ਲਵੀਨ ਗਿੱਲ ਦੀ ਕਿਤਾਬ ਰਿਲੀਜ਼ (ਖ਼ਬਰਸਾਰ)


ਬਰੈਂਪਟਨ --  ਹਰ ਵਾਰ ਦੀ ਤਰ੍ਹਾਂ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮੀਟਿੰਗ 31 ਅਕਤੂਬਰ, 2015 ਨੂੰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਜਿਸ ਵਿੱਚ ਲਵੀਨ ਗਿੱਲ ਦੀ ਕਿਤਾਬ "ਮੈਂ ਘਾਹ ਨਹੀਂ" ਰਿਲੀਜ਼ ਕੀਤੀ ਜਾਵੇਗੀ ਤੇ ਡਾ: ਜਸਵਿੰਦਰ ਸੰਧੂ ਵੱਲੋਂ ਖੋਜ ਦੇ ਵਿਗਿਆਨਕ ਢੰਗ ਬਾਰੇ ਗੱਲਬਾਤ ਕੀਤੀ ਗਈ।

ਡਾ: ਸੰਧੂ ਨੇ ਕਿਹਾ ਕਿ ਗਿਆਨ 'ਚ ਪਾਈਆਂ ਵੰਡੀਆਂ ਕੁਦਰਤੀ ਨਹੀਂ ਹਨ। ਫਿਜ਼ੀਕਲ ਸਾਇੰਸ ਦੀ ਮਦਦ ਨਾਲ ਸੱਚ ਦੀ ਖੋਜ ਹੁੰਦੀ ਰਹੀ ਹੈ। ਨਿਰੀਖਣ ਕਰਨ ਤੋਂ ਖਿਆਲ ਉਪਜਦਾ ਹੈ ਤੇ ਤਜਰਬੇ ਕੀਤੇ ਜਾਂਦੇ ਹਨ। ਫਿਰ ਪ੍ਰਭਾਵ ਵਾਲੇ ਅੰਸ਼ ਦਾ ਅਸਰ ਅਤੇ ਅੰਸ਼ ਦੀ ਅਣਹੋਂਦ ਦਾ ਅਸਰ ਦੇਖਿਆ ਜਾਂਦਾ ਹੈ ਜਾਂ ਫਿਰ ਦੋ ਜਾਂ ਦੋ ਤੋਂ ਵੱਧ ਦਾ ਆਪਸੀ ਮੁਕਾਬਲਾ। ਡਾਰਵਿਨ ਨੇ ਤਜਰਬੇ ਨਹੀਂ ਕੀਤੇ, ਕੁਦਰਤੀ ਵਰਤਾਰਿਆਂ ਨੂੰ ਦੇਖਿਆ। 

ਬਲਦੇਵ ਦੂਹੜੇ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਹਿਤ ਦਾ ਤਾਅਲੁੱਕ ਸੋਚ ਨਾਲ ਤੇ ਸੋਚ ਦਾ ਜ਼ਿੰਦਗੀ ਨਾਲ ਹੈ। ਉਨ੍ਹਾਂ ਆਗਮਨ ਤੇ ਨਿਗਮਨ ਗਿਆਨ ਦੀ ਗੱਲ ਕੀਤੀ ਅਤੇ ਕਿਹਾ ਕਿ ਸਾਇੰਸ ਦੀ ਵਿਲੱਖਣਤਾ ਇਹ ਵੀ ਹੈ ਕਿ ਇੱਕ ਸਮੇਂ ਜੋ ਇੱਕ ਸ਼ਖਸ ਨੇ ਕਹਿ ਦਿੱਤਾ ਤੇ ਸਭ ਨੇ ਮੰਨ ਵੀ ਲਿਆ, ਬਾਅਦ ਵਿੱਚ ਉਸ ਨੂੰੰ ਕਿਸੇ ਤਜਰਬੇ ਜਾਂ ਖੋਜ ਦੇ ਆਧਾਰ 'ਤੇ ਉਲਟਾਇਆ ਜਾ ਸਕਦਾ ਹੈ।

ਪ੍ਰੋ: ਨਾਹਰ ਸਿੰਘ ਦਾ ਕਹਿਣਾ ਸੀ ਕਿ ਮਨੁੱਖ ਬ੍ਰਹਿਮੰਡ ਨੂੰ ਸਮਝਣ 'ਚ ਲੱਗਾ ਰਿਹਾ ਤੇ ਬਾਅਦ ਵਿੱਚ ਹਜ਼ਾਰਾਂ ਸਦੀਆਂ ਤੱਕ ਮਿੱਥ ਤੋਂ ਹੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਰਿਗ ਵੇਦ ਰੱਬ ਬਾਰੇ ਪਹਿਲੀ ਲਿਖੀ ਕਿਤਾਬ ਹੈ। ਵਿਗਿਆਨ ਵੱਲ ਤਾਂ ਵੀਹਵੀਂ ਸਦੀ 'ਚ ਲੋਕ ਮੁੜੇ, ਜਿਵੇਂ ਆਈਨਸਟਾਈਨ, ਨਿਊਟਨ ਤੇ ਡਾਰਵਿਨ ਦਾ ਸਮਾਂ। ਸਾਇੰਸ ਵਿੱਚ ਤਜਰਬੇ ਰਾਹੀਂ ਅਤੇ ਕਲਾ ਵਿੱਚ ਤਰਕ ਨਾਲ ਨਤੀਜੇ 'ਤੇ ਪਹੁੰਚਦੇ ਹਾਂ। ਆਮ ਲੋਕਾਂ ਦਾ ਵਿਗਿਆਨਕ ਮਿਜ਼ਾਜ ਨਹੀਂ ਹੋ ਸਕਦਾ। ਡਾ: ਬਲਜਿੰਦਰ ਸੇਖੋਂ ਨੇ ਕਿਹਾ ਕਿ ਵਿਚਾਰ ਖ਼ਾਸ ਇਤਿਹਾਸਕ ਹਾਲਾਤ 'ਚੋਂ ਪੈਦਾ ਹੁੰਦੇ ਹਨ।


ਲਵੀਨ ਗਿੱਲ ਦੀ ਕਿਤਾਬ "ਮੈਂ ਘਾਹ ਨਹੀਂ" ਬਾਰੇ ਹਰਮੋਹਨ ਛਿੱਬੜ ਨੇ ਆਪਣਾ ਪੇਪਰ ਪੜ੍ਹਦਿਆਂ ਕਿਹਾ ਕਿ ਲਵੀਨ ਆਦਮੀ ਅਤੇ ਔਰਤ ਦੀ ਬਰਾਬਰੀ ਦੀ ਗੱਲ ਕਰਦੀ ਹੈ। ਉਨ੍ਹਾਂ ਆਪਣੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ 'ਸਦਾ ਸੁਹਾਗਣ' ਦਾ ਆਸ਼ੀਰਵਾਦ ਵੀ ਔਰਤ ਦੇ ਪਤੀ ਲਈ ਹੀ ਹੁੰਦਾ ਹੈ। ਉਨ੍ਹਾਂ ਨੇ "ਚਿੜੀਆਂ ਦਾ ਚੰਬਾ", ਅਣਪੜ੍ਹਤਾ ਬਾਰੇ ਕਵਿਤਾ "ਨਵਾਂ ਸਾਲ ਮੁਬਾਰਕ ਹੈ ਉਨ੍ਹਾਂ ਨੂੰ"; ਬਰਾਬਰੀ ਬਾਰੇ "ਮੈਂ ਨੀਵੇਂ ਥਾਂ ਨਹੀਂ"; ਅਤੇ "ਦੀਵਾਲੀ"  ਨਾਂ ਦੀ ਕਵਿਤਾ ਦੇ ਹਵਾਲੇ ਨਾਲ ਆਪਣੇ ਵਿਚਾਰ ਦੱਸੇ। ਕਹਿਣ ਲੱਗੇ, ਫਿਰ ਇੱਕ ਥਾਂ ਲਿਖਦੀ ਹੈ "ਫੌਲਾਦ ਦਾ ਹੌਸਲਾ ਹੈ ਮੇਰਾ"। ਲਵੀਨ ਸੱਚ ਹੀ ਹੌਸਲੇ ਵਾਲੀ ਹੈ। ਉਹ ਸਿਰਫ਼ ਭਰੂਣ ਹੱਤਿਆ ਬਾਰੇ ਹੀ ਨਹੀਂ ਬੋਲਦੀ, ਅੰਗਦਾਨ ਲਈ ਵੀ ਬਹੁਤ ਕੰਮ ਕਰ ਰਹੀ ਹੈ। 

ਬ੍ਰਜਿੰਦਰ ਗੁਲਾਟੀ ਨੇ ਕਿਹਾ ਕਿ ਲਵੀਨ ਨੂੰ ਔਰਤ ਦੇ ਵਜੂਦ ਵਜੋਂ ਮਾਣ ਹੈ ਅਤੇ ਸਵੈਮਾਨ ਉਸ ਦੀਆਂ ਅੱਖਾਂ ਵਿੱਚ ਛਲਕਦਾ ਹੈ। 'ਮੈਂ ਘਾਹ ਨਹੀਂ - ਜੋ ਪੁੱਟ ਦਿਓਗੇ, ਇੱਕ ਅਣਚਾਹੀ ਬੂਟੀ ਵਾਂਗ' ਨਾਂ ਦੀ ਕਵਿਤਾ ਜੱਗਬਾਣੀ ਵਿੱਚ ਛਪੀ ਅਤੇ ਇਸੇ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਲਵੀਨ ਨੇ "ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ" ਲੇਖ ਲਿਖਿਆ ਜੋ ਦੋ ਸਾਲ ਤੋਂ ਵੱਧ ਜੱਗ ਬਾਣੀ ਵਿੱਚ ਲੜੀਵਾਰ ਸਭ ਵਰਗਾਂ ਦੀਆਂ ਔਰਤਾਂ ਦੀ ਲਿਖਤ ਰਾਹੀਂ, ਇੱਕ ਲਹਿਰ ਵਾਂਗ ਛਪਦਾ ਰਿਹਾ। ਉਹ ਨਵੇਂ ਰਸਤੇ ਬਣਾਉਣਾ ਹੀ ਨਹੀਂ ਜਾਣਦੀ, ਪੂਰੇ ਯਕੀਨ ਨਾਲ ਉਨ੍ਹਾਂ 'ਤੇ ਖ਼ੁਦ ਚੱਲਣਾ ਅਤੇ ਹੋਰਾਂ ਨੂੰ ਵੀ ਉਤਸਾਹਿਤ ਕਰਨਾ ਜਾਣਦੀ ਹੈ। ਉਹ ਸਮਾਜ ਦੇ ਬਣਾਏ ਰਸਮੋ ਰਿਵਾਜਾਂ ਨੂੰ ਅੰਧਵਿਸ਼ਵਾਸ ਨਾਲ ਮੰਨ ਲੈਣ ਵਿੱਚ ਯਕੀਨ ਨਹੀਂ ਰੱਖਦੀ ਸਗੋਂ ਇਨ੍ਹਾਂ 'ਤੇ ਸੁਆਲ ਵੀ ਉਠਾਉਂਦੀ ਹੈ ਤਾਂ ਹੀ ਲਿਖਦੀ ਹੈ - ਕੈਦ ਸਲਾਖਾਂ ਦੀ... ਜਜ਼ਬਾਤਾਂ ਦੀ... ਸਮਾਜ ਦੀ ਵੀ ਤੇ ਰਿਵਾਜ ਦੀ ਵੀ... ਕੈਦ ਤਾਂ ਕੈਦ ਹੈ'। ਕੈਨੇਡਾ, ਅਮਰੀਕਾ ਦੇ ਇਸ਼ਤਿਹਾਰੀ ਵਿਆਹਾਂ 'ਚ ਪਿਸਦੇ, ਰਾਹਾਂ ਤੋਂ ਭਟਕ ਰਹੇ ਲੋਕਾਂ ਦੀ ਅਤੇ ਫ਼ੈਸ਼ਨ 'ਚ ਗਲ਼ਤਾਨ ਹੋਣ ਵਾਲਿਆਂ ਦੀ ਗੱਲ ਕਰਦੀ ਹੈ। ਔਰਤ ਤੇ ਮਰਦ ਦੀ ਬਰਾਬਰਤਾ ਦੀ ਗੱਲ ਕਰਦੀ ਹੈ - ਇੱਕ ਸਿੱਕੇ ਦੇ ਦੋ ਪਹਿਲੂ, ਤੂੰ ਬੀਜਣਹਾਰ ਤੇ ਮੈਂ ਸਿਰਜਣਹਾਰੀ।

ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਲਵੀਨ ਹਨੇਰੇ 'ਚ ਦੀਪ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਉਹ ਸਵੈ ਦੀ ਪਛਾਣ ਤੇ ਮਾਣ ਨਾਲ ਕਹਿੰਦੀ ਹੈ "ਮੈਂ ਰਾਣੀ ਹਾਂ..." ਉਸ ਦਾ ਲਿਖਣਾ " ਮੈਂ ਔਰਤ ਵਰਗੀ ਮਜ਼ਬੂਤ ਹਾਂ" ਇੱਕ ਐਲਾਨਨਾਮਾ ਹੈ ਜਿਸ ਵਿੱਚ ਗਤੀਸ਼ੀਲਤਾ ਹੀ ਨਹੀਂ ਉਮੀਦ ਵੀ ਹੈ। "ਕਾਫ਼ਲਾ" ਨਾਂ ਦੀ ਕਵਿਤਾ ਵਿੱਚ ਉਹ ਕਾਫ਼ਲੇ ਜੋੜਣ ਦੀ ਗੱਲ ਕਰਦੀ ਹੈ। ਸਮਾਜਿਕ ਰਿਸ਼ਤਿਆਂ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਹੈ। ਉਹ "ਘਾਹ" ਨੂੰ ਇੱਕ ਨਵਾਂ ਪਾਸਾਰ ਦਿੰਦੀ ਹੈ। ਪਾਸ਼ ਦੀ ਕਵਿਤਾ "ਚਿੜੀਆਂ ਦਾ ਚੰਬਾ" 20ਵੀਂ ਸਦੀ ਦੇ ਚੰਬੇ ਬਾਰੇ ਸੀ ਤੇ ਲਵੀਨ 21ਵੀਂ ਸਦੀ ਦੇ ਚੰਬੇ ਦੀ ਗੱਲ ਕਰਦੀ ਹੈ ਜੋ ਗਲੋਬਲ ਤੇ ਪ੍ਰਵਾਸ ਨਾਲ ਸਬੰਧਿਤ ਹੈ। ਪਾਸ਼ ਵਰਗਾ ਵਿਦਰੋਹ ਤੇ ਵੇਗ ਵੀ ਦਿਸਦਾ ਹੈ ਅਤੇ ਉਤਸ਼ਾਹ ਦਾ ਸੋਮਾ ਵੀ। ਪਿਆਰ ਮੁਹੱਬਤ ਦੀਆਂ ਕਵਿਤਾਵਾਂ ਵੀ ਦਲੇਰੀ ਨਾਲ ਲਿਖੀਆਂ ਹਨ। ਲਵੀਨ ਨੂੰ ਸੁਰਮਾ ਪਾਉਣਾ ਤੇ ਮਟਕਾਉਣਾ ਵੀ ਆਉਂਦਾ ਹੈ।

ਸੁਰਜੀਤ ਕੌਰ ਨੇ ਕਿਹਾ ਕਿ ਲਵੀਨ ਨਵੀਂ ਸੋਚ ਦੀ ਧਾਰਨੀ ਹੈ, ਮੈਂ ਲਵੀਨ ਤੋਂ ਪੌਜ਼ਿਟਿਵ ਸੋਚਣਾ ਸਿੱਖਿਆ ਹੈ। ਇਸ ਦੀ ਕਵਿਤਾ ਪੜ੍ਹ ਕੇ ਲੱਗਦਾ ਹੈ ਕਿ ਅਗਲੀ ਪੀੜ੍ਹੀ ਵਿੱਚ ਵੀ ਕਵਿਤਾ ਮਰੇਗੀ ਨਹੀਂ। ਇਸ ਨੇ ਦਿਖਾਵੇ ਨੂੰ ਭੰਡਿਐ।

ਕੁਲਵਿੰਦਰ ਖਹਿਰਾ ਨੂੰ ਲਵੀਨ ਦੀ ਕਵਿਤਾ ਵਿੱਚ ਪਾਸ਼ ਵਾਲੀ ਸੋਚ ਨਜ਼ਰ ਆਈ। ਉਨ੍ਹਾਂ ਕਿਹਾ ਕਿ ਲਵੀਨ ਦੀ ਕਵਿਤਾ ਵਿੱਚ ਮਰਦਾਂ ਨੂੰ ਨਫ਼ਰਤ ਨਹੀਂ, ਪੌਜ਼ਿਟਿਵ ਪੱਖ ਨਜ਼ਰ ਆਉਂਦਾ ਹੈ। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਲਵੀਨ ਨੇ ਵਜ਼ਨਦਾਰ ਤੇ ਅਰਥ-ਭਰਪੂਰ ਕਵਿਤਾਵਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਹੋਰ ਸੰਭਾਵਨਾਵਾਂ ਹਨ। ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ। 
ਪ੍ਰੋ: ਰਾਮ ਸਿੰਘ ਨੇ ਕਿਹਾ ਲੱਗਦੈ ਕਿ ਰਚਨਾਕਾਰ 'ਤੇ ਕਈ ਵਾਰ ਆਦਰਸ਼ ਭਾਰੂ ਹੁੰਦਾ ਹੈ ਤੇ ਕਈ ਵਾਰ ਉਹ ਭੀੜ 'ਚ ਸ਼ਾਮਿਲ ਹੋ ਜਾਂਦੀ ਹੈ। ਕਵਿਤਾ ਦੇ ਚਿੰਨ੍ਹ ਬੜੇ ਆਸ਼ਾਮਈ ਹਨ। ਪ੍ਰਕਿਰਤੀ ਤੇ ਮਨੁੱਖੀ ਉਚਾਈਆਂ ਦੀ ਗੱਲ ਕਰਦੀ ਹੈ ਪਰ "ਮੈਂ ਘਾਹ ਨਹੀਂ" ਵਿੱਚ ਘਾਹ ਸ਼ਬਦ ਦਾ ਪ੍ਰਯੋਗ ਹਟ ਕੇ ਲੱਗਿਆ। ਹੋਣਹਾਰ ਕਵੀ ਦੇ ਚਿੰਨ੍ਹ ਨਜ਼ਰ ਆ ਰਹੇ ਹਨ। 

ਵਰਿਆਮ ਸਿੰਘ ਸੰਧੂ ਜੀ ਦਾ ਕਹਿਣਾ ਸੀ ਕਿ "ਮੈਂ ਘਾਹ ਨਹੀਂ" ਵਿੱਚ, ਲਵੀਨ ਔਰਤ ਦੇ ਮਾਨਵੀਕਰਨ ਦੀ ਪਛਾਣ ਕਰਵਾਉਣਾ ਚਾਹੁੰਦੀ ਹੈ। ਮੱਧਕਾਲੀਨ ਕਵਿਤਾ ਵਿੱਚ ਔਰਤ ਨੂੰ ਦੂਜੇ ਦਰਜੇ ਦੀ ਮੰਨਿਆ ਜਾਂਦਾ ਸੀ। ਉਸ ਤੋਂ ਨਿਮਰਤਾ, ਸਹਿਣਸ਼ੀਲਤਾ ਤੇ ਮਿੱਠਬੋਲੜੀ ਹੋਣ ਦੀ ਤਵੱਕੋ ਕੀਤੀ ਜਾਂਦੀ ਸੀ। ਲਵੀਨ ਕਹਿੰਦੀ ਹੈ ਕਿ ਮੈਂ ਇਸ ਸਭ ਤੋਂ ਇਨਕਾਰੀ ਹਾਂ। ਕਿਤਾਬ ਵਿੱਚ ਉਸ ਦੇ ਪਿਤਾ ਦੇ ਪੈਰ ਦੀ ਫੋਟੋ ਹੋਣ ਦੇ ਸੁਆਲ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਮਰਦਾਂ ਦਾ ਕੋਈ ਵਿਰੋਧ ਨਹੀਂ। ਪਿਤਾ ਹੀ ਧੀਆਂ ਨੂੰ ਆਜ਼ਾਦੀ ਦਿੰਦਾ ਹੈ ਤੇ ਧੀ ਬਾਪ ਦੇ ਪੈਰਾਂ ਨਾਲ ਪੈਰ ਮਿਲਾ ਕੇ ਤੁਰਦੀ ਹੈ। ਲਵੀਨ ਦੀ ਕਵਿਤਾ ਮੋਹ, ਰੋਹ ਤੇ ਵਿਦਰੋਹ ਦੀ ਕਵਿਤਾ ਹੈ।

"ਮੈਂ ਹਰ ਰੋਜ਼ ਟੁੱਟਦੀ ਹਾਂ ਤੇ ਹਰ ਰੋਜ਼ ਜੁੜਦੀ ਹਾਂ" - ਲਵੀਨ ਨੇ ਆਪਣੀ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਉਸ ਦੀ ਕਵਿਤਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਉਸ ਨੇ ਪਿਤਾ ਨੂੰ ਪੂਰੀ ਮਿਹਨਤ ਨਾਲ ਘਰ ਵਸਾਉਂਦਿਆਂ ਦੇਖਿਆ ਜਿਸ ਤੋਂ ਉਸ ਨੂੰ ਉਤਸਾਹ ਮਿਲਦਾ ਸੀ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਰਲ ਕੇ ਫੈਸਲੇ ਲੈਂਦਿਆਂ ਦੇਖਿਆ ਤੇ ਸ਼ਾਇਦ ਇਹੀ ਕਾਰਨ ਸੀ ਉਸ ਦੇ ਅੰਦਰ ਜ਼ਿੰਦਗੀ ਦੀ ਸਾਂਝੇਦਾਰੀ ਵਾਲੇ ਵਿਚਾਰ ਪੈਦਾ ਹੋਣ ਦਾ। ਉਸ ਨੇ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਪੂਰਾ ਸਾਥ ਦਿੰਦਾ ਹੈ। ਪਰ ਉਹਨੇ ਕਿਹਾ ਕਿ ਮੈਨੂੰ ਚੰਗਾ ਲੱਗਦਾ ਹੈ ਕਿ ਜੋ ਕਰਨਾ ਹੈ, ਪੂਰੇ ਦਿਲੋਂ ਕਰੋ।

ਬ੍ਰਜਿੰਦਰ ਗੁਲਾਟੀ