ਦੋ ਮਿੰਨੀ ਕਹਾਣੀਆਂ (ਮਿੰਨੀ ਕਹਾਣੀ)

ਬਲਦੇਵ ਸਿੰਘ ਖਹਿਰਾ (ਡਾ:   

Address:
12573 , 70 ਏ, ਸਰੀ, British Columbia Canada
ਬਲਦੇਵ ਸਿੰਘ ਖਹਿਰਾ (ਡਾ: ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


                                 ਸੁਫ਼ਨਿਆਂ ਦੀਆਂ ਲੋਥਾਂ                                         
                            
      ਵੀਰੋ ਕੈਨੇਡਾ ਵਿਆਹੀ ਜਾਣ ਮਗਰੋਂ ਪੰਜਾਂ ਸਾਲ਼ਾਂ ਬਾਅਦ ਆਪਣੇ  ਛੋਟੇ ਭਰਾ ਦੇ ਵਿਆਹ 'ਤੇ ਆਈ ਸੀ।ਉਹਦੇ ਕਪੜੇ ਗਹਿਣੇ,ਸਾਬਣ,ਸ਼ੈਂਪੂ,ਸੈਂਟ ਤੇ ਹੋਰ ਚੀਜਾਂ ਵਸਤਾਂ ਦੇਖ ਕੇ ਸਹੇਲੀਆਂ ਮਨ ਹੀ ਮਨ aੁਹਦੇ ਨਾਲ ਈਰਖਾ ਕਰ ਰਹੀਆਂ ਸਨ।ਬਚਪਨ ਦੀ ਸਹੇਲੀ ਜੋਤੀ ਨੇ ਉਹਦੇ ਬਲੌਰੀ ਝੁਮਕੇ ਨੂੰ ਨੀਝ ਨਾਲ ਤੱਕਦਿਆਂ ਪੁਛਿਆ,
       " ਵੀਰੋ! ਤੂੰ ਖੁਸ਼ ਤਾਂ ਹੈਂ ਨਾ ?"
        ਕੁੜੋ ਚਹਿਕਦੀ ਚਹਿਕਦੀ ਚੁੱਪ ਜਿਹੀ ਹੋ ਗਈ।ਚਿਹਰੇ ਦੇ ਬਦਲਦੇ ਹਾਵ ਭਾਵ ਦੇਖ ਕੇ ਜੋਤੀ ਬੋਲੀ, " ਤੂੰ ਜਾਣ ਲੱਗੀ ਨੇ ਕਿਹਾ ਸੀ ਬਈ ਏਥੇ ਤਾਂ ਜਨਾਨੀਆਂ ਸਾਰਾ ਦਿਨ ਧੰਦ ਪਿਟਦੀਆਂ, ਕੋਈ ਕਦਰ ਨੀ…aਥੇ  ਕੰਮ ਦੇ ਡਾਲਰ ਮਿਲਣਗੇ, ਮੇਰੀ ਕੋਈ ਪੁੱਛ ਪਰਤੀਤ ਹੋਊ"
         " ਆਹੋ! ਸੋਚਿਆ ਤਾਂ ਏਦਾਂ ਈ ਸੀ " ਇੱਕ ਨਿੱਕਾ ਜਿਹਾ ਹਉਕਾ ਬੋਲਿਆ
          " ਨਾ ਫੇਰ ਮਿਲਿਆ ਇੱਜ਼ਤ ਪਿਆਰ?"
          " ਕਿੱਥੇ ਭੈਣੇਂੇ?.....aਥੇ ਡਾਲਰ ਤਾਂ ਮਿਲਦੇ ਐ…ਪਰ ਪੇ ਪੈਕਟ ਆਉਂਦਿਆਂ ਈ ਖੋਹ ਲੈਂਦੇ ਐ ਅਗਲੇ "
          " ਅੱਛਾ…?
          " ਤੇ ਹੋਰ….?ਸਾਰਾ ਦਿਨ ਜਾਬਾਂ ਤੇ ਹੱਡ ਤੁੜਾਓ! ਆ ਕੇ ਘਰ ਦਾ ਕੰਮਕਾਰ ਕਰੋ,ਨੈਟ ਨੂੰ ਸ਼ਰਾਬੀ ਪਤੀ ਦੀਆਂ ਗਾਲਾਂ ਤੇ ਕੁੱਟ…." ਵੀਰੋ ਫਿੱਸ ਪਈ।
          " ਨਾ ਤੇ ਤੁਸੀਂ ਅੱਗੋਂ ਕੋਈ ਉਜਰ ਨੀ ਕਰਦੀਆਂ?"
          " ਲੈ! ਮਾੜਾ ਜਿਹਾ ਕੁਸ਼ ਕਹੋ ਸਹੀ, ਅਗਲਾ ਕਹਿੰਦੈ ਘਰੋਂ ਕੱਢ ਦਊਂ, ਅਖੇ ਮੈਨੂੰ ਇੰਡੀਆ ਤੋਂ ਹੋਰ ਬਥੇਰੀਆਂ……"
                     ਝੀਲ ਵਰਗੀਆਂ ਅੱਖਾਂ ਵਿੱਚ ਸੁਫਨਿਆਂ ਦੀਆਂ ਲੋਥਾਂ ਤਰ ਰਹੀਆਂ ਸਨ।
                                
          
                  ਥੋਹਰਾਂ ਦੇ ਸਿਰਨਾਵੇਂ     
         
       " ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ ਗਿਐ.. ਸਾਰੇ ਅੰਗਾਂ-ਸਾਕਾਂ ਨੂੰ ਪੁਛ ਲਿਐ.. ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ ਨਹੀਂ...ਮੈਂ ਤੁਹਾਨੂੰ ਇਸ ਬਿਰਧ ਅਵੱਸਥਾ ਵਿਚ..ਇਕੱਲੇ  ਇਸ ਕੋਠੀ ਵਿਚ  ਬਿਲਕੁਲ ਨਹੀਂ ਛੱਡ ਸਕਦਾ…ਤੁਸੀਂ ਆਪਣਾ ਲੁਕ-ਆਫਟਰ ਕਰ ਹੀ ਨਹੀਂ ਸਕਦੇ"  
          ਮਾਤਾ ਪਿਤਾ ਨੁੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, " ਨਾਲੇ ਅਗਲੇ ਹਫਤੇ ਇਸ ਕੋਠੀ ਦਾ ਕਬਜ਼ਾ  ਵੀ ਦੇਣੈ……ਮੈਂ ਸਾਰਾ ਬੰਦੋਬਸਤ ਕਰ ਲਿਐ…..aਲਡ–ਏਜ ਹੋਮ ਵਾਲੇ ਡੇਢ ਲੱਖ ਲੈਂਦੇ ਨੇ.…ਬਾਕੀ ਸਾਰੀ ਉਮਰ ਦੀ ਦੇਖ-ਭਾਲ ਉਹਨਾਂ ਦੇ ਜ਼ਿੰਮੇ.."
        " ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ ਜਾਣਾ…ਤੇਰੀ ਮਾਂ ਤਾਂ ਜਮ੍ਹਾ ਈ ਨੀ ਮੰਨਦੀ…ਤੁੰੰ ਜਾਹ ਕਨੇਡਾ.. ..ਸਾਨੂੰ ਸਾਡੇ ਹਾਲ 'ਤੇ ਛੱਡ ਦੇਹ...ਸਾਡਾ  ਵਾਹਿਗੁਰੂ ਐ….."
       " ਮਾਂ!..ਬਾਪੂ ਜੀ!ਤੁਸੀਂ ਬੱਚਿਆਂ ਵਾਂਗੂ ਜ਼ਿਦ ਕਿਉਂ ਫੜੀ ਬੈਠੇ ਓ ?..ਕੋਠੀ ਤਾਂ ਵਿਕ ਚੁਕੀ ਐ..ਆਪਣੇ ਮਨ ਨੂੰ ਸਮਝਾਓ"ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਿਆ ਗਿਆ।ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
          ਤਿੰਨ ਦਿਨ ਬਾਅਦ ਬਾਪੂ ਜੀ ਦੇ ਫੁੱਲ ਕੀਰਤਪੁਰ  ਸਾਹਿਬ ਪਰਵਾਹ ਕਰਕੇ ਮੁੜੇ ਤਾਂ ਰਿਸ਼ਤੇਦਾਰਾਂ  ਨੇ  ਪਰਮਿੰਦਰ ਨੂੰ ਦੱਸਿਆ,"ਮਾਂ ਜੀ ਕਿਸੇ ਨੂੰ ਪਛਾਣਦੇ ਈ ਨਹੀਂ...ਬੱਸ ਵਿਹੜੇ 'ਚ ਬੈਠੇ ਕੋਠੀ ਵੱਲ ਈ ਦੇਖੀ ਜਾਂਦੇ ਨੇ  ..ਸ਼ਾਇਦ ਉਹ ਪਾਗਲਪਨ ਦੀ  ਅਵੱਸਥਾ ਵਿਚ ਨੇ"
         "ਤਾਂ ਫਿਰ ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ…ਥੋਨੂੰ ਨੀ ਪਤਾ…ਇਕ ਇਕ ਦਿਨ ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ… ਪਿਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ ਸਿਰ 'ਤੇ"
          ਇਹ ਉਨ੍ਹਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ ਦੀ ਆਵਾਜ਼ ਸੀ।