ਯਾਦਾਂ ਦੇ ਝਰੋਖੇ ਚੋਂ... (ਮੁਲਾਕਾਤ )

ਤਲਵਿੰਦਰ ਸਿੰਘ   

Email: talwinderkahanikar@gmail.com
Phone: +91 183 2425835
Cell: +91 98721 78035
Address: 61, ਫਰੈਂਡਜ਼ ਕਲੋਨੀ ਮਜੀਠਾ ਰੋਡ
ਅੰਮ੍ਰਿਤਸਰ India
ਤਲਵਿੰਦਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਾਲ ਸਿੰਘ ਪੰਜਾਬੀ ਕਹਾਣੀ ਦਾ ਇੱਕ ਸਮਰੱਥ ਕਹਾਣੀਕਾਰ ਹੈ । ਮਾਰਖੋਰੇ (1984 ), ਬਲੌਰ (1988) , ਧੁੱਪ-ਛਾਂ (1990 ) , ਕਾਲੀ ਮਿੱਟੀ (1998) ,ਅੱਧੇ ਅਧੂਰੇ (2003) , ਗੜ੍ਹੀ ਬਖਸ਼ਾ ਸਿੰਘ(2009) ਅਤੇ ਸੰਸਾਰ ਨਾਂਅ ਦੇ ਕਹਾਣੀ ਸੰਗ੍ਰਹਿ ਉਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ । ਉਸ ਦੀਆਂ ਕਹਾਣੀਆਂ ਵਿੱਚ ਕਮਾਲ ਦੀ ਸਹਿਜਤਾ ਹੈ । ਨਿੱਕੇ ਨਿੱਕੇ ਵੇਰਵਿਆਂ ਨੂੰ ਉਹ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ । ਫਿਲਹਾਲ ਉਸ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼ ਪੇਸ਼ ਹਨ :

? ਲਾਲ ਸਿੰਘ ਜੀ , ਥੋੜ੍ਹੀ ਕੁ ਆਪਣੇ ਪਰਵਾਰਕ ਪਿਛੋਕੜ ਵੱਲ ਝਾਤ ਪੁਆਓ ।

-ਮੇਰਾ ਜਨਮ ਪਿੰਡ ਝੱਜਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ । ਤਾਰੀਖ ਤੇ ਸਾਲ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀ । ਮੇਰੀ ਮਾਤਾ ਨੇ ਦੱਸਿਆ ਕਿ ਮੈਂ ਅੱਠ ਵਿਸਾਖ ਨੂੰ ਪੈਦਾ ਹੋਇਆ ਤੇ ਤਾਏ ਦੇ ਮੁਤਾਬਕ ਉਦੋਂ ਦੂਜੀ ਵੱਡੀ ਜੰਗ ਸ਼ੁਰੂ ਹੋਏ ਨੂੰ ਢਾਈ ਵਰ੍ਹੇ ਹੋਏ ਸਨ । ਇਓ ਹਿਸਾਬ –ਕਿਤਾਬ ਜੋੜ ਕੇ 20 ਅਪਰੈਲ 1940 ਬਣਾ ਲਿਆ ਗਿਆ । ਅਸੀਂ ਰਾਮਗੜ੍ਹੀਆ ਪਰਵਾਰ ਨਾਲ ਸਬੰਧ ਰੱਖਦੇ ਹਾਂ ।ਸੋ ਕਿਰਤੀਆਂ –ਕਾਮਿਆਂ ਦਾ ਪਿਛੋਕੜ ਹੈ ।

?ਤੁਹਾਡੀ ਵਿੱਦਿਅਕ ਯੋਗਤਾ ਕਿੰਨੀ ਕੁ ਹੈ ?

-ਮੁੱਢਲੀ ਵਿੱਦਿਆ ਮੈਂ ਸਰਕਾਰੀ ਸਕੂਲ ਬਡਾਲਾ ਤੋਂ ਪ੍ਰਾਪਤ ਕੀਤੀ । ਦਸਵੀਂ ਖਾਲਸਾ ਹਾਈ ਸਕੂਲ ਸਰਹਾਲਾ ਮੁੰਡੀਆਂ ਤੋਂ ਪਾਸ ਕਰਨ ਪਿੱਛੋਂ ਦੋ ਸਾਲ ਮੈਂ ਸਰਕਾਰੀ ਕਾਲਜ ਟਾਂਡੇ ਲਾ ਕੇ ਐਫ,ਏ. ਕੀਤੀ । ਇਸ ਤੋਂ ਪਿਛੋਂ ਪੜ੍ਹਾਈ ਛੁੱਟ ਗਈ । ਇੱਕ ਤਾਂ ਘਰ ਦੀ ਆਰਥਿਕ ਹਾਲਤ ਮੰਦੀ ਸੀ ਅਤੇ ਦੂਜਾ ਘਰ ਦੇ ਕਿਸੇ ਜੀਅ ਨੂੰ ਪੜ੍ਹਾਈ ਲਿਖਾਈ ਨਾਲ ਖਾਸ ਲਗਾਓ ਨਹੀ ਸੀ , ਪਰ ਮੈਨੂੰ ਪੜ੍ਹਨ ਦਾ ਸ਼ੌਕ ਸੀ । ਸਾਲ ਕੁ ਭਰ ਏਧਰ-ਉਧਰ ਟੱਕਰਾਂ ਮਾਰੀਆਂ , ਪਰ ਕੋਈ ਵਸੀਲਾ ਨਾ ਬਣਿਆ । ਅਖੀਰ ਮੇਰਾ ਇੱਕ ਮਾਮਾ ਮੇਰੇ ਕੰਮ ਆਇਆ । ਉਹ ਭਾਖੜਾ ਡੈਮ ਤੇ ਫੋਰਮੈਨ ਸੀ । ਉਹ ਮੈਨੂੰ ਆਪਣੇ ਨਾਲ ਲੈ ਗਿਆ । ਮੈਂ ਭਾਖੜਾ ਡੈਮ ਦੀ ਗਰਾਊਂਡਿੰਗ ਸਬ ਡਵੀਜ਼ਨ ਵਿੱਚ ਅਸੀਸਟੈਂਟ ਸੁਪਰਵਾਈਜ਼ਰ ਲੱਗ ਗਿਆ । ਇਸ ਨਾਲ ਮੇਰੀ ਰੁਕੀ ਹੋਈ ਪੜ੍ਹਾਈ ਫੇਰ ਚੱਲ ਪਈ । ਉਸ ਤੋਂ  ਬਾਅਦ ਮੈਂ ਜਿੱਥੇ ਵੀ ਰਿਹਾ , ਪੜ੍ਹਾਈ ਦਾ ਕਾਰਜ ਨਾਲੋਂ –ਨਾਲ ਚੱਲਦਾ ਰਿਹਾ । ਅਖੀਰ 1975 ਵਿੱਚ ਮੈਂ ਐਮ.ਏ. ਕਰ ਲਈ ।

?ਸਾਹਿਤ ਨਾਲ ਮੱਸ ਕਦੋਂ ਕੁ ਹੋਈ?

-ਸਾਹਿਤ ਨਾਲ ਮੱਸ ਦੀ ਸ਼ੁਰੂਆਤ ਬਾਰੇ  ਪੱਕੇ ਤੌਰ ਤੇ ਕੁਝ ਨਹੀ ਕਿਹਾ ਜਾ ਸਕਦਾ । ਉਂਜ਼ ਸਾਹਿਤ ਪੜ੍ਹਨ ਦਾ ਸ਼ੌਕ ਮੁੱਢ ਤੌ ਈ ਸੀ । ਐਫ.ਏ. ਦੀ ਪੜ੍ਹਾਈ ਕਰਦਿਆਂ ਮੈਂ ਹਰੀ ਸਿੰਘ ਦਿਲਬਰ ਦੀਆਂ ਕਹਾਣੀਆਂ ਪੜ੍ਹਦਿਆਂ ਮੈਂ ਬਾਵਾ ਬਲਵੰਤ ਦੀ ਕਵਿਤਾ ਤੋਂ ਪ੍ਰਭਾਵਿਤ ਹੋਇਆ । 1962 ਵਿੱਚ ਮੈਨੂੰ ਹਾਕੀ ਖੇਡਦਿਆਂ ਸੱਟ ਲੱਗ ਗਈ ਤੇ ਮੈਂ ਨੰਗਲ ਟਾਊਨਸ਼ਿਪ ਦੇ ਹਸਪਤਾਲ ਵਿੱਚ ਕਈ ਦਿਨ ਦਾਖਲ ਰਿਹਾ । ਇਸ ਅਰਸੇ ਮੈਂ ਨੰਗਲ ਦੇ ਵੱਡੇ ਗੁਰਦੁਆਰੇ ਦੀ ਲਾਇਬਰੇਰੀ ਵਿੱਚ ਪਏ ਨਾਨਕ ਸਿੰਘ ਦੇ ਨਾਵਲ ਪੜ੍ਹ ਲਏ । ਸਾਹਿਤ ਨਾਲ ਜਿਹੜੀ ਮੱਸ ਮੈਨੂੰ ਇਹ ਨਾਵਲ ਪੜ੍ਹਨ ਤੋਂ ਜਾਗੀ , ਉਹ ਅੱਜ ਤੱਕ ਕਾਇਮ ਹੈ ।

?ਲਿਖਣ ਦਾ ਸਿਲਸਿਲਾ ਕਦੋ ਕੁ ਸ਼ੁਰੂ ਹੋਇਆ ?

-ਇਹ ਵੀ 1960 ਦੇ ਹੀ ਕੋਈ ਅਗਲਾ-ਪਿਛਲਾ ਵਰ੍ਹਾ ਸੀ । ਭਾਖੜਾ ਨੰਗਲ ਦੀ ਇੱਕ ਲੇਬਰ ਕਾਲੋਨੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ  ਸਬੰਧੀ ਰਾਤ ਦਾ ਕਵੀ ਦਰਬਾਰ ਸੀ । ਮੇਰੇ ਸਹੁਰੇ ਪਿੰਡ ਬੋਦਲ ਦੇ ਪ੍ਰਸਿੱਧ ਕਵੀ ਚਰਨ ਸਿੰਘ ਸਫ਼ਰੀ ਤੋਂ ਇਲਾਵਾ ਹੋਰ ਵੀ ਚੋਟੀ ਦੇ ਕਵੀ ਆਏ ਸਨ । ਕਰਤਾਰ ਸੰਘ ਬਲੱਗਣ, ਵਿਧਾਤਾ ਸਿੰਘ ਤੀਰ , ਮਹਿਰਮ ਆਦਿ ਸਭ ਇੱਕ-ਦੂਜੇ ਤੋਂ ਚੜ੍ਹਦੇ ਸਨ  । ਮੈਂ ਉਨਾਂ ਦੇ ਗੀਤ ਸੁਣੇ ਤਾਂ ਮੇਰੇ ਅੰਦਰ ਇੱਕ ਅਜੀਬ ਜਿਹੀ ਹਿੱਲ-ਜੁਲ ਜੋਣ ਲੱਗੀ ।ਕੁਆਰਟਰ ਵੱਲ ਮੁੜਦਿਆ ਹੀ ਮੈਂ ਦੋ-ਤਿੰਨ ਬੰਦ ਜੋੜ ਲਏ । ਉਹ ਬੰਦ ਜੋ ਮੈਂ ਜੋੜੇ , ਗੁਰੂ ਗੋਬਿੰਦ ਸਿੰਘ ਬਾਰੇ ਸਨ । ਅਗਲੇ ਵ੍ਹਰੇ ਉਸੇ ਥਾਂ ਮੈਂ ਵੀ ਹਾਜ਼ਿਰ ਸਾਂ । ਵੱਡੇ ਕਵੀਆਂ ਵਿੱਚ ਇੱਕ ਛੋਟਾ ਜਿਹਾ ਮੁੰਡਾ ।

? ਕਹਾਣੀ ਵੱਲ ਰੁੱਚੀ ਕਦੋਂ ਜਾਗੀ ?

-ਕਹਾਣੀ ਵੱਲ ਰੁੱਚੀ ਬਹੁਤ ਪਿੱਛੋਂ ਜਾ ਕੇ ਜਾਗੀ । ਅਸਲ ਵਿੱਚ ਮੈਂ ਲੇਖਕਾਂ, ਵਿਦਵਾਨਾਂ ਦੇ ਦਰਸ਼ਨ-ਪਰਸ਼ਨ ਕਰਨ ਦੇ ਦੂਜਿਆਂ ਦੀਆਂ ਲਿਖਤਾਂ ਨੂੰ ਪੜ੍ਹਨ-ਸੁਨਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਸਾਂ । ਦੂਜੇ ਮੈਂ ਜਥੇਬੰਦਕ ਕਾਰਜਾਂ ਵੱਲ ਵੱਧ ਧਿਆਨ ਦਿੰਦਾ ਹਾਂ ।  ਹੁਣ ਤੱਕ ਸਾਹਿਤ ਸਭਾ ਮੁਕੇਰੀਆਂ, ਦਸੂਹਾ , ਗੜ੍ਹਦੀਵਾਲਾ, ਬੁਲੋਵਾਲ ,ਟਾਂਡਾ , ਤਲਵਾੜਾ ਦੇ ਸਾਹਿਤ ਪ੍ਰੇਮੀਆਂ ਨੂੰ ਸਭਾਵਾਂ ਬਣਵਾ ਕੇ ਮਿਲ ਬੈਠਣ ਲਈ ਇਕੱਠਿਆਂ ਕਰਦਾ ਰਿਹਾਂ ਹਾਂ। ਮੈਨੂੰ ਸਾਹਿਤ ਸਭਾ ਮੁਕੇਰੀਆਂ ਨੈ ਇੱਕ ਵਾਰ ਪਿਛਲੇ ਦਹਾਕੇ ਦੀ (1970-80) ਦੀ ਪੰਜਾਬੀ ਕਹਾਣੀ ਉੱਪਰ ਪਰਚਾ ਲਿਖਣ ਲਈ ਕਿਹਾ । ਤੁਸੀ ਹੈਰਾਨ ਹੋਵੋਗੇ ਕਿ ਮੈਨੂੰ ਉਂਦੋਂ ਤੱਕ ਨਾਨਕ ਸਿੰਘ , ਗੁਰਬਖਸ਼ ਸਿੰਘ , ਨਵਤੇਜ ਸਿੰਘ , ਸੁਜਾਨ ਸਿੰਘ , ਸੰਤ ਸਿੰਘ ਸੇਖੋਂ ਅਤੇ ਸੰਤੋਖ ਸਿੰਘ ਧੀਰ ਤੋਂ ਅਗਾਂਹ ਕਿਸੇ ਵੀ ਕਹਾਣੀਕਾਰ ਦਾ ਨਾਂਅ ਨਹੀ ਸੀ ਆਉਂਦਾ । ਪਰਚਾ ਲਿਖਣ ਖਾਤਰ ਮੈਨੂੰ ਏਸ ਦਹਾਕੇ ਦੀ ਪੂਰੀ ਕਹਾਣੀ ਪੜ੍ਹਨੀ ਪਈ । ਇਸ ਖੇਤਰ ਵਿੱਚ ਵਿਚਰਨ ਉੱਤੇ ਮੈਂ ਮਹਿਸੂਸ ਕੀਤਾ ਕਿ ਮੈਂ ਵੀ ਕਹਾਣੀ ਲਿਖ ਸਕਦਾਂ ਹਾ । ਦਸੰਬਰ 80 ਵਿੱਚ ਇੱਕ ਮਿੰਨੀ ਕਹਾਣੀ “ ਈਡੀਅਟ “ ਲਿਖ ਕੇ ਮੈਂ ਆਪਣੇ ਕਹਾਣੀ ਸਫ਼ਰ ਦਾ ਸ੍ਰੀ ਗਣੇਸ਼ ਕੀਤਾ ।

? ਕਹਾਣੀ ਲਿਖਣ ਵੇਲੇ ਕਿਸ ਰਚਨਾ ਵਿਧੀ ਨੂੰ ਮਾਡਲ ਮੰਨਿਆ ।

-ਮੈਂ ਜਿਵੇਂ ਦੱਸਿਐ ਕਿ ਪਰਚਾ ਲਿਖਣ ਲਈ ਸਾਰੀਆਂ ਕਹਾਣੀਆਂ ਤਾਂ ਭਾਵੇ ਨਾ ਕਹੀਆਂ ਜਾਣ , ਪਰ ਬਹੁਤ ਸਾਰੀਆਂ ਕਹਾਣੀਆਂ ਮੈਂ ਪੜ੍ਹੀਆਂ , ਪਰ ਉਨ੍ਹਾਂ ਵਿੱਚੋਂ ਕੋਈ ਵਿਸ਼ੇਸ਼ ਕਹਾਣੀ ਜਾਂ ਕੋਈ ਵਿਸ਼ੇਸ਼ ਕਹਾਣੀਕਾਰ ਮਾਡਲ ਬਣਿਆ ਹੋਵੇ  ਇਹ ਮੈਂ ਨਹੀ ਕਹਿ ਸਕਦਾ । ਸਗੋਂ ਇਨ੍ਹਾਂ ਤੋਂ ਪਹਿਲਾਂ ਪੜ੍ਹੀਆਂ ਸੁਜਾਨ ਸਿੰਘ ਦੀ “ਕੁਲਫੀ ” , ਧੀਰ ਦੀ “ ਕੋਈ ਇੱਕ ਸਵਾਰ ” ,ਨਵਤੇਜ ਸਿੰਘ ਦੀ “ਦੇਸ਼ ਵਾਪਸੀ ”, ਨਾਨਕ ਸਿੰਘ ਦੀ “ ਭੂਆ ”, ਸੋਖੋਂ ਦੀ “ਪੇਮੀ ਦੇ ਨਿਆਣੇ ” , ਮੇਰੇ ਅੰਦਰ ਏਨੀਆਂ ਡੂੰਘੀਆਂ ਧੱਸੀਆਂ ਫੈਲੀਆ ਸਨ ਕਿ ਮੇਰਾ ਪਰਚਾ ਇਹ ਦਹਾਕੇ ਦੀ ਪੰਜਾਬੀ ਕਹਾਣੀ ਪ੍ਰਤੀ ਉਦਾਸੀਨ ਜਿਹਾ ਹੀ ਰਿਹਾ । ਬੇਸ਼ੱਕ ਮੇਰਾ ਇਹ ਵਿਚਾਰ ਪਿੱਛੋਂ ਜਾ ਕੇ ਡਾ: ਰਘਬੀਰ ਸਿੰਘ ਸਿਰਜਣਾ ਹੋਰਾਂ ਨੇ ਬਦਲ ਦਿੱਤਾ ਸੀ ।ਮੈਂ ਇਹੀ ਕਹਿ ਸਕਦਾ ਕਿ ਸਮੁੱਚਾ ਕਥਾ –ਪ੍ਰਵਾਹ ਹੀ ਮੇਰਾ ਮਾਡਲ ਬਣਿਆ , ਕੋਈ ਵਿਅਕਤੀ ਵਿਸ਼ੇਸ਼ ਨਹੀ । ਕੋਈ ਇਕਹਿਰੇ ਪਿੰਡੇ ਵਾਲੀ ਕਿਰਤ ਲਿਖਣ ਦੇ ਸਮਰੱਥ ਹੈ , ਕੋਈ ਗੂੰਦਵੇ ਅਤੇ ਭਰਵੇਂ ਜੁੱਸੇ ਵਾਲੀ ਕਹਾਣੀ ।ਜਿਸ ਤਕਨੀਕ ਉੱਤੇ ਮੇਰਾ ਹੱਥ ਪੈਂਦਾ ਹੈ , ਮੇਂ ਵੀ ਅਜ਼ਮਾਈ ਜਾ ਰਿਹਾ ।

? ਤੁਹਾਡੀਆਂ ਕਹਾਣੀਆਂ ਅਕਸਰ ਲੰਮੀਆਂ ਹੁੰਦੀਆਂ ਹਨ , ਕੋਈ ਵਿਸ਼ੇਸ਼ ਕਾਰਨ ।

-ਨਹੀਂ , ਕੋਈ ਵਿਸ਼ੇਸ਼ ਕਾਰਨ ਨਹੀ , ਉਂਝ ਇੱਕ ਵਾਕਿਆ ਯਾਦ ਆਉਂਦ ਹੈ , ਸਾਡੇ ਪਿੰਡ ਗੁਰਦੁਆਰੇ ਦਾ ਗ੍ਰੰਥੀ ਸਵੇਰੇ-ਸ਼ਾਮ ਸ਼ਬਦ ਕੀਰਤਨ ਕਰਿਆ ਕਰਦਾ ਸੀ । ਸਿੱਧੇ ਸਾਦੇ ਲਫਜ਼, ਨਾ ਸ਼ਾਜ, ਨਾ ਕੁਝ ਹੋਰ ਉਹ ਵਖਿਆਨ ਕਰਦਾ ਤਾਂ ਬਹੁਤ ਸਾਰੇ ਹੋਰ ਸ਼ਬਦਾਂ ਦੀਆਂ ਤੁੱਕਾ, ਅਨੇਕਾਂ ਹਵਾਲੇ ਵਿੱਚ ਲੈ ਆਉਂਦਾ । ਇਨ੍ਹਾਂ ਤੁੱਕਾਂ ਹਵਾਲਿਆਂ ਦੇ ਭਾਵ ਗਾਏ ਜਾ ਰਹੇ ਸ਼ਬਦ ਅਤੇ ਅਰਥਾਂ ਨੂੰ ਹੋਰ ਸੰਘਣਿਆਂ ਕਰਦੇ , ਹੋਰ ਪ੍ਰਭਾਵੀ ਬਣਾਉਂਦੇ । ਮੈਂ ਵੀ ਕਹਾਣੀ ਵਿੱਚ ਪੇਸ਼ ਵਿਸ਼ੇ ਨੁੰ ਹੋਰ ਪ੍ਰਭਾਵੀ ਬਣਾਉਣ ਦੀ ਲੋਚਾ ਕਾਰਨ ਕਈ ਨਿੱਕੀਆਂ ਘਟਨਾਵਾਂ, ਕਈ ਹੋਰ ਵੇਰਵੇ ਨੱਥੀ ਕਰਦਾ ਜਾਂਦਾ ਹਾਂ । ਇਉਂ ਕਹਾਣੀਆਂ ਦਾ ਆਕਾਰ ਕੁਝ ਵੱਧ ਹੀ ਜਾਂਦਾ ਹੈ ।

? ਤੁਹਾਡੀ ਸਮਰੱਥਾ ਨੇ ਤੁਹਾਨੂੰ ਨਾਵਲ ਵੱਲ ਕਿਉਂ ਨਹੀ ਪ੍ਰੇਰਤ ਕੀਤਾ ।

-ਨਾਵਲ ਲਿਖਣ ਕਾਫੀ ਵੱਡੇ ਜੇਰੇ ਦਾ ਕੰਮ ਹੈ । ਨਾਵਲ ਲਿਖਣ ਲਈ ਵੱਡੀ ਸਾਹਿਤਕ-ਪ੍ਰਤਿਭਾ ਦੀ ਲੋੜ ਹੈ । ਮੈਂ ਹਾਲੇ ਆਪਣੇ ਆਪ ਨੂੰ ਏਨਾ ਸਮਰੱਥ ਨਹੀ ਸਮਝਦਾ ।

? ਤੁਸੀ ਕਹਾਣੀ ਨਾਲ ਗੰਭੀਰਤਾ ਨਾਲ ਜੁੜੇ ਹੋ । ਵਿਸ਼ੇ ਅਤੇ ਕਲਾ ਦੇ ਪੱਖਾਂ ਨੂੰ ਲੈ ਕੇ ਕਈ ਵਾਰ ਵਿਵਾਦ ਉੱਠਦਾ ਹੈ ।ਤੁਹਾਡਾ ਨਜ਼ਰੀਆਂ ਕੀ ਹੈ ।

-ਵਿਸ਼ੇ ਅਤੇ ਕਲਾ ਦੇ ਸੰਬੰਧ ਦੀ ਅਹਿਮੀਅਤ ਬਾਰੇ ਕੋਈ ਵੀ ਸੁਚੇਤ ਪਾਠਕ ਦੇ ਰਾਵਾਂ ਦੇ ਪੂਰਕ ਹਨ ।ਪਹਿਲਾਂ ਦੂਜੇ ਬਿਨਾ ਅਧੂਰਾ ਅਤੇ ਦੂਜਾ ਪਹਿਲੇ ਬਿਨਾ  । “ ਕਲਾ ਕਲਾ ਲਈ “ ਦਾ ਯੁੱਗ ਬਹੁਤ ਪਿਛਾਂਹ ਰਹਿ ਗਿਆ । ਇਕੱਲਾ ਵਿਸ਼ਾ ਵੀ ਓਨਾ ਚਿਰ ਸਾਹਿਤ ਦਾ ਰੂਪ ਅਖ਼ਤਿਆਰ ਨਹੀ ਕਰ ਸਕਦਾ , ਜਿੰਨਾ ਚਿਰ ਇਸ ਨੂੰ ਕਲਾ ਦੀ ਪੁੱਠ ਨਹੀ ਚੜ੍ਹਦੀ । ਚੰਗੀ ਰਚਨਾ ਜਿਥੇ ਕਲਾਤਮਿਕ ਉਚਿਆਈ ਦੀ ਮੰਗ ਕਰਦੀ ਹੈ , ਉੱਥੇ ਠੋਸ ਵਿਸ਼ੇ ਦਾ ਆਧਾਰ ਵੀ ਉਸ ਨੂੰ ਲੋੜੀਂਦਾ ਹੈ । ਅਸਲ ਵਿੱਚ ਵਧੀਆ ਰਚਨਾ ਇੱਕ ਵਿਸ਼ੇ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਨ ਦਾ ਹੀ ਨਾਂਅ ਹੈ ।

? ਇੱਕ ਸੁਆਲ ਮੈਂ ਲੇਖਕਾਂ ਵਿਚਲੀ ਸਿਆਸਤ ਸਬੰਧੀ ਕਰਨਾ ਚਾਹੁੰਦਾ ਹਾਂ । ਤੁਸੀ ਕੀ ਸਮਝਦੇ ਹੋ ਕਿ  ਸਾਹਿਤ ਵਿੱਚ ਇੱਕ ਦੂਜੇ ਨੂੰ ਉਚਿਆਉਣ ਜਾਂ ਛੁਟਿਆਉਣ ਦਾ ਕੋਈ ਪ੍ਰਪੰਚ ਅਸਲ ਵਿੱਚ ਹੈ ਜਾਂ ਇਹ ਐਂਵੇ ਮੂੰਹ ਬਣਾਈ ਗੱਲ ਐ ।

-ਧੜੇਬੰਦੀ ਤਾਂ ਇੱਕ ਵਿਸ਼ਵ-ਵਿਆਪੀ ਵਰਤਾਰਾ ਹੈ । ਜਿੱਥੋ ਤੱਕ ਮੈਂ ਸਮਝਨਾ , ਇਤਿਹਾਸ ਦੇ ਹਰ ਯੁੱਗ ਦੀ ਰਾਜਨੀਤੀ ਸਮਾਜ ਦੇ ਧਾਰਮਿਕ , ਆਰਥਿਕ ,ਸੱਭਿਆਚਾਰਕ ਪਹਿਲੂਆਂ ਉੱਤੇ ਭਾਰੂ ਰਹਿਣ ਦੇ ਯਤਨਾਂ ਵਿੱਚ ਰਹੀ ਹੈ । ਕਈ ਪੜਾਵਾਂ ਉੱਤੇ ਧਰਮ ਦਾ ਹੱਥ ਰਾਜਨੀਤੀ ਤੋ ਉੱਪਰ ਵੀ ਰਿਹਾ । ਕਈਆਂ ਪੜਾਵਾਂ ਉੱਤੇ ਸਮਤਲ , ਪਰ ਅਜੋਕੇ ਯੁੱਗ ਦੀ ਰਾਜਨੀਤੀ ਬਾਰੇ ਤਾਂ ਕਿਸੇ ਨੂੰ ਭੁਲੇਖਾ ਨਹੀਂ । ਇਹ ਸਮਾਜ ਦੀ ਹਰ ਇੱਕ ਸੰਸਥਾ ਨੂੰ ਟਿੱਚ ਜਾਣੇ ਕੇ ਮਨੁੱਖ ਦੇ ਹਰ ਪਹਿਲੂ ਨੂੰ ਅਸਰ ਅੰਦਾਜ਼ ਕਰੀ ਬੈਠਾ ਹੈ । ਸਾਹਿਤਕਾਰ ਜਿਸ ਨੂੰ ਰਾਜਨੀਤੀ ਦੀਆਂ ਕੁਟਲ-ਨੀਤੀਆਂ ਦੇ ਖਿਲਾਫ਼ ਖਲੋਣਾ ਚਾਹੀਦਾ ਹੈ , ਖੁਦ ਇਸ ਦੇ ਪ੍ਰਭਾਵਾਂ ਦਾ ਸ਼ਿਕਾਰ ਹੋਇਆ ਪਿਐ । ਵਿਸ਼ਵ-ਵਿਆਪੀ , ਦੇਸ਼-ਵਿਆਪੀ ਰਾਜਨੀਤਿਕ ਸਮੀਕਰਨ ਦੇ ਗੁੱਟੀਕਰਨ ਦੇ ਸਿੱਟੇ ਵੱਜੋਂ ਪੰਜਾਬੀ ਕਹਾਣੀਕਾਰ/ਸਾਹਿਤਕਾਰਾਂ ਅੰਦਰ ਧੜੇਬੰਦੀ ਦਾ ਆ ਜਾਣਾ ਕੋਈ ਗੈਰ-ਮਾਮੂਲੀ ਵਰਤਾਰਾ ਨਹੀ । ਇੰਜ ਹੋਣ ਈ ਸੀ ਅਤੇ ਹੋਇਆ ਵੀ ਹੈ । ਗੁੱਟਾਂ-ਜੁੱਟਾਂ ਨੇ ਇੱਕ ਦੂਜੇ ਦੇ ਖੰਭ ਤਾਂ ਖੋਹਣੇ ਈ ਹੁੰਦੇ ਨੇ । ਇਸ ਲਈ ਡਰ ਵਾਲੀ  ਕੋਈ ਗੱਲ ਨਹੀਂ । ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਕਹਾਣੀਕਾਰ ਰਾਜਨੀਤੀ ਤੋਂ ਵੀ ਬਦਤਰ ਕਿਸਮ ਦੇ ਖਿੱਤਿਆਂ, ਜਾਤਾਂ-ਪਾਤਾਂ ਦੇ ਗੁੱਟਾਂ ਵਿੱਚ ਵੰਡੇ ਹੋਏ , ਆਪਣੀ ਧਿਰ ਦੀ ਬੜੀ ਬੇਸ਼ਰਮੀ ਨਾਲ ਕੰਡ ਥਾਪੜਦੇ ਹਨ ਅਤੇ ਦੂਜੀ ਧਿਰ ਦੀ ਬੜੀ ਬੇਰਹਿਮੀ ਨਾਲ ਨਿਖੇਧੀ ਕਰਦੇ ਹਨ । ਇਸ ਨਾਲ ਸਾਹਿਤਕ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ ।80 ਅਤੇ 90 ਤੱਕ ਇਸ ਗੁੱਟਬੰਦੀ ਨੇ ਕਾਫੀ ਸਾਰਾ ਕੱਦ ਕੱਢਿਆ ਹੈ ।ਮੈਂ ਅਜਿਹੀਆਂ ਧੜੇਬੰਦੀਆਂ ਤੋਂ ਦੂਰ ਰਹਿਣ ਦੇ ਕੁਝ ਸੁਚੇਤ ਯਤਨਾਂ ਕਾਰਨ ਚਰਚਾ ਮੰਡਲ ਦੇ ਘੇਰੇ ਤੋਂ ਬਾਹਰ ਰਹਿਣ ਦਾ ਖੁਦ ਵੀ ਕਸੂਰਵਾਰ ਹਾਂ ।

? ਸਾਹਿਤ ਵਿੱਚ ਪ੍ਰਤੀਬੱਧਤਾ ਬਾਰੇ ਤੁਹਾਡਾ ਕੀ ਖਿਆਲ ਹੈ ।

-ਸਾਹਿਤ ਵਿੱਚ ਪ੍ਰਤੀਬੱਧਤਾ ਨਾਲੋਂ ਸਾਹਿਤਕਾਰ ਦੇ ਪ੍ਰਤੀਬੱਧ ਹੋਣ ਦਾ ਸੁਆਲ ਵਧੇਰੇ ਅਹਿਮ ਹੈ । ਸਾਹਿਤਕਾਰਤਾ ਆਪਣੇ ਆਪ ਵਿੱਚ ਪ੍ਰਤੀਬੱਧਤਾ ਹੈ ।ਕਿਸੇ ਦੀ ਨਿੱਜ ਪ੍ਰਤੀ ਪ੍ਰਤੀਬੱਧਤਾ ਹੈ , ਕਿਸੇ ਦੀ ਸਥਾਪਤੀ ਪ੍ਰਤੀ ਤੇ ਕਿਸੇ ਦੀ ਲੋਕਾਂ ਪ੍ਰਤੀ । ਨਿੱਜਵਾਦੀ ਸਾਹਿਤਕਾਰ ਆਪਣੇ ਆਪ ਤੋਂ ਅਗਾਂਹ ਨਾ ਸੋਚਦਾ ਹੈ ਨਾ ਲਿਖਦਾ ਹੈ । ਵਿਕਦਾ ਬਹੁਤ ਹੈ , ਅੱਡਿਆਂ ਬੁੱਕ ਸਟਾਲਾਂ ਤੇ ਸਥਾਪਤੀ ਤੇ ਪੈਰੋਕਾਰਾਂ ਨੂੰ ਸਰਕਾਰੇ ਦਰਬਾਰੇ ਵਾਹਵਾ ਮਾਣ-ਤਾਣ ਹਾਸਿਲ ਹੋ ਜਾਂਦੈ , ਮੀਡੀਏ ਵਾਲੇ ਵੀ ਚੰਗਾ ਨਿਵਾਜਦੇ ਨੇ । ਲੋਕਾਂ ਪ੍ਰਤੀਬੱਧ ਸਾਹਿਤਕਾਰਾਂ ਦੀ ਕੀ ਭੁਲੇਖਾ ਹੈ ? ਉਂਜ ਸਾਡੇ ਪੰਜਾਬੀ ਦੇ ਸਾਹਿਤਕਾਰਾਂ ਵਿੱਚ ਇੱਕ ਅਜੀਬ ਵਿਡੰਬਨਾ ਹੈ , ਇਹ ਲੋਕਾਂ ਨਾਲ ਪ੍ਰਤੀਬੱਧ ਹੋਣ ਦੀਆਂ ਫੜ੍ਹਾਂ ਮਾਰਦੇ ਹਨ ਅਤੇ ਸਰਕਾਰੀ ਦਰਬਾਰੇ ਵੀ ਚੰਗਾ ਮਾਣ ਸਨਮਾਨ ਹਾਸਿਲ ਕਰ ਲੈਂਦੇ ਹਨ । ਇਹ ਪ੍ਰਤੀਬੱਧਤਾ ਦੀ ਕੋਈ ਹੋਰ ਸ੍ਰੇਣੀ ਹੋ ਸਕਦੀ ਹੈ , ਪਰ ਮੈਨੂੰ ਹਾਲੇ ਤੱਕ ਇਸ ਦੀ ਸਮਝ ਨਹੀ ਆਈ , ਰਹੀ ਗੱਲ ਮੇਰੇ ਪ੍ਰਤੀਬੱਧ ਹੋਣ ਦੀ , ਇਹ ਤੁਸੀ ਮੇਰੀਆਂ ਕਹਾਣੀਆਂ ਤੇ ਮੇਰੇ ਸਥਾਨ ਤੋਂ ਅੰਦਾਜ਼ਾ ਲਾ ਹੀ ਸਕਦੇ ਹੋ ।

? ਉਂਜ ਏਨਾ ਕੁ ਦੱਸ ਕਿਓ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਮਾਣ-ਸਨਮਾਨ ਮਿਲਿਐ ।

-ਸਰਕਾਰੀ ਸਨਮਾਨ ਬਾਰੇ ਤਾਂ ਮੈਂ ਕਦੀ ਸੋਚਿਆ ਈ ਨਹੀਂ ।ਮਿਲਣੇ ਕਿਥੋ ਨੇ । ਗੈਰ-ਸਰਕਾਰੀ ਸਨਮਾਨਾਂ ਦਾ ਜਿਥੋਂ ਤੱਕ ਸੁਆਲ ਹੈ , ਉਨਾਂ ਵਿੱਚੋਂ ਗੁਰਦਾਸਪੁਰ ਦੀਆਂ ਸਾਹਿਤ ਸਭਾਵਾਂ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ,ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਸਨਮਾਨ,ਪੰਜਾਬੀ ਸਾਹਿਤ ਸਭਾ ਭੋਗਪੁਰ, ਪੰਜਾਬੀ ਸਾਹਿਤ ਸਭਾ ਮੁਕੇਰੀਆਂ, ਪੰਜਾਬੀ ਸਾਹਿਤ ਸਭਾ ਤਲਵਾੜਾ, ਪੰਜਾਬੀ ਸਾਹਿਤਕ ਮੰਚ ਭੰਗਾਲਾ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਬਹੁਤ ਸਾਰੇ ਮਿਲੇ ਪੁਰਸਕਾਰਾਂ ਵਿੱਚ ਮਿਲੇ ਮਿਮੈਟੋ ਤੇ ਸ਼ਾਲਾਂ ਮੇਰੇ ਗੈਰ-ਸਰਕਾਰੀ ਸਨਮਾਨਾਂ ਦੇ ਖਾਤੇ ਵਿੱਚ ਪਾ ਸਕਦੇ ਹੋ । ਮੇਰੀਆਂ ਕਹਾਣੀਆਂ ਉੱਪਰ ਪੰਜਾਬੀ ਯੂਨੀਵਰਸਿਟੀ ਤੋਂ ਸੁਰਜੀਤ ਸਿੰਘ ਨੰਨੂਆਂ ਨੇ ,ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਸ੍ਰੀਮਤੀ ਭੁਪਿੰਦਰ ਕੌਰ ਅਤੇ ਊਸ਼ਾਂ ਰਾਣੀ ਨੇ  ਐਮ.ਫਿੱਲ ਆਦਿ ਸਮੇਤ ਪੀ.ਐਚ.ਡੀ ਦੇ ਥੀਸਿੰਜ , ਆਲੋਚਨਾ ਪੁਸਤਕਾਂ/ਲੇਖ ਆਦਿ ਲਿਖੇ ਗਏ ਹਨ । ਇੱਕ ਵਿਦਿਆਰਥੀ ਜਰਨੈਲ ਸਿੰਘ ਘੁੰਮਣ ਦਾ ਕਾਰਜ ਅਜੇ ਚਾਲੂ ਹੈ ।

? ਤੁਸੀ ਲਿਖਦੇ ਕਿਵੇਂ ਹੋ ।

-ਆਪਣੇ ਸੌਣ ਵਾਲੇ ਮੰਜੇ ਉੱਪਰ ਸਿਰ੍ਹਾਣੇ ਵੱਲ ਢੋਹ ਲਾ ਕੇ , ਸਕੂਲੇ ਵਿਹਲੇ ਪੀਰੀਅਡ ਵਿੱਚ ਵੀ ਲਿਖ ਲੈਨਾਂ ।ਉਂਜ ਇੱਕ ਗੱਲ ਐ ਨਿਸੰਗ ਦੱਸ ਦਿਆਂ ਕਿ ਮੈਨੂੰ ਹਰ ਵੇਲੇ ਕਹਾਣੀ ਲਿਖਣ ਦਾ ਫੋਬੀਆਂ ਨਹੀ ਰਹਿੰਦਾ । ਜੀਵਨ ਦੇ ਸਹਿਜ ਵਰਤਾਰੇ ਨੂੰ ਜਦੋਂ ਗੈਰ-ਸਮਾਜੀ ਵਰਤਾਰਾ ਤੰਗ-ਪ੍ਰੇਸ਼ਾਨ ਕਰਨ ਲੱਗਦਾ ਹੈ ਤਾਂ ਇਸ ਦੀ ਪਿੱਠ ਭੂਮੀ ਵਿੱਚ ਕਾਰਜਸ਼ੀਲ ਕਾਰਕਾਂ ਦੀ ਪੁਣਛਾਣ ਕਰਦਾ-ਕਰਦਾ ਸੰਬੰਧਤ ਵਰਤਾਰੇ ਦੇ ਘਟਨਾਕ੍ਰਮ ਦੀ ਪ੍ਰਤੀਨਿਧਤਾ ਕਰਨ ਵਾਲੇ ਯੋਗ ਪਾਤਰਾਂ ਦੀ ਤਲਾਸ਼ ਕਰਨ ਲੱਗਦਾ ਹਾਂ । ਫਿਰ ਇੱਕ ਪੜਾਅ ਐਸਾ ਆਉਂਦਾ ਹੈ ,ਜਦ ਇਨ੍ਹਾਂ ਦੋਹਾਂ ਦਾ ਸਮੀਕਰਨ ਕਹਾਣੀ ਵਿੱਚ ਪਰੋਣ ਦੇ ਸਮਰੱਥ ਹੋ ਜਾਂਦਾ ਹੈ , ਤੇ ਕਹਾਣੀ ਲਿਖ ਹੋ ਜਾਂਦੀ ਹੈ ।

? ਕਹਾਣੀਆਂ ਲਿਖਣ ਲੈਣਾ ਤਾਂ ਇੱਕ ਮਸਲਾ ਹੈ , ਪਰ ਇਸ ਨਾਲ ਜੁੜਿਆ ਦੂਜਾ ਮਸਲਾ ਵੀ ਬੜਾ ਗੰਭੀਰ ਹੈ । ਉਹ ਹੈ ਪੁਸਤਕ ਰੂਪ ਵਿੱਚ ਪਾਠਕਾਂ ਤੱਕ ਜਾਣ ਦਾ । ਛਪਣ-ਛਪਾਉਣ ਦੇ ਸਿਲਸਿਲੇ ਵਿੱਚ ਤੁਹਾਡਾ ਕੀ ਅਨੁਭਵ ਰਿਹਾ ।

-ਪ੍ਰਕਾਸ਼ਨ ਤਾਂ ਵਪਾਰੀ ਹਨ ਅਤੇ ਉਨ੍ਹਾਂ ਨੇ ਨਫੇ-ਨੁਕਸਾਨ ਦੇ ਨੁਕਤਾ-ਨਿਗਾਹ ਤੋਂ ਸੋਚਣਾ ਹੁੰਦਾ ਹੈ । ਮੈਂ ਪਹਿਲੀਆਂ ਤਿੰਨ ਕਿਤਾਬਾਂ ਪੈਸੈ ਦੇ ਕੇ ਛਪਾਈਆਂ ।ਤੋ ਰਵੀ ਸਾਹਿਤ ਪ੍ਰਕਾਸ਼ਨ ਅਮ੍ਰਿੰਤਸਰ ਤੋਂ ,ਉਂਝ ਪੈਸੇ ਬਹੁਤ ਥੋੜ੍ਹੇ ਦੇਣੇ ਪਏ । ਘੱਟ ਪੈਸੇ ਦੇਣ ਦਾ ਇਹ ਸਿੱਟਾ ਹੋਇਆ ਕਿ ਕੋਈ ਵੀ ਪੁਸਤਕ ਢਾਈ ਸੌ ਤੋਂ ਵੱਧ ਨਹੀ ਛਪੀ । ਤੁਸੀਂ ਦੱਸੋ ੲਨੀਆਂ ਕੁ ਪੁਸਤਕਾਂ ਕਿੱਥੇ-ਕਿੱਥੇ ਪੁਚਾਈਆਂ ਜਾ ਸਕਦੀਆਂ ਸਨ । ਚੌਥੀ ਪੁਸਤਕ “ਕਾਲੀ ਮਿੱਟੀ ” ਆਪ ਛਾਪੀ , ਪੰਜ ਸੌ । ਭਾਅ ਜੀ ਗੁਰਸ਼ਰਨ ਸਿੰਘ ਹੁਰਾ ਰਾਹੀਂ ਕਾਫੀ ਹੱਥਾਂ ਵਿੱਚ ਪਹੁੰਚੀ ਹੈ ।

? ਤੁਹਾਡੇ ਅਗਲੇ ਪ੍ਰੋਜੈਕਟ ਕੀ ਹਨ ।

-ਇੱਕ ਤਾਂ ਆਪਣੇ ਇਲਾਕੇ ਦੇ ਇਤਿਹਾਸਕ ਪ੍ਰਸਿੱਧੀ ਵਾਲੇ ਲੇਖਕਾਂ ਨੂੰ ਲੋਕ-ਸਿਮਰਤੀ ਦਾ ਹਿੱਸਾ ਬਣਾਈ ਰੱਖਣ ਲਈ ਉਪਰਾਲੇ ਕਰਨਾ । ਉਨ੍ਹਾਂ ਦੇ ਪਿੰਡਾਂ ਵਿੱਚ ਸਮਾਗਮ ਕਰਨਾ । ਇਨ੍ਹਾਂ ਵਿੱਚੋਂ ਮੌਲਵੀ ਗੁਲਾਮ ਰਸੂਲ, ਮਹਿੰਦਰ ਸਿੰਘ ਰੰਧਾਵਾ, ਹਰਬੰਸ ਲਾਲ ਮੁਜਰਿਮ ਆਦਿ ਹਨ । ਦੂਜੇ , ਮੈਂ ਉਂਭਰਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਨ-ਮੰਚਾਂ ਰਾਹੀਂ ਛਪਵਾਉਣ ਲਈ ਯਤਨਸ਼ੀਲ ਹਾਂ । ਇਨ੍ਹਾਂ ਦੀ ਸ਼ੁਰੂਆਤ ਸਾਹਿਤਧਾਰਾ ਪ੍ਰਕਾਸ਼ਨ ਦਸੂਹਾ ਅਤੇ ਪੰਚਨਾਦ ਪ੍ਰਕਾਸ਼ਨ ਟਾਂਡਾ ਰਾਹੀਂ ਹੋ ਚੁੱਕੀ ਹੈ । ਕਹਾਣੀ ਤਾਂ ਜਿਵੇਂ-ਜਿਵੇਂ ਅੜਿੱਕੇ ਚੜ੍ਹਦੀ ਗਈ , ਲਿਖਦੇ ਹੀ ਜਾਣਾ ਹੈ ।

? ਤੁਹਾਡੇ ਲਿਖਣ –ਪੜ੍ਹਨ ਦੇ ਕਾਰਜਾਂ ਵਿੱਚ ਪਰਵਾਰਕ ਦਖ਼ਲ ਕਿਹੋ ਜਿਹਾ ਹੈ ।

-ਨਾ ਕੋਈ ਸਹਾਇਤਾ , ਨਾ ਕੋਈ ਦਖ਼ਲ । ਮੈਂ ਥੋੜ੍ਹਾ ਬਹੁਤ ਘੁੰਮਦਾ –ਫਿਰਦਾ ਹਾਂ , ਸਾਹਿਤਕ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ । ਕਦੇ-ਕਦੇ ਪੈਂਨ ਫੜਦਾ ਹਾਂ ਕੁਝ ਲਿਖਣ ਲਈ , ਬਾਕੀ ਸਮਾਂ ਮੈਂ ਘਰ ਦੇ ਫਰਜ਼ ਨਿਭਾਉਂਦਾ ਹਾਂ । ਇਓਂ ਇੱਕ ਸੰਤੁਲਨ ਬਣਿਆ ਹੋਇਆ ਹੈ ।