ਇੱਕ ਉਦੇਸ਼ ਇਹ ਹੋਵੇ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੂਰਜ ਦਾ ਇੱਕੋ ਕੰਮ ਹੈ ਚਮਕਣਾ,ਚਾਹੇ ਉਸ ਅੱਗੇ ਲੱਖਾਂ ਕਾਲੇ ਬੱਦਲ ਆ ਜਾਣ ,ਹਰ ਰੁਕਾਵਟ ਪਾਰ ਕਰਕੇ ਉਹ ਆਪਣੀ ਰੌਸ਼ਨੀ ਬਿਖੇਰਦਾ ਹੀ ਹੈ।ਰਾਤ ਚਾਹੇ ਕਿੰਨੀ ਵੀ ਕਾਲੀ ਭਿਅੰਕਰ ਹੋਵੇ,ਹਨੇਰੀ ਤੂਫਾਨ ਵਾਲੀ ਹੋਵੇ ਜ਼ਦ ਸੁਬਹ ਆ ਸੂਰਜ ਚਮਕਦਾ ਹੈ ਤਾਂ ਸਭ ਸ਼ਾਤ ਹੋ ਜ਼ਾਦਾ ਹੈ।ਇੰਜ਼ ਹੀ ਪਹਾੜ ਦੀ ਚੋਟੀ ਤੋਂ ਨਿਕਲੀ ਨਦੀ ਦਾ ਇੱਕੋ ਇੱਕ ਟੀਚਾ ਹੈ ਸਾਗਰ ਚ ਜਾਕੇ ਮਿਲਣਾ,ਆਪਣੀ ਏਸੇ ਧੁਨ ਵਿੱਚ ਪੱਕੀ ਉਹ ਹਰ ਰੁਕਾਵਟ ਪਾਰ ਕਰ ,ਟੋਏ ਟਿੱਬੇ ਟੱਪ ,ਉੱਚੀਆਂ ਨੀਵੀਆਂ ਥਾਵਾਂ ਲੰਘ ਅਖੀਰ ਉਹ ਆਪਣੀ ਮੰਜ਼ਲ ਪ੍ਰਾਪਤ ਕਰ ਹੀ ਲੈਂਦੀ ਹੈ।ਸਾਨੂੰ ਵੀ ਇਸ ਤਰਾਂ੍ਹ ਇੱਕ ਟੀਚਾ ਮਿੱਥ ਲੈਣਾ ਚਾਹੀਦਾ ਹੈ।ਤਾਂ ਕਿ ਸਾਡੀ ਜ਼ਿੰਦਗੀ ਕਿਸੇ ਮਕਸਦ ਵੱਲ ਸੇਧਿਤ ਹੋ ਜਾਵੇ।

  ਕਿਉਂਕਿ ਇਹ ਬਹੁਤ ਹੀ ਜਰੂਰੀ ਹੈ।ਜ਼ਦੋਂ ਗੱਡੀ ਸਟੇਸ਼ਨ ਤੋਂ ਤੁਰਦੀ ਹੈ ਤਾਂ ਉਸ ਨੂੰ ਪਤਾ ਹੈ ਕਿ ਮੈਂ ਅਗਲੇ ਪੜਾਅ ਤੇ ਪੁਹੰਚਣਾ ਹੈ।ਇੰਜ਼ ਹੀ ਸਾਨੂੰ ਵੀ ਜੀਵਨ ਵਿੱਚ ਇੱਕ ਨਿਸ਼ਾਨਾ ਮਿੱਥ ਲੈਣਾ ਚਾਹੀਦਾ ਹੈ।ਜਿਵੇਂ ਕੋਈ ਰੋਜ਼ਾਨਾ ਲੇਟ ਉਠਦਾ ਹੈ।ਉਸਦੇ ਦਿਨ ਭਰ ਦੇ ਸਾਰੇ ਕੰਮ ਵੀ ਲੇਟ ਹੀ ਸ਼ੁਰੂ ਹੁੰਦੇ ਹਨ।ਜੇ ਉਹ ਇਹ ਮਿੱਥ ਲਵੇ ਕਿ ਮੈਂ ਰੋਜ਼ਾਨਾ ਸੱਤ ਦੀ ਬਜਾਏ ਛੇ ਵਜੇ ਉਠਣਾ ਹੈ ਤਦ ਉਸਨੂੰ ਇੱਕ ਦੋ ਦਿਨ ਜਰੂਰ ਮੁਸ਼ਕਲ ਹੋਵੇਗੀ ਬਾਦ ਚ ਇਹੀ ਆਦਤ ਬਣ ਜਾਵਗੀ।ਆਪਣੇ ਆਪ ਜਾਗ ਛੇ ਵਜੇ ਖੁੱਲਣ ਲੱਗ ਜਾਵੇਗੀ।ਇਸ ਨਾਲ ਉਹ ਸੁਬਹ ਦੀ ਸੈਰ ਦਾ ਵੀ ਅੰਨਦ ਮਾਣ ਸਕਦਾ ਹੈ।ਉਸ ਦੀ ਸਿਹਤ ਵੀ ਠੀਕ ਨਾਲੇ ਸੁਬਹ ਦੀ ਤਾਜ਼ਗੀ ਦਿਨ ਭਰ ਨੂੰ ਚੁਸਤ ਦੁਰਸਤ ਵੀ ਰੱਖਦੀ ਹੈ।ਬੱਸ ਲੋੜ ਹੈ ਇੱਕ ਮਕਸਦ ਨੂੰ ਬਣਾਓਣ ਦੀ ਤੇ ਉਸ ਨੂੰ ਨਿਭਾਓਣ ਦੀ,ਇਸ ਨਾਲ ਜ਼ਿੰਦਗੀ ਨੂੰ ਨਵੀਂ ਦਿਸ਼ਾ ਤੇ ਨਵੇਂ ਤਜਰਬੇ ਵੀ ਹਾਸਿਲ ਹੁੰਦੇ ਹਨ।

  ਬੱਚੇ ਪੜਾ੍ਹਈ ਕਰਦੇ ਹਨ ਪਰ ਉਹ ਇਹ ਨਹੀ ਜਾਣਦੇ ਕਿ ਇਸ ਪੜਾ੍ਹਈ ਦੇ ਵੀ ਨਿੱਕੇ ਨਿੱਕੇ ਨੁਕਤੇ ਹਨ ਜਿੰਨਾਂ ਨੂੰ ਜੇ ਉਹ ਆਪਣੀ ਪੜਾ੍ਹਈ ਦਾ ਹਿੱਸਾ ਬਣਾ ਲੈਣ ਤਾਂ ਉਹ ਕਾਮਯਾਬੀ ਦੀ ਪੌੜੀ ਚੜ ਸਕਦੇ ਹਨ।ਕੋਈ ਬੱਚਾ ਇਹ ਸੰਕਲਪ ਲਵੇ ਕਿ ਮੈਂ ਰੋਜ਼ਾਨਾ ਪੰਜਾਬੀ ਜਾਂ ਹਿੰਦੀ ,ਅੰਗਰੇਜ਼ੀ ਦੀ ਕਿਤਾਬ ਦਾ ਇੱਕ ਜਾਂ ਦੋ ਪੰਨੇ ਜਰੂਰ ਪੜ੍ਹਾਗਾਂ ਜਾਂ ਲਿਖਾਈ ਦੇ ਇੱਕ ਜਾਂ ਦੋ ਪੰਨੇ ਰੋਜ਼ ਲਿਖਾਗਾਂ ਚਾਹੇ ਸਕੂਲ ਦਾ ਕੰਮ ਮਿਲੇ ਜਾਂ ਨਾ ਮਿਲੇ ਤਾਂ ਹਰ ਕਲਾਸ ਚ ਹਰ ਰੋਜ਼ ਇਹ ਕੰਮ ਕਰਦੇ ਕਰਦੇ ਉਸਨੂੰ ਕੁਦਰਤੀ ਹੀ ਏਨਾ ਅਭਿਆਸ ਹੋ ਜਾਵੇਗਾ ਕਿ ਫਾਲਤੂ ਰੱਟੇ ਲਾਓਣ ਦੀ ਲੋੜ ਹੀ ਨਾ ਪਵੇਗੀ।ਉਸ ਨੂੰ ਸਭ ਪਾਠ ਆਪਣੇ ਆਪ ਹੀ ਯਾਦ ਹੁੰਦੇ ਜਾਣਗੇ।ਲਿਖਣ ਨਾਲ ਉਸ ਦੀ ਲਿਖਾਈ ਵਿੱਚ ਵੀ ਆਪਣੇ ਆਪ ਸੁਧਾਰ ਹੋ ਜਾਵੇਗਾ।ਪਾਠ ਵੀ ਯਾਦ ਤੇ ਲਿਖਾਈ ਵਿੱਚ ਵੀ ਸੁਧਾਰ ਨਾਲੇ ਪੁੰਨ ਨਾਲੇ ਫਲੀਆ ਵਾਲੀ ਗੱਲ ਬਣ ਜਾਵੇਗੀ।

    ਜੇ ਵਿਦਿਆਰਥੀ ਇਹ ਧਾਰ ਲਵੇ ਕਿ ਮੈਂ ਸਕੂਲ ਜਾਣ ਲੱਗੇ ਨੇ ਆਪਣੇ ਮਾਂ ਪਿਓ ਨੂੰ ਨਮਸਕਾਰ ਕਰ ਕੇ ਜਾਣਾ ਹੈ।ਸਕੂਲ ਵਿੱਚ ਵੀ ਜਾਕੇ ਅਧਿਆਪਕ ਸਹਿਬਾਨ ਨੂੰ ਵੀ ਸਤਿ ਸ਼੍ਰੀ ਅਕਾਲ ਕਹਿਣੀ ਹੈ ਤਾਂ ਉਹਨਾਂ  ਵੱਲੋਂ ਦਿੱਤੀ ਅਸੀਸ ਆਪਣੇ ਆਪ ਜੀਵਨ ਵਿੱਚ ਅਜਿਹੇ ਕ੍ਰਿਸ਼ਮੇ ਕਰੇਗੀ ਕਿ ਜੀਵਨ ਦੀ ਹਰ ਰੁਕਾਵਟ ਬਿਨਾਂ ਯਤਨ ਕੀਤੇ ਹੀ ਦੂਰ ਹੁੰਦੀ ਜਾਵੇਗੀ।ਮਨ ਅੰਦਰ ਨਿਮਰਤਾ ਤੇ ਸਦਗੁਣ ਦਾ ਸੰਚਾਰ ਹੁੰਦਾ ਜਾਵੇਗਾ।ਜਿਸ ਨਾਲ ਆਓਣ ਵਾਲਾ ਜੀਵਨ ਆਪਣੇ ਆਪ ਸੁਖਾਲਾ ਹੋ ਜਾਵੇਗਾ।ਇੱਕ ਲਕਸ਼ ਹੀ ਜੀਵਨ ਨੂੰ ਸਾਰਥਕ ਕਰਦਾ ਹੈ।

   ਜਿਵੇਂ ਗੁਰੁਕੁਲ ਵਿੱਚ ਗੁਰੁ ਵਲੋਂ ਚਿੜੀ ਦੀ ਅੱਖ ਤੇ ਨਿਸ਼ਾਨਾ ਲਾਓਣ ਵੇਲੇ ਹਰੇਕ ਸ਼ਗਿਰਦ ਦਾ ਆਪੋ ਆਪਣਾ ਜਵਾਬ ਸੀ।ਕਿਸੇ ਨੂੰ ਰੁੱੱਖ ਤੇ ਪੱਤੇ ਦਿਸਦੇ ਸਨ ਕਿਸੇ ਨੂੰ ਟਾਹਣੀ ਤੇ ਬੈਠੀ ਚਿੜੀ ਨਜ਼ਰ ਆਉਂਦੀ ਸੀ ਕਿਸੇ ਨੂੰ ਕੁੱਝ ਕਿਸੇ ਨੂੰ ਕੁੱਝ ਜਦਕਿ ਅਰਜੁਨ ਨੂੰ ਸਿਰਫ ਚਿੜੀ ਦੀ ਅੱਖ ਹੀ ਨਜ਼ਰ ਆਉਂਦੀ ਸੀ ਤੇ ਉਸਨੇ ਹੀ ਨਿਸ਼ਾਨਾ ਫੁੰਡਿਆ ਵੀ ਸੀ।ਸਾਨੂੰ ਜੀਵਨ ਵਿੱਚ ਇੱਕ ਮਕਸਦ  ਜਰੂਰ ਰੱਖਣਾ ਚਾਹੀਦਾ ਹੈ।ਕਈ ਕਦੇ ਕਿਸੇ ਕਦੇ ਕਿਸੇ ਕੰਮ ਨੂੰ ਹੱਥ ਤਾਂ ਪਾ ਲੈਂਦੇ ਨੇ ਪਰ ਕਾਮਯਾਬ ਕਿਸੇ ਵਿੱਚ ਵੀ ਨਹੀ ਹੁੰਦੇ।ਇੱਕ ਉਦੇਸ਼ ਜੂਰਰ ਹੋਣਾ ਚਾਹੀਦਾ ਹੈ। ਜਿਵੇਂ ਕਿ ਚਾਹੇ ਕੁੱਝ ਵੀ ਹੋ ਜਾਵੇ ਮੈਂ ਰਾਤ ਨੂੰ ਇੱਕ ਹੀ ਰੋਟੀ ਖਾਵਾਂਗਾ ਇੱਕ ਵੀ ਬੁਰਕੀ ਵੱਧ ਮੂੰਹ ਵਿੱਚ ਨਹੀ ਜਾਵੇਗੀ।ਰੋਜ਼ਾਨਾ ਸਿਰਫ ਦੋ ਕੱਪ ਚਾਹ ਹੀ ਪੀਵਾਂਗਾ।ਹਰ ਰੋਜ਼ ਸੁਬਹ ਸਰਬੱਤ ਦਾ ਭਲਾ ਮੰਗ ਕੇ ਫਿਰ ਖਾਲੀ ਪੇਟ ਪਾਣੀ ਪੀਵਾਂਗਾ।ਇਹ ਦੋ ਤਿੰਨ ਨੁਕਤੇ ਹਨ ਜਿੰਨਾਂ ਵਿੱਚ ਪੱਕੇ ਰਹਿ ਕੇ ਅਸੀਂ ਸਿਹਤ ਵੀ ਠੀਕ ਰੱਖ ਸਕਦੇ ਹਾਂ।ਕੋਈ ਗੰਭੀਰ ਬਿਮਾਰੀ ਵੀ ਨੇੜੇ ਨਹੀ ਆਵੇਗੀ।

    ਕਈ ਇਹ ਨਿਯਮ ਬਣਾ ਲੈਂਦੇ ਹਨ ਕਿ ਜੀਵਨ ਵਿੱਚ ਚਾਹੇ ਜਿੰਨੀ ਮਰਜ਼ੀ ਦੁੱਖ ਤਕਲੀਫ ਆਵੇ ਪਰ ਚਿਹਰੇ ਤੇ ਮੁਸਕਾਨ ਹੀ ਰੱਖਣੀ ਹੈ।ਆਪਣਾ ਦੁੱਖ ਦਰਦ ਭੁੱਲ ਕੇ ਦੂਜੇ ਦੀ ਮਦਦ ਕਰਨੀ ਹੈ। ਕਈ ਬਹੁਤਾ ਦਾਨ ਪੁੰਨ ਨਹੀ ਕਰਦੇ ਪਰ ਸਮਾਂ ਕੱਢ ਕੇ ਕਿਸੇ ਭੁੱਖੇ ਨੂੰ ਰੋਟੀ ਖੁਆ ਦਿੰਦੇ ਹਨ।ਜਾਂ ਮਹੀਨੇ  ਬਾਦ ਤਰੀਕ ਮਿੱਥ ਕੇ ਕਿਸੇ ਲੋੜਵੰਦ ਬੱਚੇ  ਦੀ ਵਿੱਤੀ ਸਹਾਇਤਾ ਵਿੱਤ ਅਨੁਸਾਰ ਕਰ ਦਿੰਦੇ ਹਨ।ਪੰਛੀਆ ਨੂੰ ਚੋਗਾ ਪਾਓਣਾ,ਰੁੱਖ ਲਾਓਣੇ ਇਹ ਵੀ ਅਜਿਹੇ ਨਿਯਮ ਹਨ। ਜੇ ਇਹ ਜੀਵਨ ਵਿੱਚ ਹੋਣ ਤਾਂ ਲਗਾਤਾਰ ਕਰਦੇ ਰਹੋ ਇਹ ਵੀ ਜੀਵਨ ਦੇ ਨੀਰਸਪਣ ਵਿੱਚ ਰੌਣਕ ਭਰ ਦਿੰਦੇ ਹਨ ਆਪਣਾ ਆਪ ਰੁੱਝਿਆ ਲੱਗਦਾ ਹੈ।ਕੋਈ ਇੱਕ ਰੋਜ਼ਾਨਾ ਦੀ ਚੰਗੀ ਆਦਤ ਜੀਵਨ ਵਿੱਚ ਢੇਰ ਸਾਰਾ ਸੁਧਾਰ ਕਰਦੀ ਹੈ।ਆਪਣੇ ਹੀ ਹਨੇਰੇ ਮਨ ਵਿੱਚ ਚਾਨਣ ਭਰਦੀ ਹੈ।ਜਿਸ ਨਾਲ ਸਾਰੀ ਜ਼ਿੰਦਗੀ ਹੀ ਜਗਮਗਾ ਉਠਦੀ ਹੈ।ਏਸੇ ਕਰਕੇ ਤਾਂ ਕਿਹਾ ਹੈ ਇੱਕ ਚੰਗਾ ਨਿਸ਼ਾਨਾ ਖੁਸ਼ੀਆਂ ਦਾ ਖਜ਼ਾਨਾ ।ਜੀਵਨ ਵਿੱਚ ਇਸ ਲਈ ਇੱਕ ਉਦੇਸ਼ ਜਰੂਰ ਬਣਾਓ ਜ਼ਿੰਦਗੀ ਨੂੰ ਮਹਕਾਓ।