ਹੀਰ (ਭਾਗ-7) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


187. ਸ਼ੀਰਨੀ ਦੀ ਤਿਆਰੀ
ਲੱਗੇ ਨੁਗਦਿਆਂ ਤਲਨ ਤੇ ਸ਼ਕਰ ਪਾਰੇ ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ
ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ ਭਾਬੀ ਲਾਡਲੀ ਨਾਲ ਜਿਉਂ ਦੇਉਰਾਂ ਦੇ
ਕਲਾਕੰਦ ਮਖਾਨਿਆਂ ਸਵਾਦ ਮਿੱਠੇ ਪਕਵਾਨ ਗੁਨ੍ਹੇ ਨਾਲ ਤਿਉਰਾਂ ਦੇ
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ

188. ਓਹੀ ਚਲਦਾ
ਮਿਠੀ ਹੋਰ ਖਜੂਰ ਪਰਾਕੜੀ ਵੀ ਭਰੇ ਖਾਂਚੇ ਨਾਲ ਸੰਬੋਸਿਆਂ ਦੇ
ਅੰਦਰਸੇ ਕਚੌਰੀਆਂ ਲੁੱਚੀਆਂ ਵੜੇ ਸਨ ਖੰਡ ਦੇ ਖੁਰਮਿਆਂ ਖੋਸਿਆਂ ਦੇ
ਪੇੜੇ ਨਾਲ ਪਤਾਈਆਂ ਹੋਰ ਚੁਪ ਗੁਪ ਬੇਦਾਨਿਆਂ ਨਾਲ ਪਲੋਸਿਆਂ ਦੇ
ਰਾਂਝਾ ਜੋੜ ਕੇ ਪਰ੍ਹੇ ਫਰਿਆਦ ਕਰਦਾ ਦੇਖੋ ਖਸਦੇ ਸਾਕ ਬੇਦੋਸਿਆਂ ਦੇ
ਵਾਰਸ ਸ਼ਾਹ ਨਸੀਬ ਹੀ ਪਵਨ ਝੋਲੀ ਕਰਮ ਢੈਨ ਨਾਹੀਂ ਨਾਲ ਝੋਸ਼ਿਆਂ ਦੇ

189. ਰੋਟੀ ਦਿੱਤੀ
ਮੰਡੇ ਮਾਸ ਚਾਵਲ ਦਾਲ ਦਹੀਂ ਧਗੜ ਇਹ ਮਾਹੀਂਆਂ ਪਾਹੀਆਂ ਰਾਹੀਆਂ ਨੂੰ
ਸਭੋ ਚੂਹੜੇ ਚਪੜੇ ਰੱਜ ਥੱਕੇ ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ
ਕਾਮੇ ਚਾਕ ਚੋਬਰ ਸੀਰੀ ਧਗੜਾਂ ਨੂੰ ਦਹੇ ਮੁਖ ਜਿਉਂ ਡਹਿਣ ਫਲਾਹਈਆਂ ਨੂੰ
ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ

190. ਫ਼ਰਿਆਦ ਰਾਂਝੇ ਦੀ
ਸਾਕ ਮਾੜਿਆਂ ਦੇ ਖੋਹ ਲੈਣ ਢਾਡੇ ਅਨਪੁਜਦੇ ਉਹ ਨਾ ਬੋਲਦੇ ਨੇ
ਨਹੀਂ ਚਲਦਾ ਵਸ ਲਾਚਾਰ ਹੋ ਕੇ ਮੋਏ ਸਪ ਵਾਂਗੂ ਬਿਸ ਘੋਲਦੇ ਨੇ
ਕਦੀ ਆਖਦੇ ਮਾਰੀਏ ਆਪ ਮਰੀਏ ਪਏ ਅੰਦਰੋਂ ਬਾਹਰੋਂ ਡੋਲਦੇ ਨੇ
ਗੁਦ ਮਾੜਿਆਂ ਦੇ ਸਭੇ ਰਹਿਣ ਵਿੱਚੇ ਮਾੜੇ ਮਾੜਿਆਂ ਥੇ ਦੁਖ ਫੋਲਦੇ ਨੇ
ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਟੋਲਦੇ ਨੇ
ਵਾਰਸ ਸ਼ਾਹ ਲੁਟਾਂਵਦੇ ਖੜੇ ਮਾੜੇ ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ

191. ਚੌਲਾਂ ਦੀਆਂ ਕਿਸਮਾਂ
ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ ਸੋਇਨ ਪਤੀ ਤੇ ਛੜੀਦੇ ਨੀ
ਬਾਸਮਤੀ ਮੁਸਾਫਰੀ ਬੇਗਮੀ ਸਨ ਹਰਚੰਦ ਵੇ ਜ਼ਰਦੀਏ ਧਰੀਦੇ ਨੀ
ਸੱਠੀ ਕਿਰਚਕਾਂ ਸੇਵਲਾ ਘਿਰਤ ਕੰਠਲ ਅਨੁਕੇਕਲਾ ਤੇਹਰਾ ਸਰੀ ਦੇ ਨੀ
ਬਾਰੀਕ ਸਫੈਦ ਕਸ਼ਮੀਰ ਕਾਬਲ ਪੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ
ਗੁੱਲੀਆਂ ਸੁੱਚੀਆਂ ਨਾਲ ਹਥੌੜਿਆਂ ਦੇ ਮੋਤੀ ਚੋਣ ਕੰਬੋਹੀਆਂ ਜੜੀਦੇ ਨੀ
ਵਾਰਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ ਪਿੰਡ ਪਿੰਡ ਸਨਿਆਰੜੇ ਫੜੀਦੇ ਨੀ

192. ਗਹਿਣਿਆਂ ਦੀ ਸਜਾਵਟ
ਕੰਙਨ ਨਾਲ ਜ਼ੰਜੀਰੀਆਂ ਪੰਜ ਮਣੀਆਂ ਹਾਰ ਨਾਲ ਲੌਂਗੀਰ ਪੂਰਾਇਉ ਨੇ
ਤਰਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ ਤੋੜੇ ਪਾਉਂਟੇ ਗੁਜਰੀਆਂ ਛਾਇਉ ਨੇ
ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ ਮੁਹਰ ਬਿਛੂਏ ਨਾਲ ਘੜਾਇਉ ਨੇ
ਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ ਘੁੰਗਰਾਲਾਂ ਦੇ ਘੁੰਗਰੂ ਲਾਇਉ ਨੇ
ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲਿਆਂ ਕਾਨ ਫੂਲ ਤੇ ਸੀਸ ਬਣਾਇਉ ਨੇ
ਵਾਰਸ ਸ਼ਾਹ ਗਹਿਣਾ ਠੀਕ ਚਾਕ ਆਹਾ ਸੋਈ ਖਤੜੇ ਚਾ ਪਵਾਇਉ ਨੇ

193. ਉਹੀ ਚਾਲੂ
ਅਸਕੰਦਰੀ ਨਹਿਰੀ ਬੀਰਬਲੀਆਂ ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ
ਹਸ ਕੜੇ ਛੜ ਕੰਙਨਾ ਨਾਲ ਬੂਲਾਂ ਬੱਧੀ ਡੋਲ ਮਿਆਨੜਾ ਧਾਰਿਆ ਨੇ
ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ ਅਤੇ ਜੁਗਨੀ ਚਾ ਸਵਾਰਿਆ ਨੇ
ਬਾਂਕਾਂ ਚੂੜੀਆਂ ਮੀਸ਼ਕ ਮਲਾਈਆਂ ਭੀ ਨਾਲ ਮਛਲੀਆਂ ਵਾਲੜੋ ਸਾਰਿਆਂ ਨੇ

194. ਕੱਪੜਿਆਂ ਦੀਆਂ ਭਾਂਤਾਂ
ਲਾਲ ਪੰਖੀਆਂ ਅਤੇ ਮਤਾਹ ਲਾਚੇ ਖਿਨ ਖੇਸ ਰੇਸ਼ਮੀਨ ਸਲਾਰੀਆਂ ਨੇ
ਮਾਂਗ ਚੌਂਕ ਪਟਾ ਗਲਾਂ ਚੂੜੀਏ ਸਨ ਬੂੰਦਾ ਅਵਧ ਪੰਜਤਾਨੀਆਂ ਸਾਰੀਆਂ ਨੇ
ਛੋਪ ਛਾਇਲਾਂ ਤੇ ਨਾਲ ਚਾਰ ਸੂਤੀ ਚੰਦਾਂ ਮੋਰਾਂ ਦੇ ਭਾਨ ਨੂੰ ਝਾਰੀਆਂ ਨੇ
ਸਾਲੂ ਭਿਨੜੇ ਚਾਦਰਾਂ ਬਾਫਤੇ ਦੀਆਂ ਨਾਲ ਭੋਛਨੇ ਦੇ ਫੁਲਕਾਰੀਆਂ ਨੇ
ਵਾਰਸ ਸ਼ਾਹ ਚਿਕਨੀ ਸਿਰੋਪਾ ਖਾਸੇ ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ

195. ਦਾਜ ਦਾ ਸਾਮਾਨ
ਲਾਲ ਘੱਗਰੇ ਕਾਢਵੇਂ ਲਾਲ ਮਸ਼ਰੂ ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ
ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ ਕੀਮਖਾਬ ਤੇ ਚੁੰਨੀਆਂ ਪੀਲੜੇ ਨੇ
ਬੂਕ ਬੰਦ ਤੇ ਅੰਬਰੀ ਬਾਵਲਾ ਸੀ ਜ਼ਰੀ ਖਾਸ ਚੌਤਾਰ ਰਸੀਲੜੇ ਨੀ
ਚਾਰਖਾਨੀਏ ਡੋਰੀਏ ਮਲਮਲਾਂ ਸਨ ਛੋਪ ਛਾਇਲਾਂ ਨਪਟ ਸਖੀਲੜੇ ਨੀ
ਅਲਾਹ ਤੇ ਝੰਮੀਆਂ ਓਢਦੇ ਸਨ ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ
ਵਾਰਸ ਸ਼ਾਹ ਵੋ ਓਢਨੇ ਹੀਰ ਰਾਂਝਾ ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ

196. ਭਾਂਡਿਆਂ ਦੀ ਸਜਾਵਟ
ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ ਲੋਹ ਕੜਛ ਦੇ ਨਾਲ ਕੜਾਹਈਆਂ ਦੇ
ਕੌਲ ਨਾਲ ਸਨ ਬਹੁਗੁਣੇ ਸਨ ਤਬਲਬਾਜ਼ਾਂ ਕਾਬ ਅਤੇ ਪਰਾਤ ਪਰਵਾਹੀਆਂ ਦੇ
ਚਮਚੇ ਬੇਲਵੇ ਡੋਢਨੀ ਦੇਗਚੇ ਭੀ ਨਾਲ ਖਾਂਚੇ ਤਾਸ ਬਾਦਸ਼ਾਹੀਆਂ ਦੇ
ਪਟ ਉਨੇ ਪਟੇਹੜਾਂ ਦਾਜ ਰੱਤੇ ਜਿਗਰ ਪਾਟ ਗਏ ਵੇਖ ਕਾਹੀਆਂ ਦੇ
ਘਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ
ਦੇਗਾਂ ਖਿਚਦੇ ਘਤ ਜ਼ਜੀਰ ਰੱਸੇ ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ
ਵਾਰਸ ਸ਼ਾਹ ਮੀਆਂ ਚਾ ਵਿਆਹ ਦਾਸੀ ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ

197. ਸਿਆਲਾਂ ਦਾ ਮੇਲ
ਡਾਰਾਂ ਖੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ ਹੂਰ ਪਰੀ ਦੇ ਹੋਸ਼ ਗਵਾਂਦੀਆਂ ਨੇ
ਲਖ ਜਟੱਟੀਆਂ ਮੁਸ਼ਕ ਲਪੇਟੀਆਂ ਨੇ ਅੱਤਨ ਪਦਮਣੀ ਵਾਂਗ ਸੁਹਾਂਦੀਆਂ ਨੇ
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ
ਅਤੇ ਤੋਛਨ ਸਨ ਪੰਜ ਤੌਲੀਏ ਦੇ ਅਤੇ ਲੁੰਗੀਆਂ ਤੋੜ ਚਨ੍ਹਾਉ ਦੀਆਂ ਨੇ
ਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇ
ਪਰੀਜ਼ਾਦ ਜਟੇਟੀਆਂ ਨੈਣ ਖ਼ੂਨੀਂ ਨਾਲ ਹੇਕ ਮਹੀਨ ਦੇ ਗਾਂਉਂਦੀਆਂ ਨੇ
ਨਾਲ ਆਰਸੀ ਮੁਖੜਾ ਵੇਖ ਸੁੰਦਰ ਕੋਲ ਆਸ਼ਕਾਂ ਨੂੰ ਤਰਸਾਉਂਦੀਆਂ ਨੇ
ਇੱਕ ਵਾਂਗ ਬਸਾਤੀਆਂ ਕਢ ਲਾਟੂ ਵੀਰਾ ਰਾਧ ਦੀ ਨਾਫ ਵਖਾਂਉਂਦੀਆਂ ਨੇ
ਇੱਕ ਤਾੜੀਆਂ ਮਾਰੀਆਂ ਨੱਚਦੀਆਂ ਨੇ ਇੱਕ ਹੱਸਦੀਆਂ ਘੋੜਈਆਂ ਗਾਂਉਂਦੀਆਂ ਨੇ
ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ ਇੱਕ ਰਾਹ ਦੇ ਵਿੱਚ ਦੋਹੜੇ ਲਾਂਉਂਦੀਆਂ ਨੇ
ਵਾਰਸ ਸ਼ਾਹ ਜਿਉਂ ਸ਼ੇਰ ਗੱਢ ਪਟਨ ਮੱਕੀ ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ

198. ਉਹੀ ਚਾਲੂ
ਜਿਵੇਂ ਲੋਕ ਨਗਾਹੇ ਤੇ ਰਤਨ ਥੱਮਨ ਢੋਲ ਮਾਰਦੇ ਤੇ ਰੰਗ ਲਾਂਵਦੇ ਨੇ
ਭੜਥੂ ਮਾਰ ਕੇ ਫੁਮਨੀਆਂ ਘਤਦੇ ਨੇ ਇੱਕ ਆਂਵਦੇ ਤੇ ਇੱਕ ਜਾਂਵਦੇ ਨੇ
ਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇਂ ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ
ਵਾਰਸ ਸ਼ਾਹ ਦਾ ਚੂਰਮਾ ਕੁਟ ਕੇ ਤੇ ਦੇ ਫਾਤਿਹਾ ਵੰਡ ਵੰਡਾਵਦੇ ਨੇ

199. ਜਨੇਤ ਦੀ ਚੜ੍ਤ੍
ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ ਚੜ੍ਹੇ ਗਭਰੂ ਡੰਕ ਵਜਾਇ ਕੇ ਜੀ
ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ ਦਾਰੂ ਪੀ ਕੇ ਧਰਗ ਵਜਾਇਕੇ ਜੀ
ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ ਲੂਹਲਾਂ ਚੋਰ ਹਮੇਲ ਛਣਕਾਇਕੇ ਜੀ
ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ ਵਿੱਚ ਕਲਗੀਆਂ ਜਗਾਂ ਨਗਾਇਖੇ ਜੀ
ਸਿਹਰੇ ਫੁੱਲਾਂ ਦੇ ਤੁਰਿਆਂ ਨਾਲ ਲਟਕਨ ਟਕੇ ਦਿੱਤੇ ਨੀ ਲਖ ਲੁਟਾਇਕੇ ਨੀ
ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ ਅਤੇ ਡੂਮ ਸਰੋਦ ਵਜਾਇਕੇ ਜੀ
ਕਸ਼ਮੀਰੀ ਤੇ ਦਖਣੀ ਨਾਲ ਵਾਜੇ ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀ
ਵਾਰਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾਂ ਸੋਇਨ ਸਿਹਰੇ ਬੰਨਾ ਬਣਾਇਕੇ ਜੀ

200. ਆਤਿਸ਼ਬਾਜ਼ੀ ਦੀ ਗਿਣਤੀ
ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ ਫੂਹੀ ਛੁੱਟੇ ਤੇ ਬਾਗ਼ ਹਵਾ ਮੀਆਂ
ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ ਤਾੜ ਤਾੜ ਪਟਾਕਿਆਂ ਪਾ ਮੀਆਂ
ਸਾਵਨ ਭਾਦੋਂ ਕੁੱਜੀਆਂ ਨਾਲ ਚਹਿਕੇ ਟਿੰਡ ਚੂਹੀਆਂ ਦੀ ਕਰੇ ਤਾ ਮੀਆਂ
ਮਹਿਤਾਬੀਆਂ ਟੋਟਕੇ ਚਾਦਰਾਂ ਸਨ ਦੇਵਣ ਚੱਕੀਆਂ ਵੱਡੇ ਰਸਾ ਮੀਆਂ

201. ਖੇੜੇ ਜੰਞ ਲੈ ਕੇ ਢੁੱਕੇ
ਮਿਲੇਮੇਲ ਸਿਆਲਨਾਂ ਜੰਜ ਆਂਦੀ ਲੱਗੀਆਂ ਸਉਨ ਸੁਪਤ ਕਰਾਵਨੇ ਨੂੰ
ਘਤ ਸੁਰਮ ਸਲਾਈਆਂ ਦੇਣ ਗਾਲੀ ਅਤੇ ਖੁਢਕਨੇ ਨਾਲ ਖਡਾਵਨੇ ਨੂੰ
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਨੇ ਨੂੰ
ਭਰੀ ਘੜਾ ਘੜੋਲੀ ਤੇ ਕੁੜੀ ਨਹਾਤੀ ਆਈਆਂ ਫੇਰ ਨਕਾਹ ਪੜ੍ਹਾਵਨੇ ਨੂੰ
ਵਾਰਸ ਸ਼ਾਹ ਵਿਵਾਹ ਦੇ ਗੀਤ ਮਿੱਠੇ ਕਾਜ਼ੀ ਆਇਆ ਮੇਲ ਮਿਲਾਵਨੇ ਨੂੰ

202. ਓਹੀ ਚਲਦਾ
ਭੇਂਟਕ ਮੰਗਦੀਆਂ ਸਾਲੀਆਂ ਚੀਚ ਛੱਲਾ ਦੁਧ ਦੇ ਅਨਯੱਧੜੀ ਚਿੜੀ ਦਾ ਵੇ
ਦੁਧ ਦੇ ਗੋਹੀਰੇ ਦਾ ਚੋ ਜੱਟਾ ਨਾਲੇ ਦੱਛਨਾ ਖੰਡ ਦੀ ਪੁੜੀ ਦਾ ਵੇ
ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ
ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ
ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ
ਇੱਕ ਮੁਨਸ ਕਸੀਰੇਦਾ ਖਰੀ ਮੰਗੇ ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ
ਵਾਰਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ ਜਿਵੇਂ ਫੁਲ ਗੁਲਾਬ ਖੜੀ ਦਾ ਵੇ

203. ਕਲਾਮ ਸੈਦਾ
ਅਨੀ ਸੋਹਣੀਏ ਛੈਲ ਮਲੂਕ ਕੁੜੀਏ ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ
ਸਈਆਂ ਤਿੰਨ ਸੌ ਸੱਠ ਬਲਕੀਸ ਰਾਨੀ ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ
ਚੜ੍ਹਿਆ ਸਾਵਨ ਤੇ ਬਾਗ ਬਹਾਰ ਹੋਈ ਦਭ ਕਾਹ ਸਰਕੜਾ ਖਿੜੀ ਦਾ ਨੀ
ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ ਇਹ ਲੈ ਦੁਧ ਅਨਯਧੜੀ ਚਿੜੀਦਾ ਨੀ
ਦੁਧ ਲਿਆ ਗੋਹੀਰੇ ਦਾ ਚੋ ਕੁੜੀਏ ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ
ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ
ਖੰਡ ਪੁੜੀ ਦੀ ਦੱਛਨਾ ਦਿਆਂ ਤੈਨੂੰ ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ
ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ
ਕੋਟ ਨਦੀ ਵਿਚ ਲੈ ਸਣੇ ਲੌਂਗ ਮੰਜਾ ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ
ਇੱਕ ਗੱਲ ਭੁੱਲੀ ਮੇਰੇ ਯਾਦ ਆਈ ਰੋਟ ਸੁਖਿਆ ਪੀਰ ਦਾ ਧੜੀ ਦਾ ਲੀ
ਬਾਝ ਬਲਦਾਂ ਦੇ ਖੂਹ ਭਜਾ ਦਿੱਤਾ ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ
ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ
ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ
ਅਸਾਂ ਭਾਲ ਕੇ ਸਾਰੋ ਜਹਾਨ ਆਂਦਾ ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ
ਇੱਕ ਚਾਕ ਦੀ ਭੈਨ ਤੇ ਤੁਸੀਂ ਸੱਭੇ ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ
ਵਾਰਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ

204. ਕਾਜ਼ੀ ਨਾਲ ਹੀਰ ਦਾ ਸਵਾਲ ਜਵਾਬ
ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ ਨਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ ਮਾਂਉਂ ਕੁਫਰ ਤੇ ਗ਼ੈਬ ਕਿਉਂ ਤੋਲਦੀ ਹੈ
ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ ਪਈ ਜਾਨ ਗ਼ਰੀਬ ਦੀ ਡੋਲਦੀ ਹੈ
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ
ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ ਸੁੰਞੀ ਮਾਂਉਂ ਛਾਹ ਨੂੰ ਰੋਲਦੀ ਹੈ
ਵਾਰਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ

205. ਕਾਜ਼ੀ ਦਾ ਉੱਤਰ
ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਨਾ ਈ
ਬਾਅਦ ਮੌਤ ਦੇ ਨਾਲ ਈਮਾਨ ਹੀਰੇ ਦਾਖ਼ਲ ਵਿੱਚ ਬਹਿਸ਼ਤ ਦੇ ਥੀਵਨਾ ਈ
ਨਾਲ ਜ਼ੌਕ ਦੇ ਸ਼ੌਕ ਦਾ ਨੂੰਰ ਸ਼ਰਬਤ ਵਿੱਚ ਜੰਨਤ-ਇ ਅਦਨ ਦੇ ਪੀਵਨਾ ਈ
ਚਾਦਰ ਨਾਲ ਹਿਆ ਦੇ ਸਤਰ ਕੀਜੇ ਕਾਹ ਦਰਜ਼ ਹਰਾਮ ਦੀ ਸੀਵਨਾ ਈ

206. ਜਵਾਬ ਹੀਰ
ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ
ਸਭੋ ਜੱਗ ਫਾਨੀ ਹਿੱਕੋ ਰਬ ਬਾਕੀ ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ
‘ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ’ ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ

207. ਉੱਤਰ ਕਾਜ਼ੀ
ਜੋਬਲ ਰੂਪ ਦਾ ਕੁਝ ਵਸਾਹ ਨਾਹੀਂ ਮਾਨ ਮੱਤੀਏ ਮੁਸ਼ਕ ਲਪੇਟੀਏ ਨੀ
ਨਬੀ ਹੁਕਮ ਨਕਾਹ ਫਰਮਾ ਦਿੱਤਾ ‘ਫਇਨਕਿਹੂ’ ਮਨ ਲੈ ਬੇਟੀਏ ਨੀ
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ ਜੜ੍ਹ ਕੁਫਰ ਦੀ ਜਿਉ ਥੋਂ ਪੁੱਟੀਏ ਨੀ
ਜਿਹੜੇ ਛਡ ਹਲਾਲ ਹਰਾਮ ਤੱਕਣ ਵਿੱਚ ਹਾਵੀਆ ਦੋਜ਼ਖੇ ਸੁੱਟਈਏ ਨੀ
ਖੇੜਾ ਹੱਕ ਹਲਾਲ ਕਬੂਲ ਕਰ ਤੂੰ ਵਾਰਸ ਸ਼ਾਹ ਬਿਨ ਬੈਠੀ ਏਂ ਵੱਟੀਏ ਨੀ

208. ਉੱਤਰ ਹੀਰ
ਕਲੂਬੁਲ ਮੋਮਨੀਨ ਅਰਸ਼ ਅੱਲਾਹ ਤੁਆਲਾ ਕਾਜ਼ੀ ਅਰਸ਼ ਖੁਦਾਏ ਦਾ ਢਾ ਨਾਹੀਂ
ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ ਓਥੇ ਖੋੜਿਆਂ ਦੀ ਕੋਈ ਵਾਹ ਨਾਹੀਂ
ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ
ਜਿਸ ਜੀਵਨੇ ਕਾਨ ਈਮਾਨ ਵੇਚਾਂ ਏਹਾ ਕੌਣ ਜੋ ਅੰਤ ਫਨਾਹ ਨਾਹੀਂ
ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ ਅਤੇ ਲੁਧੜਾਂ ਵਿੱਚ ਬਾਦਸ਼ਾਹ ਨਾਹੀਂ
ਵਾਰਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ ਨਾਲ ਅਹਿਲ ਤਰੀਕਤਾਂ ਰਾਹ ਨਾਹੀਂ

209. ਕਾਜ਼ੀ ਦਾ ਉੱਤਰ
ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ ਕਰਾਂ ਉਮਰ ਖਤਾਬ ਦਾ ਨਿਆਉਂ ਹੀਰੇ
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਈ ਵੇਖਸੀ ਪਿੰਡ ਗਰਾਉਂ ਹੀਰੇ
ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ ਛੱਡ ਚਾਕ ਰੱਝੇਟੇ ਦਾ ਨਾਂਉਂ ਹੀਰੇ
ਅੱਖੀਂ ਮੀਟ ਕੇ ਵਕਲ ਲੰਘਾ ਮੋਈਏ ਇਹ ਜਹਾਨ ਹੈ ਬੱਦਲਾਂ ਛਾਂਉਂ ਹੀਰੇ
ਵਾਰਸ ਸ਼ਾਹ ਹੁਣ ਆਸਰਾ ਰਬ ਦਾ ਹੈ ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ

210. ਹੀਰ ਦਾ ਉੱਤਰ
ਰਲੇ ਦਿਲਾ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਨ ਹੈ ਤਿਨ੍ਹਾਂ ਹਤਿਆਰਿਆਂ ਨੂੰ
ਨਿਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਏਹੋ ਸ਼ਾਮਤਾ ਰਬ ਦਿਆਂ ਮਾਰਿਆਂ ਨੂੰ
ਖਾਵਨ ਵੱਢੀਆਂ ਨਿਤ ਈਮਾਨ ਵੇਚਣ ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ

211. ਕਾਜ਼ੀ ਦਾ ਉੱਤਰ
ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤੱਕਨ ਨਜ਼ਰ ਹਰਾਮ ਦੀ ਮਾਰੀਅਨ ਗੇ
ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ ਓਥੇ ਪਾਪ ਤੇ ਪੁੰਨ ਨਵਾਰੀਅਨ ਗੇ
ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ ਘਤ ਅੱਗ ਦੇ ਵਿੱਚ ਨਘਾਰੀਅਨ ਗੇ
ਕੂਚ ਵਕਤ ਨਾ ਕਿਸੇ ਹੈ ਸਾਥ ਰਲਨਾਂ ਖਾਲੀ ਦੋਸਤ ਤੇ ਜੇਬ ਭੀ ਝਾੜੀਅਨ ਗੇ
ਵਾਰਸ ਸ਼ਾਹ ਇਹ ਉਮਰ ਦੇ ਲਾਅਲ ਮੁਹਰੇ ਇੱਕ ਰੋਜ਼ ਆਕਬਤ ਹਾਰੀਅਨ ਗੇ

212. ਹੀਰ ਦਾ ਉੱਤਰ
‘ਕਾਲਵਾ ਬਲੀ’ ਦੇ ਦਿੰਹੁ ਨਕਾਹ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ
ਕੁਤਬ ਹੋ ਵਕੀਲ ਬੈਠਾ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫੀਲ ਆਇਆ ਈ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰਬ ਨੇ ਕਦੋਂ ਫੁਰਮਾਇਆ ਈ

213. ਉਹੀ ਚਲਦਾ
ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤੱਤੇ ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ
ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ ਓਨ੍ਹਾਂ ਫਿਕਰ ਅੰਦੇਸੜਾ ਕਾਸ ਦਾ ਈ
ਆਖਿਰ ਸਿਦਕ ਯਕੀਨ ਤੇ ਕੰਮ ਪੌਸੀ ਮੌਤ ਚਰਗ਼ ਇਹ ਪਤਲਾ ਮਾਸ ਦਾ ਈ
ਦੋਜ਼ਖ ਮੋਹਰਿਆਂ ਮਿਲਨ ਬੇਸਿਦਕ ਝੂਠੇ ਜਿਨ੍ਹਾਂ ਬਾਨ ਤੱਕਨ ਆਸ ਪਾਸ ਦਾ ਈ

214. ਕਾਜ਼ੀ ਦਾ ਉੱਤਰ
ਲਿਖਿਆ ਵਿੱਚ ਕੁਰਾਨ ਦੇ ਹੈ ਗੁਨਾਹਗਾਰ ਖੁਦਾ ਦਾ ਚੋਰ ਹੈ ਨੀ
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ ਇਹੋ ਰਾਹ ਤਰੀਕ ਦਾ ਜ਼ੋਰ ਹੈ ਨੀ
ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਨ ਪੈਰ ਵੇਖ ਕੇ ਝੂਰ ਦਾ ਮੋਰ ਹੈ ਨੀ
ਜੋ ਕੁਝ ਮਾਉਂ ਤੇ ਬਾਪ ਤੇ ਅਸੀਂ ਕਰੀਏ ਓਥੇ ਤੁਧ ਦਾ ਕੁਝ ਨਾ ਜ਼ੋਰ ਹੈ ਨੀ

215. ਹੀਰ ਦਾ ਉੱਤਰ
ਕਾਜ਼ੀ! ਮਾਉਂ ਤੇ ਬਾਪ ਇਕਰਾਰ ਕੀਤਾ ਹੀਰ ਰਾਂਝੇ ਦੇ ਨਾਲ ਵਿਵਹਾਨੀ ਹੈ
ਅਸਾਂ ਓਸ ਦੇ ਨਾਲ ਚਾ ਕੌਲ ਇਕਰਾਰ ਕੀਤਾ ਲਬੇ ਗੋਰ ਦੇ ਤੀਕ ਨਿਬਾਹਨੀ ਹੇ
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ
ਵਾਰਸ ਸ਼ਾਹ ਨਾ ਜਾਣਦੇ ਮੰਝ ਕਮਲੇ ਖੋਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ

216. ਕਾਜ਼ੀ ਦਾ ਉੁੱੱਤਰ
ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ ਜਿਹੜੇ ਹੱਕ ਦੇ ਨਾਲ ਨਕਾਹੈਨ ਗੇ
ਮਾਉਂ ਬਾਪ ਦੇ ਹੁਕਮ ਵਿੱਚ ਚਿੱਲੇ ਬਹੁਤ ਜ਼ੌਕ ਦੇ ਨਾਲ ਦਵਾਹੈਨ ਗੇ
ਜਿਹੜੇ ਸ਼ਰ੍ਹਾ ਥੋਂ ਜਾਨ ਬੇਹੁਕਮ ਹੋਏ ਵਿੱਚ ਹਾਵੀਏ ਜੋਜ਼ਖੇ ਲਾਹੈਨ ਗੇ
ਜਿਹੜੇ ਹੱਕ ਦੇ ਨਾਲ ਪਿਆਰ ਵੰਡਣ ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੈਨ ਗੇ
ਜਿਹੜੇ ਨਾਲ ਤੱਕਬਰੀ ਆਕੜਨ ਗੇ ਵਾਂਗ ਈਦ ਦੇ ਬੱਕਰੇ ਢਾਹੈਨ ਗੇ
ਤਨ ਪਾਲ ਕੇ ਜਿਨ੍ਹਾਂ ਖੁਦਰੂਈ ਕੀਤੀ ਅੱਗੇ ਅੱਗ ਦੇ ਆਕਬਤ ਡਾਹੈਨ ਗੇ
ਵਾਰਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ ਕਾਉL ਵਾਂਗ ਪਲਾਕ ਵਿੱਚ ਫਾਹੈਨ ਗੇ

217. ਹੀਰ ਦਾ ਉੱਤਰ
ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ ਮਨਜ਼ੂਰ ਖੁਦਾ ਦੇ ਰਾਹ ਦੇ ਨੇ
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ ਮਕਬੂਲ ਦਰਗਾਹ ਇਲਾਹ ਦੇ ਨੇ
ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ ਤਿੰਨ੍ਹਾਂ ਫਿਕਰ ਅੰਦੇਸ਼ੜੇ ਕਾਹ ਦੇ ਨੇ
ਜਿੰਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ ਓ ਸਾਹਿਬ ਮਰਤਬਾ ਡਾਹ ਦੇਨੇ
ਜਿਹੜੇਰਿਸ਼ਵਤਾਂ ਖਾਏ ਕੇ ਹੱਕ ਰੋੜ੍ਹਨ ਓਹ ਚੋਰ ਉਚੱਕੜੇ ਰਾਹ ਦੇ ਨੇ
ਇਹ ਕੁਰਾਨ ਮਜੀਦ ਦੇ ਮਾਇਨੇ ਨੇ ਜਿਹੜੇ ਸ਼ਿਅਰ ਮੀਆਂ ਵਾਰਸ ਸ਼ਾਹ ਦੇ ਨੇ

218. ਕਾਜ਼ੀ ਦਾ ਸਿਆਲਾਂ ਨੂੰ ਉੁੱੱਤਰ
ਕਾਜ਼ੀ ਆਖਿਆ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ
ਲਿਆਉ ਪੜ੍ਹੋ ਨਕਾਹ ਮੂੰਹ ਬਨ੍ਹ ਇਸਦਾ ਕਿੱਸਾ ਗੋਈ ਫਸਾਦ ਗੁਜ਼ਾਰਦੀ ਹੈ
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ ਛੱਡ ਬਕਰੀਆਂ ਸੂਰੀਆਂ ਚਾਰਦੀ ਹੈ
ਵਾਰਸ ਸ਼ਾਹ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀ ਦਾ ਘਿਉ ਨਤਾਰਦੀ ਹੈ।

219. ਕਾਜ਼ੀ ਵੱਲੋਂ ਨਕਾਹ ਕਰਕੇ ਹੀਰ ਨੂੰ ਖਿੜਿਆਂ ਨਾਲ ਤੋਰ ਦੇਣਾ
ਕਾਜ਼ੀ ਬਨ੍ਹ ਨਕਾਹ ਤੇ ਘਤ ਡੋਲੀ ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ ਦੰਮ ਦੌਲਤਾਂ ਨਿਅਮਤਾਂ ਹੋਰ ਮੀਆਂ
ਟਮਕ ਮਹੀਂ ਤੇ ਘੋੜੇ ਉਠ ਦਿੱਤੇ ਗਹਿਨਾ ਪੱਤਰਾ ਢੱਗੜਾ ਢੋਰ ਮੀਆਂ
ਹੀਰ ਖੇੜਿਆਂ ਨਾਲ ਨਾਲ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ
ਖੇੜੇ ਘਿਨ ਕੇ ਹੀਰ ਨੂੰ ਰਵਾਂ ਹੋਏ ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ

220. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ
ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੂਏ ਹੋਇਕੇ ਪਿੰਡ ਭਜਾਇਉ ਨੇ
ਪੁਟ ਝੁੱਘੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ
ਚੌ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਕਾ ਥੀ ਧੁਮਲਾ ਲਾਇਉ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਚੁੰਮ ਕੇ ਆਨ ਜਗਾਇਉ ਨੇ
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ ਵਾਂਗ ਸੇਵਕਾਂ ਸਖੀ ਮਨਾਇਉ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਨੇ ਦੇ ਲਾਲ ਬੇਗ ਦਾ ਥੜਾ ਪੁਜਾਇਉ ਨੇ
ਪਕਵਾਲ ਤੇ ਪਿੰਨੀਆ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟਮਕ ਚਾ ਚਵਾਇਉ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ
ਦੇ ਚੂਰੀ ਤੇ ਖਿਚੜੀ ਦੀਆ ਸੱਤ ਬੁਰਕਾਂ ਨਢਾ ਦੇਵਰਾ ਗੋਦ ਬਹਾਇਉ ਨੇ
ਅੱਗੋਂ ਲੈਣ ਆਈਆਂ ਸਈਆਂ ਵੋਹਟੜੀ ਨੂੰ ‘ਜੇ ਤੂੰ ਆਂਦੜੀ ਵੇ ਵੀਰਆ’ ਗਾਇਉ ਨੇ
ਸਿਰੋਂ ਲਾਹ ਟਮਕ ਭੂਰਾ ਖਸ ਲੀਤਾ ਆਦਮ ਬਹਿਸ਼ਤ ਕੀਂ ਵੇਖ ਤ੍ਰਾਹਿਉ ਨੇ
ਵਾਰਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ ਭੁਖਾ ਜੰਨਤੋਂ ਰੂਹ ਕਢਾਇਉ ਨੇ