ਸਭ ਰੰਗ

 •    ਪੰਜਾਬ ਵਿੱਚ ਵਿਆਹ ਅਤੇ ਪੰਜਾਬੀ ਸੱਭਿਆਚਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮਾਂ ਬੋਲੀ ਅਤੇ ਮੌਜੂਦਾ ਸਕੂਲ ਪ੍ਰਬੰਧ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਜ਼ੁਬਾਨ ਪ੍ਰਤੀ ਅਵੇਸਲਾਪਨ / ਇਕਵਾਕ ਸਿੰਘ ਪੱਟੀ (ਲੇਖ )
 •    ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ / ਇਕਵਾਕ ਸਿੰਘ ਪੱਟੀ (ਲੇਖ )
 •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
 •    ਮਨ ਤਨ ਭਏ ਅਰੋਗਾ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਫੋਨ . . .ਜ਼ਰਾ ਸੰਭਲ ਕੇ / ਇਕਵਾਕ ਸਿੰਘ ਪੱਟੀ (ਲੇਖ )
 •    ਕਿਉਂ ਸਾਡੇ ਹਾਈ-ਵੇਅ, ਕਸਾਈ-ਵੇਅ ਬਣ ਰਹੇ ਹਨ? / ਇਕਵਾਕ ਸਿੰਘ ਪੱਟੀ (ਲੇਖ )
 •    ਜਲ ਹੀ ਤੇ ਸਭ ਕੋਇ / ਇਕਵਾਕ ਸਿੰਘ ਪੱਟੀ (ਲੇਖ )
 •    ਪੰਜਾਬੀ ਮਾਂ ਬੋਲੀ ਨਾਲ ਵਿਤਕਰਾ / ਇਕਵਾਕ ਸਿੰਘ ਪੱਟੀ (ਲੇਖ )
 •    ਆਉ! ਖ਼ੁਸ਼ੀਆਂ ਲੱਭੀਏ / ਇਕਵਾਕ ਸਿੰਘ ਪੱਟੀ (ਲੇਖ )
 •    ਸਿੱਖਾਂ ਦੀ ਆਨ-ਸ਼ਾਨ ਦੀ ਪ੍ਰਤੀਕ ਹੈ ਦਸਤਾਰ / ਇਕਵਾਕ ਸਿੰਘ ਪੱਟੀ (ਲੇਖ )
 •    ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ / ਇਕਵਾਕ ਸਿੰਘ ਪੱਟੀ (ਲੇਖ )
 •    ਨਜ਼ਰਅੰਦਾਜ ਨਾ ਕਰੋ ਬੱਚਿਆਂ ਦੀਆਂ ਗਲਤੀਆਂ / ਇਕਵਾਕ ਸਿੰਘ ਪੱਟੀ (ਲੇਖ )
 •    ਕੰਠੇ ਮਾਲਾ ਜਿਹਵਾ ਰਾਮੁ / ਇਕਵਾਕ ਸਿੰਘ ਪੱਟੀ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 • ਪੰਜਾਬੀ ਮਾਂ ਬੋਲੀ ਨਾਲ ਵਿਤਕਰਾ (ਲੇਖ )

  ਇਕਵਾਕ ਸਿੰਘ ਪੱਟੀ    

  Email: ispatti@gmail.com
  Address: ਸੁਲਤਾਨਵਿੰਡ ਰੋਡ
  ਅੰਮ੍ਰਿਤਸਰ India
  ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਉਹ ਬੋਲੀ ਜੋ ਇਨਸਾਨ ਆਪਣੀ ਮਾਂ ਕੋਲੋਂ ਸਿੱਖਦਾ ਹੈ ਮਾਂ ਬੋਲੀ ਅਖਵਾਉਂਦੀ ਹੈ ਅਤੇ ਮਾਂ ਬੋਲੀ ਤੋਂ ਇਲਾਵਾ ਜਿਹੜੀ ਬੋਲੀ ਸਿੱਖੀ, ਸਮਝੀ ਜਾਂ ਬੋਲੀ ਜਾਂਦੀ ਹੈ ਉਸਨੂੰ ਅਸੀਂ ਦੂਜੀ ਬੋਲੀ/ਭਾਸ਼ਾ ਕਹਿੰਦੇ ਹਾਂ। ਇਸ ਮਾਂ ਬੋਲੀ ਤੋਂ ਹੀ ਇਨਸਾਨ ਦੀ ਪਹਿਚਾਣ ਹੁੰਦੀ ਹੈ ਕਿ ਉਹ ਕਿਸ ਸੱਭਿਆਚਾਰ, ਕਿਸ ਇਲਾਕੇ ਆਦਿ ਨਾਲ ਸਬੰਧ ਰੱਖਦਾ ਹੈ। ਠੀਕ ਜਿਵੇਂ ਮਾਂ ਦੇ ਰਿਸ਼ਤੇ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ ਉਸੇ ਤਰ੍ਹਾਂ  ਮਾਂ ਬੋਲੀ ਦੀ ਥਾਂ ਵੀ ਕੋਈ ਹੋਰ ਨਹੀਂ ਲੈ ਸਕਦਾ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਅਕ੍ਰਿਤਘਣ ਕਿਹਾ ਜਾ ਸਕਦਾ ਹੈ ਅਤੇ ਇਹ ਗੱਲ ਬਿਲਕੁੱਲ ਸਾਫ ਅਤੇ ਸਪੱਸ਼ਟ ਹੈ ਕਿ ਕੋਈ ਵੀ ਇਨਸਾਨ ਆਪਣੀਆਂ ਭਾਵਨਾਵਾਂ ਨੂੰ ਸੱਭ ਤੋਂ ਵਧੀਆ ਢੰਗ ਨਾਲ ਆਪਣੀ ਮਾਂ ਬੋਲੀ ਵਿੱਚ ਹੀ ਪ੍ਰਗਟ ਕਰ ਸਕਦਾ ਹੈ।
  ਬਿਨ੍ਹਾਂ ਸ਼ੱਕ ਹੋਰ ਭਾਸ਼ਾਵਾਂ ਨੂੰ ਸਿੱਖਣਾ/ਸਮਝਣਾ ਸਾਡੇ ਗਿਆਨ ਭੰਡਾਰ ਵਿੱਚ ਵਾਧਾ ਕਰਦਾ ਹੈ ਅਤੇ ਸਾਨੂੰ ਕਿਸੇ ਵੀ ਬੋਲੀ /ਭਾਸ਼ਾ ਨਾਲ ਨਫਰਤ ਵਾਲੀ ਭਾਵਨਾ ਨਹੀਂ ਰੱਖਣੀ ਚਾਹੀਦੀ, ਪਰ ਹਾਂ ਜੇਕਰ ਕੋਈ ਸਾਡੇ ਹੀ ਸੂਬੇ ਵਿੱਚ, ਖ਼ਾਸਕਰ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬੀ ਮਾਂ ਬੋਲੀ ਨੂੰ ਦਰਕਿਨਾਰ ਕਰਕੇ ਦੂਜੀਆਂ ਭਾਸ਼ਾਵਾਂ ਨੂੰ ਬਣਦਾ ਮਾਣ ਦੇ ਕੇ ਪੰਜਾਬੀ ਦਾ ਦਰਜਾ ਸੱਭ ਤੋਂ ਹੇਠਾਂ ਕਰ ਦਿੱਤਾ ਜਾਵੇ ਅਤੇ ਇਹ ਸੱਭ ਕੁੱਝ ਦੇਖ ਕੇ ਵੀ ਪੰਜਾਬੀ ਮਾਂ ਬੋਲੀ ਦੇ ਬੱਚਿਆਂ ਅੰਦਰ ਰੋਸ, ਚੀਸ ਨਾ ਉਠੇ ਤਾਂ ਹੈਰਾਨੀ ਵਾਲੀ ਗੱਲ ਕਹੀ ਜਾ ਸਕਦੀ ਹੈ। ਪੰਜਾਬੀ ਮਾਂ ਬੋਲੀ ਜਿਸਨੂੰ ਗੁਰੂਆਂ/ਪੀਰਾਂ ਦੀ ਬੋਲੀ ਵੀ ਕਿਹਾ ਜਾਂਦਾ ਹੈ। ਇੱਕ ਲੰਮੇ ਸਮੇਂ ਤੋਂ ਬੁੱਧੀਜੀਵੀਆਂ ਦੇ ਮਨਾਂ ਅੰਦਰ ਥਾਂ-ਪੁਰ-ਥਾਂ ਪੰਜਾਬੀ ਮਾਂ ਬੋਲੀ ਪ੍ਰਤੀ ਪੰਜਾਬੀਆਂ ਵੱਲੋਂ ਅਪਣਾਈ ਜਾ ਰਹੀ ਬੇਰੁਖੀ ਵਿਰੁੱਧ ਅਵਾਜ਼ ਉੱਠਦੀ ਰਹਿੰਦੀ ਹੈ ਅਤੇ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਜਤਨ ਜਾਰੀ ਕੀਤੇ ਜਾਂਦੇ ਰਹੇ ਹਨ, ਪਰ ਬਾਵਜੂਦ ਉਸਦੇ ਨਿੱਜੀ ਸਕੂਲਾਂ ਵੱਲੋਂ, ਬੈਕਾਂ ਵਿੱਚ, ਸਰਕਾਰੀ ਦਫਤਰਾਂ ਅਤੇ ਹੋਰ ਜਨਤਕ ਥਾਵਾਂ ਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਦਰਜਾ ਨਹੀਂ ਦਿੱਤਾ ਜਾ ਰਿਹਾ।
  ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਏ ਦੇ ਰਾਹੀਂ, ਪੰਜਾਬ ਦੇ ਰਾਜ ਮਾਰਗਾਂ, ਰਾਸ਼ਟਰੀ ਮਾਰਗਾਂ ਅਤੇ ਹੋਰ ਸੜਕਾਂ ਉੱਤੇ ਸੜਕਾਂ ਬਣਾਉਣ ਵਾਲੀਆਂ ਨਿੱਜੀ/ਪ੍ਰਵਾਸੀ ਅਦਾਰਿਆਂ ਵੱਲੋਂ ਦਿਸ਼ਾ ਨਿਰਦੇਸ਼ਕ ਸੂਚਨਾ ਤਖਤੀਆਂ ਉੱਪਰ ਪਹਿਲੇ ਥਾਂ ਤੇ ਹਿੰਦੀ, ਦੂਜੇ ਤੇ ਅੰਗ੍ਰੇਜੀ ਅਤੇ ਤੀਜੇ ਦੇ ਪੰਜਾਬੀ ਲਿਖਣ ਬਾਰੇ ਇੱਕ ਰੋਸ ਪ੍ਰਗਟ ਹੋਇਆ ਜੋ ਹਕੀਕਤ ਦਾ ਰੂਪ ਲੈ ਕੇ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਲੋਕ ਮਨਾਂ ਅੰਦਰ ਪਹੁੰਚ ਗਿਆ। ਸਿੱਟੇ ਵੱਜੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਅੰਦਰ ਰੋਸ ਪੈਦਾ ਹੋਇਆ ਤਾਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਤੀਜੇ ਸਥਾਨ ਤੇ ਰੱਖਣ ਵਾਲੀਆਂ ਸੂਚਨਾਂ ਤਖਤੀਆਂ ਦੇ ਉੱਪਰ ਲਿਖੀਆਂ ਭਾਸ਼ਾਵਾਂ ਉੱਤੇ ਕਾਲਖ (ਕਾਲਾ ਰੰਗ) ਫੇਰ ਦਿੱਤੀ ਅਤੇ ਕੇਵਲ ਪੰਜਾਬੀ ਨੂੰ ਪਹਿਲੇ ਨੰ. ਤੇ ਲਿਖਣ ਲਈ ਸਰਕਾਰਾਂ ਨੂੰ ਹਲੂਣਾ ਦਿੱਤਾ, ਸਿੱਟੇ ਵਜੋਂ ਲਗਭਗ ੭੦ ਤੋਂ ਵੱਧ ਵਿਅਕਤੀਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤਾਂ ਕੁੱਝ ਹੋਰ ਪੰਜਾਬੀ ਮਾਂ ਬੋਲੀ ਨਾਲ ਮੋਹ ਰੱਖਣ ਵਾਲੀਆਂ ਸੰਸਥਾਵਾਂ /ਜਥੇਬੰਦੀਆਂ ਨੇ ਕਾਲਖ ਫੇਰਣ ਦੀ ਥਾਂ ਆਪਣੇ ਖਰਚੇ ਤੇ ਪੰਜਾਬੀ ਮਾਂ ਬੋਲੀ ਨੂੰ ਪਹਿਲੇ ਸਥਾਨ ਤੇ, ਫਿਰ ਹਿੰਦੀ ਅਤੇ ਫਿਰ ਅੰਗ੍ਰੇਜੀ ਭਾਸ਼ਾ ਵਿੱਚ ਲਿਖੇ ਸੂਚਨਾ ਬੋਰਡ ਆਪਣੇ ਖਰਚੇ ਤੇ ਬਣਵਾ ਕਿ ਆਪੋ ਆਪਣੇ ਇਲਾਕੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ।
  ਇਸ ਸਬੰਧੀ ਮੈਂ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਮਾਰਗ ਉੱਤੇ ੩੦੦ ਕਿਲੋਮੀਟਰ ਦੇ ਲਗਭਗ ਆਉਣ-ਜਾਣ ਦਾ ਸਫਰ ਤੈਅ ਕੀਤਾ ਤਾਂ ਮਹਿਸੂਸ ਕੀਤਾ ਕਿਤੇ ਕਿਤੇ ਐਸੇ ਬੋਰਡ ਵੀ ਹਨ, ਜਿਨ੍ਹਾਂ ਉੱਤੇ ਪੰਜਾਬੀ ਮਾਂ ਬੋਲੀ ਪਹਿਲੇ ਸਥਾਨ ਤੇ ਹੀ ਹੈ, ਪਰ ਵੱਡੀ ਗਿਣਤੀ ਵਿੱਚ ਪੰਜਾਬੀ ਤੀਜੇ ਸਥਾਨ ਤੇ ਜਾਂ ਫਿਰ ਕੇਵਲ ਹਿੰਦੀ ਵਿੱਚ ਹੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਮੁੱਖ ਸੂਚਨਾਂ ਤਖਤੀਆਂ ਤੋਂ ਬਿਨ੍ਹਾਂ ਮੀਲ ਪੱਥਰਾਂ ਤੇ ਕੇਵਲ ਹਿੰਦੀ ਜਾਂ ਹਿੰਦੀ ਅਤੇ ਅੰਗ੍ਰੇਜੀ ਵਿੱਚ ਹੀ ਲਿਖਿਆ ਗਿਆ ਹੋਇਆ ਹੈ। ਜਦਕਿ ਹੋਰਨਾਂ ਸੂਬਿਆਂ ਵਿੱਚ ਅਜਿਹਾ ਨਹੀਂ ਹੁੰਦਾ, ਉੱਥੇ ਪਹਿਲਾ ਸਥਾਨ ਰਾਜ ਭਾਸ਼ਾ ਨੂੰ ਹੀ ਦਿੱਤਾ ਜਾਂਦਾ ਹੈ ਤਾਂ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ?
  ਆਖੀਰ ਵਿੱਚ ਸਰਕਾਰ ਅਤੇ ਪ੍ਰਸਾਸ਼ਨ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਇਹੀ ਅਪੀਲ ਕਰਾਂਗਾ ਕਿ ਬਿਨ੍ਹਾਂ ਦੇਰੀ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਸਥਾਨ ਦਿੱਤਾ ਜਾਵੇ ਕੇਵਲ ਸੂਚਨਾ ਤਖਤੀਆਂ ਤੇ ਹੀ ਨਹੀਂ, ਬਲਕਿ ਸਰਕਾਰੀ ਦਫਤਰਾਂ, ਬੈਂਕਾਂ, ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਵੀ ਪੰਜਾਬੀ ਦੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਪ੍ਰਸ਼ਾਸ਼ਨ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਮੱਰਥਕਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਰੱਦ ਕੀਤੇ ਜਾਣ। ਇਸ ਦੇ ਨਾਲ ਹੀ ਪੰਜਾਬੀ ਭਾਈਚਾਰੇ ਜਿਨ੍ਹਾਂ ਨੇ ਅੱਜ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਮੋਹ ਪ੍ਰਗਟ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਹੈ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਮਨਾਂ ਨੂੰ ਇੱਕ ਵਾਰ ਜ਼ਰੂਰ ਪੁੱਛਣਾ ਕਿ ਇਹ ਪੰਜਾਬੀ ਮਾਂ ਬੋਲੀ ਪ੍ਰਤੀ ਮੋਹ ਭਿੱਜੀ ਇਹ ਲਹਿਰ ਉੱਠਣ ਤੋਂ ਬਾਅਦ ਵਾਪਸ ਮੁੜਨ ਵਾਲੀ ਹੈ ਜਾਂ ਹਕੀਕਤ ਦਾ ਰੂਪ ਲੈ ਕੇ ਹਮੇਸ਼ਾਂ ਨਿਰਮਲ ਰੂਪ ਵਿੱਚ ਵਹਿੰਦੀ ਰਹੇਗੀ ਭਾਵ ਕਿ ਸਾਡੀ ਨਿੱਜੀ ਜਿੰਦਗੀ ਵਿੱਚ ਸਾਡੇ ਵਰਤੋਂ ਵਿਉਹਾਰ ਵਿੱਚ ਵੀ ਇਹ ਸਾਡੀ ਰੂਹ ਦਾ ਹਿੱਸਾ ਬਣੇਗੀ, ਕਿਉਂਕਿ ਸਾਡੇ ਘਰਾਂ ਵਿੱਚੋਂ ਪੰਜਾਬੀ ਪੁਸਤਕਾਂ/ਸਾਹਿਤ ਨਾਮਾਤਰ ਹੈ, ਸਾਡੀਆਂ ਦੁਕਾਨਾਂ ਜਾਂ ਕਾਰੋਬਾਰੀ ਥਾਵਾਂ ਤੇ ਲੱਗੇ ਬੋਰਡ ਵੀ ਬਹੁਤਾਤ ਵਿੱਚ ਅੰਗ੍ਰੇਜੀ ਵਿੱਚ ਹਨ, ਸਾਡੇ ਵੱਲੋਂ ਖੁਸ਼ੀ/ਗਮੀ ਸਬੰਧੀ ਛਪਵਾਏ ਜਾਂਦੇ ਸੱਦਾ ਪੱਤਰ ਅੰਗ੍ਰੇਜੀ ਵਿੱਚ ਹੁੰਦੇ ਹਨ। ਸੋ ਆਉ! ਪੰਜਾਬੀ ਮਾਂ ਬੋਲੀ ਨੂੰ ਆਪਣੇ ਅਮਲੀ ਜੀਵਣ ਦਾ ਵੀ ਹਿੱਸਾ ਬਣਾਈਏ ਤਾਂ ਕਿ ਮਸ਼ਹੂਰ ਸ਼ਾਇਰ ਫਿਰੋਜ਼ਦੀਨ ਸ਼ਰਫ ਵਾਂਗ ਕਿਸੇ ਹੋਰ ਨੂੰ ਇਹ ਨਾ ਲਿਖਣਾ ਪਵੇ,
  'ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ।
  ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ, ਉਨ੍ਹਾਂ ਪੰਜਾਬੀਆਂ ਦੀ।'
  ਇਸ ਲਈ 'ਮਾਂ ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ' ਦਾ ਨਾਅਰਾ ਕੇਵਲ ਕੰਧਾਂ ਉੱਤੇ ਹੀ ਨਹੀਂ, ਆਪਣੇ ਦਿਲ ਦਿਮਾਗ ਵਿੱਚ ਵੀ ਸੰਭਾਲ ਕੇ ਰਖੀਏ! ਅੁਸਤਾਦ ਦਾਮਨ ਦੀ ਇੱਕ ਕਵਿਤਾ ਪਾਠਕਾਂ ਦੀ ਨਜ਼ਰ ਕਰਕੇ ਕਲਮ ਰੋਕਦਾ ਹਾਂ:
  ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
  ਗੋਦੀ ਜਿਦ੍ਹੀ 'ਚ ਪਲ਼ਕੇ ਜਵਾਨ ਹੋਇਓਂ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
  ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
  ਮੈਨੂੰ ਇੰਝ ਲੱਗਦਾ, ਲੋਕੀਂ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।