ਕਲੰਕ (ਮਿੰਨੀ ਕਹਾਣੀ)

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਹੋਰ ਸੁਣਾਓ ਮਾਸਟਰ ਜੀ,ਕੀ ਹਾਲ ਚਾਲ ਆ ।'
       "ਠੀਕ ਹੈ,ਆਓ ਬੈਠੋ"; ਘਰ ਮਿਲਣ ਆਏ ਸਰਪੰਚ ਪ੍ਰੀਤਮ ਸਿੰਘ ਨੂੰ ਮਾਸਟਰ ਸ਼ਾਤੀ ਪ੍ਰਕਾਸ਼ ਨੇ ਬੈਠਣ ਲਈ ਕਿਹਾ।
  "ਆਪਣੇ ਮੁੰਡੇ ਦੀ ਬਰਸੀ ਕਦੋਂ ਆ', ਸਰਪੰਚ ਨੇ ਬੈਠਕ ਵਿੱਚ ਲੱਗੀ ਮਾਸਟਰ ਜੀ ਦੇ ਨੌਜੁਆਨ ਮੁੰਡੇ ਦੀ ਫੋਟੋ ਵੱਲ ਵੇਖਦਿਆ ਗੱਲ ਸ਼ੁਰੂ ਕੀਤੀ।
    "ਜੀ ਅਗਲੇ ਮਹੀਨੇ ਦੀ ਵੀਹ ਤਰੀਕ ਨੂੰ ਹੈ ਕਾਕੇ ਦੀ ਬਰਸੀ।'ਮਾਸਟਰ ਜੀ ਦੀਆਂ ਅੱਖਾਂ ਵਿੱਚ ਮਾਮੂਲੀ ਜਿਹੀ ਨਮੀ ਉਤਰ ਆਈ।ਉਹਨਾਂ ਫਰਸ਼ ਵੱਲ ਨੀਵੀ ਪਾ ਲਈ।
 "ਮਾਸਟਰ ਜੀ ਮੈਂ ਤੁਹਾਡੀ ਭਾਵਨਾ ਸਮਝਦਾ ਹਾਂ।ਤੁਹਾਡੇ ਮੁੰਡੇ ਨੇ ਬੇਮਿਸਾਲ ਕਾਰਜ ਕੀਤਾ।ਉਸਨੇ ਪਿੰਡ ਦੇ ਮੁੰਡਿਆ ਵਿੱਚ ਅਜਿਹੀ ਲਹਿਰ ਚਲਾਈ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਪੁੱਠੇ ਪੈਰੀ ਭੱਜਣਾ ਪਿਆ।ਉਹਨਾਂ ਜ਼ਾਲਿਮਾ ਨੇ ਹੀ ਸ਼ਾਜਿਸ਼ ਰਚ ਕੇ ਮੁੰਡੇ ਤੇ ਜਾਨ ਲੇਵਾ ਹਮਲਾ ਕੀਤਾ।ਤੁਹਾਡੇ ਮੁੰਡੇ ਦੀ ਕੁਰਬਾਨੀ ਕਰਕੇ ਹੀ ਪਿੰਡ ਵਿੱਚ ਜਾਗ੍ਰਤੀ ਆਈ।ਪਿੰਡ ਨਸ਼ੇ ਤੋਂ ਰਹਿਤ ਹੈ।ਜਦ ਕਿ ਪੂਰੇ ਪੰਜਾਬ ਵਿੱਚ ਨਸ਼ੇ ਦਾ ਹੜੂ ਆਇਆ ਹੋਇਆ ਹੈ।ਆਪਾ ਕਾਕੇ ਦੀ ਬਰਸੀ ਜਾਗ੍ਰਤੀ ਲਹਿਰ ਵਜੋਂ ਮਨਾਵਾਂਗੇ। ਇਲਾਕੇ ਦੇ ਵੱਡੇ ਨੇਤਾ ਜੀ ਭਾਗ ਲੈਣਗੇ।ਸਰਪੰਚ ਦੀ ਅਵਾਜ਼ ਵਿੱਚ ਜੋਸ਼ ਸੀ।ਜਿਵੇਂ ਉਹ ਇਸ ਕਾਰਜ ਤੋਂ ਕੋਈ ਲਾਹਾ ਲੈਣਾ ਚੁੰਹਦਾ ਹੋਵੇ।
     "ਨਾ ਸਰਪੰਚ ਸਾਬ੍ਹ ਨਾ, ਇਸ ਬਰਸੀ ਤੇ ਕਿਸੇ ਵੀ ਲੀਡਰ ਨੂੰ ਨਹੀ ਸੱਦਣਾ।ਇਹ ਨਿਰੋਲ ਸਮਾਜਿਕ ਕੰਮ ਹੈ।ਲੀਡਰਾਂ ਨੂੰ ਸੱਦ ਕੇ ਮੈਂ ਕਾਕੇ ਦੀ ਕੁਰਬਾਨੀ ਨੂੰ ਕਲੰਕਿਤ ਨਹੀ ਕਰਨਾ।ਤਹਾਨੂੰ ਪਤਾ ਹੀ ਹੈ ਕਿ ਕੀ ਹਾਲ ਕੀਤਾ ਇਹਨਾਂ ਨੇ,ਮੈਨੂੰ ਮਾਫ ਕਰੋ।ਇਸ ਵਾਰ ਮਾਸਟਰ ਜੀ ਦੀਆਂ ਅੱਖਾਂ ਵਿੱਚ ਸੱਚਮੁੱਚ ਹੰਝੂ ਆ ਗਏ।