ਦੀਪ ਬੁਝ ਜਾਣਗੇ (ਕਹਾਣੀ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੱਤਕ ਦਾ ਮਹੀਨਾ ਸੀ ਦਿਨ ਦੇ ਦਸ ਕੁ ਵੱਜੇ ਸਨ। ਆਦਮੀ ਕੰਮ ਧੰਦੇ ਨੂੰ ਖੇਤਾਂ ਵੱਲ ਗਏ ਹੋਏ ਸਨ। ਕੁੱਝ ਔਰਤਾਂ ਕਾਮਿਆਂ ਦਾ ਰੋਟੀ ਪਾਣੀ ਲੈ ਕੇ ਖੇਤਾਂ ਨੂੰ ਗਈਆਂ ਸਨ। ਅੱਜ ਫਿਰ ਗਲੀ ਵਿੱਚ ਰੌਲਾ ਪੈ ਗਿਆ ਸੀ। ਔਰਤਾਂ ਬੱਚੇ ਇਕੱਠੇ ਹੋਏ ਸਨ। ਕਈ ਉਸ ਪਾਸੇ ਵੱਲ ਜਾਂਦੇ ਸਨ ਕੁੱਝ ਮੁੜੇ ਆਉਂਦੇ ਸਨ। ਉਸ ਰੌਲੇ ਰੱਪੇ ਵੱਲੋਂ ਮੁੜੀ ਆਉਂਦੀ ਤਾਈ ਖੇਮੀ ਨੂੰ ਆਤਮੇ ਨੇ ਪੁੱਛ ਲਿਆ," ਤਾਈ ਆਹ! ਕਾਹਦਾ ਰੌਲਾ ਹੈ?ਲੋਕ ਕਿਉਂ ਇਕੱਠੇ ਹੋਏ ਹਨ""
                       ਤਾਈ ਖੇਮੀ ਨੇ ਆਪਣੇ ਸੁਭਾਅ ਅਨੁਸਾਰ ਕੜਕਵੀਂ ਅਵਾਜ਼ ਵਿੱਚ ਕਿਹਾ," ਆਹ ਮਰ ਜਾਣਾ !ਭੰਤੇ ਕਾ ਦੀਪ ਅੱਗ ਲੱਗਣਾ ਅੱਜ ਬੀਰੋ ਕੇ ਘਰੋਂ ਭਾਂਡੇ ਚੱਕਦਾ ਫੜਿਆ ਗਿਆ। ਪਹਿਲਾਂ ਇਹ ਤਾਰੋ ਕੇ ਘਰੋਂ ਦਾਣੇ ਚੱਕਦਾ ਫੜ੍ਹਿਆ ਗਿਆ ਸੀ। ਜਿਥੋਂ ਦਾਅ ਲੱਗਦਾ ਹੈ ਕਿਸੇ ਦੀ ਚੀਜ਼ ਚੁਰਾ ਲੈਂਦਾ ਹੈ। ਇਸ ਨੇ ਪਿੰਡ ਵਿੱਚ ਖੌਫ ਪੈਦਾ ਕੀਤਾ ਹੈ। ਸਾਰੀ ਦਿਹਾੜੀ ਨਸ਼ੇ ਵਿੱਚ ਧੁੱਤ ਹੋਇਆ ਫਿਰਦਾ ਰਹਿੰਦਾ ਹੈ। ਕਈ ਵਾਰ ਜੁੱਤੀਆਂ ਵੀ ਪਈਆਂ ਹਨ ਪਰ ਫਿਰ ਵੀ ਨਹੀਂ ਹਟਦਾ। ਘਰ ਦੇ ਵੀ ਕੋਈ ਬੰਦੋ ਬਸਤ ਨਹੀਂ ਕਰਦੇ। ਜੇ ਕਿਤੇ ਕੁੱਟੀਦੇ ਦੇ ਥਾਂ ਕੁਥਾਂਹ ਸੱਟ ਲੱਗ ਗਈ ਤਾਂ ਫਿਰ ਘਰ ਦੇ ਕਹਿਣਗੇ ਸਾਡਾ ਮੁੰਡਾ ਲੋਕਾਂ ਨੇ ਕੁੱਟਿਆ" ਤਾਈ ਖੇਮੀ ਇਕੋ ਸਾਹ ਐਨੀਆਂ ਗੱਲਾਂ ਕਹਿ ਗਈ।
 ਹਰਦੀਪ,ਭਰਵੰਤ ਦੀ ਤੀਸਰੀ ਔਲਾਦ ਸੀ। ਉਸ ਤੋਂ ਪਹਿਲਾਂ ਦੋ ਧੀਆਂ ਸਨ। ਭਗਵੰਤ ਦਾ ਛੋਟਾ ਨਾਂ ਭੰਤਾ ਅਤੇ ਹਰਦੀਪ ਦਾ ਛੋਟਾ ਨਾਂ ਦੀਪ ਲੈ ਕੇ ਹੀ ਪਿੰਡ ਵਿੱਚ ਬੁਲਾਉਂਦੇ ਸਨ। ਭੰਤੇ ਕੋਲ ਅੱਠ ਕੁ ਕਿਲੇ ਪੈਲੀ ਸੀ। ਕੁੱਝ ਹੋਰ ਪੈਲੀ ਠੇਕੇ ਤੇ ਲੈ ਕੇ ਚੰਗੀ ਕਮਾਈ ਕਰਦਾ ਸੀ। ਉਹ ਆਪ ਅੱਠ ਜਮਾਤਾਂ ਪਾਸ ਸੀ। ਪੁੱਤ ਨੂੰ ਪੜ੍ਹਾਉਣ ਦੀ ਉਸ ਦੀ ਰੀਝ ਸੀ। ਦੀਪ ਦੇ ਅੰਗ ਲੁਗ ਲੁਗ ਕਰਦੇ। ਪੜ੍ਹਾਈ ਵਿੱਚ ਹੁਸ਼ਿਆਰ। ਗਲੀ ਗੁਆਂਢ ਦੀ ਰੌਣਕ ਸੀ। ਆਪ ਤੋਂ ਵੱਡੇ ਹਰ ਇੱਕ ਨੂੰ ਸਤਿਕਾਰ ਨਾ ਬੁਲਾਉਂਦਾ। ਜਦੋਂ ਤੋਂ ਕਾਲਜ ਵਿੱਚ ਪੜ੍ਹਣ ਲੱਗਾ ਸਾਲ ਕੁ ਤਾਂ ਵਧੀਆ ਰਿਹਾ। ਮਿਹਨਤ ਕੀਤੀ ਚੰਗੇ ਅੰਕ ਪ੍ਰਾਪਤ ਕੀਤੇ। ਅਗਲੇ ਸਾਲਾਂ ਵਿੱਚ ਉਹ ਮਾੜੀ ਸੰਗਤ ਵਿੱਚ ਪੈ ਗਿਆ।
                       ਬਾਪ ਪਹਿਲੇ ਇਤਬਾਰ ਤੇ ਪੈਸੇ ਦਿੰਦਾ ਰਿਹਾ ਕਿ ਮੁੰਡਾ ਸਾਉ ਹੈ। ਕਿਤੇ ਫਾਲਤੂ ਖਰਚ ਨਹੀਂ ਕਰਦਾ ਹੋਵੇਗਾ। ਉਸ ਨੂੰ ਲੋੜੀਦੇ ਹੋਣਗੇ ਤਾਂ ਹੀ ਮੰਗਦਾ ਹੈ।। ਖੇਤੀ ਵਾਲੇ ਭੰਤੇ ਨੂੰ ਕਾਲਜ ਦੀ ਪੜ੍ਹਾਈ ਦੇ ਖਰਚਿਆਂ ਦਾ ਪਤਾ ਨਹੀਂ ਸੀ। ਭਾਨੇ ਦੀ ਸਿਹਤ ਦਿਨੋ ਦਿਨ ਥੱਲੇ ਨੂੰ ਜਾਂਦੀ। ਭੰਤੇ ਨੇ ਆਪਣੀ ਘਰ ਵਾਲੀ ਨੂੰ ਕਿਹਾ," ਆਪਣਾ ਦੀਪ ਲਿਸਾ ਜਿਹਾ ਹੁੰਦਾ ਜਾਂਦਾ ਨਹੀਂ ਲੱਗਦਾ?"
ਭੰਤੇ ਦੇ ਘਰ ਵਾਲੀ ਅਮਰੋ ਕਹਿੰਦੀ," ਲੱਗਦਾ ਤਾਂ ਹੈ। ਪਰ ਮੈਂ ਸੋਚਿਆ ਉਸ ਤੇ ਵੱਡੀ ਜਮਾਤ ਦੀ ਪੜ੍ਹਾਈ ਦਾ ਬੋਝ ਹੈ।
" ਵੇਖੀਂ ਕਿਤੇ ਅੱਜ ਕੱਲ ਬੱਚਿਆਂ ਦਾ ਪਤਾ ਨਹੀਂ ਲੱਗਦਾ ਜ਼ਮਾਨਾ ਬੜਾ ਖਰਾਬ ਹੈ।" ਭੰਤੇ ਨੇ ਚਿੰਤਾ ਪ੍ਰਗਟ ਕੀਤੀ।"
                       "ਅੱਗੇ ਤਾਂ ਕਦੀ ਉਸ ਦੀ ਸ਼ਿਕਾਇਤ ਨਹੀਂ ਸੁਣੀ। ਮੁੰਡਾ ਤਾਂ ਸਾਊ ਐ। ਠੀਕ ਐ!ਬਾਕੀ ਅੱਜ ਕੱਲ ਮੁੰਡਿਆਂ ਦਾ ਪਤਾ ਨਹੀਂ ਲੱਗਦਾ। ਪਿੰਡ ਵਿੱਚ ਕਿੰਨੇ ਸਾਊ ਮੁੰਡੇ ਨਸ਼ਿਆਂ ੱਿਵਚ ਲੱਗ ਗਏ। ਪਤਾ ਹੀ ਉਦੋਂ ਲੱਗਦਾ ਹੈ ਜਦੋਂ ਖੇਡ ਵਿਗੜ ਜਾਂਦੀ ਐ। ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਤਾ ਗੱਲ ਕਰਕੇ ਮੈਨੂੰ ਫਿਕਰ ਵਿੱਚ ਪਾ ਦਿੱਤਾ",ਅਮਰੋ ਨੇ  ਭੰਤੇ ਨਾਲ ਫਿਕਰ ਸਾਂਝਾ ਕੀਤਾ।
                        ਭੰਤਾ ਜੱਦ ਇੱਕ ਦਿਨ ਸ਼ਹਿਰ ਗਿਆ ਸੀ ਤਾਂ ਬਜ਼ਾਰ ਦੇ ਬਾਹਰਲੇ ਗੇਟ ਤੇ ਇੱਕ ਵੱਡੇ ਸਾਰੇ ਇਕੱਠ ਵਿੱਚ ਲੰਮੇ ਕੱਦ ਅਤੇ ਭਰਵੇਂ ਸਰੀਰ ਦਾ ਆਦਮੀ ਭਾਸ਼ਨ ਕਰ ਰਿਹਾ  ਸੀ। ਉਥੇ ਕਾਫੀ ਲੋਕਾਂ ਲਾਲ ਝੰਡੇ ਚੁੱਕੇ ਹੋਏ ਸਨ। ਉਸ ਦੀ ਦਿਲ ਟੁੰਭਵੀ ਗੱਲ ਸੁਣ ਕੇ ਭੰਤਾ ਸੁਨਣ ਲਈ ਰੁਕ ਗਿਆ ਉਹ ਕਹਿ ਰਿਹਾ ਸੀ," ਦੋਸਤੇ ਸੰਭਲਣ ਦਾ ਵੇਲਾ ਹੱਥੋਂ ਜਾ ਰਿਹਾ ਹੈ। ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਾ ਬਚਾ ਸਕੇ ਤਾਂ ਇਸ ਦੇ ਨਤੀਜੇ ਹੁਣ ਅਤੇ ਆਉਣ ਵਾਲੀਆਂ ਪੀੜੀ੍ਹਆਂ ਲਈ ਬੜੇ ਭਿਆਨਕ ਨਿਕਲਣਗੇ। ਪਹਿਲਾਂ ਹੀ ਸਮਾਜ  ਧਰਮਾਂ , ਜਾਤਾਂ , ਨਸਲਾਂ, ਭਸ਼ਾਵਾਂ, ਇਲਾਕਿਆਂ ਦੀ ਦਲ ਦਲ ਵਿੱਚ ਫਸਿਆ ਹੈ। ਸਰਮਾਏਦਾਰੀ ਸਿਸਟਮ ਕਿਰਤੀ ਲੋਕਾਂ ਤੇ ਰਾਜ ਕਰਨ ਲਈ  ਅਜਿਹੀਆਂ ਅਲਾਮਤਾਂ ਪੈਦਾ ਕਰਦਾ ਹੈ ਜਿਸ ਨਾਲ ਉਹਨਾਂ ਦੇ ਰਾਜ ਨੂੰ ਖਤਰਾ ਨਾ ਹੋਵੇ। ਜਨਤਾ ਰਾਜ ਕਰਦੇ ਲੋਕਾਂ ਦੀਆਂ ਵਧੀਕੀਆਂ ਦੇ ਖਿਲਾਫ ਇਕੱਠੇ ਨਾ ਹੋ ਸਕੇ। ਕਦੇ ਇਹ ਗਰੀਬੀ ਹਟਾਉ ਅਤੇ ਕਦੇ ਸ਼ਾਈਨਿਗ ਇੰਡੀਆ ਕਦੇ ਮੇਕ ਇਨ ਇੰਡੀਆ ਦੇ ਨਾਹਰਿਆਂ ਥੱਲੇ ਲੋਕਾਂ ਨੂੰ ਭਰਮਾਉਂਦੇ ਹਨ। ਇਸ ਸਿਸਟਮ ਦੇ ਨਾਲ ਸਮਾਜ ਵਿੱਚ ਗਰੀਬ ਅਮੀਰ ਦਾ ਪਾੜਾ ਹੋਰ ਵਧਦਾ ਜਾਂਦਾ ਹੈ। ਗਰੀਬਾਂ ਦੇ ਬੱਚੇ ਵੀ ਉਹੀ ਸਹੂਲਤਾਂ ਚਾਹੁੰਦੇ ਹਨ ਜੋ ਅਮੀਰਾਂ ਦੇ ਬੱਚਿਆ ਕੋਲ ਹਨ। ਉਹ ਵੀ ਇਸ ਦੇਸ ਦੇ ਵਾਸੀ ਹਨ। ਉਨ੍ਹਾਂ ਕੋਲ ਰੁਜ਼ਗਾਰ ਨਹੀਂ। ਪੈਸੇ ਨਹੀਂ। ਇਸ ਲਈ ਸਰਮਾਏਦਾਰੀ ਸਿਸਟਮ ਵਿੱਚੋ ਚੋਰੀਆਂ,ਡਾਕਿਆਂ,ਬਲਾਤਕਾਰ, ਵੱਡੀ ਖੋਰੀ,ਭ੍ਰਸ਼ਟਾਚਾਰੀ ਜਿਹੀਆਂ ਅਲਾਮਤਾਂ ਪੈਦਾ ਹੁੰਦੀਆਂ ਹਨ। ਜਿਸ ਨੂੰ ਨਹੀਂ ਮਿਲਦਾ ਉਹ ਨੌਜਵਾਨ ਖੋਹ ਕੇ ਰੀਝ ਪੂਰੀ ਕਰਨੀ ਚਾਹੁੰਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਕੇ ਉਨ੍ਹ ਦੀ ਚੇਤਨਤਾ ਖਤਮ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਹੱਕ ਨਾ ਮੰਗ ਸਕਣ। ਉਨ੍ਹਾ ਨੂੰ ਫੜ੍ਹ ਫੜ੍ਹ ਕੇ ਜੇਲਾਂ ਵਿੱਚ ਡੱਕ ਦਿੰਦੇ ਹਨ। ਜੇ ਨੌਜਵਾਨ ਨਾ ਜਾਗਿਆ, ਹੱਕਾਂ ਲਈ ਜਥੇਬੰਦ ਨਾ ਹੋਇਆ ਤਾਂ ਅਸੀਂ ਬਿਦੇਸ਼ੀਆਂ ਦੀ ਗੁਲਾਮੀ ਨਾਲੋਂ ਵੀ ਮਾੜੀ ਹਾਲਤ ਵਿੱਚ ਹੋਵਾਂਗੇ। ਜਿਵੇਂ ਜਿਵੇਂ ਉਹ ਗੱਲਾਂ ਕਰਦਾ ਇਕੱਠ ਵਧਦਾ ਗਿਆ,ਲੋਕ ਬੜੇ ਧਿਆਨ ਨਾਲ ਸੁਣਦੇ ਰਹੇ। ਭੰਤੇ ਦਾ ਜੀਅ ਕਰੇ ਕਿ ਸਾਰਾ ਭਾਸ਼ਨ ਸੁਣ ਕੇ ਜਾਵਾਂ ਪਰ ਕੰਮ ਦੀ ਕਾਹਲ ਕਰਕੇ ਭਾਸ਼ਨ ਸੁਣਦਾ ਸੁਣਦਾ ਉਥੋਂ ਚਲਾ ਗਿਆ। ਇਹ ਗੱਲਾਂ ਉਸ ਦੇ ਜਿਹਨ ਵਿੱਚ ਖੁਭ ਗਈਆਂ।
                       ਅੱਠ ਦਸ ਸਾਲ ਪਹਿਲਾਂ ਉਸ ਵਕਤਾ ਦੀਆਂ ਕਹੀਆਂ ਗੱਲਾਂ ਚੇਤੇ ਆਉਣ ਲੱਗੀਆਂ। ਉਹ ਠੀਕ ਕਹਿੰਦਾ ਸੀ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਚੰਦਰ ਸੇਖਰ, ਊਧਮ ਸਿੰਘ ਜਿਹੇ ਲੋਕਾਂ ਦੀ ਕੁਰਬਾਨੀ ਬਿਨਾਂ ਉਦੇਸ਼ ਦੇ ਨਹੀਂ ਸੀ। ਸਿਰਫ ਬਿਦੇਸ਼ੀਆਂ ਤੋਂ ਭਾਰਤ  ਨੂੰ ਮੁਕਤ ਕਰਾਉਣ ਤੱਕ ਸੀੰਮਤ ਨਹੀਂ ਸੀ ਸਗੋਂ ਇਸ ਦੇਸ ਦੇ ਵਾਸੀਆਂ ਨੂੰ ਸਰਮਾਏਦਾਰੀ ਦੇ ਬੇਈਮਾਨ, ਭ੍ਰਿਸ਼ਟ ਰਾਜ ਤੋਂ ਛੁਟਕਾਰਾ ਦਿਵਾਉਣਾ ਅਤੇ ਆਰਥਿਕ, ਸਮਾਜਿਕ, ਧਾਰਮਿਕ ਅਲਾਮਤਾਂ ਤੋਂ ਮੁਕਤੀ ਦਿਵਾਉਣਾ ਸੀ। ਹਰ ਦੇਸ ਵਾਸੀ ਅਜ਼ਾਦੀ ਨਾਲ ਸਿਰ ਉਚਾ ਕਰਕੇ ਰਹਿ ਸਕੇ। ਉਸ ਨੂੰ ਕਿਰਤ ਮਿਲੇ ਤੇ ਕਿਰਤ ਦਾ ਸਹੀ ਮੁੱਲ ਮਿਲੇ। ਅੱਜ ਹਾਲਤਾਂ ਉਸ ਸਮੇਂ ਨਾਲੋਂ ਕਿਤੇ ਗੰਭੀਰ ਹਨ। ਉਸ ਸਮੇਂ ਬੱਚੇ ਛੋਟੇ ਸਨ। ਭੰਤੇ ਨੇ ਸਮੱਸਿਆਵਾਂ ਵੱਲੋਂ ਅੱਖਾਂ ਮੀਚ ਰੱਖੀਆਂ। ਅੱਜ ਜਦੋਂ ਹਰ ਪਾਸੇ ਉਸ ਵਕਤਾਂ ਦੀਆਂ ਕਹੀਆਂ ਗੱਲਾਂ, ਕਿ ਇਸ ਸਰਮਾਏਦਾਰੀ ਰਾਜ ਵਿੱਚੋਂ ਬੇਰੁਜ਼ਗਾਰੀ,ਵੱਢੀਖੋਰੀ, ਲੁੱਟਾਂ ਖੋਹਾਂ, ਚੋਰੀਆਂ, ਡਾਕੇ, ਨਸ਼ੇ, ਬਲਾਤਕਾਰ, ਪੁਲੀਸ ਰਾਜ ਜਿਹੀਆਂ ਆਲਮਤਾਂ ਪੈਦਾ ਹੁੰਦੀਆਂ ਹਨ, ਦਿਲ ਨੂੰ ਕੁਰੇਦ ਦੀਆਂ ਹਨ। ਜੋ ਲੋਕਾਂ ਦਾ ਜੀਵਨ ਦੁਭਰ  ਬਣਾ ਦਿੰਦੀਆਂ ਹਨ। ਕਿਉਂ ਲੋਕ ਇਸ ਗੱਲ ਨੂੰ ਨਹੀਂ ਸੋਚਦੇ।
                       ਰਵਾਇਤੀ ਤੌਰ ਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਚੰਦਰ ਸੇਖਰ, ਊਧਮ ਸਿੰਘ ਦੇ ਦਿਨ ਮਨਾ ਕੇ ਸ਼ਾਂਤ ਹੋ ਜਾਂਦੇ ਹਨ। ਕਿਉਂ ਨਹੀਂ ਉਨ੍ਹਾਂ ਦੀ ਸੋਚ ਦਾ ਸਮਾਜ ਸਿਰਜਣ ਲਈ ਮਿਲ ਕੇ ਲਗਾਤਾਰ ਸੰਘਰਸ਼ ਕਰਦੇ। ਇਸ ਤਰਾਂ ਦੇ ਅਨੇਕਾਂ ਸੁਆਲ ਆਪਣੇ ਮਨ ਵਿੱਚ ਲਿਆਉਂਦਾ। ਹਰ ਰੋਜ਼ ਇਸ ਤਰਾਂ ਦੀ ਖਿਆਲਾਂ ਨੇ ਉਸ ਦੇ ਮਨ ਵਿੱਚ ਉਥਲ ਪੁਥਲ ਮਚਾ ਦਿੱਤੀ।ਇੱਕ ਦਿਨ ਸ਼ਾਮ ਨੂੰ ਕੰਮ ਧੰਦੇ ਤੋਂ ਵਿਹਲਾ ਹੋਕੇ ਮੰਜੇ ਤੇ ਬੈਠਾ ਇਨਾਂ ਸੁਆਲਾਂ ਵਿੱਚ ਗੁੰਮ ਸੀ। ਉਸ ਦੇ ਖਿਆਲਾਂ ਦੀ ਲੜੀ ਟੁੱਟ ਗਈ ਜਦ ਚੌਂਕੇ Ḕਚ ਰੋਟੀਆਂ ਪਕਾਉਂਦੀ ਭੰਤੇ ਦੇ ਘਰ ਵਾਲੀ ਅਮਰੋ ਨੇ  ਅਵਾਜ਼ ਮਾਰੀ," ਆ ਜਾਉ! ਕੀ ਸੋਚੀ ਜਾਂਦੇ ਓ ਜੀ। ਆ ਕੇ ਗਰਮ ਗਰਮ ਰੋਟੀ ਖਾ ਲਉ।"
ਜਦ ਕਦੀ ਭੰਤਾ ਜਾਂ ਅਮਰੋ ਗੱਲਾਂ ਗੱਲਾਂ ਵਿੱਚ ਗੱਲ ਕਰਦੇ," ਪੁੱਤ! ਜ਼ਮਾਨਾ ਬੜਾ ਬੜਾ ਖਰਾਬ ਹੈ। ਮੁੰਡੇ ਗਲਤ ਪਾਸੇ ਪੈ ਰਹੇ ਹਨ। ਵੇਖੀਂ ਕਿਤੇ! ਮਸਾਂ ਤੇਰਾ ਕਾਲਜ ਦਾ ਖਰਚ ਤੋਰੀਦਾ ਹੈ।"
"ਮੈਂ ਕਿਤੇ ਕਮਲਾ ਹਾਂ। ਮੈਨੂੰ ਨਹੀਂ ਪਤਾ! ਤੁਸੀਂ ਐਵੇਂ ਗਲਤ ਨਾਂ ਸੋਚਿਆ ਕਰੋ," ਦੀਪ ਉੱਤਰ ਦਿੰਦਾ।
ਮਾਂ ਬਾਪ ਚੁੱਪ ਕਰ ਜਾਂਦੇ।
ਇੱਕ ਦਿਨ ਸੱਥ ਵਿੱਚ ਬੈਠੇ ਲੋਕ ਗੱਲਾਂ ਕਰਨ ਲੱਗ ਪਏ। ਨਸ਼ੇ ਤਾਂ ਸ਼ਰਾਬ ਅਫਮੀੰ ਦੇ ਵੀ ਮਾੜੇ ਹਨ। ਪਰ ਆਹ ਜਿਹੜਾਂ ਚਿੱਟਾ ਨਸ਼ਾ ਕਹਿੰਦੇ ਐ ਇਹ ਤਾਂ ਆਦਮੀ ਨੂੰ ਮਾਰ ਲੈਂਦਾ ਹੈ ਕਿਸੇ ਕੰਮ ਦਾ ਨਹੀਂ ਛੱਡਦਾ।
"ਕਿਰਪਾਲ ਤੂੰ ਦੇਖਿਆ ਇਹ ਨਸ਼ਾ," ਗੁੱਤੀ ਨੇ ਪੁਛਿਆ।
"ਨਾ ਭਰਾਵਾ! ਤੈਨੂੰ ਪਤਾ ਐ ਸਾਡੇ ਤਾਂ ਪਿਉ ਦਾਦੇ ਨੇ ਕੋਈ ਨਸ਼ਾ ਨਹੀਂ ਕੀਤਾ," ਕਿਰਪਾਲ ਨੇ ਉੱਤਰ ਦਿੱਤਾ।
"ਅੱਜ ਕੱਲ ਪਿਉ ਦਾਦੇ ਦੀ ਬਣੀ ਬਣਾਈ ਔਲਾਦ ਨਹੀਂ ਰਹਿਣ ਦਿੰਦੀ। ਔਹ ਵੇਖ ਲਉ ਕਿਹਰ ਸਿੰਘ ਗਿਆਨੀ ਦਾ ਪੋਤਾ," ਮੱਘਰ ਸਿੰਘ ਜਥੇਦਾਰ ਬੋਲਿਆ।
"ਲਉ ਜਰਾ ਗਿਣੋ ਆਪਣੇ ਪਿੰਡ ਦੇ ਕਿੰਨੇ ਮੁੰਡੇ ਇਹਨਾਂ ਨਸ਼ਿਆਂ ਵਿਚੱ ਪਏ ਹਨ," ਘੋਨੇ ਕੇ  ਤਾਰੂ ਨੇ ਕਿਹਾ।
ਗਿਣਦਿਆਂ ਗਿਣਾਉਂਦਿਆਂ ਨਾਂ ਭੰਤੇ ਦੇ ਦੀਪ ਦਾ ਵੀ ਆ ਗਿਆ। ਤਾਰਾ ਕਹਿੰਦਾ ਉਹ ਮੁੰਡਾ ਸਾਊ ਐ। ਇਹ ਨਹੀਂ ਹੋ ਸਕਦਾ।
"ਪਹਿਲਾਂ ਗਿਣੇ ਕਿਹੜਾ ਸਾਰੇ ਖਰਾਬ ਸਨ। ਖਰਾਬ ਤਾਂ ਸਰਕਾਰ ਦੇ ਪਾਲੇ ਹੋਏ ਮੁਨਾਫਾ ਖੋਰ ਕਰਦੇ ਹਨ। ਕਹਿੰਦੇ ਹਨ "ਚੋਰ ਨੂੰ ਨਾਂ, ਚੋਰ ਦੀ ਮਾਂ ਨੂੰ ਮਾਰੋ" ਜੇ ਸਰਕਾਰ ਨਸ਼ੇ ਪੈਦਾ ਹੀ ਨਾ ਹੋਣ ਦਏ ਤਾਂ ਖਾਊ ਕੌਣ। ਮੈਂ ਵੀ ਉਸ ਬਾਰੇ ਸੁਣਿਆ ਹੀ ਹੈ। ਬਾਕੀ ਬੈਂਗਣੀ ਆਪੇ ਉਘੜ ਆਊ।" ਮੀਤੇ ਨੇ ਆਪਣੀ ਗੱਲ ਮੁਕਾਈ।
ਕੁੰਦਨ ਸਿੰਘ ਗੱਲਾਂ ਸੁਣੀ ਗਿਆ ਆਖਰ ਬੋਲਿਆ,"ਦੋਸਤੋ1 ਇਹ ਅਚਾਨਕ ਜਾਂ ਐਵੇਂ ਨਹੀਂ। ਇਹ ਰਾਜ ਕਰਨ ਵਾਲੀ ਸਰਮਾਏਦਾਰ ਸਰਕਾਰਾਂ ਦੀ ਨੀਤੀ ਦਾ ਹਿੱਸਾ ਹੈ। ਨੌਜਵਾਨ ਨਸ਼ਿਆ ਵਿੱਚ ਗ੍ਰਸਤ ਹੋਵੇਗਾ ਤਾਂ ਉਨ੍ਹਾ ਦਾ ਦਿਮਾਗ ਅਪਾਹਜ ਹੋ ਜਾਏਗਾ,ਜ਼ਮੀਰ ਮਰ ਜਾਏਗੀ। ਫਿਰ ਉਹ ਹੱਕ ਮੰਗ ਕੇ  ਸਰਕਾਰ ਲਈ ਸਮੱਸਿਆ ਪੈਦਾ ਨਹੀਂ ਕਰੇਗਾ। ਪੁਲਸ ਤੋਂ ਡਰਦਾ ਲੀਡਰਾਂ ਦੇ ਪੈਰ ਚੁੰਮੇਗਾ। ਇਹ ਖੇਡ ਸੌਖੀ ਤਰ੍ਹਾਂ ਸਮਝ ਆਉਣ ਵਾਲੀ ਨਹੀਂ। ਇਸ ਦੇ ਪਿਛੋਕੜ ਵਿੱਚ ਬਹੁੱ ਵੱਡੀਆਂ ਵੱਡੀਆਂ ਚਾਲਾਂ ਹਨ। ਜਰਾ ਸੋਚਿਆ ਕਰੋ।"
                       ਹੌਲੀ ਹੌਲੀ ਦੀਪ ਦੀ ਚਰਚਾ ਹੋਣ ਲੱਗ ਪਈ। ਕਾਲਜ ਛੱਡ ਦਿੱਤਾ। ਘਰੋਂ ਖਰਚ ਬੰਦ ਹੋ ਗਿਆ। ਹੁਣ ਉਹ ਘਰਾਂ, ਖੇਤਾਂ ਗੱਲ ਕੀ ਦੂਜੇ ਪਿੰਡੋਂ ਵਿੱਚੋਂ ਜੋ ਚੀਜ਼ ਹੱਥ ਲੱਗਦੀ ਚੁਰਾ ਲੈਂਦਾ। ਦੂਜੇ ਚੌਥੇ ਦਿਨ ਕੋਈ ਨਾ ਕੋਈ ਉਸ ਦੀ ਸ਼ਿਕਾਇਤ ਮਿਲ ਜਾਂਦੀ। ਮਾਂ ਬਾਪ ਬੜੇ ਦੁਖੀ ਹੁੰਦੇ। ਇੱਕ ਤਾਂ ਸਾਊ ਪੁੱਤ ਹੱਥੌਂ ਗਿਆ ਦੂਜਾ ਉਸ ਦੇ ਛਿੱਤਰ ਪੌਲਾ ਹੁੰਦਾ ਦੇਖ ਜਰ ਨਾ ਸਕਦੇ। ਪਰ ਕਰਦ ਕੀ ? ਬੇਵੱਸ ਸਨ।
ਇੱਕ ਦਿਨ ਕਿਸੇ ਘਰ ਦੀ ਕੰਧ ਟੱਪਦਿਆ ਤਿੱਖੀ ਚੀਜ਼ ਦੀਪ ਦੀ ਛਾਤੀ ਵਿੱਚ ਲੱਗੀ। ਲਹੂ ਦੀਆਂ ਘਰਾਲਾ ਵਗਣ ਲੱਗ ਪਈਆਂ। ਘਰ ਵਾਲੇ ਖੜਾਕ ਸੁਣ ਕੇ ਭੱਜੇ ਆਏ। ਦੇਖਿਆ ਤਾਂ ਦੀਪ ਜ਼ਖਮੀ ਹੋਇਆ ਚੀਕਾਂ ਮਾਰ ਰਿਹਾ ਸੀ।  ਘਰ ਵਾਲਿਆਂ ਰੌਲਾ ਪਾਇਆ ਲੋਕ ਆ ਗਏ। ਦੀਪ ਦੇ ਮਾਂ ਬਾਪ ਵੀ ਆ ਗਏ। ਰਾਤ ਵੇਲੇ ਪਿੰਡ ਦੇ ਡਾਕਟਰ  ਕੋਲ ਲੈ ਗਏ ਉਸ ਨੇ ਪੱਟੀ ਕਰਕੇ ਕੁੱਝ ਦਵਾਈ ਦੇ ਦਿੱਤੀ ਅਤੇ ਸ਼ਹਿਰ ਲੈ ਜਾਣ ਦੀ ਨਸੀਅਤ ਕੀਤੀ। ਪਰ ਦੀਪ ਰਾਹ ਵਿੱਚ ਹੀ ਦਮ ਤੋੜ ਗਿਆ। ਸੱਥਰ ਤੇ ਬੈਠਿਆਂ ਭੰਤੇ ਦੇ ਮਨ ਵਿੱਚ ਸ਼ਹਿਰ ਵਾਲਾ ਭਾਸ਼ਨ ਬਾਰ ਬਾਰ ਆਉਂਦਾ। ਜਦੋਂ ਕੋਈ ਮਾੜਾ ਹੋਇਆ ਕਹਿ ਕੇ ਦੇੱਖ ਸਾਂਝਾ ਕਰਦਾ ਤਾਂ ਭੰਤਾ ਕਹਿੰਦਾ ਮੈਨੂੰ ਆਪਣੇ ਦੀਪ ਦਾ ਦੁੱਖ ਤਾਂ ਹੈ ਹੀ। ਜੇ ਹਲਾਤ ਇਵੇਂ ਦੇ ਰਹੇ ਤਾਂ ਘਰ ਘਰ ਦੇ ਦੀਪ ਬੁਝ ਜਾਣਗੇ। ਲੋਕੋ ਸੋਚੋ। ਲੋਕੋ ਜਾਗੇ। ਦੀਪ ਬੁਝਣ ਤੋਂ ਬਚਾ ਲਉ। ਦੁੱਖ ਵੰਡਾਉਣ ਵਾਲਿਆਂ ਨੂੰ ਇਹ ਗੱਲ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਰੋਹ ਆ ਜਾਂਦਾ।