An error has occurred. Error: is currently unavailable.

An error has occurred. Error: is currently unavailable.

An error has occurred. Error: is currently unavailable.

An error has occurred. Error: is currently unavailable.

An error has occurred. Error: is currently unavailable.

ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ (ਲੇਖ )

ਗੁਰਸ਼ਰਨ ਸਿੰਘ ਕੁਮਾਰ   

Email: gursharan1183@yahoo.in
Cell: +91 94631 89432
Address: 1183, ਫੇਜ਼-10
ਮੁਹਾਲੀ India
ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਮ ਤੋਰ ਤੇ ਹਰ ਖੇਡ ਜਿੱਤਣ ਦੇ ਆਸ਼ੇ ਨਾਲ ਹੀ ਖੇਡੀ ਜਾਂਦੀ ਹੈ ਕਿਉਂਕਿ ਜਿੱਤਣ ਦੀ ਖ਼ੁਸ਼ੀ ਹੀ ਅਨੌਖੀ ਹੁੰਦੀ ਹੈ।ਇਸ ਨਾਲ ਸਮਾਜ ਵਿਚ ਸਨਮਾਨ ਮਿਲਦਾ ਹੈ। ਆਪਣਾ ਅਤੇ ਆਪਣੇ ਸਨਬੰਧੀਆਂ ਦਾ ਸਿਰ ਉੱਚਾ ਹੁੰਦਾ ਹੈ। ਜੇ ਖੇਡਾਂ ਅੰਤਰ ਰਾਸ਼ਟਰੀ ਪੱਧਰ ਦੀਆਂ ਹੋਣ ਤਾਂ ਜੇਤੁਆਂ ਦੇ ਦੇਸ਼, ਕੌਮ, ਸ਼ਹਿਰ ਅਤੇ ਪਰਿਵਾਰ ਦਾ ਨਾਮ ਵਿਸ਼ਵ ਪੱਧਰ ਤੇ ਚਮਕਦਾ ਹੈ। ਜਿੱਤਣ ਦਾ ਸਰੂਰ ਹੀ ਵੱਖਰਾ ਹੁੰਦਾ ਹੈ। ਬੰਦਾ ਆਪਣੇ ਆਪ ਨੂੰ ਸਤਵੇਂ ਆਸਮਾਨ ਵਿਚ ਉੱਡਦਾ ਮਹਿਸੂਸ ਕਰਦਾ ਹੈ। ਜਿੱਤਣ ਵਾਲੇ ਦੀ ਹਰ ਪਾਸੇ ਜੈ ਜੈ ਕਾਰ ਹੁੰਦੀ ਹੈ। ਉਸ ਨੂੰ ਕਈ ਨਕਦ ਇਨਾਮਾਂ ਅਤੇ ਤੋਹਫਿਆਂ ਨਾਲ ਸਨਮਾਨਿਆ ਜਾਂਦਾ ਹੈ। ਇਸ ਤਰ੍ਹਾਂ ਜੇਤੂਆਂ ਦੀ ਸਫ਼ਲਤਾ ਦੇ ਅੱਗੋਂ ਹੋਰ ਵੀ ਦਰਵਾਜ਼ੇ ਖੁੱਲ੍ਹਦੇ ਹਨ। ਉਨ੍ਹਾਂ ਦੇ ਕਦਮ ਲਗਾਤਾਰ ਵਿਕਾਸ ਵੱਲ ਵਧਦੇ ਹਨ। ਉਹ ਅੱਗੋਂ ਹੋਰ ਵੀ ਉੱਚੀ ਉੱਡਾਰੀ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਜਿਸ ਬੁਲੰਦੀ ਤੇ ਅੱਜ ਮੈਂ ਪਹੁੰਚਿਆ ਹਾਂ ਉਸ ਤੇ ਕੋਈ ਹੋਰ ਨਾ ਪਹੁੰਚ ਸੱਕੇ ਅਤੇ ਮੇਰੀ ਇਹ ਪਹਿਲੇ ਦਰਜ਼ੇ ਦੀ ਪੁਜੀਸ਼ਨ ਸਦਾ ਲਈ ਬਣੀ ਰਹੇ ਅਤੇ ਮੇਰਾ ਨਾਮ ਸਦਾ ਬੁਲੰਦੀਆਂ ਤੇ ਚਮਕਦਾ ਰਹੇ।ਪਰ ਪਿਤਾ ਦਾ ਰਿਸ਼ਤਾ ਹੀ ਇਕ ਐਸਾ ਰਿਸ਼ਤਾ ਹੈ ਜਿੱਥੇ ਪਿਤਾ ਹਮੇਸ਼ਾਂ ਚਾਹੁੰਦਾ ਹੈ ਕਿ ਮੇਰਾ ਬੇਟਾ ਮੇਰੇ ਤੋਂ ਵੀ ਜ਼ਿਆਦਾ ਤਰੱਕੀ ਕਰੇ ਅਤੇ ਬੁਲੰਦੀਆਂ ਨੂੰ ਛੂਹੇ।
ਪਰ ਕਈ ਰਿਸ਼ਤੇ ਐਸੇ ਵੀ ਹੁੰਦੇ ਹਨ ਜਿੱਥੇ ਬੰਦਾ ਕੇਵਲ ਹਾਰਨ ਲਈ ਹੀ ਖੇਡਦਾ ਹੇ। ਉੱਥੇ ਹਾਰਨ ਵਿਚ ਹੀ ਅਨੰਦ ਹੁੰਦਾ ਹੈ ਅਤੇ ਹਾਰਨ ਵਿਚ ਹੀ ਜਿੱਤ ਮਹਿਸੂਸ ਹੁੰਦੀ ਹੈ। ਬੰਦਾ ਜਦ ਛੋਟੇ ਬੱਚੇ ਨਾਲ ਖੇਡਦਾ ਹੈ ਤਾਂ ਉਸ ਕੋਲੋਂ ਜਾਣ ਬੁੱਝ ਕੇ ਹਾਰ ਜਾਂਦਾ ਹੇ ਤਾਂ ਕਿ ਬੱਚੇ ਨੂੰ ਜਿੱਤਣ ਦੀ ਖ਼ੁਸ਼ੀ ਮਿਲ ਸੱਕੇ। ਉਸ ਦਾ ਹੌਸਲਾ ਅਤੇ ਆਤਮ ਵਿਸ਼ਵਾਸ ਵਧ ਸੱਕੇ ਅਤੇ ਉਹ ਅੱਗੇ ਤੋਂ ਉਹ ਹੋਰ ਜੋਸ਼ ਅਤੇ ਦਲੇਰੀ ਨਾਲ ਖੇਡ ਸੱਕੇ ਅਤੇ ਭਵਿਖ ਦੀਆਂ ਖੇਡਾਂ ਵਿਚ ਵੀ ਉਹ ਜੇਤੂ ਹੋ ਕੇ ਉਭਰੇ ਤਾਂ ਕਿ ਉਹ ਜ਼ਿੰਦਗੀ ਦੀ ਹਰ ਮੁਸੀਬਤ ਨਾਲ ਟੱਕਰ ਲੈਂਦਾ ਹੋਇਆ ਇਕ ਕਾਮਯਾਬ ਇਨਸਾਨ ਬਣ ਸੱਕੇ।
ਜਿੱਥੇ ਹੋਵੇ ਪਿਆਰ, ਉੱਥੇ ਕਦੇ ਨਾ ਕਰੇ ਤਕਰਾਰ। ਜਿੱਥੇ ਤੁਹਾਡਾ ਪਿਆਰ ਦਾ ਰਿਸ਼ਤਾ ਹੈ, ਉੱਥੇ ਤੁਹਾਡੇ ਹਾਰਨ ਵਿਚ ਹੀ ਤੁਹਾਡੀ ਜਿੱਤ ਹੈ। ਭਾਵੇਂ ਉਹ ਰਿਸ਼ਤਾ ਪਤੀ ਪਤਨੀ ਦਾ ਹੋਵੇ, ਭੈਣ ਭਰਾ ਦਾ ਹੋਵੇ ਜਾਂ ਦੋਸਤੀ ਦਾ ਹੋਵੇ। ਇਸੇ ਲਈ ਕਹਿੰਦੇ ਹਨ ਕਿ ਕਦੀ ਕਿਸੇ ਨਾਲ ਬਹਿਸ ਵਿਚ ਨਾ ਪਓ। ਤੁਸੀਂ ਅਗਰ ਬਹਿਸ ਵਿਚ ਜਿੱਤ ਵੀ ਜਾਓਗੇ ਤਾਂ ਵੀ ਰਿਸ਼ਤਾ ਹਾਰ ਹਾਓਗੇ। ਜੇ ਤੁਸੀਂ ਕਿਸੇ 
ਰਿਸ਼ਤੇ ਵਿਚ ਹਾਰ ਮੰਨ ਜਾਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਨੀਵੇਂ ਹੋ ਗਏ ਜਾਂ ਤੁਸੀਂ ਨਲਾਇਕ ਹੋ ਜਾਂ ਤੁਹਾਡਾ ਕੋਈ ਕਸੂਰ ਹੈ ਸਗੋਂ ਇਸ ਦਾ ਸਾਫ ਮਤਲਬ ਹੈ ਕਿ ਤੁਸੀਂ ਰਿਸ਼ਤੇ ਦੀ ਕਦਰ ਕਰਨਾ ਅਤੇ ਉਸ ਦਾ ਮਾਣ ਸਨਮਾਨ ਰੱਖਣਾ ਜਾਣਦੇ ਹੋ। ਪਿਆਰ ਦੇ ਰਿਸ਼ਤੇ ਵਿਚ ਜੇ ਤੁਸੀਂ ਹਾਰ ਜਾਂਦੇ ਹੋ ਤਾਂ ਤੁਸੀਂ ਦੂਸਰੇ ਦਾ ਮਨ ਮੋਹ ਲੈਂਦੇ ਹੋ। ਇਹ ਗੱਲ ਤੁਹਾਡੇ ਰਿਸ਼ਤੇ ਨੂਮ ਮਜ਼ਬੂਤ ਕਰਦੀ ਹੈ। ਇਸ ਨਾਲ ਰਿਸ਼ਤਿਆਂ ਵਿਚ ਮਿਠਾਸ ਵਧਦੀ ਹੈ। ਇਸ ਲਈ ਖੇਡ ਜਾਂ ਲੜਾਈ ਆਪਣਿਆਂ ਨਾਲ ਹੋਵੇ ਤਾਂ ਹਾਰ ਜਾਣਾ ਹੀ ਚੰਗਾ ਹੈ। ਇਸ ਹਾਰ ਵਿਚ ਹੀ ਤੁਹਾਡੀ ਜਿੱਤ ਹੈ।
ਜੇ ਕੋਈ ਵੀ ਜੰਗ ਲੜ੍ਹੀ ਜਾਂਦੀ ਹੈ ਤਾਂ ਉਹ ਕੇਵਲ ਅਤੇ ਕੇਵਲ ਜਿੱਤ ਦੇ ਆਸ਼ੇ ਨਾਲ ਹੀ ਲੜ੍ਹੀ ਜਾਂਦੀ ਹੈ। ਜਿੱਤਣ ਵਾਲਾ ਹਮੇਸ਼ਾਂ ਹਾਰਨ ਵਾਲੇ ਤੇ ਛਾਇਆ ਰਹਿੰਦਾ ਹੈ। ਉਸ ਦਾ ਸਿਰ ਉੱਚਾ ਹੁੰਦਾ ਹੇ। ਹਾਰਨ ਵਾਲਾ ਸ਼ਰਮਿੰਦਗੀ ਨਾਲ ਹੀ ਆਪਣਾ ਸਿਰ ਉੱਚਾ ਨਹੀਂ ਚੁੱਕ ਸਕਦਾ। ਉਸ ਨੂੰ ਜਿੱਤਣ ਵਾਲੇ ਦੀਆਂ ਜਲੀਲ ਕਰਨ ਵਾਲੀਆਂ ਸ਼ਰਤਾਂ ਤੇ ਹੀ ਸਮਝੋਤਾ  ਕਰਨਾ ਪੈਂਦਾ ਹੈ। ਪਰ ਯਾਦ ਰੱਖੋ ਕਿ ਆਪਣਿਆਂ ਨਾਲ ਲੜਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣਿਆਂ ਹੱਥੋਂ ਹਾਰ ਮੰਨਣੀ ਹੀ ਪੈਂਦੀ ਹੈ ਕਿਉਂਕਿ ਪਿਆਰ ਦੇ ਧਾਗਿਆਂ ਦੀ ਪਕੜ ਲੋਹੇ ਦੀਆਂ ਜੰਜੀਰਾਂ ਤੋਂ ਮਜ਼ਬੂਤ ਹੁੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਬੰਦਾ ਬੇਸ਼ੱਕ ਸਾਰੀ ਦੁਨੀਆਂ ਤੋਂ ਜਿੱਤ ਸਕਦੇ ਹੈ ਪਰ ਉਸ ਨੂੰ ਆਪਣੀ ਅੋਲਾਦ ਅੱਗੇ ਹਾਰਨਾ ਹੀ ਪੈਂਦਾ ਹੈ। ਬੰਦਾ ਆਪਣੀ ਅੋਲਾਦ ਨਾਲ ਨਹੀਂ ਲੜ੍ਹ ਸਕਦਾ। ਭਾਵੇਂ ਕੋਈ ਕਿੰਨਾਂ ਵੀ ਸ਼ੂਰਵੀਰ ਯੋਧਾ ਕਿਉਂ ਨਾ ਹੋਏ ਉਸ ਨੂੰ ਆਪਣੀ ਅੋਲਾਦ ਅੱਗੇ ਹੱਥਿਆਰ ਸੁੱਟਣੇ ਹੀ ਪੈਂਦੇ ਹਨ। ਇੱਥੇ ਉਹ ਪੂਰੀ ਤਰ੍ਹਾਂ ਪਿਆਰ ਅਧੀਨ  ਬੇਵੱਸ ਹੋ ਜਾਂਦਾ ਹੈ।
ਮਹਾਂ ਭਾਰਤ ਵਿਚ ਜਦ ਕੁਰਛੇਤਰ ਦੇ ਮੈਦਾਨ ਵਿਚ ਕੋਰੂਆਂ ਅਤੇ ਪਾਂਡੂਆਂ ਦੀਆਂ ਫੌਜਾਂ ਲੜਣ ਲਈ ਇਕ ਦੂਜੇ ਦੇ ਸਾਹਮਣੇ ਹੋਈਆਂ ਤਾਂ ਇਕ ਵਾਰੀ ਤਾਂ ਅਰਜੁਨ ਦਾ ਮਨ , ਆਪਣਿਆਂ ਨੂੰ ਸਾਹਮਣੇ ਦੇਖ ਕੇ ਡੋਲ ਗਿਆ ਸੀ। ਉਸ ਨੇ ਦੇਖਿਆ ਕਿ ਉਸ ਦਾ ਤਾਇਆ ਭੀਸ਼ਮ ਪਿਤਾਮਾ, ਜਿਸ ਦੀ ਗੋਦ ਵਿਚ ਬੈਠ ਕੇ ਉਹ ਵੱਡਾ ਹੋਇਆ ਸੀ ਅਤੇ ਜਿਸ ਨੇ ਉਸ ਨੂੰ ਕਈ ਤਰ੍ਹਾਂ ਦੀਆਂ ਲੋਰੀਆਂ ਦਿੱਤੀਆਂ ਸਨ, ਉਸ ਦੇ ਸਾਹਮਣੇ ਯੁੱਧ ਲਈ ਖੜ੍ਹਾ ਸੀ। ਅਰਜੁਨ ਨੇ ਸੋਚਿਆ,"ਕੀ ਮੈਂ ਆਪਣੇ ਪਿਤਾ ਸਮਾਨ ਤਾਏ ਉੱਤੇ ਹਥਿਆਰ ਚੁੱਕਾਂ?" ਉਸ ਦਾ ਰਾਜ ਗੁਰੁ ਦ੍ਰੋਣਾਚਾਰਿਆ, ਜਿਸ ਨੇ ਉਸ ਨੂੰ ਸ਼ਸਤਰ ਵਿਦਿਆ ਸਿਖਾਈ ਸੀ, ਉਸ ਦੇ ਸਾਹਮਣੇ ਖੜ੍ਹਾ ਸੀ।"ਕੀ ਮੈਂ ਇਹ ਸ਼ਸਤਰ ਵਿਦਿਆ ਆਪਣੇ ਗੁਰੁ ਦੇ ਖਿਲਾਫ ਹੀ ਵਰਤਾਂ?" ਦਰਯੋਧਨ ਜੋ ਉਸ ਦਾ ਭਰਾ ਸੀ ਅਤੇ ਜਿਸ ਨਾਲ ਉਸ ਨੇ ਬਚਪਨ ਬਿਤਾਇਆ ਸੀ ਅਤੇ ਉਸ ਨਾਲ ਸਾਰੀ ਉਮਰ ਖੈਡਦਾ ਰਿਹਾ ਸੀ। "ਕੀ ਮੈਂ ਆਪਣੇ ਭਰਾ ਨੂੰ ਮਾਰਨ ਲਈ ਹੀ ਹਥਿਆਰ ਚੁੱਕਾਂ?" ਹੋਰ ਵੀ ਬੜੇ ਬਜ਼ੁਰਗ ਅਤੇ ਪਿਆਰੇ ਰਿਸ਼ਤੇਦਾਰ ਉਸ ਦੇ ਸਾਹਮਣੇ ਖੜ੍ਹੇ ਸਨ ਜਿਨ੍ਹਾਂ ਦੀ ਅਰਜੁਨ ਬਹੁਤ ਇੱਜ਼ਤ ਕਰਦਾ ਸੀ, ਉਨ੍ਹਾਂ ਦੇ ਖਿਲਾਫ ਉਹ ਹਥਿਆਰ ਨਹੀਂ ਸੀ ਚੁੱਕਣਾ ਚਾਹੁੰਦਾ। ਇਸ ਦਾ ਭਾਵ ਇਹ ਕਦੀ ਨਹੀਂ ਸੀ ਕਿ ਅਰਜੁਨ ਬਹਾਦਰ ਨਹੀਂ ਸੀ। ਇਸ ਦਾ ਭਾਵ ਇਹ ਸੀ ਕਿ ਉਹ ਰਿਸ਼ਤਿਆਂ ਦੀ ਕਦਰ ਕਰਨਾ ਜਾਣਦਾ ਸੀ। ਇਸ ਲਈ ਅਰਜੁਨ ਨੇ ਯੁੱਧ ਦੇ ਮੈਦਾਨ ਵਿਚ ਹੱਥਿਆਰ ਚੁੱਕਣ ਤੋਂ ਇਨਕਾਰ ਕਰ ਦਿੱਤਾ।। ਇਹ ਤਾਂ ਕ੍ਰਿਸ਼ਨ ਭਗਵਾਨ ਦੀ ਲੀਲਾ ਹੀ ਸੀ ਕਿ ਉਨ੍ਹਾਂ ਨੇ ਇਸ ਨਾਜ਼ੁਕ ਸਮੇਂ ਗੀਤਾ ਦਾ ਉਪਦੇਸ਼ ਦੇ ਕੇ ਅਰਜੁਨ ਨੂੰ ਆਪਣੇ ਹੱਕ ਲਈ ਲੜਣ ਲਈ ਮਜ਼ਬੂਰ ਕੀਤਾ ਅਤੇ ਮਹਾਂ ਭਾਰਤ ਦਾ ਯੁੱਧ ਹੋਇਆ। ਇਸ ਯੁੱਧ ਵਿਚ ਹਜ਼ਾਰਾਂ ਬੇਗੁਨਾਹ ਮਾਰੇ ਗਏ। ਬੱਚੇ ਅਨਾਥ ਹੋਏ ਅਤੇ ਔਰਤਾਂ ਵਿਧਵਾ ਹੋਈਆਂ। ਭਾਰਤ ਵਿਚ ਧਨ ਅਤੇ ਮਾਲ ਦੀ ਭਾਰੀ ਤਬਾਹੀ ਹੋਈ। ਪਾਂਡੂਆਂ ਦੇ ਹੱਥ ਆਪਣਿਆਂ ਦੇ ਹੀ ਖ਼ੂਨ ਨਾਲ ਰੰਗੇ ਗਏ ਜਿਸਦਾ ਪਸਚਾਤਾਪ ਉਹ ਬਾਅਦ ਵਿਚ ਕਰਦੇ ਰਹੇ ਪਰ ਫਿਰ ਵੀ ਨੁਕਸਾਨ ਦੀ ਭਰਪਾਈ ਬਿਲਕੁਲ ਨਾ ਹੋ ਸੱਕੀ। ਇਸ ਯੁੱਧ ਨੇ ਭਾਰਤ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਮੁਲਕ ਰਸਾਤਲ ਵਿਚ ਗਰਕ ਗਿਆ। ਬੇਸ਼ੱਕ ਪਾਂਡਵ ਮਹਾਂ ਭਾਰਤ ਦਾ ਯੁੱਧ ਜਿੱਤ ਗਏ ਪਰ ਉਹ ਰਿਸ਼ਤੇ ਹਾਰ ਗਏ। ਜਿਸ ਰਾਜ ਦੀ ਖਾਤਿਰ ਉਹ ਇਹ ਭਿਆਨਕ ਯੁੱਧ ਲੜ੍ਹੇ, ਉਸ ਰਾਜ ਦਾ ਸੁੱਖ ਉਹ ਫਿਰ ਵੀ ਨਾ ਭੋਗ ਸੱਕੇ।
ਕਦੀ ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸਮਝੋ ਕਿ ਮੈਂ ਕਿੱਡਾ ਚਾਲਾਕ ਅਤੇ ਸਿਆਣਾ ਹਾ। ਸਗੋਂ ਇਹ ਸੋਚੋ ਕਿ ਦੂਸਰੇ ਨੇ ਤੁਹਾਡੇ aੁੱਤੇ ਕਿਤਨਾ ਵਿਸ਼ਵਾਸ ਕੀਤਾ ਹੈ ਅਤੇ ਤੁਸੀਂ ਉਸ ਨੂੰ ਕਿਤਨਾ ਧੋਖਾ ਦਿੱਤਾ ਹੈ। ਜਦ ਤੁਸੀਂ ਛੋਟੇ ਜਹੇ ਬੱਚੇ ਨੂੰ ਵੀ ਹਵਾ ਵਿਚ ਉਛਾਲਦੇ ਹੋ ਤਾਂ ਉਹ ਜਰਾ ਨਹੀਂ ਡਰਦਾ ਸਗੋਂ ਕਿਲਕਾਰੀਆਂ ਮਾਰ ਕੇ ਹੱਸਦਾ ਹੈ ਕਿਉਂਕਿ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਉਸ ਨੂੰ ਆਪਣੀਆਂ ਬਾਹਵਾਂ ਵਿਚ ਸੁਰੱਖਿਤ ਬੋਚ ਲਓਗੇ। ਜੇ ਤੁਸੀਂ ਐਸਾ ਨਹੀਂ ਕਰਦੇ ਤਾਂ ਉਸ ਨੂੰ ਜਬਰਦਸਤ ਸੱਟ ਲਗ ਸਕਦੀ ਹੈ। ਉਸ ਦਾ ਤੁਹਾਡੇ ਤੋਂ ਮੋਹ ਭੰਗ ਹੋ ਜਾਏਗਾ ਅਤੇ ਵਿਸ਼ਵਾਸ ਟੁੱਟ ਜਾਏਗਾ। ਤੁਸੀਂ ਸਾਰੀ ਉਮਰ ਲਈ ਉਸ ਤੋਂ ਰਿਸ਼ਤਾ ਗੁਆ ਬੈਠੋਗੇ।ਪਿਆਰ ਦੇ ਰਿਸ਼ਤੇ ਵਿਸ਼ਵਾਸ਼ ਤੇ ਹੀ ਕਾਇਮ ਰਹਿੰਦੇ ਹਨ। ਇਸ ਲਈ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ। ਇਸ ਤਰ੍ਹਾਂ ਹੀ ਤੁਸੀਂ ਸਭ ਦੇ ਹਰਮਨ ਪਿਆਰੇ ਬਣ ਸਕੋਗੇ।