ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ (ਖ਼ਬਰਸਾਰ)


 ਕੈਲਗਰੀ -  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਬੀਬੀ ਨਿਰਮਲ ਕਾਂਤਾ ਨੇ ਅਪਣੀਆਂ ਦੋ ਅੰਗਰੇਜ਼ੀ ਕਵਿਤਾਵਾਂ “Blaze of my feeling” ਅਤੇ “Can you cash out my feelings” ਸਾਂਝੀ ਕੀਤੀਆਂ।
ਸਰੂਪ ਸਿੰਘ ਮੰਡੇਰ ਹੋਰਾਂ ਅਪਣੀ ਨਵੀਂ ਕਿਤਾਬ “ਸਬਰੰਗ” ਰਾਈਟਰਜ਼ ਫੋਰਮ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤੀ, ਜੋ ਕਿ 9 ਤਰੀਖ ਨੂੰ ਪੰਜਾਬੀ ਸਾਹਿਤ ਸਭਾ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਉਪਰੰਤ ਮੰਡੇਰ ਹੋਰਾਂ ਅਪਣੀ ਖਣਕਦਾਰ ਅਵਾਜ਼ ਵਿੱਚ ਇਹ ਕਵਿਤਾ ਪੜ੍ਹਕੇ ਰੋਣਕ ਲਾ ਦਿੱਤੀ-
“ਪੰਜਾਬੀ ਵੀਰਾਂ ਹੱਥ ਆਈ ਚਾਬੀ, ਨਰਕ ਸੁਰਗ ਦਾ ਤਾਲਾ।
 ਦੁਰਵਰਤੋਂ ਜੇ ਕਰੀ ਚਾਬੀ ਦੀ, ਫੇਰ ਕੋਈ ਨਾ ਰੱਖਣ ਵਾਲਾ।
 ਚੁੱਪ ਕਰਿਆਂ ਮਗਰੋਂ ਲਹਿੰਣ ਨਾ, ਇਹ ਨਾਦਰ ਅਤੇ ਇਬਦਾਲੀ,
 ਪੰਜਾਬ  ਬਗੀਚਾ   ਜੇ  ਸਾਂਭਣਾ, ਚੰਗਾ  ਲੱਭੋ  ਕੋਈ  ਮਾਲੀ।”


ਡਾ. ਮਜ਼ਹਰ ਸਿੱਦੀਕੀ ਹੋਰਾਂ ਉਰਦੂ ਦੀਆਂ ਅਪਣੀਆਂ ਦੋ ਗ਼ਜ਼ਲਾਂ ਨਾਲ ਖ਼ੂਬ ਵਾਹ-ਵਾਹ ਲੁੱਟੀ –

1-“ਯੇ ਮੇਰੀ ਹਸਤੀ ਕੋਈ ਹਸਤੀ ਹੈ?
   ਜਿਸਪੇ ਸਾਰੀ ਖ਼ੁਦਾਈ ਹਸਤੀ ਹੈ।
   ਅਬ ਤੋ ‘ਗਰ  ਅਪਨੀ ਜ਼ਾਤ ਕੋ ਚਾਹੂੰ
   ਮੁਝ ਪਰ ਇਲਜ਼ਾਮੇ-ਬੁਤਪਰਸਤੀ ਹੈ।”

2-“ਇਨਤਹਾ  ਮਸ਼ਕੇ-ਸਿਤਮ  ਕੀ ਆਗ  ਹੋਨੇ  ਦੀਜੀਏ
    ਦਿਲ ਮੇਂ ਬਾਕੀ ਕੋਈ ਭੀ ਅਰਮਾਨ ਨ ਰਹਨੇ ਦੀਜੀਏ”
ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੇ ਇਕ ਹਿੰਦੀ ਫਿਲਮ ਦਾ ਗਾਣਾ ਬਾਤਰੱਨੁਮ ਗਾਕੇ ਰੌਣਕ ਲਾ ਦਿੱਤੀ।

ਬੀਬੀ ਸੁਰਿੰਦਰ ਗੀਤ ਹੋਰਾਂ ਅਪਣੀ ਕਵਿਤਾ ਨਾਲ ਅੱਜ ਦੀ ਔਰਤ ਦੀ ਮਾਨਸਿਕਤਾ ਦਰਸ਼ਾਈ-

“ਉਹ ਆਖਦਾ ਹੈ, ਮੈਂ ਅੰਬਰੋਂ ਤਾਰੇ ਤੋੜ, ਤੇਰੀ ਚੁੱਨੀ ‘ਚ ਜੜ ਦਿਆਂਗਾ..........
 ਪਰ ਮੈਂ ਤਾਂ, ਅਪਣੀ ਚੁੱਨੀ ਅਪਣੇ ਸੁਪਨਿਆਂ ਦੇ ਰੰਗ ‘ਚ ਰੰਗ ਲਈ
 ਮੇਰੀ ਮਾਂਗ ਵਿੱਚ ਤਾਂ ਉਹ ਸੋਚ ਸਜਦੀ ਹੈ, ਜੋ ਉਸਾਰੂ ਹੈ,
 ਹੱਕ ਦੀ ਗੱਲ ਕਰਦੀ ਹੈ ਤੇ ਸੱਚ ਦੀ ਗਵਾਹ ਬਣਦੀ ਹੈ”

ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਸ਼ੇਅਰ ਸੁਣਾਕੇ ਵਾਹ-ਵਾਹ ਲੈ ਲਈ –

“ਦਿਲ ਕੀ ਲਗੀ, ਤੋ ਦਿੱਲਗੀ  ਹੀ ਬਨ  ਕੇ ਰਹਿ ਗਈ।
 ਖ਼ਾਹਿਸ਼ ਗ਼ਰੀਬ ਕੀ ਥੀ, ਦਿਲ ਮੇਂ ਦਬ ਕੇ ਰਹਿ ਗਈ।
 ਗ਼ਮ  ਔਰ  ਖ਼ੁਸ਼ੀ ਤੋ  ਸੂਰਤੇ  ਬਸ  ਧੂਪ - ਛਾਂਵ ਹੈਂ,
 ਕਯੂੰ ਜ਼ਿੰਦਗੀ “ਤਨਹਾ” ਤੇਰੀ ਹੈ ਥਮ ਕੇ ਰਹਿ ਗਈ?”

ਹਰਦਿਆਲ ਸਿੰਘ (ਹੈੱਪੀ) ਮਾਨ ਹੋਰਾਂ ਮਹਾਰਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੀਆਂ ਖ਼ੂਬੀਆਂ ਦੀ ਗੱਲ ਕਰਦਿਆਂ ਇਹ ਸੁਝਾਅ ਪੇਸ਼ ਕੀਤਾ ਕਿ ਕਿੰਨਾਂ ਚੰਗਾ ਹੋਵੇਗਾ ਜੇਕਰ ਸਾਰੀਆਂ ਸਭਾਵਾਂ ਮਿਲ ਕੇ ਇਕ ਸਮਾਗਮ ਕਰਨ ਜਿਸ ਵਿੱਚ ਇਤਹਾਸ ਦੇ ਜਾਣੂੰ ਬੁੱਧੀਜੀਵੀ ਭਾਰਤ ਦੇ 19ਵੀਂ ਸਦੀ ਦੇ ਇਤਿਹਾਸ ਬਾਰੇ ਵਿਚਾਰ ਕਰਣ ਜੋ ਕਿ ਸ਼ਾਇਦ ਪੱਛਮੀ ਤਾਕਤਾਂ ਨੇ ਅਪਣੀ ਸਰੇਸ਼ਟਤਾ ਬਨਾਏ ਰੱਖਣ ਕਾਰਨ ਦਬਾ ਦਿੱਤਾ।

ਰਾਈਟਰਜ਼ ਫੋਰਮ ਦੀ ਟੀਮ ਦਾ ਸੁਝਾਅ ਹੈ ਕਿ ਇਹ ਇਕ ਵਡਮੁੱਲਾ ਸੁਝਾਅ ਹੈ ਅਤੇ ਜੇ ਕੋਸੋ (COSO) ਦੇ ਬੈਨਰ ਹੇਠ ਇਹੋ ਜਿਹਾ ਸਮਾਗਮ ਕੀਤਾ ਜਾਵੇ ਤਾਂ ਯਕੀਨਨ ਹੋਰ ਸਭਾਵਾਂ ਵੀ ਅਪਣਾ ਯੋਗਦਾਨ ਪਾਉਣਗੀਆਂ।

ਕਰਾਰ ਬੁਖ਼ਾਰੀ ਹੋਰਾਂ ਉਰਦੂ ਦੀ ਅਪਣੀ ਇਕ ਗ਼ਜ਼ਲ ਤਰੱਨਮ ਵਿੱਚ ਪੇਸ਼ ਕਰਕੇ ਦਾਦ ਖੱਟ ਲਈ –

“ਧੂਪ ਮੇਂ ਸਾਯਾ-ਏ-ਦੀਵਾਰ ਹੁਆ ਕਰਤੇ ਹੈਂ।
 ਲੋਗ ਐਸੇ  ਭੀ ਸਰਕਾਰ  ਹੁਆ ਕਰਤੇ ਹੈਂ।
 ਰਾਸਤਾ ਕਾਟ ਕੇ ਵੋ ਗੁਜ਼ਰੇ ਹੈਂ ਖ਼ੁਦਾ ਖ਼ੈਰ ਕਰੇ,
 ਬਦਗੁਮਾਨੀ ਕੇ ਯੇ ਆਸਾਰ ਹੁਆ ਕਰਤੇ ਹੈਂ।”

ਬੀਬੀ ਅਮ੍ਰਿਤ ਕੋਰ ਹੋਰਾਂ ਅਪਣੀ ਲਿਖੀ ਬਹੁਤ ਹੀ ਭਾਵਨਾਤਮਕ ਅੰਗਰੇਜ਼ੀ ਕਹਾਣੀ “Husnal” ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਕੇ ਤਾੜੀਆਂ ਖੱਟ ਲਈਆਂ।

ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲੈ ਲਈਆਂ –

ਹਰ  ਦਰ  ਅਤੇ  ਦੀਵਾਰ ਤੇ,  ਤਸਵੀਰ  ਤੇਰੀ  ਲਾ ਲਈ
ਪਰ ਫੇਰ ਵੀ ਤਕ ਸੁਹਣਿਆਂ ਨਾ,ਘਰ ਦੀ ਤਨਹਾਈ ਗਈ।
ਚਾਹੇ  ਭਰੇ   ਸਭੋ ਕਮਰੇ ,  ਘਰ  ਦੇ   ਵਲੇਵੇ  ਨਾਲ  ਨੇ
ਪਰ  ਰਾਤ ਰਾਣੀ  ਦੀ ਮਹਿਕ, ਹੈ ਹੋ ਗਈ  ਆਈ ਗਈ।

ਜਰਨੈਲ ਸਿੰਘ ਤੱਗੜ ਹੋਰਾਂ ਨਫ਼ਰਤ ਨੂੰ ਭੁਲ, ਆਪਸੀ ਭਾਈ-ਚਾਰਾ ਵਧਾਉਣ ‘ਤੇ ਕੁਝ ਸਤਰਾਂ ਸਾਂਝੀਆਂ ਕੀਤੀਆਂ।

ਜਾਵੇਦ ਨਿਜ਼ਾਮੀ ਹੋਰਾਂ ਉਰਦੂ ਦੇ ਅਪਣੇ ਕੁਝ ਸ਼ੇ’ਰ ਅਤੇ ਇਕ ਨਜ਼ਮ “ਖ਼ੁਤੂਤ” ਨਾਲ ਦਾਦ ਬਟੋਰ ਲਈ –

1-“ ਤਿਫ਼ਲੇ-ਮਕਤਬ ਹੈ ‘ਨਿਜ਼ਾਮੀ’ ਤੋ ਅਭੀ ਭੀ ਲੇਕਿਨ
     ਇਸਕੋ  ਅਸ਼ਯਾਰ ਕੇ  ਕਹਨੇ ਕਾ  ਹੁਨਰ ਆਤਾ ਹੈ।”
2-“ਖ਼ੁਸ਼ਬੂ ਮੇਂ ਚਾਹਤੋਂ ਕੀ ਨਹਾਏ ਹੁਏ ਖ਼ੁਤੂਤ।
    ਰਖੇ ਹੈਂ  ਮੇਰੇ ਪਾਸ  ਜੋ ਆਏ ਹੁਏ ਖ਼ੁਤੂਤ।
   ਦਿਲ ਕੀ ਜ਼ਮੀਂ ਕਰ ਗਏ ਸਹਿਰਾਬ ਆਜ ਭੀ
    ਯਾਦੋਂ ਕੇ  ਆਸਮਾਨ ਪੇ  ਛਾਏ  ਹੁਏ  ਖ਼ੁਤੂਤ।”

ਅਮਰੀਕ ਸਿੰਘ ਚੀਮਾ ਹੋਰਾਂ ਸ- ਉਜਾਗਰ ਸਿੰਘ ਕੰਵਲ ਦਾ ਇਕ ਗੀਤ ‘ਮਾਏ ਨੀ ਮੈਂ ਸੌਂ ਗਈ ਕਮਲੀ’ ਗਾਕੇ ਤਾੜੀਆਂ ਲੈ ਲਈਆਂ।

ਜਸਵੰਤ ਸਿੰਘ ਸੇਖੋਂ ਹੋਰਾਂ ਅਪਣੀ ਲੰਬੀ ਕਵਿਤਾ ਗਾਕੇ ਸਾਂਝੀ ਕੀਤੀ ਤੇ ਸਭਾ ਤੋਂ ਤਾੜੀਆਂ ਲੁੱਟ ਲਈਆਂ-

“ਕਿਸੇ ਦੇ ਬੁੱਤ ਨੂੰ ਬੁਰਾ ਨਾ ਬੋਲੀਏ, ਹੋਊ ਦਿਲ ਉਸ ਦਾ ਬੇਜ਼ਾਰ।
 ਗਾਲਾਂ  ਕੱਢੂ  ਸਾਡੇ  ਇਸ਼ਟ ਨੂੰ, ਜੇ ਤੈ  ਇਸ਼ਟ ਤੇ  ਕੀਤਾ ਵਾਰ।
 ਉਥੇ ਜਾਤ ਕਿਸੇ ਨਾ ਪੁੱਛਣੀ, ਬੇੜਾ ਅਮਲਾਂ ਨੇ ਲਾਉਣੈ ਪਾਰ।
 ਬਚਨ  ਤਿੰਨਾ  ਨੇ  ਬੋਲਕੇ,  ਮੇਰਾ  ਦਿੱਤਾ  ਕਾਲਜਾ  ਠਾਰ।”

ਜਗਜੀਤ ਸਿੰਘ ਰਾਹਸੀ ਹੋਰਾਂ ਹੋਰ ਸ਼ਾਇਰਾਂ ਦੇ ਲਿਖੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲਈ –

“ਪਹਿਲੇ ਭੀ ਹਥੇਲੀ ਛੋਟੀ ਥੀ, ਅਬ ਭੀ ਹਥੇਲੀ ਛੋਟੀ ਹੈ
 ਕਲ ਇਸਸੇ ਸ਼ੱਕਰ ਗਿਰ ਜਾਤੀ ਥੀ, ਆਜ ਦਵਾ ਗਿਰ ਜਾਤੀ ਹੈ”

ਜਸਵੀਰ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਤਾੜੀਆਂ ਲੈ ਲਈਆਂ –

“ਧੁੱਪਾਂ ਛਾਂਵਾਂ ਕਾਰਨੇ, ਉੱਡ ਜਾਂਦਾ ਰੰਗ ਸਾਰਾ
 ਫਿੱਕੀ ਵੇਖ ਨੁਹਾਰ ਨੂੰ, ਕਰਨਾ ਪਵੇ ਦੁਬਾਰਾ।
 ਸੂਝਵਾਨਾਂ ਨੇ ਛੱਡਿਆ, ਵਕਤ ਨਾਲ ਜੈਕਾਰਾ
 ਮੱਧਮ ਚਾਲ ਹਮੇਸ਼ਾ, ਚਾਹੁੰਦੀ ਨਵਾਂ ਹੁਲਾਰਾ।”

ਤਰਲੋਕ ਸਿੰਘ ਚੁੱਘ ਹੋਰਾਂ ਦੇ ਪੇਸ਼ ਕੀਤੇ ਚੁਟਕਲਿਆਂ ਨਾਲ ਸਭਾ ਵਿੱਚ ਵਧੀਆ ਹਾਸਾ ਖਿੜ ਗਿਆ।

ਸੁਰਿੰਦਰ ਢਿੱਲੋਂ ਹੋਰਾਂ ਦੀ ਕਿਰੋਕੇ ਨਾਲ ਗਾਈ ਇਕ ਹਿੰਦੀ ਗ਼ਜ਼ਲ ਨਾਲ ਅੱਜ ਦੀ ਸਭਾ ਦਾ ਸੰਗੀਤਮਈ ਸਮਾਪਨ ਕੀਤਾ ਗਿਆ।

              ਜੱਸ ਚਾਹਲ ਨੇ ਅਪਣੇ ਅਤੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਸਿੰਘ ਬਾਠ ਅਤੇ ਜਰਨੈਲ ਤੱਗੜ ਹੋਰਾਂ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਜੱਸ ਚਾਹਲ