ਧ੍ਰਿਤਰਾਸ਼ਟਰ - 5 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਵੀ ਕਾਲਜ ਦਾ ਮੂੰਹ ਵੇਖਿਆ

ਇਹ ਗੱਲ ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸਕੂਲ ਵਿਚ ਮੈਨੂੰ ਸੱਤਵੀਂ ਤੱਕ ਪੜ੍ਹਨ ਦਾ ਹੀ ਮੌਕਾ ਮਿਲਿਆ ਸੀ ਤੇ ਬਾਕੀ ਸਾਰੀ ਬੀ.ਏ. ਤੱਕ ਦੀ ਪੜ੍ਹਾਈ ਰੁੜ੍ਹ-ਖੁੜ੍ਹ ਕੇ ਹੀ ਕੀਤੀ ਸੀ। ਕਾਲਜ ਦਾ ਮੂੰਹ ਦੇਖਣ ਦਾ ਸ਼ਾਇਦ ਮੌਕਾ ਹੀ ਨਾ ਮਿਲਦਾ ਜੇ ਮਾਸਟਰ ਬਣਨ ਲਈ ਬੀ.ਐਡ. ਦੀ ਟਰੇਨਿੰਗ ਜ਼ਰੂਰੀ ਨਾ ਹੁੰਦੀ। ਬੀ.ਐਡ. ਓਦੋਂ ਕਾਲਜ ਵਿਚ ਦਾਖਲ ਹੋ ਕੇ ਹੀ ਕੀਤੀ ਜਾਂਦੀ ਸੀ। ਪਹਿਲਾਂ ਇਸ ਡਿਗਰੀ ਨੂੰ ਬੀ.ਟੀ. ਅਰਥਾਤ ਬੈਚੂਲਰ ਆਫ ਟੀਚਿੰਗ ਕਹਿੰਦੇ ਸਨ ਪਰ ੧੯੫੯-੬ਂ ਪਿੱਛੋਂ ਇਸ ਡਿਗਰੀ ਦਾ ਨਾਂ ਬੀ.ਐਡ. ਅਰਥਾਤ ਬੈਚੂਲਰ ਆਫ ਐਜੂਕੇਸ਼ਨ ਪੈ ਗਿਆ ਸੀ।
ਓਦੋਂ ਬੀ.ਐਡ. ਦੇ ਦਾਖਲੇ ਲਈ ਕੋਈ ਕੰਪੀਟੀਸ਼ਨ ਨਹੀਂ ਸੀ ਹੁੰਦਾ, ਜਿਸ ਕੋਲ ਵੀ ਬੀ.ਏ. ਜਾਂ ਬੀ.ਐਸ-ਸੀ. ਦੀ ਡਿਗਰੀ ਹੁੰਦੀ, ਉਹ ਕਿਸੇ ਬੀ.ਐਡ. ਕਾਲਜ ਵਿਚ ਜਾ ਕੇ ਫਾਰਮ ਤੇ ਫੀਸ ਭਰਦਾ ਤੇ ਦਾਖਲਾ ਲੈ ਲੈਂਦਾ।
ਜੁਆਰ ਦੇ ਸਕੂਲ ਤੋਂ ਹਿਸਾਬ-ਕਿਤਾਬ ਨੱਕੀ ਕਰਕੇ ਜਿਹੜੇ ਸਾਢੇ ਤਿੰਨ ਸੌ ਰੁਪਏ ਲੈ ਕੇ ਆਇਆ ਸੀ, ਉਹ ਭਰਾ ਨੇ ਮੈਥੋਂ ਫੜੇ ਨਹੀਂ ਸਨ ਅਤੇ ਬੀ.ਐਡ. ਦੇ ਦਾਖਲੇ ਲਈ ਸਾਂਭ ਕੇ ਰੱਖ ਲੈਣ ਲਈ ਕਿਹਾ ਸੀ। ਦਾਖਲਾ ਭਰਨ ਤੇ ਕਿਤਾਬਾਂ ਖਰੀਦਣ ਪਿੱਛੋਂ ਵੀ ਪੰਜਾਹ ਰੁਪਏ ਬਚ ਗਏ ਸਨ।
ਮਾਂ ਨੂੰ ਵੀ ਮੇਰੇ ਕੋਲ ਜੁਆਰ ਰਹਿ ਕੇ ਸੁਖ ਦਾ ਭੁਸ ਪੈ ਗਿਆ ਸੀ। ਮੈਂ ਵੀ ਸੋਚਿਆ ਕਿ ਜੇ ਮਾਂ ਨੂੰ ਮੋਗੇ ਲੈ ਜਾਵਾਂ ਤਾਂ ਕੁਝ ਮਹੀਨਿਆਂ ਲਈ ਸੱਪ ਵੀ ਮਰਦਾ ਹੈ ਤੇ ਸੋਟੀ ਵੀ ਬਚਦੀ ਹੈ। ਮਾਂ ਤੇ ਭਾਬੀ ਵਿਚਕਾਰ ਖਿੱਚੋਤਾਣ ਕੁਝ ਮਹੀਨੇ ਤਾਂਖਤਮ ਹੋਵੇਗੀ ਹੀ, ਮੈਨੂੰ ਵੀ ਹੋਸਟਲ ਦੀਆਂ ਕੱਚੀਆਂ ਤੇ ਮੱਚੀਆਂ ਰੋਟੀਆਂ ਨਹੀਂ ਖਾਣੀਆਂ ਪੈਣਗੀਆਂ। ਇਸ ਲਈ ਜਦੋਂ ਇਹ ਤਜਵੀਜ਼ ਭਰਾ ਤੇ ਭਾਬੀ ਕੋਲ ਰੱਖੀ, ਦੋਵੇਂਖੁਸ਼ ਸਨ। ਦੋਵਾਂ ਦੀਖੁਸ਼ੀ ਦੇ ਕਾਰਨ ਵੱਖੋ-ਵੱਖਰੇ ਹੋ ਸਕਦੇ ਹਨ। ਜੁਆਰ ਜਾਣ ਵਾਂਗ ਜਿਵੇਂ ਮਾਂ ਨੂੰ ਮੁੜ ਚਾਅ ਚੜ੍ਹ ਗਿਆ ਹੋਵੇ।
ਮੋਗੇ ਦੀ ਗਲੀ ਨੰਬਰ ਦੋ ਸਾਹਮਣੇ ਐਮ.ਡੀ.ਏ.ਐਸ. ਹਾਇਰ ਸੈਕੰਡਰੀ ਸਕੂਲ ਦੇ ਨੇੜੇ ਦਸ ਰੁਪਏ ਮਹੀਨਾ ਕਿਰਾਏ 'ਤੇ ਇਕ ਚੁਬਾਰਾ ਮਿਲ ਗਿਆ। ਚੁਬਾਰੇ ਦੇ ਨਾਲ ਹੀ ਸਲ੍ਹੀਣੇ ਵਾਲੀ ਭੈਣ ਦੇ ਇਕ ਗੁਆਂਢੀ ਦੀ ਰਹਾਇਸ਼ ਸੀ। ਭੂਆ ਦੇ ਘਰ ਜਾਣ ਨੂੰ ਵੀ ਦੋ ਮਿੰਟ ਤੋਂ ਵੱਧ ਸਮਾਂ ਨਹੀਂ ਸੀ ਲਗਦਾ। ਮਾਂ ਲਈ ਇਥੇ ਚੁਬਾਰੇ 'ਚ ਰਹਿ ਕੇ ਮੇਰੀ ਗੈਰ-ਹਾਜ਼ਰੀ ਵਿਚ ਵਕਤ ਗੁਜ਼ਾਰਨਾ ਔਖਾ ਨਹੀਂ ਸੀ। ਕੋਈ ਨਾ ਕੋਈ ਰਿਸ਼ਤੇਦਾਰ ਉਸ ਕੋਲ ਬੈਠੀ ਹੀ ਰਹਿੰਦੀ। ਮਾਂ ਦੇ ਤਾਏ ਦੀ ਧੀ ਹਰ ਕੁਰ ਦਾ ਤਾਂ ਸਾਡਾ ਚੁਬਾਰਾ ਪੱਕਾ ਅੱਡਾ ਬਣ ਗਿਆ ਸੀ।
ਰੋਟੀ ਖਾਣ ਪਕਾਉਣ ਦਾ ਮਸਲਾ ਤਾਂ ਹੱਲ ਹੋ ਗਿਆ ਸੀ ਪਰ ਰਾਸ਼ਨ, ਚੁਬਾਰੇ ਦਾ ਕਿਰਾਇਆ ਤੇ ਕਾਲਜ ਦੇ ਹੋਰ ਖਰਚਾਂ ਦਾ ਪ੍ਰਬੰਧ ਮੈਂ ਆਪ ਹੀ ਕਰਨਾ ਸੀ। ਭਰਾ ਵੀ ਏਥੇ ਟਿਊਸ਼ਨਾਂ ਕਰਕੇ ਹੀ ਬੀ.ਐ=ੱਡ. ਕਰਕੇ ਗਿਆ ਸੀ। ਮੇਰੇ ਲਈ ਵੀ ਟਿਊਸ਼ਨਾਂ ਕਰਨਾ ਜ਼ਰੂਰੀ ਸੀ।
ਤਾਏ ਦੇ ਪੋਤੇ ਮਾਸਟਰ ਦੇਵ ਰਾਜ ਦਾ ਮੋਗੇ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਚੰਗਾ ਰਸੀਂ ਸੀ। ਉਹ ਪਹਿਲਾਂ ਸਨਾਤਨ ਧਰਮ ਸਕੂਲ ਵਿਚ ਪੜ੍ਹਾ ਕੇ ਗਿਆ ਸੀ ਤੇ ਹੁਣ ਮੋਗੇ ਦੇ ਨੇੜੇ ਹੀ ਕਿਸੇ ਸਕੂਲ ਵਿਚ ਮਾਸਟਰ ਸੀ। ਸਨਾਤਨ ਧਰਮ ਸਕੂਲ ਦਾ ਸੈਕੰਡ ਮਾਸਟਰ ਰਿਖੀ ਰਾਮ ਦੇਵ ਰਾਜ ਦੀ ਬੜੀ ਮੰਨਦਾ ਸੀ। ਦੋਹਾਂ ਦੇ ਪ੍ਰਭਾਵ ਨਾਲ ਮੈਨੂੰ ਦੋ ਟਿਊਸ਼ਨਾਂ ਮਿਲ ਗਈਆਂ ਤੇ ਮਿਲੀਆਂ ਵੀ ਪੂਰੇ ਸੈਸ਼ਨ ਲਈ।
ਪਹਿਲੀ ਟਿਊਸ਼ਨ ਇਕ ਕੁੜੀ ਦੀ ਸੀ। ਉਹ ਮੋਟੀ ਕੁੜੀ ਨਰਮ ਤੇ ਭੋਲੀ ਸੀ ਪਰ ਅਮੀਰਾਂ ਦੇ ਬੱਚਿਆਂ ਵਾਂਗ ਲਾਡਲੀ ਹੋਣ ਕਾਰਨ ਪੜ੍ਹਨ ਵਿਚ ਦਿਲਚਸਪੀ ਨਹੀਂ ਸੀ ਲੈਂਦੀ। ਪਿਉ ਉਸ ਦਾ ਸਿਰ 'ਤੇ ਨਹੀਂ ਸੀ। ਟਿਊਸ਼ਨ ਦੇ ਪੈਸੇ ਉਸ ਦੀ ਮਾਂ ਨੇ ਆਪਣੇ ਪੁੱਤਰਾਂ ਤੋਂ ਫੜ ਕੇ ਹੀ ਦੇਣੇ ਹੁੰਦੇ ਸਨ। ਕੁੜੀ ਕਿਸੇ ਸਕੂਲ ਵਿਚ ਨਹੀਂ ਸੀ ਪੜ੍ਹਦੀ। ਇਸ ਲਈ ਮੈਂ ਦੋ ਵਜੇ ਹੀ ਉਸ ਨੂੰ ਪੜ੍ਹਾਉਣ ਚਲਾ ਜਾਂਦਾ। ਉਹਨਾਂ ਦਾ ਘਰ ਚੁਬਾਰੇ ਤੋਂ ਚਾਰ ਕੁ ਫਰਲਾਂਗ ਦੀ ਵਿੱਥ 'ਤੇ ਸੀ। ਕਦੇ ਮੈਂ ਕਾਲਜੋਂ ਸਿੱਧਾ ਪੜ੍ਹਾਉਣ ਚਲਿਆ ਜਾਂਦਾ ਤੇ ਕਦੇ ਘਰੋਂ ਰੋਟੀ ਖਾ ਕੇ। ਉਹਨੂੰ ਬੜੇ ਲਾਡ ਨਾਲ ਪੜ੍ਹਾਉਣਾ ਪੈਂਦਾ। ਪੜ੍ਹਨ ਨਾਲੋਂ ਉਹ ਗੱਲਾਂ ਕਰਨ ਵਿਚ ਵੱਧ ਰੁਚੀ ਰਖਦੀ ਸੀ ਪਰ ਮੈਂ ਉਸ ਦੀ ਗੱਲ ਸੁਣੇ ਬਿਨਾਂ ਹੀ ਉਸ ਨੂੰ ਪੜ੍ਹਾਉਣ ਵਿਚ ਲਾਈ ਰੱਖਦਾ। ਭਾਵੇਂ ਟਿਊਸ਼ਨ ਪੜ੍ਹਾਉਣ ਦੇ ਪਹਿਲੇ ਦਿਨ ਕੋਈ ਗੱਲ ਤਾਂ ਖੁੱਲ੍ਹੀ ਨਹੀਂ ਸੀ ਪਰ ਐਫ.ਏ. 'ਚ ਪੜ੍ਹਦੀ ਦੂਜੀ ਕੁੜੀ ਮੇਰਾ ਅੱਧੇ ਤੋਂ ਵੱਧ ਘੰਟਾ ਖਾ ਜਾਂਦੀ। ਜਵਾਬ ਮੈਂ ਦੋ ਗੱਲਾਂ ਕਾਰਨ ਨਹੀਂ ਸੀ ਦੇ ਸਕਦਾ। ਇਕ ਤਾਂ ਇਹ ਕਿ ਉਹ ਪਰਿਵਾਰ ਮੇਰੀ ਖਾਤਰ-ਸੇਵਾ ਬੜੀ ਕਰਦਾ ਸੀ। ਮੇਰੀ ਇੱਛਾ ਅਨੁਸਾਰ ਰੋਜ਼ ਕੁਝ ਠੰਡਾ ਜਾਂ ਤੱਤਾ ਪਿਲਾਇਆ ਜਾਂਦਾ। ਚਾਹ ਨਾਲ ਕੁਝ ਖਾਣ ਲਈ ਵੀ ਰੱਖਿਆ ਜਾਂਦਾ। ਸਾਰਾ ਟੱਬਰ ਸਮੇਤ ਕੁੜੀਆਂ ਦੀ ਮਾਂ, ਮੈਨੂੰ ਹੱਥ ਜੋੜ ਕੇ ਨਮਸਕਾਰ ਕਰਦੇ। ਦੂਜੇ ਇਹ ਕਿ ਮਹੀਨਾ ਪੂਰਾ ਹੋਣ ਤੋਂ ਵੀ ਪਹਿਲਾਂ ਉਹ ਬਿਰਧ ਮਾਤਾ ਪੰਜਾਹ ਰੁਪਏ ਆਪ ਆ ਕੇ ਘਰ ਫੜਾ ਕੇ ਜਾਂਦੀ। ਅਜਿਹੀ ਟਿਊਸ਼ਨ ਛੱਡ ਕੇ ਮੈਂ ਕੋਈ ਹੋਰ ਰੇੜਕੇ ਵਾਲੀ ਟਿਊਸ਼ਨ ਨਹੀਂ ਸੀ ਕਰਨਾ ਚਾਹੁੰਦਾ।
ਦੂਜੀ ਟਿਊਸ਼ਨ ਮੇਰੇ ਨਾਲੋਂ ਦਸ ਕੁ ਸਾਲ ਵੱਡੇ ਵਿਦਿਆਰਥੀ ਦੀ ਸੀ। ਉਸ ਦਾ ਆਪਣਾ ਬੇਟਾ ਸ਼ਾਇਦ ਮਸੂਰੀ ਪੜ੍ਹਦਾ ਸੀ। ਭਾਵੇਂ ਉਹ ਹਲਵਾਈ ਦਾ ਕੰਮ ਕਰਦਾ ਸੀ ਪਰ ਇਸ ਕਾਰੋਬਾਰ ਵਿਚ ਵੀ ਉਹ ਕਿਸੇ ਮਿੱਲ ਮਾਲਕ ਤੋਂ ਘੱਟ ਨਹੀਂ ਸੀ। ਪਹਿਲਾਂ ਤਾਂ ਉਹ ਅਨਪੜ੍ਹ ਹੀ ਸੀ। ਪੜ੍ਹਨ-ਲਿਖਣ ਦੀ ਜਾਗ ਉਸ ਨੂੰ ਕਾਰੋਬਾਰ ਵਿਚ ਪੈਣ ਪਿੱਛੋਂ ਲੱਗੀ ਸੀ। ਉਹ ਮੇਰੇ ਕੋਲ ਘਰ ਪੜ੍ਹਨ ਆਉਂਦਾ। ਘਰ ਮੇਰੇ ਕੋਲ ਸਿਰਫ ਦੋ ਮੰਜੇ ਸਨ। ਮੇਜ਼ ਕੁਰਸੀ ਕੋਈ ਹੈ ਹੀ ਨਹੀਂ ਸੀ। ਇਸ ਭੱਦਰ ਪੁਰਸ਼ ਨੇ ਮੇਰੀ ਆਰਥਿਕ ਹਾਲਤ ਭਾਂਪ ਲਈ ਸੀ। ਇਸ ਲਈ ਉਸ ਨੇ ਦੋ ਕੁਰਸੀਆਂ ਤੇ ਇਕ ਮੇਜ਼ ਮੇਰੀ ਗੈਰ-ਹਾਜ਼ਰੀ ਵਿਚ ਮੇਰੇ ਚੁਬਾਰੇ ਵਿਚ ਭਿਜਵਾ ਦਿੱਤਾ। ਮੈਂ ਉਸ ਦੀ ਸ਼ਰਧਾ ਤੇ ਸਤਿਕਾਰ ਅੱਗੇ ਕੁਝ ਵੀ ਨਹੀਂ ਸੀ ਬੋਲ ਸਕਦਾ। ਮੈਥੋਂ ਵੱਡੀ ਉਮਰ ਵਾਲਾ ਕੋਈ ਵਿਦਿਆਰਥੀ ਮੇਰਾ ਏਨਾ ਸਤਿਕਾਰ ਕਰੇਗਾ, ਇਸ ਦੀ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਮੈਂ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਆਮ ਤੌਰ 'ਤੇ ਉਸ ਨੂੰ ਪੜ੍ਹਾਉਣ ਦਾ ਕੰਮ ਮੁਕਾ ਲੈਂਦਾ। ਐਫ.ਏ. ਅੰਗਰੇਜ਼ੀ ਦੇ ਇਸ ਵਿਦਿਆਰਥੀ ਦਾ ਦਿਮਾਗੀ ਪੱਧਰ ਤਾਂ ਬਹੁਤਾ ਉਚਾ ਨਹੀਂ ਸੀ, ਪਰ ਉਹ ਮਿਹਨਤੀ ਬਹੁਤ ਸੀ। ਕਈ ਵਾਰ ਦਿਨ ਵੀ ਛਿਪ ਜਾਂਦਾ ਤੇ ਹਨੇਰਾ ਹੋ ਜਾਂਦਾ। ਉਹਦੀ ਇੱਛਾ ਹੁੰਦੀ ਕਿ ਮੈਂ ਉਸ ਨੂੰ ਹੋਰ ਪੜ੍ਹਾਈ ਜਾਵਾਂ। ਮੈਂ ਉਸ ਨੂੰ ਇਨਕਾਰ ਵੀ ਨਹੀਂ ਸੀ ਕਰ ਸਕਦਾ। ਭਾਵੇਂ ਉਸ ਦੇ ਐਨਕ ਲੱਗੀ ਹੋਈ ਸੀ ਤੇ ਮੇਰੇ ਵੀ, ਪਰ ਉਸ ਨੂੰ ਕੰਧ ਉਤੇ ਲੱਗੀ ਟਿਊਬ ਦੀ ਰੌਸ਼ਨੀ ਵਿਚ ਪੜ੍ਹਨ ਵਿਚ ਕੋਈ ਮੁਸ਼ਕਿਲ ਨਹੀਂ ਸੀ। ਮੈਨੂੰ ਇਸ ਤਰ੍ਹਾਂ ਦੀ ਮੁਸ਼ਕਿਲ ਕਈ ਸਾਲ ਤੋਂ ਆ ਰਹੀ ਸੀ। ਇਸ ਲਈ ਮੈਂ ਟੇਬਲ ਲੈਂਪ ਦਾ ਪ੍ਰਬੰਧ ਕਰ ਲਿਆ ਸੀ। ਪੰਦਰਾਂ ਵਾਟ ਦੇ ਦੂਧੀਆ ਬੱਲਬ ਨਾਲ ਮੈਨੂੰ ਕਿਤਾਬ ਪੜ੍ਹਨ ਵਿਚ ਕੋਈ ਔਖ ਨਹੀਂ ਸੀ ਆਉਂਦੀ। ਉਸ ਨੂੰ ਵੱਧ ਸਮਾਂ ਦੇਣ ਵਿਚ ਵੀ ਮੈਨੂੰ ਕੋਈ ਤਕਲੀਫ ਨਹੀਂ ਸੀ ਹੁੰਦੀ। ਟਿਊਸ਼ਨ ਦੇ ਪੰਜਾਹ ਰੁਪਏ ਤਾਂ ਉਹ ਦਿੰਦਾ ਹੀ ਸੀ, ਉਹ ਮੇਰੇ ਨਿੱਕੇ-ਮੋਟੇ ਹੋਰ ਕਈ ਘਰੇਲੂ ਕੰਮ ਵੀ ਕਰਵਾ ਦਿੰਦਾ ਹੁੰਦਾ ਸੀ। ਮਿੱਟੀ ਦੇ ਤੇਲ ਤੇ ਬਾਲਣ ਤੋਂ ਲੈ ਕੇ ਸਾਰਾ ਰਾਸ਼ਨ ਉਹਦੇ ਨੌਕਰ ਹੀ ਮੇਰੇ ਘਰ ਪੁਜਦਾ ਕਰਦੇ ਸਨ।
ਕਿਸੇ ਵੇਲੇ ਜਦੋਂ ਅਸੀਂ ਮੋਗੇ ਰਹਿੰਦੇ ਸਾਂ ਤੇ ਮੇਰਾ ਅਜੇ ਜਨਮ ਵੀ ਨਹੀਂ ਸੀ ਹੋਇਆ, ਭੈਣ ਕਾਂਤਾ ਇਥੇ ਕੰਨਿਆ ਪਾਠਸ਼ਾਲਾ ਵਿਚ ਪੜ੍ਹ ਕੇ ਗਈ ਸੀ। ਮੇਰੀ ਵਿਆਹੀ ਵਰੀ ਇਹ ਭੈਣ ਸਾਨੂੰ ਮਿਲਣ ਮਾਲੇਰਕੋਟਲੇ ਤੋਂ ਮੋਗੇ ਆਈ ਸੀ। ਗੋਦੀ ਉਸ ਦੇ ਓਦੋਂ ਛੋਟਾ ਬੇਟਾ ਨੰਨ੍ਹਾ ਸੀ, ਜਿਸ ਨੂੰ ਅੱਜ ਕੱਲ੍ਹ ਅਸੀਂ ਅਜੈ ਕੁਮਾਰ ਕਹਿੰਦੇ ਹਾਂ। ਨੰਨ੍ਹੇ ਨੂੰ ਲਿਵਰ ਦਾ ਭਿਆਨਕ ਰੋਗ ਸੀ; ਬਚਣ ਦੀ ਵੀ ਆਸ ਨਹੀਂ ਸੀ। ਸ਼ਾਇਦ ਭੈਣ ਉਸ ਨੂੰ ਵੈਦ ਤੀਰਥ ਰਾਮ ਨੂੰ ਦਿਖਾਉਣ ਆਈ ਸੀ। ਤੀਰਥ ਰਾਮ ਸਾਡੇ ਜੀਜਾ ਜੀ ਸਾਧੂ ਰਾਮ ਦਾ ਯਾਰ ਸੀ। ਦੋਵੇਂ ਸਿਆਸਤਦਾਨ ਸਨ ਤੇ ਗੂੜ੍ਹੇ ਮਿੱਤਰ ਵੀ। ਸ਼ਾਇਦ ਇਹ ਆਸਰਾ ਤੱਕ ਕੇ ਹੀ ਭੈਣ ਆਈ ਹੋਵੇ। ਪੰਜ-ਦਸ ਦਿਨ ਮਾਵਾਂ ਧੀਆਂ ਨੇ ੂਂਬ ਗੱਲਾਂ ਕਰਕੇ ਦਿਲ ਹੌਲਾ ਕੀਤਾ। ਭਾਣਜੇ ਦਾ ਰੋਗ ਜੇ ਘਟਿਆ ਨਹੀਂ ਸੀ ਤਾਂ ਵਧਿਆ ਵੀ ਨਹੀਂ ਸੀ। ਕਾਂਤਾ ਦੇ ਮੋਗੇ ਆਉਣ ਦੀਖਬਰ ਸੁਣ ਕੇ ਤਾਰਾ ਵੀ ਗੋਦੀ ਦੀਆਂ ਦੋਵੇਂ ਕੁੜੀਆਂ ਨੂੰ ਲੈ ਕੇ ਆ ਗਈ ਤੇ ਸਲ੍ਹੀਣੇ ਵਾਲੀ ਭੈਣ ਸ਼ੀਲਾ ਦੇ ਤਾਂ ਮੋਗਾ ਪੈਰਾਂ ਵਿਚ ਸੀ। ਤਿੰਨੇ ਭੈਣਾਂ ਤੇ ਚੌਥੀ ਮਾਂ ਤੇ ਆਥਣੇ ਮਾਸੀ ਹਰ ਕੁਰ ਦੀ ਮਹਿਫਲ, ਇਕ ਟਿਊਸ਼ਨ ਪੜ੍ਹਾਉਣ ਤੋਂ ਬਿਨਾਂ ਛੋਟੇ ਜਿਹੇ ਇਸ ਚੁਬਾਰੇ ਵਿਚ ਇਹ ਇਸਤਰੀ ਕਾਨਫਰੰਸ ਅਕਸਰ ਲਗਦੀ ਰਹਿੰਦੀ। ਮੈਂ ਇਸ ਲਈ ਨਹੀਂ ਸੀ ਬੋਲਦਾ, ਕਿਉਂਕਿ ਤਪੇ ਮੈਂ ਆਪਣੀਆਂ ਇਹਨਾਂ ਭੈਣਾਂ ਤੇ ਆਪਣੀ ਮਾਂ ਨੂੰ ਕਦੇ ਖੁਲ੍ਹ ਕੇ ਹਸਦੀਆਂ ਨਹੀਂ ਸੀ ਵੇਖਿਆ। ਏਥੇ ਇਹਨਾਂ ਸਾਰੀਆਂ ਨੂੰ ਪੂਰੀ ਆਜ਼ਾਦੀ ਸੀ। ਇਹਨਾਂ ਦੀ ੧੫ ਅਗਸਤ ੧੯੪੭ ਤਾਂ ਹੁਣ ਜਿਵੇਂ ਮੋਗੇ ਦੇ ਇਸ ਚੁਬਾਰੇ ਵਿਚ ਹੀ ਆਈ ਹੋਵੇ।
ਕਾਲਜ ਵਿਚ ਮੇਰੇ ਲਈ ਸਭ ਕੁਝ ਨਵਾਂ ਨਵਾਂ ਹੀ ਸੀ। ਮੇਰੇ ਅੰਦਰ ਇਕ ਹੀਣਭਾਵਨਾ ਵੀ ਜ਼ਰੂਰ ਹੋਵੇਗੀ। ਉਹਦਾ ਆਧਾਰ ਮੇਰੀ ਵਿਦਿਆ ਪ੍ਰਾਪਤੀ ਦੇ ਪਿਛੋਕੜ ਨਾਲ ਜਾ ਜੁੜਦਾ ਹੈ ਜਿਸ ਨੇ ਪੂਰੀ ਤਰ੍ਹਾਂ ਸਕੂਲ ਦੀ ਪੜ੍ਹਾਈ ਦਾ ਅਨੰਦ ਵੀ ਨਾ ਮਾਣਿਆ ਹੋਵੇ, ਉਹ ਕਾਲਜ ਦੇ ਮਾਹੌਲ ਵਿਚ ਏਨੀ ਛੇਤੀ ਕਿਵੇਂ ਰਚਮਿਚ ਸਕਦਾ ਹੈ। ਸੋ, ਪਹਿਲਾ ਮਹੀਨਾ ਮੈਂ ਪ੍ਰੋਫੈਸਰਾਂ ਤੇ ਕੁਝ ਵਿਦਿਆਰਥੀਆਂ ਨਾਲ ਜਾਣ-ਪਛਾਣ ਵਿਚ ਹੀ ਲੰਘਾ ਦਿੱਤਾ। ਕੁਝ ਪ੍ਰੋਫੈਸਰਾਂ ਦੇ ਦਿਲ ਵਿਚ ਸ਼ੁਰੂ ਵਿਚ ਮੇਰੇ ਪ੍ਰਤਿ ਲਗਾਓ ਇਸ ਲਈ ਵਧ ਗਿਆ ਸੀ, ਕਿਉਂਕਿ ਮੇਰਾ ਭਰਾ ਇਕ ਸਾਲ ਪਹਿਲਾਂ ਹੀ ਏਥੋਂ ਬੀ.ਐ=ੱਡ. ਕਰਕੇ ਗਿਆ ਸੀ। ਨਰਮ ਸੁਭਾ ਤੇ ਸੁਯੋਗ ਹੋਣ ਕਾਰਨ ਉਹ ਸਭ ਅਧਿਆਪਕਾਂ ਦੀ ਪ੍ਰਸ਼ੰਸਾ ਦਾ ਪਾਤਰ ਸੀ। ਉਹ ੩੬ ਸਾਲ ਦਾ ਸੀ ਜਦੋਂ ਉਸ ਨੇ ਬੀ.ਐ=ੱਡ. ਵਿਚ ਦਾਖਲਾ ਲਿਆ ਸੀ। ਇਸ ਲਈ ਵੀ ਸਭ ਪ੍ਰੋਫੈਸਰ ਉਸ ਦਾ ਬੜਾ ਸਤਿਕਾਰ ਕਰਦੇ ਸਨ। ਪੜ੍ਹਨ ਵਿਚ ਹੀ ਨਹੀਂ, ਉਹ ਖੇਡਾਂ ਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਮੋਹਰੀ ਸੀ। ਉਹ ਵਾਲੀਬਾਲ ਤੇ ਬੈਡਮਿੰਟਨ ਦਾ ਚੰਗਾ ਖਿਡਾਰੀ ਸੀ। ਸਟੇਜੀ ਕਵਿਤਾ ਦਾ ਧਨੀ ਸੀ। ਠਰੰ੍ਹਮੇ ਨਾਲ ਬੋਲਣ ਵਿਚ ਉਸ ਦਾ ਮੁਕਾਬਲਾ ਕੋਈ ਪ੍ਰੋਫੈਸਰ ਵੀ ਨਹੀਂ ਸੀ ਕਰ ਸਕਦਾ। ਅੰਗਰੇਜ਼ੀ 'ਤੇ ਉਸ ਦੀ ਏਨੀ ਪਕੜ ਸੀ ਕਿ ਅੰਗਰੇਜ਼ੀ ਵਿਚ ਲੈਕਚਰ ਦੇਣ ਸਮੇਂ ਕੁਝ ਪ੍ਰੋਫੈਸਰ ਵੀ ਉਸ ਤੋਂ ਝਿਪਦੇ ਸਨ। ਉਸ ਸਮੇਂ ਬੀ.ਐ=ੱਡ. ਦੀ ਸਿਖਿਆ ਤੇ ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ ਸੀ ਤੇ ਅੰਗਰੇਜ਼ੀ ਪੜ੍ਹਨ, ਲਿਖਣ ਤੇ ਬੋਲਣ ਵਿਚ ਹਰਬੰਸ ਲਾਲ ਗੋਇਲ ਦਾ ਕੋਈ ਸਾਨੀ ਨਹੀਂ ਸੀ। ਕੁਝ ਭਰਵੇਂ ਸਰੀਰ ਤੇ ਮੈਥੋਂ ਉਚੇ ਕੱਦ ਕਾਰਨ ਵੀ ਸਾਰੇ ਪ੍ਰੋਫੈਸਰ ਉਹਦਾ ਰੋਹਬ ਦਾਬ ਮੰਨਦੇ ਹੋਣਗੇ ਪਰ ਮੈਂ ਆਪਣੇ ਭਰਾ ਨਾਲੋਂ ਲਗਭਗ ਇਕ ਗੁਣ ਛੱਡ ਕੇ ਬਾਕੀ ਸਭ ਵਿਚ ਪਿੱਛੇ ਸੀ। ਅੰਗਰੇਜ਼ੀ ਮੇਰੀ ਬਹੁਤ ਵਧੀਆ ਸੀ ਪਰ ਭਰਾ ਵਰਗੀ ਨਹੀਂ ਸੀ। ਖਿਡਾਰੀ ਮੈਂ ਬਿਲਕੁਲ ਹੈ ਹੀ ਨਹੀਂ ਸੀ। ਇਕਹਿਰੇ ਸਰੀਰ ਤੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਕਾਰਨ ਮੈਂ ਇਕ ਸਧਾਰਨ ਮੁੰਡਾ ਜਿਹਾ ਹੀ ਲਗਦਾ ਹੋਵਾਂਗਾ। ਹਾਂ, ਸਾਹਿਤਕ ਸੂਝ ਪੱਖੋਂ ਮੈਂ ਆਪਣੇ ਭਰਾ ਤੋਂ ਅੱਗੇ ਸੀ। ਪੰਜਾਬੀ ਤੋਂ ਬਿਨਾਂ ਮੈਂ ਅੰਗਰੇਜ਼ੀ ਤੇ ਹਿੰਦੀ ਵਿਚ ਵੀ ਸਾਹਿਤ ਰਚਨ ਦੇ ਸਮਰੱਥ ਸੀ ਪਰ ਭਰਾ ਵਾਂਗ ਮੈਂ ਸਾਰੇ ਪੀਰਡਾਂ ਵਿਚ ਹਾਜ਼ਰ ਨਹੀਂ ਸੀ ਰਹਿ ਸਕਦਾ। ਭਰਾ ਤਾਂ ਟਿਊਸ਼ਨ ਪੜ੍ਹਾਉਣ ਦਾ ਕੰਮ ਰਾਤ ਵੇਲੇ ਵੀ ਕਰ ਸਕਦਾ ਸੀ ਪਰ ਮੈਨੂੰ ਇਹ ਸਾਰਾ ਕੰਮ ਦਿਨੇ ਦਿਨੇ ਹੀ ਨਿਬੇੜਨਾ ਪੈਂਦਾ। ਇਸ ਲਈ ਮੈਂ ਦੁਪਹਿਰ ਤੋਂ ਪਿੱਛੋਂ ਕੱਤਣ-ਬੁਣਨ ਦੇ ਦੋ ਪੀਰਡ ਲਗਾਤਾਰ ਨਹੀਂ ਸੀ ਲਾ ਸਕਦਾ। ਉਸ ਸਮੇਂ ਮੈਂ ਟਿਊਸ਼ਨ ਪੜ੍ਹਾਉਣੀ ਹੁੰਦੀ ਸੀ। ਸਿਰਫ ਹਫਤੇ ਵਿਚ ਮਸਾਂ ਇਕ ਵਾਰ ਹੀ ਕੱਤਣ-ਬੁਣਨ ਦੇ ਇਸ ਪ੍ਰੈਕਟੀਕਲ ਦੇ ਦੋ ਪੀਰਡਾਂ ਵਿਚ ਸ਼ਾਮਲ ਹੁੰਦਾ। ਇਹਨਾਂ ਪੀਰਡਾਂ ਵਿਚ ਸਭ ਵਿਦਿਆਰਥੀਆਂ ਨੇ ਗਾਂਧੀ ਚਰਖੇ 'ਤੇ ਕੱਤਣਾ ਹੁੰਦਾ ਸੀ। ਮੈਂ ਜਿਸ ਦਿਨ ਵੀ ਜਾਂਦਾ, ਗਾਂਧੀ ਚਰਖਾ ਨਾਲ ਲੈ ਕੇ ਜਾਂਦਾ। ਕੱਤਣਾ ਮੈਨੂੰ ਬਹੁਤ ਵਧੀਆ ਆਉਂਦਾ ਸੀ। ਉਸ ਦਿਨ ਪ੍ਰੇਮ ਸੂਦ ਤੇ ਮੇਰਾ ਇਕ ਹੋਰ ਜਮਾਤੀ ਪ੍ਰੋ.ਅਮਰ ਨਾਥ ਤੈਸ਼ ਨੂੰ ਛੇੜਨ ਦੇ ਮਾਰੇ ਮੇਰੀ ਸ਼ਿਕਾਇਤ ਲਾਉਂਦੇ :
**ਵੇਖੋ ਜੀ, ਆ ਗਿਐ ਪੂਰੇ ਹਫਤੇ ਪਿੱਛੋਂ ਪੋਇਟ। ਤੁਸੀਂ ਇਸ ਨੂੰ ਚਮਲ੍ਹਾ ਛੱਡਿਐ। ਅਸੀਂ ਤਾਂ ਆਪ ਅੱਗੇ ਤੋਂ ਪ੍ਰੈਕਟੀਕਲ ਨਹੀਂ ਲਾਉਣਾ।''
**ਓ ਭਈ, ਸੁਨੋ ਤੋ ਸਹੀ। ਮੈਂ ਤਰਸੇਮ ਜੀ ਕੋ ਕੁਛ ਕਹਿ ਨਹੀਂ ਸਕਤਾ। ਲਾਲਾ ਜੀ ਮੇਰੇ ਕੁੜਮ ਹੈਂ।'' ਤੈਸ਼ ਸਾਹਿਬ ਹਾਸੇ ਦੀ ਗੱਲ ਹਾਸੇ ਵਿਚਖਤਮ ਕਰ ਦਿੰਦੇ।
ਕੁੜਮ ਵਾਲੀ ਗੱਲ ਤੈਸ਼ ਸਾਹਿਬ ਨੇ ਸ਼ੁਰੂ ਵਿਚ ਹੀ ਨਿਬੇੜ ਦਿੱਤੀ ਸੀ। ਉਸ ਨੇ ਸਾਰੀ ਜਮਾਤ ਨੂੰ ਬੁੱਲ੍ਹਾਂ ਉਤੇ ਦੋ ਉਂਗਲਾਂ ਰਖਦਿਆਂ ਦੱਸਿਆ ਸੀ ਕਿ ਉਸ ਦੇ ਦੋਸਤ ਅਮਰ ਨਾਥ ਦੀ ਬੇਟੀ ਪੁਸ਼ਪਾ ਲਾਲਾ ਤਰਸੇਮ ਲਾਲ ਗੋਇਲ ਦੇ ਭਤੀਜੇ ਮਾਸਟਰ ਦੇਵ ਰਾਜ ਨੂੰ ਵਿਆਹੀ ਹੋਈ ਹੈ। ਮੁੰਡਿਆਂ ਨੇ ਵੀ ਨਾ ਮੇਰੇ ਨਾਲ ਲੜਾਈ ਮੁੱਲ ਲੈਣੀ ਹੁੰਦੀ ਤੇ ਨਾ ਤੈਸ਼ ਸਾਹਿਬ ਦਾ ਵਿਰੋਧ ਕਰਨਾ ਹੁੰਦਾ, ਬੱਸ ਹਾਸੇ ਠੱਠੇ ਲਈ ਹੀ ਇਹ ਨੋਕ-ਝੋਕ ਕਰਦੇ ਰਹਿੰਦੇ। ਇਸ ਬਹਾਨੇ ਬਹੁਤ ਸਾਰੇ ਹੋਰ ਮੁੰਡੇ ਕੁੜੀਆਂ ਨੂੰ ਵੀ ਗੈਰ-ਹਾਜ਼ਰ ਰਹਿਣ ਦਾ ਮੌਕਾ ਮਿਲ ਜਾਂਦਾ।
ਮੇਰੇ ਹੱਥ ਉਤੇ ਕਾਲਜ ਦੇ ਕੰਮ ਕਰਨ ਕਾਰਨ ਹੀ ਲੱਗੀ ਸੱਟ ਦਾ ਲੈਦਰ ਵਰਕ ਦੇ ਅਧਿਆਪਕ ਪ੍ਰੋ.ਰਾਠੌਰ ਨੂੰ ਪਤਾ ਸੀ ਪਰ ਉਸ ਨੂੰ ਤਾਂ ਆਪਣਾ ਪੂਰਾ ਕੰਮ ਚਾਹੀਦਾ ਸੀ---ਇਕ ਚੱਪਲਾਂ ਦਾ ਜੋੜਾ, ਇਕ ਐਨਕ ਕੇਸ, ਇਕ ਬਟੂਆ, ਇਕ ਕੋਆਇਨ ਕੇਸ ਤੇ ਇਕ ਲੇਡੀਜ਼ ਪਰਸ। ਲੇਡੀਜ਼ ਪਰਸ ਤਾਂ ਮੈਂ ਆਪਣੇ ਭਰਾ ਵਾਲਾ ਹੀ ਲਿਆ ਕੇ ਦਿਖਾ ਦਿੱਤਾ, ਕਿਉਂਕਿ ਉਹ ਘਰ ਸਾਂਭਿਆ ਪਿਆ ਸੀ। ਗੰਭੀਰ ਸੱਟ ਕਾਰਨ ਮੇਰੇ ਲਈ ਦੂਜਾ ਸਮਾਨ ਤਿਆਰ ਕਰਨਾ ਵੀ ਔਖਾ ਸੀ। ਮੈਨੂੰ ਇਹ ਕੰਮ ਕਰਵਾਉਣ ਲਈ ਕਾ.ਸਹਿਦੇਵ ਲਾਲ ਦਾ ਸਹਾਰਾ ਲੈਣਾ ਪਿਆ। ਉਹ ਕਮਿਊਨਿਸਟ ਦੇ ਤੌਰ 'ਤੇ ਸਾਰੇ ਪੰਜਾਬ ਵਿਚ ਪ੍ਰਸਿੱਧ ਸੀ। ਸਹਿਦੇਵ ਮੇਰੇ ਭਰਾ ਦਾ ਮੈਟ੍ਰਿਕ ਦਾ ਜਮਾਤੀ ਸੀ। ਜਾਣਦਾ ਉਹ ਮੈਨੂੰ ਪਹਿਲਾਂ ਵੀ ਸੀ ਪਰ ਬੀ.ਐ=ੱਡ. ਟਰੇਨਿੰਗ ਸਮੇਂ ਇਕ ਤਾਂ ਵਿਚਾਰਧਾਰਕ ਸਾਂਝ ਕਾਰਨ, ਦੂਜੇ ਭਰਾ ਦੀ ਮਿੱਤਰਤਾ ਕਾਰਨ ਮੈਂ ਉਸ ਦੇ ਬਹੁਤ ਕਰੀਬ ਹੋ ਗਿਆ ਸੀ। ਉਹ ਉਹਨਾਂ ਦਿਨਾਂ ਵਿਚ ਕ੍ਰਿਸ਼ਚੀਅਨ ਜੇ.ਬੀ.ਟੀ. ਸਕੂਲ ਵਿਚ ਅਧਿਆਪਕ ਸੀ। ਉਸ ਦੇ ਜੇ.ਬੀ.ਟੀ. ਸਕੂਲ ਵਿਚ ਵੀ ਲੈਦਰ ਵਰਕ ਦਾ ਵਿਸ਼ਾ ਇਕ ਕਰਾਫਟ ਵਜੋਂ ਪੜ੍ਹਾਇਆ ਜਾਂਦਾ ਸੀ। ਮੈਂ ਕਾਮਰੇਡ ਨੂੰ ਆਪਣੀ ਸਮੱਸਿਆ ਦੱਸੀ। ਉਸ ਨੇ ਲੈਦਰ ਵਰਕ ਦੇ ਟੀਚਰ ਨੂੰ ਬੁਲਾਇਆ ਤੇ ਮੇਰੇ ਸੱਜੇ ਹੱਥ ਉਤੇ ਬੱਝੀਆਂ ਪੱਟੀਆਂ ਵਿਖਾਉਂਦਿਆਂ ਮਦਦ ਲਈ ਕਿਹਾ। ਉਸ ਭੱਦਰ ਪੁਰਸ਼ ਕਰਾਫਟ ਅਧਿਆਪਕ ਨੇ ਲੋੜੀਂਦਾ ਚਮੜਾ, ਚਮੜੇ ਉਤੇ ਵਰਤੇ ਜਾਣ ਵਾਲੇ ਰੰਗ ਅਤੇ ਰੰਗ ਘੋਲਣ ਲਈ ਸਪਿਰਿਟ ਆਦਿ ਲਿਆਉਣ ਲਈ ਕਿਹਾ। ਚੌਥੇ ਦਿਨ ਕਾਮਰੇਡ ਆਪ ਚਮੜੇ ਦਾ ਬਣਿਆ ਸਾਰਾ ੂਂਬਸੂਰਤ ਸਮਾਨ, ਬਚੇ ਹੋਏ ਰੰਗਾਂ ਦੀਆਂ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਤੇ ਪਊਏ ਵਿਚ ਬਚਿਆ ਸਪਿਰਿਟ ਲੈ ਕੇ ਕਾਲਜ ਵਿਚ ਪਹੁੰਚ ਗਿਆ। ਮਾਮੂਲੀ ਲਾਲ ਰੰਗ ਸਪਿਰਿਟ ਵਿਚ ਰਲਣ ਕਾਰਨ ਪਊਆ ਇਸ ਤਰ੍ਹਾਂ ਲਗਦਾ ਸੀ, ਜਿਸ ਤਰ੍ਹਾਂ ਉਸ ਵਿਚ ਸ਼ਰਾਬ ਹੋਵੇ। ਸਪਿਰਿਟ ਦੀਖੁਸ਼ਬੂ ਤਾਂ ਸ਼ਰਾਬ ਵਰਗੀ ਹੁੰਦੀ ਹੀ ਹੈ। ਸਹਿਦੇਵ ਲਾਲ ਦਾ ਇਹ ਅਹਿਸਾਨ ਕਾਲਜ ਵਿਚ ਮੈਨੂੰ ਕਮਿਊਨਿਸਟ ਦੇ ਤੌਰ 'ਤੇ ਪ੍ਰਸਿੱਧ ਕਰਨ ਅਤੇ ਕੁਝ ਅਧਿਆਪਕਾਂ ਦੇ ਅੱਖਾਂ ਵਿਚ ਰੜਕਣ ਲਈ ਕਾਫੀ ਸੀ। ਪਤਾ ਨਹੀਂ ਕਿਸ ਨੇ ਪ੍ਰਿੰਸੀਪਲ ਦੀਪਕ ਸ਼ਰਮਾ ਨੂੰ ਜਾ ਦੱਸਿਆ। ਪ੍ਰਿੰਸੀਪਲ ਦੇ ਗੈਰ-ਮਨੁੱਖੀ ਸੁਭਾ ਦਾ ਤਾਂ ਮੈਨੂੰ ਓਦੋਂ ਹੀ ਪਤਾ ਲੱਗ ਗਿਆ ਸੀ, ਜਦੋਂ ਕਾਲਜ ਦੀ ਬੇਸਮੈਂਟ ਉਤੇ ਪੱਥਰ ਚੁੱਕਣ ਸਮੇਂ ਮੇਰਾ ਸੱਜਾ ਹੱਥ ਬਹੁਤ ਹੀ ਭਾਰੇ ਪੱਥਰ ਹੇਠ ਆ ਗਿਆ ਸੀ ਤੇ ਮੇਰੀਆਂ ਸੱਜੇ ਹੱਥ ਦੀਆਂ ਵਿਚਲੀਆਂ ਦੋ ਉਂਗਲਾਂ ਬਿਲਕੁਲ ਹੀ ਫਿੱਸ ਗਈਆਂ ਸਨ। ਮੈਂ ਬੇਹੋਸ਼ ਹੋ ਗਿਆ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਵਿਦਿਆਰਥੀ ਦੋਸਤ ਮੈਨੂੰ ਸਾਈਕਲ 'ਤੇ ਬਹਾ ਕੇ ਕਿਸੇ ਡਾਕਟਰ ਕੋਲ ਲੈ ਗਏ ਸਨ। ਪੱਟੀ ਕਰਾਉਣ ਅਤੇ ਹੋਰ ਦਵਾ ਦਾਰੂ ਕਰਾਉਣ ਪਿੱਛੋਂ ਜਦੋਂ ਵਾਪਸ ਮੈਨੂੰ ਘਰ ਲਿਜਾ ਰਹੇ ਸਨ ਤਾਂ ਸ਼ਾਇਦ ਦਵਾਈਆਂ ਤੇ ਟੀਕਿਆਂ ਕਾਰਨ ਹੱਥ ਵਿਚ ਬਹੁਤਾ ਦਰਦ ਨਹੀਂ ਸੀ ਹੋਇਆ ਪਰ ਮੈਨੂੰ ਅੱਖਾਂ ਤੋਂ ਕੁਝ ਵੀ ਨਹੀਂ ਸੀ ਦਿਸ ਰਿਹਾ। ਮੈਨੂੰ ਫੜ ਕੇ ਹੀ ਸੁਰਿੰਦਰ ਚੌਧਰੀ ਤੇ ਮਦਨ ਖੋਸਲਾ ਨੇ ਪੌੜੀਆਂ ਚੜ੍ਹਾਇਆ ਹੋਊ। ਮਾਂ ਦੇਖ ਕੇ ਬੇਦਿਲ ਹੋ ਗਈ ਸੀ। ਚੌਧਰੀ ਤੇ ਖੋਸਲਾ ਨੇ ਸਧਾਰਨ ਸੱਟ ਕਹਿ ਕੇ ਮਾਂ ਦਾ ਮਨ ਟਿਕਾ ਦਿੱਤਾ ਸੀ। ਪ੍ਰਿੰਸੀਪਲ ਦੇ ਹੁਕਮ ਨਾਲ ਹੀ ਵਿਦਿਆਰਥੀਆਂ ਨੂੰ ਮੀਂਹ ਕਾਰਨ ਬੇਸਮੈਂਟ ਦੀ ਛੱਤ ਦੇ ਹੇਠਾਂ ਬਹਿ ਜਾਣ ਤੇ ਤਿਲ੍ਹਕ ਜਾਣ ਕਾਰਨ ਭਾਰੇ ਪੱਥਰ ਕੱਢ ਕੇ ਬਾਹਰ ਰੱਖਣ ਲਈ ਕਿਹਾ ਗਿਆ ਸੀ ਪਰ ਜਦ ਸੁਰਿੰਦਰ ਚੌਧਰੀ ਤੇ ਹੋਰ ਵਿਦਿਆਰਥੀ ਆਗੂਆਂ ਨੇ ਇਸ ਇਲਾਜ ਦਾ ਖਰਚ ਮੰਗਿਆ ਤਾਂ ਪ੍ਰਿੰਸੀਪਲ ਆਨਾ-ਕਾਨੀ ਕਰਨ ਲੱਗਿਆ। ਮੇਰੇ ਵਿਦਿਆਰਥੀ ਸਾਥੀਆਂ ਦਾ ਲਹਿਜਾ ਨਿਮਰਤਾ ਵਾਲਾ ਸੀ। ਬਹੁਤਾ ਹੀ ਕਹਿਣ ਉਤੇ ਪ੍ਰਿੰਸੀਪਲ ਨੇ ਤੀਹ ਰੁਪਏ ਮਨਜ਼ੂਰ ਕਰ ਦਿੱਤੇ। ਮੈਂ ਤੀਹ ਰੁਪਏ ਲੈਣ ਲਈ ਤਿਆਰ ਨਹੀਂ ਸੀ। ਦੋ ਸੌ ਰੁਪਏ ਤੋਂ ਉਪਰ ਤਾਂ ਇਲਾਜ ਉਤੇ ਹੀ ਲੱਗ ਗਿਆ ਸੀ ਤੇ ਜਿਹੜਾ ਦੁੱਖ ਭਰਿਆ, ਉਹ ਵਾਧੇ ਦਾ। ਡਾਕਟਰ ਦੀ ਬੇਹੱਦ ਸਿਆਣਪ ਅਤੇ ਯੋਗ ਇਲਾਜ ਕਾਰਨ ਉਂਗਲਾਂ ਕਿਸੇ ਹੱਦ ਤੱਕ ਸਿੱਧੀਆਂ ਹੋ ਗਈਆਂ ਸਨ ਤੇ ਸ਼ਕਲ ਪੱਖੋਂ ਵੀ ਕੁਝ ਠੀਕ ਹੋ ਗਈਆਂ ਸਨ। ਪਰ ਅੱਜ ਵੀ ਜੇ ਇਹਨਾਂ ਉਂਗਲਾਂ ਨੂੰ ਦੇਖੋ ਤਾਂ ਇਹ ਉਸ ਸੱਟ ਦੀ ਕਹਾਣੀ ਨੂੰ ਮੱਧਮ ਸੁਰ ਵਿਚ ਪਾਉਂਦੀਆਂ ਹੀ ਹਨ।
ਸੱਟ ਦੀ ਘਟਨਾ ਦਾ ਦਿਲ 'ਤੇ ਲੱਗਾ ਜ਼ੀਂਮ ਸ਼ਾਇਦ ਭੁੱਲ ਜਾਂਦਾ ਜੇ ਕਾਮਰੇਡ ਦੇ ਕਾਲਜ ਵਿਚ ਆ ਕੇ ਚਮੜੇ ਦੇ ਬਣੇ ਸਮਾਨ ਅਤੇ ਸਪਿਰਿਟ ਦਾ ਅਧੀਆ ਫੜਾਉਣ ਵਾਲੀ ਘਟਨਾ ਪਿੱਛੋਂ ਇਸ ਜ਼ੀਂਮ ਨੂੰ ਪ੍ਰਿੰਸੀਪਲ ਮੁੜ ਨਾ ਉਚੇੜਦਾ।
ਪ੍ਰਿੰਸੀਪਲ ਵੱਲੋਂ ਮੈਨੂੰ ਦਫਤਰ ਵਿਚ ਬੁਲਾ ਲਿਆ ਗਿਆ। ਕਾ.ਸਹਿਦੇਵ ਲਾਲ ਦੇ ਕਾਲਜ ਵਿਚ ਆਉਣ ਬਾਰੇ ਪੁੱਛਿਆ। ਇਕ ਵਿਦਿਆਰਥੀ ਹੋਣ ਕਾਰਨ ਮੈਨੂੰ ਇਹ ਝੂਠ ਬੋਲਣਾ ਪਿਆ ਕਿ ਕਾਮਰੇਡ ਆਪਣੇ ਘਰੋਂ ਮੇਰਾ ਇਹ ਸਮਾਨ ਦੇਣ ਆਇਆ ਹੈ, ਕਿਉਂਕਿ ਲੈਦਰ ਵਰਕ ਵਾਲੇ ਅਧਿਆਪਕ ਪ੍ਰੋ.ਰਾਠੌਰ ਨੇ ਅੱਜ ਇਹ ਸਮਾਨ ਵੇਖਣਾ ਹੈ। ਸਪਿਰਿਟ ਨੂੰ ਸ਼ਰਾਬ ਸਮਝ ਕੇ ਪ੍ਰਿੰਸੀਪਲ ਨੇ ਕਈ ਸਵਾਲ ਕਰ ਦਿੱਤੇ। ਮੇਰੇ ਸਮਝਾਉਣ 'ਤੇ ਵੀ ਉਸ ਮੋਟੀ ਖੱਲ ਵਾਲੇ ਪ੍ਰਿੰਸੀਪਲ ਨੂੰ ਇਹ ਸਮਝ ਨਾ ਆਈ ਕਿ ਸਪਿਰਿਟ ਦੀ ਵਰਤੋਂ ਚਮੜੇ ਦੇ ਰੰਗਾਂ ਨੂੰ ਘੋਲਣ ਲਈ ਕੀਤੀ ਜਾਂਦੀ ਹੈ। ਜੇ ਵਾਈਸ ਪ੍ਰਿੰਸੀਪਲ ਪ੍ਰੋ.ਆਰ.ਪੀ.ਗਰਗ, ਅੰਗਰੇਜ਼ੀ ਦੇ ਪ੍ਰੋ.ਸੂਦ ਅਤੇ ਲੈਦਰ ਵਰਕ ਦੇ ਪ੍ਰੋ.ਰਾਠੌਰ ਮੇਰੀ ਸ਼ਰਾਫਤ ਅਤੇ ਅਧੀਏ ਵਿਚ ਸਪਿਰਿਟ ਵਾਲੀ ਗੱਲ ਤਸਦੀਕ ਨਾ ਕਰਦੇ ਤਾਂ ਸੰਭਵ ਸੀ ਕਿ ਪ੍ਰਿੰਸੀਪਲ ਮੈਨੂੰ ਕਾਲਜ ਵਿਚੋਂ ਮੁਅੱਤਲ ਕਰਨ ਦਾ ਨੋਟਿਸ ਕੱਢ ਹੀ ਦਿੰਦਾ। ਪਿੱਛੋਂ ਪ੍ਰੋ.ਗਰਗ ਦੀ ਹਾਜ਼ਰੀ ਵਿਚ ਚਮੜੇ ਦਾ ਸਮਾਨ ਹੋਰ ਤੋਂ ਬਣਵਾਉਣ ਦੀ ਸਾਰੀ ਕਹਾਣੀ ਮੈਂ ਪ੍ਰੋ.ਰਾਠੌਰ ਨੂੰ ਦੱਸ ਦਿੱਤੀ ਸੀ। ਭਾਵੇਂ ਰਾਠੌਰ ਬੰਦਾ ਤਾਂ ਕੁਝ ਟੇਢਾ ਸੀ ਪਰ ਉਹ ਪ੍ਰੋ.ਗਰਗ ਤੋਂ ਝਿਪਦਾ ਵੀ ਸੀ ਤੇ ਕਾਲਜ ਦੇ ਕੰਮ ਕਾਰਨ ਮੇਰੇ ਹੱਥ 'ਤੇ ਵੱਜੀ ਸੱਟ ਦੀ ਮਜਬੂਰੀ ਸਮਝਦਾ ਵੀ ਸੀ। ਓਦੋਂ ਇਕਦਮ ਸੱਟ ਵੱਜਣ ਵੇਲੇ ਤਾਂ ਮੈਨੂੰ ਮਹਿਸੂਸ ਨਹੀਂ ਸੀ ਹੋਇਆ ਕਿ ਇਸ ਦਾ ਕਾਰਨ ਮੇਰੀ ਘੱਟ ਨਜ਼ਰ ਹੀ ਹੋ ਸਕਦੀ ਸੀ ਪਰ ਪਿੱਛੋਂ ਮੈਂ ਅੰਦਾਜ਼ਾ ਲਾ ਲਿਆ ਕਿ ਜਦੋਂ ਸਾਰੇ ਮੁੰਡਿਆਂ ਨੇ ਕਈ ਕੁਇੰਟਲ ਦੇ ਲੰਬੇ-ਚੌੜੇ ਪੱਥਰ ਹੇਠੋਂ ਆਪਣੇ ਹੱਥ ਕੱਢ ਲਏ ਤਾਂ ਮੇਰਾ ਹੱਥ ਹੀ ਪੱਥਰ ਹੇਠਾਂ ਕਿਉਂ ਰਹਿ ਗਿਆ। ਬੀ.ਐ=ੱਡ. ਦੇ ਪਰਚੇ ਹੋਣ ਸਮੇਂ ਤੇ ਪਿੱਛੋਂ ਪੜ੍ਹਨ ਸਮੇਂ ਇਹ ਨਿਸ਼ਚਾ ਮੇਰਾ ਪੱਕਾ ਹੋ ਗਿਆ ਕਿ ਅੱਖਾਂ ਦੀ ਰੌਸ਼ਨੀ ਦੀ ਘਾਟ ਕਾਰਨ ਮੇਰੇ ਨਾਲ ਇਹ ਵੱਡਾ ਹਾਦਸਾ ਹੋਇਆ।
ਕੁਝ ਦਿਨਾਂ ਪਿੱਛੋਂ ਪ੍ਰਿੰ.ਦੀਪਕ ਸ਼ਰਮਾ ਸਣੇ ਆਪਣੀ ਕਾਲੀ ਲੋਅ ਕਾਲਜ ਛੱਡ ਕੇ ਚਲਾ ਗਿਆ ਸੀ ਅਤੇ ਪ੍ਰੋ.ਗਰਗ ਕਾਰਜਕਾਰੀ ਪ੍ਰਿੰਸੀਪਲ ਬਣ ਗਿਆ ਸੀ। ਜੇ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਉਹ ਰੜਕ ਕਾਰਨ ਮੇਰਾ ਕੋਈ ਨੁਕਸਾਨ ਕਰ ਹੀ ਦਿੰਦਾ। ਉਂਜ ਮੈਨੂੰ ਗਰਗ ਨੇ ਵੀ ਸਮਝਾ ਦਿੱਤਾ ਸੀ ਕਿ ਉਹ ਕਾ.ਸਹਿਦੇਵ ਲਾਲ ਨੂੰ ਕਾਲਜ ਵਿਚ ਨਾ ਬੁਲਾਇਆ ਕਰੇ, ਕਿਉਂਕਿ ਜੇ ਕੋਈ ਹੜਤਾਲ ਹੋ ਗਈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਮੇਰੇ ਉਤੇ ਆਵੇਗੀ ਅਤੇ ਬੀ.ਐ=ੱਡ. ਵਿਚ ਇਨਟਰਨਲ ਅਸੈਸਮੈਂਟ ਅਤੇ ਟੀਚਿੰਗ ਪ੍ਰੈਕਟਿਸ ਦੇ ਨੰਬਰ ਪ੍ਰੋਫੈਸਰਾਂ ਦੇ ਹੱਥ ਵਿਚ ਹੋਣ ਕਾਰਨ ਮੇਰਾ ਨੁਕਸਾਨ ਹੋ ਸਕਦਾ ਹੈ।
ਕਾਲਜ ਵਿਚ ਮੈਂ ਕੁਝ ਅਸਧਾਰਨ ਕਰਕੇ ਵਿਖਾਉਣਾ ਚਾਹੁੰਦਾ ਸੀ। ਇਸ ਲਈ ਖੇਡਾਂ ਨੂੰ ਛੱਡ ਕੇ ਹਰ ਸਰਗਰਮੀ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਪਰ ਕਾਲਜ ਦੇ ਲੀਡਰ ਵਿਦਿਆਰਥੀਆਂ ਵਾਲੇ ਦਾਅ-ਪੇਚ ਮੈਨੂੰ ਨਹੀਂ ਸਨ ਆਉਂਦੇ, ਕਿਉਂਕਿ ਕਾਲਜ ਦਾ ਇਸ ਤਰ੍ਹਾਂ ਦਾ ਤਜਰਬਾ ਮੇਰੇ ਕੋਲ ਨਹੀਂ ਸੀ। ਕਲਾਸ ਸ਼ੁਰੂ ਹੋਣ ਤੋਂ ਕੁਝ ਦਿਨ ਪਿੱਛੋਂ ਹੀ ਐਜੂਕੇਸ਼ਨ ਫੋਰਮ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਸੀ। ਇਹ ਫੋਰਮ ਹੀ ਕਾਲਜ ਦਾ ਸਭ ਤੋਂ ਪ੍ਰਭਾਵਸ਼ਾਲੀ ਸੰਗਠਨ ਸੀ। ਭਾਵੇਂ ਇਹ ਸਟੂਡੈਂਟ ਯੂਨੀਅਨ ਵਰਗਾ ਪ੍ਰੈਸ਼ਰ ਗਰੁੱਪ ਤਾਂ ਨਹੀਂ ਸੀ, ਪਰ ਵਿਦਿਆਰਥੀਆਂ ਦੀਆਂ ਸਾਰੀਆਂ ਸਮੱਸਿਆਵਾਂ ਪ੍ਰਿੰਸੀਪਲ ਕੋਲ ਲਿਜਾਣ ਤੇ ਹੱਲ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਫੋਰਮ ਦੀ ਹੀ ਸੀ। ਇਸ ਫੋਰਮ ਦੀ ਚੋਣ ਲਈ ਭਾਸ਼ਣ ਮੁਕਾਬਲੇ ਕਰਵਾਏ ਗਏ। ਅੱਠ ਮੁੰਡਿਆਂ ਤੇ ਦੋ ਕੁੜੀਆਂ ਨੇ ਉਸ ਮੁਕਾਬਲੇ ਵਿਚ ਭਾਗ ਲਿਆ। ਮੁੱਖ ਜੱਜ ਪ੍ਰੋ.ਘਨੱਈਆ ਲਾਲ ਕਪੂਰ ਸੀ। ਮੌਕੇ ਉਤੇ ਦਿੱਤੇ ਵਿਸ਼ੇ ਉਤੇ ਹੀ ਪੰਜ ਮਿੰਟ ਬੋਲਣਾ ਸੀ। ਮੈਨੂੰ ਤਸੱਲੀ ਸੀ ਕਿ ਮੈਂ ਠੀਕ ਬੋਲਿਆ ਹਾਂ ਤੇ ਆਸ ਸੀ ਕਿ ਜੇ ਪਹਿਲਾ ਸਥਾਨ ਨਹੀਂ ਤਾਂ ਦੂਜੇ ਸਥਾਨ ਉਤੇ ਆ ਹੀ ਜਾਵਾਂਗਾ। ਜਦ ਪ੍ਰੋ.ਕਪੂਰ ਮੁਕਾਬਲੇ ਦਾ ਨਤੀਜਾ ਸੁਣਾਉਣ ਲਈ ਸਟੇਜ ਉਤੇ ਆਏ ਤਾਂ ਮੇਰੇ ਭਾਸ਼ਣ ਵਿਚਲੇ ਨੁਕਤਿਆਂ ਤੇ ਭਾਸ਼ਾ ਦਾ ਉਚੇਚਾ ਜ਼ਿਕਰ ਕੀਤਾ ਪਰ ਜਦ ਨਤੀਜਾ ਸੁਣਾਇਆ ਤਾਂ ਸੁਰਿੰਦਰ ਚੌਧਰੀ ਫਸਟ, ਪ੍ਰਾਣ ਨਾਥ ਤੇ ਮੈਂ ਦੋਵੇਂ ਸੈਕੰਡ। ਕਾਲਜ ਨਿਯਮਾਂਵਲੀ ਅਨੁਸਾਰ ਇਕ ਸਕੱਤਰ ਤੇ ਦੂਜਾ ਸੰਯੁਕਤ ਸਕੱਤਰ ਚੁਣਿਆ ਜਾਣਾ ਸੀ। ਸੁਰਿੰਦਰ ਚੌਧਰੀ ਸਕੱਤਰ ਬਣ ਗਿਆ ਤੇ ਪ੍ਰਾਣ ਨਾਥ ਸੰਯੁਕਤ ਸਕੱਤਰ। ਚੌਧਰੀ ਨੇ ਪ੍ਰਿੰਸੀਪਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਦੋਹਾਂ ਦੇ ਨੰਬਰ ਬਰਾਬਰ ਹੋਣ ਕਾਰਨ ਦੋਵੇਂ ਸੰਯੁਕਤ ਸਕੱਤਰ ਬਣਨੇ ਚਾਹੀਦੇ ਹਨ ਪਰ ਪ੍ਰਿੰ. ਦੀਪਕ ਸ਼ਰਮਾ ਤਾਂ ਬਾ-ਦਲੀਲ ਗੱਲ ਨੂੰ ਮੰਨਣ ਵਾਲੇ ਦਿਨ ਜੰਮਿਆ ਹੀ ਨਹੀਂ ਸੀ। ਇਸ ਤਰ੍ਹਾਂ ੂਂਬਸੂਰਤੀ ਨਾਲ ਚਲਾਇਆ ਤੀਰ ਤੁੱਕਾ ਬਣ ਕੇ ਰਹਿ ਗਿਆ। ਪ੍ਰਿੰਸੀਪਲ ਦੀ ਦਲੀਲ ਸੀ ਕਿ ਵਰਣਮਾਲਾ ਅਨੁਸਾਰ *ਪੀ' ਦਾ ਸਥਾਨ ਪਹਿਲਾਂ ਹੈ ਤੇ *ਟੀ' ਦਾ ਪਿੱਛੋਂ। ਇਸ ਲਈ ਪ੍ਰਾਣ ਨਾਥ ਹੀ ਦੂਜੇ ਸਥਾਨ 'ਤੇ ਮੰਨਿਆ ਜਾਵੇਗਾ।
ਮੈਗਜ਼ੀਨ ਦੇ ਅੰਗਰੇਜ਼ੀ ਤੇ ਪੰਜਾਬੀ ਸੈਕਸ਼ਨ ਦੇ ਵਿਦਿਆਰਥੀ ਸੰਪਾਦਕ ਬਣਨ ਲਈ ਲਿਖਤੀ ਟੈਸਟ ਹੋਇਆ। ਦਸ ਨੰਬਰ ਦਾ ਐ=ੱਸੇ ਸੀ ਤੇ ਦਸ ਨੰਬਰ ਦਾ ਗਰਾਮਰ। ਟੈਸਟ ਵਿਚ ਬੈਠਣ ਵਾਲੇ ਅਸੀਂ ਪੰਜ ਵਿਦਿਆਰਥੀ ਹੀ ਸੀ। ਇਕ ਵਿਦਿਆਰਥੀ ਐਮ.ਏ. ਅੰਗਰੇਜ਼ੀ ਕੇ. ਬੀ.ਰਾਏ ਵੀ ਸੀ। ਉਹ ਪਹਿਲੇ ਸਥਾਨ 'ਤੇ ਰਿਹਾ। ਤੇ ਮੈਂ ਇਕ ਨੰਬਰ ਦੀ ਘਾਟ ਕਾਰਨ ਦੂਜੇ ਸਥਾਨ 'ਤੇ। ਪੰਜ ਈਡੀਅਮ ਟੈਸਟ ਵਿਚ ਪਾਏ ਗਏ ਸਨ, ਜਿੰਨ੍ਹਾਂ ਨੂੰ ਵਾਕਾਂ ਵਿਚ ਵਰਤਣਾ ਸੀ। ਉਹਨਾਂ ਵਿਚੋਂ ਇਕ ਈਡੀਅਮ ਸੀ---ਗੋ ਔਫ (ਭਰ ਰਿ)। ਸਾਰੇ ਈਡੀਅਮ ਵਾਕਾਂ ਵਿਚ ਠੀਕ ਵਰਤੇ ਗਏ ਸਨ। ਆਪਣੇ ਜਾਣੇ ਤਾਂ ਇਹ ਈਡੀਅਮ ਵੀ ਠੀਕ ਵਰਤਿਆ ਗਿਆ ਸੀ---ਠੀਕ ਭਚਅ ਹੈਕਅਵ ਰਿ----(ਬੰਦੂਕ ਚੱਲ ਗਈ)। ਇਹ ਕਾਹਲ ਜਾਂ ਨਜ਼ਰ ਦੀ ਘਾਟ ਹੀ ਹੋ ਸਕਦੀ ਹੈ ਕਿ ਮੈਂ ਰਿ ਲਿਖਣਾ ਭੁੱਲ ਗਿਆ ਸੀ ਤੇ ਮੇਰੀ ਬੰਦੂਕ ਚਲਦੀ ਚਲਦੀ ਰਹਿ ਗਈ ਸੀ।
ਪੰਜਾਬੀ ਵਿਚ ਸੰਪਾਦਕ ਬਣਨ ਦੀ ਮੈਨੂੰ ਕੋਈ ਆਸ ਨਹੀਂ ਸੀ। ਪੰਜਾਬੀ ਦਾ ਪ੍ਰੋਫੈਸਰ ਪਹਿਲਾਂ ਹੀ ਫੈਸਲਾ ਕਰ ਚੁੱਕਾ ਸੀ, ਟੈਸਟ ਤਾਂ ਐਵੇਂ ਦਿਖਾਵਾ ਸੀ। ਫੇਰ ਵੀ ਮੈਂ ਟੈਸਟ ਵਿਚ ਬੈਠ ਗਿਆ। ਬਲਦੇਵ ਪ੍ਰੇਮੀ (ਹੁਣ ਬਲਦੇਵ ਸਿੰਘ ਸੜਕਨਾਮਾ), ਮੇਰਾ ਹਮ-ਜਮਾਤੀ ਸੀ। ਆਤਮ ਹਮਰਾਹੀ ਵੀ ਓਦੋਂ ਬੀ.ਐ=ੱਡ. ਕਰਦਾ ਸੀ। ਹਮਰਾਹੀ ਆਪਣੇ ਆਪ ਨੂੰ ਵੱਡਾ ਕਵੀ ਸਮਝਣ ਕਾਰਨ ਟੈਸਟ ਵਿਚ ਨਹੀਂ ਸੀ ਬੈਠਿਆ। ਬਲਦੇਵ ਤੇ ਮੈਂ ਦੋਵੇਂ ਟੈਸਟ ਵਿਚ ਬੈਠੇ ਸਾਂ। ਸੰਪਾਦਕ ਇਕ ਬੀਬੀ ਨੂੰ ਬਣਾਉਣਾ ਸੀ, ਉਹ ਬਣ ਗਈ। ਬਲਦੇਵ ਸਿੰਘ ਸਹਾਇਕ ਸੰਪਾਦਕ ਬਣ ਗਿਆ। ਇਸ ਗੱਲ ਦਾ ਮੈਨੂੰ ਅਫਸੋਸ ਵੀ ਕੋਈ ਨਹੀਂ ਸੀ। ਪ੍ਰੋਫੈਸਰ ਸਾਹਿਬ ਦੀਖੁਸ਼ੀ ਲਈ.....ਜੋ ਕੁਝ ਹੋਇਆ, ਸਭ ਠੀਕ ਸੀ। ਪ੍ਰੋਫੈਸਰ ਸਾਹਿਬ ਦਾ ਸਾਲ ਚੰਗਾ ਲੰਘ ਗਿਆ ਸੀ ਤੇ ਬਲਦੇਵ ਦੀ ਪੂੰਛ ਮਾਰੀ ਨੇ ਆਪਣਾ ਰੰਗ ਠੀਕ ਹੀ ਵਿਖਾਇਆ ਸੀ।
ਪ੍ਰੋ.ਆਰ.ਪੀ.ਗਰਗ ਦਾ ਪਿੱਛਾ ਧੂਰੀ ਦਾ ਸੀ। ਪ੍ਰੋ.ਸੂਦ ਦੇ ਨਾਨਕੇ ਮੌੜਾਂ ਸਨ। ਮੇਰੇ ਨਾਨਕੇ ਵੀ ਮੌੜਾਂ ਸਨ। ਗਰਗ ਨਾਲ ਇਲਾਕੇ ਦੀ ਸਾਂਝ ਤੇ ਭਰਾ ਦੀ ਮਿੱਤਰਤਾ ਕਾਰਨ ਤੇ ਸੂਦ ਨਾਲ ਮਸੇਰ ਵਾਲੀ ਸਾਂਝ ਹੋਣ ਕਾਰਨ ਮੈਨੂੰ ਦੋਹਾਂ ਤੋਂ ਚੰਗੀ ਸਹਾਇਤਾ ਪ੍ਰਾਪਤ ਹੁੰਦੀ ਸੀ ਪਰ ਬਰਨਾਲਾ ਇਲਾਕੇ ਦੇ ਅਸੀਂ ਪੰਜ ਵਿਦਿਆਰਥੀ ਸਾਂ। ਸਤ ਭੂਸ਼ਨ ਗੋਇਲ ਬਰਨਾਲੇ ਤੋਂ ਸੀ। ਮਦਨ ਖੋਸਲਾ, ਹਰਬੰਸ ਲਾਲ ਗੋਇਲ ਅਤੇ ਗਿਆਨ ਚੰਦ ਜੈਨ ਧੂਰੀ ਦੇ ਸਨ। ਮੈਥੋਂ ਬਿਨਾਂ ਮੇਰੇ ਇਹ ਸਭ ਹਮ-ਜਮਾਤੀ ਹੋਸਟਲ ਵਿਚ ਰਹਿੰਦੇ ਸਨ। ਪਰ ਸਤ ਭੂਸ਼ਨ ਤੇ ਖੋਸਲਾ ਕਦੇ ਕਦਾਈਂ ਮੇਰੇ ਘਰ ਆ ਜਾਂਦੇ। ਮੈਂ ਵੀ ਉਹਨਾਂ ਦੇ ਕਮਰੇ ਵਿਚ ਚਲਾ ਜਾਂਦਾ। ਸਤ ਭੂਸ਼ਨ ਸਟੇਜ ਉਤੇ ਵਧੀਆ ਬੋਲ ਲੈਂਦਾ ਸੀ ਅਤੇ ਖੋਸਲਾ ਵਧੀਆ ਗਜ਼ਲ ਕਹਿ ਲੈਂਦਾ ਸੀ। ਦੋਹਾਂ ਨਾਲ ਮੇਰੀ ਵਧੇਰੇ ਸਾਂਝ ਦਾ ਕਾਰਨ ਵੀ ਉਹਨਾਂ ਦਾ ਸਾਹਿਤਕ ਝੁਕਾਅ ਸੀ। ਮੇਰੇ ਸੱਟ ਵੱਜਣ ਸਮੇਂ ਸੁਰਿੰਦਰ ਚੌਧਰੀ ਤੋਂ ਬਿਨਾਂ ਇਹ ਦੋਵੇਂ ਹਮ-ਜਮਾਤੀ ਵੀ ਬੜੇ ਕੰਮ ਆਏ ਸਨ।
ਸਾਲਾਨਾ ਇਮਤਿਹਾਨ ਵਿਚ ਮੇਰੇ ਨਾਲ ਤਿੰਨ ਘਟਨਾਵਾਂ ਵਾਪਰੀਆਂ। ਇਕ ਤਾਂ ਮਾਂ ਨੂੰ ਭਰਾ ਦੇ ਹੁਕਮ ਕਾਰਨ ਤਪੇ ਛੱਡਣਾ ਪਿਆ ਤੇ ਕਿਰਾਏ ਵਾਲਾ ਚੁਬਾਰਾ ਖਾਲੀ ਕਰਕੇ ਮੈਨੂੰ ਤਾਏ ਦੇ ਪੋਤੇ ਦੇਸ ਰਾਜ ਕੋਲ ਲਗਭਗ ਇਕ ਮਹੀਨਾ ਰਹਿਣਾ ਪਿਆ। ਦੂਜਾ, ਪੇਪਰ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਬੁਖਾਰ ਚੜ੍ਹਨ ਲੱਗ ਪਿਆ। ਖੋਸਲਾ ਤੇ ਸਤ ਭੂਸ਼ਨ ਮੈਨੂੰ ਗਲੀ ਨੰਬਰ ਦੋ ਦੇ ਡਾਕਟਰ ਜੈਨ ਕੋਲ ਲੈ ਗਏ। ਉਸ ਨੇ ਮੈਨੂੰ ਪੂਰੇ ਗਹੁ ਨਾਲ ਵੇਖਿਆ। ਪੂਰੀ ਕੇਸ ਹਿਸਟਰੀ ਲਈ। ਦਵਾਈ ਤਾਂ ਉਸ ਨੇ ਦੇ ਦਿੱਤੀ ਪਰ ਅਗਲੇ ਦਿਨ ਮੋਗੇ ਦੇ ਸਿਵਲ ਹਸਪਤਾਲ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਵਕਤ ਵੀ ਦੇ ਦਿੱਤਾ। ਬਾਕੀ ਗੱਲ ਉਸ ਨੇ ਮੈਨੂੰ ਦੱਸਣ ਦੀ ਥਾਂ ਸਤ ਭੂਸ਼ਨ ਤੇ ਮਦਨ ਖੋਸਲੇ ਨੂੰ ਦੱਸੀ ਹੋਵੇਗੀ, ਪਰ ਮੇਰੇ ਵਾਰ ਵਾਰ ਪੁੱਛਣ ਉਤੇ ਉਹਨਾਂ ਮੈਨੂੰ ਅਸਲੀਅਤ ਨਹੀਂ ਸੀ ਦੱਸੀ।
ਸਿਵਲ ਹਸਪਤਾਲ ਵਿਚ ਸਕਰੀਨਿੰਗ ਕਰਵਾਈ ਗਈ। ਪ੍ਰਾਈਵੇਟ ਐਕਸ-ਰੇ ਵੀ ਕਰਵਾਇਆ। ਇਕ ਫੇਫੜੇ ਦੇ ਹੇਜ਼ੀ ਹੋਣ ਸਬੰਧੀ ਦੱਸਣ ਦੇ ਨਾਲ ਨਾਲ ਡਾ.ਜੈਨ ਨੇ ਮੈਨੂੰ ਸਿਹਤ ਦਾ ਪੂਰਾ ਖਆਿਲ ਰੱਖਣ ਲਈ ਕਿਹਾ। ਖੋਸਲੇ ਤੋਂ ਵਾਰੀ ਵਾਰੀ ਪੁੱਛਣ 'ਤੇ ਉਸ ਨੇ ਆਖਰ ਸੱਚ ਦੱਸ ਹੀ ਦਿੱਤਾ :
**ਡਾਕਟਰ ਨੇ ਤੈਨੂੰ ਟੀ.ਬੀ. ਦਾ ਸ਼ੱਕ ਪਾਇਆ ਸੀ ਪਰ ਟੀ.ਬੀ. ਤੈਨੂੰ ਹੈ ਨਹੀਂ। ਐਕਸ-ਰੇ ਬਿਲਕੁਲ ਕਲੀਅਰ ਹੈ।'' ਖੋਸਲੇ ਦੇ ਦਿਲ ਧਰਾਉਣ ਦੇ ਬਾਵਜੂਦ ਵੀ ਮੇਰੇ ਦਿਲ ਵਿਚ ਇਹ ਗੱਲ ਪੱਕ ਗਈ ਸੀ ਕਿ ਮੈਨੂੰ ਟੀ.ਬੀ. ਹੈ ਪਰ ਹੈ ਅਜੇ ਪਹਿਲੀ ਸਟੇਜ ਉਤੇ। ਇਸ ਸਬੰਧ ਵਿਚ ਮੈਂ ਭਰਾ ਨੂੰ ਵੀ ਚਿੱਠੀ ਲਿਖ ਦਿੱਤੀ। ਮੈਂ ਅੰਦਰੋ-ਅੰਦਰੀ ਪੂਰੀ ਤਰ੍ਹਾਂ ਡੋਲ ਗਿਆ ਸੀ। ਇਹ ਗੱਲ ਮੇਰੇ ਮਨ ਵਿਚ ਘਰ ਕਰ ਗਈ ਸੀ ਕਿ ਭੈਣ ਸੀਤਾ ਦੀ ਮੌਤ ੧੯੫੯ ਵਿਚ ਟੀ.ਬੀ. ਨਾਲ ਹੀ ਹੋਈ ਸੀ।
ਭਰਾ ਦੀ ਬੜੀ ਹੌਸਲਾ ਵਧਾਊ ਚਿੱਠੀ ਆਈ ਸੀ। ਮੱਖਣ, ਬਦਾਮ ਤੇ ਦੁੱਧ 'ਤੇ ਜ਼ੋਰ ਦੇਣ ਲਈ ਕਿਹਾ ਸੀ। ਭਾਬੀ ਦੇ ਹਵਾਲੇ ਨਾਲ ਵੀ ਲਿਖਿਆ ਸੀ ਕਿ ਉਸ ਨੂੰ ਮੇਰੀ ਸਿਹਤ ਦੀ ਬੜੀ ਚਿੰਤਾ ਹੈ। ਚਿੱਠੀ ਅੰਗਰੇਜ਼ੀ ਵਿਚ ਸੀ। ਭਾਬੀ ਦੀ ਤਸੱਲੀ ਤੇ ਭਰਾ ਦੀ ਚਿੰਤਾ ਨੇ ਜਿਵੇਂ ਤਪਦੇ ਦਿਲ ਉਤੇ ਠੰਡੀ ਫੁਹਾਰ ਦਾ ਕੰਮ ਕੀਤਾ ਹੋਵੇ। ਅਗਲੇ ਦਿਨ ਭਰਾ ਆਪ ਵੀ ਆ ਗਿਆ। ਦੇਸ ਰਾਜ ਦੀ ਹਾਜ਼ਰੀ ਵਿਚ ਉਹ ਮੈਨੂੰ ਤਿੰਨ ਸੌ ਰੁਪਏ ਦੇ ਗਿਆ ਤੇ ਦੇਸ ਰਾਜ ਨੂੰ ਕਹਿ ਗਿਆ ਕਿ ਮੇਰੀ ਸਿਹਤ ਦਾ ਖਆਿਲ ਰੱਖੇ। ਭਰਾ ਦੀ ਹਾਜ਼ਰੀ ਵਿਚ ਮੈਂ ਪਹਿਲੀ ਵਾਰ ਰੱਜ ਕੇ ਰੋਇਆ ਹੋਵਾਂਗਾ। ਰੋ ਕੇ ਮਨ ਹੌਲਾ ਤਾਂ ਹੋ ਗਿਆ ਸੀ ਪਰ ਲੰਬੀ ਉਮਰ ਭੋਗਣ ਵਿਚ ਸ਼ੱਕ ਦਾ ਖੋਟ ਚਿੱਤੋਂ ਨਹੀਂ ਸੀ ਗਿਆ।
ਕਿਸੇ ਪੇਪਰ ਵਿਚ ਵੀ ਮੈਂ ਰਾਤ ਨੂੰ ਨਹੀਂ ਸੀ ਪੜ੍ਹਿਆ। ਹਾਂ, ਦਿਨ ਵੇਲੇ ਪੰਜ-ਛੇ ਘੰਟਿਆਂ ਤੋਂ ਵੀ ਵੱਧ ਪੜ੍ਹ ਲੈਂਦਾ ਸੀ। ਬਾਕੀ ਸਾਰੇ ਪਰਚੇ ਤਾਂ ਠੀਕ ਹੋ ਗਏ ਸਨ ਪਰ ਅੰਗਰੇਜ਼ੀ ਤੇ ਸਾਈਕਾਲੋਜੀ ਦੇ ਪਰਚੇ ਖਰਾਬ ਹੋਏ ਸਨ। ਪਤਾ ਨਹੀਂ ਕੀ ਹੋਇਆ, ਅੰਗਰੇਜ਼ੀ ਦੇ ਤਿੰਨ ਸਵਾਲ ਕਰਨ ਪਿੱਛੋਂ ਮੈਨੂੰ ਉਤਰ ਕਾਪੀ ਦੀਆਂ ਲਾਈਨਾਂ ਹੀ ਦਿਸਣੋਂ ਹਟ ਗਈਆਂ। ਪ੍ਰਸ਼ਨ ਪੱਤਰ ਵੀ ਸਾਫ ਪੜ੍ਹਿਆ ਨਹੀਂ ਸੀ ਜਾ ਰਿਹਾ ਪਰ ਜਿਵੇਂ ਕਿਵੇਂ ਵੀ ਮੈਂ ਦੋ ਸਵਾਲ ਝਰੀਟ ਦਿੱਤੇ ਸਨ। ਲਾਈਨਾਂ ਦੇ ਉਪਰ ਹੇਠਾਂ ਦਾ ਕੋਈ ਖਆਿਲ ਹੀ ਨਾ ਕੀਤਾ। ਘਬਰਾਹਟ ਏਨੀ ਵਧ ਗਈ ਸੀ ਕਿ ਦਸ-ਬਾਰਾਂ ਪੰਨਿਆਂ 'ਤੇ ਲਿਖੇ ਜਾਣ ਵਾਲੇ ਸਵਾਲ ਸਿਰਫ ਤਿੰਨ ਸਾਢੇ-ਤਿੰਨ ਪੰਨਿਆਂ 'ਤੇ ਕਰਕੇ ਆ ਗਿਆ ਸੀ। ਸਾਈਕਾਲੋਜੀ ਵਾਲੇ ਪੇਪਰ ਵਾਲੇ ਦਿਨ ਵੀ ਅੰਤ ਉਤੇ ਮੈਂ ਸਟੈਟਿਸਟਿਕਸ ਦਾ ਸਵਾਲ ਕਰਨਾ ਸੀ। ਸਵਾਲ ਸਟੈਂਡਰਡ ਡਿਵੀਏਸ਼ਨ ਦਾ ਸੀ। ਸਵਾਲ ਪੂਰੀ ਤਰ੍ਹਾਂ ਮੇਰੀ ਪਕੜ ਵਿਚ ਸੀ ਪਰ ਏਥੇ ਵੀ ਅੱਖਾਂ ਧੋਖਾ ਦੇ ਗਈਆਂ। ਸਵਾਲ ਵਿਚਾਲੇ ਰਹਿ ਗਿਆ।
ਬੀ.ਏ. ਤੱਕ ਦੇ ਕੁਝ ਪਰਚਿਆਂ ਵਿਚ ਮੇਰੀਆਂ ਅੱਖਾਂ ਏਸੇ ਤਰ੍ਹਾਂ ਜਵਾਬ ਦੇ ਜਾਂਦੀਆਂ ਤੇ ਮੈਂ ਪਿਛਲੇ ਸਵਾਲ ਸਹੀ ਢੰਗ ਨਾਲ ਹੱਲ ਨਾ ਕਰ ਸਕਦਾ। ਜਦੋਂ ਮੇਰੀਆਂ ਅੱਖਾਂ ਦੀ ਰੌਸ਼ਨੀ ਲਗਭਗਖਤਮ ਹੋ ਗਈ ਤੇ ਮੈਂ ਆਪਣੇ ਪੜ੍ਹਨ ਤੇ ਇਮਤਿਹਾਨਾਂ ਵਿਚ ਆਈਆਂ ਘਾਟਾਂ ਦਾ ਮਨ ਹੀ ਮਨ ਵਿਚ ਲੇਖਾ ਜੋਖਾ ਕਰਦਾ ਹਾਂ ਤਾਂ ਮੈਨੂੰ ਸਮਝ ਆਈ ਕਿ ਅਸਲ ਵਿਚ ਮੇਰੀ ਅੱਖਾਂ ਦੀ ਰੌਸ਼ਨੀ ਤਾਂ ਮੈਟ੍ਰਿਕ ਤੋਂ ਕੁਝ ਚਿਰ ਪਹਿਲਾਂ ਹੀ ਘਟਣੀ ਸ਼ੁਰੂ ਹੋ ਗਈ ਹੋਵੇਗੀ ਅਤੇ ਅਸਲੀਅਤ ਦਾ ਪੂਰਾ ਪਤਾ ੨੨ਵੇਂ ਸਾਲ ਵਿਚ ਲੱਗਿਆ। ਇਹ ਕਿਵੇਂ ਲੱਗਿਆ, ਇਹ ਇਕ ਵੱਖਰੀ ਦਰਦ ਕਹਾਣੀ ਹੈ।
ਅਧਿਆਪਨ ਦਾ ਪਹਿਲਾਂ ਤਜਰਬਾ ਹੋਣ ਕਾਰਨ ਪ੍ਰੈਕਟੀਕਲ ਅਤੇ ਅਧਿਆਪਨ ਨਿਪੁੰਨਤਾ ਦੀਆਂ ਪ੍ਰੀਖਿਆਵਾਂ ਵਿਚ ਕੋਈ ਔਖ ਨਾ ਆਈ। ਬਾਹਰੋਂ ਆਉਣ ਵਾਲੇ ਪ੍ਰੀਖਿਅਕ ਅਤੇ ਸਾਡੇ ਕਾਲਜ ਦੇ ਪ੍ਰੋਫੈਸਰ ਸਲਾਹ ਮਸ਼ਵਰੇ ਨਾਲ ਹੀ ਨੰਬਰ ਲਾਉਂਦੇ ਸਨ। ਮੇਰੇ ਲਈ ਫਾਇਦੇ ਦੀ ਗੱਲ ਇਹ ਹੋਈ ਕਿ ਮੈਂ ਪ੍ਰੋ.ਪ੍ਰਾਸ਼ਰ ਦੇ ਗਰੁੱਪ ਵਿਚ ਨਹੀਂ ਸੀ। ਇਸ ਲਈ ਮੈਨੂੰ ਕੋਈਖਤਰਾ ਨਹੀਂ ਸੀ।
ਬੀ.ਐਡ. ਦਾ ਨਤੀਜਾ ਓਹੀ ਆਇਆ, ਜਿਸ ਦੀ ਮੈਨੂੰ ਆਸ ਸੀ। ਅੰਗਰੇਜ਼ੀ ਤੇ ਸਾਈਕਾਲੋਜੀ ਵਿਚੋਂ ਸਿਰਫ ਪਾਸ ਹੋਣ ਜੋਗੇ ਹੀ ਨੰਬਰ ਸਨ ਤੇ ਬਾਕੀ ਸਭ ਠੀਕ ਸੀ। ਚਲੋ ਕੁਝ ਵੀ ਸੀ, ਬੀ.ਐਡ. ਦੇ ਬਹਾਨੇ ਕਾਲਜ ਦਾ ਮੂੰਹ ਵੇਖ ਲਿਆ ਸੀ।

ਕਾਂਗੜਾ ਦੀ ਨੌਕਰੀ

ਬੀ.ਐਡ. ਦੇ ਇਮਤਿਹਾਨ ਪਿੱਛੋਂ ਮੈਂ ਵਿਹਲਾ ਤਾਂ ਨਹੀਂ ਸੀ ਰਿਹਾ। ਗਿਆਨੀ ਦੀਆਂ ਦੋ ਕੁੜੀਆਂ ਦੀ ਟਿਊਸ਼ਨ ਕਾਰਨ ਮੈਂ ਆਪਣੇ ਆਪ ਨੂੰ ਵਿਹਲਾ ਨਹੀਂ ਸੀ ਸਮਝਦਾ। ਭਰਾ ਦੇ ਚਿੱਤ ਵਿਚ ਸੀ ਬਈ ਜੇ ਪਹਾੜਾਂ ਵਿਚ ਨੌਕਰੀ ਮਿਲ ਜਾਵੇ ਤਾਂ ਚੰਗਾ ਹੈ। ਇਹ ਗੱਲ ਮੈਨੂੰ ਓਦੋਂ ਪਤਾ ਲੱਗੀ ਜਦੋਂ ਹਿਮਾਚਲ ਪ੍ਰਦੇਸ ਵਿਚ ਸਕੂਲ ਮਾਸਟਰਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਅੀਂਬਾਰ ਵਿਚ ਛਪਿਆ ਤੇ ਭਰਾ ਨੇ ਮੈਥੋਂ ਅਪਲਾਈ ਕਰਵਾ ਦਿੱਤਾ। ਓਦੋਂ ਹਿਮਾਚਲ ਵਿਚ ਨੌਕਰੀ ਲਈ ਪੰਜਾਬੀ ਘੱਟ ਹੀ ਜਾਂਦੇ ਸਨ। ਹੋਰ ਸੂਬਿਆਂ ਤੋਂ ਵੀ ਅਰਜ਼ੀਆਂ ਨਾ ਪਹੁੰਚਦੀਆਂ। ਇਸ ਲਈ ਮਾਸਟਰ ਲੱਗਣ ਲਈ ਉਥੇ ਬੀ.ਐਡ. ਦੀ ਸ਼ਰਤ ਵੀ ਜ਼ਰੂਰੀ ਨਹੀਂ ਸੀ। ਖੇਤੇ ਪਾਲੀ ਕੇ ਲਛਮਣ ਦਾਸ ਨੂੰ ਜ਼ੋਰ ਦੇ ਕੇ ਮੈਂ ਅਪਲਾਈ ਕਰਵਾਇਆ ਸੀ। ਸੋਚਿਆ ਸੀ ਬਈ ਇਕੱਠੇ ਇੰਟਰਵਿਊ 'ਤੇ ਜਾਵਾਂਗੇ ਅਤੇ ਜੇ ਰੱਖ ਲਏ ਗਏ ਤਾਂ ਇਕ ਸਕੂਲ ਵਿਚ ਹੀ ਨਿਯੁਕਤੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅਪਲਾਈ ਕਰਨ ਦੇ ਕੁਝ ਦਿਨਾਂ ਪਿੱਛੋਂ ਹੀ ਸ਼ਿਮਲੇ ਆ ਕੇ ਇੰਟਰਵਿਊ ਦੇਣ ਦਾ ਸੱਦਾ ਮਿਲ ਗਿਆ। ਮੇਰਾ ਬੀ.ਐ=ੱਡ. ਦਾ ਜਮਾਤੀ ਸੁਰਿੰਦਰ ਚੌਧਰੀ ਉਥੇ ਐਸ.ਡੀ.ਸਕੂਲ ਵਿਚ ਮਾਸਟਰ ਸੀ। ਉਹ ਕਿਸੇ ਦੋਸਤ ਦੇ ਮਹਿਮਾਨ ਸੀ ਤੇ ਅਸੀਂ ਉਸ ਦੇ ਮਹਿਮਾਨ ਜਾ ਬਣੇ। ਚੌਧਰੀ ਦਾ ਦੋਸਤ ਵੀ ਤੇ ਦੋਸਤ ਦੀ ਮਾਂ ਵੀ ਕਮਾਲ ਦੀਆਂ ਸ਼ੀਂਸੀਅਤਾਂ ਸਨ। ਤਿੰਨ ਦਿਨ ਉਹਨਾਂ ਸਾਨੂੰ ਬੜੇ ਪਿਆਰ ਨਾਲ ਰੱਖਿਆ। ਅਸੀਂ ਉਹਨਾਂ ਵਿਚੋਂ ਕਿਸੇ ਦੇ ਕਦੇ ਮੱਥੇ ਵੱਟ ਨਹੀਂ ਸੀ ਵੇਖਿਆ।
ਗੁਰੂ ਦੱਤ ਐਂਗਲੋ ਵੈਦਿਕ ਹਾਇਰ ਸੈਕੰਡਰੀ ਸਕੂਲ, ਕਾਂਗੜਾ ਦੇ ਪ੍ਰਿੰਸੀਪਲ ਵੱਲੋਂ ਪੰਜਾਬੀ ਅਧਿਆਪਕ ਦਾ ਜਿਹੜਾ ਇਸ਼ਤਿਹਾਰ ਟ੍ਰਿਬਿਊਨ ਵਿਚ ਛਪਿਆ, ਉਸ ਲਈ ਵੀ ਭਰਾ ਨੇ ਅਪਲਾਈ ਕਰਨ ਲਈ ਕਹਿ ਦਿੱਤਾ। ਅਪਲਾਈ ਪਿੱਛੋਂ ਕੀਤਾ, ਨਿਯੁਕਤੀ ਪੱਤਰ ਪਹਿਲਾਂ ਆ ਗਿਆ। ਕਾਂਗੜੇ ਦਾ ਅੱਧਾ ਕੁ ਇਲਾਕਾ ਜੁਆਰ ਨਿਵਾਸ ਵੇਲੇ ਮੇਰਾ ਵੇਖਿਆ ਹੋਇਆ ਸੀ। ਬਸ ਓਸੇ ਭਰਵਾਈਂ ਦੇ ਅੱਡੇ ਤੋਂ ਫੜਨੀ ਸੀ, ਜਿਥੋਂ ਕਦੇ ਜੁਆਰ ਲਈ ਬਸ ਲੈਣ ਖਾਤਰ ਕਈ ਘੰਟੇ ਖੌਝਲਦਾ ਰਿਹਾ ਸੀ।
ਮੈਂ ੭ ਸਤੰਬਰ ੧੯੬੩ ਨੂੰ ਦੁਪਹਿਰ ਤੋਂ ਪਿੱਛੋਂ ਸਕੂਲ ਵਿਚ ਪਹੁੰਚਿਆ ਸੀ। ਅੱਧੀ ਛੁੱਟੀ ਪਿੱਛੋਂ ਸਕੂਲ ਦੀ ਘੰਟੀ ਵੱਜੀ ਸੀ। ਪਰ ਮੈਨੂੰ ਉਹਨਾਂ ਸਵੇਰ ਵਿਚ ਹੀ ਹਾਜ਼ਰ ਕਰਵਾ ਲਿਆ ਸੀ। ਜਾਪਦਾ ਸੀ ਜਿਵੇਂ ਮੇਰੇ ਪਹੁੰਚਣ ਉਤੇ ਪ੍ਰਿੰਸੀਪਲ ਲਈ ਦਿਨ ਚੜ੍ਹ ਗਿਆ ਹੋਵੇ। ਜਨਤਾ ਹਾਈ ਸਕੂਲ, ਜੁਆਰ ਵਾਲੀ ਆਓ-ਭਗਤ ਭਾਵੇਂ ਏਥੇ ਨਹੀਂ ਸੀ ਹੋਈ ਪਰ ਜਿੰਨਾ ਵੀ ਸਤਿਕਾਰ ਹੋਇਆ, ਉਹ ਕੋਈ ਘੱਟ ਨਹੀਂ ਸੀ। ਪ੍ਰਿੰਸੀਪਲ ਕੁਰਸੀ ਤੋਂ ਉ=ੱਠ ਕੇ ਆਪ ਬਾਹਰ ਆਇਆ ਤੇ ਮੈਨੂੰ ਗਲਵੱਕੜੀ ਵਿਚ ਲੈ ਲਿਆ। ਮੈਨੂੰ ਪਿੱਛੋਂ ਪਤਾ ਲੱਗਿਆ ਕਿ ਮੇਰੇ ਪ੍ਰਤਿ ਏਨਾ ਸਨੇਹ ਜੋ ਵਿਖਾਇਆ ਗਿਆ ਹੈ, ਉਹ ਇਕ ਤਾਂ ਇਸ ਲਈ ਕਿ ਪਹਿਲਾਂ ਮੈਂ ਸੁਖਾਨੰਦ ਆਰੀਆ ਹਾਈ ਸਕੂਲ ਵਿਚ ਦੋ ਸਾਲ ਤੋਂ ਵੀ ਵੱਧ ਕੰਮ ਕੀਤਾ ਹੈ। ਦੂਜਾ ਇਹ ਕਿ ਮੈਂ ਇਸ ਇਲਾਕੇ ਵਿਚ ਜੁਆਰ ਨੌਕਰੀ ਕਰ ਚੁੱਕਾ ਹਾਂ। ਤੀਜਾ ਇਹ ਕਿ ਮੈਂ ਬੀ.ਏ., ਬੀ.ਐ=ੱਡ. ਹਾਂ ਤੇ ਗਿਆਨੀ ਯੂਨੀਵਰਸਿਟੀ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਪਾਸ ਕੀਤੀ ਹੈ। ਏਥੇ ਤਾਂ ਉਹਨਾਂ ਦਿਨਾਂ ਵਿਚ ਕੋਈ ਮੈਟ੍ਰਿਕ, ਗਿਆਨੀ, ਓ.ਟੀ. ਆਉਣ ਨੂੰ ਵੀ ਤਿਆਰ ਨਹੀਂ ਸੀ। ਮੈਂ ਬੀ.ਐ=ੱਡ. ਸੀ ਅਤੇ ਆਉਣ ਤੋਂ ਪਹਿਲਾਂ ਆਪਣੀ ਅਰਜ਼ੀ ਵਿਚ ਘੱਟੋ-ਘੱਟ ਤਨਖਾਹ ੧੫ਂ ਰੁਪਏ ਮੰਗੀ ਸੀ ਜੋ ਉਹਨਾਂ ਨੇ ਨਿਯੁਕਤੀ ਪੱਤਰ ਵਿਚ ਬਿਨਾਂ ਕਿਸੇ ਸ਼ਰਤ ਦੇ, ਦੇ ਦਿੱਤੀ ਸੀ। ਇਹ ਗੱਲ ਪਿੱਛੋਂ ਪਤਾ ਲੱਗੀ ਕਿ ਪ੍ਰਿੰਸੀਪਲ ਮਿਸ਼ਰਾ ਜੀ ਪੱਕੇ ਆਰੀਆ ਸਮਾਜੀ ਹਨ ਅਤੇ ਮੈਨੂੰ ਵੀ ਆਰੀਆ ਸਮਾਜੀ ਤੇ ਹਿੰਦੂ ਹੋਣ ਕਾਰਨ ਏਨਾ ਮੋਹ ਕਰਦੇ ਹਨ, ਕਿਉਂਕਿ ਹਿੰਦੂ ਪੰਜਾਬੀ ਅਧਿਆਪਕ ਉਹਨਾਂ ਦਿਨਾਂ ਵਿਚ ਕਾਂਗੜੇ ਤੇ ਕੁੱਲੂ ਜ਼ਿਲ੍ਹਿਆਂ ਲਈ ਹੱਥ ਵਿਚ ਸੂਰਜ ਫੜਿਆਂ ਵੀ ਨਹੀਂ ਸਨ ਲਭਦੇ।
ਹਾਜ਼ਰ ਹੋਣ ਤੋਂ ਬਾਅਦ ਜਿਹੜੇ ਅਧਿਆਪਕ ਨਾਲ ਸਭ ਤੋਂ ਪਹਿਲਾਂ ਲਿਹਾਜ ਪਈ, ਉਹ ਸੀ ਸਾਇੰਸ ਮਾਸਟਰ ਜਸਬੀਰ ਸਿੰਘ। ਉਸ ਦਾ ਪਿਉ ਸੇਵਾ ਸਿੰਘ ਉਥੇ ਥਾਣੇਦਾਰ ਸੀ। ਉਸ ਨੇ ਹੀ ਮੈਨੂੰ ਕਮਰਾ ਕਿਰਾਏ 'ਤੇ ਲੈ ਕੇ ਦਿੱਤਾ। ਸਕੂਲ ਬੰਦ ਹੋਣ ਪਿੱਛੋਂ ਅਕਸਰ ਸ਼ੁਰੂ ਵਿਚ ਉਹ ਹੀ ਮੇਰੇ ਨਾਲ ਘੁੰਮਣ ਫਿਰਨ ਜਾਂਦਾ। ਕੋਈ ਹੋਰ ਪੰਜਾਬੀ ਨਾ ਹੋਣ ਕਾਰਨ ਅਸੀਂ ਇਕ ਦੂਜੇ ਦਾ ਆਸਰਾ ਬਣ ਗਏ ਸਾਂ। ਕੁਝ ਦਿਨਾਂ ਪਿੱਛੋਂ ਇਕ ਪ੍ਰਾਇਮਰੀ ਸਕੂਲ ਅਧਿਆਪਕ ਗੋਪਾਲ ਸੇਖੜੀ ਅਤੇ ਸੋਸ਼ਲ ਸਟੱਡੀਜ਼ ਮਾਸਟਰ ਹਰੀਸ਼ ਨਾਲ ਵੀ ਮੇਰੀ ਸਾਂਝ ਹੋ ਗਈ ਸੀ। ਸੇਖੜੀ ਗੁਰਦਾਸਪੁਰੀਆ ਪੰਜਾਬੀ ਸੀ ਅਤੇ ਉਸ ਨੂੰ ਕਿਸੇ ਚੰਗੇ ਵੱਡੇ ਮਿੱਲ ਮਾਲਕ ਦੀ ਕੁੜੀ ਨਾਲ ਇਸ਼ਕ ਫਰਮਾਉਣ ਬਦਲੇ ਮਿੱਲ ਦੀ ਵਧੀਆ ਨੌਕਰੀ ਤੋਂ ਹੱਥ ਧੋਣੇ ਪਏ ਸਨ ਅਤੇ ਏਥੇ ਉਹ ਵਕਤ ਕਟੀ ਲਈ ਹੀ ਆਇਆ ਸੀ। ਹਰੀਸ਼ ਦਾ ਪਿੱਛਾ ਪਾਕਿਸਤਾਨੀ ਪੰਜਾਬ ਦਾ ਸੀ ਤੇ ਦੇਸ਼ ਵੰਡ ਪਿੱਛੋਂ ਉਸ ਦੇ ਮਾਪੇ ਅਲੀਗੜ੍ਹ ਆ ਟਿਕੇ ਸਨ।
ਸ਼ਾਇਦ ਯੂ.ਪੀ. ਦੀ ਬੇਰੁਜ਼ਗਾਰੀ ਕਾਰਨ ਉਹ ਏਨੀ ਦੂਰ ਪ੍ਰਾਈਵੇਟ ਸਕੂਲ ਦੀ ਨੌਕਰੀ ਕਰਨ ਆਇਆ ਸੀ। ਜਿਥੋਂ ਤੱਕ ਮੈਂ ਸਮਝਦਾ ਹਾਂ ਕਿ ਕਾਂਗੜਾ ਵਿਚ ਮੇਰੀ ਮੁਢਲੀ ਦੋਸਤੀ ਵਿਚ ਇਹਨਾਂ ਤਿੰਨਾਂ ਦਾ ਬੱਝ ਜਾਣ ਦਾ ਕਾਰਨ ਸਾਡੇ ਸਭ ਦਾ ਪੰਜਾਬੀ ਹੋਣਾ ਸੀ। ਇਸ ਸਕੂਲ ਦੇ ਅਧਿਆਪਕ ਪੰਜਾਬੀ ਅਧਿਆਪਕ ਨੂੰ ਕੁਝ ਸਮਝਦੇ ਹੀ ਨਹੀਂ ਸਨ। ਇਸ ਲਈ ਮੈਂ ਮੁਢਲੇ ਦਿਨਾਂ ਵਿਚ ਸਕੂਲ ਵਿਚ ਵੀ ਅਤੇ ਸਕੂਲ ਤੋਂ ਬਾਹਰ ਵੀ ਜਸਬੀਰ ਤੇ ਸੇਖੜੀ ਨਾਲ ਗੱਲਬਾਤ ਕਰਕੇ ਹੀ ਜੀਅ ਲਾਉਣ ਦਾ ਯਤਨ ਕਰ ਰਿਹਾ ਸੀ। ਜੀਅ ਭਾਵੇਂ ਪੂਰਾ ਨਹੀਂ ਸੀ ਲੱਗਿਆ ਪਰ ਭਰਾ ਨੂੰ ਜੀਅ ਲੱਗਣ ਬਾਰੇ ਇਕ ਮਹੀਨੇ ਵਿਚ ਤਿੰਨ ਪੱਤਰ ਲਿਖ ਚੁੱਕਿਆ ਸੀ।
ਪ੍ਰਿੰਸੀਪਲ ਮਿਸ਼ਰਾ ਨੂੰ ਸਭਿਆਚਾਰਕ ਪ੍ਰੋਗਰਾਮਾਂ ਦਾ ਚੰਗਾ ਸ਼ੌਕ ਸੀ। ਸਟਾਫ ਮੀਟਿੰਗ ਵਿਚ ਅਕਤੂਬਰ ਵਿਚ ਸਭਿਆਚਾਰਕ ਪ੍ਰੋਗਰਾਮ ਕਰਨ ਦੀ ਗੱਲ ਛਿੜੀ ਤਾਂ ਮੈਂ ਕਿਸੇ ਵਿਸ਼ੇ ਉਤੇ ਡੀਬੇਟ ਰੱਖਣ ਦੀ ਤਜਵੀਜ਼ ਪੇਸ਼ ਕੀਤੀ। ਜਿਹੜਾ ਬੋਲੇ, ਓਹੀ ਕੁੰਡਾ ਖੋਲ੍ਹੇ। ਪ੍ਰਿੰਸੀਪਲ ਨੇ ਮੈਨੂੰ ਹੀ ਸਾਰੇ ਪ੍ਰੋਗਰਾਮ ਦਾ ਇੰਚਾਰਜ ਬਣਾ ਦਿੱਤਾ। ਨੋਟਿਸ ਲਾਉਣ ਉਤੇ ਮੇਰੇ ਕੋਲ ਦਸ ਵਿਦਿਆਰਥੀਆਂ ਦੇ ਨਾਉਂ ਆ ਚੁੱਕੇ ਸਨ। ਇਹਨਾਂ ਵਿਚੋਂ ਪੰਜ ਵਿਦਿਆਰਥੀਆਂ ਨੇ ਵਿਸ਼ੇ ਦੇ ਹੱਕ ਵਿਚ ਬੋਲਣਾ ਸੀ। ਵਿਗਿਆਨ ਮਨੁੱਖਤਾ ਲਈ ਵਰਦਾਨ ਹੈ। ਦੂਜੇ ਪੰਜ ਵਿਦਿਆਰਥੀਆਂ ਨੇ ਇਸ ਦੇ ਵਿਰੋਧ ਵਿਚ ਬੋਲਣਾ ਸੀ। ਅੰਤ ਉਤੇ ਇਕ ਅਧਿਆਪਕ ਕੁੰਦਨ ਲਾਲ ਸ਼ਰਮਾ ਨੇ ਵਿਸ਼ੇ ਦੇ ਹੱਕ ਵਿਚ ਤੇ ਪਤੰਬਰ ਦਾਸ ਨੇ ਵਿਸ਼ੇ ਦੇ ਵਿਰੋਧ ਵਿਚ ਬੋਲਣਾ ਸੀ। ਮੰਚ ਸੰਚਾਲਨ ਮੇਰੇ ਕੋਲ ਸੀ। ਉਥੇ ਪੰਜਾਬੀ ਦੂਜੀ ਭਾਸ਼ਾ ਸੀ। ਮਾਧਿਅਮ ਹਿੰਦੀ ਸੀ। ਇਸ ਲਈ ਸਾਰੀ ਡੀਬੇਟ ਦਾ ਸੰਚਾਲਨ ਵੀ ਹਿੰਦੀ ਵਿਚ ਕਰਨਾ ਸੀ। ਇਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਤੇ ਸੱਠ ਤੋਂ ਵੱਧ ਅਧਿਆਪਕਾਂ ਵਿਚ ਜੇ ਪ੍ਰਿੰਸੀਪਲ ਨਾਲ ਸਟੇਜ ਉਤੇ ਕੋਈ ਬੈਠਾ ਸੀ, ਤਾਂ ਉਹ ਸੀ ਇਕ ਪਾਸੇ ਵਾਈਸ ਪ੍ਰਿੰਸੀਪਲ ਸਾਈਂ ਦਾਸ ਤੇ ਦੂਜੇ ਪਾਸੇ ਮੈਂ। ਇਹ ਇਸ ਸਕੂਲ ਵਿਚ ਮੇਰੇ ਲਈ ਇਮਤਿਹਾਨ ਦੀ ਪਹਿਲੀ ਘੜੀ ਸੀ। ਮੈਨੂੰ ਡਰ ਸੀ ਕਿ ਹਿੰਦੀ ਵਿਚ ਮੰਚ ਸੰਚਾਲਨ ਕਰਨ ਵਿਚ ਮੈਂ ਸਫਲ ਵੀ ਹੋ ਸਕਾਂਗਾ ਕਿ ਨਹੀਂ।
**ਅਧਿਅਕ- ਮਹੋਦਯ ਵਾਈਸ ਪ੍ਰਿੰਸੀਪਲ ਆਦਰਣੀਯ ਸਾਈਂ ਦਾਸ ਜੀ, ਅਧਿਆਪਕ ਬੰਧੂਓ ਤਥਾ ਪ੍ਰਿਯ ਵਿਦਿਆਰਥੀਓ'' ਦੇ ਸੰਬੋਧਨ ਨਾਲ ਇਹ ਵਾਕ ਵੀ ਬੋਲੇ **ਹਮਾਰੇ ਵਿਦਿਆਲਯ ਕੇ ਲੀਏ ਯਹ ਗਰਵ ਕੀ ਬਾਤ ਹੈ ਕਿ ਆਜ ਹਮ ਏਕ ਐਸੇ ਵਿਸ਼ਯ ਪਰ ਤਰਕ-ਵਿਤਰਕ ਕਰਨੇ ਜਾ ਰਹੇ ਹੈਂ ਜਿਸ ਪਰ ਨਿਰਸੰਦੇਹ ਦੋ-ਟੂਕ ਨਿਰਣਯ ਤੋ ਨਹੀਂ ਹੋ ਸਕਤਾ, ਮਗਰ ਸੰਵਾਦ ਅਵਸ਼ਯ ਰਚਾਯਾ ਜਾ ਸਕਤਾ ਹੈ।'' ਇਸ ਤਰ੍ਹਾਂ ਹਿੰਦੀ ਵਿਚ ਬੋਲਣ, ਹਿੰਦੀ, ਪੰਜਾਬੀ, ਉਰਦੂ ਦੇ ਸ਼ਿਅਰ, ਕਾਵਿ-ਪੰਕਤੀਆਂ ਅਤੇ ਟਿੱਪਣੀਆਂ ਨਾਲ ਮੰਚ ਉਤੇ ਜਿਸ ਤਰ੍ਹਾਂ ਦਾ ਰੰਗ ਬੰਨ੍ਹਿਆ, ਉਸ ਨਾਲ ਪੰਜਾਬੀ ਅਧਿਆਪਕ ਹੋਣ ਕਾਰਨ ਮੈਨੂੰ ਗਿਆਨੀ ਜੀ ਕਹਿਣ ਦਾ ਸਿਲਸਿਲਾ ਹੌਲੀ ਹੌਲੀ ਬੰਦ ਹੋ ਗਿਆ ਤੇ ਹਾਜ਼ਰੀ ਰਜਿਸਟਰ ਉਤੇ ਮੇਰਾ ਨਾਉਂ ਤਰਸੇਮ ਲਾਲ ਗੋਇਲ ਲਿਖੇ ਹੋਣ ਕਾਰਨ ਸਭ ਅਧਿਆਪਕ ਮੈਨੂੰ ਗੋਇਲ ਸਾਹਿਬ ਕਹਿ ਕੇ ਬੁਲਾਉਣ ਲੱਗ ਪਏ ਤੇ ਮੇਰੇ ਲਈ ਇਹ ਸੰਬੋਧਨ ਹੀ ਵਿਦਿਆਰਥੀਆਂ ਵਿਚ ਪ੍ਰਚੱਲਿਤ ਹੋ ਗਿਆ।
ਸਕੂਲ ਵਿਚ ਸੱਤਵੀਂ ਤੋਂ ਅੱਗੇ ਸਭ ਜਮਾਤਾਂ ਦੀ ਪੰਜਾਬੀ ਮੈਂ ਹੀ ਪੜ੍ਹਾਉਂਦਾ ਸੀ। ਕਿਸੇ ਜਮਾਤ ਦੀਆਂ ਦੋ ਤੋਂ ਘੱਟ ਸੈਕਸ਼ਨਾਂ ਨਹੀਂ ਸਨ। ਮੇਰੇ ਪੜ੍ਹਾਉਣ ਦੇ ਢੰਗ ਤਰੀਕੇ ਨੇ ਵਿਦਿਆਰਥੀਆਂ ਨੂੰ ਹੀ ਨਹੀਂ ਸੀ ਕੀਲਿਆ, ਅਧਿਆਪਕ ਤੇ ਖਾਸ ਤੌਰ 'ਤੇ ਪ੍ਰਿੰਸੀਪਲ ਵੀ ਮੇਰੇ ਤੋਂ ਬਹੁਤ ਪ੍ਰਭਾਵਤ ਸਨ। ਇਕ ਮਹੀਨੇ ਵਿਚ ਹੀ ਮੇਰਾ ਸਥਾਨ ਸਕੂਲ ਦੇ ਪਹਿਲੇ ਪੰਜ-ਚਾਰ ਅਧਿਆਪਕਾਂ ਵਿਚ ਬਣ ਗਿਆ ਸੀ। ਸਲਾਹ-ਮਸ਼ਵਰੇ ਲਈ ਪ੍ਰਿੰਸੀਪਲ ਅਕਸਰ ਮੈਨੂੰ ਬੁਲਾਉਂਦਾ। ਮੈਂ ਚਿੱਤੋਂ ਇਹ ਚਾਹੁੰਦਾ ਕਿ ਮੈਨੂੰ ਨਾ ਬੁਲਾਇਆ ਜਾਵੇ ਪਰ ਪ੍ਰਿੰਸੀਪਲ ਅਕਸਰ ਟਾਈਮ ਟੇਬਲ ਤੇ ਪ੍ਰਬੰਧਕੀ ਕੰਮਾਂ ਲਈ ਮੈਨੂੰ ਬੁਲਾ ਹੀ ਲੈਂਦਾ।
ਸਭ ਤੋਂ ਵੱਡੀ ਔਖ ਮੈਨੂੰ ਰੋਟੀ ਦੀ ਸੀ। ਸਕੂਲ ਦਾ ਹਾਕੀ ਗਰਾਊਂਡ ਟੱਪ ਕੇ ਸ਼ਹਿਰ ਦੀ ਮੁੱਖ ਸੜਕ ਤੋਂ ਅੱਗੇ ਕੁਝ ਹੋਟਲ ਸਨ। ਦੋ ਵੇਲੇ ਦੀ ਰੋਟੀ ਮੈਂ ਪੰਡਤ ਦੇ ਇਕ ਹੋਟਲ 'ਤੇ ਖਾਂਦਾ। ਕਮਰੇ ਭਾਵੇਂ ਵੱਖੋ-ਵੱਖਰੇ ਸਨ ਪਰ ਮੇਰੇ ਤੇ ਸੇਖੜੀ ਕੋਲ ਚਾਹ ਬਣਾਉਣ ਦਾ ਸਾਰਾ ਪ੍ਰਬੰਧ ਸਾਂਝਾ ਸੀ। ਸੇਖੜੀ ਸਵੇਰੇ ਲੇਟ ਉਠਦਾ, ਕਿਉਂਕਿ ਰਾਤ ਨੂੰ ਉਹ ਪੜ੍ਹਦਾ ਰਹਿੰਦਾ। ਮੈਂ ਪਹੁ-ਫੁਟਾਲੇ ਨਾਲ ਉ=ੱਠ ਕੇ ਸੈਰ ਨੂੰ ਚਲਾ ਜਾਂਦਾ। ਸ਼ਾਮ ਨੂੰ ਵੀ ਸੈਰ ਨੂੰ ਜਾਂਦਾ ਤੇ ਆਉਂਦੇ ਹੋਏ ਦਿਨ ਪੂਰੀ ਤਰ੍ਹਾਂ ਛਿਪਣ ਤੋਂ ਪਹਿਲਾਂ ਆਪਣੇ ਕਮਰੇ ਵਿਚ ਆ ਜਾਂਦਾ। ਜੇ ਰਾਤ ਨੂੰ ਇਕ ਦੋ ਵਾਰ ਜਾਣਾ ਵੀ ਪਿਆ ਤਾਂ ਮੈਂ ਟਾਰਚ ਨਾਲ ਲੈ ਕੇ ਜਾਂਦਾ। ਸੇਖੜੀ ਏਨਾ ਜ਼ਹੀਨ ਸੀ ਕਿ ਉਸ ਨੇ ਦੋ ਢਾਈ ਹਫਤਿਆਂ ਵਿਚ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਮੈਨੂੰ ਰਾਤ ਨੂੰ ਪੜ੍ਹਨ ਲਿਖਣ ਵਿਚ ਹੀ ਨਹੀਂ, ਤੁਰਨ ਫਿਰਨ ਵਿਚ ਵੀ ਮੁਸ਼ਕਲ ਆਉਂਦੀ ਹੈ ਪਰ ਉਸ ਵਿਚ ਮਿੱਲ ਵੇਲੇ ਦੀ ਕੀਤੀ ਵੱਡੀ ਨੌਕਰੀ ਦੀ ਹੈਂਕੜ ਵੀ ਸੀ, ਜਿਸ ਕਾਰਨ ਉਸ ਨੇ ਮੁਸ਼ਕਲ ਸਮੇਂ ਕਦੇ ਵੀ ਕੋਈ ਮੇਰੀ ਮਦਦ ਨਹੀਂ ਸੀ ਕੀਤੀ।
ਸਕੂਲ ਵਿਚ ਜੋ ਕੁਝ ਵਾਪਰਿਆ ਉਹ ਜ਼ਿਆਦਾਤਰ ਤਾਂ ਚਿੱਠੀਆਂ ਵਿਚ ਲਿਖ ਦਿੱਤਾ ਸੀ ਪਰ ਘਰ ਚੱਕਰ ਮਾਰਨ 'ਤੇ ਭਰਾ ਸਭ ਕੁਝ ਵਿਸਥਾਰ ਨਾਲ ਮੇਰੇ ਮੂੰਹੋਂ ਸੁਣਨਾ ਚਾਹੁੰਦਾ ਸੀ। ਉਹ ਮੇਰੀ ਇਸ ਨਿਯੁਕਤੀ ਉਤੇ ਬਹੁਤ ਪ੍ਰਸੰਨ ਸੀ। ਇਸ ਦੇ ਬਾਵਜੂਦ ਕਿ ਉਹ ਆਪ ਵੈਸ਼ਨੂੰ ਸੀ, ਉਸ ਨੇ ਉਚੇਚੇ ਤੌਰ 'ਤੇ ਮੈਨੂੰ ਰੋਜ਼ ਦੋ ਆਂਡੇ ਖਾਣ ਦੀ ਹਦਾਇਤ ਕੀਤੀ। ਇਹ ਵੀ ਕਿਹਾ ਕਿ ਹੁਣ ਪਿੱਛੇ ਭੇਜਣ ਦੀ ਬਹੁਤੀ ਚਿੰਤਾ ਨਾ ਕਰੀਂ। ਫਲ ਵੀ ਖਾਈਂ ਤੇ ਦੁੱਧ ਵੀ ਪੀਵੀਂ। ਸੈਰ ਨੂੰ ਜ਼ਰੂਰ ਜਾਇਆ ਕਰੀਂ। ਚੀਲ੍ਹ ਦੇ ਦਰਖਤਾਂ ਵਿਚੋਂ ਦੀ ਲੰਘ ਕੇ ਆਉਣ ਵਾਲੀ ਹਵਾ ਬੜੀ ਮੁਫੀਦ ਹੁੰਦੀ ਹੈ।
ਮਾਂ ਦੇ ਨਾਲ ਮੇਰੀ ਛੋਟੀ ਭਤੀਜੀ ਸਰੋਜ ਵੀ ਮੇਰੇ ਨਾਲ ਆਉਣ ਲਈ ਤਿਆਰ ਹੋ ਗਈ। ਓਦੋਂ ਉਹ ਪੰਜਵੀਂ ਵਿਚ ਪੜ੍ਹਦੀ ਸੀ। ਉਸ ਨੂੰ ਲਿਜਾ ਕੇ ਮੈਂ ਵੀ ਰਾਜ਼ੀ ਸੀ ਤੇ ਮਾਂ ਵੀ, ਪਰ ਇਕ ਚਿੰਤਾ ਸੀ ਮੈਨੂੰ ਵੀ ਤੇ ਮਾਂ ਨੂੰ ਵੀ ਕਿ ਜੇ ਜੀਅ ਨਾ ਲਾਇਆ ਤਾਂ ਫੇਰ ਕੌਣ ਇਹਨੂੰ ਛੱਡਣ ਆਊ। ਬੜੀ ਮੁਸ਼ਕਲ ਨਾਲ ਉਸ ਨੂੰ ਪੰਜਵੀਂ ਵਿਚ ਦਾਖਲ ਕਰਵਾਇਆ। ਪਰ ਓਹੀ ਸਮੱਸਿਆ ਸਾਹਮਣੇ ਆ ਗਈ, ਜਿਸ ਦਾ ਡਰ ਸੀ। ਖਾਣ-ਪੀਣ ਦੀਆਂ ਮਨਮਰਜ਼ੀ ਦੀਆਂ ਚੀਜ਼ਾਂ ਨਾਲ ਵੀ ਉਹ ਨਾ ਪਰਚਦੀ। ਹਮੇਸ਼ਾ ਵਾਪਸ ਜਾਣ ਦੀ ਰਟ ਲਾਉਂਦੀ ਰਹਿੰਦੀ।
ਪਰ ਇਕ ਮਹੀਨੇ ਦੇ ਅੰਦਰ ਅੰਦਰ ਉਸ ਦਾ ਜੀਅ ਲਗਦਾ-ਲਗਦਾ ਐਸਾ ਲੱਗਿਆ ਕਿ ਜਿਵੇਂ ਵਾਪਸ ਜਾਣ ਦੀ ਗੱਲ ਭੁੱਲ ਹੀ ਗਈ ਹੋਵੇ। ਸਕੂਲ ਵਿਚ ਜੋ ਕੁਝ ਪੜ੍ਹਦੀ, ਉਸ ਬਾਰੇ ਸ਼ਾਮ ਨੂੰ ਆ ਕੇ ਮੈਨੂੰ ਦਸਦੀ। ਦਸੰਬਰ ਵਿਚ ਉਸ ਦੇ ਨੌਂਮਾਹੀ ਇਮਤਿਹਾਨ ਹੋਣੇ ਸਨ। ਇਕ ਦਿਨ ਸਕੂਲੋਂ ਖਾਲੀ ਪੀਰਡ ਵਿਚ ਆ ਕੇ ਮੈਂ ਸਰੋਜ ਦੇ ਸਕੂਲ ਗਿਆ। ਉਸ ਦੀ ਅਧਿਆਪਕਾ ਨੇ ਜਿਸਖੁਸ਼ੀ ਨਾਲ ਸਰੋਜ ਦੀ ਸਿਫਤ ਕੀਤੀ, ਮੇਰਾ ਸੇਰ ਲਹੂ ਵਧ ਗਿਆ। ਮਾਸਟਰਨੀ ਦਾ ਉਲਾਂਭਾ ਵਡਿਆਈ ਵਿਚ ਬਦਲ ਗਿਆ ਸੀ। ਉਂਜ ਵੀ ਮੇਰੇ ਬਾਰੇ ਉਸ ਨੂੰ ਸੇਂਟ ਹਿਲਡਾਜ਼ ਗਰਲਜ਼ ਹਾਇਰ ਸੈਕੰਡਰੀ ਸਕੂਲ ਤੋਂ ਪਤਾ ਲੱਗ ਗਿਆ ਸੀ ਕਿ ਮੇਰੇ ਆਪਣੇ ਸਕੂਲ ਵਿਚ ਮੇਰਾ ਕਿੰਨਾ ਪ੍ਰਭਾਵ ਹੈ। ਇਸ ਕੁੜੀਆਂ ਦੇ ਸਕੂਲ ਦੇ ਪ੍ਰਿੰਸੀਪਲ ਦੇ ਸੱਦੇ ਉਤੇ ਮੈਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਗਿਆ ਸੀ। ਉਸ ਸਕੂਲ ਵਿਚ ਉਸ ਅਧਿਆਪਕਾ ਦੀ ਕੁੜੀ ਵੀ ਪੜ੍ਹਦੀ ਸੀ। ਉਸ ਕੁੜੀ ਨੇ ਹੀ ਮੇਰੇ ਬਾਰੇ ਆਪਣੀ ਮਾਂ ਨੂੰ ਸਭ ਕੁਝ ਦੱਸਿਆ ਹੋਵੇਗਾ। ਹੈਡ ਟੀਚਰ ਦੀ ਪਹਿਲੀ ਮੁਲਾਕਾਤ ਵਾਲਾ ਰੁੱਖਾ ਰਵੱਈਆ ਜਿਵੇਂ ਘਿਉਸ਼ਸ਼ੱਕਰ ਵਿਚ ਬਦਲ ਗਿਆ ਹੋਵੇ।
ਏਥੇ ਰਹਿ ਕੇ ਸਭ ਤੋਂ ਵੱਧਖੁਸ਼ ਸੀ ਮੇਰੀ ਮਾਂ। ਉਸ ਨੂੰ ਤਾਂ ਜਿਵੇਂ ਸੁਰਗ ਹੱਥ ਲੱਗ ਗਿਆ ਹੋਵੇ। ਉਹ ਸਵੇਰੇ ਉਠਦੀ, ਨਹਾਉਂਦੀ ਤੇ ਮਾਤਾ ਦੇ ਭਵਨ ਮੱਥਾ ਟੇਕਣ ਚਲੀ ਜਾਂਦੀ, ਜਿਸ ਮਾਤਾ ਦੇ ਭਵਨ 'ਤੇ ਇਕ ਵਾਰ ਆਉਣ ਲਈ ਮੇਰੀ ਮਾਂ ਨੂੰ ੩ਂ-੩੫ ਸਾਲ ਪਹਿਲਾਂ ਗਗਰੇਟ ਤੋਂ ਖੱਚਰਾਂ 'ਤੇ ਆਉਣਾ ਪਿਆ ਸੀ, ਉਹ ਭਵਨ ਹੁਣ ਘਰ ਬੈਠੀ ਵੀ ਰੋਜ਼ ਵੇਖਦੀ, ਮਾਤਾ ਦੇ ਦਰਸ਼ਨ ਕਰਨ ਅੱਵਲੀ ਤਾਂ ਸਵੇਰੇ ਸ਼ਾਮ ਦੋ ਵਾਰ ਜਾਂਦੀ, ਨਹੀਂ ਤਾਂ ਉਸ ਨੇ ਸਵੇਰ ਵੇਲੇ ਜਾਣ ਦਾ ਨਾਗਾ ਹੀ ਨਹੀਂ ਸੀ ਪਾਇਆ। ਮਾਲਕ ਮਕਾਨ ਪੁਜਾਰੀ (ਭੋਜਕੀ) ਦੀ ਪਤਨੀ ਮਾਂ ਨੂੰ ਹੱਥ ਜੋੜ ਕੇ ਪ੍ਰਣਾਮ ਕਰਦੀ। ਹੋਰ ਭੋਜਕੀਆਂ ਦੀਆਂ ਤ੍ਰੀਮਤਾਂ ਤੋਂ ਲੈ ਕੇ ਬੱਚਿਆਂ ਤੱਕ ਸਭ ਮਾਂ ਨੂੰ ਮਾਂ ਜੀ ਕਹਿ ਕੇ ਮੱਥਾ ਟੇਕਦੇ। ਮਾਂ ਇਸ ਨੂੰ ਆਪਣਾ ਧੰਨਭਾਗ ਸਮਝਦੀ। ਮੇਰੇ ਜੰਮਣ ਨੂੰ ਉਹ ਆਪਣਾ ਜੀਵਨ ਸਫਲਾ ਕਹਿੰਦੀ ਨਾ ਥਕਦੀ। ਮੈਂ ਮਾਂ ਨੂੰ ਖਿਝਾਉਣ ਦਾ ਮਾਰਾ ਦਿਨ 'ਚ ਇਕ ਅੱਧ ਵਾਰ ਜ਼ਰੂਰ ਕਹਿੰਦਾ :
**ਖਾਣ ਪੀਣ ਨੂੰ ਭੋਜਕੀ
ਦੁੱਖ ਸਹਿਣ ਨੂੰ ਦੋਜਕੀ।''
**ਨਾ ਮੇਰਾ ਪੁੱਤ, ਫੇਰ ਵੀ ਬ੍ਰਾਹਮਣ ਦੀ ਔਲਾਦ ਨੇ ਇਹ। ਇਹਨਾਂ ਨੂੰ ਮਾੜਾ ਵਚਨ ਨੀ ਕਹੀਦਾ।'' ਮਾਂ ਮੈਨੂੰ ਮੱਤ ਦਿੰਦੀ ਕਹਿੰਦੀ। ਮੈਨੂੰ ਭਵਨ ਮਾਤਾ ਦੇ ਦਰਸ਼ਨ ਕਰਨ ਲਈ ਵੀ ਕਹਿੰਦੀ ਰਹਿੰਦੀ ਤੇ ਮੈਂ ਮਾਂ ਨੂੰ ਹੱਸ ਕੇ ਇਹ ਕਹਿ ਕੇ ਟਾਲ ਦਿੰਦਾ :
**ਮਾਂ, ਤੂੰ ਰੋਜ਼ ਦੋ ਵੇਲੇ ਜਾਂਦੀ ਤਾਂ ਹੈਂ। ਆਪਣਾ ਪੁੰਨ ਅੱਧੋ-ਅੱਧ।''
ਨਵਰਾਤਿਆਂ ਵਿਚ ਦੋ ਵਾਰ ਮੈਂ ਮਾਤਾ ਦੇ ਭਵਨ ਫੇਰਾ ਪਾ ਆਇਆ ਸੀ। ਵੇਖਣ ਇਹ ਗਿਆ ਸੀ ਕਿ ਮਾਤਾ ਦੀ ਪਿੰਡੀ ਘਿਉ ਦੀ ਕਿਵੇਂ ਬਣੀ ਹੋਈ ਹੈ। ਸੱਚਮੁੱਚ ਉਹ ਘਿਉ ਦੀ ਥਾਂ ਚਿੱਟੇ ਦੁੱਧ ਸੰਗਮਰਮਰ ਦੀ ਪਿੰਡੀ ਜਾਪਦੀ ਸੀ। ਇਸ ਤਰ੍ਹਾਂ ਮਾਤਾ ਦਾ ਰੂਪ ਮੈਂ ਹੋਰ ਕਿਸੇ ਮੰਦਰ ਵਿਚ ਨਹੀਂ ਸੀ ਵੇਖਿਆ।
ਮੇਰੀਆਂ ਅੱਖਾਂ ਦੀ ਹਾਲਤ ਹਰੀਸ਼ ਨੂੰ ਪੂਰੀ ਤਰ੍ਹਾਂ ਪਤਾ ਲੱਗ ਗਈ ਸੀ। ਗੁਆਂਢੀ ਹੋਣ ਕਾਰਨ ਉਹ ਅਕਸਰ ਸ਼ਾਮ ਨੂੰ ਜ਼ਰੂਰ ਮੇਰੇ ਕੋਲ ਆ ਜਾਂਦਾ। ਮੈਂ ਉਸ ਨੂੰ ਸੈਰ ਲਈ ਲੈ ਜਾਂਦਾ। ਉਸ ਨਾਲ ਸੈਰ ਕਰਨ ਵਿਚ ਮੈਨੂੰ ਕੋਈ ਝਿਜਕ ਨਹੀਂ ਸੀ। ਜੇ ਹਨੇਰਾ ਵੀ ਹੋ ਜਾਂਦਾ ਤਾਂ ਵੀ ਉਹ ਮੇਰੇ ਨਾਲ ਮੇਰਾ ਸਹਾਰਾ ਬਣ ਕੇ ਤੁਰਦਾ। ਛੁੱਟੀ ਵਾਲੇ ਦਿਨ ਅਸੀਂ ਕਿਸੇ ਨਾ ਕਿਸੇ ਪਾਸੇ ਨਿਕਲ ਜਾਂਦੇ। ਇਕ ਵਾਰ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਵੇਖਣ ਗਏ। ਮੁੱਖ ਦੁਆਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਉਂ ਦਾ ਪੱਥਰ ਅਜੇ ਵੀ ਲੱਗਿਆ ਹੋਇਆ ਸੀ। ਉਂਜ ਸਾਰਾ ਕਿਲ੍ਹਾ ਢਹਿ ਚੁੱਕਿਆ ਸੀ।
ਲੋਕ ਕਹਿੰਦੇ ਸਨ ਬਈ ਜਿਹੜੀ ਠੰਡ ਇਸ ਵਾਰ ਪਈ ਹੈ, ਇਸ ਤਰ੍ਹਾਂ ਦੀ ਪਹਿਲਾਂ ਕਦੇ ਵੀ ਸੀ ਨਹੀਂ ਪਈ। ਧਰਮਸਾਲਾ ਦੇ ਪਹਾੜਾਂ 'ਤੇ ਪਈ ਬਰਫ ਰੂੰ ਦੇ ਗੋਹੜਿਆਂ ਵਰਗੀ ਲਗਦੀ ਪਰ ਬੁਖਾਰ ਚੜ੍ਹਨ ਕਾਰਨ ਮੇਰਾ ਘਰੋਂ ਨਿਕਲਣਾ ਬੰਦ ਹੋ ਗਿਆ। ਬੁਖਾਰ ਦੇ ਨਾਲ ਖੰਘ ਜ਼ੁਕਾਮ ਕਾਰਨ ਕਮਜ਼ੋਰੀ ਦਿਨ-ਬ-ਦਿਨ ਵਧਦੀ ਗਈ। ਜੀਅ ਕਰਦਾ ਸੀ ਏਥੋਂ ਭੱਜ ਜਾਵਾਂ। ਇਹ ਗੱਲ ਮੈਨੂੰ ਕਈ ਸਾਲ ਪਿੱਛੋਂ ਸਮਝ ਆਈ ਕਿ ਸਲ੍ਹਾਬਾ ਮੌਸਮ ਮੈਨੂੰ ਮੁਆਫਕ ਨਹੀਂ ਪਰ ਮੈਂ ਤਾਂ ਦਸੰਬਰ ਵਿਚ ਹੀ ਨੌਕਰੀ ਛੱਡ ਕੇ ਘਰ ਪਰਤਣ ਦਾ ਫੈਸਲਾ ਕਰ ਲਿਆ ਸੀ। ਪ੍ਰਿੰਸੀਪਲ ਤੇ ਸਭ ਸੀਨੀਅਰ ਅਧਿਆਪਕਾਂ ਦਾ ਪਿਆਰ ਤੇ ਸਤਿਕਾਰ ਵੀ ਮੈਨੂੰ ਓਥੇ ਰੱਖ ਨਾ ਸਕਿਆ। ਭਰਾ ਨੂੰ ਚਿੱਠੀ ਲਿਖ ਦਿੱਤੀ। ਉਸ ਨੇ ਜਵਾਬ ਦਿੱਤਾ ਕਿ ਜੇ ਮਨ ਉਚਾਟ ਹੋ ਗਿਆ ਹੈ ਤਾਂ ਬੇਸ਼ੱਕ ਨੌਕਰੀ ਛੱਡ ਦੇ। ਪਰ ਨਾਲ ਹੀ ਲਿਖਿਆ ਕਿ ਤੇਰੇ ਲਈ ਪਹਾੜੀ ਆਬੋ-ਹਵਾ ਚੰਗੀ ਹੈ। ਮੈਂ ਭਰਾ ਦੀ ਸਭ ਗੱਲ ਸਮਝ ਗਿਆ ਸੀ। ਆਪਣੇ ਸਟਾਫ ਤੋਂ ਇਲਾਵਾ ਪਿਆਰੇ ਮਿੱਤਰ ਜਸਬੀਰ ਤੇ ਹਰੀਸ਼ ਦੀ ਨਸੀਹਤ ਵੀ ਕਿਸੇ ਕੰਮ ਨਾ ਆਈ। ਸਰੋਜ ਦੀਆਂ ਅਧਿਆਪਕਾਵਾਂ ਕੋਲ ਜਦੋਂ ਉਸ ਦਾ ਸਰਟੀਫਿਕੇਟ ਲੈਣ ਗਿਆ ਤਾਂ ਉਹ ਸਰਟੀਫਿਕੇਟ ਕੱਟਣ ਨੂੰ ਤਿਆਰ ਨਹੀਂ ਸਨ। ਹੈਡ ਟੀਚਰ ਉਮਰ ਵਿਚ ਮੈਥੋਂ ਬਹੁਤ ਵੱਡੀ ਸੀ। ਉਸ ਨੇ ਵੱਡੀਆਂ ਭੈਣਾਂ ਵਾਂਗ ਮੈਨੂੰ ਬੜਾ ਸਮਝਾਇਆ ਪਰ ਪਤਾ ਨਹੀਂ ਮੇਰੇ ਦਿਲ ਵਿਚ ਕੀ ਸੀ, ਮੈਂ ਇਕੋ ਲੱਤ 'ਤੇ ਗਿਆ। ਪ੍ਰਿੰਸੀਪਲ ਮਿਸ਼ਰਾ ਜਦੋਂ ਮੇਰੀ ਰਲੀਵਿੰਗ ਚਿੱਟ 'ਤੇ ਦਸਤੀਂਤ ਕਰ ਰਿਹਾ ਸੀ, ਉਸ ਦਾ ਗੱਚ ਭਰ ਆਇਆ। ਸੱਚਮੁੱਚ ਉਸ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਹਿ ਤੁਰੇ। ਇਸ ਤਰ੍ਹਾਂ ਦਾ ਪਿਆਰ ਜ਼ਿੰਦਗੀ ਵਿਚ ਮੈਨੂੰ ਕਿਸੇ ਮੁਖੀ ਤੋਂ ਪ੍ਰਾਪਤ ਨਹੀਂ ਹੋਇਆ। ਪਰ ਮੈਂ ਕੀ ਸੀ, ਜਿਵੇਂ ਪੱਥਰ ਬਣ ਗਿਆ ਹੋਵਾਂ। ਮੈਂ ਉਸ ਦੇ ਪਿਆਰ ਦਾ ਮੁੱਲ ਨਹੀਂ ਪਾ ਸਕਿਆ। ਇਸ ਗੱਲ ਦਾ ਝੋਰਾ ਮੈਨੂੰ ਅਗਲੇ ਸਕੂਲਾਂ ਵਿਚ ਜਾ ਕੇ ਸਤਾਉਂਦਾ ਰਿਹਾ। ਮੈਨੂੰ ਇਕ ਦੇਵਤੇ ਦੀ ਕਦਰ ਕਰਨੀ ਨਹੀਂ ਸੀ ਆਈ। ਉਹਨਾਂ ਪ੍ਰਤਿ ਮੇਰਾ ਸਤਿਕਾਰ ਆਖਰੀ ਦਮ ਤੱਕ ਬਣਿਆ ਰਹੇਗਾ ਤੇ ਉਹਨਾਂ ਨੂੰ ਯਾਦ ਕਰਕੇ ਮੈਂ ਖਿਮਾ ਯਾਚਨਾ ਦੀ ਮੁਦਰਾ ਵਿਚ ਉਸ ਸਕੂਲ ਨੂੰ ਛੱਡਣ ਤੋਂ ਸਾਲ ਪਿੱਛੋਂ ਐਸ.ਡੀ.ਹਾਈ ਸਕੂਲ, ਮੌੜ ਮੰਡੀ ਛੱਡਣ ਵੇਲੇ ਵੀ ਆਇਆ ਸੀ ਤੇ ਅਕਸਰ ਹੁਣ ਵੀ ਉਸੇ ਤਰ੍ਹਾਂ ਦੀ ਮੁਦਰਾ ਵਿਚ ਉਹਨਾਂ ਛਿਣਾਂ ਵੇਲੇ ਆ ਜਾਂਦਾ ਹਾਂ ਜਦੋਂ ਕਿਸੇ ਅਫਸਰ ਦਾ ਸਲੂਕ ਗੈਰ-ਮਨੁੱਖੀ ਮਹਿਸੂਸ ਕਰਦਾ ਹਾਂ।
੧੮ ਜਨਵਰੀ ੧੯੬੪ ਨੂੰ ਪਹਿਲੀ ਬਸ ਫੜ ਕੇ ਤਿੰਨ ਵਾਲੀ ਗੱਡੀ ਤਪੇ ਪਹੁੰਚ ਗਿਆ ਸੀ। ਸਮਝੋ ਬੁੱਧੂ ਮੁੜ ਘਰ ਆ ਗਿਆ ਸੀ।

-----ਚਲਦਾ-----