾਲਸ਼ ਕੀਤੀ ਜਾਵੇ ਤੇ ਹਵਾ ਨਾ ਲੱਗਣ ਦਿੱਤੀ ਜਾਵੇ। ਜਿਵੇਂ ਜਿਵੇਂ ਬੋਤਲ ਦਾ ਤੇਲ ਮੁੱਕਦਾ ਜਾਵੇਗਾ, ਉਵੇ-ਉਵੇਂ ਮੁੰਡੇ ਦੀਆਂ ਲੱਤਾਂ ਠੀਕ ਹੁੰਦੀਆਂ ਜਾਣਗੀਆਂ।
ਪਿੰਡ ਪੁੱਜ ਕੇ ਬਿਨਾ ਨਾਗਾ ਕਰਤਾਰ ਸਿੰਘ ਆਪ ਅੱਲਾ ਰੱਖੇ ਦੀਆਂ ਲੱਤਾਂ 'ਤੇ ਤੇਲ ਮਲਦਾ। ਕਈ ਵਾਰ ਤੇਲ ਮਲਦਿਆਂ-ਮਲਦਿਆਂ ਉਹਦੇ ਹੱਥਾਂ ਦੀਆਂ ਤਲੀਆਂ ਤੇ ਛਾਲੇ ਪੈ ਜਾਣ। ਫੇਰ ਕਰਤਾਰ ਸਿੰਘ ਮੁੰਡੇ ਦੀਆਂ ਲੱਤਾਂ ਨੂੰ ਖੇਸ ਵਿਚ ਵਲ੍ਹੇਟ ਦੇਂਦਾ। ਕੁਝ ਹਫ਼ਤਿਆਂ ਬਾਅਦ ਅੱਲਾ ਰੱਖੇ ਨੂੰ ਇਹ ਜਾਪਣ ਲੱਗ ਪਿਆ ਜਿਵੇਂ ਉਹ ਲੱਤਾਂ ਭਾਰ ਖੜਾ ਹੋ ਸਕਦਾ ਸੀ। ਜਿਵੇਂ ਤਾਕਤ ਦੀ ਇਕ ਲਹਿਰ ਜਿਹੀ ਉਹਦੇ ਬਾਕੀ ਜਿਸਮ 'ਚੋਂ ਲੱਤਾਂ ਵਿਚ ਦਾਖ਼ਲ ਹੋਣੀ ਸ਼ੁਰੂ ਹੋ ਗਈ ਸੀ। ਇਧਰ ਪਿੰਡ ਵਿਚ ਅੱਲਾ ਰੱਖੇ ਦੀਆਂ ਲੱਤਾਂ ਠੀਕ ਹੋ ਰਹੀਆਂ ਸਨ ਓਧਰ ਦੋਹਾਂ ਮੁਲਕਾਂ ਦੇ ਹਾਲਾਤ ਠੀਕ ਹੋ ਰਹੇ ਸਨ। ਸ਼ਿਮਲਾ-ਸਮਝੌਤੇ ਨੇ ਦੋਹਾਂ ਮੁਲਕਾਂ ਦੇ ਪਾੜ ਨੂੰ ਠੰਡੇ ਪਹਾੜਾਂ ਦੀ ਟੀਸੀ ਤੇ ਜਾ ਕੇ ਮਿਟਾ ਦਿੱਤਾ ਸੀ।    ਹੁਣ ਜਦ ਘਰ ਵਿਚ ਅੱਲਾ ਰੱਖੇ ਨੂੰ ਵਾਪਸ ਉਹਦੇ ਪਿੰਡ ਭੇਜਣ ਦੀਆਂ ਗੱਲਾਂ ਹੁੰਦੀਆਂ ਤਾਂ ਅੱਲਾ ਰੱਖਾ ਅੱਖਾਂ ਭਰ ਲਿਆਉਂਦਾ, ਅਤੇ ਕਰਤਾਰ ਸਿੰਘ ਦੇ ਪੁੱਤਰ ਉਦਾਸ ਹੋ ਜਾਂਦੇ। ਦੁੱਖ ਉਹਦੇ ਭੇਜਣ ਦਾ ਕਰਤਾਰ ਸਿੰਘ ਨੂੰ ਵੀ ਮਹਿਸੂਸ ਹੁੰਦਾ, ਪਰ ਉਹ ਸਮਝਦਾ ਸੀ ਕਿ ਪਰਾਈ ਅਮਾਨਤ ਆਪਣੇ ਟਿਕਾਣੇ ਪੁੱਜੀ ਹੀ ਚੰਗੀ ਹੁੰਦੀ ਹੈ। ਨਹੀਂ ਤਾਂ ਖਵਰੇ ਲੋਕ ਕੀ-ਕੀ ਗੱਲਾਂ ਬਣਾਉਣਗੇ। ਆਖ਼ਰ ਉਹ ਦਿਨ ਵੀ ਆ ਗਿਆ ਜਿਸ ਦਿਨ ਅੱਲਾ ਰੱਖੇ ਨੂੰ ਹੱਦ ਤੇ ਲਿਜਾ ਕੇ ਉਹਦੇ ਮਾਪਿਆਂ ਦੇ ਹਵਾਲੇ ਕਰਨਾ ਸੀ। ਸਾਰਾ ਪਿੰਡ ਅੱਲਾ ਰੱਖੇ ਨੂੰ ਛੱਡਣ ਆਇਆ ਹੋਇਆ ਸੀ। ਕਿਸੇ ਨੇ ਅੱਲਾ ਰੱਖੇ ਲਈ ਕੱਪੜੇ ਸੁਆਏ ਸਨ, ਕਿਸੇ ਨੇ ਬਿਸਤਰਾ ਦਿੱਤਾ ਸੀ, ਕਿਸੇ ਨੇ ਘਿਉ, ਕਿਸੇ ਨੇ ਪੰਜੀਰੀ, ਕਿਸੇ ਨੇ ਫਲ ਤੇ ਕਰਤਾਰ ਸਿੰਘ ਆਪਣੇ ਹੱਥ ਵਿਚ ਤੇਲ ਵਾਲੀ ਬੋਤਲ ਫੜੀ ਹੋਈ ਸੀ, ਜੋ ਅਜੇ ਅੱਧੀ ਹੀ ਮੁੱਕੀ ਸੀ। ਜਦੋਂ ਅੱਲਾ ਰੱਖੇ ਨੂੰ ਵਿਦਾ ਕਰਨ ਦਾ ਸਮਾਂ ਆਇਆ ਤਾਂ ਉਹ ਕਰਤਾਰ ਸਿੰਘ ਦੇ ਗਲ ਲੱਗ ਕੇ ਰੋ ਪਿਆ ਤੇ ਉਹਦੇ ਪੁੱਤਰਾਂ ਅਤੇ ਆਪਣੇ ਹਾਣੀਆਂ ਨੂੰ ਵੀ ਜੱਫੀਆਂ ਪਾ-ਪਾ ਮਿਲਿਆ। ਕਰਤਾਰ ਸਿੰਘ ਨੇ ਅੱਲਾ ਰੱਖੇ ਨੂੰ ਪਿਆਰ ਨਾਲ ਘੁੱਟ ਕੇ ਆਖਿਆ, ''ਪੁੱਤਰ ਸਵਾਦ ਤਾਂ ਹੈ ਜੇ ਤੂੰ ਤੁਰ ਕੇ ਹੱਦ ਦੇ ਉਸ ਪਾਰ ਜਾਵੇਂ ਤਾਂ…      
''ਮੈਂ ਕੋਸ਼ਿਸ਼ ਕਰਦਾ ਹਾਂ…ਕਰਤਾਰ ਸਿੰਘ ਨੇ ਹੌਲੀ-ਹੌਲੀ ਅੱਲਾ ਰੱਖੇ ਨੂੰ ਆਪਣੀ ਗੋਦੀ 'ਚੋਂ ਉਤਾਰਿਆ, ਉਹਨੂੰ ਮੋਢਿਆਂ ਤੋਂ ਫੜ ਕੇ ਸਹਾਰਾ ਦਿੱਤਾ ਤੇ ਉਹ ਪੋਲੇ-ਪੋਲੇ ਪੱਬ ਧਰਤੀ ਤੇ ਟਿਕਾਉਣ ਲੱਗਾ।    ਪੈਰ ਅਜੇ ਸਰੀਰ ਦਾ ਭਾਰ ਝੱਲਣ ਨੂੰ ਤਿਆਰ ਨਹੀਂ ਸਨ, ਪਰ ਅੱਲਾ ਰੱਖਾ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਹੱਦ ਦੇ ਦੂਜੇ ਪਾਰ ਅੱਲਾ ਰੱਖੇ ਦੇ ਮਾਪੇ ਇਹ ਖੇਡ ਵੇਖ-ਵੇਖ ਹੈਰਾਨ ਹੋ ਰਹੇ ਸਨ। ਸਾਂਝੀ ਧਰਤੀ ਤੇ ਆ ਕੇ ਕਰਤਾਰ ਸਿੰਘ ਨੇ ਅੱਲਾ ਰੱਖੇ ਦੇ ਅੱਬਾ ਨੂੰ ਗਲਵਕੜੀ 'ਚ ਘੁਟਦਿਆਂ ਆਖਿਆ, ''ਭਰਾ, ਅਹਿ ਲੈ ਤੇਲ ਦੀ ਅੱਧੀ ਬੋਤਲ, ਜਿਸ ਦਿਨ ਇਹ ਖ਼ਤਮ ਹੋ ਜਾਵੇਗੀ, ਉਸ ਦਿਨ ਅੱਲਾ ਰੱਖਾ ਆਪਣੇ ਪੈਰਾਂ ਤੇ ਖੜਾ ਹੋਣ ਲੱਗ ਪਵੇਗਾ। ਉਸ ਦਿਨ ਮੈਂ ਵੀ ਆਪਣੇ ਪੈਰਾਂ ਤੇ ਖਲੋ ਕੇ ਤੇਰੇ ਪਿੰਡ ਵੱਲ ਨੂੰ ਮੂੰਹ ਕਰ ਕੇ ਸਲਾਮ ਆਖਾਗਾ। ਉਸ ਸਲਾਮ 'ਚ ਸਾਡੇ ਮੁਲਕ ਤੇ ਤੇਰੇ ਮੁਲਕ ਦੇ ਦਰਮਿਆਨ ਮੁਹੱਬਤ ਤੇ ਮਿਲਾਪ ਦਾ ਪੈਗਾਮ ਹੋਵੇਗਾ।'' 
''ਆਮੀਨ'' ਆਖ ਕੇ ਅੱਲਾ ਰੱਖੇ ਦੇ ਅੱਬਾ ਨੇ ਤੇਲ ਵਾਲੀ ਬੋਤਲ ਕਰਤਾਰ ਸਿੰਘ ਦੇ ਹੱਥੋਂ ਫੜ ਲਈ ਤੇ ਅੱਲਾ ਰੱਖੇ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ।