'ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ (ਖ਼ਬਰਸਾਰ)


ਚੰਡੀਗੜ੍ਹ: ਪ੍ਰਸਿਧ ਲੇਖਿਕਾ ਡਾ.ਗੁਰਮਿੰਦਰ ਸਿੱਧੂ ਦੀ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਨਵਾਲੀ ਅਤੇ ਧੀਆਂ ਦੀ ਪੀੜਾ ਨੂੰ ਕਾਵਿ-ਰੂਪ ਵਿਚ ਪੇਸ਼ ਕਰਨ ਵਾਲੀ ਕਿਤਾਬ 'ਕਹਿ ਦਿਓ ਉਸ ਕੁੜੀ ਨੂੰ'ਚੰਡੀਗੜ੍ਹ ਸੈਕਟਰ-16 ਦੇ 'ਪੰਜਾਬ ਕਲਾ ਭਵਨ ' ਵਿਖੇ ਲੇਖਕਾਂ ਦੇ ਵੱਡੇ ਇਕੱਠ ਵਿਚ ਲੋਕ-ਅਰਪਣ ਕੀਤੀ ਗਈ। ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵਲੋਂ ਆਯੋਜਿਤ ਰਿਲੀਜ਼ ਸਮਾਗਮ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਵਤਾਰ ਸਿੰਘ ਪਤੰਗ ਨੇ ਸਭ ਨੂੰ ਜੀਅ ਆਇਆਂ ਆਖਿਆ ।  ਮੁੱਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ-ਡਾ: ਤੇਜਿੰਦਰ ਕੌਰ ਧਾਲੀਵਾਲ ਸਨ । ਉਹਨਾਂ ਕਿਹਾ ਕਿ ਇਹ ਕਿਤਾਬ ਔਰਤਾਂ ਨੂੰ ਉੱਠ ਖੜ੍ਹੇ ਹੋਣ ਦਾ ਸੁਨੇਹਾ ਦਿੰਦੀ ਹੈ, ਇਸ ਦਾ ਕੁੜੀਆਂ ਅਤੇ ਸਕੂਲੀ ਵਿਦਿਆਰਥੀਆਂ ਕੋਲ ਜਾਣਾ ਬੇਹੱਦ ਜ਼ਰੂਰੀ ਹੈ, ਇਸ ਲਈ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਯਤਨ ਕਰਾਂਗੀ । ਉਹਨਾਂ ਇਹ ਵੀ ਕਿਹਾ ਕਿ ਅਸੀਂ ਲੋਕ ਸਮਾਜ ਨੂੰ ਸੁਧਾਰਨਾ ਚਾਹੁੰਦੇ ਹਾਂ,ਪਰ ਕਈ ਵਾਰ ਸਾਨੂੰ ਰਾਹ ਨਹੀਂ ਦਿਸਦੇ । ਫਿਰ ਡਾ: ਗੁਰਮਿੰਦਰ ਸਿੱਧੂ ਵਰਗੇ ਲੇਖਕ ਤੇ 'ਕਹਿ ਦਿਓ ਉਸ ਕੁੜੀ ਨੂੰ ' ਵਰਗੀਆਂ ਕਿਤਾਬਾਂ ਸਾਨੂੰ ਰਾਹ ਦਿਖਾਉਂਦੀਆਂ ਹਨ। ਉਹਨਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਇਸਦਾ ਦੂਜਾ ਪਹਿਲੂ ਵੀ ਸਾਹਮਣੇ ਲਿਆਉਣ , ਜਿੱਥੇ ਔਰਤਾਂ ਨਾਲ ਵਧੀਕੀਆਂ ਹੁੰਦੀਆਂ ਹਨ, ਉਥੇ ਕੁਝ ਔਰਤਾਂ ਖੁਦ ਵੀ ਕੁਰੀਤੀਆਂ ਵਿਚ ਸ਼ਾਮਿਲ ਹੋ ਗਈਆਂ ਹਨ। ਪ੍ਰਸਿਧ ਲੇਖਕ ਤੇ ਸ਼ਿਰੋਮਣੀ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿਚ ਡਾ ਗੁਰਦੀਪ ਕੌਰ ਨੇ ਪੁਸਤਕ ਉੱਤੇ ਪਰਚਾ ਪੜ੍ਹਿਆ , ਪ੍ਰਿੰ: ਗੁਰਦੇਵ ਕੌਰ, ਪ੍ਰਸਿਧ ਕਵਿਤਰੀ ਮਨਜੀਤ ਇੰਦਰਾ, ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ, ਪੰਜਾਬ ਕਲਾ ਪਰੀਸ਼ਦ ਦੇ ਸਕੱਤਰ-ਜਨਰਲ ਪ੍ਰੋ ਨਿਰਮਲ ਦੱਤ, ਮੈਗਜ਼ੀਨ 'ਹੁਣ' ਦੇ ਸੰਪਾਦਕ ਸੁਸ਼ੀਲ ਦੁਸਾਂਝ, ਡਾ ਸੁਰਿੰਦਰ ਗਿੱਲ,  ਡਾ ਸ਼ਰਨਜੀਤ ਕੌਰ ਤੇ ਕੈਨੇਡਾ ਤੋਂ ਆਏ ਲੇਖਕ ਨਵਤੇਜ ਭਾਰਤੀ ਨੇ ਆਪਣੇ ਵਿਚਾਰ ਰੱਖੇ। ਡਾ: ਗੁਰਮਿੰਦਰ ਸਿੱਧੂ ਨੇ ਇਸ ਕਿਤਾਬ ਦੀ ਰਚਨਾ-ਪਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਇਸ ਕਿਤਾਬ ਵਿਚੋਂ ਸਮੱਗਰੀ ਲੈ ਕੇ ਵਿਦਿਆਰਥੀ ਜਾਂ ਰੰਗਕਰਮੀ ਵੱਖ-ਵੱਖ ਮੰਚਾਂ ਉੱਤੇ ਪੇਸ਼ਕਾਰੀਆਂ ਕਰਕੇ ਧੀਆਂ ਪ੍ਰਤੀ ਸਮਾਜ ਦੀ ਸੋਚ ਬਦਲ ਸਕਦੇ ਹਨ। ਉਹਨਾਂ ਦੇ ਜੀਵਨਸਾਥੀ ਪ੍ਰਸਿਧ ਮਿੰਨੀ ਕਹਾਣੀਕਾਰ ਡਾ:ਬਲਦੇਵ ਸਿੰਘ ਖਹਿਰਾ ਨੇ ਸਭ ਦਾ ਧੰਨਵਾਦ ਕਰਦਿਆਂ ਲੇਖਿਕਾ ਦੇ ਜੀਵਨ ਤੇ ਉਸ ਦੀ ਸਿਰਜਣਾ ਦੇ ਸਫਰ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਭਾਸ਼ਨ ਵਿਚ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਇਸ ਕਿਤਾਬ ਵਿਚੋਂ ਕੁਝ ਕਵਿਤਾਵਾਂ ਸਕੂਲਾਂ ਦੇ ਸਲੇਬਸ ਦੀਆਂ ਕਿਤਾਬਾਂ ਵਿਚ ਜ਼ਰੂਰ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ । ਸਮਾਗਮ ਦੀ ਕਾਰਵਾਈ ਉਘੀ ਸ਼ਖਸ਼ੀਅਤ ਤੇ ਸਭਾ ਦੇ ਮੀਤ ਪ੍ਰਧਾਨ ਬਲਕਾਰ ਸਿੱਧੂ ਨੇ ਬਹੁਤ ਹੀ ਸਫਲਤਾ ਨਾਲ ਸਿਰੇ ਚੜ੍ਹਾਈ।