ਇੱਕ ਅਭੁੱਲ ਘਟਨਾ ਮਨਾਲੀ ਦੀ (ਲੇਖ )

ਚਰਨਜੀਤ ਕੈਂਥ   

Email: ncollegiate@yahoo.com
Cell: +91 98151 64358
Address: ਅਹਿਮਦਗੜ੍ਹ
ਸੰਗਰੂਰ India
ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਅਚਾਨਕ ਆਪਣੀ ਯਾਦਾਂ ਦੀ ਪਟਾਰੀ ਦੇ ਪੰਨੇ ਫ਼ਰੋਲਦਿਆਂ  ਅਤੀਤ ਦੀ ਇੱਕ ਘਟਨਾਂ ਪੜ੍ਹ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ  |ਇਹ ਘਟਨਾ ਇਕ ਫ਼ਿਲਮ ਦੀ ਤਰ੍ਹਾਂ ਮੇਰੀਆਂ ਅੱਖਾਂ ਦੇ ਸਾਹਮਣੇ ਦੀ ਗੁਜ਼ਰ ਗਈ | ਯਾਦਾਂ ਦੇ ਪਿਛਵਾੜੇ ਵਿੱਚ ਪਰਤਦਿਆਂ ਮੈਂ ਆਪਣੀ ਜਿੰਦਗੀ ਦੇ 31ਸਾਲ ਪਿੱਛੇ ਪਹੁੰਚ ਗਿਆ |ਉਸ ਸਮੇਂ ਮੈਂ 24ਸਾਲ ਦਾ ਸੰਘਰਸ਼- ਸ਼ੀਲ ਨੌਜਵਾਨ ਸੀ |ਉਸ ਸਮੇਂ ਆਪਣੇ ਕੰਮ ਨੂੰ ਕਰਨ ਦਾ ਜਨੂੰਨ  ਮੈਨੂੰ ਸੌਣ ਨਹੀਂ ਦਿੰਦਾ ਸੀ| ਮੈਂ ਆਪਣੀ ਜ਼ਿੰਦਗੀ ਨੂੰ ਸਵਾਰਨ ਦੇ ਰਾਹ ਤੁਰਿਆ ਹੋਇਆ ਸੀ| ਮਿਹਨਤ ਕਰਦਾ-ਕਰਦਾ ਸਫਲਤਾ ਦੀਆਂ  ਪੌੜੀਆਂ ਨੂੰ ਹੱਥ ਪਾ ਇੱਕ -ਇੱਕ ਕਦਮ ਵੱਧ ਰਿਹਾ ਸੀ |ਮਿਹਨਤ ਦੇ ਨਾਲ - ਨਾਲ ਕੁਦਰਤ ਨੂੰ ਪਿਆਰ ਕਰਨ ਅਤੇ ਸਾਹਿਤ ਨਾਲ ਅੰਤਾਂ ਦਾ ਮੋਹ ਸੀ |ਜਦੋਂ  ਵੀ ਸਬੱਬ ਬਣਦਾ ਦੋਸਤਾਂ -ਮਿੱਤਰਾਂ ਨਾਲ ਇਕੱਠੇ ਹੋ ਕੇ ਕੁਦਰਤ ਨੂੰ ਮਾਨਣ, ਕੁਦਰਤ ਦੇ ਚੌਗਿਰਦੇ ਵਿੱਚ ਜਾ ਪਹੁੰਚਦਾ |ਪੜ੍ਹਦਿਆਂ ਹੀ ਮੈਨੂੰ ਲਿਖਣ ਦੀ ਚੇਟਕ ਲੱਗ ਗਈ ਸੀ |ਜ਼ਿੰਦਗੀ ਵਿੱਚ ਸੰਘਰਸ਼ ਦੇ ਦੌਰਾਨ ਮੇਰੀ ਕਲਮ ਖਾਮੋਸ਼ ਹੋ ਗਈ ਸੀ|ਮਿਹਨਤ ਦੇ ਜਰੀਏ ਮੈਂ ਜ਼ਿੰਦਗੀ ਦੀ ਹਰ ਖ਼ੁਸ਼ੀ ਨੂੰ ਹਾਸਿਲ ਕੀਤਾ |ਜ਼ਿੰਦਗੀ ਵਿੱਚ ਅਨੇਕਾਂ  ਮੁਸੀਬਤਾਂ ਦਾ ਮੈਂ ਡੱਟ ਕੇ ਮੁਕਾਬਲਾ ਕੀਤਾ |ਪਰਮਾਤਮਾਂ ਦੀ ਮੇਰੇ ਉਪਰ ਰਹਿਮਤ ਹੋਣ ਕਰ ਕੇ ਮੈਂ ਕਦੇ ਘਬਰਾਇਆ ਨਹੀਂ ,ਜ਼ਿੰਦਗੀ ਦੇ ਹਰ ਦੁੱਖ ਅਤੇ ਸੁੱਖ ਨੂੰ ਪ੍ਰਭੂ ਦੀ ਦਾਤ ਸਮਝ ਕੇ ਸਵੀਕਾਰ ਕਰਦਾ ਰਿਹਾ |ਇਸੇ ਕਰਕੇ ਮੈਨੂੰ ਸਬਰ ਅਤੇ ਸੰਤੋਖ ਹਾਸਿਲ ਹੋ  ਗਿਆ |ਪ੍ਰਮਾਤਮਾਂ ਦੀ ਮੇਹਰ ਨਾਲ ਅੱਜ ਫਿਰ ਮੇਰੀ ਕਲਮ ਅੰਗੜਾਈਆਂ ਲੈਣ ਲੱਗੀ |ਮੈਂ ਆਪਣੀ ਜਿੰਦਗੀ ਦੇ ਖੱਟੇ -ਮਿੱਠੇ ਅਨੁਭਵਾਂ ਨੂੰ ਆਪਣੀ ਕਲਮ ਦੁਆਰਾ ਤੁਹਾਡੇ ਨਾਲ ਸਾਂਝ ਪਾਉਣ ਦੇ ਯੋਗ ਹੋਣ ਲਗਿਆ |
                   ਗੱਲ ਸੰਨ 1986 ਦੀ ਹੈ, ਮੈਂ ਤੇ ਮੇਰਾ ਦੋਸਤ (ਪੱਗ- ਵੱਟ ਭਰਾ)  ਬਲਦੇਵ ਜੋ ਵਧੀਆ ਫੋਟੋਗ੍ਰਾਫ਼ਰ ਸੀ|ਇਕਹੋਰ ਦੋਸਤ ਗੋਪਾਲ ਸ਼ਰਮਾ ਜਿਸ ਨੂੰ ਪਿਆਰ ਨਾਲ ਡਿਕੀ ਵੀ ਕਹਿੰਦੇ ਹਾਂ ਤੇ ਮੇਰੀ ਭੂਆ ਦਾ ਲੜਕਾ ਅਵਤਾਰ ਸਿੰਘ ਸਾਡਾ ਪ੍ਰੋਗਰਾਮ ਬਣ ਗਿਆ ਕਿ ਚਲੋ ਕਿਸੇ ਪਹਾੜੀ ਇਲਾਕੇ ਦਾ ਆਨੰਦ ਲਿਆ ਜਾਵੇ | ਅਸੀਂ ਸਾਰੇ ਜਾਣੇ 8 ਅਗਸਤ 1986 ਦੀ ਸ਼ਾਮ ਨੂੰ 3 ਵਜੇ ਅਹਿਮਦਗੜ੍ਹ ਤੋਂ ਬੱਸ ਰਾਂਹੀ ਨੈਣਾਂ ਦੇਵੀ ਲਈ ਚੱਲ ਪਏ | ਮੇਰੀ ਭੂਆ ਦਾ ਲੜਕਾ ਨੈਣਾਂ ਦੇਵੀ ਦਾ ਬਹੁਤ ਸ਼ਰਧਾਲੂ ਸੀ |ਅਸੀਂ ਰਾਤ ਨੂੰ 9 ਵਜੇ ਦੇ ਕਰੀਬ ਕੌਲਾਂ ਵਾਲੇ ਟੋਭੇ ਤੋਂ ਰਾਤ ਦਾ ਖਾਣਾ ਖਾ ਕੇ ਨੈਣਾਂ ਦੇਵੀ ਦੀ ਚੜਾਈ ਸ਼ੁਰੂ ਕਰ ਦਿਤੀ ਸਾਰੀ ਰਾਤ ਮਾਤਾ ਦੇ ਜੈਕਾਰੇ ਬਲਾਉਂਦੇ ਚੜਾਈ ਚੜਦੇ  ਗਏ | ਸਾਡਾ ਸਮਾਨ ਇਕ ਕੁਲੀ ਲੈ ਕੇ ਜਾ ਰਿਹਾ ਸੀ | ਸਾੰਨੂ ਆਪਣਾ ਸ਼ਰੀਰ ਲੈ ਕੇ ਹੀ ਚੜਨਾ ਮੁਸ਼ਕਿਲ ਲੱਗ ਰਿਹਾ ਸੀ| ਗਰਮੀ ਵੀ ਕਾਫ਼ੀ ਜਿਆਦਾ ਸੀ| ਅਸੀਂ ਰਸਤੇ ਵਿੱਚ ਇਕ-ਦੋ ਵਾਰ ਚਾਹ ਪਾਣੀ ਪੀ ਕੇ ਤੇ ਅਰਾਮ ਕਰਦੇ ਹੋਏ ਕੋਈ 3ਵਜੇ ਉਪਰ ਮਾਤਾ ਦੇ ਦਰਬਾਰ ਵਿੱਚ ਪਹੁੰਚ ਗਏ| ਉਪਰ ਇਕ ਕਮਰਾ ਲੈ ਕੇ ਕੁਝ ਘੰਟੇ ਅਰਾਮ ਕੀਤਾ ਤੇ ਸਵੇਰੇ ਉਠ ਕੇ ਮਾਤਾ ਦੇ ਦਰਸ਼ਨ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ |
                            ਅੱਜ 9 ਅਗਸਤ ਸ਼ਨਿਚਰਵਾਰ ਦਾ ਦਿਨ ਸੀ | ਮੌਸਮ ਬੱਦਲ ਵਾਈ ਵਾਲਾ ਸੀ ਤੇ ਬੂੰਦਾਂ – ਬਾਂਦੀ ਵੀ ਸ਼ੁਰੂ ਹੋ ਗਈ ਸੀ | ਪਰ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀ ਸੀ| ਮੀਂਹ ਦੇ ਵਿੱਚ ਹੀ ਲੋਕ ਲਾਈਨਾਂ ਦੇ ਵਿੱਚ ਧੱਕਾ- ਮੁਕੀ ਹੁੰਦੇ ਹੋਏ ਦਰਸ਼ਨ ਕਰ ਰਹੇ ਸਨ| ਜਦੋਂ ਮੇਰੀ ਵਾਰੀ ਆਈ ਤਾਂ ਕੁਝ ਸਕਿੰਟ ਲਈ ਉਸ ਦਰਬਾਰ ਦੇ ਸਾਹਮਣੇ ਹੋਏ ਜਿਥੇ ਮਾਤਾ ਦੀ ਛੋਟੀ ਜਿਹੀ ਮੂਰਤੀ ਸਥਾਪਿਤ ਸੀ | ਨਜ਼ਰ ਤਾਂ ਮੂਰਤੀ ਤੇ ਪੈਣ ਹੀ ਨਹੀਂ ਦਿੱਤੀ ਤੇ ਧੱਕੇ ਨਾਲ ਲਾਈਨ ਵਿਚੋਂ ਬਾਹਰ ਹੋ ਗਏ | ਮੈਨੂੰ ਉਥੇ ਦਾ ਪ੍ਰਬੰਧ ਬਿਲਕੁਲ ਵੀ ਪਸੰਦ ਨਹੀਂ ਆਇਆ| 
ਅਸੀਂ ਸਾਰੇ ਮੱਥਾ ਟੇਕ ਕੇ ਵਾਪਿਸ ਆਪਣੇ ਕਮਰੇ ਵਿੱਚ ਇਕੱਠੇ ਹੋ ਗਏ| ਇਥੋਂ ਸਾਡੇ ਦੋ ਗਰੁਪ ਬਣ ਗਏ  ਅਵਤਾਰ ਦਾ ਪ੍ਰੋਗਰਾਮ ਕਿਸੇ ਹੋਰ ਪਾਸੇ ਜਾਣ ਦਾ ਬਣ ਗਿਆ ਸੀ| ਸਾਡਾ ਤਿੰਨਾ ਦਾ ਮਨ ਕੁੱਲੂ- ਮਨਾਲੀ ਜਾਣ ਦਾ ਬਣ ਗਿਆ| ਅਸੀਂ ਮਾਤਾ ਦੇ ਦਰਬਾਰ ਤੋਂ ਥੋੜਾ ਜਿਹਾ ਥੱਲੇ ਉੱਤਰ ਕੇ ਬੱਸ ਸਟੈਂਡ ਤੇ ਪੁਹੰਚ ਗਏ ਟਾਈਮ ਸਵੇਰ ਦੇ ਕੋਈ 8 ਵਜੇ ਦੇ ਕਰੀਬ ਹੋਵੇਗਾ| ਅਸੀਂ ਸਵੇਰ ਦਾ ਨਾਸ਼ਤਾ  ਇੱਥੇ ਹੀ ਕੀਤਾ | ਬੱਸ ਦੀ ਕਾਫੀ ਇੰਤਜ਼ਾਰ ਤੋ ਬਾਅਦ ਸਾੰਨੂ ਬਿਲਾਸਪੁਰ ਜਾਣ ਵਾਲੀ ਬੱਸ 11 ਵਜੇ ਮਿਲੀ| ਅਸੀਂ ਪਹਾੜੀ ਰਸਤੇ ਦਾ ਆਨੰਦ ਮਾਣਦੇ ਹੋਏ ਆਪਣੀ ਮੰਜਿਲ ਵਲ ਵਧਣ ਲੱਗੇ |ਸਾਡੇ ਮਨ ਵਿੱਚ ਕੁੱਲੂ ਮਨਾਲੀ ਦੀ ਕਸ਼ਿਸ਼ ਵੱਧਦੀ ਜਾਂਦੀ ਸੀ| ਮੈ ਪਹਿਲੀ ਵਾਰ ਮਨਾਲੀ ਵੱਲ  ਨੂੰ ਚੱਲਿਆ ਸੀ |
 ਹੋਇਆ ਕੀ, ਅਚਾਨਕ  ਸਾਡੀ  ਬੱਸ ਖ਼ਰਾਬ  ਹੋ  ਗਈ ਸਾੰਨੂ ਇਕ ਘੰਟੇ ਲਈ ਇਥੇ ਹੀ ਰਸਤੇ ਵਿੱਚ ਠਹਿਰਨਾ ਪਿਆ| ਅਸੀਂ ਪਹਾੜਾਂ ਦਾ ਅਨੰਦ ਮਾਣਦੇ ਰਹੇ ਤੇ ਕੁਝ-ਕੁਝ ਬੋਰੀਅਤ ਵੀ ਮਹਿਸੂਸ ਹੋਣ ਲੱਗੀ| ਕੁਝ ਸਮੇਂ ਬਾਅਦ ਇਕ ਹੋਰ ਬੱਸ ਵਿੱਚ ਅਸੀਂ ਸਾਰੇ ਮੁਸਾਫ਼ਿਰ ਸਵਾਰ ਹੋ ਗਏ, ਜੋ ਸਿੱਧੀ ਮਨਾਲੀ ਜਾਣ ਵਾਲੀ ਸੀ | ਅਸੀਂ ਬਿਲਾਸਪੁਰ , ਸੁੰਦਰ ਨਗਰ, ਮੰਡੀ, ਕੁੱਲੂ ਹੁੰਦੇ ਹੋਏ ਰਾਤ 9 ਵਜੇ ਮਨਾਲੀ ਬੱਸ ਸਟੈਂਡ ਤੇ ਪਹੁੰਚ ਗਏ| ਮੌਸਮ ਵਿੱਚ ਕਾਫੀ ਤਬਦੀਲੀ ਹੋ ਗ਼ਈ ਸੀ ਸਾੰਨੂ ਕੁਝ ਠੰਡ ਮਹਿਸੂਸ  ਹੋਣ ਲੱਗੀ| ਅਸੀਂ ਬੱਸ ਸਟੈਂਡ ਦੇ ਨਜਦੀਕ ਹੀ ਮੇਨ ਸੜਕ ਤੇ ਇਕ ਹੋਟਲ ਆਸ਼ੀਆਨਾ ਦੇ ਵਿੱਚ ਆਪਣੇ ਰਹਿਣ ਲਈ ਕਮਰਾ ਲੈ ਲਿਆ| ਸਾਰੇ ਨਹਾ ਕੇ ਤਰੋ- ਤਾਜਾ ਹੋ ਗਏ ਅਤੇ ਰਾਤ ਦੇ ਖਾਣੇ ਦਾ ਪ੍ਰੋਗਰਾਮ ਬਣਾਇਆ , ਖਾਣੇ ਤੋਂ ਪਹਿਲਾਂ ਥੋੜਾ ਮਸਤੀ ਦਾ ਮੂਡ ਬਣਾਇਆ ਤਿੰਨੇ ਦੋਸਤ ਜਿੰਦਗੀ ਦੀ ਖੁਸ਼ੀ ਦਾ ਆਨੰਦ ਮਾਨਣ ਲੱਗੇ| ਗੱਲਾਂ ਬਾਤਾਂ ਦੇ ਦੌਰ ਵਿੱਚ ਮਸਤੀ ਦਾ ਆਲਮ ਸੀ | ਜਵਾਨੀ ਦਾ ਸਰੂਰ ਰੂਹ ਨੂੰ ਨਸ਼ਿਆ ਰਿਹਾ ਸੀ|
ਇੱਕ ਮਹੀਨਾ ਪਹਿਲਾਂ ਹੀ ਮੈ ਵਾਹਿਗੁਰੂ ਦੀ ਕਿਰਪਾ ਨਾਲ ਦੋ ਜਿਸਮ ਇਕ ਜਾਨ ਹੋਣ ਲਈ ਮੁੰਦੀਆਂ ਵਟਾਈਆਂ ਸਨ|  ਮੈ ਆਪਣੇ ਹੋਣ ਵਾਲੇ ਜੀਵਨ ਸਾਥੀ ਦੀ ਯਾਦ ਵਿੱਚ ਮੁਹੱਬਤ ਦੀਆਂ ਲਹਿਰਾਂ ਨੂੰ ਦਿਲ ਦੀ ਕੈਨਵਸ ਉਪਰ ਉਤਾਰਨ ਲੱਗਿਆ, ਅਨੇਕਾਂ ਭਵਿਖ ਦੀਆਂ ਤਸਵੀਰਾਂ ਨੂੰ ਚਿਤਰਿਆ ਕਿਉਕਿ ਉਸ ਨਾਲ ਮੇਰਾ ਰੂਹਾਨੀ ਰਿਸ਼ਤਾ ਜੁੜ ਗਿਆ ਸੀ | ਰਾਤ ਕਾਫ਼ੀ ਹੋ ਗਈ ਸੀ, ਅਸੀਂ ਤਿੰਨੇ ਦੋਸਤ ਮਸਤੀ ਮਾਰਦੇ ਮਨਾਲੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਸੁਪਨਿਆਂ ਵਿੱਚ ਗਵਾਚ ਗਏ|
               ਅੱਜ 10 ਅਗਸਤ ਐਤਵਾਰ ਨੂੰ ਪਹਿਲੀ ਅੱਖ ਮਨਾਲੀ ਦੇ ਆਂਚਲ ਵਿੱਚ ਖੁੱਲੀ ਸਾਡੇ ਕਮਰੇ ਦੀ ਖਿੜਕੀ ਸੜਕ ਵੱਲ ਖੁਲਦੀ ਸੀ | ਸੜਕ ਦੇ ਪਾਰ ਦਰਿਆ ਵਗਦਾ ਸੀ ਦਰਿਆ ਦੇ ਪਾਰ ਉੱਚੇ-ਉੱਚੇ ਦੇਵਦਾਰ ਦੇ ਦਰਖਤ ਇਸ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਸਨ| ਦਿਲ ਭਰ ਕੇ ਪ੍ਰਾਕਿਰਤੀ ਦੇ ਸੁੰਦਰ ਨਜ਼ਾਰੇ ਨੂੰ ਤੱਕਿਆ ,ਰੂਹ ਧੁਰ ਅੰਦਰ ਤੱਕ ਤ੍ਰਿਪਤ ਹੋ ਗਈ | ਅਸੀ ਤਿਆਰ ਹੋ ਕੇ ਸਵੇਰ ਦਾ ਨਾਸ਼ਤਾ ਹੋਟਲ ਵਿੱਚ ਹੀ ਕੀਤਾ ਤੇ ਆਪਣਾ ਕੈਮਰਾ ਲੈ ਕੇ ਬਾਹਰ ਘੁਮਣ ਦੇ ਮੂਡ ਨਾਲ ਨਿਕਲੇ | ਫੋਟੋਗ੍ਰਾਫੀ ਦਾ ਸਾੰਨੂ ਬਹੁਤ ਸ਼ੌਕ ਸੀ, ਬਲਦੇਵ ਦਾ ਪੇਸ਼ਾ ਤੇ ਹੌਬੀ ਫੋਟੋਗ੍ਰਾਫੀ ਹੀ ਸੀ| ਮਨਾਲੀ ਸਾਡੇ ਲਈ ਅਜਨਬੀ ਸੀ, ਸਾਨੂੰ ਇਕ ਗਾਈਡ ਦੀ ਲੋੜ ਸੀ| ਅਸੀਂ ਬੱਸ ਸਟੈਂਡ ਤੇ ਇਕ ਫੋਟੋਗ੍ਰਾਫਰ ਦੀ ਦੁਕਾਨ ਤੋਂ ਕੈਮਰੇ ਦੇ ਸੈਲ ਲੈਣ ਲਈ ਗਏ ਤਾਂ ਓਥੇ ਸਾਡੇ ਅਹਿਮਦਗੜ੍ਹ ਦੇ ਇਕ ਲੜਕੇ ਦੀ ਤਸਵੀਰ ਲੱਗੀ ਵੇਖੀ, ਤਾਂ ਉਸ ਦੁਕਾਨਦਾਰ ਤੋਂ ਪਤਾ ਲਗਿਆ ਇਹ ਲੜਕਾ ਉਸ ਦੀ ਮਾਸੀ ਦਾ ਪੁੱਤਰ ਹੈ|  ਇਸ ਜਾਣ ਪਹਿਚਾਨ ਨਾਲ ਸਾਡਾ ਉਸ ਨਾਲ ਪਿਆਰ ਵੱਧ ਗਿਆ| ਉਸ ਨੇ ਸਾਨੂੰ ਮਨਾਲੀ ਤੇ ਉਸ ਦੇ ਆਸ-ਪਾਸ ਦੇ ਵੇਖਣ ਯੋਗ ਸਥਾਨਾਂ ਬਾਰੇ ਦਸਿਆ, ਅਸੀਂ ਉਸ ਦੇ ਬਣਾਏ ਪ੍ਰੋਗਰਾਮ ਮੁਤਾਬਿਕ ਮਨਾਲੀ ਦੇ ਰੁ-ਬਰੂ ਹੋਣ ਲਈ ਚੱਲ ਪਏ | 
    ਉਸ ਸਮੇਂ ਮਨਾਲੀ ਵਿੱਚ ਬਹੁਤ ਹੀ ਸ਼ਾਂਤੀ  ਸੀ | ਬੱਸ ਸਟੈਂਡ ਦੇ ਵਿੱਚ ਹੀ ਛੋਟਾ ਜਿਹਾ ਬਜ਼ਾਰ ਸੀ| ਉਸ ਦੇ ਨਜਦੀਕ ਹੀ ਇਕ ਤਿਬਤੀ ਬਜ਼ਾਰ ਸੀ| ਇਥੇ ਗਿਣਤੀ ਦੇ ਹੀ ਹੋਟਲ ਸਨ ਤੇ ਅਬਾਦੀ ਬਹੁਤ ਹੀ ਘੱਟ ਸੀ| ਕੋਈ - ਕੋਈ ਸੇਲਾਨੀ ਹੀ ਘੁੰਮਦਾ ਨਜ਼ਰ  ਆਉਂਦਾ ਸੀ| ਉਸ ਸਮੇਂ ਕਸ਼ਮੀਰ ਦੇ ਹਾਲਾਤ ਖ਼ਰਾਬ ਹੋਣ ਕਰਕੇ ਕੁਦਰਤ ਪ੍ਰੇਮੀਆਂ ਨੇ ਆਪਣਾ ਮੁਖ ਮਨਾਲੀ ਵੱਲ ਕਰ ਲਿਆ| ਇਸੇ ਦੌੜ ਦੇ ਵਿੱਚ ਮਨਾਲੀ ਦੀ ਸ਼ਾਂਤੀ ਭੰਗ ਹੋਣੀ ਸ਼ੁਰੂ ਹੋ ਗਈ| ਇਥੇ ਕੁਦਰਤੀ ਪ੍ਰਾਕ੍ਰ੍ਰਿਤੀ ਨੂੰ ਉਜਾੜ ਕੇ ਕੰਕਰੀਟ ਦੇ ਜੰਗਲ ਉਸਾਰ ਦਿਤੇ| ਇਥੇ ਦੇ ਵਧਦੇ ਸ਼ੋਰ- ਸ਼ਰਾਬੇ ਨੇ ਮਨਾਲੀ ਦੀ ਅੰਤਰ-ਆਤਮਾ ਨੂੰ ਝੰਝੋੜ ਕੇ ਰੱਖ ਦਿੱਤਾ|ਅੱਜ ਮਨਾਲੀ ਇਥੋਂ  ਦੇ ਸ਼ੋਰ- ਸ਼ਰਾਬੇ ਨਾਲ ਕਰਾਹ ਰਹੀ ਹੈ ਤੇ ਸ਼ਾਂਤੀ ਦੇ ਵਾਸਤੇ ਪਾ ਰਹੀ ਹੈ| ਲੋਕਾਂ ਦੀ ਭੀੜ ਵਿੱਚ ਕੁਦਰਤ ਦਾ ਸੰਗੀਤ ਅਲੋਪ ਹੋ ਗਿਆ| ਕੁਦਰਤ ਪ੍ਰੇਮੀ ਕਿਸੇ ਹੋਰ ਸ਼ਾਂਤ- ਇਕਾਂਤ ਸਥਾਨ ਦੀ ਤਲਾਸ਼ ਕਰਨ ਲੱਗੇ|
             ਸਭ ਤੋਂ ਪਹਿਲਾਂ ਅਸੀਂ ਉਥੋਂ ਦਾ ਪ੍ਰ੍ਸਿੱਧ ਮੰਦਿਰ ਜਿਸ ਨੂੰ ਹਡਿੰਮਬਾ ਮੰਦਿਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੇ ਦਰਸ਼ਨਾ ਲਈ ਚੱਲ ਪਏ| ਅਸੀਂ ਸ਼ੌਰਟ – ਕੱਟ ਰਸਤੇ ਰਾਂਹੀ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦੇ ਚੜਾਈ ਚੜਦੇ ਡੇਢ - ਦੋ ਕਿਲੋਮੀਟਰ ਦਾ ਸਫ਼ਰ ਤਹਿ ਕਰਦੇ ਹੋਏ ਬਹੁਤ ਹੀ ਸੰਘਣੇ ਜੰਗਲ ਦੇ ਵਿੱਚ ਬਣੇ ਮੰਦਿਰ ਕੋਲ ਪਹੁੰਚ ਗਏ| ਸੰਘਣੇ ਜੰਗਲ ਵਿੱਚ ਦੇਵਦਾਰ ਦੇ ਅਸਮਾਨ ਛੂਹੰਦੇ ਰੁੱਖਾਂ ਦਾ ਝੁਰਮਟ ਸੂਰਜ ਦੀ ਰੋਸ਼ਨੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੰਦਾ ਸੀ| ਹਨੇਰੇ ਵਰਗਾ ਦ੍ਰਿਸ਼ ਸੀ ਠੰਡੀ ਸ਼ੀਤ ਹਵਾ, ਸ਼ੁਧ ਆਕਸੀਜਨ ਮਹਿਕਾਂ ਬਖੇਰਦੀ ਬਨਸਪਤੀ ਦੀ ਫਿਜ਼ਾ ਅੰਤਰ- ਆਤਮਾਂ ਨੂੰ ਸਕੂਨ ਦੇ ਰਹੀ ਸੀ| ਮੰਦਿਰ ਬਹੁਤ ਪੁਰਾਣੀ ਲੱਕੜੀ ਦਾ ਬਣਿਆ ਹੋਇਆ ਸੀ ਇਸ ਵਿੱਚ ਹਡਿੰਮਬਾ ਦੇਵੀ ਦੀ ਲੱਕੜੀ ਦੀ ਮੂਰਤੀ ਬਣੀ ਹੋਈ ਸੀ| ਅੰਦਰ ਹਨੇਰਾ ਜਿਹਾ ਕੁਝ ਜ਼ਿਆਦਾ ਹੀ ਸੀ| ਬਹੁਤਾ ਕੁੱਝ ਨਜ਼ਰ ਨਹੀਂ ਆ ਰਿਹਾ ਸੀ| ਮੰਦਿਰ ਵਿੱਚ ਮੱਥਾ ਟੇਕਿਆ ਤੇ ਇਸ ਦੇ ਬਾਹਰ ਕੁਝ ਯਾਦਗਾਰੀ ਤਸਵੀਰਾਂ ਲਈਆਂ ਤੇ ਅਗਲੇ ਸਥਾਨ ਵੱਲ ਚੱਲ ਪਏ| ਮਨਾਲੀ ਦੀ ਸ਼ਾਂਤੀ ਮਨ ਨੂੰ ਸਕੂਨ ਦੇ ਰਹੀ ਸੀ| ਕੁਦਰਤ ਦਾ  ਸੰਗੀਤ ਸੁਣਾਈ ਦਿੰਦਾ ਸੀ|ਰਸਤੇ ਵਿੱਚ ਜਦੋਂ ਵੀ ਕੋਈ ਖੂਬਸੂਰਤ ਸਥਾਨ ਨਜ਼ਰ ਪੈਦਾਂ ਝੱਟ ਤਸਵੀਰਾਂ ਲੈਣ ਲੱਗ ਜਾਂਦੇ| ਹੁਣ ਅਸੀਂ ਹਿਮਾਚਲ ਟੂਰਿਜਮ ਦੇ ਬਣਾਏ ਹੋਏ ਲੋਗ - ਹੱਟ ਵੇਖਣ ਪਹੁੰਚੇ, ਇਹ ਬਹੁਤ ਹੀ ਖੂਬਸੂਰਤ ਬਣੇ ਹੋਏ ਸਨ| ਇਹਨਾ ਦੀ ਬਣਾਵਟ ਨੇ ਮਨ ਮੋਹ ਲਿਆ| ਅਸੀਂ ਇਹਨਾਂ ਦੀਆਂ ਵੀ ਕੁਝ ਤਸਵੀਰਾਂ ਲਈਆਂ| ਇਥੇ ਦਾ ਇਕਾਂਤ ਮੈਨੂੰ ਬਹੁਤ ਪਸੰਦ ਆਇਆ|
       ਇਥੋਂ ਅਸੀਂ ਘੁੰਮਦੇ-ਘੁੰਮਾਉਂਦੇ ਪੈਦਲ ਹੀ ਅਗਲਾ ਸਥਾਨ ਹਿਮਾਚਲ ਟੂਰਿਜਮ ਦੀ ਹੀ ਇੱਕ ਇਮਾਰਤ ਜਿਸ ਨੂੰ ਕਲੱਬ ਹਾਊਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਹ ਮਨਾਲੀ ਬੱਸ ਸਟੈਂਡ ਤੋਂ 1.5੦ ਕਿਲੋਮੀਟਰ ਦੀ ਦੂਰੀ ਤੇ, ਅੱਜ ਕੱਲ ਪੁਰਾਣੀ ਮਨਾਲੀ ਵਿੱਚ ਬਿਆਸ ਦਰਿਆ ਦੇ ਇੱਕ ਹਿਸੇ ਦੇ ਕਿਨਾਰੇ ਸਥਿਤ ਹੈ| ਇਹ ਸਾਰੀ ਇਮਾਰਤ ਲੱਕੜੀ ਦੀ ਬਣੀ ਹੋਈ ਹੈ| ਇਸ ਵਿੱਚ ਕਾਨਫਰੰਸ ਹਾਲ, ਵੱਖ – ਵੱਖ ਤਰਾਂ ਦੀਆਂ ਇਨਡੋਰ ਖੇਡਾਂ ਲਈ ਹਾਲ, ਲੋਕਲ ਕੱਪੜਿਆਂ ਅਤੇ ਪੁਰਾਤਨ ਵਸਤੂਆਂ ਦੀ ਸੇਲ ਲਈ ਵੀ ਵਰਤਿਆ ਜਾਂਦਾ ਹੈ| ਇਸ ਦੇ ਆਸ-ਪਾਸ ਸੇਬ ਦੇ ਬਾਗ ਵੀ ਸਨ| ਸੰਘਣੇ ਜੰਗਲ ਦੇ ਵਿੱਚ ਇਸ ਖੂਬਸੂਰਤ ਇਮਾਰਤ ਦੀ ਚਿੱਟੇ ਰੰਗ ਦੀ ਛੱਤ ਸੁੰਦਰ ਲੱਗਦੀ ਸੀ| ਲੱਕੜੀ ਦੇ ਪੁਰਾਤਨ ਘਰ ਵੀ ਮਨ ਮੋਹਦੇ ਸਨ, ਤੇ ਪੁਰਾਣੇ ਜਮਾਨੇ ਦੀ ਯਾਦ ਦਵਾਉਂਦੇ ਸਨ | ਕਲੱਬ ਹਾਊਸ ਇਮਾਰਤ ਲੱਕੜੀ ਦੀ ਬਣੀ ਹੋਣ ਕਰਕੇ ਇੱਕ ਵੱਖਰੀ ਕਿਸਮ ਦੀ ਮਹਿਕ ਵਿਖੇਰਦੀ ਸੀ| ਇਸ ਦੇ ਅੰਦਰ ਅਨੇਕਾਂ ਪ੍ਰਕਾਰ ਦੀ ਵਾਇਨ ਅਤੇ ਵਿਸਕੀ ਲਈ ਪੱਬ ਬਣੀ ਹੋਈ ਹੈ| ਇਸ ਦੀ ਸੁੰਦਰਤਾ ਨੂੰ ਸ਼ਬਦਾਂ ਵਿੱਚ ਪਰੋਣਾ ਮੁਸ਼ਕਿਲ ਲੱਗ ਰਿਹਾ ਹੈ|
      ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਦਾ, ਨਾਲ ਵਗਦਾ ਦਰਿਆ ਸੀ| ਉਸ ਦੇ ਪਾਣੀ ਦੀ  ਅਵਾਜ ਇੱਕ  ਮੰਤਰ- ਮੁਗਧ ਸੰਗੀਤ ਪੈਦਾ ਕਰ ਰਹੀ ਸੀ ਜੋ ਆਪ ਮੁਹਾਰੇ ਆਪਣੇ ਵੱਲ ਖਿਚਣ ਦੀ ਸਮਰਥਾ ਰੱਖਦੀ ਸੀ| ਅਸੀਂ ਕਲੱਬ ਹਾਊਸ ਵਿਚੋਂ ਬਾਹਰ ਦਰਿਆ ਦੇ ਕਿਨਾਰੇ ਉਸ ਦਾ ਅਨੰਦ ਮਾਨਣ ਲਈ ਖਿੱਚੇ ਚੱਲੇ ਆਏ| ਪਾਣੀ ਦੀ ਗਤੀ ਬਹੁਤ ਤੇਜ਼ ਸੀ ਪਾਣੀ ਪੱਥਰਾਂ ਨਾਲ ਟਕਰਾ ਕੇ ਇੱਧਰ-ਉਧਰ ਘੁੰਮਣ ਘੇਰੀਆਂ ਖਾਂਦਾ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਮਸਤੀ ਵਿੱਚ ਨਚ ਰਿਹਾ ਹੋਵੇ |ਦੁਪਹਿਰ ਦਾ ਸ਼ਾਂਤ ਵਾਤਾਵਰਣ ਸੀ, ਆਸ-ਪਾਸ ਕੋਈ ਵੀ ਨਜ਼ਰ ਨਹੀ ਆ ਰਿਹਾ ਸੀ| ਦਰਿਆ ਦੇ ਵਿੱਚ ਛੋਟੇ- ਵੱਡੇ ਸਭ ਤਰਾਂ ਦੇ ਪੱਥਰ ਨਜ਼ਰ ਆਉਂਦੇ ਸਨ| ਇੱਕ ਕਿਨਾਰੇ ਦੇ ਥੋੜਾ ਜਿਹਾ ਅੰਦਰ ਇਕ ਪੱਥਰ ਨਜ਼ਰ ਆ ਰਿਹਾ ਸੀ|  ਮੈ ਪਾਣੀ ਵਿੱਚ ਪੈਰ ਪਾਏ ਤਾਂ ਕੁਝ ਸਕਿੰਟ ਹੀ ਪੈਰ ਪਾਣੀ ਵਿੱਚ ਰੱਖ ਸਕਿਆ , ਕਿਓਕਿ ਪਾਣੀ ਬਹੁਤ ਹੀ ਠੰਡਾ ਸੀ |ਅਸੀਂ ਬਹੁਤ ਹੀ ਖੁਸ਼ੀ ਨਾਲ ਦਰਿਆ ਦੇ ਪਾਣੀ ਦੀਆਂ ਛੱਲਾਂ ਨੂੰ ਕੈਮਰੇ ਵਿੱਚ ਕੈਦ ਕਰਨ ਲੱਗੇ |ਅਚਾਨਕ ਬਲਦੇਵ ਦੇ ਦਿਮਾਗ ਵਿੱਚ ਆਇਆ ਕਿ ਪਾਣੀ ਦੇ ਵਿਚਾਲੇ ਪੱਥਰ ਤੇ ਖੜ੍ਹ ਕੇ ਫੋਟੋ ਖਿੱਚਵਾਈ ਜਾਵੇ ਜੋ ਪਾਣੀ ਦੇ ਵਿੱਚ ਸਿਰਫ ਇਕ ਦੋ ਇੰਚ ਹੀ ਨਜ਼ਰ ਆਉਂਦਾ ਸੀ| ਬਲਦੇਵ ਨੇ ਸਾਰੇ ਕੱਪੜੇ ਉਤਾਰ ਲਏ ਸਿਰਫ਼ ਪੱਗ ਅਤੇ ਅੰਡਰਵੀਅਰ ਹੀ ਸਰੀਰ ਤੇ ਸਨ| ਕੈਮਰਾ ਮੇਰੇ ਹੱਥ ਵਿੱਚ ਸੀ, ਬਲਦੇਵ ਨੇ ਉਸ ਪੱਥਰ ਤੇ ਪਹੁੰਚਣ ਲਈ ਛਾਲ ਮਾਰੀ ਤਾਂ ਸਾਡੀ ਮੰਦ-ਭਾਗੀ ਘਟਨਾ ਦੀ ਸ਼ੁਰੂਆਤ ਇਸ ਨਾਲ ਹੋਈ | ਉਸ ਦੇ ਛਾਲ ਮਾਰਨ ਦੇ ਨਾਲ ਹੀ ਉਸ ਦਾ ਪੈਰ ਸਲਿਪ ਕਰ ਗਿਆ ਤੇ ਪਾਣੀ ਆਪਣੀ ਗਤੀ ਨਾਲ ਉਸ ਨੂੰ ਵਹਾ ਕੇ ਲੈ ਗਿਆ | ਮੇਰੇ ਹੋਸ਼ ਗੁੰਮ ਹੋ ਗਏ! ਮੇਰੇ ਮੂੰਹੋ ਇਕ ਦਮ ਨਿਕਲਿਆ, “ਡਿਕੀ ਆਪਾਂ ਤਾਂ ਪੱਟੇ ਗਏ, ਬਲਦੇਵ ਹੁਣ ਨਹੀ ਬਚ ਸਕਦਾ” ਕਿਓਕਿ ਪਾਣੀ ਉਸ ਨੂੰ ਕਦੇ ਉੱਪਰ ਤੇ ਕਦੇ ਥੱਲੇ ਮਾਰਦਾ ਹੋਇਆ ਕੋਈ 35-36 ਫੁੱਟ ਅੱਗੇ ਤੱਕ ਵਹਾ ਕੇ ਲੈ ਗਿਆ| ਡਿਕੀ ਉਸ ਦੇ ਪਿਛੇ ਭੱਜਦਾ ਹੋਇਆ ਅੱਗੇ ਵਧਿਆ| ਪਰ ਖੁਸ਼ਕਿਸਮਤੀ ਨਾਲ ਉਸ ਨੇ ਆਪਣੇ ਮਨ ਦਾ ਸੰਤੁਲਿਨ ਨਹੀਂ ਗਵਾਇਆ ਤਾਂ ਮੈ ਉਸ ਨੂੰ ਇਸ਼ਾਰਾ ਕੀਤਾ ਕਿ ਖੱਬੇ ਹੱਥ ਨੂੰ ਹੋ ਕੇ ਇੱਕ ਤਿਕੋਣੇ ਪੱਥਰ ਨੂੰ ਜੱਫਾ ਮਾਰਿਆ ਜਾਵੇ| ਉਸ ਨੇ ਸੋਚ ਸਮਝ ਕੇ ਜਾਂ ਪਰਮਾਤਮਾਂ ਦੇ ਸ਼ੁਕਰ ਨਾਲ ਉਸੇ ਤਰ੍ਹਾਂ ਹੀ ਹੋਇਆ | ਸਾਡੀਆਂ ਚੀਕਾਂ, ਰੌਲਾ ਸੁਣ ਕੇ ਕਲੱਬ ਹਾਊਸ ਦੇ ਮੁਲਾਜਮ ਵੀ ਦੌੜੇ ਆਏ, ਤਾਂ ਬਲਦੇਵ  ਨੇ ਆਪਣੀ ਪੱਗ ਉਤਾਰ ਕੇ ਕਿਨਾਰੇ ਤੇ ਖੜ੍ਹੇ ਡਿਕੀ ਵੱਲ ਵਗਾਹ ਮਾਰੀ ਤੇ ਉਸ ਦੇ ਸਹਾਰੇ ਬਾਹਰ ਆ ਗਿਆ, ਫੇਰ ਸਾਡੇ ਸਾਹ ਵਿੱਚ ਸਾਹ ਆਏ| ਸ਼ਾਇਦ ਸਾਡੀ ਜ਼ਿੰਦਗੀ ਦੀ ਇਹ ਸਭ ਤੋਂ ਮਾੜੀ ਘਟਨਾ ਸੀ|  ਪ੍ਰੰਤੂ ਇਸ ਦੇ ਜੀਵਨ ਦਾਨ ਮਿਲਣ ਨਾਲ ਇਹ ਖੁਸ਼-ਕਿਸਮਤੀ ਜਾਪਣ ਲੱਗੀ| ਅੱਜ ਸਾਡੇ ਬਚਪਨ ਦੀ ਨਾਦਾਨੀ ਸਾਡੇ ਲਈ ਬਹੁਤ ਮਹਿੰਗੀ ਪੈ ਜਾਣੀ ਸੀ, ਜਿਸ ਦਾ ਮੁੱਲ ਇਸ ਜਨਮ ਵਿੱਚ ਤਾਂ  ਕੀ ਕਈ  ਜਨਮਾਂ ਵਿਚ ਵੀ ਨਹੀਂ ਉਤਾਰ ਸਕਦੇ ਸੀ| ਅਸੀਂ ਪਰਮਾਤਮਾਂ ਦਾ ਲੱਖ- ਲੱਖ ਸ਼ੁਕਰ ਕੀਤਾ|  ਜੋ ਪਲ ਸਾਡੀਆਂ ਅੱਖਾਂ ਸਾਹਮਣੇ ਗੁਜਰੇ ਉਹਨਾਂ ਨੂੰ ਹੂ-ਬ-ਹੂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ| ਪਰ ਇਹ ਉਨ੍ਹੇ ਡਰਾਵਣੇ ਨਹੀਂ ਹੋਣੇ ਜਿੰਨੇ ਡਰਾਵਣੇ ਅਸੀਂ ਮਹਿਸੂਸ ਕੀਤੇ ਤੇ ਸਾਡੇ ਤੇ ਗੁਜਰੇ ਸਨ| ਮੌਤ ਦੇ ਮੂੰਹ ਵਿਚੋਂ ਮੁੜਨਾ ਇੱਕ ਖੁਸ਼ਕਿਸਮਤੀ ਹੀ ਸੀ|ਜੋ ਦਿਲਾਂ ਵਿਚ ਮਨਾਲੀ ਦੇ ਟੂਰ ਦੀ ਖੁਸ਼ੀ ਸੀ ਉਹ ਇਸ ਘਟਨਾ ਨਾਲ ਚਿਹਰਿਆਂ ਤੋ ਉਡ ਗਈ ਸੀ| ਇਕ ਵਾਰ ਤਾਂ ਦਿਲ ਕੀਤਾ ਕਿ ਵਾਪਿਸ ਹੀ ਚਲੇ ਜਾਈਏ|
       ਬਲਦੇਵ ਬਹੁਤ ਹੀ ਦਲੇਰ ਤੇ ਸਾਹਸੀ ਸੀ| ਉਸ ਨੇ ਆਪਣੇ ਮਾਨਸਿਕ ਪ੍ਰਭਾਵ ਨੂੰ ਖ਼ਤਮ ਕੀਤਾ ਤੇ ਉਸ ਲੱਕੀ ਪੱਥਰ ਦੀਆਂ ਤਸਵੀਰਾਂ ਲਈਆਂ ਜੋ ਜ਼ਿੰਦਗੀ ਬਚਾਉਣ ਦਾ ਸਬੱਬ ਬਣਇਆ|  ਅਸੀਂ ਮਨਾਂ ਨੂੰ ਹੌਸਲੇ ਜਿਹੇ ਵਿੱਚ ਕਰ ਕੇ ਆਪਣੇ ਟੂਰ ਨੂੰ ਅਗੇ ਵਧਾਉਣ ਦਾ ਪ੍ਰੋਗਰਾਮ ਬਣਾਇਆ| 
ਇਸ ਤੋਂ ਬਾਅਦ ਅਸੀਂ ਟੈਕਸੀ ਸਟੈਂਡ ਤੇ ਆ ਕੇ ਇਕ ਟੈਕਸੀ ਕਿਰਾਏ ਤੇ ਲੈ ਕੇ ਇਕ ਹੋਰ ਸਥਾਨ ਜਿਸ ਨੂੰ ਵਸਿਸ਼ਟ ਬਾਥ ਦੇ ਨਾਂ ਨਾਲ  ਜਾਣਿਆ ਜਾਂਦਾਂ ਹੈ ਨੂੰ ਦੇਖਣ ਲਈ ਰਵਾਨਾ ਹੋ ਗਏ| ਬਿਆਸ ਦਰਿਆ ਨੂੰ ਪਾਰ ਕਰਦੇ ਹੋਏ  ਮਨਾਲੀ- ਲੇਹ ਸੜਕ ਤੇ ਮਨਾਲੀ ਤੋਂ 3.02 ਕਿਲੋਮੀਟਰ ਦੀ ਦੂਰੀ ਤੇ ਸਮੁੰਦਰ ਤਲ ਤੋਂ 6503 ਫੁੱਟ ਦੀ ਉਚਾਈ ਤੇ ਇਹ ਸਥਾਨ ਸਥਿਤ ਹੈ| ਪੈਦਲ 35 ਤੋਂ 40 ਮਿੰਟ ਦਾ ਰਸਤਾ ਹੈ| ਇਥੇ ਕੁਦਰਤੀ ਚਸ਼ਮੇਂ ਦਾ ਗਰਮ ਪਾਣੀ ਨਿਕਲਦਾ ਹੈ ਤੇ ਨਹਾਉਣ ਲਈ ਸਪੈਸ਼ਲ ਬਾਥ ਬਣੇ ਹੋਏ ਹਨ| ਅਸੀਂ ਵੀ ਇਥੇ ਨਹਾਉਣ ਦਾ ਆਨੰਦ ਮਾਣਿਆ| ਇਸ ਵਕ਼ਤ ਸ਼ਾਮ ਹੋ ਚੁੱਕੀ ਸੀ| ਮੌਸਮ ਸੁਹਾਵਨਾ ਸੀ ਸੂਰਜ ਆਪਣਾ ਸਫਰ ਤਹਿ ਕਰਦਾ ਹੋਇਆ ਆਪਣੀ ਮੰਜਿਲ ਤੱਕ ਪੁਹੰਚ ਗਿਆ ਸੀ| ਦੂਰ- ਦੂਰ ਤੱਕ ਉਚੀਆਂ ਪਹਾੜੀਆਂ ਸੁੰਦਰ ਦ੍ਰਿਸ਼ ਪੇਸ਼ ਕਰ ਰਹੀਆਂ ਸਨ| ਅਸੀਂ ਇਸ ਸੁਹਾਨੇ ਸਮੇਂ ਨੂੰ ਕੌਫੀ ਦੀਆਂ ਚੁਸਕੀਆਂ ਨਾਲ ਮਾਣਿਆਂ| ਫਿਰ ਉਸ ਸਥਾਨ ਨੂੰ ਵੇਖਣ ਦੀ ਚਾਹਨਾਂ ਹੋਈ ਜਿੱਥੋਂ ਇਹ ਪਾਣੀ ਨਿਕਲ ਕੇ ਇਸ ਬਾਥ ਤੱਕ ਪਹੁੰਚਦਾ ਸੀ| ਉਸ ਥਾਂ ਨੂੰ ਵਸ਼ਿਸ਼ਟ ਮੰਦਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਇਹ ਵਸ਼ਿਸ਼ਟ ਬਾਥ ਦੇ ਨਜਦੀਕ ਹੀ ਸੀ| ਵਸ਼ਿਸ਼ਟ ਮੰਦਿਰ ਵਿੱਚ ਬਣੇ ਸਥਾਨ ਤੇ ਮੱਥਾ ਟੇਕਣ ਲਈ ਅੰਦਰ ਗਏ , ਬਲਦੇਵ ਦੇ ਹੱਥ ਵਿੱਚ ਕੈਮਰਾ ਤੇ ਫਲੈਸ਼ ਸੀ ਉਸ ਨੇ ਮੱਥਾ ਟੇਕਣ ਲੱਗਿਆਂ ਫਲੈਸ਼ ਉਥੇ ਰੱਖ ਦਿੱਤੀ ਤੇ ਮੱਥਾ ਟੇਕਿਆ ਫਿਰ ਅਸੀਂ ਉਹ ਸਥਾਨ ਦੇਖਿਆ ਜਿਥੋਂ ਪਾਣੀ ਨਿਕਲ ਕੇ ਆ ਰਿਹਾ ਸੀ| ਉੱਥੇ ਸਾਧੂ ਟਾਈਪ ਦੇ ਕੁਝ ਬੰਦੇ ਬੈਠੇ ਸਨ ਲੱਗਦਾ ਸੀ ਜਿਵੇ ਕਿਸੇ ਨਸ਼ੇ ਕਰਨ ਦੇ ਸ਼ੌਕੀਨ ਹੋਣ, ਹੁਣ ਹਨੇਰਾ ਹੋ ਚੁੱਕਿਆ ਸੀ|ਅਸੀਂ ਮਨਾਲੀ ਲਈ ਵਾਪਿਸ ਚੱਲ ਪਏ, 15 - 20 ਮਿੰਟ ਮਗਰੋਂ ਅਸੀਂ ਮਨਾਲੀ ਪਹੁੰਚ ਕੇ ਆਪਣਾ ਸਮਾਨ ਚੈਕ ਕੀਤਾ ਤਾਂ ਫਲੈਸ਼ ਨਹੀ ਮਿਲ ਰਹੀ ਸੀ| ਅਚਾਨਕ ਯਾਦ ਆਇਆ ਕਿ ਉਹ ਉਁਥੇ ਹੀ ਰੱਖ ਕੇ ਭੁੱਲ ਗਏ ਸੀ| ਤਾਂ ਸਾਡੇ ਇਕ ਵਾਰੀ ਫਿਰ ਹੋਸ਼ ਉੱਡ ਗਏ| ਕਿ ਪ੍ਰਮਾਤਮਾ ਅੱਜ ਸਾਡੇ ਨਾਲ ਕੀ ਕੁਝ ਹੋ ਰਿਹਾ ਹੈ| ਅਸੀਂ ਜਲਦੀ ਹੀ ਫਿਰ ਟੈਕਸੀ ਲੈ ਕੇ ਉਸ ਸਥਾਨ ਤੇ ਪੁਹੰਚੇ ਸਾੰਨੂ ਕੁਝ- ਕੁਝ ਉਮੀਦ ਸੀ ਕਿ ਹੋ ਸਕਦਾ ਫਲੈਸ਼ ਮਿਲ ਜਾਵੇ ਪਰ ਬਦਕਿਸਮਤੀ ਕਿ ਫਲੈਸ਼ ਉਥੋਂ ਕੋਈ ਲੈ ਗਿਆ ਸੀ| ਸਾਡੇ ਮਨ ਨੂੰ ਫਿਰ ਦੁੱਖ ਹੋਇਆ | ਅਸੀਂ ਉਦਾਸੀ ਭਰੇ ਪਲਾਂ ਨਾਲ ਮਨਾਲੀ ਵਾਪਿਸ ਆ ਗਏ | ਦਿਲ ਕਾਫੀ ਉਦਾਸ ਹੋ ਗਏ ਸਨ |ਅਸੀਂ ਇੱਕ ਦੂਜੇ ਨੂੰ ਹੋਸਲਾ ਦਿੱਤਾ ਕਿ ਜਿਸ ਤਰਾਂ ਵੀ ਹੋਵੇਗਾ ਰਲ - ਮਿਲ ਕੇ ਸਭ ਕੁਝ ਝੱਲਾਂ ਗੇ |
          ਅਗਲੇ ਦਿਨ ਸਾਡਾ ਰੋਹਤਾਂਗ ਪਾਸ ਜਾਣ ਦਾ ਪ੍ਰੋਗਰਾਮ ਸੀ | ਜੋ ਮਨਾਲੀ ਤੋਂ ਬਹੁਤ ਹੀ ਜਿਆਦਾ ਉਚਾਈ ਤੇ ਹੈ | ਇੱਕ ਦਿਲ ਕਰਦਾ ਸੀ ਕਿ ਨਾਂ ਹੀ ਜਾਇਆ ਜਾਵੇ ਕਿਓਂਕਿ ਸਾਡੇ ਨਾਲ ਕੁਝ ਇਸ ਤਰ੍ਹਾਂ ਹੀ ਵਾਪਰ ਰਿਹਾ ਸੀ ਡਰ ਲੱਗਦਾ ਸੀ ਕਿ ਕੋਈ ਹੋਰ ਹਾਦਸਾ ਨਾਂ ਹੋ ਜਾਵੇ | ਫਿਰ ਅਸੀਂ ਹੋਂਸਲੇ ਜਿਹੇ ਬੁਲੰਦ ਕਰ ਕੇ ਸੋਚਿਆ ਕਿ ਦੇਖੀ ਜਾਵੇਗਾ, ਹੁਣ ਤਾਂ ਆਏ ਹੋਏ ਹਾਂ ਫਿਰ ਪਤਾ ਨਹੀਂ ਕਦੋਂ ਆਉਣ ਦਾ ਸਮਾਂ ਮਿਲੇ ਪ੍ਰਮਾਤਮਾਂ ਦੇ ਹਰ ਭਾਣੇ ਨੂੰ ਮਿੱਠਾ ਕਰ ਕੇ ਮੰਨਦੇ ਹੋਏ ਜਾਣ ਦਾ ਫ਼ੈਸਲਾ ਅਟਁਲ ਕੀਤਾ| ਇਹ ਪ੍ਰੋਗਰਾਮ ਆਸ਼ੀਆਨਾ ਦੇ ਕਮਰੇ ਵਿੱਚ ਹੀ ਬਣ ਰਿਹਾ ਸੀ| ਅਸੀਂ ਕੋਸ਼ਿਸ਼ ਕਰ ਰਹੇ ਸੀ ਅੱਜ ਦੀਆਂ ਘਟਨਾਵਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ ਪਰ ਜਦੋ ਵੀ ਵਾਪਰੀ ਘਟਨਾ ਯਾਦ ਆ ਜਾਂਦੀ ਤਾਂ ਸਰੀਰ ਦੇ ਲੂ-ਕੰਡੇ ਖੜੇ ਹੋ ਜਾਂਦੇ | ਇਸ ਤਰਾਂ ਕਰਦੇ ਹੋਏ ਰਾਤ ਦਾ ਖਾਣਾ ਖਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਸਮਾਂ ਰਾਤ ਦੇ  11 ਵਜਾ ਰਿਹਾ ਸੀ| 
ਅੱਜ 11 ਅਗਸਤ ਦਿਨ ਸੋਮਵਾਰ ਦੀ ਸਵੇਰ ਸੀ| ਮੌਸਮ ਕੁਝ ਬੱਦਲ-ਵਾਈ ਵਾਲਾ ਸੀ|  ਸੂਰਜ ਵੀ ਕਦੇ-ਕਦੇ ਆਪਣਾ ਸੋਹਣਾ ਮੁਖੜਾ ਦਿਖਾ ਦਿੰਦਾ, ਧੁੱਪ ਬੱਦਲ ਦੀ ਲੁਕਣ-ਮੀਚੀ ਬਹੁਤ ਹੀ ਸੋਹਣੀ ਲਗਦੀ ਸੀ| ਅੱਜ ਬੱਸ ਸਟੈਂਡ ਤੇ ਵੀ ਕੁਝ ਰੌਣਕ ਸੀ| ਲੋਕ ਆਪਣੀ- ਆਪਣੀ ਮਸਤੀ ਵਿੱਚ ਘੁੰਮ ਰਹੇ ਸਨ | ਅਸੀਂ ਰੋਹਤਾਂਗ ਪਾਸ ਜਾਣ ਲਈ ਟੈਕਸੀ ਦੀ ਤਲਾਸ਼ ਕਰ ਰਹੇ ਸੀ ਤਾਂ ਇਕ ਨਵੇ ਵਿਆਹੇ ਜੋੜੇ ਨੇ ਸਾਡੇ ਨਾਲ ਟੈਕਸੀ ਸਾਂਝੀ ਕਰ ਲਈ| ਅਸੀਂ ਪੰਜੇ ਜਣੇ ਟੈਕਸੀ ਵਿੱਚ ਸਵਾਰ ਹੋ ਕੇ ਰੋਹਤਾਂਗ ਲਈ ਚੱਲ ਪਏ| ਉਸ ਜੋੜੀ ਨਾਲ ਆਪਣੀ ਜਾਣ-ਪਹਿਚਾਣ ਕਰਵਾਈ ਤਾਂ ਜੋ ਸਫਰ ਹੋਰ ਵੀ ਆਨੰਦ ਮਈ ਗੁਜ਼ਰ ਜਾਵੇ| ਇਹ ਜੋੜਾ ਬੀਕਾਨੇਰ ਰਾਜਸਥਾਨ ਤੋਂ ਸੀ| ਸਾਡੇ ਨਾਲ ਦੋ-ਚਾਰ ਹੋਰ ਟੈਕਸੀਆਂ ਵੀ ਸਨ, ਜੋ ਰੋਹਤਾਂਗ ਦਾ ਨਜ਼ਾਰਾ ਲੈਣ ਜਾ ਰਹੀਆਂ ਸਨ| ਇਹ ਰਸਤਾ ਬਹੁਤ ਹੀ ਖ਼ਤਰੇ  ਵਾਲਾ ਲੱਗਦਾ ਸੀ, ਇਸ ਦੀ ਚੜਾਈ ਇੱਕ ਦਮ ਸਿੱਧੀ ਸੀ| ਕਾਰਾਂ ਦਾ ਪੂਰਾ ਜੋਰ ਲੱਗ ਰਿਹਾ ਸੀ| ਅਸੀਂ ਆਸ-ਪਾਸ ਦੇ ਨਜ਼ਾਰਿਆਂ ਨੂੰ ਮਾਣਦੇ ਹੋਏ ਅੱਗੇ ਵੱਧ ਰਹੇ ਸੀ| ਕਿਤੇ-ਕਿਤੇ ਦੂਰ ਪਹਾੜਾਂ ਤੋਂ ਪਾਣੀ ਦੇ ਝਰਨੇ ਡਿਗ ਰਹੇ ਸਨ, ਬਹੁਤ ਹੀ ਦਿਲਕਸ਼ ਨਜ਼ਾਰਾ ਸੀ| ਇਹਨਾਂ ਕੁਦਰਤੀ ਨਜ਼ਾਰਿਆਂ ਨੂੰ ਤੱਕ ਆਪ ਮੁਹਾਰੇ ਹੀ ਮੂਹੋਂ ਵਾਹ-ਵਾਹ ਨਿਕਲਦੀ ਹੈ| ਉੱਚੇ - ਉੱਚੇ ਪਹਾੜਾਂ ਉਪਰ ਜਦੋਂ ਬੱਦਲ ਹਵਾ ਵਿੱਚ ਉਡਦੇ ਹੋਏ ਤੁਹਾਡੇ ਸੰਗ ਕਲੋਲਾਂ ਕਰਦੇ ਹਨ ਤਾਂ ਇਹ ਅਦਭੁੱਤ ਨਜ਼ਾਰਾ ਮਨ ਨੂੰ ਮੋਹਦਾਂ ਹੈ|
             ਰਸਤੇ ਵਿੱਚ ਇਕ ਜਗ੍ਹਾ ਰੁਕੇ ਜਿਥੇ ਕੁਝ ਕ ਦੁਕਾਨਾਂ ਸਨ| ਇਸ ਨੂੰ ਮਰਹੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਥੋਂ ਕੋਲਡ ਡ੍ਰਿੰਕ ਦੀ ਰੀਫ੍ਰੇਸ਼੍ਮੇੰਟ ਲੈ ਕੇ, ਕੁਝ ਤਸਵੀਰਾਂ ਨੂੰ  ਕੈਦ ਕਰਦੇ ਹੋਏ ਅੱਗੇ ਵਧੇ| ਹੁਣ ਮੌਸਮ ਵਿੱਚ ਬਹੁਤ ਤਬਦੀਲੀ ਆ ਗਈ ਸੀ|ਅਸੀਂ ਕਾਫ਼ੀ ਠੰਡ ਮਹਿਸੂਸ ਕਰਨ ਲਗੇ| ਸਾਡੇ ਅਁਧੀ ਬਾਂਹ ਦੀਆਂ ਕਮੀਜਾਂ ਪਹਿਨੀਆਂ ਹੋਈਆਂ ਸਨ| ਕਾਰ ਵਿੱਚ ਬਹੁਤੀ ਠੰਡ ਨਹੀ ਲਗਦੀ ਸੀ| ਹੁਣ ਅਸੀਂ ਇਕ ਬਰਫ ਦੇ ਗਲੇਸ਼ੀਅਰ ਤੇ ਰੁਕੇ ਜੋ ਸੜਕ ਉਪਰ ਹੀ ਸੀ| ਬਰਫ ਨੂੰ ਦੇਖ ਸਾਰੇ ਮਸਤੀ ਵਿੱਚ ਝੂਮ ਉੱਠੇ ਸਾਰੇ ਸੈਲਾਨੀਆਂ ਨੇ ਬਰਫ ਉਪਰ ਪੂਰੀ ਮਸਤੀ ਕੀਤੀ, ਬਰਫ ਦੇ ਗੋਲੇ ਬਣਾ-ਬਣਾ ਕੇ ਇਕ ਦੂਜੇ ਦੇ ਮਾਰੇ| ਸਾਰਿਆਂ ਨੇ  ਇਕ ਪਰਿਵਾਰ ਦੀ ਤਰਾਂ ਬਰਫ ਉਪਰ ਖੇਡਦੇ ਹੋਏ ਆਨੰਦ ਲਿਆ| ਖੂਬਸੂਰਤ ਪਹਾੜੀਆਂ ਦੀ ਸਿਧੀ ਚੜਾਈ ਚੜਦੇ ਹੋਏ ਅਗੇ ਵੱਧ ਰਹੇ ਸੀ|ਰਸਤਾ ਬਹੁਤ ਹੀ ਰੋਮਾਂਚ ਭਰਪੂਰ ਸੀ| ਉਸੇ ਸਮੇਂ ਟੈਕਸੀਆਂ ਅੰਬੈਸਡਰ ਕਾਰਾਂ ਸਨ, ਉਹ ਵੀ ਉਬਾਲੇ ਮਾਰਨ ਲੱਗੀਆਂ| ਜਿਓਂ-ਜਿਓਂ ਉਚਾਈ ਵੱਲ ਨੂੰ ਵਧਦੇ ਗਏ ਮੌਸਮ ਵਿੱਚ-ਵਿੱਚ ਬਹੁਤ ਹੀ ਭਿਆਨਕ ਹੁੰਦਾ ਜਾ ਰਿਹਾ ਸੀ|ਕਦੇ-ਕਦੇ ਧੁੰਦ ਬਹੁਤ  ਜਿਆਦਾ ਹੋ ਜਾਂਦੀ, ਠੰਡ ਇੰਨ੍ਹੀ ਜਿਆਦਾ ਹੋ ਗਈ ਸੀ ਸਾੰਨੂ ਆਪਣੇ ਕੋਟ ਪਹਿਨਣੇ ਪਏ| ਤੇਜ ਹਵਾਵਾਂ, ਪੂਰੀ ਸਰਦੀ ਇਹ ਇਕ ਅਲੌਕਿਕ ਨਜ਼ਾਰਾ ਸੀ| ਕਦੇ-ਕਦੇ ਸੂਰਜ ਵੀ ਆਪਣੇ ਪਿਆਰ ਦੇ ਨਿੱਘ ਦਾ ਅਹਿਸਾਸ ਕਰਾ ਜਾਂਦਾ|ਸੂਰਜ ਦੀ ਲੁਕਣ-ਮੀਚੀ ਮਨ ਨੂੰ ਲੁਭਾਉਂਦੀ ਸੀ|ਹੁਣ ਅਸੀਂ ਮਨਾਲੀ ਤੋਂ 51 ਕਿਲੋਮੀਟਰ ਦੂਰ, ਰਸਤੇ ਵਿੱਚ ਵੱਖ- ਵੱਖ ਤਰਾਂ ਦੇ ਮੌਸਮਾਂ ਦਾ ਆਨੰਦ ਮਾਣਦੇ , ਉਥੋਂ ਦੀ ਖੂਬਸੂਰਤੀ ਵਿਚੋਂ ਪਰਮਾਤਮਾਂ ਦੇ ਦਰਸ਼ਨ ਕਰਦੇ ਹੋਏ, 13050 ਫੁੱਟ ਦੀ ਉਚਾਈ ਤੇ ਰੋਹਤਾਂਗ ਜੋਤ ਕੋਲ ਪਹੁੰਚ ਗਏ| ਪੀਰ ਪੰਜਾਲ ਦੀਆਂ ਸੁੰਦਰ ਪਹਾੜੀਆਂ ਦੇ ਵਿੱਚ ਇਕਾਂਤ ਭਰੇ ਖੂਬਸੂਰਤ ਸਥਾਨ ਤੇ ਪਹੁੰਚ ਗਏ| ਇਹੋ ਹੀ ਲਾਹੌਲ- ਸਪਿਤੀ ਦਾ ਮੁੱਖ ਦੁਆਰ ਹੈ| ਇਹ ਸੜਕ ਕੁੱਲੂ- ਮਨਾਲੀ ਤੋਂ ਹੁੰਦੀ ਹੋਈ ਰੋਹਤਾਂਗ-ਪਾਸ  ਤੇ ਇਸ ਤੋਂ ਅੱਗੇ ਕਲੌਂਗ, ਲਾਹੌਲ- ਸਪਿਤੀ ਹੁੰਦੀ ਹੋਈ ਲੇਹ- ਲਦਾਖ ਤੱਕ ਪਹੁੰਚ ਜਾਂਦੀ ਹੈ| ਇਹ ਰਸਤਾ ਮਈ ਤੋਂ ਨਵੰਬਰ ਤੱਕ ਹੀ ਖੁੱਲਾ ਰਹਿੰਦਾ ਹੈ | ਬਾਕੀ ਸਾਰਾ ਸਾਲ ਬਰਫ਼ ਨਾਲ ਢਕਿਆ ਰਹਿੰਦਾ ਹੈ|
              ਅਗਸਤ ਵਿੱਚ ਵੀ ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਵੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ| ਉਪਰ ਘਾਹ ਦਾ ਸੁੰਦਰ ਮੈਦਾਨ ਸੀ, ਘੋੜੇ ਘਾਹ ਚਰ ਰਹੇ ਸਨ| ਅਸੀਂ ਬੱਦਲਾਂ ਤੋ ਵੀ ਉਪਰ ਸੀ ਕਦੇ-ਕਦੇ ਬੱਦਲ ਸਾਡੇ ਨਾਲ ਵੀ ਅਠਖੇਲੀਆਂ ਕਰਦੇ ਬਹੁਤ ਹੀ ਅਦਭੁੱਤ ਨਜ਼ਾਰਾ ਬਣ ਜਾਂਦਾ| ਇਕ ਘੰਟੇ ਦੇ ਕਰੀਬ ਇਥੇ ਦੀ ਸੁੰਦਰਤਾ ਨੂੰ ਮਾਣਿਆਂ, ਜ਼ਿੰਦਗੀ ਦੇ ਸਾਰੇ ਗਮ ਪੰਖ ਲਗਾ ਕੇ ਉੱਡ ਗਏ| ਇਨ੍ਹਾਂ ਪਲਾਂ ਨੇ ਸਰੀਰ ਅਤੇ ਮਨ ਵਿੱਚ ਬਹੁਤ ਊਰਜਾ ਭਰ ਦਿਤੀ| ਇੱਥੋਂ ਦੀਆਂ ਖਿਚੀਆਂ ਹੋਈਆਂ ਤਸਵੀਰਾਂ ਜ਼ਿੰਦਗੀ ਦੀ ਯਾਦ ਬਣ ਗਈਆਂ|
         ਬਿਆਸ ਦਰਿਆ ਆਪਣੇ ਸਫ਼ਰ ਦਾ ਪਹਿਲਾ ਕਦਮ ਇਸੇ ਦਰ੍ਹੇ ਤੋ ਹੀ ਸ਼ੁਰੂ ਕਰਦਾ ਹੋਇਆ, ਆਪਣੇ ਅੰਮ੍ਰਿਤ ਰੂਪੀ ਪਾਣੀ ਨਾਲ ਮਨਾਲੀ, ਕੁੱਲੂ, ਮੰਡੀ, ਹਿਮਾਚਲ ਪ੍ਰਦੇਸ ਅਤੇ ਪੰਜਾਬ ਹਰੀਕੇ-ਪੱਤਨ ਵਿਚੋਂ ਹੁੰਦਾ ਹੋਇਆ ਸਤਲੁਜ ਨਾਲ ਇਕ-ਮਿਕ ਹੋ ਕੇ ਪਾਕਿਸਤਾਨ  ਨੂੰ ਹਰਾ-ਭਰਾ ਬਾਣਾਉਂਦਾ  ਅਰਬ ਸਾਗਰ ਦੇ ਵਿੱਚ ਸਮਾ ਜਾਂਦਾ ਹੈ| 
            ਇਹਨਾਂ ਦਿਲਕਸ਼ ਨਜ਼ਾਰਿਆਂ ਨੂੰ ਦਿਲ ਵਿੱਚ ਸਮੇਟ ਕੇ  ਵਾਪਿਸ ਮਨਾਲੀ ਲਈ ਚੱਲ ਪਏ| ਪਰ ਸਾਡੀ ਰੂਹ ਉਥੇ ਹੀ ਰਹਿ ਗਈ ਸੀ, ਸਿਰਫ ਸਰੀਰ ਹੀ ਵਾਪਿਸ ਆ ਰਹੇ ਸਨ| ਠੰਡ ਬਹੁਤ ਜਿਆਦਾ ਸੀ ਅਸੀਂ ਕਾਰ ਵਿੱਚ ਵੀ ਠੰਡ ਨਾਲ ਕੁੰਗੜਦੇ ਜਾ ਰਹੇ ਸੀ| ਕੁਝ ਦੇਰ ਮਗਰੋ ਉਹੀ ਮਰਹੀ ਦਾ ਬਾਜ਼ਾਰ ਜਿਥੇ ਸਿਰਫ ਚਾਰ-ਕ ਦੁਕਾਨਾਂ ਸਨ, ਉਥੇ ਰੁਕ ਕੇ ਕੌਫੀ ਨਾਲ ਠੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਆਉਂਦੇ ਹੋਏ ਮਨ ਉਦਾਸ ਸੀ| ਫਿਰ ਵੀ ਸਫਰ ਨੂੰ ਆਨੰਦ-ਮਈ ਗੁਜਾਰਦੇ ਹੋਏ 5-30 ਵਜੇ ਵਾਪਿਸ ਮਨਾਲੀ ਆ ਗਏ| ਅਸੀਂ ਆਪਣਾ ਸਮਾਨ ਨਾਲ ਹੀ ਲੈ ਗਏ ਸੀ ਤਾਂ ਜੋ ਆਉਂਦੇ ਹੀ ਵਾਪਿਸ ਚਲੇ ਜਾਣਾ ਸੀ| ਪਰ ਮਨਾਲੀ ਤੋ ਚੰਡੀਗੜ੍ਹ ਵਾਲੀ ਬੱਸ ਕੁਝ ਚਿਰ ਪਹਿਲਾਂ ਹੀ ਰਵਾਨਾਂ ਹੋ ਗਈ ਸੀ| ਉਸ ਤੋਂ ਬਾਅਦ ਇਕ ਬੱਸ 6:30 ਵਜੇ ਮਨਾਲੀ ਤੋ ਸ਼ਿਮਲਾ ਚਲਦੀ ਸੀ, ਉਹ ਬੱਸ ਰਾਤ ਨੂੰ 9:30 ਵਜੇ ਉਸੇ ਪਹਿਲੀ ਬੱਸ ਨੂੰ ਸੁਲੱਪੜ੍ਹ ਜਾ ਕੇ ਮਿਲਾ ਦਿੰਦੀ ਸੀ| ਸਾਡੇ ਕੋਲ ਇਕ ਘੰਟੇ ਦਾ ਸਮਾਂ ਸੀ| ਉਸ ਸਮੇਂ ਨੂੰ ਅਸੀਂ ਤਿੱਬਤੀ ਮਾਰਕੀਟ ਵਿੱਚ ਘੁੰਮ ਕੇ ਬਿਤਾਇਆ| ਮਾਰਕੀਟ ਵਿਚੋਂ ਕੁਝ ਖਰੀਦੋ-ਫ਼ਰੋਖ਼ਤ ਕੀਤੀ| ਅਖੀਰ ਮਨਾਲੀ ਨੂੰ ਸਲਾਮ ਬੁਲਾ ਕੇ ਇਸ ਟੂਰ ਦੀਆਂ ਕੌੜੀਆਂ-ਮਿਠੀਆਂ ਯਾਦਾਂ ਨੂੰ ਦਿਲ ਵਿੱਚ ਸਮੇਟ ਕੇ ਉਥੋਂ ਚੱਲ ਪਏ| 
                  ਹੁਣ ਰਾਤ ਕਾਫ਼ੀ ਹੋ ਗਈ ਸੀ ਡ੍ਰਾਈਵਰ ਬੱਸ ਬਹੁਤ ਤੇਜ਼ ਚਲਾ ਰਿਹਾ ਸੀ| ਸਾੰਨੂ ਵਾਰ-ਵਾਰ ਇਹੋ ਡਰ ਖਾਈ ਜਾ ਰਿਹਾ ਸੀ ਕਿ ਪ੍ਰਮਾਤਮਾਂ ਦੇ ਸ਼ੁਕਰ ਨਾਲ ਘਰ ਸਹੀ ਸਲਾਮਤ ਪਹੁੰਚ ਜਾਈਏ| ਸਾੰਨੂ ਬੱਸ ਨੇ ਚੰਡੀਗੜ੍ਹ ਵਾਲੀ ਬੱਸ ਨਾਲ ਮਿਲਾ ਦਿੱਤਾ| ਸਾਰੀ ਰਾਤ ਬੱਸ ਵਿੱਚ ਸਫਰ ਕਰਦੇ ਜਾਗੋ-ਮੀਚੀ ਵਿੱਚ ਰੋਪੜ ਹੁੰਦੇ ਹੋਏ 12 ਤਾਰੀਖ ਨੂੰ ਸਵੇਰੇ 5:30 ਵਜੇ ਚੰਡੀਗੜ੍ਹ ਪੁਹੰਚ ਗਏ| ਚੰਡੀਗੜ੍ਹ ਤੋ ਚੱਲ ਪਰਮਾਤਮਾਂ ਦਾ ਸ਼ੁਕਰ ਮਨਾਉਂਦੇ ਖੁਸ਼ੀ ਨਾਲ 8:30 ਵਜੇ ਅਹਿਮਦਗੜ੍ਹ ਪੁਹੰਚ ਗਏ| ਸਾੰਨੂ ਮਨਾਲੀ ਦੀ ਘਟਨਾ ਤਾਂ ਸਾਰੀ ਜ਼ਿੰਦਗੀ ਨਹੀ ਭੁੱਲ ਸਕਦੀ ਪਰ ਇਸ ਕੌੜੀ-ਮਿੱਠੀ ਘਟਨਾ ਲਈ ਪ੍ਰਮਾਤਮਾਂ ਦੇ ਸ਼ੁਕਰ-ਗੁਜ਼ਾਰ ਹਾਂ|