ਗ਼ਜ਼ਲ (ਗ਼ਜ਼ਲ )

ਅਮਰਜੀਤ ਢਿਲੋਂ   

Email: bajakhanacity@gmail.com
Cell: +91 94171 20427
Address: Baja Khana
Bhatinda India
ਅਮਰਜੀਤ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਤਫ਼ਾਕਨ ਜੁੜ ਗਈਆਂ ਸਨ ਜੋ ਆਪਣੇ ਨਾਵਾਂ ਨਾਲ।
    ਅਜੇ ਤੀਕ ਵੀ ਮੋਹ ਜਿਹਾ ਹੈ ਉਹਨਾਂ ਥਾਵਾਂ ਨਾਲ।

    ਸਾਡੇ ਸੰਗ ਹਾਦਸੇ ਉਹੀਓ ਵਾਰੋ ਵਾਰ ਰਹੇ ਘਟਦੇ
    ਰਹੇ ਉਲਝਦੇ ਜੀਵਨ ਭਰ ਘਟੀਆਂ ਘਟਨਾਵਾਂ ਨਾਲ।

    ਸਾਨੂੰ ਨਹੀਂ ਉਡੀਕ ਕਿਸੇ ਦੀ ਫਿਰ ਵੀ ਇੱਕ ਵਾਰੀ
    ਕੋਇਲਾਂ ਬੋਲਣ ਤੂੰ ਵੀ ਬੋਲ ਚੰਦਰਿਆਂ ਕਾਵਾਂ ਨਾਲ।

    ਮੇਰੀ ਅਰਥੀ ਚੁੱਕਦੇ ਵਕਤ ਉਹ ਸਾਰੇ ਬੋਲ ਪਏ
    ਬੰਦਾ ਵੱਡਾ ਹੁੰਦੈ ਆਖਰ ਚਾਰ ਭਰਾਵਾਂ ਨਾਲ।

    ਅਸੀਂ ਹਾਂ ਉਹ ਉਕਾਬ ਹਵਾ ਦੇ ਉਲਟ ਜੋ ਉੱਡਦੇ ਨੇ
    ਉਹ ਨੇ ਪੰਛੀ ਹੋਰ ਜੋ ਉੱਡਦੇ ਸਦਾ ਹਵਾਵਾਂ ਨਾਲ।
   
ਔਖੇ ਸਮੇਂ ਜੇ ਦੋਸਤ ਛੱਡ ਗਏ ਤਾਂ ਹੈਰਾਨ ਨਾ ਹੋ
    ਸ਼ਾਮ ਢਲੇ ਤੋਂ ਕਦ ਰਹਿੰਦੈ ਆਪਣਾ ਪਰਛਾਵਾਂ ਨਾਲ।

    ਹੁਣ ਤਾਂ ਉਸਦੀ ਯਾਦ ਵੀ ਸੁਪਨੇ ਵਾਗੂੰ ਆਉਂਦੀ ਹੈ
    ਲੁੱਟਿਆ ਸੀ ਦਿਲ ਜਿਸਨੇ ਚੰਚਲ ਸ਼ੋਖ ਅਦਾਵਾਂ ਨਾਲ।

    ਝੁਲਸੇ ਰੁੱਖਾਂ ਤਾਈਂ ਦੇਣਾ ਪੈਂਦੇ ਦਿਲ ਦਾ ਖੂਨ
    ਇਹ ਮੌਸਮ ਨਹੀਂ ਬਦਲਦੇ 'ਢਿੱਲੋਂ' ਸਿਰਫ ਦੁਆਵਾਂ ਨਾਲ।