ਕੰਮ ਜ਼ਿੰਦਗੀ ਦਾ ਆਧਾਰ ਹੈ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੰਮ ਕਰਨ ਵਾਲੇ ਵਿਅਕਤੀ ਲਈ ਤਾਂ ਸਾਰਾ ਜੀਵਨ ਹੀ ਇੱਕ ਉਤਸਵ ਹੈ। ਇਸ ਸਦੀ ਦਾ ਮੁੱਖ ਏਜੰਡਾ ਹੈ ਕਿ ਵੱਡਾ ਸੋਚੋ ਤੇ ਬਿਹਤਰ ਕਰੋ। ਕੰਮ ਇਨਸਾਨ ਦੀ ਜ਼ਿੰਦਗੀ ਦਾ ਆਧਾਰ ਹੈ। ਕੰਮ ਤੋਂ ਬਿਨ੍ਹਾਂ ਜ਼ਿੰਦਗੀ ਜਿਊਣ ਯੋਗ ਨਹੀਂ ਰਹਿੰਦੀ।ਕੰਮ ਕਰਨ ਵਾਲਾ ਇਨਸਾਨ ਹੀ ਕੁੱਝ ਸਿਰਜ ਸਕਦਾ ਹੈ।ਜ਼ਿੰਦਗੀ ਦੇ ਚਾਵਾਂ,ਰੀਝਾਂ, ਉਮੀਦਾ ਅਤੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਰੁਝੇਵੇ, ਕੰਮ-ਕਾਰ ਹਾਂ ਪੱਖੀ ਭੁਮਿਕਾ ਨਿਭਾਉਂਦੇ ਹਨ।ਜਿਹੜੇ ਦੇਸ਼ਾਂ ਵਿੱਚ ਕੰਮ ਨੂੰ ਪੂਜਾ ਸਮਝਿਆ ਜਾਂਦਾ ਹੈ ਉਹ ਮੁਲਕ ਹਮੇਸ਼ਾ ਹੀ ਦੂਜੇ ਮੁਲਕਾਂ ਤੋਂ ਅੱਗੇ ਰਹਿੰਦੇ ਹਨ।ਪੱਛਮੀ ਦੇਸ਼ਾਂ ਦੀ ਉਦਾਹਰਣ ਸਾਡੇ ਸਾਹਮਣੇ ਹੈ ਜਿਵੇਂ ਛੋਟੇ ਕੈਨਵਸ 'ਤੇ ਵੱਡੀ ਤਸਵੀਰ ਬਣਾਉਣਾ ਸੰਭਵ ਨਹੀਂ ਉਸੇ ਤਰਾਂ ਛੋਟੀ ਸੋਚ ਨਾਲ ਕੋਈ ਵੱਡਾ ਕੰਮ ਕਰਨਾ ਸੰਭਵ ਨਹੀਂ।ਵਕਤ ਅਤੇ ਸਮੁੰਦਰ ਦੀ ਜਵਾਰ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ। ਇਹ ਕਹਾਵਤ ਸਮੇਂ ਦੇ ਮਹੱਤਵ ਨੂੰ ਦਰਸਾaਂਦੀ ਹੈ ਅਤੇ ਸਦੀਆਂ ਦੇ ਅਨੁਭਵ ਦੇ ਨਿਚੋੜ ਹੈ।
       ਵਿਹਲੇ ਰਹਿਣਾ ਤੇ ਸਮੇਂ ਦੀ ਕਦਰ ਨਾ ਕਰਨਾ ਆਪਣੇ ਆਪ ਵਿੱਚ ਹੀ ਇੱਕ ਭਿਆਨਕ ਰੋਗ ਹੈ।ਵਿਹਲੜ ਇਨਸਾਨ ਹਮੇਸ਼ਾ ਥੱਕਿਆ-ਥੱਕਿਆ ਰਹਿੰਦਾ ਹੈ। ਉਹ ਆਪਣੀਆਂ ਸ਼ਕਤੀਆਂ ਨੂੰ ਪੂਰੀ ਤਰਾਂ ਜਗਾਉਣ ਲਈ ਕਦੇ ਯਤਨ ਹੀ ਨਹੀਂ ਕਰਦਾ। ਸਮਾਂ ਬੀਤਣ ਦੇ ਨਾਲ ਉਹ ਆਲਸ ਦੀਆਂ ਤੰਦਾਂ ਦੀ ਜਕੜ 'ਚ ਆ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਉਹ ਜਵਾਨੀ ਵਿਚ ਬੁਢਾਪੇ ਦੀਆਂ ਅਲਾਮਤਾ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਜਿਹੜੇ ਸੁੱਤੇ ਰਹਿੰਦੇ ਹਨ ਉਹਨਾਂ ਦੀ ਕਿਸਮਤ ਵੀ ਸੌਂ ਜਾਂਦੀ ਹੈ। ਜ਼ਿੰਦਗੀ ਦਾ ਮਜ਼ਾ ਲੈਣ ਲਈ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰਹੋ। ਜ਼ਿੰਦਗੀ ਦੇ ਹਰ ਪੜਾਅ 'ਤੇ ਕਿਰਤ ਕਰਨਾ ਤੇ ਰੁੱਝੇ ਰਹਿਣਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਪ੍ਰਮਾਣ ਹੈ। ਅੱਜ ਹਰੇਕ ਨੌਜਵਾਨ ਦੀ ਇੱਕ ਹੀ ਇੱਛਾ ਹੈ ਕਿ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੂੰ ਸਰਕਾਰੀ ਨੌਕਰੀ ਮਿਲ ਜਾਵੇ ਪਰ ਜਦੋਂ ਉਸ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ  'ਬੇਰੁਜ਼ਗਾਰ ਫ਼ੌਜ' ਦਾ ਮੈਂਬਰ ਬਣਨ ਲਈ ਮਜ਼ਬੂਰ ਹੋ ਜਾਂਦਾ ਹੈ। ਸਰਕਾਰੀ ਨੌਕਰੀ ਉਸ ਨੂੰ ਮਿਲਦੀ ਨਹੀਂ ਤੇ ਹੱਥੀ ਕਿਰਤ ਕਰਨ ਨੂੰ ਉਹ ਤਿਆਰ ਨਹੀਂ ਹੁੰਦਾ। ਅਜਿਹੇ ਸਥਿਤੀ ਵਿੱਚ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਨੌਕਰੀ ਪਿੱਛੇ ਦੌੜਨ ਦੀ ਬਜਾਏ ਉਹ ਕਿਸੇ ਮਨਚਾਹੇ ਕੰਮ ਵਿੱਚ ਲੀਨ ਹੋ ਜਾਣ। ਥੋੜੇ ਸਮੇਂ ਬਾਅਦ ਹੀ ਉਨ੍ਹਾਂ ਨੂੰ ਕਿਰਤ ਦੀ ਮਿੱਠੀ ਖ਼ੁਸ਼ਬੂ ਅਤੇ ਨੇਕ ਕਮਾਈ 'ਚੋਂ ਪੈਦਾ ਹੋਈ ਰੁੱਖੀ-ਸੁੱਕੀ ਰੋਟੀ ਵਿੱਚੋਂ ਵੀ ਅੰਮ੍ਰਿਤ ਘੁੱਟਾਂ ਦਾ ਮਜ਼ਾ ਆਵੇਗਾ। 
      ਵਿਹਲੜ ਵਿਅਕਤੀ ਧਰਤੀ 'ਤੇ ਬੋਝ ਹੈ। ਵਿਹਲੜ ਦਾ ਚਿਹਰਾ ਤਾਂ ਉਸ ਦੀ ਮਾਂ ਨੂੰ ਵੀ ਚੰਗਾ ਨਹੀਂ ਲੱਗਦਾ ਜੋ ਉਸ ਨੂੰ ਦੁੱਧ, ਮੱਖਣਾ ਨਾਲ ਪਾਲਦੀ ਹੈ। ਉਹ ਵੀ ਚਾਹੁੰਦੀ ਹੈ ਕਿ ਉਸਦਾ ਪੁੱਤ ਕਿਸੇ ਆਹਰ ਲੱਗ ਕੇ ਸਮਾਜ ਵਿੱਚ ਆਪਣੀ ਪਛਾਣ ਬਣਾਵੇ।ਜ਼ਿਆਦਾਤਰ ਲੋਕ ਪੈਸਾ ਕਮਾਉਣ ਦੇ ਲਈ ਕੰਮ ਕਰਦੇ ਹਨ ਤਾਂ ਕਿ ਉਹ ਰੋਜ਼ਮੱਰ੍ਹਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਭਾਵੇਂ ਕਿਹਾ ਜਾਂਦਾ ਹੈ ਕਿ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਪਰ ਪੈਸੇ ਤੋਂ ਬਿਨਾਂ੍ਹ ਕੋਈ ਖਾਸ ਚੀਜ਼ ਵੀ ਨਹੀਂ ਖਰੀਦੀ ਜਾ ਸਕਦੀ।ਇਸ ਲਈ ਮੌਜੂਦਾ ਦੌਰ ਵਿੱਚ ਹਰੇਕ ਬੰਦੇ ਲਈ ਕੰਮ ਕਰਨਾ  ਜ਼ਰੂਰੀ ਹੋ ਗਿਆ ਹੈ। ਤੁਸੀਂ ਜ਼ਾਦੂ ਦੀ ਛੜੀ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਨਹੀਂ ਬਦਲ ਸਕਦੇ।
ਸਾਡੇ ਸਮਾਜ ਵਿੱਚ ਦੋ ਤਰ੍ਹਾਂ ਦੇ ਵਰਗ ਹਨ ਜੋ ਦੁੱਖਾਂ ਤੋਂ ਪ੍ਰਭਾਵਿਤ ਹਨ। ਇਕ ਵਰਗ ਕੋਲ ਕੁੱਝ ਨਹੀਂ ਹੈ, ਇਥੋ ਤੱਕ ਕੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਹ ਦੁਖੀ ਹੈ।ਦੂਜਾ ਵਰਗ ਉਹ ਹੈ ਜਿਸ ਕੋਲ ਸਭ ਕੁੱਝ ਹੈ। ਪਰ ਕੰਮ ਨਾ ਕਰਨ ਕਾਰਨ ਅਕੇਵਾ ਉਨ੍ਹਾਂ ਦੇ ਦੁੱਖ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਨੂੰ ਆਪਣਾ ਜੀਵਨ ਬੇਰਸਾ, ਬੇਰੰਗਾ ਅਤੇ ਬੋਝਲ ਲੱਗਦਾ ਹੈ।ਜ਼ਿੰਦਗੀ ਦਾ ਅਸਲ ਸੁੱਖ ਕੰਮ ਵਿੱਚ ਮਸਰੂਫ਼ ਰਹਿਣ ਵਾਲੇ ਹੀ ਮਾਣਦੇ ਹਨ।ਕੰਮ ਦੀ ਥਕਾਵਟ ਕਾਰਨ ਉਹ ਨੀਂਦ ਦਾ ਭਰਪੂਰ ਆਨੰਦ ਲੈਂਦੇ ਹਨ। ਨੀਂਦ ਲਿਆਉਣ ਲਈ ਉਨ੍ਹਾਂ ਨੂੰ ਕੋਈ ਗੋਲੀ ਨਹੀ ਖਾਣੀ ਪੈਂਦੀ।ਮੰਜ਼ਿਲ 'ਤੇ ਉਹ ਹੀ ਪਹੁੰਚਦੇ ਹਨ ਜਿਹੜੇ ਸਵੇਰੇ ਰਵਾਨਾ ਹੁੰਦੇ ਹਨ।ਤੈਰਨਾ ਉਹ ਹੀ ਸਿੱਖਦੇ ਹਨ ਜੋ ਡੁੱਬਣ ਦੇ ਡਰ ਤੋਂ ਮੁਕਤ ਹੋ ਕੇ ਪਾਣੀ ਵਿਚ ਕੁੱਦ ਪੈਂਦੇ ਹਨ। ਮਹਾਨ ਵਿਅਕਤੀ ਜ਼ਿੰਦਗੀ 'ਚ ਉਦੇਸ਼ ਰੱਖਦੇ ਹਨ ਤੇ ਕੰਮ ਨੂੰ ਆਪਣਾ ਧਰਮ ਸਮਝਦੇ ਹਨ। ਜਦੋਂ ਕਿ ਸਧਾਰਨ ਵਿਅਕਤੀ ਦੇ ਜੀਵਨ 'ਚ ਸਿਰਫ਼ ਇੱਛਾਵਾਂ ਹੀ ਹੁੰਦੀਆਂ ਹਨ।
ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ ਕਿ ਕਈ ਨੌਜਵਾਨ ਆਪਣੇ ਮੋਟਰਸਾਇਕਲਾਂ ਜੀਪਾਂ ਤੇ ਕਾਰਾਂ ਪਿੱਛੇ ਆਪਣੇ ਬਾਪੂ ਦਾ ਰੁਤਬਾ ਜਿਵੇਂ ਸਰਪੰਚ, ਜੈਲਦਾਰ, ਲੰਬੜਦਾਰ, ਜਾਤੀ ਜਾਂ ਕੋਈ ਗੋਤ ਆਦਿ ਲਿਖਾ ਕੇ ਲੋਕਾਂ 'ਚ ਟੋਹਰ ਦਿਖਾਉਣ ਦਾ ਯਤਨ ਕਰਦੇ ਹਨ। ਸਮਾਜ 'ਚ ਮਾਨਤਾ ਪ੍ਰਾਪਤ ਕਰਨ ਲਈ ਇਹ ਇੱਕ ਤਰਲਾ ਹੀ ਹੁੰਦਾ ਹੈ। ਅਜਿਹੇ ਨੌਜਵਾਨ ਇਹ ਗੱਲ ਭੁੱਲ ਜਾਂਦੇ ਹਨ ਕਿ ਮੰਗਵੇ ਪਰਾਂ ਨਾਲ ਲੰਮੀ ਉਡਾਣ ਨਹੀਂ ਭਰੀ ਜਾ ਸਕਦੀ।ਹੋ ਸਕਦਾ ਹੈ ਕਿ ਕੁੱਝ ਸਮੇਂ ਲਈ ਤੁਸੀਂ ਲੋਕਾਂ ਦਾ ਧਿਆਨ ਖਿੱਚਣ ਵਿੱਚ ਸਫ਼ਲ ਵੀ ਹੋ ਜਾਵੋਂ ਪਰ ਲੰਮੇ ਸਮੇਂ ਲਈ ਲੋਕਾਂ ਦੇ ਦਿਲ ਵਿੱਚ ਵੜਨ ਲਈ ਤੇ ਲੋਕਾਂ ਤੋਂ ਸਤਿਕਾਰ ਲੈਣ ਲਈ ਤੁਸੀਂ ਤਾਂ ਹੀ ਸਫ਼ਲ ਹੋ ਸਕੋਗੇ ਜੇ ਆਪ ਮਿਹਨਤ ਕਰਕੇ ਨੇਕ ਕੰਮ ਕਰੋਂਗੇ। ਹੁਣ ਤੁਹਾਡਾ ਦੌਰ ਹੈ। ਸਮਾਜ ਤੁਹਾਡੇ ਕੰਮ ਦੇਖੇਗਾ ਨਾ ਕਿ ਤੁਹਾਡੇ ਬਾਪੂ ਦੇ। ਜੇ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਅਪਣੇ ਮਨ ਦੀ ਕੋਠੜੀ ਦੇ ਦਰਵਾਜ਼ੇ ਹਮੇਸ਼ਾ ਉਸਾਰੂ ਅਤੇ ਸਕਾਰਾਤਮਕ ਵਿਚਾਰਾਂ ਵਾਸਤੇ ਖੁੱਲ੍ਹੇ ਰੱਖ ਕੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਕੰਮ ਕਰਦੇ ਰਹੋ।ਜਿਹੜਾ ਵਿਅਕਤੀ ਕੰਮ ਨਹੀਂ ਕਰਦਾ ਉਸਦੀ ਸ਼ਿਕਾਇਤਾਂ ਅਤੇ ਗਿਲੇ-ਸ਼ਿਕਵਿਆਂ ਦੀ ਲਿਸਟ ਲੰਮੀ ਹੁੰਦੀ ਜਾਂਦੀ ਹੈ।ਕੰਮ ਵਿੱਚ ਮਸ਼ਰੂਫ ਰਹਿਣ ਵਾਲਾ ਵਿਅਕਤੀ ਬੇਲੋੜੀ ਭਟਕਣਾ ਅਤੇ ਬੈਚੇਨੀ ਤੋਂ ਬਚ ਜਾਂਦਾ ਹੈ।ਕਾਰਜਸ਼ੀਲ ਰਹਿਣ ਕਰਕੇ ਛੋਟੀਆਂ ਚੀਜ਼ਾਂ ਵੱਲ ਉਸਦਾ ਧਿਆਨ ਹੀ ਨਹੀਂ ਜਾਂਦਾ।ਅਜਿਹਾ ਵਿਅਕਤੀ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਕੰਮ ਨੂੰ ਹੀ ਪੂਜਾ ਸਮਝਦਾ ਹੈ ਤੇ ਸਿਰ ਸੁੱਟ ਕੇ ਕੰਮ ਕਰਦਾ ਹੈ।ਬੇਲੋੜੀਆਂ ਗੱਲਾਂ ਜਾਂ ਚੀਜ਼ਾਂ ਉਸਦਾ ਧਿਆਨ ਭੰਗ ਨਹੀ ਕਰ ਸਕਦੀਆਂ।ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸੁੱਤੇ ਲੋਕਾਂ ਲਈ ਕਲਯੁਗ ਰਹਿੰਦਾ ਹੈ, ਉਬਾਸੀਆਂ ਲੈਂਦੇ ਸਮੇਂ ਦੁਆਪਰ, ਉਠਦੇ ਸਮੇਂ ਤਰੇਤਾ ਤੇ ਕੰਮ ਕਰਦੇ ਸਮੇਂ ਸਤਯੁਗ ਹੁੰਦਾ ਹੈ।
"ਜਿਨ ਖੋਜਾ ਤਿਨ ਪਾਇਆ ਗਹਿਰੇ ਪਾਨੀ ਬੈਠ,
ਮੈਂ ਬਪੂਰਾ ਬੁਡਨ ਡਰ ਰਿਹਾ ਕਿਨਾਰੇ ਬੈਠ।" 
ਗੁਰਬਾਣੀ ਦਾ ਉਪਰੋਕਤ ਸਲੋਕ ਵੀ ਕਰਮ ਦੀ ਪ੍ਰੋੜਤਾ ਕਰਦਾ ਹੈ, ਜਿਹੜਾ ਵਿਅਕਤੀ ਅਸਫ਼ਲ ਹੋਣ ਕਾਰਨ ਕੰਮ ਸ਼ੁਰੂ ਹੀ ਨਹੀਂ ਕਰਦਾ ਉਹ ਜ਼ਿੰਦਗੀ 'ਚ ਕੁੱਝ ਮਾਨਯੋਗ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਵੀ ਤੁਸੀਂ ਕਿਸੇ ਕੰਮ ਨੂੰ ਦ੍ਰਿੜ ਇਰਾਦੇ ਨਾਲ ਸ਼ੁਰੂ ਕਰੋਗੇ ਤਾਂ ਪਹਿਲਾਂ ਨਜ਼ਰ ਆਉਣ ਵਾਲੀਆਂ ਮੁਸ਼ਕਿਲਾਂ ਇੱਕ ਇੱਕ ਕਰਕੇ ਅਲੋਪ ਹੋ ਜਾਣਗੀਆਂ ਤੇ ਤੁਹਾਡੇ ਨਿਰੰਤਰ ਯਤਨਾਂ ਸਦਕਾ ਸਫ਼ਲਤਾ ਤੁਹਾਡੀ ਝੋਲੀ ਵਿੱਚ ਹੋਵੇਗੀ।ਆਮ ਇਨਸਾਨ ਤੋਂ ਮਹਾਨ ਸ਼ਖ਼ਸੀਅਤ ਬਣਨ ਲਈ ਰਾਤਾਂ ਦੀ ਨੀਂਦ ਤਿਆਗ ਕੇ ਕੰਮ ਕਰਨਾ ਪੈਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਪੜ੍ਹੇ-ਲਿਖੇ ਲੋਕ ਜ਼ਿਆਦਾ ਸੋਚ ਵਿਚਾਰ ਕਰਦੇ ਹਨ ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਘੱਟ ਪੜ੍ਹੇ-ਲਿਖੇ ਲੋਕ ਕੰਮ ਕਰਨ 'ਚ ਜ਼ਿਆਦਾ ਭਰੋਸਾ ਕਰਦੇ ਹਨ।ਸ਼ਾਇਦ ਇਸੇ ਕਰਕੇ ਹੀ ਕਰੋੜਪਤੀਆਂ ਦੀ ਸੂਚੀ ਵਿੱਚ ਤੁਸੀਂ ਦੇਖੋਗੇ ਕਿ ਬਹੁਗਿਣਤੀ ਘੱਟ ਪੜਿਆਂ-ਲਿਖਿਆਂ ਦੀ ਹੈ।ਇਸ ਲਈ 'ਕੰਮ ਹੀ ਪੂਜਾ' ਵਾਲਾ ਸਿਧਾਂਤ ਅਪਣਾ ਕੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਦਸ਼ਾ ਸੁਧਾਰ ਸਕਦੇ ਹੋ।ਜੇ ਤੁਸੀਂ ਆਪਣੀ ਸੋਚ ਨੂੰ ਅਮਲੀ ਜਾਮਾ ਨਹੀਂ ਪਹਿਨਾਓਗੇ  ਤਾਂ ਸੋਚਣ ਦਾ ਕੋਈ ਫ਼ਾਇਦਾ ਨਹੀਂ।ਕੁੱਝ ਸਾਲ ਪਹਿਲਾਂ ਧਾਰਮਿਕ ਮਹੱਤਤਾ ਵਾਲੀ ਬੇਈ ਨਦੀ ਦੀ ਸਫ਼ਾਈ ਬਾਰੇ ਇਕ ਸੈਮੀਨਾਰ ਰੱਖਿਆ, ਜਿਸ ਵਿੱਚ ਵੱਡੇ-ਵੱਡੇ ਵਿਦਵਾਨਾਂ ਨੇ ਭਾਗ ਲਿਆ ਤੇ ਆਪੋ ਆਪਣੇ ਵਿਚਾਰ ਰੱਖੇ।ਲੰਮਾ ਸਮਾਂ ਵਿਚਾਰ ਚਰਚਾ ਤੋਂ ਬਾਅਦ ਵੀ ਨਦੀ ਦੀ ਸਫ਼ਾਈ ਬਾਰੇ ਕੋਈ ਠੋਸ ਹੱਲ ਨਾ ਨਿਕਲਿਆ।ਪਰ ਜਦੋਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਆਪ ਜਾ ਕੇ ਕਹੀ ਨਾਲ ਪਹਿਲਾਂ ਟੱਕ ਲਾਇਆ ਤਾਂ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਉਨ੍ਹਾਂ ਨਾਲ ਲੱਗ ਗਏ ਤੇ ਥੋੜੇ ਦਿਨਾਂ ਵਿੱਚ ਹੀ ਅਸੰਭਵ ਜਾਪਦਾ ਕੰਮ ਸੰਭਵ ਕਰ ਦਿਖਾਇਆ।
ਸ਼ੁਭ ਸਮਾਂ ਸ਼ੁਰੂ ਹੋਣ ਨਾਲ ਕੰਮ ਸ਼ੁਭ ਨਹੀਂ ਹੁੰਦਾ ਸਗੋਂ ਕੰਮ ਸ਼ੁਰੂ ਹੋਣ ਨਾਲ ਸਮਾਂ ਸ਼ੁਭ ਹੋ ਜਾਂਦਾ ਹੈ।ਇਸ ਲਈ ਕਦੇ ਵੀ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੋਈ ਖਾਸ ਦਿਨ ਜਾਂ ਖਾਸ ਲਗਨ ਦੀ ਉਡੀਕ ਕਰਕੇ ਆਪਣਾ ਅਮੁੱਲ ਸਮਾਂ ਵਿਅਰਥ ਨਾ ਗੁਆਓ। ਬਸ ਕੰਮ ਸ਼ੁਰੂ ਕਰ ਦਿਓ। ਕਿਸਮਤ ਵਿੱਚ ਯਕੀਨ ਰੱਖਣ ਵਾਲਾ ਮਨੁੱਖ ਸ਼ੁਭ ਸਮੇਂ ਦੀ ਹੀ ਉਡੀਕ ਕਰਦਾ ਰਹਿੰਦਾ ਹੈ ਜਦੋਂ ਕਿ ਕੰਮ ਨੂੰ ਪਿਆਰ ਕਰਨ ਵਾਲੇ ਬੰਦੇ ਲਈ ਤਾਂ ਹਰ ਪਲ ਹੀ ਸ਼ੁਭ ਹੁੰਦਾ ਹੈ। ਉਹ ਮੌਕੇ ਦੀ ਤਲਾਸ਼ ਨਹੀਂ ਕਰਦਾ ਸਗੋਂ ਮੌਕੇ ਪੈਦਾ ਕਰਦਾ ਹੈ। ਜਿਹੜਾ ਵਿਅਕਤੀ ਸੋਚਦਾ ਜ਼ਿਆਦਾ ਹੈ ਤੇ ਕੰਮ ਕਰਦਾ ਨਹੀਂ ਉਸਨੂੰ ਹਰੇਕ ਬੰਦੇ ਅਤੇ ਚੀਜ਼ ਵਿਚ ਘਾਟਾਂ ਹੀ ਨਜ਼ਰ ਆਉਣਗੀਆਂ। ਅੰਤ ਉਹ ਵਹਿਮ ਦੀ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ।
ਜਦੋਂ ਅਮਰੀਕਾ ਲੱਭਣ ਦੀ ਖੁਸ਼ੀ ਵਿੱਚ ਕੋਲੰਬਸ ਦਾ ਸਨਮਾਨ ਕਰਨ ਲਈ ਇੱਕ ਵਿਸ਼ਾਲ ਪਾਰਟੀ ਰੱਖੀ ਗਈ, ਇਸ ਦੌਰਾਨ ਕੁੱਝ ਆਲੋਚਕ ਇਹ ਕਹਿ ਰਹੇ ਸੀ ਕਿ ਇਹ ਕਿਹੜੀ ਵੱਡੀ ਗੱਲ ਐ, ਕੋਲੰਬਸ ਨੇ ਸਮੁੰਦਰੀ ਤੱਟ ਤੋਂ ਸਫ਼ਰ ਸ਼ੁਰੂ ਕੀਤਾ ਤੇ ਲਗਾਤਾਰ ਚਲਦਾ ਰਿਹਾ।ਆਖਿਰ ਉਸਨੇ ਕਿਸੇ ਕਿਨਾਰੇ 'ਤੇ ਤਾਂ ਪਹੁੰਚਣਾ ਹੀ ਸੀ।ਜਦੋਂ ਇਹ ਗੱਲ ਕੋਲੰਬਸ ਦੇ ਕੰਨੀ ਪਈ ਤਾਂ ਉਸਨੇ ਇਕ ਹੱਥ ਵਿੱਚ ਅੰਡਾ ਫੜ੍ਹ ਕੇ ਸਾਰੇ ਮਹਿਮਾਨਾ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਹਾ, "ਕੀ ਤੁਹਾਡੇ ਵਿਚੋਂ ਕੋਈ ਵੀ ਇਸ ਅੰਡੇ ਨੂੰ ਲੰਬਕਾਰ ਦਿਸ਼ਾ ਵਿੱਚ ਖੜਾ ਸਕਦਾ ਹੈ?" ਇਹ ਸੁਣ ਕੇ ਕੁੱਝ ਵਿਅਕਤੀਆਂ ਨੇ ਅੰਡੇ ਨੂੰ ਲੰਬਕਾਰ ਦਿਸ਼ਾ ਵਿੱਚ ਖੜਾਉਣ ਦੇ ਯਤਨ ਵੀ ਕੀਤੇ ਪਰ ਕੋਈ ਸਫ਼ਲ ਨਾ ਹੋਇਆ।ਆਖਿਰ ਕੋਲੰਬਸ ਨੇ ਅੰਡਾ ਚੁੱਕ ਕੇ ਉਸਦਾ ਇਕ ਪਾਸਾ ਟਕਰਾ ਕੇ ਤੋੜ ਦਿੱਤਾ ਅਤੇ ਅੰਡੇ ਨੂੰ ਮੇਜ਼ ਉੱਪਰ ਸਿੱਧੀ ਤਰ੍ਹਾਂ ਖੜਾ ਕਰ ਦਿੱਤਾ।ਇਸ ਉਪਰੰਤ ਉਨ੍ਹਾਂ ਨੇ ਲੋਕਾਂ ਨੁੰ ਇਕ ਬਹੁਮੁੱਲਾ ਸੰਦੇਸ਼ ਦਿੱਤਾ ਕਿ ਜਦੋਂ ਕੋਈ ਕੰਮ ਪਹਿਲਾਂ ਨਾ ਹੋਇਆ ਹੋਵੇ ਤਾਂ ਉਹ ਮੁਸ਼ਕਿਲ ਜਾਂ ਅਸੰਭਵ ਜਾਪਦਾ ਹੈ,ਪਰ ਜਦੋਂ ਓਹੀ ਕੰਮ ਫਤਿਹ ਹੋ ਜਾਂਦਾ ਹੈ ਤਾਂ ਸੁਖਾਲਾ ਅਤੇ ਸੰਭਵ ਪ੍ਰਤੀਤ ਹੋਣ ਲੱਗਦਾ ਹੈ।ਇਸ ਲਈ ਸਾਰੇ ਸ਼ੰਕੇ ਛੱਡ ਕੇ ਹੁਣੇ ਹੀ ਕੰਮ ਸ਼ੁਰੂ ਕਰ ਦਿਉ।