ਪ੍ਰਕਾਸ਼ ਸੋਹਲ ਨੂੰ ਸਨਮਾਨ ਪਤਰ ਭੇਂਟ ਕੀਤਾ (ਖ਼ਬਰਸਾਰ)


ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਗਸਤ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਵਲੋਂ ਪਿਆਰ-ਸਤਿਕਾਰ ਨਾਲ ਪ੍ਰਕਾਸ਼ ਸੋਹਲ (ਲੰਡਨ, U.K.) ਹੋਰਾਂ ਨੂੰ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬਲਜਿੰਦਰ ਸੰਘਾ ਹੋਰਾਂ ਦੇ ਨਾਲ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਉਣ ਦੀ ਬੇਨਤੀ ਕੀਤੀ ਗਈ। ਰਾਈਟਰਜ਼ ਫੋਰਮ ਲਈ ਇਹ ਬਹੁਤ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਲੰਡਨ, U.K ਦੇ ਕਵੀ ਅਤੇ ਨਾਵਲਕਾਰ ਪ੍ਰਕਾਸ਼ ਸੋਹਲ ਹੋਰਾਂ ਅਪਣੀ ਕੈਨੇਡਾ ‘ਤੇ ਅਮਰੀਕਾ ਦੀ ਫੇਰੀ ਦਾ ਪ੍ਰੋਗ੍ਰਾਮ ਉਲੀਕਣ ਵੇਲੇ ਸਾਡੇ ਨਾਲ ਸਲਾਹ ਕੀਤੀ ਤੇ ਉਹ ਸਾਡੀ ਇਸ ਸਭਾ ਵਿੱਚ ਸ਼ਾਮਿਲ ਹੋਏ।

ਡਾ. ਮਨਮੋਹਨ ਸਿੰਘ ਬਾਠ ਦੇ ਖ਼ੂਬਸੂਰਤੀ ਨਾਲ ਗਾਏ ਪੰਜਾਬੀ ਗੀਤ ਨਾਲ ਸਭਾ ਦੀ ਸ਼ੁਰੂਆਤ ਹੋਈ।

ਸੁੱਖ ਟਿਵਾਣਾ ਨੇ ਅਪਣੀ ਪੰਜਾਬੀ ਕਵਿਤਾ ਨਾਲ ਤਾੜੀਆਂ ਲੈ ਲਈਆਂ –

“ਕਲਮਾਂ ਦੀ ਤਾਕਤ ਤੇ ਗੀਤਾਂ ਦੇ ਆਸ਼ਿਕ ਤੇ

 ਹੂੰਦਾ ਏ “ਟਿਵਾਣੇ” ਕਿਸੇ ਇਸ਼ਕ ਦਾ ਅਸਰ ਤਾਂ

 ਸਫ਼ਲਤਾ ਨਾਲੋਂ ਸਵਾਦ ਐ ਜ਼ਿਆਦਾ

 ਕਾਮਯਾਬੀ ਵਾਲੇ ਰਾਹਾਂ ਦੇ ਸਫ਼ਰ ਦਾ”

ਪੈਰੀ ਮਾਹਲ ਹੋਰਾਂ ਕੁਝ ਘਟਨਾਵਾਂ ਦਾ ਵੇਰਵਾ ਦਿਂਦੇ ਹੋਏ ਭਾਰਤ ਤੋਂ ਆਉਣ ਵਾਲਿਆਂ ਨੂੰ ਇਮੀਗਰੇਸ਼ਨ ਲਈ ਗਲਤ ਤਰੀਕੇ ਅਪਨਾਓਣ ਤੋਂ ਸਖ਼ਤ ਗੁਰੇਜ਼ ਕਰਨ ਦੀ ਸਲਾਹ ਦਿੱਤੀ।

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀਆਂ ਦੋ ਰੁਬੀਆਂ ਅਤੇ ਕਵਿਤਾ “ਲੋਕ ਕੀ ਆਖਣਗੇ” ਨਾਲ ਖ਼ੂਬ ਦਾਦ ਖੱਟੀ –

“ਬੁਰਿਆਂ ਦੀ ਹਾਮੀ ਭਰਦਾ ਹਾਂ, ਛੁਪ-ਛੁਪ ਕੇ ਪਾਪ ਵੀ ਕਰਦਾ ਹਾਂ

 ਪਰ ਨਸ਼ਰ ਹੋਣ ਤੋਂ ਡਰਦਾ ਹਾਂ, ਕਿ ਲੋਕ ਕੀ ਆਖਣਗੇ?

 ਮਾੜਿਆਂ ਤੇ ਜ਼ੁਲਮ ਕਮਾਉਂਦਾ ਹਾਂ ਅਤੇ ਅਪਣੀ ਈਨ ਮਨਾਉਂਦਾ ਹਾਂ

 ਕੀਤੀ ਉੱਤੇ ਪਰਦੇ ਪਾਉਂਦਾ ਹਾਂ, ਕਿ ਲੋਕ ਕੀ ਆਖਣਗੇ?”

ਬਲਜਿੰਦਰ ਸੰਘਾ ਹੋਰੀਂ ਅਪਣੀ ਲਘੁ ਕਵਿਤਾ “ਡਰੱਗ ਡੀਲਰਾਂ ਦੇ ਨਾਂ” ਵਿੱਚ ਬਹੁਤ ਕੁਝ ਕਹਿ ਗਏ –

“ਜਿਸ ਤਰ੍ਹਾਂ, ਨਕਲਾਂ ਮਾਰ ਕੇ ਕੀਤੀ, ਪੜਾਈ ਨਹੀਂ ਹੁੰਦੀ

 ਉਸੇ ਤਰ੍ਹਾਂ ਜ਼ਿੰਦਗੀਆਂ, ਗਾਲ ਕੇ ਕੀਤੀ, ਕਮਾਈ ਨਹੀਂ ਹੁੰਦੀ”

ਜਗਦੀਸ਼ ਚੋਹਕਾ ਹੋਰਾਂ ਹੀਰੋਸ਼ੀਮਾ-ਨਾਗਾਸਾਕੀ ਤੇ ਹੋਈ ਪਰਮਾਣੂ ਬੰਬਾਰੀ ਦੀ ਬਰਸੀ ਤੇ ਮ੍ਰਤਿਕਾਂ ਨੂੰ ਸ਼ਰਧਾਂਜਲੀ ਦੇਂਦਿਆਂ ਹੋਇਆਂ ਅਮਰੀਕੀ ਸਰਕਾਰ ਦੇ ਅਜੋਕੇ ਰੱਵਈਏ ਦੀ ਨਿਖੇਧੀ ਕੀਤੀ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪਰਮਾਣੂ ਬੰਬਾਰੀ ਦੀ ਬਰਸੀ ਤੇ ਮ੍ਰਤਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਰਾਕ ਹਮਲੇ ਬਾਰੇ ਕੁਝ ਸ਼ੇਅਰ ਪੜ੍ਹੇ –

“ਫਿਰ ਫਰੰਗੀ ਕਰ ਵਖਾਇਆ, ਹੋਰ ਕਾਰਾ ਦੋਸਤੋ

 ਘੁੱਗ ਵਸਦਾ ਦੇਸ ਢਾਇਆ, ਏਸ ਸਾਰਾ ਦੋਸਤੋ”

ਉਪਰੰਤ ਅਪਣੀ ਇਹ ਗ਼ਜ਼ਲ ਬਾ-ਤਰੰਨਮ ਸਾਂਝੀ ਕਰਕੇ ਵਾਹ-ਵਾਹ ਲੈ ਲਈ –

“ਪੀੜ ਵਿਲਕੇ ਕਸਕ ਬਣਕੇ ਯਾਰ ਤੇਰੇ ਜਾਣ ਦੀ

ਦੇ ਗਿਓਂ ਤੂੰ ਰੀਝ ਐਸੀ ਦਰਦ ਨੂੰ ਸਹਿਲਾਣ ਦੀ।

ਭਰ ਗਿਓਂ ਸਹਿਰਾ ਦੇ ਵਰਗੀ ਸੁੰਨ ਮੇਰੇ ਨੈਣ ਤੂੰ

ਹੈ ਸਵਾਂਤੀ ਬੂੰਦ ਵਰਗੀ ਆਸ ਤੇਰੇ ਆਣ ਦੀ।

ਹਰਨੇਕ ਬੱਧਨੀ ਹੋਰਾਂ ਅਪਣੀ ਇਸ ਗ਼ਜ਼ਲ ਨਾਲ ਅਜੋਕੇ ਸਮਾਜ ਨੂੰ ਲਲਕਾਰਿਆ –

“ਬਾਬਾ ਤੇਰੇ ਦੇਸ਼ ‘ਚ ਹੋ ਗਈ ਕਤਲ ਕੰਦੀਲ ਬਲੋਚ

 ਦੱਸ ਧੀਆਂ ਨੂੰ ਇਉਂ ਮਾਰਨ ਦੀ ਕਦ ਬਦਲੇਗੀ ਸੋਚ?”

ਪ੍ਰਕਾਸ਼ ਸੋਹਲ ਹੋਰਾਂ ਸਭਾ ਦੀ ਸ਼ਾਈਸਤਗੀ ਦੀ ਸ਼ਲਾਘਾ ਕਰਦੇ ਹੋਏ ਰਾਈਟਰਜ਼ ਫੋਰਮ ਦੇ ਮੈਂਬਰਾਂ ਨੂੰ ਵਧਾਈ ਦਿਤੀ ਅਤੇ ਅਪਣੇ ਪਿਛੋਕੜ ਦੀ ਰੋਚਕ ਜਾਕਾਰੀ ਅਤੇ ਅਪਣੀਆਂ ਰਚਨਾਵਾਂ ਸਾਂਝੀਆਂ ਕਰਨ ਤੋਂ ਪਹਿਲੋਂ ਇਹ ਸ਼ੇਅਰ ਪੜ੍ਹਿਆ –

“ਖ਼ੁਸ਼  ਦੇਸ਼  ਦੇ  ਬਾਸ਼ਿੰਦਿਓ, ਇਹ  ਪੈਗ਼ਾਮ  ਲੈ  ਕੇ  ਆਇਆਂ

 ਤਮਾਮ ਕਨੇਡਿਅਨ ਦੀ ਨਜ਼ਰ ਲੰਡਨ ਦਾ ਸਲਾਮ ਲੈ ਕੇ ਆਇਆਂ”

ਉਪਰੰਤ ਵਖਰੇ-ਵਖਰੇ ਵਿਸ਼ਿਆਂ ਤੇ ਲਿਖਿਆਂ ਅਪਣੀਆਂ ਕਵਿਤਾਵਾਂ ਨਾਲ ਹਾਜ਼ਰੀਨ ਤੋਂ ਬਾਰ-ਬਾਰ ਤਾੜੀਆਂ ਖੱਟਿਆਂ –

“ਪਿੰਡ  ਮੇਰੇ  ਨੇ  ਬਹੁਤ  ਸਾਰੀ  ਤਰੱਕੀ  ਕਰ  ਲਈ

 ਬਾਕੀ ਸਭ ਕੁਝ ਠੀਕ-ਠਾਕ ਹੈ, ਬਜ਼ੁਰਗੀ ਮਰ ਗਈ”

“ਛੱਤ ਸੀ ਤਾਂ ਘਰ ਸੀ, ਗਿਆਨ ਸੀ ਤਾਂ, ਗੁਰੂਘਰ ਸੀ ਉਹ

 ਧਰਮ ਦੀ ਕਾਰੋਬਾਰੀ ਦੋਸਤੋ, ਮਹਜ਼ ਦੁਕਾਨ ਬਨ ਕੇ ਰਹਿ ਗਈ”

“ਬੰਦੇ ਨੂੰ ਚਾਹੀਦਾ ਕਿ ਉਹ ਉਸ ਦੀ ਰਜ਼ਾ ਰ੍ਹਵੇ

 ਉਸ ਨੂੰ ਚਾਹੀਦਾ ਕਿ ਉਹ ਅਪਣੀ ਜਗਾ ਰ੍ਹਵੇ”

ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਹਿੰਦੀ ਸ਼ੇਅਰ ਸੁਣਾ ਦਾਦ ਖੱਟ ਲਈ –

“ਕਭੀ “ਤਨਹਾ” ਕੋਈ ਅਪਨੀ ਖ਼ੁਸ਼ੀ ਸੇ ਤੋ ਨਹੀਂ ਹੋਤਾ

 ਨ ਜਾਨੇ ਕਿਤਨੀ ਚੋਟੋਂ ਕੇ ਨਿਸ਼ਾਂ ਦਿਲ ਪੇ ਬਨੇ ਹੋਂਗੇ”

ਗਗਨਦੀਪ ਸਿੰਘ ਗਹੂਣੀਆ ਹੋਰਾਂ ਅਪਣੀ ਰਚਨਾ ‘ਜੇਕਰ ਬਚੇ ਤਾਂ ਬਚਾਂਗੇ ਇੱਕ ਹੋਕੇ’ ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ ਅਤੇ ਆਪਸੀ ਏਕਤਾ ਦੇ ਇਸ ਸੁਨੇਹੇ ਨਾਲ ਤਾੜੀਆਂ ਖੱਟ ਲਈਆਂ -

“ਇੱਕ ਵਤਨ ਸਾਡਾ ਇੱਕ ਕੌਮ ਸਾਡੀ

 ਇੱਕ ਕਿਸ਼ਤੀ ਤੇ ਇੱਕ ਮਲਾਹ ਲੋਕੋ।

 ਅਸੀਂ ਇੱਕ ਹਾਂ ਇੱਕ ਹੀ ਖੂਨ ਸਾਡਾ

 ਹੋਣੀ ਕਬਰ ਤੇ ਇੱਕ ਸਵਾਹ ਲੋਕੋ।”

ਬਖ਼ਸ਼ੀਸ਼ ਗੋਸਲ ਹੋਰਾਂ ਅਪਣੀ ਰਚਨਾ ਤਰੰਨਮ ਵਿੱਚ ਪੜ੍ਹਕੇ ਤਾੜੀਆਂ ਲੈ ਲਈਆਂ –

“ਮੌਸਮ ਵਾਂਗੂੰ  ਯਾਰਾਂ ਦੇ  ਕਿਰਦਾਰ  ਬਦਲਦੇ ਵੇਖੇ ਨੇ

 ਜੀਣ-ਮਰਣ ਦੇ ਵਾਦੇ, ਕੌਲ-ਕਰਾਰ ਬਦਲਦੇ ਵੇਖੇ ਨੇ”

ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ਰਾਹੀਂ ਪਸੁਆਂ ਦੀ ਫਰਿਯਾਦ ਸਾਂਝੀ ਕੀਤੀ -

“ਵਾਹ ਓਏ ਬੰਦਿਆ ਵਾਹ

 ਆਪ ਅਜਾਦੀ ਚਾਹਵੇਂ, ਸਾਨੂੰ ਲਿਆ ਗੁਲਾਮ ਬਣਾ।

 ਬਚਪਨ ਦੇ ਵਿੱਚ ਮਾਂ ਦਾ ਦੁੱਧ ਵੀ ਰੱਜਕੇ ਪੀਣ ਨਾ ਦਿੱਤਾ

 ਖੋਹਕੇ ਸਾਡਾ ਹੱਕ, ਬਣਾਇਆ ਦੁੱਧ ਤੂੰ ਆਪਣਾ ਕਿੱਤਾ

 ਇੱਕ ਥਣ ਦੇ ਵਿੱਚੋਂ ਵੀ ਤੂੰ, ਹਿੱਸਾ ਲਿਆ ਵੰਡਾ, ਵਾਹ ਓਏ ਬੰਦਿਆ...”

ਇਨ. ਰਾਮ ਸਰੂਪ ਸੈਨੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਅਤੇ ਅਮਰੀਕ ਚੀਮਾ ਹੋਰਾਂ “ਉਜਾਗਰ ਸਿੰਘ ਕੰਵਲ” ਦਾ ਲਿਖਿਆ ਇਕ ਪੰਜਾਬੀ ਗੀਤ ਬਾ-ਤਰੰਨਮ ਗਾਕੇ ਰੌਣਕ ਲਾ ਦਿੱਤੀ।

ਮੋਹੱਮਦ ਯਾਸੀਨ ਹੋਰਾਂ ਅੰਗ੍ਰੇਜ਼ੀ ਅਤੇ ਉਰਦੂ ਦੀਆਂ ਅਪਣੀਆਂ ਕੁਝ ਸਤਰਾਂ ਦੇ ਨਾਲ ਵਾਹ-ਵਾਹ ਲਈ –

“ਗਏ  ਦਿਨੋਂ  ਕੀ  ਰਫ਼ਾਕਤੋਂ  ਕਾ  ਹੈ ਬੋਝ  ਸਰ  ਪਰ

 ਮਗ਼ਰ ਮੈਂ ਅਬ ਤਕ ਥਕਾ ਨਹੀਂ ਹੂੰ, ਮੈਂ ਚਲ ਰਹਾ ਹੂੰ”

ਜਸਵੀਰ ਸਿਹੋਤਾ ਹੋਰਾਂ ਜਸਬੀਰ ਸਿੰਘ ਧਾਰੀਵਾਲ ਦੇ ਭਰੀ ਜਵਾਨੀ ਵਿੱਚ ਅਚਾਨਕ ਅਕਾਲ-ਚਲਾਣੇ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ ਜਿਸਨੂੰ ਸੁਣਕੇ ਪੂਰੀ ਸਭਾ ਨੇ ਇਕ ਮਿੰਟ ਦਾ ਮੌਨ ਰਖਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਦਿੱਤੀ। ਉਪਰੰਤ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਿਤੇ।

ਸਰੂਪ ਸਿੰਘ ਮੰਡੇਰ ਹੋਰਾਂ ਖਣਕਦਾਰ ਅਵਾਜ਼ ‘ਚ ਅਪਣੀ ਇਸ ਰਚਨਾ ਨਾਲ ਤਾੜੀਆਂ ਲੈ ਲਈਆਂ –

“ਵੰਡ-ਵੰਡ ਕੇ ਛਕਣਾ ਕਿੱਥੇ, ਨਾਮ ਦਾ ਜਪਣਾ ਕਿੱਥੇ

 ਸੱਜਣ ਵੀ ਫੇਰਦਾ ਮਾਲਾ, ਅੰਦਰੋਂ ਜੋ ਦਿਲ ਦਾ ਕਾਲਾ

 ਉਤੋਂ ਸਾਧ ਤੇ ਵਿੱਚੋਂ ਹਤਿਆਰਾ, ਜੀ ਭਾਈ ਲਾਲੋ ਫਿਰੇ ਰੁਲਦਾ....”

ਜਗਜੀਤ ਸਿੰਘ ਰਾਹਸੀ ਹੋਰਾਂ ਦੂਜੇ ਸ਼ਾਇਰਾਂ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ, ਜੀਤ ਸਿੰਘ ਸਿੱਧੂ ਹੋਰਾਂ ਇਕ ਕੌਮਾਂਤਰੀ ਗੀਤ, ਲਖਵਿੰਦਰ ਸਿੰਘ ਹੋਰਾਂ ਕੁਝ ਸ਼ੇਅਰ ਅਤੇ ਜਰਨੈਲ ਤੱਗੜ ਹੋਰਾਂ ਪੰਜਾਬ ਦੇ ਮਾੜੇ ਹਾਲ ਦੀ ਗੱਲ ਕਰਦਿਆਂ ਅਪਣੀ ਪੰਜਾਬੀ ਕਵਿਤਾ ਸਾਂਝੀ ਕੀਤੀ।

ਸੁਖਵਿੰਦਰ ਸਿੰਘ ਤੂਰ ਹੋਰਾਂ ਦੇ ਗਾਏ ਹਰਨੇਕ ਬੱਧਨੀ ਦੇ ਗੀਤ ‘ਭੁਲਿਓ ਨਾ ਤੁਸੀਂ ਕਦੇ ਆਪਣੇ ਪੰਜਾਬ ਨੂੰ’ ਉਪਰੰਤ ਰਾਈਟਰਜ਼ ਫੋਰਮ ਵਲੋਂ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਹੱਥੋਂ ਪ੍ਰਕਾਸ਼ ਸੋਹਲ ਹੋਰਾਂ ਨੂੰ ਤਾੜੀਆਂ ਦੀ ਗੂੰਜ ਵਿੱਚ ਸਨਮਾਨ ਪਤਰ ਭੇਂਟ ਕੀਤਾ ਗਿਆ।

ਇਹਨਾਂ ਤੋਂ ਇਲਾਵਾ ਮੱਖਣ ਸਮਰਾ, ਬੀਬੀ ਪ੍ਰਕਾਸ਼ ਕੌਰ ਸਮਰਾ, ਬੀਬੀ ਜਿੰਦਰ ਸੋਹਲ, ਹੈਰੀ ਸਮਰਾ, ਗੁਰਦੀਪ ਸਿੰਘ ਅਤੇ ਬੀਬੀ ਗੁਰਜੀਤ ਕੌਰ ਮੌਹੜਾ ਹੋਰਾਂ ਵੀ ਸਭਾ ਦੀ ਰੌਣਕ ਵਧਾਈ।

ਜੱਸ ਚਾਹਲ