ਕਰਜ਼ ਅਤੇ ਫ਼ਰਜ਼ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਮੇਸ਼ਾਂ ਚੱਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ। ਆਪਣੀ ਆਮਦਨ ਦੇ ਹਿਸਾਬ ਸਿਰ ਹੀ ਖ਼ਰਚ ਕਰਨਾ ਚਾਹੀਦਾ ਹੈ। ਕਰਜ਼ੇ ਤੋਂ ਬਚਣਾ ਚਾਹੀਦਾ ਹੈ। ਕਿਸੇ ਕੋਲੋਂ ਉਧਾਰ ਲਏ ਧਨ ਨੂੰ ਕਰਜ਼ ਕਹਿੰਦੇ ਹਨ। ਕਰਜ਼ ਸਾਨੂੰ ਕੋਈ ਵਸਤੂ ਗਿਰਵੀ ਰੱਖ ਕੇ, ਦੂਸਰੇ ਦੀਆਂ ਸ਼ਰਤਾਂ ਤੇ ਵਿਆਜ ਤੇ ਮਿਲਦਾ ਹੈ।ਇਹ ਵਿਆਜ ਸਾਡੀ ਆਮਦਨ ਅਤੇ ਖ਼ਰਚ ਦੇ ਤਵਾਜਨ ਨੂੰ ਵਿਗਾੜ ਦਿੰਦਾ ਹੈ। ਕਈ ਵਾਰੀ ਬੰਦਾ ਮਜ਼ਬੂਰੀ ਵੱਸ ਵਿਆਜ ਨਹੀਂ ਮੋੜ ਸੱਕਦਾ ਅਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਂਦੀ ਹੈ। ਇਸ ਭਾਰ ਨਾਲ ਬੰਦਾ ਦੱਬਿਆ ਰਹਿੰਦਾ ਹੈ ਅਤੇ ਇਕ ਦਿਨ ਉਸ ਦਾ ਦਿਵਾਲਾ ਨਿਕਲ ਜਾਂਦਾ ਹੈ। ਉਸ ਦੀ ਇੱਜ਼ਤ ਮਿੱਟੀ ਵਿਚ ਮਿਲ ਜਾਂਦੀ ਹੈ।ਉਸ ਦੀ ਜ਼ਮੀਨ ਅਤੇ ਘਰ ਘਾਟ ਵਿਕ ਜਾਂਦਾ ਹੈ। ਉਸ ਦਾ ਪਰਿਵਾਰ ਸੜਕਾਂ 'ਤੇ ਆ ਕੇ ਰੁਲ ਜਾਂਦਾ ਹੈ। ਇਹ ਨਮੋਸ਼ੀ ਬੰਦੇ ਤੋਂ ਸਹੀ ਨਹੀਂ ਜਾਂਦੀ ਅਤੇ ਉਹ ਖੁਦਕੁਸ਼ੀ ਦੇ ਰਾਹ ਤੇ ਤੁਰ ਪੈਂਦਾ ਹੈ।ਬੇਸ਼ੱਕ ਸਰਕਾਰ ਨੇ ਕਿਸਾਨਾ ਨੂੰ ਸੱਸਤੇ ਵਿਆਜ ਤੇ ਬੈਂਕਾਂ ਵਿਚੋਂ ਕਰਜ਼ੇ ਦੁਵਾਉਣ ਦੀ ਮੁਹਿੰਮ ਚਲਾਈ ਹੈ ਪਰ ਸਰਕਾਰ ਦੇ ਇਹ ਕੰਮ ਨਾਕਾਫੀ ਸਾਬਤ ਹੋਏ ਹਨ। ਹਾਲੀ ਵੀ ਭਾਰਤ ਵਿਚ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਤੁਰੇ ਹੋਏ ਹਨ। ਰੋਜ਼ ਅਖ਼ਬਾਰ ਵਿਚ ਚਾਰ ਪੰਜ ਕਿਸਾਨਾ ਦੀ ਖ਼ੁਦਕੁਸ਼ੀ ਦੀ ਦਰਦਨਾਕ ਖ਼ਬਰ ਪੜਣ ਨੂੰ ਮਿਲ ਹੀ ਜਾਂਦੀ ਹੈ।
ਇਹ ਤਾਂ ਸੀ ਧਨ ਦੇ ਕਰਜ਼ ਦੀ ਗੱਲ। ਅਸੀਂ ਕਹਿ ਸੱਕਦੇ ਹਾਂ ਕਿ ਜਦ ਮਨੁੱਖ ਦੀ ਆਰਥਕ ਹਾਲਤ ਸੁਖਾਵੀ ਹੋਵੇ ਤਾਂ ਧਨ ਦਾ ਕਰਜ਼ ਵਿਆਜ ਸਮੇਤ ਮੋੜ ਕੇ ਸੁਰਖਰੂ ਹੋਇਆ ਜਾ ਸੱਕਦਾ ਹੈ ਅਤੇ ਕਰਜ਼ ਦੇਣ ਵਾਲੇ ਦਾ ਅਹਿਸਾਨ ਲਾਹਿਆ ਜਾ ਸੱਕਦਾ ਹੈ। ਧਨ ਦਾ ਕਰਜ਼ ਤਾਂ ਸਭ ਨੂੰ ਪਰਤੱਖ ਦਿਖਾਈ ਦਿੰਦਾ ਹੈ। ਇਸ ਵਿਚ ਪੈਸੇ ਪੈਸੇ ਦਾ ਹਿਸਾਬ ਰੱਖਿਆ ਜਾਂਦਾ ਹੈ। ਪਰ ਕਰਜ਼ ਕੇਵਲ ਉਧਾਰ ਲਏ ਗਏ ਧਨ ਨੂੰ ਹੀ ਨਹੀਂ ਕਹਿੰਦੇ। ਕਰਜ਼ ਕਈ ਤਰ੍ਹਾਂ ਦਾ ਹੁੰਦਾ ਹੈ। ਕੁਝ ਕਰਜ਼ ਐਸੇ ਵੀ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਪੈਸੇ ਨਾਲ ਨਹੀਂ ਆਂਕੀ ਜਾ ਸੱਕਦੀ। ਮੋਟੀ ਬੁੱਧੀ ਅਤੇ ਨਾਸ਼ੁਕਰੇ ਬੰਦੇ ਅਜਿਹੇ ਕਰਜ਼ ਨੂੰ ਨਹੀਂ ਸਮਝ ਸੱਕਦੇ ਕਿਉਂਕਿ ਅਜਿਹੇ ਕਰਜ਼ ਪੈਸੇ ਨਾਲ ਕਦੀ ਨਹੀਂ ਉਤਾਰੇ ਜਾ ਸੱਕਦੇ।ਅਜਿਹੇ ਕਰਜ਼ ਦਿਲ ਅਤੇ ਦਿਮਾਗ ਨਾਲ ਹੀ ਮਹਿਸੂਸ ਕੀਤੇ ਜਾ ਸੱਕਦੇ ਹਨ। 
ਸਭ ਤੋਂ ਵੱਡਾ ਕਰਜ਼ ਹੈ ਮਾਂ ਪਿਓ ਦਾ ਕਰਜ਼। ਮਾਂ ਪਿਓ ਦੀ ਮਮਤਾ ਦਾ ਕੋਈ ਮੁੱਲ ਨਹੀਂ ਪਾਇਆ ਜਾ ਸੱਕਦਾ। ਮਮਤਾ ਅਧੀਨ ਮਾਂ ਪਿਓ ਬੱਚੇ ਲਈ ਲਾਸਾਨੀ ਕੁਰਬਾਨੀ ਕਰਦੇ ਹਨ। ਜਦ ਮਨੁੱਖ ਬੁੱਢਾ ਹੋ ਜਾਂਦਾ ਹੈ ਭਾਵ ੬੦/੭੦ ਸਾਲ ਦੀ ਉਮਰ ਤੇ ਪਹੁੰਚ ਜਾਂਦਾ ਹੈ ਤਾਂ ਉਸ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਉਸ ਦੇ ਸਾਰੇ ਅੰਗ ਭਾਵ ਅੱਖਾਂ, ਨੱਕ, ਕੰਨ ਅਤੇ ਹੱਥ ਪੈਰ ਆਦਿ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਸੱਕਦੇ ਅਤੇ ਉਸ ਦੀ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਉਹ ਆਪਣੇ ਬਾਹਰ ਅੰਦਰ ਦੇ ਕੰਮ ਵੀ ਆਪ ਠੀਕ ਤਰ੍ਹਾਂ ਨਹੀਂ ਕਰ ਸੱਕਦਾ। ਉਸ ਸਮੇਂ ਉਸ ਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ। ਇਹ ਸਹਾਰਾ ਉਸ ਨੂੰ ਆਪਣੀ ਅੋਲਾਦ ਕੋਲੋਂ ਮਿਲਣਾ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਕਿ ਬੱਚੇ ਵੱਡੇ ਹੋ ਕੇ ਮਾਂ ਪਿਓ ਦੀ ਬੁਢਾਪੇ ਦੀ ਲਾਠੀ ਬਣਦੇ ਹਨ ਅਤੇ ਉਨ੍ਹਾਂ ਨੂੰ ਇਸ ਉਮਰ ਵਿਚ ਸਹਾਰਾ ਦਿੰਦੇ ਹਨ। ਕਈ ਬੱਚੇ ਵੱਡੇ ਹੋ ਕੇ ਕਮਰ ਤੋੜ ਦੇਣ ਵਾਲੀ ਲਾਠੀ ਬਣਦੇ ਹਨ। ਉਸ ਸਮੇਂ ਮਾਂ ਪਿਓ ਦੀ ਮਮਤਾ ਦਮ ਤੋੜ ਦਿੰਦੀ ਹੈ ਜਦ ਉਨ੍ਹਾਂ ਦੀ ਅੋਲਾਦ ਮੂੰਹ ਫਾੜ ਕੇ ਕਹਿ ਦੇਵੇ-'ਤੁਸੀਂ ਸਾਡੇ ਲਈ ਆਖਿਰ ਕੀਤਾ ਹੀ ਕੀ ਹੈ?' ਅਜਿਹੇ ਬੱਚੇ ਮਾਂ ਪਿਓ ਨੂੰ ਬੁਢਾਪੇ ਵਿਚ ਬ੍ਰਿਧ ਆਸ਼ਰਮ ਵਿਚ ਰੁਲਣ ਲਈ ਛੱਡ ਆਉਂਦੇ ਹਨ ਜਿੱਥੇ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗਿਣਦੇ ਹੋਏ ਆਪਣੀ ਮੌਤ ਦੀ ਇੰਤਜਾਰ ਕਰਦੇ ਹਨ। ਕੀ ਫਾਇਦਾ ਹੈ ਅਜਿਹੀ ਅੋਲਾਦ ਦਾ ਜੋ ਮਾਂ ਪਿਓ ਪ੍ਰਤੀ ਆਪਣਾ ਫ਼ਰਜ਼ ਹੀ ਨਹੀਂ ਸਮਝਦੀ। ਕਈ ਵਾਰੀ ਦੋ ਭਰਾ ਦੁਨੀਆਂਦਾਰੀ ਦੀ ਲਾਜ ਰੱਖਦੇ ਹੋਏ ਮਾਂ ਪਿਓ ਨੂੰ ਆਪਸ ਵਿਚ ਵੰਡ ਕੇ ਰੱਖਣ ਲਈ ਤਿਆਰ ਹੋ ਜਾਂਦੇ ਹਨ। ਜਿੰਨ੍ਹਾਂ ਮਾਂ ਬਾਪ ਨੇ ਸਾਰੀ ਉਮਰ ਦੁੱਖ ਸੁੱਖ ਵਿਚ ਇਕੱਠਿਆਂ ਗੁਜ਼ਾਰੀ ਹੁੰਦੀ ਹੈ, ਉਹ ਉਨ੍ਹਾਂ ਵਿਚ ਆਖਰੀ ਉਮਰੇ ਵਿਛੋੜਾ ਪਾ ਦਿੰਦੇ ਹਨ। ਕਈ ਬੱਚੇ ਆਪਣੇ ਮਾਂ ਪਿਓ ਨੂੰ ਆਪਣੇ ਨਾਲ ਰੱਖਦੇ ਹਨ। ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ (ਜਿਹੋ ਜਹੀ ਹੋਵੇ) ਦੇ ਛੱਡਦੇ ਹਨ ਜਿਵੇਂ ਕੋਈ ਉਨ੍ਹਾਂ ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹੋਣ। ਉਹ ਸਮਝਦੇ ਹਨ ਇਸ ਨਾਲ ਉਨ੍ਹਾਂ ਦਾ ਫ਼ਰਜ਼ ਪੂਰਾ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਮਾਂ ਪਿਓ ਦਾ ਕਰਜ਼ਾ ਲਾਹ ਦਿੱਤਾ।ਇਕ ਤਰ੍ਹਾਂ ਨਾਲ ਉਹ ਮਾਂ ਪਿਓ ਨੂੰ ਆਪਣੀ ਜ਼ਿੰਦਗੀ ਵਿਚੋਂ ਪੂਰੀ ਤਰ੍ਹਾਂ ਹੀ ਮਨਫ਼ੀ ਕਰ ਦਿੰਦੇ ਹਨ। ਰਿਸ਼ਤਿਆਂ ਦੀ ਅਹਿਮੀਅਤ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਉਹ ਕੇਵਲ ਆਪਣੀ ਦੁਨੀਆਂ ਵਿਚ ਹੀ ਮਸਤ ਰਹਿੰਦੇ ਹਨ।ਦੋਸਤੋ ਇਸ ਤਰ੍ਹਾਂ ਮਾਂ ਪਿਓ ਦਾ ਕਰਜ਼ ਨਹੀਂ ਉਤਰਦਾ। ਇਹ ਸਵਾਰਥੀਪਨ ਹੀ ਹੈ। ਕੋਈ ਜਿਨ੍ਹਾਂ ਮਰਜ਼ੀ ਚਾਹੇ ਮਾਂ ਪਿਓ ਦੀ ਕੁਰਬਾਨੀ ਅਤੇ ਮਮਤਾ ਦਾ ਕਰਜ਼ ਕਦੀ ਨਹੀਂ ਉਤਾਰ ਸੱਕਦਾ। ਫਿਰ ਵੀ ਸਪੁੱਤਰ ਹੋਣ ਕਰਕੇ ਅਸੀਂ ਆਪਣੀ ਅੋਲਾਦ ਅਤੇ ਮਾਂ ਪਿਓ ਵਿਚ ਇਕ ਪੁੱਲ ਦਾ ਕੰਮ ਕਰਨਾ ਹੁੰਦਾ ਹੈ ਤਾਂ ਕਿ ਸਾਡੇ ਬੱਚੇ ਆਪਣੇ ਦਾਦਾ ਦਾਦੀ ਦੀ ਇਜ਼ੱਤ ਕਰਨ ਅਤੇ ਸਾਡੇ ਮਾਂ ਪਿਓ ਨੂੰ ਵੀ ਆਪਣੇ ਪੋਤੇ ਪੋਤੀਆਂ 'ਤੇ ਆਪਣਾ ਪਿਆਰ ਅਤੇ ਮਮਤਾ ਲੁਟਾ ਕੇ ਆਨੰਦ ਮਿਲੇ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਂ ਪਿਓ ਨੂੰ ਆਪਣੇ ਨਾਲ ਰੱਖ ਕੇ ਉਨ੍ਹਾਂ ਨੂੰ ਪੂਰਾ ਮਾਣ ਇੱਜ਼ਤ ਅਤੇ ਸਤਿਕਾਰ ਦਈਏ। ਉਨ੍ਹਾਂ ਦੀ ਰੋਟੀ, ਕੱਪੜੇ, ਖੁਰਾਕ ਅਤੇ ਦਵਾਈਆਂ ਦੀ ਜ਼ਰੂਰਤ ਦਾ ਪੂਰਾ ਖਿਆਲ ਰੱਖੀਏ। ਰੋਜ਼ ਕੁਝ ਸਮਾਂ ਕੱਢ ਕੇ ਉਨ੍ਹਾਂ ਨਾਲ ਦਿਲ ਦੀਆਂ ਕੁਝ ਗੱਲਾਂ ਸਾਂਝੀਆਂ ਕਰੀਏ। ਉਨ੍ਹਾਂ ਕੋਲ ਜ਼ਿੰਦਗੀ ਦੇ ਤਜ਼ਰਬੇ ਦਾ ਖ਼ਜ਼ਾਨਾ ਹੁੰਦਾ ਹੈ। ਇਸ ਲਈ ਪਰਿਵਾਰਿਕ ਮਾਮਲਿਆਂ ਵਿਚ ਉਨ੍ਹਾਂ ਦੀ ਸਲਾਹ ਲਈਏ ਅਤੇ ਉਨ੍ਹਾਂ ਦੀ ਆਗਿਆ ਤੇ ਫੁੱਲ ਚੜ੍ਹਾਈਏ ਤਾਂ ਕਿ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਉਹ ਜ਼ਿੰਦਗੀ ਵਿਚ ਫਾਲਤੂ ਨਹੀਂ ਹਨ ਅਤੇ ਅੱਜ ਵੀ ਉਹ ਘਰ ਦੇ ਵੱਡੇ ਹੀ ਹਨ ਅਤੇ ਸਾਰੇ ਉਨ੍ਹਾਂ ਦੀ ਇੱਜ਼ਤ ਕਰਦੇ ਹਨ। ਸਾਰਾ ਪਰਿਵਾਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਚੱਲਦਾ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਜਨਮ ਦੇ ਕੇ ਅਤੇ ਪਾਲ ਪੋਸ ਕੇ ਕੋਈ ਗਲਤੀ ਨਹੀਂ ਕੀਤੀ।ਸਾਰੇ ਪਰਿਵਾਰ ਦੀ ਗੱਡੀ ਇਕ ਸੁਰ ਹੋ ਕੇ ਖ਼ੁਸ਼ੀਆਂ ਅਤੇ ਖੇੜ੍ਹੇ ਵੰਡਦੀ ਹੋਈ ਅੱਗੇ ਤੁਰੇਗੀ। ਲੋਕ ਰਸ਼ਕ ਕਰਨਗੇ।
ਮਾਂ ਪਿਓ ਦੇ ਕਰਜ਼ ਤੋਂ ਬਾਅਦ ਸਾਡੇ ਅਧਿਆਪਕਾਂ ਦਾ ਵੀ ਸਾਡੇ ਸਿਰ ਤੇ ਬਹੁਤ ਵੱਡਾ ਕਰਜ਼ ਹੁੰਦਾ ਹੈ। ਅਸੀਂ ਇਹ ਕਹਿ ਕੇ ਸੁਰਖਰੂ ਨਹੀਂ ਹੋ ਸੱਕਦੇ ਕਿ ਅਸੀਂ ਫੀਸਾਂ ਦਿੱਤੀਆਂ ਹਨ ਤਾਂ ਹੀ ਅਧਿਆਪਕਾਂ ਨੇ ਸਾਨੂੰ ਪੜ੍ਹਾਇਆ ਹੈ, ਕਿਹੜਾ ਸਾਡੇ ਸਿਰ ਕੋਈ ਅਹਿਸਾਨ ਕੀਤਾ ਹੈ? ਜਾਂ ਇਮਤਿਹਾਨ ਤਾਂ ਅਸੀਂ ਆਪਣੀ ਮਿਹਨਤ ਨਾਲ ਹੀ ਪਾਸ ਕੀਤੇ ਹਨ। ਅਜਿਹੇ ਵਿਚਾਰ ਮਨ ਵਿਚ ਰੱਖਣਾ ਨਾਸ਼ੁਕਰੇਪਨ ਦੀ ਨਿਸ਼ਾਨੀ ਹੈ। ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਗੁਰੂ ਅਤੇ ਚੇਲੇ ਦਾ ਇਕ ਪਵਿਤਰ ਰਿਸ਼ਤਾ ਹੁੰਦਾ ਹੈ। ਅਧਿਆਪਕ ਸਾਨੂੰ ਵਿਦਿਆ ਦੇ ਕੇ ਸਾਡੇ ਲਈ ਗਿਆਨ ਦਾ ਤੀਸਰਾ ਨੇਤਰ ਖ੍ਹੋਲਦੇ ਹਨ। ਸਾਨੂੰ ਰੋਸ਼ਨੀ ਦਿੰਦੇ ਹਨ ਅਤੇ ਸਾਡੇ ਅੰਦਰ ਦਾ ਛੁਪਿਆ ਹੋਇਆ ਗਿਆਨ ਬਾਹਰ ਆਉਂਦਾ ਹੈ। ਸਾਨੂੰ ਅਕਲ ਆਉਂਦੀ ਹੈ ਅਤੇ ਦੁਨੀਆਂ ਦੀਆਂ ਕਈ ਉਪਲੱਭਦੀਆਂ ਦੀ ਜਾਣਕਾਰੀ ਮਿਲਦੀ ਹੈ। ਅਸੀਂ ਇਕ ਦੂਜੇ ਨਾਲ ਵਰਤਣ ਦੀ ਜਾਚ ਸ਼ਿੱਖਦੇ ਹਾਂ। ਸਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਪਤਾ ਲੱਗਦਾ ਹੈ। ਅਸੀਂ ਜ਼ਿੰਦਗੀ ਵਿਚ ਮਾਰਕੇ ਮਾਰਦੇ ਹਾਂ ਅਤੇ ਨਵੀਆਂ ਮੰਜ਼ਿਲਾਂ ਸਰ ਕਰਦੇ ਹਾਂ। ਇਸ ਗਿਆਨ ਨਾਲ ਅਸੀਂ ਆਪਣੇ ਗੁਣਾਂ ਵਿਚ ਪ੍ਰਵੀਨ ਹੁੰਦੇ ਹਾਂ ਅਤੇ ਰੁਜ਼ਗਾਰ ਲਈ ਆਪਣੇ ਪੈਰਾਂ ਤੇ ਖੜ੍ਹੇ ਹੁੰਦੇ ਹਾਂ। ਇਸ ਨਾਲ ਸਾਡਾ ਟੱਬਰ ਪਲਦਾ ਹੈ ਅਤੇ ਸਾਨੂੰ ਸਮਾਜ ਵਿਚ ਸਨਮਾਨਯੋਗ ਸਥਾਨ ਹਾਸਿਲ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਅਧਿਆਪਕਾਂ ਦੀ ਦੇਣ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਜ਼ਿੰਦਗੀ ਵਿਚ ਸਾਨੂੰ ਜੇ ਕਿਧਰੇ ਆਪਣਾ ਅਧਿਆਪਕ ਮਿਲੇ ਤਾਂ ਖਿੜ੍ਹੇ ਮੱਥੇ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸ ਨੂੰ ਇੱਜ਼ਤ ਨਾਲ ਬੁਲਾਉਣਾ ਚਾਹੀਦਾ ਹੈ। ਜੇ ਅਸੀਂ ਕਿਸੇ ਦਫ਼ਤਰ ਵਿਚ ਅਫ਼ਸਰ ਬਣ ਜਾਂਦੇ ਹਾਂ ਅਤੇ ਸਾਡੇ ਅਧਿਆਪਕ ਨੂੰ ਸਾਡੇ ਦਫ਼ਤਰ ਕੋਈ ਕੰਮ ਪੈ ਜਾਏ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਕੁਰਸੀ ਤੋਂ ਉੱਠ ਕੇ ਉਨ੍ਹਾਂ ਦਾ ਸਤਿਕਾਰ ਕਰੀਏ ਅਤੇ ਜਿੱਥੋ ਤੱਕ ਹੋ ਸੱਕੇ ਉਨ੍ਹਾਂ ਦੀ ਮਦਦ ਕਰੀਏ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੀ ਦਿੱਤੀ ਹੋਈ ਵਿਦਿਆ ਬੇਅਰਥ ਨਹੀਂ ਗਈ ਅਤੇ ਉਨ੍ਹਾਂ ਨੇ ਲਾਇਕ ਵਿਦਿਆਰਥੀ ਬਣਾਏ ਹਨ। ਜੇ ਅਸੀਂ ਕੋਈ ਵਪਾਰ ਵੀ ਕਰਦੇ ਹਾਂ ਤਾਂ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਅਧਿਆਪਕ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਘੱਟੋ ਘੱਟ ਕੀਮਤ ਤੇ ਸੌਦਾ ਦਈਏ।
ਇਸ ਤੋਂ ਇਲਾਵਾ ਵੀ ਸਾਡੇ ਸਿਰ ਤੇ ਕੁਝ ਕਰਜ਼ ਐਸੇ ਹੁੰਦੇ ਹਨ ਜੋ ਦਿਖਾਈ ਨਹੀਂ ਦਿੰਦੇ। ਉਨ੍ਹਾਂ ਨੂੰ ਕੇਵਲ ਬੁੱਧੀ ਜੀਵੀ ਅਤੇ ਸੂਖਮਭਾਵੀ ਮਨੁੱਖ ਹੀ ਮਹਿਸੂਸ ਕਰ ਸੱਕਦੇ ਹਨ। ਜਿਸ ਕਰਜ਼ ਦਾ ਸਾਨੂੰ ਪਤਾ ਹੀ ਨਹੀਂ ਚੱਲਦਾ, ਉਹ ਉਤਾਰਿਆ ਕਿਵੇਂ ਜਾ ਸੱਕਦਾ ਹੈ? ਫਿਰ ਵੀ ਜਿੱਥੇ ਕਰਜ਼ ਹੈ ਉੱਥੇ ਉਸ ਕਰਜ਼ ਨੂੰ ਮੋੜਨ ਦਾ ਵੀ ਸਾਡਾ ਫ਼ਰਜ਼ ਹੈ। ਜੇ ਅਸੀਂ ਧਨ ਦੇ ਕਰਜ਼ ਨੂੰ ਸਮਝਦੇ ਹੋਏ ਉਸ ਨੂੰ ਮੋੜਨ ਦੀ ਫਿਕਰ ਕਰਦੇ ਹਾਂ, ਆਪਣੀ ਆਮਦਨ ਵਿਚੋਂ ਸਾਰਾ ਕਰਜ਼ ਜਾਂ ਉਸ ਦੀ ਕਿਸ਼ਤ ਮੋੜਨ ਦਾ ਹਿਸਾਬ ਰੱਖਦੇ ਹਾਂ ਤਾਂ ਸਾਨੂੰ ਜ਼ਿੰਦਗੀ ਦੇ ਬਾਕੀ ਕਰਜ਼ ਮੋੜਨ ਦਾ ਵੀ ਫਿਕਰ ਹੋਣਾ ਚਾਹੀਦਾ ਹੈ। ਆਪਣੇ ਸਿਰ ਤੋਂ ਕਰਜ਼ਾ ਲਾਹ ਕੇ ਹੀ ਚਿੰਤਾ ਮੁਕਤ ਹੋਇਆ ਜਾ ਸੱਕਦਾ ਹੈ ਅਤੇ ਰਾਤ ਨੂੰ ਨੀਂਦ ਵੀ ਠੀਕ ਆ ਸੱਕਦੀ ਹੈ। ਪੰਜਾਬੀ ਦੇ ਪ੍ਰਸਿਧ ਵਾਰਤਾਕਾਰ ਸ਼੍ਰ. ਗੁਰਬਖਸ਼ ਸਿੰਘ ਪ੍ਰੀਤ ਲੜੀ ਲਿਖਦੇ ਹਨ,'ਜੇ ਤੁਹਾਡੇ ਲਈ ਕੋਈ ਚੰਗਾ ਕੰਮ ਕਰਦਾ ਹੈ ਤਾਂ ਜਦ ਤੱਕ ਤੁਸੀਂ ਉਸ ਦਾ ਧੰਨਵਾਦ ਨਹੀਂ ਕਰ ਲੈਂਦੇ ਤਦ ਤੱਕ ਸਮਝੋ ਤੁਸੀਂ ਉਸ ਦਾ ਕਰਜ਼ ਦੇਣਾ ਹੈ।' ਇਸ ਹਿਸਾਬ ਸਿਰ ਕਰਜ਼ ਦੀ ਪ੍ਰੀਭਾਸ਼ਾ ਹੋਰ ਵੀ ਸੂਖਮ ਹੋ ਜਾਂਦੀ ਹੈ। ਤੁਸੀਂ ਆਪਣੇ ਕਰਜ਼ ਨੂੰ ਮਹਿਸੂਸ ਕਰੋ। ਉਸ ਕਰਜ਼ ਨੂੰ ਕਿਵੇਂ ਉਤਾਰਨਾ ਹੈ ਇਸ ਬਾਰੇ ਸੋਚੋ। ਜੇ ਤੁਹਾਨੂੰ ਕੋਈ ਵਿਸ਼ ਵੀ ਕਰਦਾ ਹੈ ਭਾਵ ਸਤਿ ਸ੍ਰੀ ਅਕਾਲ, ਨਮਸਤੇ ਜਾਂ ਗੁੱਡ ਮੋਰਨਿੰਗ ਕਹਿੰਦਾ ਹੈ ਤਾਂ ਉਸ ਦਾ ਉਸੇ ਪਿਆਰ ਅਤੇ ਮਿੱਠਾਸ ਨਾਲ ਉੱਤਰ ਦੇਣਾ ਤੁਹਾਡਾ ਫ਼ਰਜ਼ ਹੈ। ਜੇ ਤੁਸੀਂ ਕਿਧਰੇ ਜਾ ਰਹੇ ਹੋ ਤੇ ਬੇਧਿਆਨੇ ਵਿਚ ਤੁਸੀਂ ਉਸ ਦਾ ਉੱਤਰ ਦੇਣੋ ਖੁੰਝ ਗਏ ਹੋ ਤਾਂ ਜਦ ਤੱਕ ਤੁਸੀ ਉਸ ਨੂੰ ਆਪ ਵਿਸ਼ ਨਹੀਂ ਕਰ ਲੈਂਦੇ ਤਾਂ ਸਮਝੋ ਉਸ ਦਾ ਤੁਹਾਡੇ ਸਿਰ ਕਰਜ਼ ਹੈ ਜੋ ਤੁਸੀਂ ਉਤਾਰਨਾ ਹੈ।
ਕਈ ਲੋਕ ਗੁਪਤ ਤੋਰ ਤੇ ਸਹਿਜ ਸੁਭਾਵਕ ਹੀ ਬਿਨਾਂ ਕਿਸੇ ਦਿਖਾਵੇ ਜਾਂ ਅਹਿਸਾਨ ਤੋਂ ਤੁਹਾਡੀ ਮਦਦ ਕਰਦੇ ਹਨ ਜਿਸਦਾ ਤੁਹਾਨੂੰ ਅਹਿਸਾਸ ਵੀ ਨਹੀਂ ਹੁੰਦਾ। ਤੁਸੀਂ ਉਸ ਮਦਦ ਨਾਲ ਕਿਸੇ ਸੰਕਟ ਵਿਚੋਂ ਉਭਰਦੇ ਹੋ ਜਾਂ ਉਨਤੀ ਦੀ ਕੋਈ ਪੌੜੀ ਚੜ੍ਹਦੇ ਹੋ। ਜਦ ਕੋਈ ਧਨ ਨਾਲ ਤੁਹਾਡੀ ਮਦਦ ਕਰਦਾ ਹੈ ਤਾਂ ਤੁਸੀਂ ਉਸ ਦਾ ਧਨ ਮੋੜ ਕੇ ਉਸ ਦਾ ਕਰਜ਼ਾ ਉਤਾਰ ਸੱਕਦੇ ਹੋ ਪਰ ਜਦ ਕੋਈ ਆਪਣਾ ਕੀਮਤੀ ਸਮਾਂ ਲਾ ਕੇ ਤੁਹਾਡੀ ਸੇਵਾ ਕਰਦਾ ਹੈ ਤਾਂ ਤੁਸੀਂ ਉਸ ਦਾ ਕਰਜ਼ਾ ਕਦੀ ਨਹੀਂ ਉਤਾਰ ਸੱਕਦੇ। ਕਈ ਵੀ ਲੋਕ ਐਸੇ ਹੋਣਗੇ ਜਿਨ੍ਹਾਂ ਨੇ ਤੁਹਾਡੀ ਮਾਯੂਸੀ ਸਮੇਂ ਤੁਹਾਨੂੰ ਹੌਸਲਾ ਦਿੱਤਾ ਅਤੇ ਤੁਹਾਡੇ ਕੰਮਾਂ ਨੂੰ ਸਲਾਹਿਆ। ਤੁਹਾਡੇ ਵਿਚ ਆਤਮ ਵਿਸ਼ਵਾਸ਼ ਭਰਿਆ ਅਤੇ ਤੁਹਾਨੂੰ ਫਿਰ ਤੋਂ ਨਵਾਂ ਜੀਵਨ ਦਾਨ ਦਿੱਤਾ। ਕੀ ਅਜਿਹੇ ਕਰਜ਼ੇ ਨੂੰ ਉਤਾਰਿਆ ਜਾ ਸੱਕਦਾ ਹੈ? ਤੁਹਾਡੀ ਬਿਮਾਰੀ ਸਮੇਂ ਤੁਹਾਡੇ ਦੋਸਤ, ਰਿਸ਼ਤੇਦਾਰ, ਨਰਸਾਂ ਅਤੇ ਡਾਕਟਰ ਤੁਹਾਡੀ ਸੇਵਾ ਕਰਦੇ ਹਨ ਅਤੇ ਤੁਹਾਨੂੰ ਫਿਰ ਤੋਂ ਤੰਦਰੁਸਤ ਬਣਾਉਂਦੇ ਹਨ। ਉਨ੍ਹਾਂ ਦਾ ਅਹਿਸਾਨ ਮੰਦ ਹੋਣਾ ਤੁਹਾਡਾ ਫ਼ਰਜ਼ ਹੈ। ਮੰਨ ਲਓ ਤੁਹਾਨੂੰ ਕੋਈ ਗੰਭੀਰ ਸੱਟ ਲੱਗ ਜਾਂਦੀ ਹੈ। ਹਸਪਤਾਲ ਦੇ ਡਾਕਟਰ ਕਹਿੰਦੇ ਹਨ ਕਿ ਤੁਰੰਤ ਖੂਨ ਦੀ ਜ਼ਰੂਰਤ ਹੈ। ਕੋਈ ਅਨਜਾਨ ਬੰਦਾ ਆਉਂਦਾ ਹੈ ਅਤੇ ਖੂਨ ਦੇ ਕੇ ਚੁੱਪ ਚਾਪ ਚਲਾ ਜਾਂਦਾ ਹੈ। ਤੁਹਾਡੀ ਜਾਨ ਬਚ ਜਾਂਦੀ ਹੈ। ਹੁਣ ਤੁਸੀਂ ਉਸ ਦਾ ਕਰਜ਼ਾ ਕਿਸ ਤਰ੍ਹਾਂ ਉਤਰੋਗੇ? ਇਸ ਦਾ ਇਕੋ ਇਕ ਰਸਤਾ ਹੈ ਕਿ ਤੁਸੀਂ ਆਪਣਾ ਵਤੀਰਾ ਹਾਂ ਪੱਖੀ ਬਣਾਓ ਅਤੇ ਦੂਸਰੇ ਦੀ ਮਦਦ ਲਈ ਹਰ ਸਮੇਂ ਬਿਨਾਂ ਕਿਸੇ ਅਹਿਸਾਨ ਜਾਂ ਦਿਖਾਵੇ ਤੋਂ ਤਿਆਰ ਬਰ ਤਿਆਰ ਰਹੋ। ਇਹ ਤੁਹਾਡੇ ਆਚਰਨ ਦਾ ਭਾਗ ਹੋਣਾ ਚਾਹੀਦਾ ਹੈ।
ਇਹ ਸਮਾਜਿਕ ਅਤੇ ਭਾਈ-ਚਾਰੇ ਦੇ ਕਰਜ਼ ਹਨ ਜੋ ਸਾਡੇ ਉੱਪਰ ਹਨ। ਧਨ ਦੇ ਕਰਜ਼ ਦੀ ਤਰ੍ਹਾਂ ਇਨ੍ਹਾਂ ਕਰਜ਼ਾਂ ਨੂੰ ਉਤਾਰਨਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਇਕ ਪੇੜ ਲਾਓ ਤਾਂ ਕਿ ਆਉਣ ਵਾਲੀ ਨਸਲ ਉਸ ਦੇ ਫ਼ਲ ਖਾਏ। ਤੁਸੀਂ ਕਿਸੇ ਅਨਾਥ ਬੱਚੇ ਨੂੰ ਪੜ੍ਹਾ ਸੱਕਦੇ ਹੋ। ਤੁਸੀਂ ਬਿਮਾਰਾਂ ਦੀ ਸੇਵਾ ਕਰ ਸੱਕਦੇ ਹੋ। ਉਨ੍ਹਾਂ ਦੀਆਂ ਦਵਈਆ ਦਾ ਖ਼ਰਚਾ ਉਠਾ ਸੱਕਦੇ ਹੋ ਉਨ੍ਹਾਂ ਦੇ ਬਾਹਰੋਂ ਆਏ ਗਰੀਬ ਰਿਸ਼ਤੇਦਾਰਾਂ ਲਈ ਭੋਜਨ ਦਾ ਪ੍ਰਬੰਧ ਕਰ ਸੱਕਦੇ ਹੋ। ਅੱਜ ਕੱਲ ਕਈ ਵੱਡੇ ਸ਼ਹਿਰਾਂ ਵਿਚ ਕੁਝ ਸੰਸਥਾਵਾਂ ਜਾਂ ਲੋਕ ਅਜਿਹਾ ਉੱਦਮ ਕਰ ਰਹੇ ਹਨ। ਉਹ ਹਰ ਰੋਜ਼ ਦੋਵੇਂ ਸਮੇਂ ਭੋਜਨ ਤਿਆਰ ਕਰ ਕੇ ਹਸਪਤਾਲਾਂ ਦੇ ਬਾਹਰ ਬਿਮਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਖੁਵਾਉਂਦੇ ਹਨ। ਇਹ ਇਕ ਸ਼ਲਾਘਾ ਯੋਗ ਕਦਮ ਹੈ। ਤੁਸੀਂ ਵੀ ਸੇਵਾ ਦੇ ਇਸ ਮਹਾਨ ਕੁੰਬ ਵਿਚ ਆਪਣਾ ਯੋਗਦਾਨ ਪਾ ਸੱਕਦੇ ਹੋ ਤਾਂ ਕਿ ਲੋੜਵੰਦ ਲੋਕਾਂ ਨੂੰ ਉਸ ਦਾ ਲਾਭ ਪਹੁੰਚੇ ਅਤੇ ਉਨ੍ਹਾਂ ਦੀ ਜ਼ਿੰਦਗੀ ਸੌਖੀ ਹੋਵੇ। ਕਹਿੰਦੇ ਹਨ ਕਿ ਨੇਕੀ ਕਰ ਔਰ ਕੂਏਂ ਮੇਂ ਡਾਲ। ਤੁਸੀਂ ਕਿਸੇ ਦਾ ਭਲਾ ਕਿਸੇ ਉੱਤੇ ਅਹਿਸਾਨ ਕਰ ਕੇ ਨਾ ਕਰੋ। ਪ੍ਰਮਾਤਮਾ ਨੇ ਤੁਹਾਨੂੰ ਦੁਨੀਆਂ ਦਾ ਭਲਾ ਕਰਨ ਲਈ ਹੀ ਪੈਦਾ ਕੀਤਾ ਹੈ। ਭਲਾ ਕਰਦੇ ਸਮੇਂ ਇਹ ਨਾ ਸੋਚੋ ਕਿ ਇਸ ਬਦਲੇ ਤੁਹਾਨੂੰ ਕੋਈ ਸਵਰਗ ਮਿਲੇਗਾ ਜਾਂ ਦੂਸਰਾ ਤੁਹਾਨੂੰ ਇਸ ਭਲੇ ਦੀ ਵਾਪਸੀ ਦੇਵੇਗਾ। ਇਹ ਜ਼ਰੂਰ ਹੈ ਕਿ ਜੇ ਤੁਸੀਂ ਕਿਸੇ ਦੇ ਔਖੇ ਸਮੇਂ ਉਸ ਦੀ ਮਦਦ ਕੀਤੀ ਹੈ ਤਾਂ ਤੁਹਾਡੇ ਔਖੇ ਸਮੇਂ ਵੀ ਪ੍ਰਮਾਤਮਾ ਤੁਹਾਡੀ ਮਦਦ ਨੂੰ ਜ਼ਰੂਰ ਦੋ ਹੱਥ ਭੇਜ ਹੀ ਦੇਵੇਗਾ।ਨੇਕੀ ਕਿਸੇ ਦਿਖਾਵੇ ਲਈ ਨਹੀਂ  ਕਰਨੀ ਚਾਹੀਦੀ। ਨੇਕੀ ਕਰ ਕੇ ਅੰਦਰੁਨੀ ਖ਼ੁਸ਼ੀ ਪਰਾਪਤ ਹੁੰਦੀ ਹੈ।
ਇਕ ਵਾਰੀ ਇਕ ਬੱਚਾ ਨਹਿਰ ਵਿਚ ਡੁੱਬ ਰਿਹਾ ਸੀ  ਅਤੇ ਮਦਦ ਲਈ ਚਿਲਾ ਰਿਹਾ ਸੀ। ਕੋਲੋਂ ਇਕ ਆਦਮੀ ਗੁਜ਼ਰ ਰਿਹਾ ਸੀ। ਉਸ ਨੇ ਇਕ ਦਮ ਨਹਿਰ ਵਿਚ ਛਾਲ ਮਾਰੀ ਅਤੇ ਬੱਚੇ ਨੂੰ ਸਹੀ ਸਲਾਮਤ ਨਹਿਰ ਵਿਚੋਂ ਕੱਢ ਲਿਆ ਅਤੇ ਡੁੱਬਣ ਤੋਂ ਬਚਾ ਲਿਆ। ਜਦ ਉਹ ਬੰਦਾ ਜਾਣ ਲੱਗਾ ਤਾਂ ਬੱਚੇ ਨੇ ਕਿਹਾ-"ਆਪ ਦਾ ਬਹੁਤ ਬਹੁਤ ਧੰਨਵਾਦ, ਆਪ ਨੇ ਮੇਰੀ ਜਾਨ ਬਚਾਈ ਹੈ।" ਉਸ ਬੰਦੇ ਨੇ ਬੱਚੇ ਨੂੰ ਪਿਆਰ ਨਾਲ ਕਿਹਾ ਹੇ ਕਿਹਾ, "ਬੇਟਾ, ਯਾਦ ਰੱਖੋ, ਕਿ ਜਦ ਤੁਸੀਂ ਵੱਡੇ ਹੋ ਜਾਓ ਤਾਂ ਇਹ ਸਾਬਤ ਕਰਨਾ ਕਿ ਤੁਹਾਡੀ ਜ਼ਿੰਦਗੀ ਬਚਾਉਣ ਯੋਗ ਹੀ ਸੀ।" ਭਾਵ ਇਸ ਜ਼ਿੰਦਗੀ ਨਾਲ ਤੁਸੀਂ ਮਨੁੱਖਤਾ ਦੇ ਭਲੇ ਲਈ ਮਹਾਨ ਕੰਮ ਕਰਨੇ ਹਨ।
ਤੁਹਾਡੇ ਵੱਡੇ ਵਡੇਰਿਆਂ ਦਾ ਰਿਣ ਵੀ ਤੁਹਾਡੇ ਸਿਰ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਤੁਸੀਂ ਆਜ਼ਾਦੀ ਦਾ ਸੁੱਖ ਮਾਣ ਰਹੇ ਹੋ। ਉਨ੍ਹਾਂ ਦੀਆਂ ਘਾਲਣਾ ਕਾਰਨ ਹੀ ਸਾਇੰਸ ਨੇ ਅੱਜ ਇਤਨੀ ਉਨਤੀ ਕੀਤੀ ਹੈ ਅਤੇ ਇਸ ਸੁਪਨਮਈ ਸੰਸਾਰ ਵਿਚ ਅੱਜ ਤੁਸੀਂ ਸਵਰਗ ਜਿਹਾ ਆਨੰਦ ਮਾਣ ਰਹੇ ਹੋ। ਉਨ੍ਹਾਂ ਦੇ ਲਾਏ ਹੋਏ ਪੇੜਾਂ ਦੇ ਫ਼ਲ ਹੀ ਅੱਜ ਤੁਸੀਂ ਖਾ ਰਹੇ ਹੋ। ਇਨ੍ਹਾਂ ਸਾਰੇ ਕਰਜ਼ਿਆਂ ਤੋਂ ਇਲਾਵਾ ਸਾਡੇ ਸਿਰ ਇਕ ਕਰਜ਼ ਹੋਰ ਵੀ ਹੈ ਜਿਸ ਨੂੰ 
ਅਸੀਂ ਆਮ ਤੋਰ ਤੇ ਅਨਗੋਲਿਆਂ ਕਰ ਜਾਂਦੇ ਹਾਂ। ਇਹ ਹੈ ਧਰਤੀ ਮਾਂ ਦਾ ਕਰਜ਼ ਜਿਸ ਦੀ ਗੋਦ ਵਿਚ ਪਲ ਕੇ ਅਸੀਂ ਵੱਡੇ ਹੁੰਦੇ ਹਾਂ। ਇਸ ਨੂੰ ਤੁਸੀਂ ਕੁਦਰਤ ਜਾਂ ਪ੍ਰਮਾਤਮਾ ਦਾ ਨਾਮ ਵੀ ਦੇ ਸੱਕਦੇ ਹੋ ਜਿਸ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ। ਮਨੁੱਖਾ ਜਨਮ ਕਾਰਨ ਹੀ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਦੀ ਸਰਵ ਸ੍ਰੇਸ਼ਟ ਰਚਨਾ ਮੰਨਦੇ ਹਾਂ। ਮਨੁੱਖਾ ਜਨਮ ਕਾਰਨ ਹੀ ਸਾਨੂੰ ਬੁੱਧੀ ਅਤੇ ਵਿਦਿਆ ਦੀ ਦਾਤ ਮਿਲੀ ਹੈ। ਸਾਨੂੰ ਭਾਸ਼ਾ ਅਤੇ ਲਿਪੀ (ਲਿਖਣ) ਦੀ ਦਾਤ ਮਿਲੀ ਹੈ। ਕੁਦਰਤ ਨੇ ਹੀ ਸਾਨੂੰ ਹੱਥ, ਪੈਰ, ਨੱਕ, ਕੰਨ ਅਤੇ ਹੋਰ ਸਾਰੇ ਸਰੀਰ ਦੇ ਨਰੋਏ ਅੰਗ ਦਿੱਤੇ ਹਨ ਜਿੰਨ੍ਹਾਂ ਕਰ ਕੇ ਅਸੀਂ ਵਿਕਾਸ ਦੀਆਂ ਮੰਜ਼ਿਲਾਂ ਤਹਿ ਕੀਤੀਆਂ ਹਨ। ਅਸੀਂ ਪੱਥਰ ਯੁੱਗ ਤੋਂ ਇੰਟਰਨੈਟ ਅਤੇ ਰਾਕਟ ਦੇ ਯੁੱਗ ਤੇ ਪਹੁੰਚੇ ਹਾਂ। ਇਨ੍ਹਾਂ ਸਾਰੀਆਂ ਦਾਤਾਂ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਹਰ ਸਮੇਂ ਪ੍ਰਮਾਤਮਾ ਦੇ ਸ਼ੁਕਰਾਨੇ ਵਿਚ ਰਹੀਏ। ਕਦੀ ਹੰਕਾਰ ਵਿਚ ਨਾ ਆਈਏ। ਆਪਣੇ ਮਨ ਵਿਚ ਉਸ ਪ੍ਰਮਾਤਮਾ ਦਾ ਭੈਅ ਅਤੇ ਪਿਆਰ ਰੱਖੀਏ ਅਤੇ ਸਾਡਾ ਹਰ ਕਦਮ ਮਨੁੱਖਤਾ ਦੇ ਭਲੇ ਲਈ ਹੋਣਾ ਚਾਹੀਦਾ ਹੈ।
ਆਮ ਤੋਰ ਤੇ ਦੇਖਿਆ ਗਿਆ ਹੈ ਕਿ ਜੇ ਕਿਸੇ ਕਾਰਨ ਜਿਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਸਰੀਰ ਦਾ ਕੋਈ ਅੰਗ ਪੂਰਾ ਨਹੀਂ ਮਿਲਿਆਂ ਉਹ ਵੀ ਜ਼ਿੰਦਗੀ ਤੋਂ ਕਦੀ ਹਾਰ ਨਹੀਂ ਮੰਨਦੇ ਅਤੇ ਨਾ ਹੀ ਉਹ ਆਪਣੀ ਜ਼ਿੰਦਗੀ ਰੋ ਧੋ ਕੇ ਜਾਂ ਰੱਬ ਨੂੰ ਉਲਾਂਬ੍ਹੇ ਦੇ ਕੇ ਗੁਜ਼ਾਰਦੇ ਹਨ। ਉਹ ਪ੍ਰਮਾਤਮਾ ਦੇ ਸ਼ੁਕਰਾਨੇ ਵਿਚ ਰਹਿੰਦੇ ਹਨ ਅਤੇ ਆਪਣੇ ਅਪੰਗ ਹੋਣ ਨੂੰ ਜ਼ਿੰਦਗੀ ਦੀ ਜੰਗ ਵਿਚ ਕਦੀ ਰੁਕਾਵਟ ਨਹੀਂ ਮੰਨਦੇ। ਪੈਰਾ-ਉਲੰਪਿਕ ਖੇਡਾਂ ਇਸ ਦੀ ਪਰਤੱਖ ਮਿਸਾਲ ਹਨ।ਜਿਨ੍ਹਾਂ ਦੀਆਂ ਲੱਤਾਂ ਬਾਹਾਂ ਨਹੀਂ ਹਨ ਉਹ ਵੀ ਚੰਗੇ ਤੈਰਾਕ ਬਣਦੇ ਦੇਖੇ ਗਏ ਹਨ। ਉਹ ਭਾਰ ਚੁੱਕਣ ਵਿਚ ਵੀ ਮਿਸਾਲ ਕਾਇਮ ਕਰਦੇ ਹਨ। ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹ ਵੱਡੇ ਵੱਡੇ ਇਮਤਿਹਾਨ ਪਾਸ ਕਰ ਕੇ ਦੂਜੇ ਲੋਕਾਂ ਤੋਂ ਅੱਗੇ ਵੱਧਦੇ ਦੇਖੇ ਗਏ ਹਨ।
ਕਈ ਵਾਰੀ ਅਸੀਂ ਆਪ ਉੱਦਮ ਨਹੀਂ ਕਰਦੇ ਅਤੇ ਸਾਰਾ ਕੁਝ ਹੀ ਪ੍ਰਮਾਤਮਾ ਦੇ ਸਹਾਰੇ ਛੱਡ ਦਿੰਦੇ ਹਾਂ। ਫਿਰ ਸ਼ਿਕਾਇਤ ਕਰਦੇ ਹਾਂ ਕਿ ਪ੍ਰਮਾਤਮਾ ਨੇ ਸਾਡੇ ਨਾਲ ਬਹੁਤ ਵੱਡੀ ਬੇਇੰਨਸਾਫੀ ਕੀਤੀ ਹੈ। ਉਸ ਨੇ ਜੋ ਕਾਮਯਾਬੀ, ਧਨ ਦੌਲਤ, ਸ਼ੋਹਰਤ ਅਤੇ ਖ਼ੁਸ਼ੀ ਦੂਸਰਿਆਂ ਨੂੰ ਦਿੱਤੀਆਂ ਹਨ ਉਹ ਸਾਨੂੰ ਨਹੀਂ ਦਿੱਤੀਆਂ। ਦੋਸਤੋ ਕੁਝ ਹਾਸਿਲ ਕਰਨ ਲਈ ਮਿਹਨਤ ਅਤੇ ਕੁਰਬਾਨੀ ਕਰਨੀ ਪੈਂਦੀ ਹੈ। ਉੱਦਮੀ ਹੋਣਾ ਪੈਂਦਾ ਹੈ ਤਾਂ ਹੀ ਕੁਝ ਹਾਸਿਲ ਹੁੰਦਾ ਹੈ। ਸ਼ੇਕਸਪੀਅਰ ਨੇ ਠੀਕ ਕਿਹਾ ਹੈ ਕਿ ਦੋਸ਼ ਸਾਡੀ ਕਿਸਮਤ ਵਿਚ ਨਹੀਂ ਹੁੰਦਾ, ਦੋਸ਼ ਸਾਡੇ ਅੰਦਰ ਭਾਵ ਸਾਡਾ ਆਪਣਾ ਹੁੰਦਾ ਹੈ।
ਆਪਣੀਆਂ ਖਾਹਸ਼ਾਂ ਅਤੇ ਨਿਸ਼ਾਨੇ ਹਮੇਸ਼ਾਂ ਪਰਉਪਕਾਰ ਦੀ ਭਾਵਨਾ ਨਾਲ ਉੱਚੇ ਰੱਖੋ। ਜਿਸ ਬੰਦੇ ਦੀ ਕੋਈ ਖਾਹਿਸ਼ ਨਹੀਂ ਸਮਝੋ ਉਹ ਮੁਰਦਾ ਹੈ। ਆਪਣੀ ਖਾਹਿਸ਼ ਨੂੰ ਪੂਰਾ ਕਰਨ ਲਈ ਤੁਹਾਡਾ ਧਿਆਨ ਹਮੇਸ਼ਾਂ ਤੁਹਾਡੇ ਨਿਸ਼ਾਨੇ ਤੇ ਹੋਣਾ ਚਾਹੀਦਾ ਹੈ ਅਤੇ ਉਸ ਹਿਸਾਬ ਹੀ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ। ਤੁਸੀਂ ਜੇ ਕੋਈ ਕੰਮ ਕਰੋ ਤਾਂ ਇਹ ਸੋਚ ਕੇ ਕਰੋ ਕਿ ਤੁਸੀਂ ਹਮੇਸ਼ਾਂ ਇਸ ਧਰਤੀ ਤੇ ਜ਼ਿੰਦਾ ਰਹਿਣਾ ਹੈ ਪਰ ਦੂਸਰੇ ਨਾਲ ਵਿਉਹਾਰ ਇਸ ਤਰ੍ਹਾਂ ਕਰੋ ਕਿ ਤੁਸੀਂ ਅੱਜ ਹੀ ਮਰ ਜਾਣਾ ਹੈ।ਜਿਵੇਂ ਸੋਨੇ ਦੀ ਪਰਖ ਅੱਗ ਵਿਚ ਤਪ ਕੇ ਹੁੰਦੀ ਹੈ ਉਵੇਂ ਬਹਾਦੁਰ ਇਨਸਾਨ ਦੀ ਪਰਖ ਮੁਸੀਬਤ ਸਮੇਂ ਹੀ ਹੁੰਦੀ ਹੈ। ਐਸੇ ਚੰਗੇ ਕੰਮ ਕਰੋ ਕਿ ਸਭ ਨੂੰ ਪਤਾ ਚਲੇ ਕਿ ਤੁਸੀਂ ਕੋਈ ਆਮ ਮਨੁੱਖ ਨਹੀਂ ਹੋ ਸਗੋਂ ਇਕ ਖਾਸ ਮਨੁੱਖ ਹੋ। ਇਸ ਤਰ੍ਹਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਕਰਜ਼ ਉਤਾਰ ਕੇ ਸੁਰਖਰੂ ਹੋ ਸੱਕੋਗੇ।

samsun escort canakkale escort erzurum escort Isparta escort cesme escort duzce escort kusadasi escort osmaniye escort