ਨਸ਼ਿਆਂ ਦਾ ਪੱਟਿਆ (ਕਵਿਤਾ)

ਓਮਕਾਰ ਸੂਦ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!
ਉੱਠਣਾ ਹੈ ਬਣਕੇ ਤੁਫ਼ਾਨ ਓ ਪੰਜਾਬੀਓ।
ਮਾਰ ਦੇਣੇ ਜਿੰਨੇ ਵੀ ਸ਼ੈਤਾਨ ਓ ਪੰਜਾਬੀਓ।
ਇੱਥੇ ਬਦਨੀਤਿਆਂ ਨੂੰ ਪੈਰ ਪਾਉਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਅਸੀਂ ਸਮਝਾ ਕੇ ਹਰ ਜਵਾਨੀ ਮੋੜ ਲੈਣੀ ਹੈ।
ਦਾਰੂ ਵਾਲੀ ਬੋਤਲ ਕਰੋੜਾਂ ਤੋੜ ਦੇਣੀ ਹੈ।
ਫੀਮ-ਡੋਡੇ-ਭੁੱਕੀ ਦਾ ਪਸਾਰ ਹੋਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਹੁਣ ਤੱਕ ਜੋ ਵੀ ਸਾਥੋਂ ਖੁੱਸੀਆਂ ਜਵਾਨੀਆਂ।
ਉਨ੍ਹਾਂ ਦੀਆਂ ਯਾਦ ਅਸੀਂ ਰੱਖਾਂਗੇ ਕਹਾਣੀਆਂ।
ਮਾਵਾਂ ਅਤੇ ਬਾਪੂਆਂ ਨੂੰ ਵੈਣ ਪਾਉਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਦੋਖੀਆਂ ਤੋਂ ਜਰ ਹੁੰਦਾ ਵੱਸਦਾ ਪੰਜਾਬ ਨਹੀਂ।
ਉਨ੍ਹਾਂ ਸਿਰ ਚੜ੍ਹ ਜਾਣਾ ਦਿੱਤਾ ਜੇ ਜਵਾਬ ਨਹੀਂ।
ਨਸ਼ਿਆਂ ਦੇ ਹੱਕ ਵਿੱਚ ਗੀਤ ਗਾਉਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਚਿੱਟਾ ਤੇ ਸਮੈਕ ਪੈਦਾਵਾਰ ਪ੍ਰਦੇਸ਼ ਦੀ।
ਅੱਥਰੀ ਜਵਾਨੀ 'ਡਿੱਕੇ ਚੜ੍ਹੀ ਮੇਰੇ ਦੇਸ਼ ਦੀ।
ਅਸੀਂ ਸਮਝਾਉਣਾ ਪਰ ਤਬਾਹ ਹੋਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਡੇਰਿਆਂ 'ਚੋਂ ਚੁੱਕ ਲੈਣੇ ਵਿਹਲੜ ਜੋ ਸਾਧ ਨੇ।
ਲੋਕਾਂ ਦੇ ਹਜ਼ੂਮਾਂ ਰਲ ਕਰਨੇ ਸ਼ਰਾਧ ਨੇ।
ਨੰਗਿਆਂ ਨੂੰ ਡੇਰਿਆਂ 'ਚ ਧੂਣਾ ਤੌਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਉੱਠੋ ਮੇਰੇ ਦੇਸ਼ ਦਿਓ ਗੱਭਰੂ ਜਵਾਨੋ ਉਏ।
ਹਿੰਮਤਾਂ ਨਾ ਹਾਰੋ ਲੜੋ-ਲੜੋ ਕਿਰਸਾਨੋ ਉਏ।
ਸਾਧਾਂ-ਲੀਡਰਾਂ ਦਾ ਪੂਰਾ ਖਾਬ ਹੋਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!

ਹੱਥਾਂ ਵਿੱਚ ਲੈ ਕੇ ਮੁੱਠ ਮਿੱਟੀ ਪੰਜਾਬ ਦੀ।
ਸਹੁੰ ਅਸੀਂ ਖਾਣੀ ਇਹਦੀ ਰੱਖਣੀ ਹੈ ਆਬ ਜੀ।
ਝੂਠ ਤੇ ਫਰੇਬ ਤਾਈਂ ਫੇਰਾ ਪਾਉਣ ਦੇਣਾ ਨਹੀਂ,
ਨਸ਼ਿਆਂ ਦਾ ਪੱਟਿਆ ਪੰਜਾਬ ਰੋਣ ਦੇਣਾ ਨਹੀਂ!
ਏਸ ਦੀ ਜਵਾਨੀਆਂ ਦਾ ਘਾਣ ਹੋਣ ਦੇਣਾ ਨਹੀਂ!