ਮੈਂ ਰਾਮ ਨਹੀਂ (ਕਹਾਣੀ)

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lav dosis naltrexone

naltrexon
"ਮੈਂ ਕਿਹਾ ਜੀ ਕੱਲ ਤੁਹਾਨੂੰ ਛੁੱਟੀ ਹੈ ਨਾ?"
"ਛੁੱਟੀ?--- ਕਾਹਦੀ ਛੁੱਟੀ?"
"ਐਤਵਾਰ ਦੀ ਹੋਰ ਕਾਹਦੀ?
"ਅੱਛਾ ਕੱਲ ਐਤਵਾਰ ਹੈ.....ਮੈਂ ਤਾਂ ਭੁੱਲ ਹੀ ਗਿਆ ਸੀ........ਚਲੋ ਬਿਲਕੁਲ ਛੁੱਟੀ ਹੈ? ਦਸੋ ਕੀ ਹੁਕਮ ਹੈ।" ਸਤੀਸ਼ ਨੇ ਪਿਆਰ ਨਾਲ ਆਪਣੀ ਪਤਨੀ ਨੂੰ ਪੁੱਛਿਆ।
 "ਫਿਰ ਕੱਲ ਪਿਕਚਰ ਚਲੀਏ! ---ਕਹਿੰਦੇ ਹਨ ਪਿਕੈਡਲੀ ਥੇਟਰ ਵਿੱਚ ਵਧੀਆ ਨਵੀਂ ਪਿਕਚਰ ਲੱਗੀ ਹੈ।"
"ਪਿਕਚਰ? ਪਹਿਲਾਂ ਮੰਮੀ ਨੂੰ ਪੁੱਛ ਲਈਏ ਫਿਰ ਪ੍ਰੋਗਰਾਮ ਬਣਾਵਾਂਗੇ।"
"ਤੁਸੀ ਹਰ ਵੇਲੇ ਮੰਮੀ-ਮੰਮੀ ਹੀ ਲਾਈ ਰੱਖਦੇ ਹੋ.....ਕਦੀ ਆਪਣਾ ਵੀ ਕੋਈ ਫੈਸਲਾ ਲੈ ਲਿਆ ਕਰੋ।"
"ਪਰ ਸ਼ਸ਼ੀ ਉਹ ਵੱਡੇ ਹਨ ਸਾਨੂੰ ਉਨ੍ਹਾਂ ਨੂੰ ਮਾਣ ਦੇਣਾ ਹੀ ਚਾਹੀਦਾ ਹੈ।"
"ਮਾਣ ਦੇਣਾ ਚੰਗੀ ਗਲ ਹੈ। ਪਰ ਸਾਡੀ ਆਪਣੀ ਵੀ ਤਾਂ ਕੋਈ ਜ਼ਿੰਦਗੀ ਹੈ? ਜਦ ਵੀ ਤੁਹਾਨੂੰ ਕੋਈ ਗਲ ਕਹੋ ਤੁਸੀਂ ਕਹਿੰਦੇ ਹੋ ਮੰਮੀ ਨੂੰ ਪੁੱਛ ਕੇ ਕਰਾਂਗੇ.....ਕੱਲ ਤੁਹਾਨੂੰ ਮਾਰਕੀਟ ਜਾਣ ਲਈ ਕਿਹਾ ਸੀ ਤਾਂ ਤੁਸੀਂ ਕਿਹਾ ਮੰਮੀ ਨੂੰ ਪੁੱਛ ਕੇ ਚਲਾਂਗੇ।.......ਉੱਧਰ ਮੰਮੀ ਸਾਡੇ ਤੋਂ ਪਹਿਲਾਂ ਹੀ ਆਪਣੀਆਂ ਸਹੇਲਿਆਂ ਨਾਲ ਮਾਰਕੀਟ ਤੁਰ ਗਏ। ਸਾਡਾ ਪ੍ਰੋਗਰਾਮ ਵਿੱਚੇ ਹੀ ਰਹਿ ਗਿਆ।"
"ਤਾਂ ਕੀ ਹੋਇਆ ਕਿਸੇ ਨੇ ਘਰ ਵੀ ਤਾਂ ਰਹਿਣਾ ਹੁੰਦਾ ਹੈ। ਅਸੀਂ ਮਾਰਕੀਟ ਫਿਰ ਕਦੀ ਵੀ ਜਾ ਸਕਦੇ ਹਾਂ।
"ਪਿਛਲੇ ਮਹੀਨੇ ਮੈਂ ਨਵੀਂ ਜੁੱਤੀ ਲੈਣੀ ਸੀ ਤਾਂ ਤੁਹਾਨੂੰ ਕਿਹਾ ਤਾਂ ਤੁਸੀਂ ਕਿਹਾ ਸੀ ਪਹਿਲਾਂ ਮੰਮੀ ਨੂੰ ਪੁੱਛ ਲਈਏ ---ਹਾਲੀ ਅਸੀਂ ਪੈਸੇ ਮੰਮੀ ਤੋਂ ਨਹੀਂ ਸਨ ਲੈਣੇ। ਮੈਂ ਆਪ ਕਮਾਉਂਦੀ ਹਾਂ ਕੀ ਮੈਨੂੰ ਐਨਾ ਵੀ ਹੱਕ ਨਹੀਂ ਮੈਂ ਆਪਣੀ ਲੋੜ ਲਈ ਸੋ ਦੋ ਸੋ ਰੁਪਇਆ ਖਰਚ ਸਕਾਂ?"
"ਉਹ ਹੋ ਤੂੰ ਤਾਂ ਐਵੇਂ ਗਲ ਫੜ ਕੇ ਬਹਿ ਜਾਂਦੀ ਹੈ।"
"ਐਵੇਂ ਕਿਉਂ ਜੀ ਜੂਨ ਵਿੱਚ ਜਦ ਮੇਰਾ ਭਰਾ ਇੰਗਲੈਂਡ ਤੋਂ ਆਇਆ ਸੀ ਤੇ ਮੈਂ ਉਸ ਨੂੰ ਮਿਲਨ ਲਈ ਪੇਕੇ ਜਾਣਾ ਸੀ ਤਾਂ ਵੀ ਤੁਸੀਂ ਕਿਹਾ ਸੀ ਪਹਿਲਾਂ ਮੰਮੀ ਜੀ ਨੂੰ ਪੁੱਛ ਲੈ।"
"ਉਹ ਹੋ ਜੇ ਮੰਮੀ ਨੂੰ ਪੁੱਛ ਲਿਆ ਤਾਂ ਹਰਜ਼ ਹੀ ਕੀ ਹੈ। ਇਸ ਦੇ ਨਾਲ ਕਿਹੜਾ ਤੇਰੀ ਹੱਤਕ ਹੋ ਗਈ?"
"ਪਰ ਹਰ ਗੱਲ ਮੰਮੀ ਨੂੰ ਪੁੱਛ ਕੇ ਕਰਨੀ ਕਿੱਥੋਂ ਤੱਕ ਠੀਕ ਹੈ? ਸਾਡੀ ਆਪਣੀ ਵੀ ਕੋਈ ਜ਼ਿੰਦਗੀ ਹੈ। ਇੱਥੇ ਤਾਂ ਸਾਹ ਵੀ ਮੰਮੀ ਨੂੰ ਪੁੱਛ ਕੇ ਹੀ ਲੈਣਾ ਪੈਂਦਾ ਹੈ। ਮੈਂ ਕਿਹਾ ਕੁਝ ਸੋਚੋ। ਤੁਸੀਂ ਹੁਣ ਕੋਈ ਬੱਚੇ ਨਹੀਂ ਰਹੇ। ਆਪਣੇ ਫੈਸਲੇ ਆਪ ਲੈਣਾ ਸਿੱਖੋ। ਮੰਮੀ ਮੰਮੀ ਕਰਕੇ ਹਰ ਸਮੇਂ ਤੁਸੀਂ ਮੇਰੀਆਂ ਖਾਹਸ਼ਾਂ ਦਾ ਗਲਾ ਘੁੱਟੀ ਰਖਦੇ ਹੋ। ਕਿੰਨੀ ਕੁ ਦੇਰ ਅਸੀਂ ਮੰਮੀ ਦੀ ਡਿਕਟੇਟਰਸ਼ਿਪ ਬਰਦਾਸਤ ਕਰਦੇ ਰਹਾਂਗੇ?"
"ਤੂੰ ਤਾਂ ਐਵੇਂ ਫਜ਼ੂਲ ਗਲ ਨੂੰ ਖਿਚੀ ਜਾਂਦੀ ਹੈ ਘਰ ਦੀ ਕੁਝ ਆਪਣੀ ਪਰੰਪਰਾ ਵੀ ਹੁੰਦੀ ਹੈ। ਵੱਡਿਆਂ ਨੂੰ ਆਦਰ ਮਾਣ ਦੇਣਾ ਸਾਡਾ ਫਰਜ਼ ਹੈ।"
"ਆਦਰ ਮਾਣ ਨੂੰ ਮੈਂ ਕਦੋਂ ਮਨਾ ਕਰਦੀ ਹਾਂ ਪਰ ਸਾਡੀ ਆਪਣੀ ਵੀ ਕੋਈ ਜ਼ਿੰਦਗੀ ਹੈ। ਅਸੀਂ ਇਸ ਘਰ ਵਿੱਚ ਕੋਈ ਕੈਦੀ ਤਾਂ ਨਹੀਂ। ਆਖਰ ਅਸੀਂ ਵੀ ਇਨਸਾਨ ਹਾਂ। ਸਾਡੇ ਵੀ ਕੁਝ ਜਜ਼ਬਾਤ ਹਨ। ਰਹੀ ਪਰੰਪਰਾਂ ਦੀ ਗਲ ਮੈਂ ਕਿਸੇ ਪਰੰਪਰਾਂ ਨੂੰ ਨਹੀਂ ਮੰਨਦੀ। ਤੁਸੀਂ ਨਿਬਾਹੀ ਜਾਵੋ ਆਪਣੀਆਂ ਪਰੰਪਰਾਵਾਂ। ਮੇਰੀ ਤਾਂ ਤੁਸੀਂ ਜ਼ਿੰਦਗੀ ਰੋਲ ਦਿੱਤੀ ਹੈ। ਜੇ ਮਾਂ ਦਾ ਇਤਨਾ ਹੀ ਹੇਜ਼ ਸੀ ਤੇ ਮੇਰੇ ਨਾਲ ਵਿਆਹ ਹੀ ਕਿਉਂ ਕਰਵਾਉਣਾ ਸੀ। ਕੰਮ ਸੇ ਕੰਮ ਮੇਰੀ ਜ਼ਿੰਦਗੀ ਤਾਂ ਨਰਕ ਨਾ ਬਣਦੀ।" ---ਅਤੇ ਸ਼ਸ਼ੀ ਜੋਰ ਦੀ ਡੁਸਕਣ ਲਗੀ।
"ਬੋਲੀ ਜਾਂ ਫਿਰ" ਸਤੀਸ਼ ਪੈਰ ਪਟਕਦਾ ਹੋਇਆ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਸ਼ਸ਼ੀ ਪਤਾ ਨਹੀਂ ਕਿਤਨੀ ਦੇਰ ਇੱਕਲੀ ਬੈਠ ਕੇ ਰੋਂਦੀ ਰਹੀ। ਇਸ ਸਮੇਂ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। ਉਸ ਦੀ ਪਿਛਲੀ ਜ਼ਿੰਦਗੀ ਉਸ ਦੀਆਂ ਅੱਖਾਂ ਅੱਗੋਂ ਫਿਲਮ ਦੀ ਤਰ੍ਹਾਂ ਲੰਘਣ ਲਗੀ।
ਆਪਣੇ ਕਾਲਜ ਵਿੱਚ ਸ਼ਸ਼ੀ ਸਭ ਤੋਂ ਸੋਹਣੀ ਕੁੜੀ ਗਿਣੀ ਜਾਂਦੀ ਸੀ ਜੋ ਕੋਈ ਉਸ ਨੂੰ ਦੇਖਦਾ ਤਾਂ ਦੇਖਦਾ ਹੀ ਰਹਿ ਜਾਦਾ। ਜਿੱਥੇ ਰੱਬ ਨੇ ਉਸ ਨੂੰ ਹੁਸਨ ਦੀ ਇਤਨੀ ਦੌਲਤ ਦਿਤੀ ਸੀ। ਉੱਥੇ ਦਿਮਾਗ ਵੀ ਤੇਜ਼ ਦਿਤਾ ਸੀ ਉਹ ਹਮੇਸ਼ਾ ਕਾਲਜ ਵਿੱਚੋਂ ਫਸਟ ਆਉਂਦੀ ਸੀ ਅਤੇ ਸਪੋਰਟਸ ਵਿੱਚ ਵੀ ਉਹ ਹਾਕੀ ਦੀ ਸਭ ਤੋਂ ਬਿਹਤਰ ਖਿਡਾਰਣ ਹੋਣ ਕਰਕੇ ਟੀਮ ਦੀ ਕੈਪਟਨ ਸੀ ਇਸ ਲਈ ਸਾਰੀਆਂ ਸਹਿਪਾਠਨਾ ਅਤੇ ਅਧਿਆਪਕਾਵਾਂ ਦੀ ਉਹ ਅੱਖ ਦਾ ਤਾਰਾ ਸੀ। ਐਮ.ਏ. ਇਕਨੋਮਿਕ ਦੀ ਉਸ ਨੇ ਫੱਸਟ ਕਲਾਸ ਵਿਚ ਪਾਸ ਕੀਤੀ। ਫਿਰ ਐੱਮ-ਫਿਲ ਵਿੱਚ ਡਿਸਟਿੰਕਸ਼ਨ ਆਈ। ਇੱਥੇ ਹੀ ਬਸ ਨਹੀਂ ਯੂ.ਜੀ.ਸੀ. ਦਾ ਇਮਤਿਹਾਨ ਵੀ ਉਸ ਨੇ ਪਹਿਲੇ ਝਟਕੇ ਵਿਚ ਹੀ ਪਾਸ ਕਰ ਲਿਆ। ਹੁਣ ਉਹ ਗੋਰਮਿੰਟ ਕਾਲਜ ਵਿੱਚ ਲੈਕਚਰਾਰ ਸੀ। ਉਸ ਦਾ ਹੁਸਨ ਡੁੱਲ-ਡੁੱਲ ਪੈਂਦਾ ਸੀ। ਉਹ ਖੁਦ ਵੀ ਕਿਸੇ ਰਾਜਕੁਮਾਰ ਦੇ ਸੁਪਨੇ ਲੈ ਰਹੀ ਸੀ।
ਹੁਣ ਉਸ ਦੇ ਮਾਂ ਬਾਪ ਨੂੰ ਉਸ ਦੀ ਸ਼ਾਦੀ ਦੀ ਫਿਕਰ ਹੋਈ। ਕਾਫੀ ਲੜਕੇ ਦੇਖੇ ਗਏ ਪਰ ਸ਼ਸ਼ੀ ਦੇ ਰੁਤਬੇ ਅਤੇ ਹੁਸਨ ਤੋਂ ਸਭ ਛੋਟੇ ਨਿਕਲਦੇ ਸਨ। ਆਖਿਰ ਕਿਸੇ ਨੇ ਸਤੀਸ਼ ਦੀ ਦੱਸ ਪਾਈ। ਸਤੀਸ਼ ਸੋਹਣਾ ਬਾਂਕਾ ਜੁਆਨ ਸੀ ਅਤੇ ਕੇਂਦਰ ਸਰਕਾਰ ਦੇ ਦਫਤਰ ਵਿੱਚ ਅਕਾਂਉਟਸ ਅਫਸਰ ਲੱਗਾ ਹੋਇਆ ਸੀ, ਕੁਝ ਸ਼ਰਮਾਕਲ ਜਿਹਾ ਸੀ। ਸਤੀਸ਼ ਦੇ ਪਿਤਾ ਪ੍ਰਭ ਦਿਆਲ ਬੈਂਕ ਮੈਨੇਜਰ ਰਿਟਾਇਰਡ ਸਨ ਅਤੇ ਉਸ ਦੀ ਮਾਤਾ ਸਵਿੱਤਰੀ ਇੱਕ ਘਰੇਲੂ ਔਰਤ ਸੀ ਪਰ ਘਰ ਵਿੱਚ ਉਸ ਦਾ ਪੂਰਾ ਦਬਦਬਾ ਸੀ। ਦੋਵਾਂ ਪਰਿਵਾਰਾਂ ਨੂੰ ਰਿਸ਼ਤਾ ਜਚ ਗਿਆ। ਸਤੀਸ਼ ਤੇ ਸ਼ਸ਼ੀ ਵਿਆਹ ਦੇ ਬੰਧਨ ਵਿਚ ਬੱਝ ਗਏ। ਇਕ ਦੂਸਰੇ ਦਾ  ਸਾਥ ਪਾ ਕੇ ਦੋਵੇਂ ਸੱਤਵੇਂ ਆਸਮਾਨ ਵਿੱਚ ਉੱਡਣ ਲੱਗੇ।
ਪਿਆਰ ਦਾ ਰੰਗ ਹੌਲੀ-ਹੌਲੀ ਫਿੱਕਾ ਪੈਣ ਲਗਾ। ਪਹਿਲਾਂ ਝੱਟਕਾ ਸ਼ਸ਼ੀ ਨੂੰ ਉਸ ਸਮੇਂ ਲਗਾ ਜਦ ਸਤੀਸ਼ ਨੇ ਹਫਤੇ ਬਾਅਦ ਹੀ ਮੌਕਾ ਦੇਖ ਕੇ ਸ਼ਸ਼ੀ ਨੂੰ ਕਹਿ ਦਿੱਤਾ--- "ਮੈਂ ਮੰਮੀ ਦੀ ਬੜੀ ਇੱਜਤ ਕਰਦਾ ਹਾਂ ਇਸ ਲਈ ਤੈਨੂੰ ਵੀ ਮੰਮੀ ਦੀ ਹਰ ਗੱਲ ਮੰਨਣੀ ਪਵੇਗੀ।"
ਸ਼ਸ਼ੀ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਸ ਨੂੰ ਲੱਗਾ ਉਸ ਦਾ ਪਤੀ ਮਾਂ ਦੀ ਉਂਗਲੀ ਫੜ ਕੇ ਚਲਣ ਵਾਲਾ ਛੋਟਾ ਜਿਹਾ ਬੱਚਾ ਹੀ ਸੀ। ਹਾਲੀ ਉਹ ਸ਼ਾਦੀ ਦੇ ਕਾਬਲ ਮਰਦ ਨਹੀਂ ਸੀ ਬਣਿਆ। ਮਾਂ ਵੀ ਗਲ-ਗਲ 'ਤੇ ਕਹਿੰਦੀ ਸਤੀਸ਼ ਤਾਂ ਮੇਰਾ ਆਗਿਆਕਾਰ ਪੁੱਤਰ ਰਾਮ ਹੈ।--- ਮਜਾਲ ਹੈ ਮੇਰੀ ਕਿਸੇ ਗਲ ਨੂੰ ਟਾਲ ਜਾਵੇ। ਪੜ੍ਹੀ-ਲਿਖੀ ਹੋਣ ਕਰਕੇ ਉਹ ਆਪਣੀ ਸੱਸ ਨੂੰ ਪੂਰਾ ਮਾਣ ਇੱਜ਼ਤ ਦੇਣ ਲਈ ਤਿਆਰ ਸੀ ਪਰ ਹਰ ਗਲ ਮੰਨਣੀ' ਉਸ ਦੇ ਗਲੇ ਤੋਂ ਹੇਠਾਂ ਨਹੀਂ ਸੀ ਉੱਤਰ ਰਹੀ। ਖੈਰ ਉਸ ਨੇ ਕਿਹਾ—"ਜਿਵੇਂ ਤੁਸੀਂ ਕਹੋਗੇ ਮੈਂ ਕਰਾਂਗੀ। ਮੰਮੀ ਜੀ ਨੂੰ ਮੈਂ ਆਪਣੇ ਮਾਤਾ ਜੀ ਦੀ ਤਰ੍ਹਾਂ ਹੀ ਪੂਰੀ ਇੱਜ਼ਤ ਦੇਵਾਂਗੀ। ਤੁਸੀਂ ਇਸ ਦਾ ਕੋਈ ਫਿਕਰ ਨਾ ਕਰੋ।"
ਉਸ ਦੀ ਸੱਸ ਸਵਿੱਤਰੀ ਨੇ ਵੀ ਇੱਕ ਦਿਨ ਕਹਿ ਦਿੱਤਾ---"ਬੇਟਾ ਮੇਰੀ ਇੱਕ ਗਲ ਧਿਆਨ ਨਾਲ ਸੁਣ ਲੈ---ਇਸ ਘਰ ਵਿੱਚ ਜੇ ਮੂੰਹ ਖੋਲ੍ਹਣਾ ਹੋਵੇ ਤਾਂ ਕੇਵਲ ਖਾਣਾ ਖਾਣ ਲਈ ਹੀ ਖੋਲ੍ਹਣਾ......ਮੈਨੂੰ ਅਗੋਂ ਬੋਲਣ ਵਾਲੇ ਬੰਦੇ ਚੰਗੇ ਨਹੀਂ ਲਗਦੇ।" ਇਹ ਸ਼ਸ਼ੀ ਲਈ ਦੂਜਾ ਝੱਟਕਾ ਸੀ। ਉਹ ਇਹ ਬੇਇਜ਼ਤੀ ਵੀ ਚੁੱਪ ਕਰਕੇ ਬਰਦਾਸ਼ਤ ਕਰ ਗਈ। ਕੀ ਕਰਦੀ ਘਰ ਵਿੱਚ ਜੋ ਰਹਿਣਾ ਸੀ। ਅਡਜਸਟਮੈਂਟ ਕਰਨੀ ਹੀ ਪੈਣੀ ਸੀ। ਹੁਣ ਉਹ ਪਿੱਛੇ ਮੁੜ ਕੇ ਵੀ ਤਾਂ ਜਾ ਨਹੀਂ ਸੀ ਸਕਦੀ। ਵਿਆਹ ਹੋਣ ਕਾਰਨ ਵਾਪਸੀ ਦੇ ਸਾਰੇ ਪੁੱਲ ਟੁੱਟ ਚੁੱਕੇ ਸਨ।
ਇੱਕ ਦਿਨ ਸਵਿਤਰੀ ਨੇ ਸ਼ਸ਼ੀ ਨੂੰ ਕਹਿ ਦਿੱਤਾ—" ਦੇਖ ਜੇ ਤੂੰ ਨੌਕਰੀ ਕਰਦੀ ਹੈ ਤਾਂ ਸਾਡੇ ਸਿਰ ਕੋਈ ਅਹਿਸ਼ਾਨ ਨਹੀਂ ਕਰਦੀ---ਤੈਨੂੰ ਘਰ ਦਾ ਸਾਰਾ ਕੰਮ ਕਰਨਾ ਹੀ ਪਵੇਗਾ। ਮੇਰੀ ਤਾਂ ਹੁਣ ਸਿਹਤ ਨਹੀਂ ਮੰਨਦੀ। ਕਰ ਲਿਆ ਆਪਣੇ ਵੇਲੇ ਬਥੇਰਾ ਕੰਮ।" ---ਜੇ ਸ਼ਸ਼ੀ ਨੇ ਕੰਮ ਵਾਲੀ ਮਾਈ ਲਾਣ ਲਈ ਕਿਹਾ ਤਾਂ ਸਵਿੱਤ੍ਰੀ ਨੇ ਫਟ ਕਿਹਾ ---"ਮਾਂ ਨੂੰ ਕਹਿਣਾ ਸੀ ਦਾਜ਼ ਵਿੱਚ ਇੱਕ ਨੌਕਰਾਣੀ ਵੀ ਦੇ ਦਿੰਦੀ---ਵੱਡੀ ਆਈ ਨਵਾਬਜਾਦੀ।"
ਇਸ ਤਰ੍ਹਾਂ ਸ਼ਸ਼ੀ ਦੀ ਪੋਜੀਸ਼ਨ ਘਰ ਵਿਚ ਬਦ ਤੋਂ ਬਦਤਰ ਹੁੰਦੀ ਗਈ।
ਕਈ ਵਾਰੀ ਉਸ ਦੀ ਨਨਾਣ ਕੰਵਲ ਵੀ ਆਪਣੇ ਪਤੀ ਰਮੇਸ਼ ਸ਼ਰਮਾ ਅਤੇ ਤਿੰਨ ਬੱਚਿਆਂ ਸਮੇਤ ਆ ਧਮਕਦੀ। ਮਹੀਨਾ-੨ ਪੇਕੇ ਰਹਿ ਜਾਂਦੀ। ਕੰਮ ਨੂੰ ਉਕਾ ਹੀ ਹੱਥ ਨਾ ਲਾਉਂਦੀ ਸਾਰਾ ਟੱਬਰ ਹੀ ਸ਼ਰਮਾ ਜੀ ਸ਼ਰਮਾ ਜੀ ਕਰਦਾ ਉਨ੍ਹਾਂ ਅੱਗੇ ਪਿੱਛੇ ਫਿਰਦਾ ਰਹਿੰਦਾ। ਬੱਚਿਆਂ ਦੇ ਵੀ ਨਖਰੇ ਹੀ ਨਹੀਂ ਸਨ ਮਾਨ। ਫਿਰ ਤਾਂ ਉਸ ਦੀ ਗਤ ਹੀ ਬਣ ਜਾਂਦੀ। ---ਸ਼ਸ਼ੀ--ਪਾਣੀ ਦਈਂ---ਸ਼ਸ਼ੀ---ਸ਼ਰਮਾ ਜੀ ਲਈ ਕਾਫੀ ਬਣਾ ਲਿਆ ਨਾਲੇ ਥੋੜ੍ਹੇ ਜਿਹੇ ਪਕੋੜੇ ਵੀ ਤਲ ਲਈਂ।---ਟਿੰਕੂ ਲਈ ਦੁੱਧ ਗਰਮ ਕਰਦੇ---ਰੋਜ਼ੀ ਲਈ ਪਰੋਂਠੀ ਬਣਾ ਦਈਂ। ---ਮਿੰਟੂ ਨੇ ਚਾਹ ਡੋਹਲ ਦਿਤੀ ਹੈ ਜਰਾ ਫਰਸ਼ ਤੇ ਪੋਚਾ ਮਾਰ ਦਈਂ। ਸ਼ਸ਼ੀ ਸਾਰਾ ਦਿਨ ਫਿਰਕੀ ਵਾਂਗ ਘੁੰਮਦੀ ਰਹਿੰਦੀ। ਉਸ ਦੀ ਪੋਜ਼ੀਸਨ ਇੱਕ ਨੌਕਰਾਣੀ ਜਿਤਨੀ ਹੋ ਕੇ ਰਹਿ ਜਾਂਦੀ। ਜ਼ਰਾ-ਜ਼ਰਾ ਗਲ ਤੇ ਉਸ ਨੂੰ ਕਾਲਜ ਤੋਂ ਛੁੱਟੀ ਲੈਣ ਨੂੰ ਕਿਹਾ ਜਾਂਦਾ। ਗੱਲ-ਗੱਲ 'ਤੇ ਤਾਹਨੇ ਦਿੱਤੇ ਜਾਂਦੇ--- "ਨੌਕਰੀ ਕੀ ਕਰਦੀ ਹੈ ਜਿਵੇਂ ਸਾਡੇ ਉੱਤੇ ਅਫਸਰ ਲੱਗੀ ਹੋਵੇ---ਤਨਖਾਹ ਲਿਆਉਂਦੀ ਹੈ ਤਾਂ ਸਾਡੇ ਤੇ ਕੋਈ ਅਹਿਸਾਨ ਨਹੀਂ ਕਰਦੀ---ਦੂਜੀਆਂ ਔਰਤਾਂ ਵੀ ਨੌਕਰੀ ਕਰਦੀਆਂ ਹਨ---ਕੀ ਉਹ ਘਰ ਦਾ ਕੰਮ ਕਰਨਾ ਛੱਡ ਦਿੰਦੀਆਂ ਹਨ?" ਜੇ ਘਰ ਵਿੱਚ ਛੋਟੀ ਜਿਹੀ ਗੱਲ ਵੀ ਹੋ ਜਾਵੇ ਤਾਂ ਸਾਰਾ ਟੱਬਰ ਇੱਕ ਪਾਸੇ ਹੋ ਜਾਂਦਾ। ਉਹ ਵਿਚਾਰੀ ਇਕੱਲੀ ਰਹਿ ਜਾਂਦੀ। ਉਸ ਨੂੰ ਇਸ ਸਮੇਂ ਆਪਣੇ ਪਤੀ ਸਤੀਸ਼ ਦਾ ਵੀ ਸਾਥ ਨਾ ਮਿਲਦਾ। ਉੱਤੋਂ ਸੱਸ ਬੋਲੀਆ ਮਾਰਦੀ---"ਚਾਰ ਦਿਨ ਮੇਰੀ ਕੁੜੀ ਕੀ ਘਰ ਆ ਗਈ ਤਾਂ ਇਸ ਤੋਂ ਉਹ ਵੀ ਨਹੀਂ ਜਰੀ ਜਾਂਦੀ। ਇਹ ਤਾਂ ਉਡੀਕਦੀ ਰਹਿੰਦੀ ਹੈ ਕਦੋਂ ਉਹ ਇੱਥੋਂ ਵਾਪਸ ਜਾਵੇ। ਆਖਿਰ ਇਹ ਉਸ ਦਾ ਵੀ ਤਾਂ ਘਰ ਹੈ। ਉਸ ਦਾ ਵੀ ਇਸ ਘਰ ਵਿੱਚ ਪੂਰਾ ਹੱਕ ਹੈ। ਤੂੰ ਤਾਂ ਫਿਰ ਬਾਹਰੋਂ ਆਈ ਹੈ ਉਹ ਤਾਂ ਇੱਥੇ ਹੀ ਜੰਮੀ ਪਲੀ ਹੈ।"
ਇਸ ਮਹੋਲ ਵਿੱਚ ਸ਼ਸ਼ੀ ਦਾ ਜਿਉਣਾ ਪੂਰੀ ਤਰ੍ਹਾਂ ਦੁਸ਼ਵਾਰ ਹੋ ਗਿਆ। ਉਹ ਕਈ ਵਾਰ ਸੋਚਦੀ ਕਿ ਸਤੀਸ਼ ਨੂੰ ਲੈ ਕੇ ਆਪਣੀ ਗ੍ਰਿਹਸਥੀ ਅਲੱਗ ਕਰ ਲਏ। ਉਹ ਅਜਿਹਾ ਸੰਸਾਰ ਚਾਹੁੰਦੀ ਸੀ ਜਿੱਥੇ ਉਹ ਹੋਵੇ ਅਤੇ ਉਸ ਦਾ ਪਤੀ ਹੋਵੇ। ਉਸ ਦੇ ਪਤੀ ਦਾ ਪੂਰਾ ਪਿਆਰ ਉਸ ਨੂੰ ਮਿਲ ਸਕੇ ਪਰ ਸਤੀਸ਼ ਅਜਿਹਾ ਲਫਜ਼ ਸੁਨਣ ਲਈ ਤਿਆਰ ਨਹੀਂ ਸੀ। ਉਹ ਤਾਂ ਬਸ ਮਾਂ ਦਾ ਪੱਲੂ ਫੜੀ ਬੈਠਾ ਸੀ। ਜੇ ਮਾਂ ਆਖਦੀ ਬੈਠ ਜਾ ਤਾਂ ਬੈਠ ਜਾਂਦਾ ਸੀ--- ਜੇ ਮਾਂ ਆਖਦੀ ਖੜਾ ਹੋ ਜਾ ਤਾਂ ਖੜਾ ਹੋ ਜਾਂਦਾ ਸੀ। ਉਸ ਦੀ ਦੁਨੀਆਂ ਸਿਰਫ ਮਾਂ ਤਕ ਹੀ ਸੀਮਤ ਸੀ। ਉਸ ਦਾ ਸਹੁਰਾ ਪ੍ਰਭ ਦਿਆਲ ਵੀ ਪੂਰੀ ਤਰ੍ਹਾਂ ਜੋਰੂ ਦਾ ਗੁਲਾਮ ਸੀ। ਆਪਣੀ ਪਤਨੀ ਦਾ ਹੁਕਮ ਟਾਲਣ ਦਾ ਉਹ ਵੀ ਕਦੀ ਹੌਂਸਲਾ ਨਾ ਕਰਦਾ। ਘਰ ਵਿੱਚ ਜੋ ਹੁੰਦਾ ਹੈ ਹੋਈ ਜਾਵੇ ਉਹ ਸਭ ਤੋਂ ਅੱਖਾਂ ਮੀਟ ਛਡਦਾ। ਐਸੇ ਮਾਹੌਲ ਵਿੱਚ ਸ਼ਸ਼ੀ ਕਿਸ ਨੂੰ ਫ਼ਰਿਆਦ ਕਰਦੀ ਹੁਣ ਤਾਂ ਆਖੀਰ ਇੱਕੋ ਹੀ ਰਸਤਾ ਰਹਿ ਗਿਆ ਸੀ ਉਹ ਸੀ---ਤਲਾਕ। ਤਲਾਕ ਦਾ ਸੋਚ ਕੇ ਹੀ ਸ਼ਸ਼ੀ ਕੰਬ ਉਠਦੀ। ਉਸ ਨੂੰ ਆਪਣੇ ਮਾਂ ਬਾਪ ਦਾ ਖਿਆਲ ਆਉਂਦਾ। ਧੀ ਦੇ ਗਮ ਵਿੱਚ ਤਾਂ ਉਹ ਵਕਤ ਤੋਂ ਪਹਿਲਾਂ ਹੀ ਮਰ ਜਾਣਗੇ। ਉਹ ਉਨ੍ਹਾਂ ਨੂੰ ਇਸ ਸਮੇਂ ਅਜਿਹਾ ਸਦਮਾ ਦੇਣਾ ਨਹੀਂ ਸੀ ਚਾਹੁੰਦੀ। ਇਸ ਲਈ ਉਹ ਮਨ ਮਾਰ ਕੇ ਗੁਲਾਮਾਂ ਜਹੀ ਜ਼ਿੰਦਗੀ ਕੱਟ ਰਹੀ ਸੀ।
ਇੱਕ ਦਿਨ ਦੀ ਗੱਲ ਹੈ ਕਿ ਕੰਵਲ ਦੇ ਬੇਟੇ ਟਿੰਕੂ ਦਾ ਜਨਮ ਦਿਨ ਆਉਣ ਵਾਲਾ ਸੀ ਇਸ ਲਈ ਸਤੀਸ਼ ਤੇ ਸ਼ਸ਼ੀ ਮਾਲ ਰੋਡ 'ਤੇ ਉਸ ਲਈ ਰੈਡੀ-ਮੇਡ ਸੂਟ ਤੇ ਗਿਫਟ ਖਰੀਦਣ ਗਏ। ਸਾਰੀ ਖ੍ਰੀਦਦਾਰੀ ਕਰਨ ਪਿੱਛੋਂ ਜਦ ਦੋਵੇਂ ਸ਼ੋ ਰੂਮ ਵਿੱਚੋਂ ਬਾਹਰ ਨਿਕਲੇ ਤਾਂ ਸਤੀਸ਼ ਨੂੰ ਯਾਦ ਆਇਆ ਕਿ ਉਹ ਕਾਉਂਟਰ ਤੋਂ ਬਾਕੀ ਪੈਸੇ ਲੈਣਾ ਤਾਂ ਭੁੱਲ ਹੀ ਗਿਆ ਸੀ। ਇਸ ਲਈ ਉਹ ਸ਼ਸ਼ੀ ਨੂੰ ਬਾਹਰ ਹੀ ਛੱਡ ਕੇ ਆਪ ਅੰਦਰ ਪੈਸੇ ਲੈਣ ਗਿਆ।
ਪੰਜ ਮਿੰਟ ਵਿਚ ਹੀ ਸਤੀਸ਼ ਬਾਹਰ ਆ ਗਿਆ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਸ਼ਸ਼ੀ ਉੱਥੇ ਨਹੀਂ ਸੀ। ਉਸਨੇ ਥੋਹੜੀ ਦੇਰ ਇੰਤਜ਼ਾਰ ਕੀਤੀ ਪਰ ਸ਼ਸ਼ੀ ਨਾ ਆਈ। ਫਿਰ ਉਸਨੇ ਆਸ ਪਾਸ ਦੇ ਸ਼ੋਅ ਰੂਮਾਂ ਵਿਚ ਨਜ਼ਰ ਮਾਰੀ ਪਰ ਸ਼ਸ਼ੀ ਕਿੱਧਰੇ ਨਹੀਂ ਸੀ। ਉਹ ਪ੍ਰੇਸ਼ਾਨ ਹਾਲਤ ਵਿੱਚ ਸੜਕ ਤੇ ਖੜਾ ਸੀ। ਕਿ ਇੱਕ ਛੋਟੇ ਜਿਹੇ ਲੜਕੇ ਨੇ ਸਤੀਸ਼ ਨੂੰ ਪੁੱਛਿਆ, "ਅੰਕਲ ਕੀ ਦੇਖ ਰਹੇ ਹੋ?"
"ਬੇਟਾ ਤੇਰੀ ਆਂਟੀ ਸੀ ਇੱਥੇ।"
"ਉਸਨੂੰ ਦੋ ਆਦਮੀ ਜ਼ਬਰਦਸਤੀ ਕਾਰ ਵਿੱਚ ਪਾ ਕੇ ਲੈ ਗਏ ਹਨ।"
"ਪਰ ਕਿੱਥੇ?"
"ਮੈਨੂੰ ਕੀ ਪਤਾ?"
"ਤੇਰੀ ਆਂਟੀ ਨੇ ਰੋਲਾ ਨਾ ਪਾਇਆ?"
"ਉਨਾਂ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ ਅਤੇ ਉਸ ਨੂੰ ਘਸੀਟ ਕੇ ਕਾਰ ਵਿਚ ਸੁੱਟ ਲਿਆ।"
"ਪਰ ਲੋਕਾਂ ਨੇ ਕੁਝ ਨਾ ਕਿਹਾ?"
"ਲੋਕ ਤਮਾਸ਼ਾ ਬਣੇ ਦੇਖਦੇ ਰਹੇ। ਉਨ੍ਹਾਂ ਨੇ ਫੁਰਤੀ ਨਾਲ ਆਪਣਾ ਕੰਮ ਕੀਤਾ ਤੇ ਕਾਰ ਭਜਾ ਕੇ ਲੈ ਗਏ। ਕਿਸੇ ਨੂੰ ਕੁਝ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ।" 
ਸਤੀਸ਼ ਬਹੁਤ ਪ੍ਰੇਸ਼ਾਨ ਸੀ। ਉਸ ਲੜਕੇ ਤੋਂ ਇਲਾਵਾ ਕੋਈ ਹੋਰ ਉਸ ਨੂੰ ਕੁਝ ਨਾ ਦੱਸ ਸਕਿਆ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤੇ ਕੀ ਕਰੇ। ਘਰ ਆ ਕੇ ਆਪਣੇ ਮੰਮੀ-ਡੈਡੀ ਨੂੰ ਸਾਰੀ ਗੱੱਲ ਦੱਸੀ। ਉਹ ਵੀ ਸੁਣ ਕੇ ਹੱਕੇ ਬੱਕੇ ਰਹਿ ਗਏ। ਹਾਲੀ ਉਹ ਪੁਲੀਸ ਵਿੱਚ ਰਿਪੋਰਟ ਕਰਨ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਐਵੇਂ ਗੱਲ ਫੈਲ ਗਈ ਅਤੇ ਲੋਕਾਂ ਵਿੱਚ ਬਦਨਾਮੀ ਹੋਵੇਗੀ। ਹੋ ਸਕਦਾ ਹੈ ਅਖਬਾਰਾਂ ਵਾਲੇ ਵੀ ਇਸ ਗਲ ਨੂੰ ਚੁੱਕ ਲੈਣ। ਇਸ ਲਈ ਉਹ ਠੰਡੇ ਦਿਲ ਨਾਲ ਕੋਈ ਫੈਸਲਾ ਲੈਣਾ ਚਾਹੁੰਦੇ ਸਨ। ਫਿਰ ਬੱਚੇ ਦੀ ਗਲ 'ਤੇ ਪੂਰੀ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਹੋ ਸਕਦਾ ਹੈ ਸ਼ਸ਼ੀ ਆਪਣੀ ਮਰਜ਼ੀ ਨਾਲ ਹੀ ਆਪਣੇ ਕਿਸੇ ਵਾਕਫ ਨਾਲ ਗਈ ਹੋਵੇ। ਇਸ ਲਈ ਰੌਲਾ ਨਾ ਪਿਆ ਹੋਵੇ ਅਤੇ ਬੱਚੇ ਨੂੰ ਐਵੇਂ ਮੂੰਹ ਬੰਦ ਕਰਨ ਦਾ ਭੁਲੇਖਾ ਲਗਾ ਹੋਵੇ। ਕਈ ਤਰ੍ਹਾਂ ਦੇ ਵਿਚਾਰ ਮਨ ਵਿੱਚ ਆਉਂਦੇ ਸਨ ਪਰ ਦਿਲ ਕਿੱਧਰੇ ਟਿਕ ਨਹੀਂ ਸੀ ਰਿਹਾ। ਸਤੀਸ਼ ਨੇ ਸ਼ਸ਼ੀ ਦੇ ਮਾਤਾ-ਪਿਤਾ ਪਾਸ ਵੀ ਪੂਰੀ ਗੱਲ ਦੱਸਣ ਤੋਂ ਬਿਨਾ ਟੈਲੀਫੋਨ ਕੀਤਾ ਪਰ ਸ਼ਸ਼ੀ ਉੱਥੇ ਨਹੀਂ ਸੀ ਪਹੁੰਚੀ। ਆਪਣੇ ਰਿਸ਼ਤੇਦਾਰਾਂ ਅਤੇ ਸ਼ਸ਼ੀ ਦੀਆਂ ਸਹੇਲੀਆਂ ਨੂੰ ਵੀ ਮੋਬਾਈਲ ਘੁਮਾਏ ਗਏ। ਪਰ ਸ਼ਸ਼ੀ ਦੀ ਕੋਈ ਉੱਘ-ਸੁੱਘ ਨਹੀਂ ਸੀ। ਰਾਤ ਉਨਾਂ ਦੇ ਘਰ ਰੋਟੀ ਨਾ ਪੱਕੀ। ਸਾਰਾ ਟੱਬਰ ਪ੍ਰੇਸ਼ਾਨੀ ਵਿਚ ਜਾਗਦਾ ਰਿਹਾ।
ਰਾਤੀ ਬਾਰਾਂ ਵਜੇ ਦੇ ਕਰੀਬ ਟੈਲੀਫੋਨ ਦੀ ਘੰਟੀ ਖੜਕੀ। ਸਤੀਸ਼ ਨੇ ਝਪਟ ਕੇ ਟੈਲੀਫੋਨ ਚੁੱਕਿਆ ਅਗੋਂ ਅਵਾਜ਼ ਆਈ:- "ਜੇ ਸ਼ਸ਼ੀ ਦੀ ਜਾਨ ਦੀ ਜ਼ਰੂਰਤ ਹੈ ਤਾਂ ਸਵੇਰੇ ਚਾਰ ਵਜੇ ਪੰਜ ਲੱਖ ਰੁਪਏ ਨਹਿਰ ਦੇ ਪੁੱਲ ਤੇ ਪਹੁੰਚਾ ਦਿਉ ਨਹੀਂ ਤੇ ਸ਼ਸ਼ੀ ਦੇ ਟੁਕੜੇ ਕਰਕੇ ਸਵੇਰੇ ਪੰਜ ਵਜੇ ਲਾਸ਼ ਤੁਹਾਡੇ ਬੂਹੇ ਅੱਗੇ ਸੁਟ ਦਿੱਤੀ ਜਾਵੇਗੀ।"
ਸਤੀਸ਼ ਨੇ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਟੈਲੀਫੋਨ ਕੱਟ ਗਿਆ।
ਟੈਲੀਫੋਨ ਵਾਲੀ ਗਲ ਸੁਣ ਕੇ ਸਾਰੇ ਸੁੰਨ ਹੋ ਗਏ ਨਵੇਂ ਸਿਰੇ ਤੋਂ ਵਿਚਾਰਾਂ ਹੋਣ ਲੱਗੀਆਂ। ਸਤੀਸ਼ ਦੇ ਮਾਤਾ-ਪਿਤਾ ਪੁਲਿਸ ਨੂੰ ਰਿਪੋਰਟ ਕਰਨ ਦੇ ਹੱਕ ਵਿਚ ਸਨ ਪਰ ਸਤੀਸ਼ ਨਹੀਂ ਸੀ ਮੰਨਦਾ ਕਿਉਂਕਿ ਸ਼ਸ਼ੀ ਦੀ ਜਾਨ ਨੂੰ ਖਤਰਾ ਸੀ। ਘਰ ਵਿੱਚ ਇਸ ਸਮੇਂ ਪੰਜ ਲੱਖ ਰੁਪਏ ਨਹੀਂ ਸਨ। ਸਤੀਸ਼ ਚਾਹੁੰਦਾ ਸੀ ਕਿ ਦੋਸਤਾਂ ਮਿੱਤਰਾਂ ਕੋਲੋਂ ਰੁਪਏ ਫੜ ਕੇ ਸ਼ਸ਼ੀ ਨੂੰ ਉਨਾਂ ਦੇ ਚੁੰਗਲ ਵਿੱਚੋਂ ਛੁਡਾਇਆ ਜਾਵੇ। ਪਰ ਉਸ ਦੇ ਮੰਮੀ ਡੈਡੀ ਨਹੀਂ ਸੀ ਮੰਨਦੇ ਕਿਉਂ ਇਕੱਲੇ ਜਾਣ ਨਾਲ ਸਤੀਸ਼ ਦੀ ਜਾਨ ਨੂੰ ਵੀ ਖਤਰਾ ਸੀ। ਕਿਡਨੈਪਰਾਂ ਦਾ ਕੀ ਭਰੋਸਾ ਸੀ ਹੋ ਸਕਦਾ ਹੈ ਉਹ ਪੈਸੇ ਲੈ ਕੇ ਵੀ ਸ਼ਸ਼ੀ ਤੇ ਸਤੀਸ਼ ਦੋਹਾਂ ਨੂੰ ਖਤਮ ਕਰ ਦੇਣ।
ਗੱਲ ਕਿਸੇ ਪਾਸੇ ਨਹੀਂ ਸੀ ਲੱਗ ਰਹੀ ਤੇ ਸਮਾਂ ਤੇਜੀ ਨਾਲ ਦੋੜਦਾ ਜਾ ਰਿਹਾ ਸੀ।
ਸਰਦੀਆਂ ਦੇ ਦਿਨ ਹੋਣ ਕਰਕੇ ਬਾਹਰ ਗਲੀ ਹਨੇਰਾ ਸੀ। ਸਵੇਰ ਦੇ ਪੰਜ ਵਜ ਗਏ। ਬਾਹਰ ਦਰਵਾਜ਼ੇ ਤੇ ਕਿਸੇ ਦੇ ਡਿੱਗਣ ਦੀ ਅਵਾਜ਼ ਆਈ। ਸਾਰਾ ਟੱਬਰ ਦਰਵਾਜ਼ੇ ਵੱਲ ਭੱਜਿਆ। ਸ਼ਾਇਦ ਕਿਡਨੈਪਰਾਂ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਸੀ ਅਤੇ ਸ਼ਸ਼ੀ ਦੀ ਲਾਸ਼ ਦਰਵਾਜੇ ਤੇ ਸੁੱਟ ਗਏ ਸਨ। ਸਤੀਸ਼ ਨੇ ਦਰਵਾਜਾ ਖੋਲ੍ਹਿਆ ਸਾਹਮਣੇ ਸੱਚ-ਮੁੱਚ ਸ਼ਸ਼ੀ ਡਿੱਗੀ ਪਈ ਸੀ ਠੰਡ ਨਾਲ ਉਸ ਦਾ ਸਰੀਰ ਨੀਲਾ ਹੋਇਆ ਪਿਆ ਸੀ। ਪੈਰੋਂ ਉਹ ਨੰਗੀ ਸੀ ਅਤੇ ਕੱਪੜੇ ਫਟੇ ਪਏ ਸਨ। ਪਰ ਇਹ ਸ਼ਸ਼ੀ ਦੀ ਲਾਸ਼ ਨਹੀਂ ਸੀ। ਇਕ ਦਮ ਸਾਬਤ ਸਬੂਤ ਸ਼ਸ਼ੀ ਸੀ। ਇਸ ਸਮੇਂ ਉਹ ਬੇਹੋਸ਼ ਪਈ ਸੀ। ਆਸੇ-ਪਾਸੇ ਗਲੀ ਵਿੱਚ ਕੋਈ ਬੰਦਾ ਜਾਂ ਬੰਦੇ ਦੀ ਜਾਤ ਨਹੀਂ ਸੀ।
ਸ਼ਸ਼ੀ ਨੂੰ ਚੁੱਕ ਕੇ ਅੰਦਰ ਲਿਆਉਂਦਾ ਗਿਆ। ਉਸ ਦਾ ਸਾਹ ਚਲ ਰਿਹਾ ਸੀ ਉਸੇ ਸਮੇਂ ਡਾਕਟਰ ਨੂੰ ਟੈਲੀਫੋਨ ਕਰਕੇ ਬੁਲਾਇਆ ਗਿਆ। ਡਾਕਟਰ ਨੇ ਸ਼ਸ਼ੀ ਨੂੰ ਚੈੱਕ ਕੀਤਾ ਅਤੇ ਇੱਕ ਟੀਕਾ ਲਾਇਆ। ਉਸ ਨੇ ਦੱਸਿਆ ਕਿ ਸਰਦੀ ਕਰਕੇ ਅਤੇ ਕਿਸੇ ਸਦਮੇ ਕਰਕੇ ਉਸ ਦਾ ਇਹ ਹਾਲ ਹੋਇਆ ਸੀ। ਅਗਲੇ ੪੮ ਘੰਟੇ ਬਾਅਦ ਹੀ ਇਹ ਹੋਸ਼ ਵਿਚ ਆਵੇਗੀ ਤਾਂ ਹੀ ਇਹ ਕੁਝ ਦੱਸ ਸਕੇਗੀ। ਇਸ ਲਈ ਇਸ ਨੂੰ ਡਿਸਟਰਬ ਨਾ ਕੀਤਾ ਜਾਵੇ।
ਦੋ ਦਿਨ ਬਾਅਦ ਸ਼ਸ਼ੀ ਨੂੰ ਹੋਸ਼ ਆ ਗਈ। ਪਰ ਹਾਲੀ ਵੀ ਉਹ ਸਦਮੇ ਵਿਚ ਹੀ ਸੀ। ਉਸ ਨੇ ਦੱਸਿਆ ਕਿ ---"ਕਿਡਨੈਪਰ ਤਿੰਨ ਜਨੇ ਸਨ। ਦੋਹਾਂ ਨੇ ਉਸ ਦਾ ਮੂੰਹ ਬੰਦ ਕਰਕੇ ਕਾਰ ਵਿਚ ਸੁੱਟ ਲਿਆ ਤੀਸਰਾ ਡਰਾਈਵਰ ਦੀ ਸੀਟ 'ਤੇ ਬੈਠਾ ਸੀ ਉਹ ਉਸ ਨੂੰ ਦੂਰ ਕਿੱਧਰੇ ਸੁੰਨ-ਸਾਨ ਖੇਤਾਂ ਵਿੱਚ ਲੈ ਗਏ। ਉੱਥੇ ਇਕੋ ਹੀ ਕਮਰਾ ਸੀ। ਉਸ ਨੂੰ ਕਹਿਣ ਲਗੇ ਕਿ ਆਪਣੇ ਪਤੀ ਨੂੰ ਟੈਲੀਫੋਨ ਤੇ ਆਖ ਕਿ ਉਹ ਪੰਜ ਲੱਖ ਰੁਪਇਆ ਲੈ ਕੇ ਨਹਿਰ ਦੇ ਪੁੱਲ ਤੇ ਆ ਜਾਣ ਅਤੇ ਤੈਨੂੰ ਲੈ ਜਾਣ ਪਰ ਮੈਂ ਨਾ ਮੰਨੀ। ਇਸ ਲਈ ਉਨਾਂ ਨੇ ਆਪ ਹੀ ਟੈਲੀਫੋਨ ਕੀਤਾ। ਕੁਝ ਦੇਰ ਬਾਅਦ ਦੋ ਬੰਦੇ ਬਾਹਰ ਕੁਝ ਰੋਟੀ ਵਗੈਰਾ ਦਾ ਪ੍ਰਬੰਧ ਕਰਨ ਚਲੇ ਗਏ। ਤੀਜਾ ਉੱਥੇ ਮੇਰੀ ਰਾਖੀ ਲਈ ਰਹਿ ਗਿਆ। ਮੈਂ ਉਸ ਦੇ ਬਥੇਰੇ ਵਾਸਤੇ ਪਾਏ ਕਿ ਉਹ ਮੈਨੂੰ ਛੱਡ ਦਏ ਪਰ ਉਹ ਟਸ ਤੋਂ ਮੱਸ ਨਾ ਹੋਇਆ ਸਗੋਂ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਅਚਾਨਕ ਮੇਰੀ ਨਜ਼ਰ ਇੱਕ ਖਾਲੀ ਬੋਤਲ 'ਤੇ ਪਈ। ਮੈਂ ਬੋਤਲ ਫੜ ਕੇ ਉਸ ਦੇ ਸਿਰ ਤੇ ਮਾਰੀ ਉਹ ਖੂਨੋਂ ਖੂਨ ਹੋ ਕੇ ਉੱਥੇ ਹੀ ਡਿੱਗ ਪਿਆ। ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਜਿਧਰ ਮੂੰਹ ਆਇਆ ਉੱਧਰ ਭੱਜੀ। ਥੋੜ੍ਹੀ ਦੂਰ ਹੀ ਜੀ.ਟੀ.ਰੋਡ ਸੀ। ਮੈਂ ਇੱਕ ਸਕੂਟਰ ਵਾਲੇ ਨੂੰ ਹੱਥ ਦਿੱਤਾ ਅਤੇ ਉਸ ਨੂੰ ਸਾਰੀ ਗਲ ਦੱਸ ਕੇ ਲਿਫ਼ਟ ਲਈ ਬੇਨਤੀ ਕੀਤੀ। ਉਹ ਬਾਹਰ ਮੈਨੂੰ ਵੱਡੀ ਸੜਕ 'ਤੇ ਛੱਡ ਗਿਆ ਮੇਰੇ ਵਿੱਚ ਹੁਣ ਤਾਕਤ ਨਹੀਂ ਸੀ ਮੈਂ ਸਿੱਧਾ ਘਰ ਵੱਲ ਨੂੰ ਆਈ ਅਤੇ ਦਰਵਾਜ਼ੇ 'ਤੇ ਆ ਕੇ ਡਿੱਗ ਪਈ। ਇਸ ਤੋਂ ਅੱਗੇ ਤਾਂ ਤੁਸੀਂ ਸਭ ਕੁਝ ਜਾਣਦੇ ਹੀ ਹੋ।"
ਸ਼ਸ਼ੀ ਦੀ ਕਹਾਣੀ ਸੁਣ ਕੇ ਸਤੀਸ਼ ਨੂੰ ਉਸ ਨਾਲ ਹਮਦਰਦੀ ਹੋਈ ਤੇ ਆਪਣੀ ਪਤਨੀ 'ਤੇ ਫਖਰ ਵੀ ਹੋਇਆ। ਕਿਸ ਤਰ੍ਹਾਂ ਉਸ ਨੇ ਆਪਣੀ ਇੱਜ਼ਤ ਅਤੇ ਜਾਨ ਬਚਾਈ ਸੀ। ਪਰ ਉਸ ਦੀ ਸੱਸ ਸਵਿਤਰੀ ਨੂੰ ਸ਼ਸ਼ੀ ਦੀ ਕਹਾਣੀ 'ਤੇ ਯਕੀਨ ਨਾ ਆਇਆ ਉਹ ਹਰ ਚੀਜ਼ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀ ਸੀ। ਇਸ ਲਈ ਉਸ ਨੇ ਸ਼ਸ਼ੀ ਨੂੰ ਕਲੰਕਨੀ ਕਰਾਰ ਦਿੱਤਾ ਅਤੇ ਐਲਾਨ ਕਰ ਦਿੱਤਾ---"ਸ਼ਸ਼ੀ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ।"
"ਪਰ ਮੰਮੀ ਸ਼ਸ਼ੀ ਇਸ ਘਰ ਵਿੱਚ ਕਿਉਂ ਨਹੀਂ ਰਹਿ ਸਕਦੀ?"
"ਕਿਉਂਕਿ ਉਹ ਕਲੰਕਨੀ ਹੈ।"
"ਮੰਮੀ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ? ਤੁਹਾਨੂੰ ਉਸ ਦੀ ਗੱਲ 'ਤੇ ਯਕੀਨ ਨਹੀਂ ਆਉਂਦਾ। ਤੁਹਾਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ ਹੈ ਕਿ ਕਿਵੇਂ ਉਸ ਨੇ ਆਪਣੀ ਆਨ ਅਤੇ ਜਾਨ ਦੀ ਰੱਖਿਆ ਕੀਤੀ। ਉਹ ਇੱਕ ਬਹਾਦਰ ਲੜਕੀ ਹੈ।"
"ਰਹਿਣ ਦੇ ਤੁੰ ਅਜਿਹੀ ਬਹਾਦਰੀ ਨੂੰ---ਮੈਂ ਜਾਣਦੀ ਹਾਂ ਇਹੋ ਜਹੀਆਂ ਦੇ ਖੇਖਨਾ ਨੂੰ। ਸਾਰੀ ਰਾਤ ਪਤਾ ਨਹੀਂ ਕਿੱਥੇ ਖੇਹ ਖਾਂਦੀ ਰਹੀ ਹੈ ਅਤੇ ਹੁਣ ਸਾਨੂੰ ਐਕਟਿੰਗ ਕਰਕੇ ਦਸਦੀ ਹੈ।"
"ਬਸ ਮੰਮੀ ਜੀ ਤੁਸੀਂ ਸ਼ਸ਼ੀ ਬਾਰੇ ਇੱਕ ਸ਼ਬਦ ਵੀ ਹੋਰ ਕਿਹਾ ਤਾਂ ਮੈਨੂੰ ਚੰਗਾ ਨਹੀਂ ਲਗੇਗਾ।"
"ਬਸ ਕਰ ਉਏ ਤੂੰ---ਬਸ ਕਰ ਤੇਰੇ ਚੰਗੇ ਮਾੜੇ ਲੱਗਣ ਦੀ ਕੌਣ ਪਰਵਾਹ ਕਰਦਾ ਹੈ। ਸੱਚੀ ਗਲ ਤੈਨੂੰ ਕੌੜੀ ਲਗਦੀ ਹੈ।"
"ਪਰ ਮੰਮੀ ਜੀ ਤੁਸੀਂ ਹੀ ਸੋਚੋ ਇਸ ਸਮੇਂ ਉਹ ਕਿੱਥੇ ਜਾਵੇਗੀ?"
"ਜਿੱਥੇ ਮਰਜ਼ੀ ਜਾਵੇ ਇਹ ਮੈਨੂੰ ਨਹੀਂ ਪਤਾ---ਪਰ ਉਹ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ। ਇਹ ਮੇਰਾ ਫੈਸਲਾ ਹੈ।"
"ਪਰ ਮੰਮੀ ਜੀ....."
"ਪਰ ਪਰ ਕੀ ਲਾਈ ਹੈ ਅਸੀਂ ਲੋਕਾਂ ਦੇ ਪਾਪ ਪਾਲਣ ਦਾ ਠੇਕਾ ਨਹੀਂ ਲਿਆ ਹੋਇਆ।"
"ਮੰਮੀ ਜੀ ਜਦ ਔਰਤ-ਮਰਦ ਦੀ ਸ਼ਾਦੀ ਹੁੰਦੀ ਹੈ ਤਾਂ ਉਹ ਪਵਿਤ੍ਰ ਅਗਨੀ ਦੇ ਸਾਹਮਣੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਦੂਜੇ ਦੇ ਦੁੱਖ-ਸੁੱਖ ਦੇ ਸਾਥ ਦਾ ਭਰੋਸਾ ਦਿਵਉਂਦੇ ਹਨ ਤਾਂ ਕੀ ਮੈਂ ਉਸ ਨੂੰ ਇਸ ਦੁੱਖ ਦੀ ਘੜੀ ਇਕੱਲਾ ਛੱਡ ਦਿਆਂ?"
"ਤੂੰ ਸੋਚ ਲੈ ਸਾਰੀ ਦੁਨੀਆਂ ਤੇਰੇ ਤੇ ਥੂ-ਥੂ ਕਰੇਗੀ। ਤੇਰਾ ਜੀਵਨ ਮੁਸ਼ਕਲ ਕਰ ਦੇਵੇਗੀ।"
"ਕੋਈ ਪ੍ਰਵਾਹ ਨਹੀਂ ਘਟੋ-ਘਟ ਇਸ ਦੁੱਖ ਦੀ ਘੜੀ ਉਹ ਇਕੱਲੀ ਤਾਂ ਨਹੀਂ ਹੋਵੇਗੀ। ਇਕੱਠੇ ਅਸੀਂ ਸਾਰੀ ਦੁਨੀਆਂ ਦਾ ਮੁਕਾਬਲਾ ਕਰਾਂਗੇ।"
"ਤੇਰੀ ਪਤਨੀ ਬਦਨਾਮ ਹੈ। ਕਲੰਕਨੀ ਹੈ। ਤੂੰ ਉਸ ਦੇ ਕਲੰਕ ਨੂੰ ਆਪਣੇ ਮੱਥੇ 'ਤੇ ਲਗਾ ਰਿਹਾ ਹੈਂ।"
"ਮੰਮੀ ਜੀ ਤੁਸੀਂ ਵੀ ਇੱਕ ਗਲ ਸੁਣ ਲਉ ਜੇ ਸ਼ਸ਼ੀ ਲਈ ਇਸ ਘਰ ਵਿੱਚ ਕੋਈ ਥਾਂ ਨਹੀਂ ਤਾਂ ਮੈਂ ਵੀ ਇਸ ਘਰ ਵਿੱਚ ਨਹੀਂ ਰਹਾਂਗਾ।" ਇਸ ਸਮੇਂ  ਉਹ ਮਾਂ ਦੀ ਉਂਗਲ  ਫੜ ਕੇ ਚਲਣ ਵਾਲਾ ਬੱਚਾ ਨਹੀਂ ਸੀ ਸਗੋਂ  ਉਸ ਅੰਦਰੁਂ  ਪੂਰਾ ਮਰਦ ਬੋਲ ਰਿਹਾ ਸੀ।
"ਵੇ ਸਤੀਸ਼ ਇਹ ਤੂੰ ਕੀ ਕਹਿ ਰਿਹਾ ਹੈਂ? ਇੱਕ ਔਰਤ ਕਰਕੇ ਤੂੰ ਆਪਣੇ ਮਾਂ ਬਾਪ ਨੂੰ ਛੱਡ ਰਿਹਾ ਹੈਂ। ਉਸ ਮਾਂ ਨੂੰ ਛੱਡ ਰਿਹਾ ਹੈ ਜਿਸ ਨੇ ਤੈਨੂੰ ਜਨਮ ਦਿੱਤਾ।"
"ਮੰਮੀ ਜੀ ਸ਼ਸ਼ੀ ਕੇਵਲ ਇੱਕ ਔਰਤ ਨਹੀਂ ਹੈ। ਇਸ ਸਮੇਂ ਉਹ ਮੇਰੀ ਪਤਨੀ ਹੈ। ਉਸ ਦੇ ਦੁੱਖ ਸੁੱਖ ਮੇਰੇ ਨਾਲ ਜੁੜੇ ਹੋਏ ਹਨ। ਬਾਕੀ ਰਹੀ ਤੁਹਾਨੂੰ ਛੱਡਣ ਦੀ ਗਲ। ਮੈਂ ਆਪ ਜੀ ਨੂੰ ਛੱਡ ਨਹੀਂ ਰਿਹਾ ਸਗੋਂ ਤੁਸੀਂ ਮੈਨੂੰ ਘਰ ਛੱਡਣ 'ਤੇ ਮਜਬੂਰ ਕਰ ਰਹੇ ਹੋ ਕਿਉਂਕਿ ਜਿੱਥੇ ਮੇਰੀ ਪਤਨੀ ਲਈ ਜਗਾ ਨਹੀਂ ਮੈਂ ਉੱਥੇ ਨਹੀ ਰਹਿ ਸਕਦਾ। ਇਸ ਦੁੱਖ ਦੀ ਘੜੀ ਅਸੀਂ ਇਕੱਠੇ ਜੀਵਾਂਗੇ। ਜੇ ਜੀਅ ਨਾ ਸਕੇ ਤਾਂ ਇਕੱਠੇ ਹੀ ਮਰਾਂਗੇ।"
"ਓਏ ਤੂੰ ਆਪਣੀ ਪਰੰਪਰਾ ਨੂੰ ਭੁਲ ਗਿਆ ਹੈ? ਤੈਨੂੰ ਯਾਦ ਨਹੀਂ ਰਾਮ ਚੰਦਰ ਨੇ ਧੋਬੀ ਦੇ ਕਹਿਣ ਤੇ ਸੀਤਾ ਨੂੰ ਘਰੋਂ ਕੱਢ ਦਿਤਾ ਸੀ।"
"ਪਰ ਮੰਮੀ ਜੀ ਰਾਮ ਤਾਂ ਰਾਜਾ ਸੀ। ਰਾਮ ਆਪ ਭਗਵਾਨ ਸੀ। ਰਾਮ ਬਹੁਤ ਸ਼ਕਤੀਸ਼ਾਲੀ ਸੀ। ਮੈਂ ਰਾਮ ਨਹੀਂ ਮੈਂ ਤਾਂ ਇੱਕ ਮਾਮੂਲੀ ਅਤੇ ਕੰਮਜ਼ੋਰ ਇਨਸਾਨ ਹਾਂ। ਮੇਰੀ ਪਤਨੀ ਸ਼ਸ਼ੀ ਹੀ ਮੇਰੀ ਸ਼ਕਤੀ ਹੈ। ਮੈਂ ਇਸ ਹਾਲਤ ਵਿਚ ਆਪਣੀ ਪਤਨੀ ਨੂੰ ਇਕੱਲਾ ਨਹੀਂ ਛੱਡ ਸਕਦਾ।" ਇਹ ਕਹਿ ਕੇ ਸਤੀਸ਼ ਸ਼ਸ਼ੀ ਦੀ ਬਾਂਹ ਫੜ ਕੇ ਦਰਵਾਜ਼ੇ ਤੋਂ ਬਾਹਰ ਹੋ ਗਿਆ।
ਪ੍ਰਭ ਦਿਆਲ ਅਤੇ ਸਵਿੱਤਰੀ ਅੱਖਾਂ ਟੱਡ ਕੇ ਹੈਰਾਨੀ ਨਾਲ ਦੋਹਾਂ ਨੂੰ ਜਾਂਦੇ ਹੋਏ ਦੇਖਦੇ ਰਹੇ।