ਗੜ੍ਹੀ ਬਖ਼ਸ਼ਾ ਸਿੰਘ (ਪੁਸਤਕ ਪੜਚੋਲ )

ਰਜਨੀਸ਼ ਬਹਾਦੁਰ ਸਿੰਘ   

Address:
ਜਲੰਧਰ India
ਰਜਨੀਸ਼ ਬਹਾਦੁਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਬਦੀਲੀ ਸਮਾਜਿਕਜੀਵਨ ਦਾ ਮੂਲ ਵਰਤਾਰਾ ਹੈ । ਇਸ ਵਰਤਾਰੇ ਦੀਆਂ ਜੜ੍ਹਾਂ ਆਰਥਿਕ ਸਬੰਧਾਂ ਵਿੱਚ ਮੌਜੂਦ ਹੁੰਦੀਆਂ ਹਨ ।ਇਹ ਤਬਦੀਲੀ ਜਦੋਂ ਸੱਭਿਆਚਰਕ ਹੁੰਗਾਰੇ ਵਿੱਚ ਤਬਦੀਲ ਹੋ ਕੇ ਸਾਹਿਤਕ ਵਿਧਾਵਾਂ ਰਾਹੀ ਰੂਪਮਾਨ ਹੁੰਦੀ ਹੈ ਤਾਂ ਵਧੇਰੇ ਜਟਿਲ ਰੂਪ ਵਿੱਚ ਪ੍ਰਗਟ ਹੁੰਦੀ ਹੈ ।ਸਾਹਿਤਕਾਰ ਇਸ ਵਰਤਾਰੇ ਨੂੰ ਕਲਾਮਤਮ ਸੂਖ਼ਮਤਾ ਰਾਹੀਂ ਪ੍ਰੇਸ਼ ਕਰਕਾ ਹੈ । ਕਲਾਤਮਕ ਸੂਖ਼ਮਤਾ ਤੇ ਪਕੜ ਰਚਨਾਤਮਕ ਟੈਕਸਟ ਰਾਹੀ ਲੇਖਕ ਦੀ ਪਕੜ ਦਾ ਅਹਿਸਾਸ ਕਰਾਉਂਦੀ ਹੈ । ਲਾਲ ਸਿੰਘ ਦੀ ਕਲਾਤਮਕ ਸੂਖ਼ਮਤਾ , ਵਸਤੂ ਸਮਰੱਥਾ ਅਤੇ ਰਚਨਾ ਦ੍ਰਿਸ਼ਟੀ ਉਸ ਦੀਆਂ ਕਹਾਣੀਆਂ ਵਿੱਚੋਂ ਉਭਰਦੀ ਰਹੀ ਹੈ । ਉਸ ਦਾ ਰਚਨਾਤਮਕ ਸੰਸਾਰ ਇਤਿਹਾਸ ਦੇ ਲੱਗਭੱਗ ਢਾਈ ਦਹਾਕਿਆਂ ਤਕ ਫੈਲਿਆ ਹੋਇਆ ਹੈ । ਉਸ ਦਾ ਕਥਾ ਸੰਸਾਰ ਮਾਰਖੋਰੇ (1984), ਬਲੌਰ (1986) , ਧੁੱਪ-ਛਾਂ( 1990), ਕਾਲੀ ਮਿੱਟੀ (1996) , ਅੱਧੇ ਅਧੂਰੇ (2003) ਅਤੇ ਗੜ੍ਹੀ ਬਖ਼ਸ਼ਾ ਸਿੰਘ (2009) ਅੱਧੀ ਦਰਜਨ ਕਹਾਣੀ ਸੰਗ੍ਰਹਾਂ ਵਿੱਚ ਫੈਲਿਆ ਹੋਇਆ ਹੈ ।ਹਥਲੇ ਸੰਗ੍ਰਹਿ ਵਿੱਚ ਦਰਜ ਕਹਾਣੀਆਂ ਆਧੁਨਿਕ ਸੰਵੇਦਨਾ ਅਤੇ ਜੀਵਨ ਮੁੱਲਾਂ ਦੇ ਬਦਲਵੇਂ ਪਰਿਪੇਖ ਦੀਆਂ ਕਈ ਪਰਤਾਂ ਨੂੰ ਪੇਸ਼ ਕਰਦੀਆਂ ਹੋਈਆਂ ਇੱਕ ਦ੍ਰਿਸ਼ਟੀਗਤ ਤਰਕ ਸਿਰਜਦੀਆਂ ਹਨ । ਇਹ ਤਰਕ ਵਰਤਮਾਨ ਵਿਸੰਗਤੀਆਂ ਵਿੱਚੋਂ ਉਤਰਦਾ ਹੈ ।
ਅਜੋਕੀ ਪੰਜਾਬੀ ਕਹਾਣੀ ਵਿਸੰਗਤੀਆਂ ਵਿਚੋਂ ਆਦਰਸ਼ ਦਾ ਤਲਾਸ਼ ਕਰ ਰਹੀ ਹੈ । ਸਥਿਤੀਆਂ ਅਤੇ ਆਦਰਸ਼ ਦਾ ਟਕਰਾਅ ਭਾਰੂ ਕਹਾਣੀ ਵਿੱਚ ਦੁਖਾਂਤਕ ਰੂਪ ਲੈ ਰਿਹਾ ਹੈ । ਲਾਲ ਸਿੰਘ ਇਸ ਨੂੰ ਸਥਿਤੀਆਂ ਦਾ ਸੱਚ ਬਣ ਕੇ ਪੇਸ਼ ਕਰਦਾ ਹੈ । ਉਹ ਪਾਠਕ ਸਾਹਮਣੇ ਸਥਿਤੀ ਪੇਸ਼ ਕਰਦਾ ਹੈ । ਦ੍ਰਿਸ਼ਟੀ ਇਹਨਾਂ ਵਿੱਚ ਲੁਪਤ ਧੁਨੀ ਦੇ ਰੂਪ ਵਿੱਚ ਸਮਾਈ ਹੋਈ ਹੈ ।ਉਸ ਦੀਆਂ ਕਹਾਣੀਆਂ ਦੇ ਰਚਨਾਗਤ ਸੰਸਾਰ ਦੇ ਪ੍ਰਸੰਗ ਦਲਿਤ ਜੀਵਨ, ਖੱਬੇ ਪੱਖੇ ਲਹਿਰ ਦੀ ਸਥਿਤੀ , ਫਿਜ਼ੋਈ ਮਾਹੌਲ ਵਿੱਚ ਬਦਲਦੇ ਸਮਾਜਿਕ ਰਿਸ਼ਤਿਆਂ ਦੀ ਤਿੜਕੀ ਵਿਆਕਰਨ ਅਤੇ ਜਾਇਦਾਦ ਅਧਾਰਿਤ ਉਸਰੇ ਬਿੰਬ ਤਕ ਫੈਲੇ ਹੋਏ ਹਨ । ਇਸ ਪ੍ਰਸੰਗ ਦਾ ਮਹੱਤਵ ਪਾਤਰਾਂ ਦੀ ਸਥਿਤੀ ਅਤੇ ਮਨੋ-ਵਿਗਿਆਨ ਨਾਲ ਜੁੜਿਆ ਹੋਇਆ ਹੈ । ਲਾਲ ਸਿੰਘ ਇਹਨਾਂ ਪ੍ਰਸੰਗਾਂ ਨੁੰ ਕਹਾਣੀ ਦੇ ਕਲਾਤਮਕ ਸੁਹਜ ਵਿੱਚ ਢਾਲਦਾ ਹੈ ।
ਦਲਿਤ ਪ੍ਰਸੰਗ ਨੂੰ ਉਭਾਰਦਾ ਹੋਇਆ ਲਾਲ ਸਿਘ ਆਰਥਿਕਤਾ ਅਤੇ ਸਮਾਜਿਕ ਪ੍ਰਸੰਗ ਨੂੰ ਬਰਾਬਰ ਵਿੱਥ ਤੇ ਰੱਖ ਕੇ ਵੇਖਦਾ ਹੈ । ਜਿੱਥੇ ਖੱਬੇ ਪੱਖੀ ਅਵਚੇਤਨ ਭਾਰੂ ਹੁੰਦਾ ਹੈ ਉੱਥੇ ਆਰਥਿਕਤਾ ਸਮਾਜਕ ਪ੍ਰਸੰਗਾਂ ਤੇ ਭਾਰੂ ਪੈਂਦਾ ਹੈ । “ ਥਰਸਟੀ ਕਰੋਅ ” ਕਹਾਣੀ ਦਾ ਮੁੱਖ ਪਾਤਰ ਗਰੀਬੀ ਨਾਲ ਜੁੜੇ ਅਵਚੇਤਨ ਨੂੰ ਗਰੀਬੀ ਤੋਂ ਮੁਕਤੀ ਲਈ ਕਾਮ ਉਕਸਾਉਣ ਲਈ ਹਾਈਟੈਕ ਸੰਗੀਤ ਦੀ ਵਰਤੋਂ ਕਰਦਾ ਹੈ । ਇਸ ਵਿੱਚ ਕਾਮ ਅਤੇ ਆਰਥਿਕਤਾ ਦੇ ਪ੍ਰਸੰਗ ਸਮਾਨਅੰਤਰ ਰੂਪ ਵਿੱਚ ਕਿਰਿਆਸ਼ੀਲ ਹੁੰਦੇ ਹਨ ।ਇਹ ਕਹਾਣੀ ਖੰਡਾਂ ਵਿੱਚ ਅੱਗੇ ਤੁਰਦੀ ਹੈ । ਇਹ ਪਰੰਪਰਗਤ ਕਹਾਣੀ ਦੇ ਕਾਰਨ ਨਵੇਂ ਕਾਰਜ ਨੂੰ ਅੱਗੇ ਤੋਰਦੇ ਹੋਏ ਨਵੇਂ ਪ੍ਰਸੰਗ ਸਿਰਜਦੇ ਹਨ । ਕਹਾਣੀ ਦੇ ਮੁੱਖ ਪਾਤਰ ਦਾ ਜੀਵਨ ਥੁੜਾ ਮਾਰਿਆ ਹੈ । ਇਹ ਥੁੜਾਂ ਉਸ ਦੀ ਸਮਾਜਿਕ ਸਥਿਤੀ ਚੋਂ ਉਭਰਦੀਆਂ ਹਨ । ਜਿਸ ਦਲਿਤ ਪਰਿਵਾਰ ਨਾਲ ਮੁੱਖ ਪਾਤਰ ਸਬੰਧਿਤ ਹੈ ਉਹ ਬੇਜ਼ਮੀਨਾ ਹੈ । ਉਹ ਅੰਬਾਂ ਦੇ ਬਾਗ ਦੇ ਠੇਕੇ ਲੈਂਦਾ ਹੈ ।ਉਸ ਦੇ ਪਰਿਵਾਰ ਦੀ ਆਰਥਿਕ ਦਸ਼ਾਂ ਉਸ ਦੇ ਅਵਚੇਤਨ ਵਿੱਚ ਥੁੜਾਂ ਨਾਲ ਜੁੜੀ ਭੁੱਖ ਨੂੰ ਵਧਾ ਦਿੰਦੀ ਹੈ ।ਇਸ ਸਥਿਤੀ ਵਿੱਚੋਂ ਪੈਸਿਆਂ ਦੀ ਚੋਰੀ ਦਾ ਅਮਲ ਆਰੰਭ ਹੁੰਦਾ ਹੈ । ਕਹਾਣੀਕਾਰ ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ... ਸਿਰਲੇਖ ਥੱਲੇ ਜੱਗ ਵਿਚਲੇ ਘੱਟ ਪਾਣੀ ਨੁੰ ਕਮਜ਼ੋਰ ਆਰਥਿਕ ਵਸਿਲਿਆਂ ਦਾ ਪ੍ਰਤੀਕ ਬਣ ਕੇ ਪੇਸ਼ ਕਰਦਾ ਹੈ । ਇਸੇ ਸਥਿਤੀ ਵਿੱਚੋਂ ਉਹ ਕਾਲਜ ਅਧਿਆਪਕ ਹੋਣ ਦੇ ਬਾਵਜੂਦ ਪੈਸੇ ਦੀ ਲਲਕ ਅਧੀਨ ਸੰਗੀਤ ਅਕਾਦਮੀ ਵਿੱਚ ਪ੍ਰਵੇਸ਼ ਕਰਦਾ ਹੈ । ਪਰ ਉਸ ਅੰਦਰ ਹਿਰਸ ਲਗਾਤਾਰ ਵੱਧਦੀ ਜਾਂਦੀ ਹੈ ।“ ਪਰ ...ਮੈਂ ਹੀ ਆਂ ਕਿ ਅਜੇ ਤੱਕ ਆਪਣੀ ਥਾਂ ਡਟਿਆ ਖੜਾਂ । ਖੜਾ ਹੀ ਨਹੀਂ ਸਗੋਂ ਅੱਗੇ ਤੋਂ ਅੱਗੇ ..ਹੋਰ ਤੋਂ ਹੋਰ ..ਮੇਰੀ ਇਹ ਹਿਰਸ ਪਿਆਸ ਬੁਝਣ ਦਾ ਨਾਂ ਹੀ ਨਹੀਂ ਲੈਂਦੀ। ਮੇਰੀ ਇਸ ਦੌੜ ਨੂੰ ਕੋਈ ਤਣ ਪੱਤਣ ਹੀ ਨਹੀਂ ਥਿਆਉਣਾ..” (ਪੰਨਾ 24) ਕਹਾਣੀਕਾਰ ਇਸ ਪਿਆਸ ਨੂੰ  ਮਨੁੱਖੀ ਫਿਤਰਤ ਦਾ ਹਿੱਸਾ ਬਣਾਉਂਦਾ ਹੋਇਆ ਉਸ ਦੇ ਸਮਾਜਿਕ ਅਤੇ ਆਰਥਿਕ ਪ੍ਰਪੇਖ ਉਭਾਰਦਾ ਹੈ । ਪਰੰਤੂ ਸਮੱਸਿਆ ਉੱਤਰ-ਅਧੁਨਿਕਤਾ ਨਾਲ ਜੋੜਨ ਨਾਲ ਪੈਂਦਾ ਹੁੰਦੀ ਹੈ । ਇਹ ਪੰਜਾਬੀ ਚਿੰਤਨ ਦੀ ਤੜਾਗੀ-ਬੁੱਧ ਸੋਚ ਦਾ ਹਿੱਸਾ ਹੈ । ਉਹ ਵਿਰੋਧੀ ਪੈਂਤੜੇ ਤੇ ਖੜ ਕੇ ਇਸ ਸ਼ਬਦੀ ਸੰਕਲਪ ਦਾ ਵਿਰੋਧ ਕਰਦੇ ਹੋਏ ਉੱਤਰ-ਅਧੁਨਿਕਤਾ ਦੇ ਵਰਤਾਰੇ ਨੂੰ ਸਵੀਕਾਰ ਕਰ ਰਹੇ ਹਨ । “ ਇਹ ਅੰਦਰਲੀ ਆਵਾਜ਼ ਇਨ੍ਹੀ ਦਿਲ੍ਹੀ ਵੀ ਕਈ ਵਾਰ ਮੇਰੀ ਰੋਕ ਟੋਕ ਭਕ ਚੁੱਕੀ ਹੈ । ਰੀਮਿੱਕਸ ਅਦਾਕਮੀ ਚੋਂ ਹੁੰਦੇ ਉੱਤਰ ਆਧੁਨਿਕ ਕਾਰ ਵਿਹਾਰ ਤੋਂ ਆਪਣਾ ਆਖ ਬਚਦਾ ਰੱਖਣ ਲਈ ਆਪ ਚੁੱਕੀ ਹੈ ।“ (ਪੰਨ; 23) ਇਹ ਸਮੱਸਿਆਵਾਂ ਦ੍ਰਿਸ਼ਟੀਗਤ ਪੈਂਤੜੇ ਨਾਲ ਜੁੜੀਆ ਹੋਈਆਂ ਹਨ ।
ਦਲਿਤ ਜੀਵਨ ਦੇ ਜਾਤੀ ਜਮਾਤੀ ਸਰੋਕਾਰਾਂ ਦੀਆਂ ਨਵੀ ਪਰਤਾਂ “ ਚੀਕ ਬੁਲਬਲੀ ”ਕਹਾਣੀ ਦੀ ਟੈਨਸ਼ਨ ਨਾਲ ਜੁੜੀਆਂ ਹੋਈਆਂ ਹਨ । ਇਹ ਕਹਾਣੀ ਨਵੇ ਜੀਵਨ ਮੁੱਲਾਂ ਵਿੱਚੋ ਉਭਰਦੀਆਂ ਨਵੀਆਂ ਸਮਾਜੀ ਕੀਮਤਾਂ ਅਤੇ ਜੜ ਕੀਮਤਾਂ ਦੇ ਸੀਮਤ ਮਾਨਸਿਕ ਟਕਰਾਵਾਂ ਨੂੰ ਪੇਸ਼ ਕਰਦੀ ਹੈ । ਇਸ ਕਹਾਣੀ ਦੀ ਮੁੱਖ ਬਿਰਤਾਂਤਕਾਰ ਚਰਨ ਕੌਰ ਹੈ ।ਇਸ ਪਾਤਰ ਦੀ ਵੰਨਜ਼ਰ ਮੈਂ ਵਿੱਚੋਂ ਕਹਾਣੀ ਆਪਣਾ ਸਰੂਪ ਗ੍ਰਹਿਣ ਕਰਦੀ ਹੈ । ਉਸ ਨੂੰ ਬਦਲਦੀਆਂ ਸਮਾਜਿਕ ਕੀਮਤਾਂ ਦਲਿਤ ਸਮਾਜ ਦੇ ਇੱਕ ਅੰਗ ਦੀ ਤਰੱਕੀ ਵਿੱਚੋਂ ਨਕਾਰਮਤਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ । ਚਰਨ ਕੌਰ ਦੀ ਸਮੱਸਿਆ ਉਸ ਦੇ ਘਰ ਦੇ ਫੱਟੇ ਤੇ ਸੌਣ ਵਾਲੇ ਉਸੇ ਪਿੰਡ ਦੇ ਪਾਲੇ ਦਲਿਤ ਦੇ ਜੱਜ ਦੀ ਕੁਰਸੀ ਤਕ ਪਹੁੰਚ ਜਾਣ ਨਾਲ ਜੁੜੀ ਹੋਈ ਹੈ । “ਮੈਂ ਤਾਂਪਸ਼ਤਾਉੱਨੀ ਆਂ ਓਸ ਘੜੀ ਨੂੰ ਜਦ ਮੈਂ ਹਾਂ ਕਰ ਬੈਠੀ ।ਨਾ ਮੈਂ ਬੁੱਢੜੀ ਨੂੰ ਆਪਣੇ ਮੱਥੇ ਮੜ੍ਹਦੀ , ਨਾ ਏਦ੍ਹਾ ਛਲਾਰੂ ਜੇਆ ਕਿਸੇ ਬੰਨੇ ਲਗਦਾ । ਰੁਲ੍ਹਦਾ ਖੁਲ੍ਹਦਾ ਰਹਿੰਦਾ , ਬਾਕੀ ਚਮਾੜ੍ਹਲੀ ਆਂਗੂ ।ਦਿਹਾੜੀ ਦੁੱਪਾ ਕਰਦਾ ਜਾਂ ਹੋਰ ਜੋ ਮਰਜ਼ੀ ਖੇਹ ਖਾਂਦਾ । ਘੱਟੋ ਘੱਟ ਪੜ੍ਹਦਾ ਤਾਂ ਨਾ “ (ਪੰਨਾ 42) ਇਹ ਬਦਲਦੇ ਜੀਵਨ ਮੁੱਲਾਂ ਅਤੇ ਸਮਾਜਕ ਕਤਾਰਬੰਦੀ ਵਿੱਚ ਤਾਕਤਾਂ ਦਾ ਸਮਤੋਲ ਨਵੇਂ ਮੁੱਲਾਂ ਵੱਲ ਸੰਕੇਤ ਹੈ । ਇਸ ਵਿੱਚ ਧਿਰਾਂ ਦੀ ਵੰਡ ਦਾ ਤਰਕ ਆਰਥਿਕ ਅਤੇ ਸਮਾਜਕ ਪ੍ਰਸੰਗਾਂ ਵਿੱਚ ਮੌਜੂਦ ਹੈ ।ਸਮਾਜਕ ਦਰਜਾਬੰਦੀ ਵਿੱਚ ਪੌੜੀ ਦੇ ਉਪਰਲੇ ਡੰਡੇ ਤੇ ਬੈਠੀ ਧਿਰ ਹੇਠਲੇ ਡੰਡੇ  ਤੇ ਬੈਠੇ ਬੰਦੇ ਨੂੰ ਮਾਨਸਿਕ ਤੌਰ ਤੇ ਉੱਪਰ ਵੱਲ ਉਠਦੇ ਨੂੰ ਸਵੀਕਾਰ ਨਹੀ ਕਰਦੀ । ਦਿਹਕਹਾਈ ਦੀ ਟੈਕਸਟ ਉੱਤੇ ਫੈਲੇ ਸੰਵਾਦ ਵਿੱਚ ਮਾਨਸਿਕ ਤਰਕ ਸਿਰਜਦੇ ਹਨ । ਇਹ ਸੰਵਾਦ ਬਹੂਧੁਨੀ ਤਰਕ ਨਾਲ ਜੁੜਿਆ ਹੋਇਆ ਹੈ ।“ ਕੋਠਾਂ ਵੀ ਹੋਨਾਂ ਸੀ ਸੁਆਦ ਦਾ ਸਿਰ ਢਕਟ ਨੂੰ , ਉਦ੍ਹੀ ਹੁਣ ਸਾਡੇ ਐਸ ਨਾਲੋਂ ਕਿਤੇ ਵੱਡੀ ਕੋਠੀ ਆ , ਸ਼ੈਅਰ । ਮੈ ਤੂੰ ਅੰਦਰ ਨਈ ਜਾ ਸਕਦੇ ਸਿੱਧੇ । ਜਿਹੋ ਜੇਈ ਕੋਠੀ , ਉਹੋ ਜਿਹਾ ਦਫ਼ਤਰ ਆ ਕਚੋਰੀ । ਆਪ ਉਹ ਗੱਦੇ ਆਲੀ ਖੁਰਸੀ ਤੇ ਹੁੰਦਾ , ਹਮਾ –ਤੁਮਾਂ ਉਦੇ ਅੱਗੇ ਬੈਠੇ ਹੁੰਦੇ ਆਂ ,ਲੱਕੜ ਦੇ ਫੱਟੇ ਤੇ ।ਬੱਸ ਆਹੀ ਨਮੋਸ਼ੀ ਨੀ ਝੱਲੀ ਜਾਂਦੀ ।“ ( ਪੰਨਾ 42 ) ਲਾਲ ਸਿੰਘ ਇਸ ਮਾਨਸਿਕ ਸਥਿਤੀ ਅਤੇ ਵਸਤੂਗਤ ਸਥਿਤੀ ਵਿੱਚੋ ਉਪਰਲੀ ਧਿਰ ਦੀ ਮਾਨਸਿਕ ਸਥਿਤੀ ਦਾ ਆਪੇ ਸਿਰਜੇ ਤਰਕ ਨੂੰ ਆਪਣੀ ਦ੍ਰਿਸ਼ਟੀ ਦਾ ਵਾਹਨ ਬਣਾ ਕੇ ਪੇਸ਼ ਕਰਦਾ ਹੈ ।ਇਹ ਦ੍ਰਿਸ਼ਟੀ ਉਪਰਲੀ ਧਿਰ ਦੀ ਵਸਤੂਗਤ ਹਾਰ ਦਾ ਯਥਾਰਥਕ ਰੂਪ ਹੈ ।“ ਪਹਿਲੀ ਐਦ੍ਹੀ  ਤਾਂ ਖੁੰਬ ਠੱਪਾਂ । ਹੈਦ੍ਹੀ ਵਕੀਲੜੇ ਜਏ ਦੀ । ਜੇਨੂੰ ਤੂੰ ਕਹਿਨੀ ਆਂ । ਹੁਣ ਜੱਜ ਜੁੱਜ ਜਿਆ ਬਣ ਗਿਆ । ਏਹ ..ਏਹ ਜਿੱਦਣ ਵੀ ਆਇਆ ਨਾ ਪਿੰਡ , ਜਿਸਲੇ ਵੀ ਲੰਘੂ , ਕਾਰ ਜੇਈ ਉਦ੍ਹੀ , ਸਾਡੇ ਏਨ੍ਹਾਂ ਦੇ ਬਾਪੂ ਜੀ ਦੀ ਵੱਡੀ ਸਾਰੀ ਫੋਟੂ ਹੇਠੋਂ ਦੀ ,ਫੇਏ  ਮੈਂ ਕਹੂੰ ਏਨ੍ਹਾਂ ਨੂੰ ਪਈ ਹੁਣ ਬੁੱਲਾਂ ਬੱਕਰੇ , ਹੁਣ ਮਾਰ ਬੁਲਬਲੀ । ...ਓਦਾਂ ਐਨੇ ਕੁ ਨਾ ਇੱਜਤ ਪਤ ਤਾਂ ਰਹਿ ਜਾਊ ਨਾ ਸਾਡੇ ਏਨ੍ਹਾਂ ਦੀ । ਮਾਣ-ਤਾਣ ਤਾ ਬਣਿਆ ਈ ਰਊ ਨਾ ਲੰਬੜਦਾਰੀ ਦਾ ? ਫੇਏ ਵੀ ਜੱਦੀ –ਪੁਸ਼ਤੀ ਸਰਦਾਰੀ  ਆ ਬਾਬਿਆ ਦੇ ਟੱਬਰ ਦੀ , ਕੋਈ ਲੰਡੀ-ਬੁੱਚੀ ਤਾਂ ਹੈਅ ਨਈ ....,। ?(ਪੰਨਾ 53) 
ਜਿਹਨਾਂ ਕਹਾਣੀਆਂ ਦਾ ਅੰਦਰਲਾ ਪ੍ਰਸੰਗ ਖੱਪੇ ਪੱਖੀ ਲਹਿਰ ਦੇ ਵਿਅਕਤੀ ਦੇ ਸੰਘਰਸ਼ ਅਤੇ ਵਰਤਮਾਨ ਸਥਿਤੀ ਦੇ ਪ੍ਰਸੰਗਾਂ ਦੇ ਤਰਕ ਨਾਲ ਜੁੜਿਆ ਹੋਇਆ ਹੈ  । ਗੜ੍ਹੀ ਬਖ਼ਸ਼ਾ ਸਿੰਘ ਦਾ ਗੁਰਬਖ਼ਸ਼ ਸਿੰਘ ਅਤੇ ਅਕਾਲਗੜ੍ਹ ਦਾ ਗਿਆਨੀ ਲਹਿਰ ਦੇ ਸੰਘਰਸ਼ਸ਼ੀਲ ਵਿਅਕਤੀ ਹਨ । ਦੋਨਾਂ ਦੀ ਸੰਘਰਸ਼ ਪ੍ਰਤੀ ਕੁਰਬਾਨੀ ਸਾਂਝਾ ਸੂਤਰ ਹੈ ।ਪਰੰਤੂ ਵਰਤਮਾਨ ਸਥਿਤੀ ਦੇ ਪ੍ਰਬੰਧ ਵੱਖਰੇ ਹਨ । ਨਵੇਂ ਜੀਵਨ ਮੁੱਲ ਉਹਨਾਂ ਲਈਦੁਖਾਂਤਕ ਸਥਿਤੀ ਪੇਸ਼ ਕਰਦੇ ਹਨ । ਗੜ੍ਹੀ ਬਖ਼ਸ਼ਾ ਸਿੰਘ ਦਾ ਬਿਰਤਾਂਤਕਾਰ ਸੁਮਿੱਤਰ ਸਿੰਘ ਹੈ । ਉਸੇ ਸਾਹਮਣੇ ਗੁਰਬਖ਼ਸ਼ ਸਿੰਘ ਬਖ਼ਸਾ ਲੋਕਾਂ ਲਈ ਕੀਤੇ ਸੰਘਰਸ਼ ਦਾ ਨਾਇਕ ਅਤੇ ਆਦਰਸ਼ ਹੈ । ਵਰਤਮਾਨ ਸਥਿਤੀ ਵਿੱਚ ਉਹ ਆਦਰਸ਼ ਨਿਮਾਣਾ ਪਾਤਰ ਬਣ ਕੇ ਰਹਿ ਗਿਆ ਹੈ । ਕਹਾਣੀ ਸਿਮਰਤੀਆਂ ਵਿਚਲੇ ਆਦਰਸ਼  ਅਤੇ ਵਰਤਮਾਨ ਪ੍ਰਸੰਗਾਂ ਦੇ ਅੰਤਰ ਵਿਰੋਧਾਂ ਨੂੰ ਚਿਤਰਦੀ ਹੈ । ਇਹ ਕਹਾਣੀ ਦਾ ਬਿਰਤਾਂਤਕ ਪੈਟਰਨ ਹੈ । ਕਹਾਣੀ ਦੀਆਂ ਪਰਤਾਂ ਵਰਤਮਾਨ ਵਿੱਚੋਂ ਖੁਲਣੀਆਂ ਸ਼ੁਰੂ ਹੁੰਦੀਆਂ ਹਨ ।  ਗੁਰਬਖ਼ਸ਼ ਸਿੰਘ ਦੀ ਮੌਤ ਦਾ ਅਫਸੋਸ ਕਰਨ ਵਾਲੀਆਂ ਧਿਰਾਂ ਨੂੰ ਕਹਾਣੀਕਾਰ ਤਿੰਨ ਹਿੱਸਿਆਂ ਵਿੱਚ ਵੰਡਦਾ ਹੈ । ਇਕ ਬੁੱਢੇ ਠੇਰੇ ਆਏ ਸਨ ਦੂਜੇ ” ਕੁਝ ਇੱਕ ਖਾਂਦੇ ਪੀਂਦੇ ਘਰਾਂ ਦੇ ਸਜੇ ..ਸੰਵਰੇ ਨੇਤਾ ਨੁਮਾਂ ਕਾਕੇ “ ਤੀਜੇ ਪਿੰਡ ਦੀ ਮੁਢੀਰ ਜਿਸ ਦਾ ਚਰਿੱਤਰ ਵੱਖਰੇ ਰੂਪ ਵਿੱਚ ਉਭਰਦਾ ਹੈ । “ ਉਸ ਦੇ ਆਸ ਪਾਸ ਐਧਰ ਉਧਰ ਟਹਿਲਦੀ ਘੁੰਮਦੀ , ਮਟਰ ਗਸ਼ਤੀ ਕਰਦੀ ਨੌਜਵਾਨ ਮੁਢੀਰ ਲਈ ਤਾਂ ਜਿਵੇਂ ਕੁਝ ਹੋਇਆ ਵਾਪਰਿਆਂ ਹੀ ਨਈ ਸੀ , ਇੱਕ ਤਰੰਨਕੇ ਨਾਲ ਬੁੱਢੇ ਦਾ ਮੰਜਾਂ ਖਾਲੀ ਵਰਤ ਤੋਂ ਵੱਧ ।“ ਇਹਨਾਂ ਵਰਤਮਾਨ ਪ੍ਰਸੰਗਾਂ ਤੋਂ ਬਿਨਾਂ ਲਹਿਰ ਦੇ ਸਹਿਯੋਗੀਆਂ ਦੀ ਭੂਮਿਕਾ ਅਸਲ ਕਹਾਣੀ ਵਿਚਲੇ ਦੁਖਾਂਤ ਦਾ ਕੇਂਦਰ ਹੈ । ਇਹ ਦੁਖਾਂਤ ਸਟੇਟ ਸਾਲ ਟਕਰਾਅ ਵਿੱਚੋਂ ਬਣੇ ਪਾਵਰ ਸਟਰੱਕਚਰ ਵਿੱਚ ਆਪਣੀ ਥਾਂ ਨੂੰ ਲੈ ਕੇ ਵਾਪਰਦਾ ਹੈ । ਇਸ ਲਈ ਦੋ ਸਥਿਤੀਆਂ ਬਣਦੀਆਂ ਹਨ । ਇੱਕ ਇਨਸਾਫ਼ ਮਿਲਣ ਤਕ ਸੰਘਰਸ਼ –ਦਰ-ਸੰਘਰਸ਼ ਦਾ ਰਾਹ ਅਤ ਦੂਜਾ ਆਜ਼ਾਦੀ ਤੋ ਬਾਅਦ ਰਾਜ ਸੱਤਾ ਤੇ ਕਾਬਜ਼ ਧਿਰ ਵੱਲੋਂ ਸੱਤਾ ਵਿੱਚ ਸਾਂਝਦਾਰੀ ਦਾ ਕੀਤੇ ਸੰਘਰਸ਼ ਦਾ ਮੁੱਲ ਪ੍ਰਾਪਤ ਕਰਨ ਦੀ ਸਥਿਤੀ । ਪਹਿਲੀ ਧਿਰ ਦਾ ਪ੍ਰਤੀਨਿੱਧ ਗੁਰਬਖ਼ਸ਼ ਸਿੰਘ ਹੈ ਦੂਜੀ ਦੇ ਬਖ਼ਸੇ ਦੇ ਸਾਥੀ । ਲਾਲ ਸਿੰਘ ਇਸ ਸਥਿਤੀ ਪ੍ਰਤੀ ਕੁਰਬਾਨੀ ਦੇ ਬਿੰਬ ਨੂੰ ਆਦਰਸ਼ ਬਣਾ ਕੇ ਪੇਸ਼ ਕਰਦਾ ਹੈ ।ਇਹ ਆਦਰਸ਼ ਦਾ ਟਕਰਾਅ ਕਹਾਣੀ ਦੇ ਸੰਕਟ ਦਾ ਕਾਰਨ ਹੈ ।ਇਸ ਸੰਕਟ ਦੇ ਅਸਲਕਾਰਨ ਭਾਰਤੀ ਸਰਮਾਏਦਾਰੀ ਦੇ ਲੋਕਤੰਤਰ ਦੇ ਮਾਡਲ ਵਿੱਚ ਮੌਜੂਦ ਹਨ ।ਕਹਾਣੀਕਾਰ ਆਦਰਸ਼ ਦੇ ਟੁੱਟਣ ਵਿੱਚੋਂ ਤਲਾਸ਼ਦਾ ਹੈ ।“ ਪੈਨਸ਼ਨ ਲੈ ਲੈਣ ਦੇ ਸੱਚ –ਝੂਠ , ਠੀਕ-ਗ਼ਲਤ ਹੋਣ ਦੀ ਦੁਬਿਧਾ ਚੋ ਫਸਿਆ ਅਜੇ ਉਹ ਕਿਸੇ ਸਿਰੇ ਨਹੀ ਸੀ ਲੱਗਾ ਕਿ ਸਮਿੱਤਰ ਦੇ ਗਹਿਰ –ਗੰਭੀਰ ਬੋਲ ਫਿਰ ਉਸ ਦੇ ਕੰਨੀ ਪਏ –“ ਉਹ ਵੀ ਤਾਂ ਈ ਨਈ ਆਏ ਹੋਣੇ , ਬਖ਼ਸ਼ੋ ਭਾਅ ਨੂੰ ਮਿਲਣ ਐਨੇ ਚਿਰ ਤੋਂ । ਉਨ੍ਹਾ ਵੀ ਐਹੀ ਕੰਮ ਕਰਲਿਆਂ ਹੋਣਾਂ ਤੇਰੇ ਆਲਾ । ਪੈਨਸ਼ਨ ਲੈ ਲਈ ਹੋਣੀ ਆਂ , ਮਹੀਨਾਵਾਰ ...।“
“ ਉਹ ਕੌਣ ਭਾਅ...ਸਮਿੱਤਰ ਸਿਆਂ ..?
“ਉਹੀ ਚਾਰੇ, ਪਾਂਡੇ ਭਰਾ ..ਬਖ਼ਸ਼ੇ ਭਾਅ ਦੀਆਂ ਸੱਜੀਆਂ ਖੱਬੀਆਂ ਬਾਹਾਂ ..?”( ਪੰਨਾ 78)ਇਹ ਆਦਰਸ਼ ਦਾ ਤਿੜਕਾਅ ਕਹਾਣੀ ਦੀ ਬਣਤਰ ਦਾਂ ਕੇਂਦਰ ਬਿੰਦੂ ਹੈ । ਜਿਸ ਵਿੱਚੋਂ ਬਖ਼ਸ਼ਾ ਸਿੰਘ ਦੀ ਰਿਹਾਇਸ਼ ਗੜ੍ਹੀ ਨਹੀਂ ਸਗੋਂ ਸਿਰਜਿਆ ਵਿਚਾਰ ਪ੍ਰਬੰਧ ਵੀ ਤਿੜਕਦਾ ਹੈ ।
“ ਅਕਾਲਗੜ੍ਹ “ ਕਹਾਣੀ ਦਾ ਕੇਂਦਰੀ ਥੀਸਿੰਸ ਵੀ ਇਸੇ ਦੇ ਦੁਆਲੇ ਘੁੰਮਦਾ ਹੈ ।ਇਸ ਵਿਚਲਾ ਮਸਲਾ ਸੰਘਰਸ਼ ਦੇ ਇਤਿਹਾਸ ਲੇਖਨ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਉਹਨਾਂ ਤੱਥਾਂ ਤੇ ਅਧਾਰਿਤ ਸਾਹਿਤ ਨਾਲ । ਇਹਨਾਂ ਦੇ ਸੰਕੇਤ ਕਹਾਣੀ ਦੀ ਟੈਕਸਟ ਵਿੱਚੋਂ ਉਭਰਦੈ ਹਨ ।“ਕਾਮਰੇਡ ਪਿਆਰਾ ਸਿੰਘ ਜੀ , ਮੈਂ ਵਿੱਚ ਵਿਚੋਲਿਆਂ ਰਾਹੀ ਇਬਾਰਤ ਨਹੀਂ ਜੇ ਲਿਖਣੀ । ਅੱਗੇ ਹੀ ਬਣਾ ਘਾਣ ਤੋ ਚੁੱਕਾ ਅਸਲ ਤੱਥਾਂ ਦਾ । ਪਾਰਟੀ-ਬਾਜ਼ੀ ਲੈ ਕੇ ਬਹਿ ਗਈ ਸਿਰੜੀ ਸੂਰ-ਵੀਰਾਂ ਨੂੰ । ਮੈਂ ਤਾਂ ਜਿੰਨ੍ਹਾਂ ਨੇ ਸੱਚ-ਮੁੱਚ ਦੀ ਘਾਲਣਾ ਘਾਲੀ ਐ ਆਪਣੇ ਲੋਕਾਂ ਲਈ , ਜਿਨ੍ਹਾਂ ਨੂੰ ਤਾਮਰ-ਪੱਤਰੀ ਚੌਧਰੀਆਂ ਨੇ ਪਿਛਲੀ ਪਾਲ ਚ ਸੁੱਟ ਰੱਖਿਆ ।“ (ਪੰਨਾਂ 82) ਇਸ ਕਹਾਣੀ ਦਾ ਜੁੱਸਾ ਕਲਪਨਾ ਅਤੇ ਤੱਥਾਂ ਤੇ ਅਧਾਰਿਤ ਹੈ । ਬਹੁਤੇ ਸੰਘਰਸ਼ ਨਾਲ ਜੁੜੇ ਪਾਤਰ ਇਤਿਹਾਸਕ ਵਿਅਕਤੀ ਹਨ ,ਇਥੇ ਫਿਰ ਚਿੰਤਨੀ ਸਮੱਸਿਆ ਇਤਿਹਾਸਿਕ ਲੇਖਕ ਦੇ ਪ੍ਰਸੰਗ ਵਿੱਚ ਸਾਹਮਣੇ ਆਉਂਦੀ ਹੈ । ਅੱਜ ਤੱਕ ਦੇ ਇਤਿਹਾਸ ਲੇਖਨ ਦੂਜੇ ਪਾੜੇ ਦੇ ਰੂਪ ਵਿੱਚ ਪੇਸ਼ ਕੀਤਾ ਹੈ । “ ਹੁਣ ਤੂੰ ਮੇਦਨ ਸੂੰਹ , ਪਿਆਰਾ , ਬਚਿੱਤਰ ਸੂੰਹ ਮਾਸਟਰ , ਬੰਤ ਸੂੰਹ ਗਿਆਨੀ ਵਰਗੇ , ਜੀਂਦੇ ਸ਼ਹੀਦਾਂ ਦੇ ਕਾਰਨਾਮੇ ਕੇੜ੍ਹੇ ਖਾਤੇ ਚੋ ਪਾਏਗਾ । ਕੇੜ੍ਹੇ ਸਾਬ ਨਾਲ ਪੁੱਜਦੇ ਕਰੇਂਗਾ ਅਸਲੀ ਪੀੜ੍ਹੀ ਨੂੰ । ਮੈਨੂੰ ਲੱਗਣਾ ਜੇ ਤੂੰ ਉਸ ਪੜਾਅ ਦੇ ਗਿਣਮੇਂ-ਚੁਣਮੇਂ ਨਾਇਕਾਂ ਦੀ ਥਾਂ, ਉਸ ਯੁੱਗ ਦਾ ਸਾਂਝਾ ਅਮਲ-ਕਰਮ ਲਿਆ ਹੁੰਦਾ । ਆਪਣੀ ਕਾਰ-ਵਲ੍ਹਗਣ ਚ, ਉਸ ਸਾਬ੍ਹ ਨਾਲ ਕੀਤੀ ਹੁੰਦੀ ਮਗਜ਼ਪੇਚੀ, ਤਾਂ ਯੁੱਗ –ਨਾਇਕਾਂ ਫੋਟੋ ਫਰੇਮਾਂ ਚ ਜਕੜੇ ਹੋਣ ਦੀ ਥਾਂ ਸਿਰਾਂ ਚ ਲੀੜੇ ਹੋਣੇ ਸੀ ਮੁੰਡੇ ਕੁੜੀਆ ਦੇ । ਸਿਆਸੀ-ਸਮਾਜੀ ਅਮਲ ਤੁਰਿਆ ਰਹਿਣਾ ਸੀ ਇਕ ਸਾਰਾ ।  ਹੁਣ ਵਾਂਗ ਖੇਹ-ਖਰਾਬੀ ਨਹੀ ਸੀ ਹੋਣੀ ਹੁਣ ਦੀ ਪੀੜ੍ਹੀ ਦੀ “(ਪੰਨਾ 104) ਨਵੀਂ ਪੀੜ੍ਹੀ ਨਾਲ ਜੁੜੇ ਜੀਵਨ ਮੁੱਲਾਂ ਦੀ ਤਬਦੀਲੀ ਇਸ ਕਹਾਣੀ ਦੇ ਵੀ ਦੁਖਾਂਤਕ ਪੈਟਰਨ ਦਾ ਆਧਾਰ ਹੈ ।
ਇਹਨਾਂ ਕਹਾਣੀਆਂ ਦਾ ਇੱਕ ਹੋਰ ਖਾਲਾਰ ਫਿੱਜ਼ਈ ਮਾਹੌਲ ਦੇ ਪ੍ਰਭਾਵ ਅਧੀਨ ਰਿਸ਼ਤਿਆਂ ਦੀ ਬਦਲੀ ਹੋਈ ਵਿਆਕਰਨ ਨੂੰ ਆਪਣੇ ਕਲੇਵਰਾ ਵਿੱਚ ਸਮੇਟਦਾ ਹੈ । “ ਪਿੜੀਆਂ ” ਕਹਾਣੀ ਇਹਨਾਂ ਸਥਿਤੀਆਂ ਦੇ ਪ੍ਰਸੰਗ ਤੇ ਉੱਸਰੀ ਹੋਈ ਹੈ । ਮੱਖਣ ਅਤੇ ਦੁਰਗਾ ਬਚਪਨ ਦੇ ਦੋਸਤ ਹਨ । ਪੰਜਾਬ ਸਮੱਸਿਆ ਸਮੇਂ ਪੈਦਾ ਹੋਇਆ ਮਾਹੌਲ ਬਚਪਨ ਦੇ ਸੰਵੇਦਨਸ਼ੀਲ ਸਬੰਧਾਂ ਤੇ ਹੀ ਅਸਰਅੰਦਾਜ਼  ਨਹੀ ਹੁੰਦਾ ਸਗੋਂ ਸਮਾਜਿਕ ਵਿਆਕਰਨ ਨੁੰ ਵੀ ਭੰਗ ਕਰ ਦਿੰਦਾ ਹੈ । ਲਾਲ ਸਿੰਘ ਇਹਨਾਂ ਸਬੰਧਾਂ ਦੇ ਕਾਰਕਾਂ ਅਤ ਕਾਰਨਾਂ ਦੀ ਨਿਸ਼ਾਨਹੇਦਹੀ ਕਰਦਾ ਹੈ । ਉਹ ਇਸ ਸਮੱਸਿਆਂ ਨੂੰ ਘੱਟ ਗਿਣਤੀਆਂ ਪ੍ਰਤੀ ਬਹੁ-ਗਿਣਤੀ ਦੀ ਸੋਚ ਦੇ ਪ੍ਰਸੰਗ ਵਿੱਚ ਭਾਰਤ ਪੱਧਰ ਤੇ ਫੈਲਾਅ ਦਿੰਦਾ ਹੈ । ਕਹਾਣੀ ਦੇ ਬਿਰਤਾਂਤ ਵਿੱਚ ਫਿਕਰਾਪ੍ਰਸਤੀ ਦੇ ਕਾਰਕ ਫੈਲੇ ਹੋਏ ਹਨ । ਇਹ ਕਾਰਕ ਮੱਖਣ ਸਿੰਘ ਦਾ ਮਾਨਸਿਕ ਤਵਾਜ਼ਨ ਵਿਗਾੜ ਦੇਂਦੇ ਹਨ । ਉਹ ਰਿਸ਼ਤਿਆਂ ਨਾਲ ਜੁੜੇ ਫਿਜ਼ੋਈ ਮੁੱਲਾਂਵਿੱਚੋਂ ਏਕਤਾ ਦੇ ਸੂਤਰਾਂ ਦੀ ਤਲਾਸ਼ ਕਰਦਾ ਹੈ । ਇਹ ਏਕਤਾ ਦੇ ਸੂਤਰ ਪਿੜੀਆਂ ਦੇ ਪ੍ਰਤੀਕ ਪ੍ਰਸੰਗ ਵਿੱਚੋਂ ਉਭਰਦੇ ਹਨ । ਲਾਲ ਸਿੰਘ ਇਸ ਅਮਲ ਨੂੰ ਮਾਨਵੀ ਦ੍ਰਿਸ਼ਟੀ ਦੇ ਪ੍ਰਸੰਗ ਵਿੱਚ ਖੱਬੇ ਪੱਖੀ ਸੋਚ ਨਾਲ ਜੋੜਦਾ ਹੈ । “ ਕੂੜੇ ਦੇ ਢੇਰ ਚੋ ਲੱਭੀ ਖਿੱਦੋ ਬਿਲਕੁਲ ਉਵੇਂ ਦੀ ਸੀ , ਪਰ ਇਸ ਉੱਤੇ ਪਈਆਂ ਇਕਹਿਰੀਆਂ ਪਿੜ੍ਹੀਆਂ , ਅੱਧ ਪਚੱਦ ਟੁੱਟੀਆਂ ਪਈਆਂ ਸਨ । ਇਸ ਅੰਦਰ ਘੁੱਟ ਹੋਈਆਂ ਲੀਰਾਂ ਬਾਹਰ ਵੱਲ ਨੂੰ ਲਮਕ ਗਈਆਂ ਸਨ । ਤਾਂ ਵੀ ਮੱਖਣ ਨੂੰ ਜਿਵੇਂ ਬਹੁਤ ਵੱਡਾ ਖ਼ਜਾਨਾ ਲੱਭ ਪਿਆ ਹੋਵੇ । ਉਸ ਦਾ ਗੁੰਮਣ-ਗੁਆਚਣ ਲੱਗਣ ਅਤੀਤ ਵਾਪਸ ਪਰਤ ਆਇਆ ਹੋਵੇ । ਇਸ ਨੂੰ ਝਾੜਦਾ-ਪੂੰਝਦਾ ਉਹ ਉਨ੍ਹੀ ਪੈਰੀ ਫਿਰ ਦੁਰਗੇ ਦੀ ਹੱਟੀ ਵੱਲ ਨੂੰ ਦੌੜ ਪਿਆ, ਦੁਰਗੇ ਨੂੰ ਉੱਚੀ-ਉੱਚੀ ਵਾਜ਼ਾਂ ਮਾਰਦਾ-“ਉਏ ਦੁਰਗਿਆ, ਦੁਰਗੇ ਉਏ ...ਆਹ ਦੇਖ , ਆਹ ਦੇਖ ਕੀ ਲੱਭਾ ...।“(ਪੰਨਾ 136)
“ ਐਚਕਨ ” ਕਹਾਣੀ ਇੱਕ ਵਿਵਸਥਾ ਤੇ ਵਿਅੰਗ ਹੈ । ਇਸ ਕਹਾਣੀ ਦਾ ਸੁਹਜ ਵਿਅੰਗ ਦੇ ਪੈਟਰਨ ਤੇ ਢਲਿਆ ਹੋਇਆ ਹੈ । ਗੁਰਮੁਖਜੀਤ ਸਿੰਘ ਆਪਣੀ ਐਚਕਨ ਦੇ ਬਿੰਬ ਨੂੰ ਨਿਖਾਰਨ ਲਈ ਪਰਿਵਾਰਕ ਜੂਜ ਤੋਂ ਲੈ ਕੇ ਸਮਾਜ ਦੀ ਹਰ ਸੰਸਥਾ ਨਾਲ ਲਾਭ ਅਧਾਰਿਤ ਵਿਹਾਰ ਕਰਦਾ ਹੈ । ਮੌਤ ਦੇ ਸੁਪਨੇ ਵਿੱਚੋਂ ਇਹ ਇੱਕ ਇੱਕ ਕਰਕੇ ਸਾਕਾਰ ਹੁੰਦਾ ਹੈ ।ਇਹ ਸਾਰੀ ਸਥਿਤੀ ਉਸ ਅੰਦਰ ਇੱਕ ਅਹਿਸਾਸ ਜਗਾਉਂਦੀ ਹੈ ਇਹ ਅਹਿਸਾਸ ਅਵਚੇਤਨੀ ਗਿਲਾਨੀ ਨਾਲ ਜੁੜਿਆ ਹੋਇਆ ਹੈ । ਕਹਾਣੀਕਾਰ ਇਸ ਪ੍ਰਬੰਧ ਅੰਦਰ ਪਈ ਵਿਡੰਵਨਾ ਨੂੰ ਉਤਾਰਦਾ ਹੈ । ਗੁਰਮੁਖਜੀਤ ਸਿੰਘ ਸ਼ਾਹੀ ਇਸ ਸਥਿਤੀ ਵਿੱਚ ਧੱਸਦਾ ਹੀ ਚਲਿਆ ਜਾਂਦਾ ਹੈ । ਇਸ ਸਥਿਤੀ ਵਿਚੋਂ ਹੀ ਲੇਖਕ ਦੀ ਰਚਨਾ ਦ੍ਰਿਸ਼ਟੀ ਉਭਰਦੀ ਹੈ ।
ਲਾਲ ਸਿੰਘ ਅਪਣੀ ਗਲਪੀ ਦ੍ਰਿਸ਼ਟੀ ਦੀ ਖੱਬੇ ਪੱਖੀ ਸੋਚ ਨੂੰ ਕਹਾਣੀਆਂਦੀ ਬਣਤਰ ਵਿੱਚੋਂ ਉਭਾਰਦਾ ਹੈ । ਉਹ ਪਾਤਰਾਂ ਦੀ ਸਥਿਤੀ ਨੂੰ ਘਟਨਾਵਾਂ ਦੇ ਤਰਕ ਵਿੱਚੋਂ ਉਭਾਰਦਾ ਹੈ । ਉਸ ਦੀਆਂ ਕਹਾਣੀਆਂ ਵਿੱਚ ਦੁਖਾਂਤ ਵਿਅਕਤੀ ਦੀ ਥਾਂ ਪ੍ਰਬੰਧ ਵਿੱਚ ਬਦਲ ਜਾਂਦਾ ਹੈ । ਅਜਿਹਾ ਕਰਦੇ ਹੋਏ ਉਹ ਬਿਰਤਾਂਤ ਪੈਟਰੜ ਅਤੇ ਵਸਤੂ-ਸਥਿਤੀ ਦੀ ਡਾਇਲੈਕਟਸ ਨੂੰ ਮੁਹਾਰਤ ਨਾਲ ਉਭਾਰਦਾ ਹੈ ।ਇਸ ਦੇ ਸਿੱਟੇ ਵੱਜੋਂ ਦ੍ਰਿਸ਼ਟੀ ਆਰੋਪਿਤ ਹੋਣ ਦੀ ਥਾਂ ਕਹਾਣੀ ਦੇ ਪਿੰਡੇ ਵਿੱਚੋਂ ਉਭਰਦੀ ਹੈ । ਇਹਨਾਂ ਕਹਾਣੀਆਂ ਨਾਲ ਉਸ ਦੀ ਸੋਚ ਦਾ ਘੇਰਾ ਆਰਥਿਕਤਾ ਦੀਆਂ ਸੀਮਾਵਾਂ ਲੰਘ  ਕੇ ਹੋਰ ਉਹਨਾਂ ਸੂਤਰਾਂ ਨਾਲ ਜਾ ਜੁੜਦਾ ਹੈ ਜਿਹੜੇ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ ।