ਕੌਰਵ ਸਭਾ (ਕਿਸ਼ਤ-20) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


107

ਠੇਕੇਦਾਰ ਨੂੰ ਛੱਡ ਕੇ ਬਾਕੀ ਸਭ ਦੋਸ਼ੀਆਂ ਨੂੰ ਵਕੀਲ ਪੰਕਜ ਨੇ ਕਰਕੇ ਦਿੱਤੇ ਸਨ । ਇਸ ਲਈ ਨੰਦ ਲਾਲ ਦੀ ਅਗਵਾਈ ਵਿਚ ਕੰਮ ਕਰਨਾ ਉਨ੍ਹਾਂ ਦਾ ਇਖਲਾਕੀ ਫਰਜ਼ ਸੀ ।
ਠੇਕੇਦਾਰ ਦੀ ਸਥਿਤੀ ਭਿੰਨ ਸੀ । ਉਸ ਕੋਲ ਖਰਚਣ ਲਈ ਚਾਰ ਪੈਸੇ ਸਨ । ਪਹਿਲੇ ਦਿਨ ਤੋਂ ਉਸਨੇ ਆਪਣਾ ਵਕੀਲ ਆਪ ਖੜ੍ਹਾ ਕੀਤਾ ਸੀ । ਨਾ ਠੇਕੇਦਾਰ ਨੂੰ ਪੰਕਜ ਉਪਰ ਯਕੀਨ ਸੀ, ਨਾ ਉਸਦਾ ਵਕੀਲ ਨੰਦ ਲਾਲ ਦੀ ਗੱਲ ਮੰਨਦਾ ਸੀ । ਉਹ ਆਪਣੀ ਡਫਲੀ ਆਪ ਵਜਾ ਰਹੇ ਸਨ ।
ਦੋ ਦਿਨਾਂ ਤੋਂ ਨੰਦ ਲਾਲ ਸਫ਼ਾਈ ਧਿਰ ਦੇ ਵਕੀਲਾਂ ਨੂੰ ਆਪਣੀ ਜਿਰ੍ਹਾ ਸਮਝਾ ਰਿਹਾ ਸੀ ।
ਮੁਕੱਦਮਾ ਮੁੱਢੋਂ ਹੀ ਕਮਜ਼ੋਰ ਸੀ । ਪਰਚਾ ਕਟਵਾਉਣ ਵਾਲੇ ਨੇ ਪਰਚੇ ਵਿਚ ਨਾ ਦੋਸ਼ੀਆਂ ਦੇ ਨਾਂ-ਪਤੇ ਲਿਖਾਏ ਸਨ ਨਾ ਹੁਲੀਏ । ਕਿਸੇ ਖ਼ਾਸ ਸ਼ਨਾਖ਼ਤੀ ਨਿਸ਼ਾਨ ਦਾ ਵੀ ਕਿਧਰੇ ਕੋਈ ਜ਼ਿਕਰ ਨਹੀਂ ਸੀ । ਪਿਛੋਂ ਸ਼ਨਾਖ਼ਤ ਪਰੇਡ ਕਰਵਾ ਕੇ ਇਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਸੀ । ਪੁਲਿਸ ਨੇ ਇੰਝ ਨਹੀਂ ਸੀ ਕੀਤਾ । ਹੁਣ ਜੇ ਗਵਾਹ ਅਦਾਲਤ ਵਿਚ ਆ ਕੇ ਮੁਲਜ਼ਮਾਂ ਨੂੰ ਪਹਿਚਾਣ ਲੈਣ ਤਾਂ ਅਦਾਲਤ ਇਸ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ । ਇਸ ਲਈ ਸਫ਼ਾਈ ਧਿਰ ਦੇ ਵਕੀਲਾਂ ਨੂੰ ਬਹੁਤੀ ਮਿਹਨਤ ਦੀ ਜ਼ਰੂਰਤ ਨਹੀਂ ਸੀ ।
ਦੀਨੇ ਉਪਰ ਬਲਾਤਕਾਰ ਦਾ ਦੋਸ਼ ਸੀ । ਇਸ ਦੋਸ਼ ਵਿਚ ਵੀ ਬਹੁਤਾ ਦਮ ਨਹੀਂ ਸੀ । ਨਾ ਪਰਚੇ ਵਿਚ ਬਲਾਤਕਾਰ ਦਾ ਜ਼ਿਕਰ ਸੀ ਨਾ ਡਾਕਟਰ ਇਸ ਦੀ ਤਾਈਦ ਕਰਦਾ ਸੀ । ਪੁਲਿਸ ਨੇ ਨੇਹਾ ਦੇ ਮਹੀਨਾ ਪਿੱਛੋਂ ਲਿਖੇ ਇਕ ਬਿਆਨ ਵਿਚ ਇਸਦਾ ਜ਼ਿਕਰ ਕੀਤਾ ਸੀ । ਦੇਰ ਬਾਅਦ ਲੱਗੇ ਦੋਸ਼ ਨੂੰ ਵੀ ਅਦਾਲਤ ਬਹੁਤਾ ਨਹੀਂ ਗੌਲਦੀ ।
ਰਹਿੰਦੀ-ਖੂੰਹਦੀ ਕਸਰ ਨੇਹਾ ਨੇ ਕੱਢ ਦਿੱਤੀ । ਉਸਨੇ ਖ਼ੁਦ ਹੀ ਦੀਨੇ ਨੂੰ ਬਲਾਤਕਾਰ ਦੇ ਦੋਸ਼ ਤੋਂ ਬਰੀ ਕਰ ਦਿੱਤਾ ।
ਬੇਫ਼ਿਕਰ ਹੋਏ ਨੰਦ ਲਾਲ ਨੇ ਬਾਕੀ ਵਕੀਲਾਂ ਨੂੰ ਪਿਛੇ ਹਟਾ ਦਿੱਤਾ । ਸਾਰੇ ਵਕੀਲਾਂ ਵੱਲੋਂ ਜਿਰ੍ਹਾ ਦੀ ਕਮਾਨ ਖ਼ੁਦ ਸੰਭਾਲ ਲਈ ।
"ਹਾਂ ਬੇਟਾ, ਪੁਲਿਸ ਨੇ ਤੇਰਾ ਬਿਆਨ ਕਿੰਨੀ ਵਾਰ ਲਿਖਿਆ ਸੀ?"
"ਤਿੰਨ ਵਾਰ ।" ਨੇਹਾ ਨੂੰ ਇਸ ਸਵਾਲ ਦਾ ਇਹ ਜਵਾਬ ਸਮਝਾਇਆ ਗਿਆ ਸੀ ।
ਪਹਿਲਾ ਬਿਆਨ ਹਸਪਤਾਲ ਵਿਚ ਹੋਇਆ ਸੀ, ਜਿਸਦੇ ਆਧਾਰ 'ਤੇ ਪਰਚਾ ਕੱਧਟਿਆ ਗਿਆ ਸੀ । ਦੂਜਾ ਬਿਆਨ ਪਲਵੀ ਦੇ ਘਰ ਹੋਇਆ ਸੀ, ਜਿਸ ਵਿਚ ਉਸਨੇ ਦੋਸ਼ੀਆਂ ਦੇ ਨਾਂ, ਹਥਿਆਰਾਂ ਅਤੇ ਕੀਤੇ ਜੁਰਮਾਂ ਦਾ ਵੇਰਵਾ ਦਿੱਤਾ ਸੀ । ਤੀਜਾ ਬਿਆਨ ਥਾਣੇ ਹੋਇਆ ਸੀ, ਜਦੋਂ ਉਹ ਦੋਸ਼ੀਆਂ ਕੋਲੋਂ ਫੜੀਆਂ ਚੀਜ਼ਾਂ ਦੀ ਸ਼ਨਾਖ਼ਤ ਕਰਨ ਗਈ ਸੀ ।
"ਤਿੰਨੇ ਬਿਆਨ ਤੈਨੂੰ ਪੁਲਿਸ ਨੇ ਪੜ੍ਹਕੇ ਸੁਣਾਏ ਸਨ?"
"ਜੀ ਹਾਂ।" ਨੇਹਾ ਨੂੰ ਇਸ ਪ੍ਰਸ਼ਨ ਦਾ ਉੱਤਰ ਆਉਂਦਾ ਸੀ । ਉਸਨੂੰ ਇਹ ਵੀ ਪਤਾ ਸੀ ਕਿ ਉਸਦੇ ਪਹਿਲੇ ਬਿਆਨ ਉਪਰ ਦਸਤਖ਼ਤ ਹੋਏ ਸਨ । ਬਾਕੀਆਂ ਉਪਰ ਨਹੀਂ ।
"ਹੁਣੇ ਤੂੰ ਆਖਿਆ ਹੈ ਤੇਰੇ ਨਾਲ ਕਿਸੇ ਨੇ ਬਲਾਤਕਾਰ ਨਹੀਂ ਕੀਤਾ ।"
"ਜੀ ਹਾਂ ਆਖਿਆ ਹੈ । ਠੀਕ ਆਖਿਆ ਹੈ ।"
"ਤੂੰ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਇਸ ਬਲਾਤਕਾਰ ਦਾ ਕਦੇ ਜ਼ਿਕਰ ਕੀਤਾ ਸੀ?"
"ਜਦੋਂ ਮੇਰੇ ਨਾਲ ਬਲਾਤਕਾਰ ਹੋਇਆ ਹੀ ਨਹੀਂ ਮੈਂ ਜ਼ਿਕਰ ਕਿਥੋਂ ਕਰਨਾ ਸੀ ।"
"ਬੀਬਾ ਤੇਰੇ ਦੂਜੇ ਬਿਆਨ ਵਿਚ ਇਹ ਲਿਖਿਆ ਹੈ ਕਿ ਦੀਨੇ ਨੇ ਤੇਰੇ ਬੈੱਡ-ਰੂਮ ਵਿਚ ਆ ਕੇ ਤੇਰੇ ਨਾਲ ਬਲਾਤਕਾਰ ਕੀਤਾ । ਇਹ ਗੱਲ ਤੂੰ ਪੁਲਿਸ ਨੂੰ ਨਹੀਂ ਦੱਸੀ?"
"ਨਹੀਂ। ਮੈਂ ਨਹੀਂ ਲਿਖਾਈ ।"
"ਮਤਲਬ ਇਹ ਕਿ ਇਹ ਗੱਲ ਪੁਲਿਸ ਨੇ ਆਪੇ ਲਿਖ ਲਈ?"
"ਹੋ ਸਕਦਾ ਹੈ ।"
"ਇਸਦਾ ਇਹ ਮਤਲਬ ਹੋਇਆ ਕਿ ਪੁਲਿਸ ਨੇ ਤੈਨੂੰ ਦੂਜਾ ਬਿਆਨ ਪੜ੍ਹਕੇ ਨਹੀਂ ਸੁਣਇਆ । ਜੇ ਉਹ ਪੜ੍ਹਕੇ ਸੁਣਾਉਂਦੀ ਤਾਂ ਉਸਨੂੰ ਟੋਕ ਕੇ ਤੂੰ ਆਖਦੀ ਮੇਰਾ ਬਿਆਨ ਠੀਕ ਕਰ । ਠੀਕ ਏ ਨਾ ਬੇਟੀ?"
ਇਹ ਸਵਾਲ ਗੁੰਝਲਦਾਰ ਸੀ । ਨੇਹਾ ਨੂੰ ਸਮਝਾਇਆ ਗਿਆ ਸੀ ਕਿ ਉਸਨੇ ਬਲਾਤਕਾਰ ਵਾਲੇ ਹਿੱਸੇ ਤੋਂ ਮੁਕਰਨਾ ਸੀ । ਬਾਕੀ ਬਿਆਨ ਨੂੰ ਸਹੀ ਮੰਨਣਾ ਸੀ । ਹੁਣ ਉਹ ਕੀ ਕਰੇ? ਜੇ ਉਹ ਬਿਆਨ ਨੂੰ ਪੜ੍ਹਕੇ ਨਾ ਸੁਣਾਉਣ ਵਾਲੀ ਗੱਲ ਮੰਨਦੀ ਸੀ ਤਾਂ ਇਹ ਸਾਬਤ ਹੋਣਾ ਸੀ ਕਿ ਦੋਸ਼ੀਆਂ ਦੇ ਨਾਂ-ਪਤੇ ਪੁਲਿਸ ਨੇ ਆਪੇ ਲਿਖ ਲਏ । ਬਿਆਨ ਪੜ੍ਹਕੇ ਸੁਣਾਉਣ ਨੂੰ ਠੀਕ ਮੰਨਦੀ ਸੀ ਤਾਂ ਬਿਆਨ ਉਸਨੇ ਠੀਕ ਕਿਉਂ ਨਹੀਂ ਕਰਾਇਆ?
ਇਹ ਪ੍ਰਸ਼ਨ ਉੱਠਣਾ ਸੀ, ਜਿਸਦਾ ਉਸ ਕੋਲ ਕੋਈ ਉੱਤਰ ਨਹੀਂ ਸੀ ।
ਨੇਹਾ ਸੋਚਣ ਲੱਗੀ । ਕਿਸੇ ਇਸ਼ਾਰੇ ਦੀ ਇੱਛਾ ਨਾਲ ਉਹ ਆਪਣੇ ਵਕੀਲ ਵੱਲ ਤੱਕਣ ਲੱਗੀ ।
ਪ੍ਰਧਾਨ ਉਸਦੀ ਦੁਬਿਧਾ ਸਮਝ ਕੇ ਵੀ ਚੁੱਪ ਖੜ੍ਹਾ ਰਿਹਾ । ਉਹ ਆਪਣੇ ਸਾਇਲ ਦੀ ਰਹਿਨੁਮਾਈ ਨਹੀਂ ਸੀ ਕਰ ਸਕਦਾ । ਉਸਨੂੰ ਪੁਲਿਸ ਨੂੰ ਬਿਨਾਂ ਗਵਾਹਾਂ ਨੂੰ ਪੁੱਛੇ ਆਪੇ ਬਿਆਨ ਲਿਖਣ ਦੇ ਅਧਿਕਾਰ 'ਤੇ ਖਿਝ ਆ ਰਹੀ ਸੀ । ਇਸ ਅਧਿਕਾਰ ਦੀ ਹੋਈ ਦੁਰਵਰਤੋਂ ਕਾਰਨ ਹੁਣ ਨੇਹਾ ਕੜਿਕੀ ਵਿਚ ਫਸੀ ਖੜ੍ਹੀ ਸੀ ।
"ਬੋਲ ਬੀਬਾ ਜਲਦੀ ਬੋਲ । ਇਸ ਵਿਚ ਸੋਚਣ ਵਾਲੀ ਕਿਹੜੀ ਗੱਲ ਹੈ?"
ਨੰਦ ਲਾਲ ਗਵਾਹ ਨੂੰ ਬਹੁਤਾ ਸੋਚਣ ਦਾ ਮੌਕਾ ਨਹੀਂ ਸੀ ਦੇਣਾ ਚਾਹੁੰਦਾ । ਸੋਚ ਸੋਚ ਕੇ ਗਵਾਹ ਸਹੀ ਨਤੀਜੇ 'ਤੇ ਪੁੱਜ ਸਕਦਾ ਸੀ ।
"ਸਰ ਇਸ ਸਵਾਲ ਬਾਰੇ ਮੈਂ ਆਪਣੇ ਵਕੀਲ ਨਾਲ ਰਾਏ ਕਰ ਲਵਾਂ?"
"ਨਹੀਂ ਬੀਬੀ ਤੂੰ ਇੰਝ ਨਹੀਂ ਕਰ ਸਕਦੀ ।"
"ਸਰ ਜੇ ਮੁਲਜ਼ਮਾਂ ਨੂੰ ਅੱਧੀ ਦਰਜਨ ਵਕੀਲ ਕਰਨ ਦਾ ਅਧਿਕਾਰ ਹੈ ਤਾਂ ਮੈਨੂੰ ਇਕ ਵਕੀਲ ਨਾਲ ਰਾਏ ਕਰਨ ਦਾ ਅਧਿਕਾਰ ਕਿਉਂ ਨਹੀਂ?"
ਖਿਝੀ ਨੇਹਾ ਨੇ ਅਦਾਲਤ 'ਤੇ ਕਿੰਤੂ ਕੀਤਾ ।
"ਕਾਨੂੰਨ ਇਸੇ ਤਰ੍ਹਾ ਆਖਦਾ ਹੈ ।"
"ਪਰ ਇਸ ਤਰ੍ਹਾਂ ਕਿਉਂ ਆਖਦਾ ਹੈ ਸਰ?"
"ਤੂੰ ਚਸ਼ਮਦੀਦ ਗਵਾਹ ਹੈਂ । ਸੱਚ ਤੇਰੇ ਸਾਹਮਣੇ ਵਾਪਰਿਆ ਹੈ । ਸੱਚ ਨੂੰ ਕਿਸੇ ਠੁਮਣੇ ਦੀ ਜ਼ਰੂਰਤ ਨਹੀਂ ਹੁੰਦੀ ।"
"ਪਰ ਸਰ ਇਹ ਭਾਣਾ ਇਨ੍ਹਾਂ ਮੁਲਜ਼ਮਾਂ ਨੇ ਵਰਤਾਇਆ ਹੈ । ਜੇ ਮੈਂ ਕੋਈ ਗ਼ਲਤ ਬਿਆਨੀ ਕਰਾਂ ਤਾਂ ਉਸ ਬਾਰੇ ਇਹ ਮੈਨੂੰ ਪੁੱਛਣ? ਇਨ੍ਹਾਂ ਵੱਲੋਂ ਸਵਾਲ ਪੁੱਛਣ ਲਈ ਵਕੀਲ ਕਿਉਂ ਖੜ੍ਹੇ ਹਨ?"
"ਕਾਨੂੰਨ ਮੁਲਜ਼ਮਾਂ ਨੂੰ ਧਰਮਰਾਜ ਦੇ ਪੁੱਤਰ ਸਮਝਦਾ ਹੈ । ਗਵਾਹਾਂ ਨੂੰ ਝੂਠ ਦੇ ਪਲੰਦੇ । ਇਸੇ ਲਈ ਗਵਾਹਾਂ ਵੱਲੋਂ ਬਿਆਨੇ ਜਾ ਰਹੇ ਅਖੌਤੀ ਝੂਠ ਵਿਚੋਂ ਸੱਚ ਲੱਭਣ ਲਈ ਵਕੀਲ ਖੜ੍ਹੇ ਕਰਨ ਦਾ ਅਧਿਕਾਰ ਦਿੰਦਾ ਹੈ ।"
ਨੇਹਾ ਦੀ ਮਜਬੂਰੀ ਕਾਰਨ ਭਰੇ-ਪੀਤੇ ਪ੍ਰਧਾਨ ਨੇ ਪਹਿਲੀ ਵਾਰ ਆਪਣੇ ਮਨ ਦੀ ਭੜਾਸ ਕੱਢੀ ।
"ਅਸੀਂ ਦੋ ਸੌ ਸਾਲ ਅੰਗਰੇਜ਼ਾਂ ਦੇ ਗੁਲਾਮ ਰਹੇ । ਆਪਣੇ ਸਿਧਾਂਤ ਉਹ ਸਾਡੇ ਉਪਰ ਠੋਸ ਗਏ । ਭਲੇ ਦਿਨਾਂ ਵਿਚ ਇਕ ਨਿਰਦੋਸ਼ ਨੂੰ ਫਾਂਸੀ ਹੋ ਗਈ । ਸਾਰੇ ਦੇਸ਼ ਵਿਚ ਹਾਹਾਕਾਰ ਮੱਚ ਗਈ । ਲੋਕਾਂ ਦੇ ਰੋਹ ਤੋਂ ਡਰਦੇ ਕਾਨੂੰਨ ਨੇ ਸਿਧਾਂਤ ਘੜ ਦਿੱਤਾ । ਇਕ ਨਿਰਦੋਸ਼ ਨੂੰ ਸਜ਼ਾ ਦੇਣ ਨਾਲੋਂ ਸੌ ਦੋਸ਼ੀ ਬਰੀ ਕੀਤੇ ਚੰਗੇ । ਇਹ ਸਿਧਾਂਤ ਦੇਣ ਵਾਲੇ ਦੇਸ਼ ਨੇ ਤਫ਼ਤੀਸ਼ ਨੂੰ ਵਿਗਿਆਨਕ ਲੀਹਾਂ 'ਤੇ ਪਾ ਕੇ ਸ਼ੱਕ ਦੀ ਗੁੰਜਾਇਸ਼ ਨੂੰ ਸਿਫ਼ਰ 'ਤੇ ਲੈ ਆਂਦਾ । ਅਸੀਂ ਇਸ ਸਿਧਾਂਤ ਨੂੰ ਘਸਾ ਘਸਾ ਮੁਲਜ਼ਮਾਂ ਦੇ ਬਰੀ ਹੋਣ ਦਾ ਹਥਿਆਰ ਬਣਾ ਦਿੱਤਾ । ਕਹਾਣੀ ਨੂੰ ਸ਼ੱਕੀ ਬਣਾਉਣ ਲਈ ਦੋਸ਼ੀਆਂ ਨੂੰ ਵਕੀਲ ਦਿੱਤੇ ਜਾਂਦੇ ਹਨ । ਫੇਰ ਉਸ ਸ਼ੱਕ ਦੇ ਆਧਾਰ 'ਤੇ ਦੋਸ਼ੀ ਬਰੀ ਕਰ ਦਿੱਤੇ ਜਾਂਦੇ ਹਨ ।"
ਆਪਣਾ ਫਰਜ਼ ਸਮਝ ਕੇ ਸਾਧੂ ਸਿੰਘ ਨੇ ਨੇਹਾ ਨੂੰ ਉਸਦੇ ਪ੍ਰਸ਼ਨ ਦਾ ਪਿਛੋਕੜ ਸਮਝਾਇਆ ।
"ਸਾਡਾ ਦੇਸ਼ ਕੁਰਬਾਨੀ ਦੇਣ ਵਿਚ ਵਿਸ਼ਵਾਸ ਰੱਖਦਾ ਹੈ । ਸਾਨੂੰ ਪੁਰਾਣੇ ਸਿਧਾਂਤ ਨੂੰ ਬਦਲ ਦੇਣਾ ਚਾਹੀਦਾ ਹੈ। 'ਸੌ ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਜੇ ਇਕ ਨਿਰਦੋਸ਼ ਨੂੰ ਫਾਂਸੀ ਚੜ੍ਹਨਾ ਪਏ ਤਾਂ ਉਸਨੂੰ ਚੜ੍ਹ ਜਾਣਾ ਚਾਹੀਦਾ ਹੈ ।' ਹੁਣ ਇਹ ਸਿਧਾਂਤ ਹੋਣਾ ਚਾਹੀਦਾ ਹੈ ।"
ਚੱਲੀ ਬਹਿਸ ਨੂੰ ਪ੍ਰਧਾਨ ਅੱਗੇ ਤੋਰਨ ਲੱਗਾ ।
"ਜਨਾਬ ਇਸ ਵਿਸ਼ੇ 'ਤੇ ਸੈਮੀਨਾਰ ਕਦੇ ਫੇਰ ਰੱਖ ਲਵਾਂਗੇ । ਹਾਲੇ ਇਕ ਗਵਾਹ ਹੋਰ ਰਹਿੰਦਾ ਹੈ । ਕੰਮ ਮੁਕਾਈਏ ।"
ਮੁਕੱਦਮੇ ਤੋਂ ਹਟ ਕੇ ਚੱਲੀ ਬਹਿਸ ਨੂੰ ਠੱਲ੍ਹ ਪਾਉਣ ਲਈ ਨੰਦ ਲਾਲ ਨੇ ਸਾਧੂ ਸਿੰਘ ਨੂੰ ਟੋਕਿਆ ।
"ਸਾਰੀ ! ਹਾਂ, ਦੱਸ ਬੀਬਾ ।" ਨੰਦ ਲਾਲ ਤੋਂ ਮੁਆਫ਼ੀ ਮੰਗ ਕੇ ਸਾਧੂ ਸਿੰਘ ਨੇ ਨੇਹਾ ਨੂੰ ਉੱਤਰ ਦੇਣ ਦਾ ਹੁਕਮ ਸੁਣਾਇਆ ।"
"ਦੂਜਾ ਬਿਆਨ ਮੈਨੂੰ ਪੜ੍ਹਕੇ ਸੁਣਾਇਆ ਗਿਆ ਸੀ । ਉਸ ਸਮੇਂ ਇਸ ਘਟਨਾ ਦਾ ਉਸ ਵਿਚ ਜ਼ਿਕਰ ਨਹੀਂ ਸੀ ।"
ਵਕੀਲਾਂ ਦੇ ਸਮਝਾਉਣ ਮੁਤਾਬਕ ਨੇਹਾ ਨੇ ਗੋਲ-ਮੋਲ ਜਵਾਬ ਦਿੱਤਾ । ਇਸ ਜਵਾਬ ਨਾਲ ਨੰਦ ਲਾਲ ਦਾ ਬੁੱਤਾ ਸਰ ਗਿਆ । ਇਸ ਉੱਤਰ ਦਾ ਮਤਲਬ ਸੀ ਪੁਲਿਸ ਆਪਣੀ ਮਰਜ਼ੀ ਨਾਲ ਬਿਆਨ ਬਦਲਦੀ ਰਹੀ ਸੀ । ਇਹੋ ਨੰਦ ਲਾਲ ਸਾਬਤ ਕਰਨਾ ਚਾਹੁੰਦਾ ਸੀ ।
"ਹੁਣ ਬੀਬੀ ਇਹ ਦੱਸ ਕਿ ਦੋਸ਼ੀਆਂ ਦੇ ਨਾਂ ਤੈਨੂੰ ਕਦੋਂ ਪਤਾ ਲਗੇ?"
"ਜਦੋਂ ਉਹ ਵਾਰਦਾਤ ਕਰ ਰਹੇ ਸਨ । ਕਦੇ-ਕਦੇ ਗੱਲਾਂ ਕਰਦੇ ਇਕ ਦੂਜੇ ਦਾ ਨਾਂ ਲੈਂਦੇ ਸਨ ।"
"ਪੰਜ ਮੁਲਜ਼ਮ ਨੇ । ਸਭ ਦੇ ਨਾਂ ਤੂੰ ਠੀਕ ਦੱਧਸੇ ਨੇ । ਇਹ ਦੱਸ ਬੀਬਾ ਇਹ ਨਾਂ ਤੈਨੂੰ ਜ਼ੁਬਾਨੀ ਯਾਰ ਰਹੇ ਜਾਂ ਤੂੰ ਕਿਧਰੇ ਨੋਟ ਕੀਤੇ ਸਨ?"
"ਜ਼ੁਬਾਨੀ ਯਾਦ ਸਨ ।" ਨੇਹਾ ਨੂੰ ਪਤਾ ਸੀ ਇਹ ਸਵਾਲ ਉਸ ਤੋਂ ਪੁੱਧਛਿਆ ਜਾਣਾ ਸੀ ।
"ਪਰਚਾ ਦਰਜ ਕਰਾਉਣ ਸਮੇਂ ਤੂੰ ਪੁਲਿਸ ਨੂੰ ਕਿਉਂ ਨਹੀਂ ਦੱਧਸੇ?"
"ਮੈਥੋਂ ਕਿਸੇ ਨੇ ਪੁੱਧਛਿਆ ਨਹੀਂ ।" ਇਸ ਸਵਾਲ ਦਾ ਇਹ ਢੁਕਵਾਂ ਜਵਾਬ ਸੀ। ਇਹ ਵੀ ਨੇਹਾ ਨੂੰ ਸਮਝਾਇਆ ਗਿਆ ਸੀ ।
"ਹਸਪਤਾਲ ਦਾ ਰਿਕਾਰਡ ਦੱਸਦਾ ਹੈ ਸਭ ਤੋਂ ਪਹਿਲਾਂ ਤੇਰਾ ਮਾਮਾ ਤੈਨੂੰ ਹਸਪਤਾਲ ਵਿਚ ਮਿਲਿਆ । ਇਹ ਗੱਲ ਠੀਕ ਹੈ?"
"ਮੈਂ ਘਬਰਾਹਟ ਵਿਚ ਸੀ । ਮੈਨੂੰ ਕੁਝ ਯਾਦ ਨਹੀਂ ।"
"ਚੱਲ ਇਉਂ ਦੱਸ ਕਿ ਹਸਪਤਾਲ ਛੁੱਟੀ ਹੋਣ ਬਾਅਦ ਉਹ ਪਲਵੀ ਦੇ ਘਰ ਜਾ ਕੇ ਤੈਨੂੰ ਹਰ ਰੋਜ਼ ਮਿਲਦਾ ਰਿਹਾ ਜਾਂ ਨਹੀਂ?"
"ਹਾਂ ਮਿਲਦਾ ਰਿਹਾ ।"
"ਉਹ ਵਕੀਲ ਹੈ?"
"ਹਾਂ ।"
"ਉਸਨੇ ਤੇਰੇ ਕੋਲੋਂ ਮੁਲਜ਼ਮਾਂ ਦੇ ਨਾਂ ਪੁੱਛੇ?"
"ਨਹੀਂ ।"
"ਮਤਲਬ ਇਹ ਹੋਇਆ ਕਿ ਤੂੰ ਪਹਿਲੀ ਵਾਰੀ ਪੁਲਿਸ ਨੂੰ ਮੁਲਜ਼ਮਾਂ ਦੇ ਨਾਂ ਦੱਧਸੇ । ਉਹ ਵੀ ਪੰਦਰਾਂ ਦਿਨਾਂ ਬਾਅਦ । ਉਹ ਵੀ ਉਨ੍ਹਾਂ ਦੇ ਪੁੱਛਣ 'ਤੇ ।"
"ਹਾਂ ।"
"ਉਸ ਸਮੇਂ ਤਕ ਇਹ ਸਭ ਦੋਸ਼ੀ ਫੜੇ ਜਾ ਚੁੱਕੇ ਸਨ । ਇਨ੍ਹਾਂ ਦੇ ਨਾਂ, ਪਤੇ ਅਤੇ ਫੋਟੋਆਂ ਅਖ਼ਬਾਰਾਂ ਵਿਚ ਛਪ ਚੁੱਕੀਆਂ ਸਨ। ਤੈਨੂੰ ਪਤਾ ਹੈ?"
"ਨਹੀਂ । ਮੈਨੂੰ ਨਹੀਂ ਪਤਾ ।"
"ਆਪਾਂ ਰਿਕਾਰਡ ਦੇਖ ਲਵਾਂਗੇ । ਇਸ ਤੋਂ ਪੁੱਛਣ ਦੀ ਕੀ ਲੋੜ ਹੈ?"
ਸਾਧੂ ਸਿੰਘ ਨੇ ਨੰਦ ਲਾਲ ਨੂੰ ਟੋਕਿਆ ।
"ਬਿਹਤਰ ਜਨਾਬ ! ਹੁਣ ਬੀਬੀ ਇਹ ਦੱਸ ਤੂੰ ਦੋਸ਼ੀਆਂ ਨੂੰ ਕਿਸ ਆਧਾਰ 'ਤੇ ਸ਼ਨਾਖ਼ਤ ਕੀਤਾ ਹੈ?"
ਇਨ੍ਹਾਂ ਦੇ ਸ਼ਨਾਖ਼ਤੀ ਨਿਸ਼ਾਨ ਦੇਖ ਕੇ ।"
"ਉਹ ਕਿਹੜੇ-ਕਿਹੜੇ ਨਿਸ਼ਾਨ ਨੇ? ਬੇਟੀ ਜ਼ਰਾ ਸਾਨੂੰ ਵੀ ਦੱਸ?"
"ਪੰਚਮ ਦੇ ਹੱਥਾਂ ਦੀ ਬਨਾਵਟ, ਕਾਲੀਏ ਦੇ ਕੰਨ ਦੀ ਨੱਤੀ, ਠੇਕੇਦਾਰ ਦਾ ਵਧਿਆ ਢਿੱਡ..."
"ਪਰ ਇਹ ਸ਼ਨਾਖ਼ਤੀ ਨਿਸ਼ਾਨ ਤੂੰ ਆਪਣੇ ਬਿਆਨਾਂ ਵਿਚ ਤਾਂ ਨਹੀਂ ਸਨ ਲਿਖਾਏ? ਕਿਉਂ ਨਹੀਂ ਸਨ ਲਿਖਾਏ? ਕੋਈ ਕਾਰਨ ਦੱਧਸੋ?"
ਨੰਦ ਲਾਲ ਨੇ ਇਕ ਵਾਰ ਫੇਰ ਉਸਨੂੰ ਉਸਦੇ ਸਾਰੇ ਬਿਆਨ ਪੜ੍ਹ ਕੇ ਸੁਣਾਏ । ਕਿਸੇ ਵੀ ਬਿਆਨ ਵਿਚ ਇਨ੍ਹਾਂ ਸ਼ਨਾਖ਼ਤੀ ਨਿਸ਼ਾਨਾਂ ਦਾ ਜ਼ਿਕਰ ਨਹੀਂ ਸੀ ।
ਨੇਹਾ ਨਿਰ-ਉੱਤਰ ਹੋ ਗਈ ।
"ਦੇਖ ਬੀਬੀ ਤੂੰ ਝੂਠ ਬੋਲ ਰਹੀ ਹੈਂ । ਇਹ ਵਾਰਦਾਤ ਕਾਲੇ ਕੱਧਛਿਆਂ ਵਾਲੇ ਗਰੋਹ ਨੇ ਕੀਤੀ ਸੀ । ਤੂੰ ਆਪਣੇ ਭਰਾਵਾਂ ਨਾਲ ਕਿੜ ਕੱਢਣੀ ਚਾਹੁੰਦੀ ਸੀ । ਤੁਸੀਂ ਪੁਲਿਸ ਨਾਲ ਮਿਲ ਕੇ ਪੰਕਜ ਹੋਰਾਂ ਦੇ ਨਾਲ-ਨਾਲ ਇਹ ਭਈਏ ਵੀ ਫਸਾ ਲਏ । ਠੀਕ ਏ ਨਾ?"
"ਸਰ ਮੈਂ ਵਕੀਲ ਸਾਹਿਬ ਤੋਂ ਇਕ ਸਵਾਲ ਪੁੱਛਣਾ ਚਾਹੁੰਦੀ ਹਾਂ?"
"ਨਹੀਂ ਬੀਬਾ। ਤੈਨੂੰ ਨਾ ਕਿਸੇ ਵਕੀਲ ਤੋਂ ਸਵਾਲ ਪੁੱਛਣ ਦਾ ਅਧਿਕਾਰ ਹੈ ਨਾ ਕਿਸੇ ਮੁਲਜ਼ਮ ਤੋਂ ।"
"ਸਰ ਇਹ ਕਮਾਲ ਦਾ ਕਾਨੂੰਨ ਹੈ ! ਮੁਲਜ਼ਮ ਧੜਾਧੜ ਸਵਾਲ ਪੁੱਛੀ ਜਾਣ। ਗਵਾਹ ਇਕ ਸਵਾਲ ਨਹੀਂ ਪੁੱਛ ਸਕਦਾ ।"
ਨੇਹਾ ਛਟ-ਪਟਾ ਕੇ ਰਹਿ ਗਈ ।
ਆਪਣੇ ਅੰਦਰ ਪੈਦਾ ਹੋਈ ਜਗਿਆਸਾ ਨੂੰ ਸ਼ਾਂਤ ਕਰਨ ਲਈ ਸਾਧੂ ਸਿੰਘ ਨੇ ਨੇਹਾ ਦੇ ਮਨ ਦੀ ਗੱਲ ਪੁੱਛੀ ।
"ਸਰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਅਸਲ ਕਾਤਲ ਛੱਡ ਕੇ ਇਨ੍ਹਾਂ ਨੂੰ ਫਸਾਣ ਦੀ ਕੀ ਜ਼ਰੂਰਤ ਹੈ?"
"ਜਦੋਂ ਮੌਕਾ ਆਇਆ ਇਹ ਵੀ ਦੱਸਾਂਗੇ ਕਿ ਇਨ੍ਹਾਂ ਨੂੰ ਕਿਉਂ ਫਸਾਇਆ ਹੈ?"
ਨੰਦ ਲਾਲ ਨੇ ਮੁੱਦੇ ਤੋਂ ਬਾਹਰ ਜਾਂਦੀ ਗੱਲਬਾਤ ਨੂੰ ਠੱਲ੍ਹ ਪਾਉਣ ਦਾ ਇਕ ਵਾਰ ਫੇਰ ਯਤਨ ਕੀਤਾ ।
"ਚਲੋ ਖ਼ਤਮ ਕਰੋ। ਬਹੁਤ ਜਿਰ੍ਹਾ ਹੋ ਗਈ?"
ਸਾਧੂ ਸਿੰਘ ਨੇਹਾ ਨੂੰ ਜਲਦੀ ਤੋਂ ਜਲਦੀ ਫਾਰਗ ਕਰਨਾ ਚਾਹੁੰਦਾ ਸੀ ।
"ਜਿਵੇ ਜਨਾਬ ਦਾ ਹੁਕਮ ।"
ਆਖਦੇ ਨੰਦ ਲਾਲ ਨੇ ਝੱਟ ਜਿਰ੍ਹਾ ਬੰਦ ਕਰ ਦਿੱਤੀ ।
ਠੇਕੇਦਾਰ ਦਾ ਵਕੀਲ ਵੱਖਰਾ ਰਾਗ ਅਲਾਪ ਰਿਹਾ ਸੀ ।
ਠੇਕੇਦਾਰ ਵੱਲੋਂ ਜਿਰ੍ਹਾ ਕਰਨ ਦਾ ਉਸਨੂੰ ਵੱਖਰਾ ਮੌਕਾ ਦਿੱਤਾ ਗਿਆ ।
ਬਾਕੀ ਦੇ ਸਾਰੇ ਸਵਾਲ ਨੰਦ ਲਾਲ ਪੁੱਛ ਚੁੱਕਾ ਸੀ । ਪਰ ਨੰਦ ਲਾਲ ਦੀ ਕਾਲੇ ਕੱਧਛਿਆਂ ਵਾਲੇ ਗਰੋਹ ਸਿਰ ਵਾਰਦਾਤ ਮੜ੍ਹਨ ਵਾਲੀ ਗੱਲ ਠੇਕੇਦਾਰ ਨੂੰ ਜਚੀ ਨਹੀਂ ਸੀ ।
ਸਫ਼ਾਈ ਧਿਰ ਦੀ ਇਸ ਦਲੀਲ ਨਾਲ ਪੰਕਜ ਅਤੇ ਨੀਰਜ ਤਾਂ ਬਚ ਸਕਦੇ ਸਨ ਪਰ ਭਈਆਂ ਨੂੰ ਇਹ ਪੱਖ ਫਸਾ ਸਕਦਾ ਸੀ । ਭਈਆਂ ਅਤੇ ਕਾਲੇ ਕੱਧਛਿਆਂ ਵਾਲਿਆਂ ਵਿਚ ਕੀ ਫਰਕ ਸੀ? ਇਹ ਠੇਕੇਦਾਰ ਤੋਂ ਸਿੱਧ ਨਹੀਂ ਸੀ ਹੋਣਾ ।
ਠੇਕੇਦਾਰ ਦਾ ਵਕੀਲ ਆਪਣਾ ਪੱਖ ਸੋਚ ਕੇ ਆਇਆ ਸੀ ।
ਆਪਣੀ ਸੋਚ ਅਨੁਸਾਰ ਉਹ ਨੇਹਾ ਨੂੰ ਆਪਣਾ ਪੱਖ ਸੁਝਾਉਣ ਲੱਗਾ ।
"ਦੇਖ ਬੀਬੀ । ਤੇਰਾ ਯੂਨੀਵਰਸਿਟੀ ਦੇ ਇਕ ਮੁੰਡੇ ਨਾਲ ਇਸ਼ਕ ਚਲਦਾ ਸੀ । ਉਹ ਰਾਤ ਨੂੰ ਤੈਨੂੰ ਮਿਲਣ ਆਉਂਦਾ ਹੁੰਦਾ ਸੀ । ਉਸ ਰਾਤ ਵੀ ਉਹ ਤੇਰੇ ਕਮਰੇ ਵਿਚ ਸੀ ।
ਕਮਲ ਜਾਗ ਪਿਆ । ਉਸਨੇ ਤੁਹਾਨੂੰ ਦੇਖ ਲਿਆ । ਗੁੱਧਸੇ ਵਿਚ ਉਸਨੇ ਤੇਰੇ ਆਸ਼ਕ 'ਤੇ ਹਮਲਾ ਕਰ ਦਿੱਤਾ । ਆਸ਼ਕ ਨੇ ਕਮਲ ਨੂੰ ਮਾਰ ਦਿੱਤਾ। ਆਪਣੀ ਬਦਨਾਮੀ ਬਚਾਉਣ ਲਈ ਤੁਸੀਂ ਇਨ੍ਹਾਂ ਗਰੀਬ ਭਈਆਂ ਨੂੰ ਬਲੀ ਦਾ ਬਕਰਾ ਬਣਾ ਲਿਆ ।"
ਇਸ ਨਵੀਂ ਕਹਾਣੀ ਨੇ ਨੇਹਾ ਦੀਆਂ ਅੱਖਾਂ ਫੇਰ ਛਲਕਾ ਦਿੱਤੀਆਂ ।

108

 ਮੁਲਾਕਾਤ ਕਰਨ ਆਈ ਠੇਕੇਦਾਰ ਦੀ ਪਤਨੀ ਹਰ ਵਾਰ ਕਿਸੇ ਨਵੀਂ ਮੁਸੀਬਤ ਦੀ ਖ਼ਬਰ ਸੁਣਾ ਜਾਂਦੀ ਸੀ ।
ਪਹਿਲੀ ਵਾਰ ਉਸਨੇ ਦੱਧਸਿਆ । ਠੇਕੇਦਾਰ ਦੇ ਇਕ ਚੇਲੇ ਨੇ ਉਸਦੇ ਸਾਰੇ ਕੰਮ ਹਥਿਆ ਲਏ। ਲੋਕਾਂ ਨੇ ਥੋੜ੍ਹੀ ਦੇਰ ਉਸਦਾ ਇੰਤਜ਼ਾਰ ਕੀਤਾ । ਫੇਰ ਸੋਚਿਆ ਉਹ ਕਤਲ ਦੇ ਮੁਕੱਦਮੇ ਵਿਚ ਫਸਿਆ ਹੋਇਆ ਹੈ । ਕੀ ਪਤਾ ਕਦੋਂ ਘਰ ਆਵੇ? ਲੋਕ ਆਪਣੇ ਕੰਮ ਨਹੀਂ ਸਨ ਰੋਕ ਸਕਦੇ। ਉਨ੍ਹਾਂ ਨੇ ਨਵੇਂ ਠੇਕੇਦਾਰ ਸਹੇੜ ਲਏ ।
ਕੁਝ ਲੋਕ ਠੇਕੇਦਾਰ ਦਾ ਅਸਲੀ ਚਿਹਰਾ ਨੰਗਾ ਹੋ ਜਾਣ ਕਾਰਨ ਕੰਮ ਤੋਂ ਜਵਾਬ ਦੇ ਗਏ । ਉਨ੍ਹਾਂ ਨੂੰ ਕੀ ਪਤਾ ਸੀ ਠੇਕੇਦਾਰ ਲੁੱਟਾਂ-ਖੋਹਾਂ ਵੀ ਕਰਦਾ ਸੀ? ਠੇਕੇਦਾਰ ਅਤੇ ਮਾਲਕ ਦੀ ਬੁੱਕਲ ਸਾਂਝੀ ਹੁੰਦੀ ਹੈ । ਠੇਕੇਦਾਰ ਵੇਲੇ-ਕੁਵੇਲੇ ਜਦੋਂ ਚਾਹੇ ਮਾਲਕ ਦੇ ਘਰ ਗੇੜਾ ਮਾਰ ਸਕਦਾ ਹੈ । ਮਾਲਕ ਪੈਸਾ ਧੇਲਾ ਕਿੱਥੇ ਰੱਖਦਾ ਹੈ ਇਸ ਦਾ ਠੇਕੇਦਾਰ ਨੂੰ ਪਤਾ ਹੁੰਦਾ ਹੈ । ਅਜਿਹੇ ਬੰਦੇ ਦਾ ਕੀ ਪਤਾ ਹੈ ਕਦੋਂ ਲੁੱਟਣ ਆ ਪਏ । ਦੇਖ ਕੇ ਮੱਖੀ ਨਿਗਲਣ ਨੂੰ ਕੋਈ ਤਿਆਰ ਨਹੀਂ ਸੀ ।
ਦੂਸਰੀ ਵਾਰ ਉਸਨੇ ਦੱਧਸਿਆ । ਦੁਕਾਨ ਦੀ ਵਿਕਰੀ ਅੱਧੀ ਰਹਿ ਗਈ । ਉਨ੍ਹਾਂ ਦੀ ਦੁਕਾਨ ਠੇਕੇਦਾਰ ਨਾਲ ਕੰਮ ਕਰਦੇ ਮਜ਼ਦੂਰਾਂ ਦੇ ਸਿਰ 'ਤੇ ਚੱਲਦੀ ਸੀ । ਹੁਣ ਉਹ ਜਿਸ ਠੇਕੇਦਾਰ ਨਾਲ ਕੰਮ ਕਰਦੇ ਸਨ ਉਸੇ ਦੇ ਦੁਕਾਨਦਾਰ ਤੋਂ ਸੌਦਾ ਲੈਂਦੇ ਸਨ । ਥੋਕ ਦੇ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਉਧਰ ਸੌਦਾ ਦੇਣਾ ਬੰਦ ਕਰ ਦਿੱਤਾ ਸੀ । ਜੋ ਸੌਦਾ ਦੁਕਾਨ ਵਿਚ ਸੀ ਉਹ ਘਰੇ ਵਰਤਿਆ ਜਾ ਚੁੱਕਾ ਸੀ । ਦੁਕਾਨ ਵਿਚ ਚੂਹੇ ਨੱਚਦੇ ਸਨ । ਆਮਦਨ ਦਾ ਹੋਰ ਕੋਈ ਸਾਧਨ ਨਹੀਂ ਸੀ । ਨੌਬਤ ਹੱਥ ਵਿਚ ਠੂਠਾ ਫੜਨ ਤਕ ਪੁੱਜਦੀ ਜਾ ਰਹੀ ਸੀ ।
ਫੇਰ ਉਸਨੇ ਦੱਧਸਿਆ। ਮੁੰਡਾ ਵਿਗੜਣਾ ਸ਼ੁਰੂ ਹੋ ਗਿਆ । ਪਹਿਲਾਂ ਉਹ ਲੁਕ ਛਿਪ ਕੇ ਬੀੜੀ ਪੀਂਦਾ ਸੀ । ਹੁਣ ਸ਼ਰੇਆਮ ਪੀਣ ਲੱਗਾ ਸੀ । ਸ਼ਰਾਬ ਖਰੀਦਣ ਲਈ ਪੈਸੇ ਪਤਾ ਨਹੀਂ ਕਿਥੋਂ ਲੈਂਦਾ ਸੀ? ਸ਼ਾਮ ਨੂੰ ਪੀ ਕੇ ਆਉਂਦਾ ਸੀ । ਕੁੜੀ ਵਿਗੜਦੀ ਜਾ ਰਹੀ ਸੀ।
ਕਈ ਵਾਰ ਉਸਨੇ ਕੁੜੀ ਨੂੰ ਪਰਾਏ ਮੁੰਡਿਆਂ ਨਾਲ ਹੱਸਦੇ ਦੇਖਿਆ ਸੀ । ਉਸਨੂੰ ਅੱਖ ਦੀ ਸ਼ਰਮ ਵੀ ਨਹੀਂ ਸੀ ਰਹੀ । ਤਾੜਨ 'ਤੇ ਸੂਈ ਬਘਿਆੜੀ ਵਾਂਗ ਪੈਂਦੀ ਸੀ । ਕਿਸੇ ਵੀ ਸਮੇਂ ਉਹ ਕਿਸੇ ਨਾਲ ਨਿਕਲ ਸਕਦੀ ਸੀ ।
ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਉਨ੍ਹਾਂ ਨੂੰ ਘਰ-ਬਾਰ ਵੇਚ ਕੇ ਕਿਸੇ ਵੀ ਸਮੇਂ ਦੇਸ਼ ਵੱਲ ਕੂਚ ਕਰਨਾ ਪੈ ਸਕਦਾ ਸੀ ।
ਇਹੋ ਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਠੇਕੇਦਾਰ ਨੂੰ ਜੇਲ੍ਹ ਦੇ ਅੰਦਰ ਵੀ ਕਰਨਾ ਪੈ ਰਿਹਾ ਸੀ ।
ਉਸਦੇ ਸਾਥੀ ਪੰਕਜ ਹੋਰਾਂ ਪਿੱਛੇ ਲਗੇ ਫਿਰਦੇ ਸਨ । ਜਿਸ ਤਰ੍ਹਾਂ ਸੇਠਾਂ ਦੇ ਵਕੀਲ ਆਖਦੇ ਸਨ ਉਹ ਉਸੇ ਤਰ੍ਹਾਂ ਕਰਦੇ ਸਨ । ਠੇਕੇਦਾਰ ਨੇ ਉਨ੍ਹਾਂ ਨੂੰ ਬਹੁਤ ਸਮਝਾਇਆ ਸੀ । ਸੇਠ ਆਪਣੇ ਬਰੀ ਹੋਣ ਵਾਲੀਆਂ ਚਾਲਾਂ ਚੱਲ ਰਹੇ ਸਨ । ਉਨ੍ਹਾਂ ਨੂੰ ਭਈਆਂ ਨਾਲ ਕੋਈ ਹਮਦਰਦੀ ਨਹੀਂ ਸੀ । ਉਨ੍ਹਾਂ ਨੂੰ ਨਾ ਕਿਸੇ ਨੇ ਬਰੀ ਕਰਾਉਣਾ ਸੀ ਨਾ ਕਿਸੇ ਨੇ ਬਰੀ ਕਰਨਾ ਸੀ । ਭਈਆਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਸੀ । ਪਰ ਉਹ ਉਸਦੀ ਇਕ ਨਹੀਂ ਸਨ ਸੁਣਦੇ । ਸੇਠਾਂ ਦੇ ਆਖੇ ਪੰਡਿਤ ਗੈਰ-ਹਾਜ਼ਰ ਹੋ ਚੁੱਕਾ ਸੀ । ਜਦੋਂ ਲੋੜ ਹੋਈ ਸੇਠਾਂ ਨੇ ਉਸਨੂੰ ਗ੍ਰਿਫ਼ਤਾਰ ਕਰਵਾ ਦੇਣਾ ਸੀ । ਮੁੜ ਉਸਨੂੰ ਸਾਰੀ ਉਮਰ ਜੇਲ੍ਹ ਵਿਚ ਸੜਨਾ ਪੈਣਾ ਸੀ ।
ਠੇਕੇਦਾਰ ਆਰਾਮ-ਪ੍ਰਸਤ ਹੋ ਚੁੱਕਾ ਸੀ । ਜੇਲ੍ਹ ਵਿਚ ਉਸ ਤੋਂ ਹੁਣ ਕੰਮ ਨਹੀਂ ਸੀ ਹੁੰਦਾ। ਪਰ ਉਸਦੇ ਸਾਥੀਆਂ ਲਈ ਜੇਲ੍ਹ ਦੇ ਅੰਦਰਲੀ ਅਤੇ ਬਾਹਰਲੀ ਜ਼ਿੰਦਗੀ ਵਿਚ ਬਹੁਤਾ ਫ਼ਰਕ ਨਹੀਂ ਸੀ । ਬਾਹਰ ਉਹ ਇਕ ਕਮਰੇ ਵਿਚ ਦਸ-ਦਸ ਰਹਿੰਦੇ ਸਨ । ਨਾ ਬਿਜਲੀ, ਨਾ ਪਾਣੀ । ਸਾਰੀ ਰਾਤ ਉਨ੍ਹਾਂ ਨੂੰ ਮੱਛਰ ਖਾਂਦੇ ਸਨ । ਸਾਰਾ ਦਿਨ ਹੱਡ-ਤੋੜਵੀ ਮਿਹਨਤ ਕਰਕੇ ਮਸਾਂ ਢਿਡ ਭਰਨ ਜੋਗੀ ਰੋਟੀ ਨਸੀਬ ਹੁੰਦੀ ਸੀ । ਦਿਹਾੜੀ ਟੁੱਟ ਜਾਵੇ ਤਾਂ ਫਾਕੇ ਕੱਟਣੇ ਪੈਂਦੇ ਸਨ। ਉਨ੍ਹਾਂ ਨੂੰ ਜੇਲ੍ਹ ਵਿਚ ਆਰਾਮ ਨਜ਼ਰ ਆਉਂਦਾ ਸੀ । ਬੈਰਕਾਂ ਵਿਚ ਪੱਧਖੇ ਸਨ। ਨਹਾਉਣ ਲਈ ਟਿਊਬਵੈਲ ਸੀ। ਦੇਖਣ ਨੂੰ ਟੀ.ਵੀ. ਸੀ। ਇਲਾਜ ਮੁਫ਼ਤ ਹੁੰਦਾ ਸੀ ।
ਪੰਚਮ ਦੀ ਲੱਤ ਦਾ ਇਲਾਜ ਦਯਾਨੰਦ ਹਸਪਤਾਲ ਵਿਚ ਹੋਇਆ । ਬਾਹਰ ਹੁੰਦਾ ਤਾਂ ਲੱਤ ਕਟਾਉਣ ਦਾ ਲੱਖ ਰੁਪਿਆ ਲਗਦਾ । ਪੈਸਿਆਂ ਦੀ ਘਾਟ ਕਾਰਨ ਉਸਨੇ ਰੁਲ ਖੁਲ ਕੇ ਮਰ ਜਾਣਾ ਸੀ ।
ਇਸ ਲਈ ਠੇਕੇਦਾਰ ਦੇ ਸਾਥੀਆਂ ਨੂੰ ਬਾਹਰ ਆਉਣ ਦੀ ਕੋਈ ਕਾਹਲ ਨਹੀਂ ਸੀ ।
ਪਰ ਠੇਕੇਦਾਰ ਬਾਹਰ ਆਉਣ ਲਈ ਤਰਲੋ-ਮੱਛੀ ਹੋ ਰਿਹਾ ਸੀ । ਨਾਲ ਦੇ ਕੈਦੀਉਸਨੂੰ ਤੰਗ ਕਰ ਰਹੇ ਸਨ । ਉਸ ਨੂੰ ਜੇਲ੍ਹ ਵਿਚ ਬੈਠੇ ਨੂੰ ਇਕ ਸਾਲ ਤੋਂ ਵੱਧ ਹੋ ਗਿਆ ਸੀ। ਇਸੇ ਕਾਰਨ ਉਸਦਾ ਜ਼ਮਾਨਤ ਉਪਰ ਰਿਹਾਅ ਹੋਣ ਦਾ ਹੱਕ ਬਣ ਗਿਆ ਸੀ । ਕਾਨੂੰਨ ਮੁਲਜ਼ਮਾਂ ਦਾ ਪੱਖ ਪੂਰਦਾ ਸੀ । ਜੇ ਸੁਣਵਾਈ ਇਕ ਸਾਲ ਵਿਚ ਨਹੀਂ ਮੁੱਕਦੀ ਤਾਂ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰੋ । ਉਸਨੂੰ ਸਾਰੀ ਉਮਰ ਤਾਂ ਜੇਲ੍ਹ ਵਿਚ ਨਹੀਂ ਡੱਕੀ ਰੱਖਣਾ । ਸਾਥੀ ਕੈਦੀ ਪੁੱਛ ਰਹੇ ਸਨ ਉਹ ਹਾਈ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਕਿਉਂ ਨਹੀਂ ਲਾਉਂਦਾ?
ਹਾਈ ਕੋਰਟ ਦੇ ਵਕੀਲਾਂ ਦੀਆਂ ਫ਼ੀਸਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਸੀ । ਸ਼ਨੀਵਾਰ ਨੂੰ ਕੁਝ ਵਕੀਲ ਕੰਮ ਲੈਣ ਮਾਇਆ ਨਗਰ ਆਉਂਦੇ ਸਨ । ਇਹ ਉਹ ਵਕੀਲ ਸਨ ਜਿਹੜੇ ਨਵੇਂ ਸਨ ਜਾਂ ਜਿਨ੍ਹਾਂ ਦਾ ਕੰਮ ਘੱਟ ਚਲਦਾ ਸੀ । ਜਿਹੜੇ ਮੁਲਜ਼ਮ ਵੱਧ ਫ਼ੀਸ ਨਹੀਂ ਦੇ ਸਕਦੇ ਜਾਂ ਜਿਨ੍ਹਾਂ ਦੇ ਵਾਰਿਸ ਚੰਡੀਗੜ੍ਹ ਦੇ ਚੱਕਰ ਨਹੀਂ ਲਾ ਸਕਦੇ ਉਹ ਉਨ੍ਹਾਂ ਨੂੰ ਵਕੀਲ ਕਰ ਲੈਂਦੇ ਸਨ ।
ਠੇਕੇਦਾਰ ਬਾਹਰ ਹੁੰਦਾ ਤਾਂ ਚੰਡੀਗੜ੍ਹ ਜਾ ਕੇ ਵਧੀਆ ਵਕੀਲ ਕਰਦਾ । ਉਸਦੀ ਪਤਨੀ ਨੇ ਕਦੇ ਮਾਇਆ ਨਗਰ ਦਾ ਬੱਸ ਅੱਡਾ ਨਹੀਂ ਸੀ ਦੇਖਿਆ । ਉਹ ਹਾਈ ਕੋਰਟ ਦੇ ਚੱਕਰ ਨਹੀਂ ਸੀ ਕੱਟ ਸਕਦੀ । ਉਨ੍ਹਾਂ ਕੋਲ ਵੱਡੇ ਵਕੀਲਾਂ ਨੂੰ ਦੇਣ ਜੋਗੀ ਫ਼ੀਸ ਵੀ ਨਹੀਂ ਸੀ ।
ਉਹ ਕੋਈ ਗਹਿਣਾ-ਗੱਟਾ ਵੇਚ ਕੇ ਮਸਾਂ ਹਜ਼ਾਰ ਪੰਦਰਾਂ ਸੌ ਜੁਟਾ ਸਕਦੀ ਸੀ ।
ਅਜਿਹੇ ਇਕ ਵਕੀਲ ਨੂੰ ਠੇਕੇਦਾਰ ਦੀ ਪਤਨੀ ਨੇ ਕਾਗਜ਼-ਪੱਤਰ ਦਿਖਾਏ । ਕਾਗਜ਼ ਪੜ੍ਹ ਕੇ ਵਕੀਲ ਨੇ ਹਿੱਕ ਥਾਪੜੀ । ਸੌ ਫ਼ੀ ਸਦੀ ਜ਼ਮਾਨਤ ਵਾਲਾ ਕੇਸ ਸੀ । ਪਰਚੇ ਵਿਚ ਉਸਦਾ ਨਾਂ ਨਹੀਂ ਸੀ । ਇਕ ਸਾਲ ਤੋਂ ਉਹ ਅੰਦਰ ਸੀ । ਮੁਕੱਦਮਾ ਹਾਲੇ ਬਹੁਤ ਦੇਰ ਚੱਲਣਾ ਸੀ । ਜ਼ਮਾਨਤ ਵੱਟ 'ਤੇ ਸੀ ।
ਵਕੀਲ ਨੇ ਫ਼ੀਸ ਵੀ ਬਹੁਤੀ ਨਹੀਂ ਸੀ ਲਈ । ਬਾਈ ਸੌ ਰੁਪਏ ਫ਼ੀਸ ਅਤੇ ਪੰਜ ਸੌ ਰੁਪਏ ਖ਼ਰਚਾ । ਪੰਦਰਾਂ ਸੌ ਪਹਿਲਾਂ । ਬਾਕੀ ਕੰਮ ਹੋਣ ਤੋਂ ਬਾਅਦ ।
ਹਾਈ ਕੋਰਟ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਲਾਈ । ਨਾਲ ਵੇਦ ਅਤੇ ਨੇਹਾ ਦੇ ਬਿਆਨਾਂ ਦੀਆਂ ਨਕਲਾਂ ਲਾਈਆਂ। ਕੋਈ ਬਿਆਨ ਇਕ ਦੂਜੇ ਨਾਲ ਮੇਲ ਨਹੀਂ ਸੀ ਖਾਂਦਾ । ਸਾਰੀ ਕਹਾਣੀ ਝੂਠੀ ਸਾਬਤ ਹੁੰਦੀ ਸੀ । ਗਰੀਬ ਅਤੇ ਪਰਵਾਸੀ ਹੋਣ ਕਾਰਨ ਠੇਕੇਦਾਰ ਨੂੰ ਜਾਣ ਬੁਝ ਕੇ ਫਸਾਇਆ ਗਿਆ ਸੀ ।
ਹਾਲੇ ਦੋ ਗਵਾਹ ਭੁਗਤੇ ਸਨ । ਬੀਸੀਆਂ ਗਵਾਹ ਬਾਕੀ ਸਨ । ਨਿਰਦੋਸ਼ ਬੰਦੇ ਨੂੰ ਮੁਫ਼ਤ ਵਿਚ ਸਜ਼ਾ ਕੱਟਣੀ ਪੈ ਰਹੀ ਸੀ । ਦੋਸ਼ ਸਾਬਤ ਹੋਣ ਉਪਰ ਉਹ ਹਰ ਹੁਕਮ ਮੰਨਣ ਨੂੰ ਤਿਆਰ ਸਨ । ਪਹਿਲਾਂ ਹੀ ਉਸਦਾ ਟੱਬਰ ਨਾ ਰੋਲਿਆ ਜਾਵੇ ।
ਅਦਾਲਤ ਨੇ ਦੋਹਾਂ ਧਿਰਾਂ ਦਾ ਪੱਖ ਪੂਰਿਆ ।
ਹੇਠਲੀ ਅਦਾਲਤ ਨੂੰ ਹੁਕਮ ਹੋਇਆ । ਦੋ ਮਹੀਨੇ ਦੇ ਅੰਦਰ-ਅੰਦਰ ਮੁਕੱਦਮੇ ਦੀ ਸੁਣਵਾਈ ਮੁਕੰਮਲ ਕਰੋ । ਜੇ ਕਿਸੇ ਕਾਰਨ ਸੁਣਵਾਈ ਲਟਕਦੀ ਨਜ਼ਰ ਆਵੇ ਤਾਂ ਠੇਕੇਦਾਰ ਨੂੰ ਜ਼ਮਾਨਤ 'ਤੇ ਰਿਹਾਅ ਕਰੋ ।

109

ਠੇਕੇਦਾਰ ਨੇ ਟਿਕੇ ਪਾਣੀਆਂ ਵਿਚ ਵੱਟਾ ਸੁੱਟ ਦਿੱਤਾ ਸੀ ।
ਪਹਿਲੀ ਪੇਸ਼ੀ 'ਤੇ ਚੌਧਰੀ ਲੋਂ ਜੱਜ ਦੀ ਕੀਤੀ ਖਿਚਾਈ ਹੁਣ ਤਕ ਕੰਮ ਦੇ ਰਹੀ ਸੀ । ਸਾਧੂ ਸਿੰਘ ਕਾਹਲ ਕਰਨੋਂ ਹੱਟ ਗਿਆ ਸੀ। ਕੇਸ ਆਪਣੀ ਮਸਤ ਚਾਲ ਚੱਲ ਰਿਹਾ ਸੀ ।
ਸਾਧੂ ਸਿੰਘ ਦੇ ਤਿੰਨ ਮਹੀਨੇ ਬਾਕੀ ਸਨ । ਮੁਕੱਦਮੇ ਨੂੰ ਖ਼ਤਮ ਹੁੰਦਿਆਂ ਤਿੰਨ ਸਾਲ ਲਗਣੇ ਸਨ। ਬੜੀ ਆਸਾਨੀ ਨਾਲ ਉਨ੍ਹਾਂ ਦਾ ਸਾਧੂ ਸਿੰਘ ਤੋਂ ਖਹਿੜਾ ਛੁੱਟ ਜਾਣਾ ਸੀ ।
ਠੇਕੇਦਾਰ ਨਾਲੋਂ ਵੱਡੀ ਗਲਤੀ ਉਸਦੇ ਵਕੀਲ ਨੇ ਕੀਤੀ ਸੀ । ਫ਼ੀਸ ਦੇ ਲਾਲਚ ਵਿਚ ਉਹ ਮੁੰਡਪੁਣਾ ਕਰ ਗਿਆ। ਹਾਈ ਕੋਰਟ ਦੇ ਬੱਚੇ ਬੱਚੇ ਨੂੰ ਪਤਾ ਸੀ ਜਿਹੜਾ ਜੱਜ ਇਨ੍ਹੀ ਦਿਨੀਂ ਜ਼ਮਾਨਤਾਂ ਦੀਆਂ ਦਰਖ਼ਾਸਤਾਂ ਸੁਣ ਰਿਹਾ ਸੀ ਉਹ ਕਿਹੋ ਜਿਹੇ ਹੁਕਮ ਕਰਦਾ ਸੀ । ਮੁਕੱਦਮੇ ਨੂੰ ਤਿੰਨ ਮਹੀਨੇ ਵਿਚ ਖ਼ਤਮ ਕਰੋ, ਮੁਕੱਦਮੇ ਨੂੰ ਚਾਰ ਮਹੀਨੇ ਵਿਚ ਮੁਕਾਓ ।
ਅਜਿਹੇ ਹੁਕਮ ਨਾਲ ਫ਼ਾਇਦੇ ਦੀ ਥਾਂ ਮੁਲਜ਼ਮ ਦਾ ਨੁਕਸਾਨ ਹੁੰਦਾ ਸੀ । ਮਜਬੂਰੀ-ਵੱਸ ਜੱਜ ਨੂੰ ਸੁਣਵਾਈ ਮੁਕੰਮਲ ਕਰਨੀ ਪੈਂਦੀ ਸੀ । ਜਖ਼ਮ ਤਾਜ਼ੇ ਹੋਣ ਕਾਰਨ ਗਵਾਹਾਂ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ ਹੁੰਦਾ । ਬਰੀ ਹੋਣ ਦੀ ਥਾਂ ਮੁਲਜ਼ਮਾਂ ਨੂੰ ਸਜ਼ਾ ਹੋ ਜਾਂਦੀ ਸੀ ।
ਸਾਧੂ ਸਿੰਘ ਤਾਂ ਪਹਿਲਾਂ ਹੀ ਮੁਦਈ ਦੇ ਹੱਕ ਵਿਚ ਚੱਲਣ ਵਾਲਾ ਜੱਜ ਜਾਣਿਆ ਜਾਂਦਾ ਸੀ । ਕੋਈ ਨਾ ਕੋਈ ਦਲੀਲ ਘੜ ਕੇ ਉਹ ਬਰੀ ਹੋਣ ਵਾਲੇ ਦੋਸ਼ੀਆਂ ਨੂੰ ਵੀ ਸਜ਼ਾ ਸੁਣਾ ਦਿੰਦਾ ਸੀ । ਉਸਦਾ ਮੱਤ ਸੀ ਦੋਸ਼ੀਆਂ ਨੂੰ ਸਜ਼ਾ ਕਰਕੇ ਹਾਈ ਕੋਰਟ ਤੋਰੋ । ਕਈ ਵਾਰ ਸਾਧੂ ਸਿੰਘ ਦੀ ਦਲੀਲ ਹਾਈ ਕੋਰਟ ਨੂੰ ਜਚ ਜਾਂਦੀ ਸੀ । ਦੋਸ਼ੀਆਂ ਨੂੰ ਹੋਈ ਸਜ਼ਾ ਬਹਾਲ ਰਹਿ ਜਾਂਦੀ ਸੀ । ਜੇ ਦੋਸ਼ੀ ਹਾਈ ਕੋਰਟ ਵਿਚੋਂ ਬਰੀ ਹੋਣ ਵਿਚ ਕਾਮਯਾਬ ਹੋ
ਜਾਵੇ ਫੇਰ ਵੀ ਉਸਦੀ ਉਸ ਸਮੇਂ ਤਕ ਘੀਸੀ ਹੋ ਜਾਂਦੀ ਸੀ । ਅਪੀਲ ਦੀ ਸੁਣਵਾਈ ਤਕ ਜੇਲ੍ਹ ਵਿਚ ਰਹਿਣਾ ਪੈਂਦਾ ਸੀ। ਕਈ ਵਾਰ ਸੁਣਵਾਈ ਤਿੰਨ-ਤਿੰਨ ਸਾਲ ਨਹੀਂ ਸੀ ਹੁੰਦੀ ।
ਵਕੀਲਾਂ ਦੀਆਂ ਫੀਸਾਂ ਦੇ ਰੂਪ ਵਿਚ ਭਾਰੀ ਜੁਰਮਾਨਾ ਭਰਨਾ ਪੈਂਦਾ ਸੀ । ਸਜ਼ਾ ਦੇ ਡਰ ਦੀ ਤਲਵਾਰ ਸਿਰ 'ਤੇ ਲਟਕਦੀ ਰਹਿੰਦੀ ਸੀ । ਪੜ੍ਹੇ-ਲਿਖੇ ਅਮੀਰ ਮੁਲਜ਼ਮਾਂ ਲਈ ਇਹੋ ਖਿੱਚੋਤਾਣ ਬਥੇਰੀ ਸੀ ।
ਜਦੋਂ ਹਾਈ ਕੋਰਟ ਦਾ ਇਹ ਹੁਕਮ ਸਾਧੂ ਸਿੰਘ ਨੂੰ ਮਿਲਿਆ ਉਸ ਸਮੇਂ ਅਗਲੀ ਪੇਸ਼ੀ ਵਿਚ ਇਕ ਹਫ਼ਤਾ ਬਾਕੀ ਸੀ । ਝੱਟ ਉਸ ਨੇ ਸਾਰੇ ਅਹਿਲਕਾਰ ਤਲਬ ਕਰ ਲਏ ।
ਅਹਿਲਮੱਦ ਨੂੰ ਹੁਕਮ ਹੋਇਆ । ਹੁਣੇ ਸਾਰੇ ਗਵਾਹਾਂ ਦੇ ਸੰਮਨ ਕੱਟ ਕੇ ਉਸ ਅੱਗੇ ਪੇਸ਼ ਕੀਤੇ ਜਾਣ ।
ਸਟੈਨੋ ਨੂੰ ਹੁਕਮ ਹੋਇਆ । ਉਹ ਹੁਣੇ ਪੁਲਿਸ ਕਪਤਾਨ ਦੇ ਨਾਂ ਉਸ ਵੱਲੋਂ ਇਕ ਵਿਸ਼ੇਸ਼ ਪੱਤਰ ਜਾਰੀ ਕਰੇ । ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਜਾਵੇ । ਗਵਾਹਾਂ ਦੀ ਤਾਮੀਲ ਵਿਚ ਵਰਤੀ ਗਈ ਢਿੱਲ ਹਾਈ ਕੋਰਟ ਦੇ ਹੁਕਮਾਂ ਦੀ ਤੌਹੀਨ ਹੋਏਗੀ । ਇਹ ਉਸਨੂੰ ਸਮਝਾਇਆ ਜਾਵੇ ।
ਸਰਕਾਰੀ ਵਕੀਲ ਨੂੰ ਹਦਾਇਤ ਹੋਈ । ਉਹ ਮੁੱਖ ਅਫ਼ਸਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਾਏ । ਮਿਥੀ ਤਾਰੀਖ ਤੇ ਉਹ ਸਮੇਤ ਰਿਕਾਰਡ ਹਾਜ਼ਰ ਆਵੇ ।
ਸਫ਼ਾਈ ਧਿਰ ਦੇ ਵਕੀਲਾਂ ਨੂੰ ਤਾੜਨਾ ਹੋਈ । ਅਗਲੀ ਪੇਸ਼ੀ ਸਭ ਹਾਜ਼ਰ ਰਹਿਣ। ਕਿਸੇ ਨੇ ਬਾਹਰ ਅੰਦਰ ਜਾਣਾ ਹੋਵੇ ਤਾਂ ਅਦਾਲਤ ਤੋਂ ਪਹਿਲਾਂ ਇਜਾਜ਼ਤ ਲੈਣ ਅਤੇ ਆਪਣੀ ਥਾਂ ਕਿਸੇ ਹੋਰ ਵਕੀਲ ਨੂੰ ਖੜ੍ਹਾ ਕਰਨ ।
ਸਾਰੀਆਂ ਧਿਰਾਂ ਨੂੰ ਇਕ ਹੋਰ ਸਪਸ਼ਟੀਕਰਨ ਦਿੱਤਾ ਗਿਆ : "ਮੈਂ ਦੋ ਮਹੀਨੇ ਦੇ ਅੰਦਰ-ਅੰਦਰ ਸੁਣਵਾਈ ਖ਼ਤਮ ਕਰਨੀ ਹੀ ਕਰਨੀ ਹੈ । ਸੁਣਵਾਈ ਜੇ ਮੈਨੂੰ ਹਰ ਰੋਜ਼ ਵੀ ਕਰਨੀ ਪਈ ਮੈਂ ਇਸ ਤੋਂ ਵੀ ਗੁਰੇਜ਼ ਨਹੀਂ ਕਰਨਾ । ਇਸ ਲਈ ਬਿਹਤਰੀ ਇਸੇ ਵਿਚ ਹੈ ਕਿ ਮੁਕੱਦਮਾ ਲਟਕਾਉਣ ਦੇ ਢੰਗ ਤਰੀਕੇ ਨਾ ਅਪਣਾਏ ਜਾਣ। ਫੈਸਲਾ ਗੁਣ-ਔਗੁਣਾਂ ਦੇ ਆਧਾਰ 'ਤੇ ਹੋਣ ਦਿੱਤਾ ਜਾਵੇ ।"
ਅਚਾਨਕ ਆਏ ਇਸ ਭੁਚਾਲ ਨੇ ਸਫ਼ਾਈ ਧਿਰ ਦੇ ਮਨਸੂਬਿਆਂ ਨੂੰ ਝੰਜੋੜ ਕੇ ਰੱਖ ਦਿੱਤਾ ।
ਪੰਕਜ ਹੋਰੇ ਢੇਰੀ ਢਾਹ ਕੇ ਬੈਠ ਗਏ । ਪਰ ਨੰਦ ਲਾਲ ਦਾ ਹੌਸਲਾ ਬੁਲੰਦ ਸੀ । ਸਾਧੂ ਸਿੰਘ ਜ਼ੋਰ ਲਾ ਲਏ ਉਹ ਆਪਣੀ ਕਲਮੀ ਇਸ ਮੁਕੱਦਮੇ ਦਾ ਫੈਸਲਾ ਨਹੀਂ ਲਿਖ ਸਕਦਾ ।
ਦੋ ਮਹੀਨੇ ਮੁਦਈ ਧਿਰ ਦੇ ਗਵਾਹਾਂ ਨੂੰ ਭੁਗਤਦਿਆਂ ਲਗ ਜਾਣੇ ਸਨ । ਪੰਦਰਾਂ ਵੀਹ ਦਿਨ ਛੇ ਮੁਲਜ਼ਮਾਂ ਨੂੰ ਆਪਣੀ ਸਫ਼ਾਈ ਪੇਸ਼ ਕਰਦਿਆਂ ਲਗਣੇ ਸਨ । ਪੰਜ ਚਾਰ ਦਿਨ ਬਹਿਸ ਦੀ ਤਿਆਰੀ ਲਈ ਮਿਲਣੇ ਸਨ ।
"ਢਾਈ ਮਹੀਨੇ ਵੀ ਮੁਕੱਦਮਾ ਲਟਕ ਗਿਆ ਤਾਂ ਸਮਝੋ ਬਾਜ਼ੀ ਜਿੱਤ ਲਈ ।"
"ਉਹ ਕਿਸ ਤਰ੍ਹਾਂ?"
ਪੰਕਜ ਨੂੰ ਨੰਦ ਲਾਲ ਦੀ ਬੇ-ਫ਼ਿਕਰੀ ਦਾ ਕਾਰਨ ਸਮਝ ਨਹੀਂ ਸੀ ਆ ਰਿਹਾ ।
"ਫੈਸਲੇ ਵਾਲੇ ਦਿਨ ਅਸੀਂ ਭਗੌੜੇ ਹੋਏ ਪੰਡਿਤ ਨੂੰ ਅਦਾਲਤ ਵਿਚ ਪੇਸ਼ ਕਰਾਂਗੇ ।
ਉਸਦੇ ਪੇਸ਼ ਹੁੰਦਿਆਂ ਹੀ ਸਾਰੀ ਕਾਰਵਾਈ ਇਕ ਵਾਰ ਫੇਰ ਦੁਹਰਾਈ ਜਾਏਗੀ । ਸਾਧੂ ਸਿੰਘ ਦਿਨ ਰਾਤ ਲੱਗਾ ਰਹੇ ਤਾਂ ਵੀ ਕਾਰਵਾਈ ਛੇ ਮਹੀਨੇ ਮੁਕੰਮਲ ਨਹੀਂ ਹੋਣੀ । ਇੰਨੇ ਵਿਚ ਸਾਧੂ ਸਿੰਘ ਸਾਡੇ ਗਲੋਂ ਲਹਿ ਜਾਏਗਾ । ਠੇਕੇਦਾਰ ਦੀ ਜ਼ਮਾਨਤ ਹੋ ਜਾਏਗੀ । ਉਹ ਟਿਕ ਕੇ ਬੈਠ ਜਾਏਗਾ । ਫੇਰ ਫੈਸਲਾ ਸਾਡੀ ਮਰਜ਼ੀ ਅਨੁਸਾਰ ਹੋਏਗਾ ।"
ਲੰਬਾ ਚੌੜਾ ਭਾਸ਼ਣ ਦੇ ਕੇ ਨੰਦ ਲਾਲ ਨੇ ਪੰਕਜ ਨੂੰ ਸਮਝਾਇਆ ।
ਇਹੋ ਚਾਲ ਚੱਲਣ ਲਈ ਨੰਦ ਲਾਲ ਨੇ ਪੰਡਿਤ ਨੂੰ ਭਗੋੜਾ ਬਨਾਉਣ ਵਾਲਾ ਮੋਹਰਾ ਤਿਆਰ ਕੀਤਾ ਸੀ ।

110

ਹਾਈ ਕੋਰਟ ਦੀ ਹੱਥ ਆਈ ਗਿਦੜ-ਸਿੰਗੀ ਦਾ ਜੱਜ ਪੂਰਾ ਫ਼ਾਇਦਾ ਉਠਾ ਰਿਹਾ ਸੀ ।
ਨੰਦ ਲਾਲ ਦਾ ਚਾਲੀ ਸਾਲਾ ਤਜਰਬਾ ਮਿੱਟੀ ਵਿਚ ਮਿਲਦਾ ਜਾ ਰਿਹਾ ਸੀ । ਅੱਧਧੇ ਘੰਟੇ ਦੀ ਥਾਂ ਉਸਨੇ ਗਵਾਹਾਂ ਤੇ ਤਿੰਨ-ਤਿੰਨ ਘੰਟੇ ਜਿਰ੍ਹਾ ਕੀਤੀ । ਥਾਣੇ ਦੇ ਰੋਜ਼-ਨਾਮਚੇ ਤੋਂ ਲੈ ਕੇ ਟੈਲੀਫ਼ੋਨ ਕੰਪਨੀ ਦੇ ਰਿਕਾਰਡ ਤਕ ਨੂੰ ਤਲਬ ਕੀਤਾ । ਰਿਕਾਰਡ ਇਧਰ ਉੱਧਰ ਕਰਵਾਇਆ। ਸਾਧੂ ਸਿੰਘ ਨੇ ਉਸਦੀ ਇਕ ਨਾ ਚੱਲਣ ਦਿੱਤੀ । ਪਰਵਾਨਿਆਂ ਦੀ ਥਾਂ ਰਿਕਾਰਡ ਲੈਣ ਅਰਦਲੀ ਭੇਜੇ ਗਏ । ਨਾਲ ਹਦਾਇਤ ਹੋਈ ਹਨੂੰਮਾਨ ਵਾਂਗ ਸਾਰਾ ਪਹਾੜ ਚੁੱਕ ਲਿਆਂਦਾ ਜਾਵੇ । ਘੁੰਮ ਫਿਰ ਕੇ ਸਾਰਾ ਰਿਕਾਰਡ ਹਾਜ਼ਰ ਹੋ ਗਿਆ ।
ਨੰਦ ਲਾਲ ਨੇ ਗਵਾਹਾਂ ਨੂੰ ਘਰੋਂ ਭਜਾਇਆ। ਕਿਸੇ ਨੂੰ ਬਿਮਾਰ ਬਣਾ ਕੇ ਮੈਡੀਕਲ ਸਰਟੀਫਿਕੇਟ ਭਿਜਵਾਇਆ । ਕਿਸੇ ਨੂੰ ਮਰਗ ਦੇ ਭੋਗ 'ਤੇ ਭਿਜਵਾਇਆ । ਜੱਜ ਨੇ ਪਹਿਲਾਂ ਹੀ ਗਵਾਹੀਆਂ ਲਈ ਤਿੰਨ ਦਿਨ ਮੁਕੱਰਰ ਕਰ ਦਿੱਤੇ । ਪੰਜ, ਵੀਹ ਅਤੇ ਤੀਹ ਤਾਰੀਖ।
ਗਵਾਹ ਨੂੰ ਛੋਟ ਦੇ ਦਿੱਤੀ । ਉਹ ਆਪਣੀ ਸਹੂਲਤ ਅਨੁਸਾਰ ਆ ਜਾਵੇ । ਕੋਈ ਮਹੀਨਾਮਹੀਨਾ ਘਰੋਂ ਥੋੜ੍ਹਾ ਟਲ ਸਕਦਾ ਸੀ । ਕੋਈ ਪੰਜ ਨੂੰ ਭੁਗਤ ਗਿਆ, ਕੋਈ ਵੀਹ ਨੂੰ ।
ਬਾਕੀ ਰਹਿੰਦੇ ਤੀਹ ਨੂੰ ਭੁਗਤ ਗਏ ।
ਸਫ਼ਾਈ ਪੇਸ਼ ਕਰਨ ਲਈ ਦੋ ਮੌਕੇ ਦਿੱਤੇ ਗਏ । ਰੌਲਾ ਰੱਪਾ ਪਾ ਕੇ ਮਸਾਂ ਇਕ ਮੌਕਾ ਹੋਰ ਲਿਆ ਗਿਆ ।
ਢਾਈ ਮਹੀਨੇ ਭਜਾ ਕੇ ਜੱਜ ਨੇ ਮੁਲਜ਼ਮ ਧਿਰ ਨੂੰ ਹੰਭਾ ਲਿਆ । ਸਾਧੂ ਸਿੰਘ ਕੋਲ ਹਾਲੇ ਵੀ ਪੰਦਰਾਂ ਦਿਨ ਬਾਕੀ ਸਨ ।
ਪੰਕਜ ਅਤੇ ਉਸਦੇ ਰਿਸ਼ਤੇਦਾਰਾਂ ਨੇ ਪੂਰੀ ਭੱਜ ਨੱਠ ਕੀਤੀ । ਜ਼ਮੀਨ ਅਸਮਾਨ ਇਕ ਕੀਤਾ । ਦਿੱਲੀ ਤੋਂ ਲੈ ਕੇ ਕਨੈਡਾ ਤਕ ਵੱਸੇ ਸਾਧੂ ਸਿੰਘ ਦੇ ਰਿਸ਼ਤੇਦਾਰਾਂ ਤਕ ਪਹੁੰਚ ਕੀਤੀ । ਕਿਧਰੋਂ ਹੁੰਗਾਰਾ ਨਾ ਮਿਲਿਆ । ਉਨ੍ਹਾਂ ਨੇ ਨੰਦ ਲਾਲ ਨੂੰ ਸੂਚਿਤ ਕੀਤਾ । ਜੇ ਫੈਸਲਾ ਸਾਧੂ ਸਿੰਘ ਹੱਥੋਂ ਹੋਇਆ ਤਾਂ ਉਨ੍ਹਾਂ ਨੂੰ ਸਜ਼ਾ ਹੋਣੀ ਹੀ ਹੋਣੀ ਸੀ ।
ਤਿੰਨ ਮਹੀਨੇ ਤੋਂ ਨੰਦ ਲਾਲ ਇਸ ਕੇਸ ਵਿਚ ਉਲਝਿਆ ਹੋਇਆ ਸੀ । ਉਸਦੇ ਬਾਕੀ ਕੰਮ ਦਾ ਬਹੁਤ ਨੁਕਸਾਨ ਹੋ ਰਿਹਾ ਸੀ । ਨੰਦ ਲਾਲ ਚਾਹੁੰਦਾ ਸੀ ਮੁਕੱਦਮਾ ਅਗਲੇ ਜੱਜ ਤਕ ਲਟਕ ਜਾਵੇ । ਉਸਨੂੰ ਦੋਬਾਰਾ ਸਾਰੀ ਕਾਰਵਾਈ ਦੁਹਰਾਉਣ ਦੀ ਜਹਿਮਤ ਨਾ ਉਠਾਉਣੀ ਪਵੇ ।
ਪਰ ਹੁਣ ਦੋਬਾਰਾ ਕਾਰਵਾਈ ਚਲਾਉਣ ਦਾ ਹੂਲਾ ਫੱਕਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਸੀ ।
ਮੁੱਖ ਅਫ਼ਸਰ ਨਾਲ ਗੱਲ ਹੋਈ । ਉਹ ਇਕ ਖ਼ਤਰਨਾਕ ਭਗੌੜੇ ਮੁਲਜ਼ਮ ਨੂੰ ਫੜ ਕੇ ਅਖ਼ਬਾਰਾਂ ਕੋਲੋਂ ਵਾਹ-ਵਾਹ ਖੱਧਟੇ । ਮਹਿਕਮੇ ਕੋਲੋਂ ਇਨਾਮ ਲਏ । ਉਸਨੂੰ ਪੰਡਿਤ ਦੇ ਲੁਕਣ ਵਾਲੀ ਥਾਂ ਦਾ ਸਿਰਨਾਵਾਂ ਦੱਧਸਿਆ ਗਿਆ ।
ਅਗਲੇ ਦਿਨ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਖ ਅਫ਼ਸਰ ਅਦਾਲਤ ਵਿਚ ਪੇਸ਼ ਹੋਇਆ । ਦੋਵੇਂ ਅੱਡੀਆਂ ਜੋੜ ਕੇ ਉਸਨੇ ਜੱਜ ਨੂੰ ਸਲੂਟ ਮਾਰਿਆ । ਅਦਾਲਤ ਦੀ ਕਾਰਵਾਈ ਵਿਚ ਖਲਲ ਪਾਉਣ ਦਾ ਜੱਜ ਨੇ ਕਾਰਨ ਪੁੱਧਛਿਆ ।
ਮੁੱਖ ਅਫ਼ਸਰ ਨੇ ਆਪਣੀ ਬਹਾਦਰੀ ਦੀ ਫੜ੍ਹ ਮਾਰੀ । ਭਗੌੜੇ ਮੁਲਜ਼ਮ ਨੂੰ ਹੱਥ-ਕੜੀਆਂ ਵਿਚ ਜਕੜ ਕੇ ਅਦਾਲਤ ਵਿਚ ਪੇਸ਼ ਕੀਤਾ ।
ਪੰਡਤ ਨੂੰ ਅਦਾਲਤ ਵਿਚ ਪੇਸ਼ ਹੋਇਆ ਦੇਖ ਕੇ ਸਾਧੂ ਸਿੰਘ ਮਿਨਾ ਜਿਹਾ ਮੁਸਕਾਇਆ। ਭਗੌੜੇ ਮੁਲਜ਼ਮ ਦੇ ਅਚਾਨਕ ਪੇਸ਼ ਹੋਣ ਉਪਰ ਉਸ ਨੂੰ ਕੋਈ ਹੈਰਾਨੀ ਨਹੀਂ ਸੀ ਹੋਈ । "ਇੰਝ ਹੋਣਾ ਹੀ ਹੈ" ਇਸ ਬਾਰੇ ਜਿਵੇਂ ਉਸ ਨੂੰ ਪਹਿਲਾਂ ਹੀ ਪਤਾ ਸੀ ।
"ਬੈਠਾ ਦੇ।" ਸਾਧੂ ਸਿੰਘ ਨੇ ਮੁੱਖ ਅਫ਼ਸਰ ਨੂੰ ਹੁਕਮ ਸੁਣਾਇਆ।
"ਹੁਣ ਜਨਾਬ?" ਨੰਦ ਲਾਲ ਨੂੰ ਪਤਾ ਸੀ ਅੱਗੇ ਕੀ ਹੋਣਾ ਹੈ। ਫੇਰ ਵੀ ਉਸਨੇ ਜਲਦੀ ਫਾਰਗ ਹੋਣ ਦੇ ਇਰਾਦੇ ਨਾਲ ਜੱਜ ਨੂੰ ਟੋਹਿਆ ।
"ਤੇਰਾ ਕੋਈ ਵਕੀਲ ਹੈ? ਜਾਂ ਸਰਕਾਰੀ ਖਰਚੇ 'ਤੇ ਕਰ ਕੇ ਦੇਵਾਂ?" ਨੰਦ ਲਾਲ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਸਾਧੂ ਸਿੰਘ ਨੇ ਮੁਲਜ਼ਮ ਤੋਂ ਪੁੱਛਿਆ।
"ਜੀ ਕੋਈ ਨਹੀਂ ।"
"ਠੀਕ ਕੋਈ ਨਹੀਂ ।"
"ਠੀਕ ਹੈ। ਬਾਬੂ ਜੀ ਤੁਸੀਂ ਇਸ ਦੇ ਵੀ ਵਕੀਲ ਬਣ ਜਾਓ। ਮੈਂ ਸਰਕਾਰ ਨੂੰ ਤੁਹਾਡੀ ਫੀਸ ਬਾਰੇ ਲਿਖ ਦਿੰਦਾ ਹਾਂ । ਠੀਕ ਹੈ?"
"ਜੋ ਹੁਕਮ ਜਨਾਬ ਦਾ ।"
"ਦਸੋ ਕਿਹੜੇ ਕਿਹੜੇ ਗਵਾਹ ਦੋਬਾਰਾ ਬੁਲਾਉਣੇ ਹਨ?"
"ਜਨਾਬ ਇਹ ਮੁਲਜ਼ਮ ਵਾਰਦਾਤ ਤੋਂ ਲੈ ਕੇ ਗ੍ਰਿਫ਼ਤਾਰੀ ਤਕ ਮੁਕੱਦਮੇ ਨਾਲ ਜੁੜਿਆ ਹੋਇਆ ਹੈ । ਇਸ ਨਾਲ ਹਰ ਗਵਾਹ ਸਬੰਧ ਰੱਖਦੈ । ਸਾਰੇ ਗਵਾਹ ਇਕ ਵਾਰ ਫੇਰ ਬੁਲਾਉਣੇ ਪੈਣਗੇ ।"
"ਟੈਲੀਫ਼ੋਨ ਵਾਲੇ, ਸਟੋਰ-ਕੀਪਰ, ਗੇਟ-ਕੀਪਰ, ਦੂਜੇ ਦੋਸ਼ੀਆਂ ਕੋਲੋਂ ਸਮਾਨ ਬਰਾਮਦ ਕਰਾਉਣ ਵਾਲੇ । ਉਨ੍ਹਾਂ ਦਾ ਇਕ ਮੁਲਜ਼ਮ ਨਾਲ ਕੀ ਸਬੰਧ ਹੈ?"
"ਬਹੁਤ ਸਬੰਧ ਹੈ ਜਨਾਬ ! ਫ਼ੌਜਦਾਰੀ ਮੁਕੱਦਮਾ ਹੈ । ਕੀ ਪਤੈ ਕਦੋਂ ਕੋਈ ਦਾਅ ਲਗ ਜਾਵੇ?"
"ਇਹ ਕਾਨੂੰਨ ਦੀ ਦੁਰਵਰਤੋਂ ਹੈ । ਸਮਾਂ ਬਰਬਾਦ ਕਰਨ ਵਾਲੀ ਗੱਲ ਹੈ । ਕੋਈ ਨਹੀਂ । ਜਿਵੇਂ ਤੁਹਾਡੀ ਮਰਜ਼ੀ ।" ਸਾਧੂ ਸਿੰਘ ਨੇ ਆਪਣੀ ਬੇਵਸੀ ਜਿਤਾਈ ।
"ਜਨਾਬ ਸਾਰੇ ਗਵਾਹ ਛੇ ਮਹੀਨਿਆਂ ਵਿਚ ਨਹੀਂ ਭੁਗਤਣੇ । ਮੇਰੇ ਸਾਇਲ ਦੀ ਜ਼ਮਾਨਤ ਕਰ ਦਿਓ ।"
ਲਟਕੇ ਮੁਕੱਦਮੇ 'ਤੇ ਖ਼ੁਸ਼ੀ ਪਰਗਟਾਉਂਦੇ ਠੇਕੇਦਾਰ ਦੇ ਵਕੀਲ ਨੇ ਸਾਧੂ ਸਿੰਘ ਨੂੰ ਹਾਈ ਕੋਰਟ ਦੇ ਹੁਕਮ ਦੀ ਯਾਦ ਦਿਵਾਈ ।
"ਹਾਲਾਤ ਬਦਲ ਗਏ ਹਨ। ਪੰਜ ਚਾਰ ਦਿਨਾਂ ਵਿਚ ਕੋਈ ਹੁਕਮ ਸੁਣਾਉਣੇ ਹਾਂ ।"
ਫੈਸਲਾ ਸਾਧੂ ਸਿੰਘ ਦੇ ਹੱਥੋਂ ਨਹੀਂ ਹੋਣਾ ਇਹ ਉਸਨੂੰ ਪਹਿਲੇ ਦਿਨ ਤੋਂ ਪਤਾ ਸੀ ।
ਪਰ ਉਸਨੇ ਆਪਣੇ ਮਨ ਨਾਲ ਫ਼ੈਸਲਾ ਕੀਤਾ ਹੋਇਆ ਸੀ । ਆਪਣੀ ਡਿਊਟੀ ਦੇ ਆਖ਼ਰੀ ਪਲ ਤਕ ਉਹ ਮੁਕੱਦਮਾ ਸਿਰੇ ਚਾੜ੍ਹਨ ਦਾ ਯਤਨ ਕਰਦਾ ਰਹੇਗਾ । ਇਸੇ ਲਈ ਮੁਲਜ਼ਮਾਂ ਦੀ ਹਰ ਚਾਲ ਦਾ ਉਸਨੇ ਢੁਕਵਾਂ ਜਵਾਬ ਦਿੱਤਾ ਸੀ ।
ਮੁਕੱਦਮੇ ਦੇ ਮੁੱਖ ਗਵਾਹਾਂ ਨੂੰ ਤਲਬ ਕਰਨ ਲਈ ਉਸਨੇ ਇਕ ਹਫ਼ਤੇ ਦੀ ਤਾਰੀਖ਼ ਪਾਈ । ਬਾਕੀ ਬਚਦੇ ਗਵਾਹਾਂ ਨੂੰ ਪੰਦਰਵੇਂ ਦਿਨ ਬੁਲਾਇਆ ਗਿਆ ।
ਮੁਲਜ਼ਮਾਂ ਅਤੇ ਵਕੀਲਾਂ ਨੂੰ ਤੋਰ ਕੇ ਸਾਧੂ ਸਿੰਘ ਨੇ ਘੜੀ ਦੇਖੀ । ਹਾਲੇ ਗਿਆਰਾਂ ਵੱਜੇ ਸਨ । ਬਹਿਸ ਸਾਰਾ ਦਿਨ ਚਲਣੀ ਸੀ । ਇਸ ਲਈ ਉਸਨੇ ਹੋਰ ਕੋਈ ਕੇਸ ਸੁਣਵਾਈ ਲਈ ਨਹੀਂ ਸੀ ਰੱਧਖਿਆ।
ਵਿਹਲੇ ਬੈਠੇ ਸਾਧੂ ਸਿੰਘ ਦੇ ਦਿਮਾਗ਼ ਵਿਚ ਫੁਰਨਾ ਫੁਰਿਆ । ਸਾਰੇ ਗਵਾਹਾਂ ਨੂੰ ਦੋਬਾਰਾ ਤਲਬ ਕਰਨ ਵਿਚ ਕੋਈ ਤੁਕ ਨਹੀਂ ਸੀ । ਕਾਨੂੰਨ ਭਾਵੇਂ ਸਾਰੇ ਗਵਾਹਾਂ ਨੂੰ ਤਲਬ ਕਰਨ ਦੀ ਹਦਾਇਤ ਕਰਦਾ ਸੀ ਪਰ ਲਗਦਾ ਸੀ ਕਦੇ ਕਿਸੇ ਮੁਕੱਦਮੇ ਦੇ ਹਾਲਾਤ ਅਨੁਸਾਰ ਘੜੇ ਨਿਯਮ ਦੀ ਹੁਣ ਦੁਰਵਰਤੋਂ ਹੋ ਰਹੀ ਸੀ । ਇਸ ਨਿਯਮ ਨੂੰ ਬਦਲਣ ਦੀ ਲੋੜ ਸੀ ।
ਠੇਕੇਦਾਰ ਦੀ ਜ਼ਮਾਨਤ ਮਨਜ਼ੂਰ ਕਰਨ ਵਾਲੇ ਹੁਕਮ ਉਪਰ ਵੀ ਨਜ਼ਰਸਾਨੀ ਹੋਣੀ ਚਾਹੀਦੀ ਸੀ । ਹਾਈ ਕੋਰਟ ਦੇ ਹੁਕਮ ਦੀ ਇੰਨ-ਬਿੰਨ ਪਾਲਣਾ ਹੋਈ ਸੀ । ਜੇ ਮੁਲਜ਼ਮ ਕਾਨੂੰਨ ਦੀਆਂ ਰਿਆਇਤਾਂ ਦਾ ਨਜਾਇਜ਼ ਫ਼ਾਇਦਾ ਨਾ ਉਠਾਉਂਦੇ ਤਾਂ ਫੈਸਲਾ ਮਿਥੀ ਤਾਰੀਖ ਤੋਂ ਪਹਿਲਾਂ ਹੋ ਜਾਣਾ ਸੀ । ਮੁਕੱਦਮਾ ਅਦਾਲਤ ਦੀ ਕਮਜ਼ੋਰੀ ਕਾਰਨ ਨਹੀਂ, ਮੁਲਜ਼ਮਾਂ ਦੀ ਚਲਾਕੀ ਕਾਰਨ ਲਟਕਿਆ ਸੀ। ਇਸ ਚਲਾਕੀ ਦਾ ਫ਼ਾਇਦਾ ਠੇਕੇਦਾਰ ਨੂੰ ਨਹੀਂ ਸੀ ਮਿਲਣਾ ਚਾਹੀਦਾ । ਹਾਈ ਕੋਰਟ ਤੋਂ ਹੋਰ ਸਮੇਂ ਦੀ ਮੰਗ ਕੀਤੀ ਜਾਣੀ ਚਾਹੀਦੀ ਸੀ ।
ਸਾਧੂ ਸਿੰਘ ਨੇ ਆਪਣਾ ਸਟੈਨੋ ਬੁਲਾਇਆ । ਚੀਫ਼ ਜਸਟਿਸ ਦੇ ਨਾਂ ਉਸਨੇ ਇਕ ਗੁਪਤ-ਪੱਤਰ ਲਿਖਵਾਇਆ ।
ਹਾਈ ਕੋਰਟ ਵੱਲੋਂ ਦੋ ਮਹੀਨੇ ਦੇ ਅੰਦਰ-ਅੰਦਰ ਸੁਣਵਾਈ ਮੁਕੰਮਲ ਕਰਨ ਦੇ ਹੁਕਮ ਪਿੱਛੇ ਸ਼ੁਭ ਧਾਰਨਾ ਕੰਮ ਕਰਦੀ ਸੀ । ਇਸ ਤਰ੍ਹਾਂ ਹੋਣ ਨਾਲ ਦੋਹਾਂ ਧਿਰਾਂ ਨੂੰ ਇਨਸਾਫ਼ ਮਿਲਣਾ ਸੀ । ਜੇ ਦੋਸ਼ੀ ਬੇਕਸੂਰ ਹੋਇਆ ਤਾਂ ਉਸਨੂੰ ਵਾਧੂ ਜੇਲ੍ਹ ਵਿਚ ਸੜਨ ਦੀ ਜ਼ਰੂਰਤ ਨਹੀਂ ਸੀ । ਉਸਨੇ ਬਾਹਰ ਆ ਜਾਣਾ ਸੀ । ਦੂਜੇ ਪਾਸੇ ਗਵਾਹੀਆਂ ਭੁਗਤਣ ਤਕ ਦੋਸ਼ੀਆਂ ਦਾ ਜੇਲ੍ਹ ਵਿਚ ਰਹਿਣਾ ਜਾਇਜ਼ ਸੀ। ਬਾਹਰ ਆਉਣ ਨਾਲ ਗਵਾਹਾਂ ਵਿਚ ਦਹਿਸ਼ਤ ਪੈਣੀ ਸੀ ।
ਸਾਧੂ ਸਿੰਘ ਨੇ ਹਾਈ ਕੋਰਟ ਦੇ ਮਨਸ਼ੇ ਨੂੰ ਚੰਗੀ ਤਰ੍ਹਾਂ ਸਮਝਿਆ ਸੀ ਅਤੇ ਉਸ ਉਪਰ ਫੁੱਲ ਚੜ੍ਹਾਏ ਸਨ ।
ਪਰ ਹੁਣ ਹਾਲਾਤ ਬਦਲ ਗਏ ਸਨ । ਬਦਲੇ ਹਾਲਾਤ ਵਿਚ ਜੇ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਕੇ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਤਾਂ ਇਸ ਨਾਲ ਹੁਕਮ ਦੀ ਅਸਲ ਧਾਰਨਾ ਨਾਲ ਬੇ-ਇਨਸਾਫ਼ੀ ਹੋਣੀ ਸੀ । ਇਨਸਾਫ਼ ਮੰਗ ਕਰਦਾ ਸੀ, ਦੋਸ਼ੀ ਦੀ ਰਿਹਾਈ ਨੂੰ ਹੋਰ ਛੇ ਮਹੀਨੇ ਲਈ ਟਾਲ ਦੇਣਾ ਚਾਹੀਦਾ ਸੀ ।
ਉਸਦੀ ਦੂਸਰੀ ਬੇਨਤੀ ਸਾਰੇ ਗਵਾਹਾਂ ਨੂੰ ਦੋਬਾਰਾ ਬੁਲਾਉਣ ਦੇ ਨਿਯਮ ਵਿਚ ਢਿੱਲ ਦੇਣ ਬਾਰੇ ਸੀ ।
ਇਸ ਮੁਕੱਦਮੇ ਵਿਚ ਬਹੁਤ ਸਾਰੇ ਅਜਿਹੇ ਗਵਾਹ ਸਨ ਜਿਨ੍ਹਾਂ ਦੀ ਪੰਡਿਤ ਦਾ ਦੋਸ਼ ਸਿੱਧ ਕਰਨ ਵਿਚ ਕੋਈ ਭੂਮਿਕਾ ਨਹੀਂ ਸੀ । ਉਨ੍ਹਾਂ ਨੂੰ ਦੋਬਾਰਾ ਤਲਬ ਕਰਕੇ ਗਵਾਹੀ ਦੇਣ ਲਈ ਮਜਬੂਤ ਕਰਨ ਵਿਚ ਕੋਈ ਤੁਕ ਨਹੀਂ ਸੀ । ਅਜਿਹੇ ਗਵਾਹਾਂ ਨੂੰ ਤਲਬ ਕਰਨ ਤੋਂ ਛੋਟ ਮਿਲਣੀ ਚਾਹੀਦੀ ਸੀ ।
ਮੌਕੇ ਦੇ ਜਿਨ੍ਹਾਂ ਗਵਾਹਾਂ ਉਪਰ ਜਿਹੜੇ ਦੋਸ਼ੀਆਂ ਵੱਲੋਂ ਪਹਿਲਾਂ ਜਿਰ੍ਹਾ ਹੋ ਚੁੱਕੀ ਸੀ ਉਨ੍ਹਾਂ ਨੂੰ ਦੋਬਾਰਾ ਜਿਰ੍ਹਾ ਕਰਨ ਦਾ ਮੌਕਾ ਨਹੀਂ ਸੀ ਦੇਣਾ  ਹੀਦਾ । ਜਿਹੜਾ ਮੁਲਜ਼ਮ ਹੁਣ ਪੇਸ਼ ਹੋਇਆ ਸੀ ਉਸੇ ਨੂੰ ਜਿਰ੍ਹਾ ਦਾ ਮੌਕਾ ਮਿਲਣਾ ਚਾਹੀਦਾ ਸੀ ।
ਇਹ ਤਰਕ ਸੰਗਤ ਵੀ ਸੀ ਅਤੇ ਇਸ ਨਾਲ ਅਦਾਲਤ ਦਾ ਕੀਮਤੀ ਸਮਾਂ ਵੀ ਬਚਣਾ ਸੀ ।
ਅਗਲੀ ਪੇਸ਼ੀ ਤੋਂ ਪਹਿਲਾਂ ਚੀਫ਼ ਜਸਟਿਸ ਦਾ ਜਵਾਬ ਆ ਗਿਆ ।
ਸਾਧੂ ਸਿੰਘ ਦੀਆਂ ਦੋਵੇਂ ਬੇਨਤੀਆਂ ਪਰਵਾਨ ਹੋ ਗਈਆਂ ।
ਠੇਕੇਦਾਰ ਦੀ ਜ਼ਮਾਨਤ ਤਿੰਨ ਮਹੀਨੇ ਲਈ ਅੱਗੇ ਪਾ ਦਿੱਤੀ ਗਈ ।
ਕੇਵਲ ਉਹੋ ਗਵਾਹ ਤਲਬ ਕੀਤੇ ਜਾਣ ਜਿਹੜੇ ਨਵੇਂ ਮੁਲਜ਼ਮ ਨਾਲ ਸਬੰਧਤ ਹੋਣ ।
ਗਵਾਹਾਂ ਨੂੰ ਦੋਬਾਰਾ ਬਿਆਨ ਦੇਣ ਦੀ ਜਹਿਮਤ ਨਾ ਦਿਤੀ ਜਾਵੇ । ਪਹਿਲਾਂ ਜੇ ਗਵਾਹ ਉਸਦੀ ਹਾਜ਼ਰੀ ਵਿਚ ਨਹੀਂ ਭੁਗਤਿਆ ਤਾਂ ਕਸੂਰ ਗਵਾਹ ਦਾ ਨਹੀਂ ਮੁਲਜ਼ਮ ਦਾ ਆਪਣਾ ਸੀ । ਪਹਿਲੇ ਬਿਆਨ ਸਮੇਂ ਛੇ ਵਕੀਲ ਹਾਜ਼ਰ ਸਨ । ਇਸ ਲਈ ਕਿਸੇ ਕੋਤਾਹੀ ਦੀ ਕੋਈ ਗੁੰਜਾਇਸ਼ ਨਹੀਂ ਸੀ । ਕੇਵਲ ਨਵੇਂ ਮੁਲਜ਼ਮ ਨੂੰ ਜਿਰ੍ਹਾ ਕਰਨ ਦਾ ਮੌਕਾ ਦਿੱਤਾ ਜਾਵੇ ।
ਨਵੇਂ ਹੁਕਮ ਦਾ ਨੰਦ ਲਾਲ ਦੀ ਸਿਹਤ ਉਪਰ ਕੋਈ ਅਸਰ ਨਹੀਂ ਸੀ । ਉਨ੍ਹਾਂ ਦਾ ਮਕਸਦ ਪੰਦਰਾਂ ਵੀਹ ਦਿਨ ਲੰਘਾਉਣਾ ਸੀ । ਉਹ ਹੁਣ ਵੀ ਲੰਘ ਜਾਣੇ ਸਨ ।
ਉਹ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਵਿਚ ਸਹਿਯੋਗ ਦੇਣ ਲੱਗੇ ।

...ਚਲਦਾ...


samsun escort canakkale escort erzurum escort Isparta escort cesme escort duzce escort kusadasi escort osmaniye escort