ਅੱਖੀਂ ਵੇਖਿਆ ਦੁਬਈ - (ਕਿਸ਼ਤ -1) (ਸਫ਼ਰਨਾਮਾ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿੰਦਗੀ ਵਿੱਚ ਮਿਹਨਤ ਕਰਦਿਆਂ ਪੰਜ ਦਹਾਕੇ ਬੀਤ ਗਏ। ਪਤਾ ਹੀ ਨਹੀਂ ਚੱਲਿਆ ਇਹ ਸਮਾਂ ਇੰਨੀ ਜਲਦੀ ਕਿਵੇਂ ਗੁਜਰ ਗਿਆ। ਇੱਕ ਪਾਸਪੋਰਟ ਪਹਿਲਾਂ ਬਣਵਾਇਆ ਤੇ ਉਪੱਰ ਸਿਰਫ਼ ਇੱਕ ਹੀ ਵੀਜਾ ਸਟੈਂਪ ਲੱਗੀ ਉਹ ਵੀ 1991 ਵਿੱਚ ਪਾਕਿਸਤਾਨ ਦੀ, ਫਿਰ ਪਾਸਪੋਰਟ ਨਵਾਂ ਬਣਵਾਇਆ ਉਸਦੀ ਵੀ ਮਿਆਦ ਖਤਮ ਹੋਣ ਵਿੱਚ ਡੇਢ ਸਾਲ ਦਾ ਸਮਾਂ ਰਹਿ ਗਿਆ ਸੀ। ਕੁਦਰਤ ਨੂੰ ਸ਼ਾਇਦ ਹਾਲੇ ਤੱਕ ਇੰਡੀਆ ਦੀ ਧਰਤੀ ਤੋਂ ਪੈਰ ਚੱਕਣਾ ਮੰਨਜੂਰ ਨਾ ਹੋਇਆ। ਹੁਣ ਸੋਚ ਰਿਹਾ ਹਾਂ ਕਿ ਅਗਰ ਇਹ ਸਮਾਂ ਵੀ ਹੱਥੋਂ ਨਿਕਲ ਗਿਆ ਤਾਂ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ। ਇਸ ਨੂੰ ਮੁੱਖ ਰੱਖ ਕੇ ਇਸ ਵਾਰ ਦੁਬਈ ਜਾਣ ਦਾ ਸਬੱਬ ਬਣ ਹੀ ਗਿਆ। ਮੇਰੇ ਦੋਸਤ ਮਲਵਿੰਦਰ ਨੇ ਇਸ ਵਾਰ ਕਨੇਡਾ ਤੋਂ ਆਉਣਾ ਸੀ। ਉਸ ਦਾ ਵੀ ਨਾਲ ਹੀ ਪ੍ਰ੍ਰ੍ਰੋਗਰਾਮ ਬਣਾ ਲਿਆ ਗਿਆ। 
ਅਸੀਂ ਸੱਤ ਜਣੇ ਆਪਣੇ ਸ਼ਹਿਰ ਤੋਂ 5 ਸਤੰਬਰ 2014 ਦੀ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਗਏ। ਅਸੀਂ ਰਸਤੇ ਵਿੱਚੋਂ ਕੁੱਝ ਹੋਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕੋਈ ਸਵੇਰੇ ਪੰਜ ਵਜੇ ਦਿੱਲੀ ਇੱਕ ਹੋਟਲ ਵਿੱਚ ਪਹੁੰਚ ਗਏ। ਉੱਥੋਂ ਅਸੀਂ ਸਾਰੇ ਤਿਆਰ ਹੋ ਕੇ ਸਵੇਰ ਦਾ ਨਾਸ਼ਤਾ ਕਰਕੇ 8:30 ਵਜੇ ਦਿੱਲੀ ਏਅਰਪੋਰਟ ਪਹੁੰਚ ਗਏ। ਸਾਡੀ ਦੁਬਈ ਲਈ ਉਡਾਣ 6 ਸਤੰਬਰ ਨੂੰ ਜੈਟ ਏਅਰਵੇਜ ਦੀ 11:30 ਵਜੇ ਦੀ ਸੀ। ਸਮਾਨ ਬੁੱਕ ਕਰਾਉਣ ਤੇ ਹੋਰ ਕਾਰਵਾਈ ਪੂਰੀ ਕਰਕੇ ਏਅਰਪੋਰਟ ਦੇ ਅੰਦਰ ਦਾਖਲ ਹੋ ਗਏ। 

ਲੇਖਕ ਆਪਣੇ ਸਹਿ ਯਾਤਰੀਆਂ ਨਾਲ
ਸਭ ਤੋਂ ਪਹਿਲਾਂ ਤਾਂ ਦਿੱਲੀ ਦਾ ਏਅਰਪੋਰਟ ਦੇਖਕੇ ਮਨ ਬਹੁਤ ਖੁਸ਼ ਹੋਇਆ। ਇਹ ਜੋ ਨਵਾਂ ਏਅਰਪੋਰਟ ਬਣਾਇਆ ਹੈ ਬਹੁਤ ਹੀ ਖੂਬਸੂਰਤ ਇੰਟਰਨੈਸ਼ਨਲ ਪੱਧਰ ਦਾ ਬਣਿਆ ਹੋਇਆ ਹੈ। ਮੈਂ ਇਹ ਨਵਾਂ ਏਅਰਪੋਰਟ ਪਹਿਲੀ ਵਾਰ ਹੀ ਵੇਖਿਆ ਹੈ। 
ਫਿਰ ਅਸੀ 11 ਕੁ ਵਜੇ ਦੇ ਕਰੀਬ ਟਰਮੀਨਲ ਰਾਂਹੀ ਜਹਾਜ ਵਿੱਚ ਦਾਖਲ ਹੋਣ ਲੱਗੇ। ਮੇਰੀ ਸੀਟ ਜਹਾਜ ਦੇ ਪੰਖਾਂ ਤੋਂ ਪਿੱਛੇ ਖਿੜਕੀ ਵਾਲੀ ਸਾਈਡ ਸੀ। ਮੇਰਾ ਮਨ ਬਹੁਤ ਖੁਸ਼ ਸੀ। ਕਿਉਂਕਿ ਮੈਨੂੰ ਬਾਹਰ ਦੇ ਸਾਰੇ ਨਜ਼ਾਰੇ ਨਜ਼ਰ ਆਉਣ ਸਨ। ਮੈਂ ਇੱਕ ਵਾਰ ਪਹਿਲਾਂ ਵੀ ਲੋਕਲ ਹਵਾਈ ਸਫਰ ਕਰ ਚੁੱਕਿਆ ਹਾਂ ਪਰ ਇਹ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਦਾ ਪਹਿਲਾ ਅਨੁਭਵ ਸੀ। 11:30 ਵਜੇ ਅਨਾਂਊਸਮੈਂਟ ਹੋਈ ਸੀਟ ਬੈਲਟ ਬੰਨੀਆਂ ਤੇ ਜਹਾਜ ਆਪਦੇ ਰਨ-ਵੇ ਤੇ ਦੌੜਨ ਲੱਗਿਆ। ਕਾਫੀ ਸਪੀਡ ਤੇ ਦੌੜਨ ਤੋਂ ਬਾਅਦ ਜਦੋਂ ਅਗਲਾ ਹਿੱਸਾ ਉਪੱਰ ਉੱਠਿਆ ਤਾਂ ਜਹਾਜ ਇਕ ਦਮ ਹਵਾ ਵਿੱਚ ਤੈਰਨ ਲੱਗਿਆ। ਦਿੱਲੀ ਸ਼ਹਿਰ ਨੂੰ ਉਪਰੋਂ ਵੇਖਣ ਦਾ ਇੱਕ ਵੱਖਰਾ ਹੀ ਅਨੁਭਵ ਸੀ। ਜਹਾਜ ਉਪੱਰ ਨੂੰ ਉੱਠਦਾ ਹੋਇਆ ਬਹੁਤ ਹੀ ਉਚਾਈ ਵੱਲ ਨੂੰ ਵਧਦਾ ਜਾ ਰਿਹਾ ਸੀ। ਜਮੀਨ ਦੇ ਦ੍ਰਿਸ਼ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਜਹਾਜ ਬੱਦਲਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਬੱਦਲਾਂ ਤੋਂ ਵੀ ਉਪਰ ਅਕਾਸ਼ ਨਾਲ ਗੱਲਾਂ ਕਰਨ ਲੱਗਿਆ। ਮੈਨੂੰ ਬਾਹਰ ਦੇਖਕੇ ਬਹੁਤ ਖੁਸ਼ੀ ਹੋ ਰਹੀ ਸੀ। ਜਹਾਜ ਕਰੀਬ 35 ਕੁ ਹਜਾਰ ਫੁੱਟ ਦੀ ਉਚਾਈ ਤੇ ਪਹੁੰਚ ਕੇ ਸਿੱਧਾ ਹੋ ਗਿਆ। ਏਅਰ ਹੋਸਟਸ ਨੇ ਆਪਣੀ ਡਿਊਟੀ ਸ਼ੁਰੂ ਕਰ ਲਈ ਤੇ ਬੈਲਟਾਂ ਖੋਲ੍ਹਣ ਦਾ ਸੰਦੇਸ਼ ਵੀ ਆ ਗਿਆ। ਉਪੱਰ ਉੱਡਦਿਆਂ ਜਹਾਜ ਦੀ ਸਪੀਡ ਦਾ ਕੋਈ ਅਨੁਭਵ ਨਹੀ ਹੁੰਦਾ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਹਵਾ ਵਿੱਚ ਬਹੁਤ ਥੋੜੀ ਸਪੀਡ ਨਾਲ ਜਹਾਜ ਉੱਡ ਰਿਹਾ ਹੋਵੇ। ਪਰ ਜਹਾਜ ਦੀ ਸਪੀਡ 750 ਤੋਂ 850 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਉੱਡ ਰਿਹਾ ਹੁੰਦਾ ਹੈ ਤੇ ਬਾਹਰ ਦਾ ਤਾਪਮਾਨ ਵੀ 29 ਡਿਗਰੀ ਦੇ ਆਸਪਾਸ ਹੁੰਦਾ ਹੈ ਉਪੱਰੋਂ ਧਰਤੀ ਨੂੰ ਵੇਖਣ ਦਾ ਵੱਖਰਾ ਹੀ ਆਨੰਦ ਆਉਂਦਾ ਹੈ। ਮੇਰੇ ਕੁੱਝ ਮਿੱਤਰਾਂ ਨੇ ਪਹਿਲੀ ਵਾਰ ਉਡਾਣ ਭਰੀ ਸੀ ਉਹ ਤਾਂ ਨੀਚੇ ਦੇਖਣ ਤੋਂ ਵੀ ਘਬਰਾ ਰਹੇ ਸਨ। ਪਰ ਮੈਂ ਬਾਹਰ ਦੇ ਨਜ਼ਾਰੇ ਦੇਖ-2 ਕੇ ਖੁਸ਼ ਹੋ ਰਿਹਾ ਸੀ। ਜਹਾਜ ਇੰਡੀਆਂ, ਫਿਰ ਪਾਕਿਸਤਾਨ ਅਤੇ ਕਰਾਚੀ ਦੇ ਉਪੱਰੋਂ ਦੀ ਹੁੰਦਾ ਹੋਇਆ ਸਮੁੰਦਰ ਨੰੂੰ ਪਾਰ ਕਰਦਾ ਦੁਬਈ ਦੇ ਨਜਦੀਕ ਪਹੁੰਚ ਗਿਆ ਸੀ। ਉਪੱਰੋਂ ਸਮੁੰਦਰ ਦੇ ਵਿੱਚ ਸੁਮੰਦਰੀ ਜਹਾਜਾਂ ਨੂੰ ਵੇਖਕੇ ਬਹੁਤ ਹੀ ਅੱਛਾ ਲੱਗ ਰਿਹਾ ਸੀ। ਸਾਡੀ ਉਡਾਣ 3 ਘੰਟੇ 15 ਮਿੰਟ ਦੀ ਸੀ। ਦੁਬਈ ਏਅਰਪੋਰਟ ਪਹੁੰਚਣ ਤੇ ਲੈਂਡ ਕਰਨ ਦੀ ਅਨਾਂਊਸਮੈਂਟ ਹੋਈ। ਸਭ ਨੇ ਇਕ ਵਾਰ ਫੇਰ ਆਪਣੀਆਂ ਸੀਟ ਬੈਲਟਾਂ ਬੰਨ ਲਈਆਂ ਅਤੇ ਜਹਾਜ ਹੌਲੀ-ਹੌਲੀ ਨੀਚੇ ਨੂੰ ਹੁੰਦਾ ਹੋਇਆ ਦੁਬਈ ਏਅਰਪੋਰਟ ਤੇ ਲੈਂਡ ਕਰ ਗਿਆ। ਹੁਣ ਸਮਾਂ 2:45 ਵਜੇ ਇੰਡੀਅਨ ਟਾਈਮ ਤੇ ਦੁਬਈ ਦੇ 1 ਵਜੇ ਕੇ 15 ਮਿੰਟ ਦੇ ਕਰੀਬ ਸੀ। 
 ਏਅਰਪੋਰਟ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਕੇ ਅਸੀਂ ਬਾਹਰ ਆ ਗਏ ਅਤੇ ਕੁੱਝ ਦੇਰ ਬਾਅਦ ਸਾਨੂੰ ਲੈਣ ਲਈ ਵੈਨ ਆ ਗਈ। ਅਸੀਂ ਸਾਰੇ ਜਣੇ ਸਵਾਰ ਹੋ ਕੇ ਦੁਬਈ ਦੇ ਏਅਰਪੋਰਟ ਤੋਂ ਬਾਹਰ ਦੁਬਈ ਦੀਆਂ ਖੂਬਸੂਰਤ ਸੜਕਾਂ ਉਪੱਰ ਚੜ ਗਏ। ਦੁਬਈ ਦਾ ਟ੍ਰੈਫਿਕ, ਸਾਡੇ ਤੋਂ ਉਲਟ ਸਾਈਡ ਤੇ ਚੱਲਦਾ ਹੈ। ਆਸ-ਪਾਸ ਦੀਆਂ ਇਮਾਰਤਾਂ ਦੇਖ ਕੇ ਬਹੁਤ ਹੀ ਅੱਛਾ ਲੱਗਿਆ। ਮੌਸਮ ਗਰਮ ਸੀ। ਸਤੰਬਰ ਵਿੱਚ ਆਪਣੇ ਮਈ, ਜੂਨ ਮਹੀਨੇ ਦੀ ਤਰ੍ਹਾਂ ਗਰਮ ਲੂ ਵਰਗੀ ਹਵਾ ਵਗ ਰਹੀ ਸੀ। ਪਰੰਤੂ ਸਾਰੇ ਪ੍ਰਬੰਧ ਏ.ਸੀ ਹੋਣ ਕਾਰਨ ਗਰਮੀ ਨਹੀ ਲੱਗਦੀ ਸੀ। 
ਸਾਡੇ ਟੂਰ ਪ੍ਰਬੰਧਕ ਨੇ ਰਸਤੇ ਵਿੱਚ ਜਾਂਦੇ-ਜਾਂਦੇ ਕੁੱਝ ਜਰੂਰੀ ਹਦਾਇਤਾਂ ਦੱਸ ਦਿੱਤੀਆਂ ਕਿ ਘੜੀਆਂ 1:30 ਘੰਟਾਂ ਪਿੱਛੇ ਕਰ ਲਵੋ। ਸੜਕ ਉਪਰ ਕਿਸੇ ਨੇ ਥੁੱਕਣਾਂ ਨਹੀ ਅਤੇ ਉਪਰ ਕੁੱਝ ਵੀ ਸੁੱਟਣਾ ਨਹੀਂ ਅਰਬੀਅਨ ਲੜਕੀ ਜਾਂ ਕਿਸੇ ਇਨਸਾਨ ਵੱਲ ਉਂਗਲ ਕਰਕੇ ਗੱਲ ਨਹੀਂ ਕਰਨੀ, ਕਿਸੇ ਲੜਕੀ ਨੂੰ ਜਿਆਦਾ ਤੱਕਣਾ ਨਹੀ ਅਗਰ ਕਿਸੇ ਦੀ ਆਦਤ ਹੈ ਤਾਂ ਕਾਲੀਆਂ ਐਨਕਾਂ ਲਗਾ ਲੈਣਾ। ਇਸ ਤਰ੍ਹਾਂ ਸਫਰ ਦਾ ਆਨੰਦ ਲੈਂਦੇ ਹੋਏ ਖੂਬਸੂਰਤ ਉੱਚੀਆਂ-ਉੱਚੀਆਂ ਇਮਾਰਤਾਂ, ਮਾਰਕੀਟ, ਫਲਾਈਓਵਰ ਦੇਖਦੇ ਹੋਏ ਅਸੀਂ ਆਪਣੇ ਹੋਟਲ ਇੰਮਪੀਰੀਅਲ ਸੂਟ ਵਿੱਚ ਪਹੁੰਚ ਗਏ ਜੋ ਬੁਰ ਦੁਬਈ ਵਿੱਚ ਸਥਿੱਤ ਹੈ ਅਤੇ ਸਾਰਿਆਂ ਨੂੰ ਹੁਣ ਰੈਸਟ ਕਰਕੇ ਸ਼ਾਮ ਨੂੰ 7:30 ਵਜੇ ਡਿਨਰ ਲਈ ਢੋ ਕਰੂਜ ਲਈ ਜਾਣ ਦਾ ਪ੍ਰੋਗਰਾਮ ਦੱਸ ਦਿੱਤਾ। 
ਯੂਨਾਈਟਿਡ ਅਰਬ ਅਮੀਰਾਤ  ਸੱਤ ਖੂਬਸੂਰਤ ਸ਼ਹਿਰਾਂ ਦਾ ਇੱਕ ਦੇਸ਼ ਹੈ। ਜਿਸ ਵਿੱਚ ਦੁਬਈ, ਆਬੂਧਾਬੀ, ਸ਼ਾਰਜਾਹ, ਅਜਮਨ, ਉਮਅਲ ਕੁਵੈਨ, ਰਾਸ ਅਲੀ ਖੈਮਾਹ, ਫੂਜੈਹਰਾ ਹਨ। ਆਬੂਧਾਬੀ ਇਸ ਦੀ ਰਾਜਧਾਨੀ ਹੈ। ਇਹ ਦੇਸ਼ ਸਮੁੰਦਰ ਦੇ ਕੰਢੇ ਅਤੇ ਰੇਗਿਸਤਾਨ ਵਿੱਚ ਵਸਿਆ ਹੋਇਆ ਹੈ। ਇੱਥੋਂ ਦੇ ਪ੍ਰਸ਼ਾਸਨ ਨੇ 20-22 ਸਾਲਾਂ ਵਿੱਚ ਰੇਗਿਸਤਾਨ ਨੂੰ ਇਹੋ ਜਿਹਾ ਵਿਕਸਤ ਕੀਤਾ ਹੈ ਕਿ ਅੱਜ ਦੁਨੀਆਂ ਇਸ ਦੇ ਸ਼ਹਿਰਾਂ ਨੂੰ ਦੇਖਣ ਲਈ ਆਉਂਦੀ ਹੈ। ਦੁਬਈ ਦੁਨੀਆਂ ਦੇ ਵਿੱਚ ਸਭ ਤੋਂ ਤੇਜੀ ਨਾਲ ਉਭਰਦਾ ਹੋਇਆ ਇੱਕ ਨਵਾਂ ਇਤਿਹਾਸ ਰਚ ਰਿਹਾ ਹੈ। ਇਸ ਸ਼ਹਿਰ ਦੀਆਂ ਇਮਾਰਤਾਂ ਦੁਨੀਆਂ ਨੂੰ ਹੈਰਾਨ ਕਰ ਦੇਣਗੀਆਂ। ਇਸ ਨੂੰ ਟੂਰਿਜਮ, ਡਿਊਟੀ ਫਰੀ ਸੌਪਿੰਗ ਲਈ ਵਿਕਸਤ ਕੀਤਾ ਗਿਆ ਹੈ। ਇਥੋਂ ਦੀ ਕਰੰਸੀ ਦਿਰਾਮ ਹੈ ਜੋ ਸਾਡੇ 16.50 ਰੁਪਏ ਦੇ ਕਰੀਬ ਇੱਕ ਦਿਰਾਮ ਹੈ। ਇਥੋਂ ਦਾ ਪੌਣ-ਪਾਣੀ ਗਰਮ ਹੈ। ਇਸ ਵਿੱਚ ਅਰਬ ਸ਼ੇਖਾਂ ਦੇ ਨਾਲ-ਨਾਲ ਅਲੱਗ-ਅਲੱਗ ਦੇਸ਼ਾਂ ਅਤੇ ਸੱਭਿਆਚਾਰ ਦੇ ਲੋਕ ਇੱਥੇ ਵਸਦੇ ਹਨ। ਦੁਬਈ ਦੀ ਅਬਾਦੀ ਵਿੱਚ 53% ਭਾਰਤੀ ਲੋਕ, 17% ਅਰਬ ਅਮੀਰਾਤ, 13.3% ਪਾਕਿਸਤਾਨੀ, 7.50% ਬੰਗਲਾਦੇਸੀ, 2.5% ਫਿਲਪੀਨ, 1.5% ਸ੍ਰੀਲੰਕਾਂ, 0.3% ਅਮਰੀਕਾ, 5.7% ਬਾਕੀ ਦੇਸ਼ਾ ਦੇ ਲੋਕ ਰਹਿੰਦੇ ਹਨ। 
ਦੁਬਈ ਦੇ ਪ੍ਰਸ਼ਾਸਨ ਨੇ ਆਪਣੇ ਸਿਸਟਮ ਨੂੰ ਇੰਨਾ ਕੁ ਵਧੀਆ ਬਣਾਇਆ ਹੋਇਆ ਹੈ। ਇੱਥੋਂ ਦੇ ਨਾਗਰਿਕ ਬੇਫਿਕਰੀ ਦੀ ਜਿੰਦਗੀ ਦਾ ਆਨੰਦ ਮਾਣਦੇ ਹਨ। ਸਾਫ਼-ਸਫ਼ਾਈ ਪੱਖੋਂ ਦੁਬਈ ਦਾ ਕੋਈ ਜਵਾਬ ਨਹੀਂ। ਸੜਕਾਂ ਉਪੱਰ ਪੂਰੀ ਸਫ਼ਾਈ ਹੈ। ਹਰ ਕੋਈ ਡਸਟਬਿਨ ਦਾ ਇਸਤੇਮਾਲ ਕਰਦਾ ਹੈ। ਸੜਕ ਉਪੱਰ ਕਿਤੇ ਕੋਈ ਜਾਨਵਰ ਤੱਕ ਨਜ਼ਰ ਨਹੀਂ ਆਇਆ। ਕਿਤੇ ਟ੍ਰੈਫਿਕ ਜਾਮ ਨਹੀਂ। ਕਿਸੇ ਵੀ ਚੌਂਕ ਵਿੱਚ ਕਿਤੇ ਵੀ ਕੋਈ ਟਰੈਫਿਕ ਪੁਲਿਸ ਦਾ ਮੁਲਾਜ਼ਮ ਨਜ਼ਰ ਨਹੀਂ ਆਇਆ। ਹਾਰਨ ਮਾਰਨਾ ਤਾਂ ਕਿਸੇ ਨੂੰ ਗਾਲੀ ਦੇਣ ਦੇ ਬਰਾਬਰ ਹੈ। ਅਸੀ ਇੱਕ ਵੀ ਹਾਰਨ ਵੱਜਦਾ ਨਹੀਂ ਸੁਣਿਆ। ਕਿਤੇ ਕੋਈ ਭਿਖਾਰੀ ਨਜ਼ਰ ਨਹੀਂ ਆਇਆ। ਟ੍ਰੈਫਿਕ ਲਾਈਟਾਂ ਨਾਲ ਹੀ ਸਾਰਾ ਟ੍ਰੈਫਿਕ ਚੱਲਦਾ ਹੈ। ਕਾਰਾਂ ਵਿੱਚ ਆਪਸੀ ਦੂਰੀ ਰੱਖਣਾ ਜਰੂਰੀ ਹੈ। ਕਿਸੇ ਵੀ ਕਾਰ ਉਪਰ ਝਰੀਟ ਤੱਕ ਨਹੀਂ ਸੀ। ਸਾਰੀਆਂ ਕਾਰਾਂ ਦੀ ਕੰਡੀਸ਼ਨ ਨਵੀਆਂ ਜਿਵੇਂ ਹੁਣੇ ਹੀ ਸ਼ੋਅ ਰੂਮ ਵਿੱਚੋਂ ਆਈਆਂ ਹੋਣ। ਹਰ ਸਾਲ ਕਾਰ ਦੀ ਫਿਟਨੈੱਸ ਚੈਕ ਹੋਣ ਤੋਂ ਬਾਅਦ ਹੀ ਸੜਕ ਉਪੱਰ ਆਉਂਦੀ ਹੈ। ਡਿਊਟੀ ਫ੍ਰੀ ਹੋਣ ਕਾਰਨ ਕਾਰਾਂ ਦੇ ਮਹਿੰਗੇ ਤੋਂ ਮਹਿੰਗੇ ਮਾਡਲ ਆਮ ਸੜਕਾਂ ਉਪਰ ਮਿਲਦੇ ਹਨ। ਜਿਵੇਂ ਔਡੀ, ਬੀ.ਐਮ ਡਬਲਯੂ, ਮਰਸਡੀਜ ਬੈਂਜ, ਰੇਂਜਰੋਵਰ, ਲੈਂਡਰੋਵਰ, ਲੈਂਡ ਕਰੂਜ਼ਰ, ਹਮਰ, ਫੈਰਾਰੀ ਵਰਗੀਆਂ ਸਾਰੀਆਂ ਲਗਜ਼ਰੀ ਕਾਰਾਂ ਆਮ ਹਨ। ਸਾਰੀਆਂ ਕਾਰਾਂ ਪੈਟਰੋਲ ਨਾਲ ਚੱਲਦੀਆਂ ਹਨ। ਇਸ ਲਈ ਕੋਈ ਪੋਲਿਊਸ਼ਨ ਨਹੀ। ਦੁਬਈ ਵਿੱਚ ਪੈਟਰੋਲ ਦੀ ਕੀਮਤ 1-75 ਦਿਰਾਮ ਹੈ। ਕਰੀਬ ਪਾਣੀ ਵੀ ਇਸੇ ਹੀ ਰੇਟ ਤੇ ਮਿਲਦਾ ਹੈ। 
 ਦੁਬਈ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਖੁੱਲੀਆਂ ਸੜਕਾਂ, ਵੱਡੇ-ਵੱਡੇ ਫਲਾਈਓਵਰ ਇੱਕ ਦੂਜੇ ਦੇ ਉਪਰ ਥੱਲੇ ਦੀ ਬਣਾਏ ਹੋਏ ਹਨ। ਇੰਨੇ ਸਾਫ਼ ਸੁਥਰੇ ਹਨ ਕਿਤੇ ਵੀ ਕੋਈ ਪੋਸਟਰ, ਬੈਨਰ ਨਹੀ ਲੱਗਿਆ ਹੋਇਆ ਨਾ ਹੀ ਕਿਤੇ ਦੀਵਾਰ ਉਪੱਰ ਲਿਖਿਆ ਹੋਇਆ ਹੈ, ਵਧੀਆ ਪਲਸਤਰ ਤੇ aੁੱਪਰ ਵਧੀਆਂ ਰੰਗ ਕੀਤੇ ਹੋਏ ਪੁਲ ਦੇਖ ਕੇ ਮਨ ਖੁਸ਼ ਹੋ ਜਾਂਦਾ ਸੀ। ਪੈਦਲ ਸੜਕ ਕਰਾਸ ਕਰਨ ਸਮੇਂ ਜੈਬਰਾ ਕਰਾਸ ਤੇ ਲਾਈਟ ਔਨ ਕਰਨ ਤੇ ਸਾਰਾ ਟਰੈਫਿਕ ਰੁੱਕ ਜਾਂਦਾ ਹੈ ਅਤੇ ਪੈਦਲ ਚੱਲਣ ਵਾਲੇ ਨੂੰ ਪਹਿਲ ਦਿੰਦੇ ਹਨ। ਸੜਕ ਉੱਪਰ ਪੈਦਲ  ਚੱਲਣ ਵਾਲੇ ਇਨਸਾਨ ਦੀ ਇੱਜ਼ਤ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਸਾਡੇ ਦੇਸ਼ ਵਿੱਚ ਪੈਦਲ ਚੱਲਣ ਵਾਲੇ ਦੀ ਇੱਜ਼ਤ ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। 
 ਦੁਬਈ ਵਿੱਚ ਅਸੀਂ ਚਾਰ ਦਿਨ ਰਹੇ, ਇੱਕ ਸਕਿੰਟ ਲਈ ਵੀ ਬਿਜਲੀ ਨਹੀਂ ਗਈ। ਸੜਕਾਂ ਉਪੱਰ ਲਾਈਟਾਂ ਦਾ ਇੰਨਾਂ ਵਧੀਆ ਪ੍ਰਬੰਧ ਸੀ ਕਿਤੇ ਵੀ ਕੋਈ ਲਾਈਟ ਟੁੱਟੀ ਹੋਈ ਜਾਂ ਬੰਦ ਅਤੇ ਨਾ ਹੀ ਕੋਈ ਪੋਲ ਵਿੰਗਾ ਸੀ। ਪੂਰੇ ਸਿਸਟਮ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪ੍ਰਬੰਧ ਕੀਤਾ ਹੋਇਆ ਹੈ। ਸਾਰੀਆਂ ਤਾਰਾਂ ਵਗੈਰਾ ਵੀ ਅੰਡਰ ਗਰਾਂਉਡ ਹੀ ਸਨ। 
 ਦੁਬਈ ਵਿੱਚ ਬਜ਼ਾਰ ਦੇ ਬਾਹਰ ਕਿਸੇ ਵੀ ਦੁਕਾਨ ਜਾਂ ਸ਼ੋਅ ਰੂਮ ਦੇ ਬਾਹਰ ਕੋਈ ਵੀ ਸਮਾਨ ਨਹੀਂ ਰੱਖਿਆ ਹੋਇਆ ਸੀ। ਬਾਹਰੋਂ ਸਾਰੇ ਸਾਫ਼ ਸੁਥਰੇ ਸਨ ਅਤੇ ਪਾਰਕਿੰਗ ਦਾ ਸਿਸਟਮ ਵੀ ਵਧੀਆ ਸੀ। ਇੱਥੇ ਐਕਸਾਈਜ਼ ਡਿਊਟੀ ਪਹਿਲੀ ਸਟੇਜ ਜਾਂ ਡਿਊਟੀ ਫਰੀ ਹੋਣ ਕਾਰਨ ਕੋਈ ਸੇਲ ਟੈਕਸ ਨਹੀਂ ਅਤੇ ਨਾ ਹੀ ਇਨਕਮ ਟੈਕਸ ਹੈ। 

ਲੇਖਕ ਕਰੂਜ਼ ਦੀ ਸਵਾਰੀ ਕਰਦਾ ਹੋਇਆ
 ਦੁਬਈ ਵਿੱਚ ਚੋਰੀ, ਠੱਗੀ-ਠੋਰੀ, ਹੇਰਾਫੇਰੀ, ਲੁੱਟ-ਖੋਹ, ਕਤਲ, ਰੇਪ ਕਿਸੇ ਵੀ ਕਿਸਮ ਦਾ ਕੋਈ ਅਪਰਾਧ ਨਹੀਂ। ਲੇਡੀਜ਼ ਚਾਹੇ ਰਾਤ ਨੂੰ ਇਕੱਲੀ ਕਿਤੇ ਕਿਸੇ ਵੀ ਟਾਇਮ ਚਲੀ ਜਾਵੇ ਉਸ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਕਿਉਂਕਿ ਉਹਨਾਂ ਦੀਆਂ ਸਜਾਵਾਂ ਹੀ ਇੰਨੀਆਂ ਸਖ਼ਤ ਹਨ ਕੋਈ ਵੀ ਬੰਦਾ ਜ਼ੁਰਮ ਨਹੀਂ ਕਰਦਾ। ਕੋਈ ਰਿਸ਼ਵਤ ਨਹੀਂ ਕਿਸੇ ਦੀ ਸਿਫ਼ਾਰਸ ਨਹੀਂ, ਕੋਈ ਸੌਰੀ ਨਹੀਂ, ਕੋਈ ਗਲਤੀ ਕੀਤੀ ਤਾਂ ਸਜ਼ਾ ਮਿਲੇਗੀ ਹੀ ਮਿਲੇਗੀ। ਕੋਈ ਬੰਦਾ ਕਿਸੇ ਕਿਸਮ ਦਾ ਅਪਰਾਧ ਕਰਕੇ ਇੱਥੋ ਬਚ ਕੇ ਨਿਕਲ ਨਹੀਂ ਸਕਦਾ। ਤੁਹਾਡੇ ਪਹਿਚਾਣ ਪੱਤਰ (ਪਾਸਪੋਰਟ ਤੇ ਵੀਜਾ ਪੇਪਰ) ਇਹ ਆਪਣੇ ਕੋਲ ਪਹਿਲਾਂ ਹੀ ਫੜ੍ਹ ਕੇ ਰੱਖ ਲੈਂਦੇ ਹਨ। ਤੁਹਾਡੇ ਫਿੰਗਰ ਪ੍ਰਿੰਟ ਅਤੇ ਅੱਖਾਂ ਦੀਆਂ ਪੁਤਲੀਆਂ ਨੂੰ ਸਕੈਨ ਕਰਕੇ ਕੰਪਿਊਟਰ ਵਿੱਚ ਫੀਡ ਕਰ ਲੈਂਦੇ ਹਨ। ਸਖ਼ਤ ਕਾਨੂੰਨ ਕਰਕੇ ਕਿਸੇ ਦੀ ਅਪਰਾਧ ਕਰਨ ਦੀ ਹਿੰਮਤ ਨਹੀ ਪੈਂਦੀ ਇਸੇ ਲਈ ਇੱਥੇ ਲੋਕ ਆਪਣਾ ਜੀਵਨ ਬਹੁਤ ਹੀ ਵਧੀਆ ਗੁਜ਼ਾਰਦੇ ਹਨ। 
 ਸ਼ਾਮ ਨੂੰ ਅਸੀਂ ਸਾਰੇ ਇੱਕਠੇ ਹੋ ਕੇ ਕਰੂਜ਼ ਲਈ ਰਵਾਨਾ ਹੋ ਗਏ। ਹੁਣ ਰਾਤ ਹੋ ਚੁੱਕੀ ਸੀ। ਲਾਈਟਾਂ ਨਾਲ ਦੁਬਈ ਪੂਰੀ ਜਗਮਗਾ ਰਹੀ ਸੀ। ਜਿਵੇਂ ਦੀਵਾਲੀ ਦੀ ਰਾਤ ਹੋਵੇ। ਬਰ ਦੁਬਈ ਤੋਂ ਚੱਲਕੇ ਮੈਰੀਨਾ ਪਹੁੰਚੇ ਗਏ। ਇਹ ਉਹ ਸਥਾਨ ਹੈ ਜਿੱਥੇ ਸਭ ਤੋਂ ਪਹਿਲਾਂ ਸਮੁੰਦਰ ਰਾਹੀਂ ਮਾਲ ਦੀ ਢੋਅ-ਢੁਆਈ ਰਾਂਹੀ ਵਪਾਰ ਹੁੰਦਾ ਸੀ। ਇੱਥੇ ਸਮੁੰਦਰ ਬਰ ਦੁਬਈ ਤੇ ਦੇਹਰਾ ਦੁਬਈ ਨੂੰ ਆਪਸ ਵਿੱਚ ਜੋੜਦਾ ਹੈ। ਰਾਤ ਦਾ ਨਜ਼ਾਰਾ ਦੇਖਣਯੋਗ ਸੀ। ਅਸੀਂ ਗੱਡੀ ਵਿੱਚੋਂ ਉੱਤਰ ਕੇ ਸਾਰੇ ਜਣੇ ਕਰੂਜ਼ ਵਿੱਚ ਸਵਾਰ ਹੋ ਗਏ। ਕਰੂਜ਼ ਕਿਸ਼ਤੀ ਨੁਮਾ ਇੱਕ ਛੋਟਾ ਸਮੁੰਦਰੀ ਜਹਾਜ ਵਰਗਾ ਸੀ। ਜਿਸ ਵਿੱਚ ਏਅਰ ਕੰਡੀਸ਼ਨ ਹਾਲ, ਵਾਸ਼ਰੂਮ ਅਤੇ ਕਿਚਨ ਵੀ ਸੀ। ਛੱਤ ਉਪੱਰ ਓਪਨ ਦੇ ਵਿੱਚ ਬੈਠਣ ਲਈ ਪੂਰਾ ਪ੍ਰਬੰਧ ਸੀ। ਸਾਡਾ ਅੱਜ ਦੇ ਰਾਤ ਦੇ ਖਾਣੇ ਦਾ ਪ੍ਰੋਗਰਾਮ ਵੀ ਇਸ ਵਿੱਚ ਸੀ। ਮਨੋਰੰਜਨ ਲਈ ਜਾਦੂਗਰ ਅਤੇ ਦੁਬਈ ਦੇ ਸੱਭਿਆਚਾਰ ਨਾਲ ਸਬੰਧਤ ਡਾਂਸ ਅਤੇ ਛੱਤ ਉਪੱਰ ਡੀ.ਜੇ ਸਿਸਟਮ ਲੱਗਿਆ ਹੋਇਆ ਸੀ। ਅਸੀਂ ਸਾਰਿਆਂ ਨੇ ਖਾਣਾ ਖਾਧਾ ਅਤੇ ਕਰੂਜ਼ ਦੀ ਛੱਤ ਉਪੱਰ ਚੱਲੇ ਗਏ। ਕਰੂਜ ਆਪਣੇ ਸਫ਼ਰ ਵੱਲ ਵਧ ਰਿਹਾ ਸੀ। ਸਮੁੰਦਰ ਦੇ ਵਿੱਚ ਹੋਰ ਕਰੂਜ ਵੀ ਚੱਲ ਰਹੇ ਸਨ। ਲਾਈਟਾਂ ਨਾਲ ਸ਼ਿੰਗਾਰੇ ਹੋਏ ਕਰੂਜ ਦਾ ਪਾਣੀ ਦੇ ਵਿੱਚ ਅਕਸ ਬਹੁਤ ਹੀ ਸੁੰਦਰ ਦ੍ਰਿਸ਼ ਪੇਸ਼ ਕਰ ਰਿਹਾ ਸੀ। ਰਾਤ ਨੂੰ ਸਮੁੰਦਰ ਦੇ ਵਿੱਚ ਸੈਰ ਕਰਦੇ ਹੋਏ ਬਹੁਤ ਆਨੰਦ ਲਿਆ। ਸਾਰੇ ਦ੍ਰਿਸ਼ਾ ਨੂੰ ਵੀਡਿਓ ਦੁਆਰਾ ਕੈਦ ਕੀਤਾ। 2 ਕਿਲੋਮੀਟਰ ਦੇ ਕਰੀਬ ਅਸੀਂ ਸਮੁੰਦਰ ਵਿੱਚ ਘੁੰਮ ਕੇ ਵਾਪਿਸ ਆਪਣੇ ਟਿਕਾਣੇ ਤੇ ਪਹੁੰਚੇ। ਇਨਾਂ ਪਲਾਂ ਨੂੰ ਯਾਦਾਂ ਦੀ ਪਟਾਰੀ ਵਿੱਚ ਸਮੇਟਦੇ ਹੋਏ ਆਪਣੇ ਹੋਟਲ ਪਹੁੰਚ ਗਏ। 

.....ਚਲਦਾ....