ਚੁੱਪ ਦੇ ਖ਼ਿਲਾਫ਼ (ਪੁਸਤਕ ਪੜਚੋਲ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੁੱਪ ਦੇ ਖ਼ਿਲਾਫ਼ 
ਲੇਖਕ : ਪ੍ਰੀਤਮ ਪੰਧੇਰ
ਪੰਨੇ : 111, ਮੁੱਲ : 100/- 
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍


ਵਿਚਾਰ ਅਧੀਨ ਪੁਸਤਕ, ਪ੍ਰੀਤਮ ਪੰਧੇਰ ਦੀ ਪੰਜਵੀਂ ਪੁਸਤਕ ਹੈ। ਇਹ ਗ਼ਜ਼ਲ-ਸੰਗ੍ਰਹਿ, ਜਿਸ ਵਿੱਚ ਕੁਲ 19 ਗ਼ਜ਼ਲਾਂ ਸ਼ਾਮਿਲ ਹਨ। ਤਿੰਨ ਕਾਵਿ-ਸੰਗ੍ਰਹਿ: ਸੁਲਘਦੀ ਅੱਗ (1999), ਅਗਨ ਫੁੱਲ (1999), ਜੰਗਲ ਦੀ ਅੱਖ (2010) ਅਤੇ ਇਕ ਗ਼ਜ਼ਲ-ਸੰਗ੍ਰਹਿ: ਅਹਿਸਾਸ ਦੀ ਲੋਅ (2004) ਜੋ ਪਹਿਲਾਂ ਹੀ ਪਾਠਕਾਂ ਦੇ ਹੱਥਾਂ ਅਤੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣੇ ਹਨ। ਇਸ ਪੁਸਤਕ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਆਮ ਲੋਕਾਂ 'ਤੇ ਜੋ ਜ਼ਿਆਦਤੀਆਂ, ਵਧੀਕੀਆਂ ਹੋ ਰਹੀਆਂ ਹਨ, ਭਾਵੇਂ ਉਹ ਆਰਥਿਕ, ਸਮਾਜਿਕ, ਧਾਰਮਿਕ ਜਾਂ ਫਿਰ ਰਾਜਨੀਤਕ ਹੀ ਕਿਉਂ ਨਾ ਹੋਣ, ਉਨ੍ਹਾਂ ਵਿਰੁੱਧ ਆਵਾਜ਼ ਉਠਾਈਏ, ਚੁੱਪ ਰਹਿ ਕੇ ਗੁਜ਼ਾਰਾ ਨਹੀਂ ਹੋਣ ਵਾਲਾ, ਸਗੋਂ ਵਧੇਰੇ ਨਪੀੜੇ ਜਾਵਾਂਗੇ। 
ਸ਼ਾਇਰ ਦੀ ਸਾਰੀ ਸ਼ਾਇਰੀ ਹੀ ਪ੍ਰਤੀਕਾਂ, ਬਿੰਬਾਂ ਤੇ ਅੰਲਕਾਰਾਂ ਨਾਲ ਇਸ ਤਰ੍ਹਾਂ ਸ਼ਿੰਗਾਰੀ ਹੋਈ ਏ ਜਿਉਂ ਅੰਗੂਠੀ ਵਿਚ ਨਗੀਨਾ'। ਪਿਆਰ-ਮੁਹੱਬਤ ਦੀਆਂ ਪੀਚੀਆਂ ਗੰਢਾਂ ਖੋਲ੍ਹਣ ਦੀ ਬਜਾਏ, ਪੰਧੇਰ ਜੀ ਨੇ ਜੀਵਨ ਦੀਆਂ ਉਲਝਣਾਂ ਨੂੰ ਸੁਲਝਾਉਣ ਪ੍ਰਤੀ ਅੱਡੋ-ਅੱਡ ਵਿਸ਼ਿਆਂ ਨੂੰ ਛੂਹਿਆ ਹੈ, ਜੋ ਕਾਬਿਲ-ਏ-ਤਾਰੀਫ਼ ਹੈ।  ਆਓ, ਦੇਖਦੇ ਹਾਂ ਕੁਝ ਸ਼ਿਅਰ:
ਲਾਲਚੀ ਚੂਹੇ ਨੇ ਦਿਲ ਨੂੰ ਨੋਚਿਆ, 
ਆਦਮੀ ਪੂਰਨ ਕਿਤੇ ਮਿਲਦਾ ਨਹੀਂ। 

ਨਿੱਜ ਦੀ ਅੰਨ੍ਹੀ ਗਲ਼ੀ ਵਿਚ ਖੋ ਗਿਆ ਹੈ ਆਦਮੀ, 
ਇਹ ਹੈ ਕੈਸਾ ਹਾਦਸਾ, ਚੁੱਪ ਹੋ ਗਿਆ ਹੈ ਆਦਮੀ। 

ਸਰਕੜਾ ਵੀ ਬੀਜਦੇ, ਸੌਖਾ ਸਫ਼ਰ ਵੀ ਭਾਲਦੇ, 
ਕਿਸ ਭੁਲੇਖੇ ਵਿਚ ਰਹਿੰਦੇ, ਦੇਖ ਮੇਰੇ ਨਾਲ ਦੇ।

ਸਮਾਜ 'ਚ ਗੰਧਲਾਪਣ ਆਪਣੇ ਪੈਰ ਬੜੀ ਤੇਜ਼ੀ ਨਾਲ ਪਸਾਰ ਰਿਹਾ ਹੈ। ਮਨੁੱਖ, ਮਨੁੱਖ ਪ੍ਰਤੀ ਮੋਹ ਬਿਹੂਣਾ ਹੋ ਰਿਹਾ ਹੈ, ਗੂਹੜੇ ਰਿਸ਼ਤਆਂ ਵਿਚ ਤਕਰਾਰ ਵੱਧ ਰਿਹਾ ਹੈ ਤੇ ਇਕ-ਦੂਜੇ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਸ਼ਾਇਰ ਕਦੇ ਭ੍ਰਿਸ਼ਟ ਨੇਤਾਵਾਂ ਦੀ ਬਾਤ ਪਾਉਂਦਾ ਹੈ ਤੇ ਕਦੇ ਮਾਦਾ ਭਰੂਣ ਹੱਤਿਆ ਦੀ।  ਕਦੇ ਦੂਸ਼ਿਤ ਵਾਤਾਵਰਣ ਦੀ ਗੱਲ ਕਰਦਾ ਹੈ ਤੇ ਕਦੇ ਧਰਮ ਦੀ ਓਟ 'ਚ ਆਮ ਜਨਤਾ ਦੀ ਲੁੱਟ-ਘਸੁੱਟ ਦੀ। 
ਸਮਾਜਿਕ ਬੁਰਾਈਆਂ ਤੇ ਆਰਥਿਕ ਊਣਤਾਈਆਂ ਪ੍ਰਤੀ ਲੋਕ-ਚੇਤਨਾ ਦਾ ਸੁਨੇਹਾ ਦਿੰਦਾ ਹੋਇਆ ਕਵੀ ਆਖਦਾ ਹੈ:
ਆਸ ਦਾ ਦੀਵਾ, ਜਗਾ ਰੱਖ ਪ੍ਰੀਤਮਾ,
ਰਾਤ ਹੈ ਤਾਂ, ਫਿਰ ਸੁਬ੍ਹਾ ਵੀ ਆਏਗੀ।