ਮਨੁੱਖਾ ਦੇਹੀ ਦਾ ਕ੍ਰਾਂਤੀਕਾਰੀ ਸੰਕਲਪ (ਆਲੋਚਨਾਤਮਕ ਲੇਖ )

ਕ੍ਰਿਸ਼ਨ ਸਿੰਘ (ਪ੍ਰੋ)   

Email: krishansingh264c@gmail.com
Cell: 94639 89639
Address: 264-ਸੀ, ਰਾਜਗੁਰੂ ਨਗਰ
ਲੁਧਿਆਣਾ India 141012
ਕ੍ਰਿਸ਼ਨ ਸਿੰਘ (ਪ੍ਰੋ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


੧੪ਵੀਂ-੧੫ਵੀਂ ਸਦੀ ਦਾ ਹਿੰਦੁਸਤਾਨੀ ਇਤਿਹਾਸ ਇਸ ਗੱਲ ਦਾ ਚਿੱਟੇ ਦਿਨ ਵਾਂਗ ਗਵਾਹ ਹੈ ਕਿ ਉਸ ਵਕਤ ਦੇ ਮੁਸਲਿਮ/ਹਿੰਦੂ ਸੱਭਿਆਚਾਰਾਂ ਦੇ ਮੂਲ ਵੱਖਰੇਵਿਆਂ ਦੇ ਪ੍ਰਤਿਕਰਮ ਵਜੋਂ ਖ਼ੰਡਿਤ ਹੋ ਰਹੀ ਮਨੁੱਖੀ ਸਾਂਝ ਦੀ ਨਿਰੰਤਰਤਾ ਲਈ, ਭਗਤੀ ਅੰਦੋਲਨ ਦੇ ਮੋਢੀ ਪੈਰੋਕਾਰਾਂ ਵਲੋਂ ਵਿਸ਼ੇਸ਼ ਤੇ ਵੱਡਮੁੱਲਾ ਯੋਗਦਾਨ ਪਾਇਆ ਗਿਆ। ਰੱਬੀ ਏਕਤਾ ਦੀ ਪ੍ਰਚਾਰਾਤਮਕ ਦ੍ਰਿਸ਼ਟੀ ਨੂੰ ਆਪਣਾ ਜੀਵਨ-ਮਿਸ਼ਨ ਬਣਾਉਣ ਵਾਲੇ, ਉਨ੍ਹਾਂ ਸੰਤਾਂ/ਭਗਤਾਂ ਵਿਚੋਂ ਬਨਾਰਸ ਵਿਖੇ ਜਨਮੇ ਭਗਤ ਕਬੀਰ ਤੇ ਭਗਤ ਰਵਿਦਾਸ - ਦੋਨੋਂ ਸਮਕਾਲੀ ਪੈਰੋਕਾਰਾਂ ਦਾ ਵੀ ਵਿਸ਼ੇਸ਼ ਸਥਾਨ ਹੈ, ਜਿਨ੍ਹਾਂ ਨੇ ਆਮ ਲੋਕਾਂ ਪ੍ਰਤਿ ਆਵਾਜ਼ ਬੁਲੰਦ ਕੀਤੀ ਅਤੇ ਆਪਣੇ ਬਾਣੀ-ਸਿਧਾਤਾਂ ਅਨੁਸਾਰ ਜਾਤ-ਪਾਤ, ਊਚ-ਨੀਚ, ਆਰਥਿਕ ਕਾਣੀ-ਵੰਡ, ਸਮਾਜਿਕ ਨਾ ਬਰਾਬਰੀ, ਮਾਨਵ-ਵਿਰੋਧੀ ਵਿਸ਼ੇ-ਵਿਕਾਰਾਂ ਤੇ ਬੇਲੋੜੇ ਅੰਧ-ਵਿਸ਼ਵਾਸ਼ਾਂ ਤੋਂ ਮੁਕਤ ਹੋਣ ਦਾ ਰੱਬੀ-ਸੰਦੇਸ਼ ਦਿੱਤਾ।
ਦਿਬ-ਕੇਂਦ੍ਰਿਤ ਚਿੰਤਨ ਵਜੋਂ ਭਗਤ ਰਵਿਦਾਸ ਜੀ ਮੂਲ ਰੂਪ ਵਿੱਚ ਨਿਰਗੁਣਵਾਦੀ ਸਨ, ਇੱਕ ਰੱਬ ਦੇ ਉਪਾਸ਼ਕ ਨ। ਉਹ ਤਥਾ-ਕਥਿਤ ਨੀਵੀਂ ਸ਼੍ਰੇਣੀ ਚਮਾਰ ਜਾਤੀ ਵਿਚੋਂ ਸਨ। ਇਥੇ ਇਹ ਜ਼ਿਕਰ ਕਰਨਾ ਵੀ ਗ਼ੈਰ-ਵਾਜਬ ਜਾਂ ਬੇਲੋੜਾ ਨਹੀਂ ਹੋਵੇਗਾ ਕਿ ਮੱਧਕਾਲੀ ਸਾਹਿਤ ਦੀ ਪ੍ਰਮਾਣਿਕਤਾ ਬਾਰੇ ਵਿਦਵਾਨ ਆਲੋਚਕਾਂ/ਇਤਿਹਾਸਕਾਰਾਂ ਵਿੱਚ ਹਮੇਸ਼ਾ ਮਤਭੇਦ ਰਹੇ ਹਨ। ਅਜਿਹੀ ਤ੍ਰਾਸਦੀ ਭਗਤ ਰਵਿਦਾਸ ਜੀ ਦੇ ਜ਼ਾਤੀਗਤ ਨਾਂ/ਜਨਮ-ਮਿਤੀ/ਜਨਮ-ਸਥਾਨ/ਮਾਤਾ-ਪਿਤਾ ਤੇ ਉਹਨਾਂ ਦੇ ਗੁਰੂ ਦਾ ਨਾਮ/ਬਾਣੀ ਦੀ ਪ੍ਰਮਾਣਿਕਤਾ ਇਥੋਂ ਤੱਕ ਕਿ ਉਹਨਾਂ ਨਾਲ ਸੰਬੰਧਿਤ ਜੀਵਨ-ਘਟਨਾਵਾਂ ਬਾਰੇ ਵੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਪੇਸ਼ ਹੋਏ ਹਨ। ਮੂਲ ਰੂਪ ਵਿੱਚ ਇਹ ਚਰਚਾ ਇੱਕ ਵੱਖਰੇ ਵਿਸ਼ੇ ਨਾਲ ਸੰਬੰਧਿਤ ਹੈ।
ਵਿਦਵਾਨਾਂ ਨੇ ਕੁਲ ਮਿਲਾ ਕੇ, ਇਤਿਹਾਸਕ ਤੱਥਾਂ ਦੇ ਆਧਾਰ 'ਤੇ ਹੋਈ ਖੋਜ ਅਨੁਸਾਰ, ਭਗਤ ਰਵਿਦਾਸ ਜੀ ਦੇ ਜਨਮ-ਸਥਾਨ ਬਾਰੇ ਬਨਾਰਸ ਵਿਖੇ 'ਮੰਡੂਆਡੀਹ' ਨੂੰ ਸਵੀਕ੍ਰਿਤੀ ਦਿੱਤੀ ਹੈ ਅਤੇ ਉਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਰਘੂ ਅਤੇ ਮਾਤਾ ਜੀ ਦਾ ਨਾਮ ਕਰਮਾ ਦੇਵੀ ਦੱਸਦੇ ਹੋਏ, ਸੰਤ ਕਰਮਦਾਸ ਜੀ ਦੇ ਮਿਲਦੇ ਇੱਕ ਮਕਬੂਲ ਦੋਹੇ ਦੇ ਆਧਾਰ 'ਤੇ ਉਹਨਾਂ ਦਾ ਜਨਮ ਸੰਮਤ ੧੪੩੩ ਬਿਕ੍ਰਮੀ ਤੇ ਪੂਰਨਮਾਸ਼ੀ ਦਾ ਦਿਨ-ਵਿਸ਼ੇਸ਼ ਮੰਨਿਆ ਹੈ; ਦੋਹੇ ਦੇ ਮੌਲਿਕ ਬੋਲ ਹਨ: ਚੌਦਹ ਸੌ ਤੈਤੀਸ ਕੀ ਮਾਘ ਸੁਦੀ ਪੰ੍ਰਦਾਸ।
ਦੁਖੀਓਂ ਕੇ ਕਲਿਆਨ ਹਿਤ ਪ੍ਰਗਟੇ ਸ੍ਰੀ ਰਵਿਦਾਸ।
ਇਹ ਬੜੇ ਫ਼ਖ਼ਰ ਵਾਲੀ ਗੱਲ ਸੀ ਕਿ ੧੬੦੪ ਈ. ਵਿੱਚ 'ਆਦਿ ਗ੍ਰੰਥ' ਦੀ ਸੰਪਾਦਨਾ ਕਰਨ ਸਮੇਂ ਜਦੋਂ ਪੰਜਵੇਂ ਗੁਰੂ ਨਾਨਕ - ਗੁਰੂ ਅਰਜਨ ਦੇਵ ਜੀ ਨੇ 'ਜਾਣਹੁ ਜੋਤ ਨ ਪੂਛਹੁ ਜਾਤੀ' ਦੇ ਕ੍ਰਾਂਤੀਕਾਰੀ ਗੁਰਮਤਿ-ਸਿਧਾਂਤ ਅਨੁਸਾਰ, ਬਾਕੀ ਬਾਣੀਕਾਰਾਂ ਦੀ ਉਪਲਬਧ ਬਾਣੀ ਦੀ ਤਰ੍ਹਾਂ, ਗੁਰਮਤਿ ਆਸ਼ੇ ਦੇ ਅਨੁਕੂਲ ਰਵਿਦਾਸ-ਬਾਣੀ (੪੦ ਸ਼ਬਦ ਤੇ ਇੱਕ ੧ ਸਲੋਕ)  ਨੂੰ ਵੀ 'ਆਦਿ ਗ੍ਰੰਥ' ਵਿੱਚ ਅੰਕਿਤ ਕੀਤਾ ਤਾਂ ਸਮਝੋ ਉਹਨਾਂ ਦੀ ਬਾਣੀ ਨੂੰ ਵੀ ਲਿਖਤ-ਪਾਠ ਵਜੋਂ ਵਿਸ਼ੇਸ਼ ਪ੍ਰਮਾਣਿਕਤਾ ਹਾਸਲ ਹੋ ਗਈ। ਅੱਜ ਸੰਸਾਰ ਦੇ ਕਿਸੇ ਵੀ ਕੋਨੇ 'ਤੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ-ਲੇਵਾ ਸਿੱਖ ਬੈਠੇ ਹਨ, ਜੇਕਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਥਵਾ ਬਾਕੀ ਬਾਣੀਕਾਰਾਂ ਦੀ ਬਾਣੀ ਨੂੰ 'ਗੁਰੂ ਮਾਨਯੋ ਗ੍ਰੰਥ' ਵਜੋਂ ਬੜੇ ਅਦਬ ਸਤਿਕਾਰ ਨਾਲ ਨਤਮਸਤਕ ਹੁੰਦੇ ਹਨ ਐੱਨ ਉਸੇ ਤਰ੍ਹਾਂ ਧਰਮ-ਚੇਤਨਾ ਦੀ ਸਿਧਾਂਤਕ ਰੌਸ਼ਨੀ ਵਜੋਂ ਭਗਤ ਰਵਿਦਾਸ ਜੀ ਦੀ ਬਾਣੀ ਵੀ ਉਨ੍ਹਾਂ ਲਈ ਸ਼ਰਧਾ ਭਾਵਨਾ ਦਾ ਕੇਂਦਰ-ਬਿੰਦੂ ਬਣਦੀ ਹੈ। ਦੇਖਿਆ ਜਾਵੇ ਤਾਂ ਦਲਿਤ ਚੇਤਨਾ ਦੇ ਅਜੋਕੇ ਮਸਲਿਆਂ ਦੇ ਸੰਦਰਭ ਵਿੱਚ ਇਹ ਵਿਚਾਰ ਬੜਾ ਗੋਲਣਯੋਗ ਹੈ; ਇਸ ਦੇ ਅਕਾਦਮਿਕ ਤੇ ਸਾਹਿਤਕ ਮਹੱਤਵ ਨੂੰ ਕਤੱਈ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ 'ਆਦਿ ਗ੍ਰੰਥ' ਦੇ ਇਕੱਤੀ ਪ੍ਰਮੁੱਖ ਰਾਗਾਂ ਵਿਚੋਂ ਰਾਗ ਗਾਉੜੀ ਵਿੱਚ ਉਚਾਰਨ ਕੀਤਾ ਰਵਿਦਾਸ-ਬਾਣੀ ਦਾ ਇੱਕ ਸ਼ਬਦ "ਬੇਗਮਪੁਰਾ ਸਹਰ ਕੋ ਨਾਉ" ਆਪਣੇ ਲੌਕਿਕ ਤੇ ਅਲੌਕਿਕ ਪਰਿਪੇਖ ਵਿਚ ਆਪਣੀ ਅਜੋਕੀ ਪ੍ਰਾਸੰਗਿਕਤਾ ਵਜੋਂ ਅੱਜ ਵੀ ਸਮੁੱਚੀ ਮਨੁੱਖ-ਜਾਤੀ ਲਈ ਇੱਕ ਰੋਲ ਮਾਡਲ ਹੈ।
ਬਾਣੀ ਦੇ ਸਮਗ੍ਰ ਅਧਿਐਨ ਵਜੋਂ ੧੪੩੦ ਪੰਨਿਆਂ ਦੇ 'ਆਦਿ ਗ੍ਰੰਥ' ਦੇ ਸਮੂਹ ਬਾਣੀਕਾਰਾਂ ਦੀ ਮੂਲ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ (ਬਾਣੀਕਾਰਾਂ) ਦੀ ਬਾਣੀ ਕਿਸੇ ਵੀ ਤਥਾ-ਕਥਿਤ ਦੇਵੀ/ਦੇਵਤੇ ਪ੍ਰਤਿ ਆਸਥਾ ਦਾ ਪ੍ਰਗਟਾਵਾ ਨਹੀਂ; ਸਮੁੱਚੀ ਬਾਣੀ ਸਰਵੋਤਮ ਸ਼ਕਤੀ ਪਰਮਾਤਮਾ 'ਤੇ ਕੇਂਦ੍ਰਿਤ ਹੈ। ਰੱਬੀ-ਸ਼ਕਤੀ ਵੀ ਉਹ, ਜੋ ਆਪਣੇ ਨਿਰਗੁਣ ਸਰੂਪ ਵਜੋਂ ਭਾਵੇਂ 'ਏਕ ਨੂਰ' ਹੈ ਪਰੰਤੂ ਆਪਣੇ ਸਰਗੁਣ ਸਰੂਪ ਵਜੋਂ ਆਪਣੇ ਸਾਧਕਾਂ/ਪ੍ਰੇਮੀਆਂ ਨੂੰ 'ਏਕ ਨੂਰ ਤੇ ਸਭੁ ਜਗੁ ਉਪਜਿਆ' ਦਾ ਅੰਤ੍ਰੀਵੀ ਅਹਿਸਾਸ ਕਰਵਾਉਣ ਦਾ ਵੀ ਵਿਸ਼ੇਸ਼ ਮਾਧਿਅਮ ਬਣਦੀ ਹੈ। ਰੱਬੀ ਏਕਤਾ ਤੇ ਅਨੇਕਤਾ ਦੀ ਇਹ ਵਿਸ਼ਵਾਸ਼ੀ ਭਾਵਨਾ ਰੂਹਾਨੀ-ਜਗਤ ਦਾ ਬੁਨਿਆਦੀ ਲੱਛਣ ਹੈ। ਪ੍ਰਕਿਰਤੀ ਦੀ ਕੁਦਰਤੀ-ਪ੍ਰਕਿਰਿਆ ਦੇ ਅਦਭੁਤ ਕ੍ਰਿਸ਼ਮੇ ਵਜੋਂ ਜੀਵਾਤਮਾ ਵੀ ਪਰਮਾਤਮਾ ਦੀ ਅੰਸ਼ ਹੈ। ਅੰਸ਼ ਤੇ ਅੰਸ਼ੀ ਦੇ ਇਨ੍ਹਾਂ ਦੁਵੱਲੇ ਸੰਬੰਧਾਂ ਦੇ ਆਧਾਰ 'ਤੇ ਇਹ ਕਹਿਣਾ ਵੀ ਸੁਭਾਵਿਕ ਹੈ ਕਿ ਜੀਵਾਤਮਾ ਦੀ ਸ਼ਕਤੀ ਸੁਸੀਮ ਹੈ ਜਦੋਂ ਕਿ ਇਸ (ਜੀਵਾਤਮਾ) ਦਾ ਮੂਲ - ਪਰਮਾਤਮਾ ਅਸੀਮ ਸ਼ਕਤੀ ਦਾ ਮਾਲਕ ਹੈ। ਸੁਖ਼ੈਨ ਭਾਸ਼ਾ ਵਿੱਚ ਇਉਂ ਵੀ ਸਪੱਸ਼ਟ ਹੈ ਕਿ ਜੀਵਾਤਮਾ ਪ੍ਰਭੂ-ਸਾਜੀ ਕਿਰਤ ਹੈ, ਪਰਮਾਤਮਾ ਇਸ ਦਾ ਕਰਤਾ ਹੈ; ਕਿਰਤ ਕਦੇ ਵੀ ਕਰਤੇ ਤੋਂ ਵੱਡੀ ਨਹੀਂ ਹੁੰਦੀ। ਧਰਮ-ਜਗਤ ਦੇ ਅੰਤਰਗਤ ਇਹ ਇੱਕ ਸਬੱਬ ਹੀ ਬਣਦਾ ਹੈ ਜਦੋਂ ਪ੍ਰਭੂ ਦੀ ਰਹਿਮਤ ਸਦਕਾ, ਜੀਵਾਤਮਾ ਤੇ ਪ੍ਰਭੂ-ਪੀਤਮ ਦੇ ਸੁਮੇਲ/ਵਸਲ ਦੀ ਅਵਸਥਾ ਅਥਵਾ ਰੂਹਾਨੀ ਮੰਡਲਾਂ ਦੀ ਇਹ ਪ੍ਰਵੇਸ਼ਕਾਰੀ, ਜੀਵਾਤਮਾ ਨੂੰ ਅੰਗਮੀ ਆਨੰਦ ਦੇ ਸੋਮੇ/ਅਣਡਿੱਠੇ ਰਸਦਾਤੇ ਦਾ ਧੁਰ ਅੰਦਰੋਂ ਅਹਿਸਾਸ ਕਰਵਾਉਂਦੀ ਹੈ। 'ਸਾਸਿ ਗਿਰਾਸਿ ਨ ਵਿਸਰੈ' ਦੇ ਰੱਬੀ-ਗੁਣਾਂ ਅਥਵਾ 'ਹਰਿ ਨਾਮਾਂ ਮਨਿ ਮੰਤੁ'ਨਾਲ ਇਕਸੁਰਤਾ ਹਾਸਲ ਕਰਕੇ ਉਹ (ਜੀਵਾਤਮਾ) ਹਮੇਸ਼ਾ ਨਾਮ ਖੁਮਾਰੀ ਦੇ ਪਲਾਂ ਨੂੰ ਹੰਢਾਉਂਦੀ ਹੈ। ਜੀਵਾਤਮਾ ਤੇ ਪਰਮਾਤਮਾ ਦੇ ਪਰਸਪਰ ਸੰਬੰਧਾਂ 'ਚੋਂ ਉਤਪੰਨ ਹੋਏ ਅਲੌਕਿਕ ਪਰਿਪੇਖ ਨੂੰ ਬਾਣੀਕਾਰਾਂ ਨੇ ਦੁਨਿਆਵੀ ਜਗਤ ਦੇ ਸਥੂਲ-ਚਿੰਨ੍ਹਾਂ ਦੇ ਮਾਧਿਅਮ ਨਾਲ 'ਆਦਿ ਗ੍ਰੰਥ' ਵਿੱਚ ਥਾਂ-ਪਰ-ਥਾਂ ਅਭਿਵਿਅਕਤ ਕੀਤਾ ਹੈ। ਰਵਿਦਾਸ-ਬਾਣੀ ਵਿੱਚ ਵੀ ਇਸ ਅਨੁਭਵੀ ਤੇ ਰੂਹਾਨੀ ਰਿਸ਼ਤੇ ਨੂੰ ਮਨੁੱਖਾ ਜੀਵਨ ਦੇ ਬੜੇ ਮਹੱਤਵਪੂਰਨ ਰੁਤਬੇ ਵਜੋਂ ਪੇਸ਼ ਕੀਤਾ ਗਿਆ ਹੈ।
ਚੌਰਾਸੀ ਲੱਖ ਜੂਨਾਂ ਦੇ ਮੁਕਾਬਲੇ ਅਨੁਭਵੀ-ਗਿਆਨ ਦੇ ਅੰਤਰਗਤ ਜੀਵਾਤਮਾ ਦਾ ਇਹ ਵੀ ਬੜਾ ਵਿਲੱਖਣ ਤੇ ਨਿਆਰਾਪਣ ਹੈ; ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ:
- ਜਉ ਤੁਮ ਗਿਰਿਵਰ ਤਉ ਹਮ ਮੋਰਾ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ॥
ਜਉ ਤੁਮ ਦੀਵਰਾ ਤਉ ਹਮ ਬਾਤੀ॥ ਜਉ ਤੁਮ ਤੀਰਥ ਤਉ ਹਮ ਜਾਤੀ॥ .......
ਜਹ ਜਹ ਜਾਉ ਤਹਾ ਤੇਰੀ ਸੇਵਾ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ॥ (ਪੰਨਾ ੬੫੮-੬੫੯)
- ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ॥
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ॥ .......
ਤੁਮ ਮਖਤੂਲ ਸਪੇਦ ਸਪੀਅਲ ਹਮ ਬਪਰੇ ਜਸ ਕੀਰਾ॥
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥ (ਪੰਨਾ ੪੮੬)
ਪ੍ਰਤੱਖ ਹੈ, ਇਹ ਬਾਣੀ-ਤੁਕਾਂ ਮਹਿਜ਼ ਰਵਿਦਾਸ ਜੀ ਦੇ ਅਨੁਭਵੀ-ਗਿਆਨ ਦਾ ਵਿਸ਼ਾ ਨਹੀਂ ਸਗੋਂ 'ਧੁਰ ਕੀ ਬਾਣੀ' ਦੇ ਆਵੇਸ਼ਮਈ ਪ੍ਰਗਟਾਵੇ ਦੇ ਅੰਤਰਗਤ, ਅਰਥ ਭਰਪੂਰ ਸ਼ਬਦ-ਚੇਤਨਾ ਦਾ ਵੀ ਮੁਜੱਸਮਾ ਹਨ। ਬਾਕੀ ਜੂਨਾਂ ਦੇ ਮੁਕਾਬਲੇ ਅਜਿਹੇ ਅੰਤਰਮੁਖੀ ਵੇਰਵੇ ਕੇਵਲ ਮਨੁੱਖ ਜੂਨੀ ਤੋਂ ਹੀ ਸੰਭਵ ਹਨ, ਇਹੋ ਇਸ ਮਨੁੱਖੀ ਜੀਵ ਦੀ ਦੁਰਲਭ ਦੇਹੀ ਦਾ ਬਨਿਆਦੀ ਲੱਛਣ ਹੈ; ਇਸ ਦਾ ਮੂਲ ਪਛਾਣ-ਚਿੰਨ੍ਹ ਹੈ ਜੋ ਆਪਣੇ ਆਗ਼ਾਜ਼-ਬਿੰਦੂ ਭਾਵ ਸ਼ਬਦ ਤੋਂ ਲੈ ਕੇ ਸੰਵਾਦ ਰਚਾਉਣ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਤੱਕ ਆਪਣੀ ਰਸਾਈ ਕਰਦਾ ਹੈ। ਸਵਾਲ ਤਾਂ ਇਹ ਹੈ ਕਿ "ਅਵਰਿ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥" ਦੇ ਬਾਣੀ-ਸਿਧਾਂਤ ਅਨੁਸਾਰ ਬਾਕੀ ਪ੍ਰਕਿਰਤਕ ਜੂਨੀਆਂ ਤੋਂ ਮਨੁੱਖ ਜੂਨੀ ਦਾ ਅਜਿਹਾ ਨਿਖੇੜ ਕਿਵੇਂ ਜਾਂ ਇਹ ਮਨੁੱਖਾ ਜਨਮ ਹੀ ਦੁਰਲਭ ਕਿਉਂ?
ਰਵਿਦਾਸ-ਬਾਣੀ 'ਚੋਂ ਮਿਲਦੇ ਵਿਸ਼ੇਸ਼ ਨਿਰਣੈ ਵਜੋਂ ਪ੍ਰਤੱਖ ਹੈ ਕਿ ਮਨੁੱਖਾ ਦੇਹੀ ਦੀਆਂ ਇਨ੍ਹਾਂ ਕ੍ਰਾਂਤੀਕਾਰੀ ਪ੍ਰਕਿਰਿਆਵਾਂ ਦਾ ਮੂਲ ਆਧਾਰ ਉਸ ਦਾ ਬਿਬੇਕ ਹੈ, ਉਸ ਦੀ ਤੱਤ-ਬੁੱਧੀ ਹੈ। ਆਪਣੀ ਬਿਬੇਕੀ-ਬਿਰਤੀ ਵਜੋਂ ਹੀ ਉਹ ਦੁਨਿਆਵੀ ਤੌਰ 'ਤੇ ਆਪਣੀ ਵਿਗਿਆਨਕ ਪਹੁੰਚ-ਵਿਧੀ ਨੂੰ ਅਮਲੀ ਰੂਪ ਦੇਣ ਦਾ ਸਮਰਥਾਵਾਨ ਹੈ ਭਾਵ ਨੇਕੀ/ਬਦੀ, ਚੰਗਿਆਈ/ਬੁਰਿਆਈ, ਸੱਚ/ਝੂਠ, ਗੁਣ/ਅਵਗੁਣ ਦੇ ਇਨ੍ਹਾਂ ਟਕਰਾਓ-ਮੂਲਕ ਸਿਧਾਤਾਂ/ਮਨੁੱਖੀ ਸਰੋਕਾਰਾਂ ਦੇ ਨਿਖੇੜ ਕਰਨ ਦਾ ਸੋਝੀਵਾਨ ਹੈ। ਇਥੇ ਹੀ ਵੱਸ ਨਹੀਂ ਮਨੁੱਖੀ ਪਰਿਭਾਸ਼ਾ ਅਨੁਸਾਰ ਇਨ੍ਹਾਂ ਵਿਰੋਧੀ-ਧਿਰਾਂ ਵਿਚੋਂ ਹਾਂ-ਪੱਖੀ ਗੁਣਾਂ ਨੂੰ ਆਪਣੇ ਅਮਲ ਵਿੱਚ ਲਿਆਉਣ ਦਾ ਉਸ ਦਾ ਜੀਵਨ-ਪ੍ਰਯੋਜਨ ਵੀ ਹੈ। ਬਤੌਰ ਇਨਸਾਨੀ-ਜਾਮੇ ਇਹੋ ਉਸ ਦੀ ਅਨੂਠੀ ਸਮਝ ਵੀ ਹੈ ਜੋ ਉਸ ਦੀ ਕਰਮਸ਼ੀਲਤਾ ਦੀ ਸਹੀ ਪਰਖ ਅਥਵਾ ਉਸ ਦੀ ਤੱਤ-ਬੁੱਧੀ ਦੀ ਮੂਲ ਨਿਸ਼ਾਨੀ ਬਣਦੀ ਹੈ, ਜਿਸ ਦੀ ਟੇਕ ਲੈ ਕੇ ਉਹ (ਜੀਵ) "ਰੱਬੀ ਨਿਰਮਲ ਭਉ" ਦੇ ਅੰਤਰਗਤ, ਆਪਣੇ ਆਪ ਨੂੰ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" ਦੇ ਰੱਬੀ-ਸਿਧਾਂਤ 'ਤੇ ਕੇਂਦ੍ਰਿਤ ਕਰਦਿਆਂ, ਜੀਵਨ ਦੇ ਸ਼ੁਭ ਗੁਣਾਂ ਨੂੰ ਆਪਣੇ ਅਮਲ ਵਿੱਚ ਲਿਆਉਣ ਲਈ ਯਤਨਸ਼ੀਲ ਹੁੰਦਾ ਹੈ ਤਾਂ ਕਿ ਉਸ ਵਲੋਂ ਆਪਣੇ ਮੂਲ/ਅਸਲੇ ਭਾਵ ਅਲੌਕਿਕ ਸ਼ਕਤੀ ਪਰਮਾਤਮਾ ਦੀ ਨੇੜਤਾ ਹਾਸਲ ਕੀਤੀ ਜਾ ਸਕੇ। ਜੀਵਾਤਮਾ ਦੀ ਅਜਿਹੀ ਅੰਤਰਮੁਖੀ ਬਿਰਤੀ ਦੇ ਅਮਲੀ ਰੂਪ ਨੂੰ ਅਗਰ ਗੁਰਮਤਿ ਦਰਸ਼ਨ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਉਹ ਸਾਧਕ/ਜੀਵ-ਸੰਤ ਅਥਵਾ ਸਾਧ/ਭਗਤ/ਗੁਰਮੁਖ/ਹਰਿਜਨ/ਬ੍ਰਹਮ ਗਿਆਨੀ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਪੱਸ਼ਟ ਹੈ, ਮਨੁੱਖਾ ਦੇਹੀ ਦੇ ਸਰਬ ਗੁਣ-ਸੰਪੰਨ ਹੋਣ ਦਾ ਇਹ ਬੜਾ ਕ੍ਰਾਂਤੀਕਾਰੀ ਸੰਕਲਪ ਹੈ ਕਿਉਂਕਿ ਧਰਮ-ਜਗਤ ਵਿੱਚ ਬਾਹਰਮੁਖੀ ਧਰਮ-ਕਰਮ ਹੀ ਸਭ ਕੁਝ ਨਹੀਂ ਹੁੰਦੇ ਸਗੋਂ ਮਨ ਦੀ ਪਵਿਤੱ੍ਰਤਾ ਦਾ ਵੀ ਇਨ੍ਹਾਂ ਲਈ ਵਿਸ਼ੇਸ਼ ਮਹੱਤਵ ਹੈ; ਰਵਿਦਾਸ-ਬਾਣੀ ਦੇ ਬੋਲਾਂ ਤੋਂ ਵੀ ਪ੍ਰਤੱਖ ਹੈ: - ਜੇ ਓਹੁ ਅਠਸਠਿ ਤੀਰਥ ਨਾਵੈ॥ ਜੇ ਓਹੁ ਦੁਆਦਸ ਸਿਲਾ ਪੂਜਾਵੈ॥
ਜੇ ਓਹੁ ਕੂਪ ਤਟਾ ਦੇਵਾਵੈ॥ ਕਰੈ ਨਿੰਦ ਸਭ ਬਿਰਥਾ ਜਾਵੈ॥ (ਪੰਨਾ ੮੭੫)
- ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ (ਪੰਨਾ ੪੮੬)
ਇਹ ਵੀ ਸਪੱਸ਼ਟ ਹੈ, ਧਰਮ-ਕਰਮ ਤੇ ਵਿਸ਼ੇ-ਵਿਕਾਰਾਂ ਦਾ ਇਹ ਅਮਲੀ ਤੇ ਵਿਧੀਵੱਤ ਰੂਪ, ਕੇਵਲ ਮਨੁੱਖ ਜਾਤੀ ਦੇ ਹਿੱਸੇ ਹੀ ਆਇਆ ਹੈ। ਇਹੋ ਕਾਰਨ ਹੈ ਆਮ ਹਾਲਾਤਾਂ ਵਿੱਚ ਸ਼ਬਦ-ਸੱਭਿਆਚਾਰ/ਸ਼ਬਦ-ਸ਼ਕਤੀ ਕਿਸੇ ਵੀ ਤਰ੍ਹਾਂ ਮਨੁੱਖੀ ਪਕੜ ਤੋਂ ਬਾਹਰੇ ਵੀ ਨਹੀਂ ਤੇ ਆਪਣੇ ਅਭਿਆਸੀ ਰੂਪ ਵਜੋਂ ਉਸ ਦੇ ਕਰਨਗੋਚਰੇ ਵੀ ਹਨ ਤੇ ਉਸ ਦੇ ਸਮਝਗੋਚਰੇ ਵੀ ਹਨ। ਪ੍ਰਕਿਰਤਕ ਜੂਨਾਂ ਤੇ ਬ੍ਰਹਿਮੰਡੀ ਵਰਤਾਰੇ ਵਿੱਚ ਮਨੁੱਖੀ ਜੂਨ ਦਾ ਇਹ ਵੀ ਇੱਕ ਬੁਨਿਆਦੀ ਗੁਣ ਹੈ। ਸਵਾਲ ਤਾਂ ਇਹ ਹੈ ਕਿ ਕਰਮ/ਅਕਰਮ ਦੀ ਅਜਿਹੀ ਸੋਝੀ ਅਥਵਾ ਰੱਬੀ-ਗਿਆਨ ਦੀ ਇਹ ਸਮਝ ਕਿਥੋਂ  ਹਾਸਲ ਹੋਵੇ? ਰਵਿਦਾਸ ਜੀ ਤਾਂ ਇਸ ਦਾ ਮੂਲ ਕੇਂਦਰ-ਬਿੰਦੂ ਸਾਧ ਸੰਗਤਿ ਨੂੰ ਮੰਨਦੇ ਹਨ ਜਿਥੋਂ ਰੱਬੀ-ਅਨੁਭਵ ਤੇ ਉਚੇਰੀ ਇਕਾਗਰਤਾ ਲਈ 'ਰੱਬੀ-ਭਾਉ' ਤੇ ਧਰਮਗਤ ਭਾਵਨਾ' ਨੂੰ ਸਹਿਜਭਾਵੀ ਰੂਪ ਵਿੱਚ ਗ੍ਰਹਿਣ ਕੀਤਾ ਜਾ ਸਕਦਾ  । ਗੁਰਮਤਿ-ਸਿਧਾਤਾਂ ਦੀ ਰੌਸ਼ਨੀ ਵਿਚ ਅਗਰ ਸਾਧ ਸੰਗਤਿ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਉਹ ਮੁਕੱਦਸ ਥਾਂ ਹੁੰਦੀ ਹੈ ਜਿਥੇ ਜਾਤ ਪਾਤ, ਧਰਮ, ਕੌਮ, ਇਲਾਕੇ ਦੇ ਮਨੁੱਖੀ ਭੇਦਾਂ-ਭਾਵਾਂ ਦੀ ਬੇਲੋੜੀ ਵਲਗਣ ਤੋਂ ਮੁਕਤ ਹੋ ਕੇ, ਕੇਵਲ ਤੇ ਕੇਵਲ ਅਗੰਮੀ-ਸ਼ਕਤੀ ਪ੍ਰਭੂ ਦੇ ਗੁਣਾਂ ਦਾ ਗਾਇਣ ਕੀਤਾ ਜਾਂਦਾ ਹੈ, ਜਿਸ ਦੇ ਪ੍ਰਤਿਕਰਮ ਵਜੋਂ ਪ੍ਰਭੂ-ਪ੍ਰੇਮੀਆਂ ਦੀ ਅਜਿਹੀ ਇਕੱਤ੍ਰਤਾ ਉਨ੍ਹਾਂ ਲਈ ਇਕਾਗਰਤਾ ਦਾ ਮੂਲ ਸੋਮਾ ਵੀ ਬਣਦੀ ਹੈ ਤੇ ਵਿਚਾਰਧਾਰਕ ਸਾਂਝ ਉਤਪੰਨ ਕਰਕੇ ਇੱਕ ਸਰਬਸਾਂਝੇ ਮਾਨਵੀ ਧਰਾਤਲ ਦੀ ਤਲਾਸ਼ ਨਾਲ ਵੀ ਜੁੜਦੀ ਹੈ। ਰੱਬੀ-ਗੁਣਾਂ ਤੇ ਮਨੁੱਖੀ ਵਰਤਾਰੇ ਦਾ ਹੋਇਆ ਇਹ ਸਮੰਨਵੈ ਧਰਮ-ਚੇਤਨਾ ਦੇ ਅਸਲ ਮਾਅਨਿਆਂ ਦਾ ਸਮਝੋ ਅਭਿਆਸੀ ਰੂਪ ਹੀ 
ਹੁੰਦਾ ਹੈ; ਰਵਿਦਾਸ-ਬਾਣੀ ਦੇ ਇਹ ਬੋਲ ਇਸ ਪੱਖੋਂ ਵਿਸ਼ੇਸ਼ ਤੌਰ 'ਤੇ ਵਿਚਾਰਨਯੋਗ ਹਨ:
- ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥
ਕਹੈ ਰਵਿਦਾਸ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ॥ (ਪੰਨਾ ੬੯੪)
- ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤਿ ਤੇ॥
ਸਾਧ ਸੰਗਤਿ ਪਾਈ ਪਰਮਗਤੇ॥ (ਪੰਨਾ ੧੨੯੩)
ਸਾਧ ਸੰਗਤਿ 'ਚੋਂ ਉਤਪੰਨ ਹੋਈ ਅਜਿਹੀ ਵਿਸਮਾਦੀ ਪੂੰਜੀ ਨਿੱਜ-ਕੇਂਦ੍ਰਿਤ ਜਾਂ ਕੇਵਲ ਰੱਬ-ਕੇਂਦ੍ਰਿਤ ਨਹੀਂ ਸਗੋਂ ਉਸ ਦਾ ਲੌਕਿਕ ਵਰਤਾਰਾ/ਬਿਬੇਕੀ-ਚਿੰਤਨ ਸਾਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤਿ ਵੀ ਸੁਚੇਤ ਕਰਦਾ ਹੈ, ਜਿਸ ਕਾਰਨ ਜੀਵ ਮਾਨਵ-ਵਿਰੋਧੀ ਵਿਸ਼ੇ ਵਿਕਾਰਾਂ/ਮਾਰੂ ਵਿਰਤੀਆਂ ਤੋਂ ਮੁਕਤੀ ਹਾਸਲ ਕਰਕੇ ਸਹਿਜਭਾਵੀ ਜ਼ਿੰਦਗੀ ਜਿਉਣ ਲਈ ਜੀਵਨ ਦੇ ਅਸਲ ਮਾਰਗ ਦਾ ਪਾਂਧੀ ਬਣਦਾ ਹੈ। ਰਵਿਦਾਸ-ਬਾਣੀ ਵਿੱਚ ਵੀ ਅਜਿਹੇ ਸੰਕੇਤ ਥਾਂ-ਪਰ-ਥਾਂ ਹੋਏ ਹਨ ਜੋ ਅਜੋਕੇ ਸੰਦਰਭ ਵਿੱਚ ਬੜੇ ਮੁੱਲਵਾਨ ਹਨ, ਜਦੋਂ ਵਰਤਮਾਨ ਮਨੁੱਖ ਦੀ ਪਦਾਰਥਵਾਦੀ ਸੋਚ ਦੇ ਪ੍ਰਤਿਕਰਮ ਵਜੋਂ ਪਰਿਵਾਰਿਕ/ਸਮਾਜਿਕ ਰਿਸ਼ਤੇ ਵੀ ਦਿਨੋਂ ਦਿਨ ਖ਼ੰਡਿਤ ਹੋ ਰਹੇ ਹਨ ਅਤੇ ਇਹ ਮਨੁੱਖ ਆਪਣੇ ਜੀਵਨ-ਸੱਚ ਦੇ ਅਸਲ ਰਸਤੇ ਤੋਂ ਵੀ ਸੌ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ। ਵਿਸ਼ੇ-ਵਿਕਾਰਾਂ ਦੀ ਗ੍ਰਿਫ਼ਤ ਵਿੱਚ ਆਈ ਉਸ ਦੀ ਸਵੈ-ਕੇਂਦ੍ਰਿਤ/
ਸਵਾਰਥੀ ਸੋਚ ਉਸ ਦੀ ਇਕਾਗਰਤਾ ਨੂੰ ਮੂਲੋਂ ਹੀ ਭੰਗ ਕਰ ਰਹੀ ਹੈ; ਸਹਿਜੇਹਿਜੇ ਉਸ ਵਿਚੋਂ ਮਨੁੱਖਤਾ ਅਤੇ ਸਰਬੱਤ ਦੇ ਭਲੇ ਲਈ ਹੋਣ ਵਾਲੀ ਸਮਰਪਣ ਭਾਵਨਾ ਵੀ ਮਾਈਨਸ ਹੋ ਰਹੀ ਹੈ। ਰਵਿਦਾਸ-ਬਾਣੀ ਦੇ ਇਹ ਵਿਚਾਰਾਧੀਨ ਬੋਲ ਵੀ ਸਾਨੂੰ ਧੁਰ ਅੰਦਰੋਂ ਸੁਚੇਤ ਕਰਦੇ ਹਨ ਕਿ ਮਨੁੱਖ ਦੀ ਬਿਬੇਕੀ ਬਿਰਤੀ ਹੀ ਹੈ ਜੋ ਇਸ ਨੂੰ ਪਰਮਾਰਥ ਦਾ ਸਹੀ ਰਸਤਾ ਅਖ਼ਤਿਆਰ ਕਰਵਾ ਸਕਦੀ ਹੈ ਜਦੋਂ ਕਿ ਤ੍ਰਾਸਦੀ ਤਾਂ ਇਹ ਹੈ ਮਨੁੱਖੀ-ਬਿਬੇਕ ਦਾ ਇਹ ਦੀਵਾ ਤਾਂ ਦਿਨੋ ਦਿਨ ਮਲੀਨ ਹੋ ਰਿਹਾ ਹੈ: - ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ॥
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ॥ .....
ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ॥
ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ॥
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ॥ (ਪੰਨਾ ੬੫੮)
- ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥ (ਰਹਾਉ॥
ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ॥ ਮਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ॥ (ਪੰਨਾ ੪੮੬)

ਵਿਸ਼ੇ-ਵਿਕਾਰਾਂ ਤੋਂ ਮੁਕਤ ਹੋਣ ਉਪਰੰਤ ਜਦੋਂ ਜੀਵ ਨੂੰ ਜ਼ਿੰਦਗੀ ਜਿਉਣ ਦੇ ਚੱਜ-ਆਚਾਰ ਦੀ ਸੋਝੀ ਹੋ ਜਾਂਦੀ ਹੈ ਤਾਂ ਜੀਵਨ-ਪ੍ਰਕਿਰਿਆ 'ਚੋਂ ਉਘੜਦੀ ਇਹ ਸਾਰਥਕ ਚੇਤਨਾ ਜੀਵਨ-ਅਕੀਦੇ ਦੇ ਨਾਲ-ਨਾਲ, ਮੌਤ ਦੇ ਸਹੀ ਸੰਕਲਪ ਨੂੰ ਵੀ ਸਮਝਣ/ਸਮਝਾਉਣ ਦਾ ਜ਼ਰੀਆ ਬਣ ਜਾਂਦੀ ਹੈ। ਜੀਵਨ ਤੇ ਮੌਤ ਦਾ ਇਹ ਨਿਵੇਕਲਾ ਵਿਚਾਰਧਾਰਕ ਸੰਗਮ ਦਗੀ ਦੀ ਕਰਮਸ਼ੀਲਤਾ ਪੱਖੋਂ, ਜੀਵ ਨੂੰ ਹਉਮੈ-ਮੁਕਤ ਹੋਣ ਦੀ ਰੌਸ਼ਨੀ ਪ੍ਰਦਾਨ ਕਰਦਾ ਹੈ ਅਤੇ ਮੌਤ ਵਰਗੀ ਕੁਦਰਤ ਦੀ ਅਟੱਲ ਸਚਾਈ ਅਥਵਾ ਜੀਵਨ ਦੀ ਨਾਸ਼ਵਾਨਤਾ ਦੇ ਅਹਿਸਾਸ ਵਜੋਂ ਵੀ ਉਸ ਲਈ ਸਹੀ ਸੰਦੇਸ਼ ਵਾਹਕ ਬਣਦਾ ਹੈ; ਜਿਸ ਦੇ ਨਾਲ-ਨਾਲ ਜੀਵ ਨੂੰ ਦੇਹੀ ਦੀ ਹੋਂਦ/ਅਣਹੋਂਦ ਦਾ ਅਹਿਸਾਸ ਵੀ ਸੁਤੇ ਸਿੱਧ ਹੀ ਹੋ ਜਾਂਦਾ ਹੈ। ਆਮ ਹਾਲਾਤਾਂ ਵਿੱਚ ਵੀ ਦੇਖਿਆ ਜਾਵੇ ਤਾਂ ਮੌਤ ਦੀ ਇਹੋ ਅੰਤਰਮੁਖੀ ਚੇਤਨਾ ਹੀ ਹੈ ਜੋ ਇੱਕ ਸਬਕ ਵਜੋਂ ਜੀਵ ਨੂੰ ਆਪਣੀ ਗਿਣਤੀ-ਮਿਣਤੀ ਦੀ ਸੁਆਸਾਂ ਰੂਪੀ ਪੂੰਜੀ ਦਾ ਸਹੀ ਮੁੱਲ ਪਾਉਣ ਤੇ ਆਪਣੇ ਜੀਵਨ-ਪ੍ਰਯੋਜਨ ਵੱਲ ਅਗਰਸਰ ਕਰਦੀ ਹੈ। ਜ਼ਿੰਦਗੀ ਦੀ ਇਹੋ ਇੱਕ ਬਿਬੇਕੀ-ਚੇਤਨਾ ਹੈ ਜੋ ਅਭਿਆਸੀ ਰੂਪ ਵਿੱਚ ਕੇਵਲ ਤੇ ਕੇਵਲ ਮਨੁੱਖ ਦੇ ਹਿੱਸੇ ਹੀ ਆ ਸਕਦੀ ਹੈ। ਰਵਿਦਾਸ-ਬਾਣੀ ਤੋਂ ਵੀ ਇਹ ਵਿਚਾਰ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ; ਲੋਕ ਮੁਹਾਵਰੇ ਦੇ ਮਾਧਿਅਮ ਨਾਲ ਜੀਵਨ ਤੇ ਮੌਤ ਦੇ ਅਸਲ ਅਰਥਾਂ ਦੀ ਸੋਝੀ ਉਹ ਇਉਂ ਪ੍ਰਦਾਨ ਕਰਦੇ ਹਨ: - ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥ (ਪੰਨਾ ੪੮੭)
- ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ॥
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ñ॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ॥ ਜੈਸੇ ਤਰਵਰ ਪੰਖਿ ਬਸੇਰਾ॥ñ॥ਰਹਾਉ॥
ਰਾਖਹੁ ਕੰਧ ਉਸਾਰਹੁ ਨੀਵਾਂ॥ ਸਾਢੇ ਤੀਨਿ ਹਾਥ ਤੇਰੀ ਸੀਵਾਂ॥ò॥
ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥ó॥ (ਪੰਨਾ ੬੫੯)
- ਭਾਈ ਬੰਧ ਕੁਟੰਬ ਸਹੇਰਾ॥ ਓਇ ਭੀ ਲਾਗੇ ਕਾਢੁ ਸਵੇਰਾ॥
ਘਰ ਕੀ ਨਾਰਿ ਉਰਹਿ ਤਨ ਲਾਗੀ॥ ਉਹ ਤਉ ਭੂਤੁ ਭੂਤੁ ਕਰਿ ਭਾਗੀ॥ (ਪੰਨਾ ੭੯੪)
ਰਵਿਦਾਸ-ਬਾਣੀ ਦੇ ਵਿਸ਼ਲੇਸ਼ਣਮਈ ਅਧਿਐਨ ਤੋਂ ਪ੍ਰਤੀਤ ਹੁੰਦਾ ਹੈ ਕਿ ਜਨਮ ਤੋਂ ਮਰਨ ਤੱਕ ਦੀਆਂ ਰੂਹਾਨੀ ਬਾਤਾਂ ਪਾਉਂਦੀ ਇਹ ਬਾਣੀ ਰੱਬ-ਕੇਂਦ੍ਰਿਤ ਹੋਣ ਵਜੋਂ ਸਮਾਧੀ ਦੀ ਅਵਸਥਾ ਤੱਕ ਸੀਮਿਤ ਨਹੀਂ ਸਗੋਂ ਇਹ ਜੀਵ ਨੂੰ ਮਾਇਆਵੀ ਪਦਾਰਥਾਂ ਦੇ ਬੇਲੋੜੇ ਪ੍ਰਭਾਵ ਤੋਂ ਮੁਕਤ ਕਰਕੇ ਜੀਵਨ ਚੱਜ-ਆਚਾਰ ਦਾ ਬੜਾ ਕ੍ਰਾਂਤੀਕਾਰੀ ਸਬਕਸਿਖਾਉਂਦੀ ਹੈ। ਰੱਬੀ-ਚਿੰਤਨ ਦਾ ਇਹ ਸੰਦੇਸ਼ ਮਾਨਵੀ ਭੇਦਾਂ-ਭਾਵਾਂ ਨੂੰ ਮੂਲੋਂ ਹੀ ਖ਼ਤਮ ਕਰਕੇ 'ਬੇਗਮਪੁਰਾ ਸਹਰ ਕੋ ਨਾਉ' ਦਾ ਅਜਿਹਾ ਨਿਵੇਕਲਾ ਅਹਿਸਾਸ ਕਰਵਾਉਦਾ ਹੈ ਜੋ ਵਿਅਕਤੀਗਤ ਹੱਦਬੰਦੀਆਂ ਤੋਂ ਮੁਕਤ ਹੋ ਕੇ, ਕੌਮੀ/ ਕੌਮਾਂਤਰੀ ਪੱਧਰ ਦੇ ਮਸਲਿਆਂ ਪ੍ਰਤਿ ਸਰਬਸਾਂਝੀ ਪਹੁੰਚ-ਵਿਧੀ ਦਾ ਇਜ਼ਹਾਰ ਕਰਦਾ ਹੈ ਅਤੇ ਆਪਣੇ ਕ੍ਰਾਂਤੀਕਾਰੀ ਸਿਧਾਤਾਂ ਵਜੋਂ ਮਨੁੱਖੀ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਂਦਾ ਹੈ। ਕੁਲ ਮਿਲਾ ਕੇ ਰਵਿਦਾਸ-ਬਾਣੀ ਉਨ੍ਹਾਂ ਸਮੂਹ ਮਨੁੱਖੀ ਗੁਣਾਂ ਨਾਲ ਮਾਲਾ-ਮਾਲ ਹੈ ਜੋ ਮਨੁੱਖੀ ਦੇਹੀ ਦੇ ਸਹੀ ਪਛਾਣ-ਚਿੰਨ੍ਹਾਂ ਦੀ ਨਿਸ਼ਾਨਦੇਹੀ ਕਰਦੇ ਹਨ ਤੇ ਉਸ (ਮਨੁੱਖ) ਦੀ ਦੁਰਲਭਤਾ ਦੇ ਮਦਹ-ਨਜ਼ਰ ਲੌਕਿਕ ਤੇ ਅਲੌਕਿਕ ਪਰਿਪੇਖ ਵਿੱਚ, ਉਸ ਦਾ ਸਹੀ ਮੁੱਲ ਪਾਉਣ ਲਈ ਮੂਲ-ਪ੍ਰੇਰਨਾ ਸ੍ਰੋਤ ਵੀ ਬਣਦੇ ਹਨ। ਰਵਿਦਾਸ-ਬਾਣੀ 'ਚੋਂ ਉਘੜਦੀ ਇਹੋ ਮੂਲ ਵਿਸ਼ੇਸ਼ਤਾ ਹੈ ਜੋ ਆਪਣੇ ਮੱਧਕਾਲੀ ਚਿੰਤਨ ਦੇ ਖਾਸੇ ਵਜੋਂ ਵੀ ਆਪਣੀ ਅਜੋਕੀ ਪ੍ਰਾਸੰਗਿਕਤਾ ਦੀ ਧੁਰ ਅੰਦਰੋਂ ਪ੍ਰਤੀਤੀ ਕਰਵਾਉਂਦੀ ਹੈ।

samsun escort canakkale escort erzurum escort Isparta escort cesme escort duzce escort kusadasi escort osmaniye escort