ਸਵੇਰਾ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, 
ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । 

ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ,
ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ ਥੋੜ੍ਹਾ ਰੱਖ ਲੈ ਲੰਮਾ ਜੇਰਾ । 

ਤੇਰੇ ਗਲ਼ ਪਾਟੜੇ ਸੀ ਕੱਲ ਵੀ ਲੀਰਾਂ ਅੱਜ ਵੀ ਤੁਧ ਥਿਆਈਆਂ, 
ਤੇਰੇ ਹੱਕ ਚਾਅ ਓਦਾਂ ਈ ਲੁੱਟੇ ਸੋਗੀ ਰਹਿ ਗਿਆ ਤੇਰਾ ਵਿਹੜਾ । 

ਜਿਉਂਦਿਆਂ ਸ਼ੁਮਾਰ ਨਹੀਂ ਹੁਣ ਵੀ ਕੀਤਾ ਲਾ ਅੱਗੇ ਬੱਸ ਹੱਕਿਆ, 
ਜਬਰ ਓਂਵੇਂ ਤਖ਼ਤ 'ਤੇ ਕਾਬਜ਼ ਬਦਲਿਆ ਤਾਂ ਬੱਸ ਚਿਹਰਾ । 

ਅੱਖਾਂ 'ਤੇ ਬੱਧੇ ਜਦ ਤੱਕ ਇਹ ਖੋਪੇ ਪੰਜਾਲੀ ਗਲ਼ੋ ਨਾ ਲਹਿਣੀ, 
ਓਹਨੀਂ ਘੇਰੀਂ ਘੁੰਮਦੇ ਰਹਿਣਾ ਰੁੱਲ ਜਾਣਾ ਸੁਫ਼ਨ ਸੁਨਹਿਰਾ । 

ਵਰਤਿਆ ਜਾਵੇ ਓਹੀ ਹਮੇਸ਼ਾ ਜੋ ਖ਼ੁਦ ਆਪਾ ਵਰਤਣ ਦੇਵੇ,
ਰਹਿੰਦੀ ਲੋੜ ਗਫ਼ਲਤ ਤੋਂ ਉੱਠੇ ਤਾਂ ਹੀ ਜਾਗੇ ਦਾ ਹੋਏ ਸਵੇਰਾ । 

ਜੋਸ਼ ਨਾਲ ਹੈ ਹੋਸ਼ ਜ਼ਰੂਰੀ ਕੰਵਲ ਵੇਗ ਸਹੀ ਰਾਹ ਲੋੜੰਦਾ, 
ਰੋਹ ਨੂੰ ਸੰਗ ਜਦ ਮਿਲੇ ਸੋਚ ਦਾ ਫ਼ਿਰ ਟਿੱਕਦਾ ਅੱਗੇ ਕਿਹੜਾ ।